Share
 
Comments
#MannKiBaat: ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਵਿਜ਼ਿਟ ਕਰਨ ਵਾਲੇ ਲੋਕਾਂ ਦੇ ਅਨੁਭਵ ਸਾਂਝੇ ਕੀਤੇ ਅਤੇ ਲੋਕਾਂ ਨੂੰ ਨਮੋ ਐਪ 'ਤੇ #MuseumQuiz ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।
ਕਿਸੇ ਵੀ ਲੋਕਲ ਮਿਊਜ਼ੀਅਮ 'ਚ ਜਾਓ ਅਤੇ #MuseumMemories ਦੀ ਵਰਤੋਂ ਕਰਕੇ ਆਪਣੇ ਅਨੁਭਵ ਸਾਂਝੇ ਕਰੋ: #MannKiBaat ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
#MannKiBaat: ਛੋਟੇ ਔਨਲਾਈਨ ਪੇਮੈਂਟਸ ਨਾਲ ਬੜੀ ਡਿਜੀਟਲ ਅਰਥਵਿਵਸਥਾ ਬਣ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
#MannKiBaat: ਦੇਸ਼ 'ਚ ਕਰੀਬ 20 ਹਜ਼ਾਰ ਕਰੋੜ ਰੁਪਏ ਦੀਆਂ ਔਨਲਾਈਨ ਟ੍ਰਾਂਜੈਕਸ਼ਨ ਰੋਜ਼ਾਨਾ ਹੋ ਰਹੀਆਂ ਹਨ: ਪ੍ਰਧਾਨ ਮੰਤਰੀ ਮੋਦੀ
ਸਪੋਰਟਸ ਦੀ ਤਰ੍ਹਾਂ ਹੀ ਦਿੱਵਯਾਂਗਜਨ ਕਲਾ, ਸਿੱਖਿਆ ਅਤੇ ਕਈ ਹੋਰ ਖੇਤਰਾਂ ਵਿੱਚ ਚਮਤਕਾਰ ਕਰ ਰਹੇ ਹਨ। ਟੈਕਨੋਲੋਜੀ ਦੀ ਸ਼ਕਤੀ ਦੇ ਨਾਲ ਉਹ ਅਧਿਕ ਤੋਂ ਅਧਿਕ ਉਚਾਈਆਂ ਨੂੰ ਪ੍ਰਾਪਤ ਕਰ ਰਹੇ ਹਨ: #MannKiBaat 'ਚ ਪ੍ਰਧਾਨ ਮੰਤਰੀ ਮੋਦੀ
ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾਣਗੇ: #MannKiBaat ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
#MannKiBaat: Calculus ਤੋਂ ਲੈ ਕੇ Computers ਤੱਕ ਸਾਰੀਆਂ ਵਿਗਿਆਨਕ ਕਾਢਾਂ ਜ਼ੀਰੋ 'ਤੇ ਅਧਾਰਿਤ ਹਨ।
ਸਾਡੇ ਭਾਰਤੀਆਂ ਦੇ ਲਈ ਗਣਿਤ ਕਦੇ ਮੁਸ਼ਕਿਲ ਵਿਸ਼ਾ ਨਹੀਂ ਰਿਹਾ ਅਤੇ ਇਸ ਦਾ ਬੜਾ ਕਾਰਨ ਸਾਡਾ ਵੈਦਿਕ ਗਣਿਤ ਵੀ ਹੈ: #MannKiBaat ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ, ਨਵੇਂ ਵਿਸ਼ਿਆਂ ਨਾਲ, ਨਵੀਆਂ ਪ੍ਰੇਰਣਾਦਾਇਕ ਉਦਾਹਰਣਾਂ ਦੇ ਨਾਲ, ਨਵੇਂ ਸੰਦੇਸ਼ਾਂ ਨਾਲ, ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ‘ਮਨ ਕੀ ਬਾਤ’ ਕਰਨ ਆਇਆ ਹਾਂ। ਕੀ ਤੁਸੀਂ ਜਾਣਦੇ ਹੋ ਕਿ ਮੈਨੂੰ ਇਸ ਵਾਰ ਕਿਸ ਵਿਸ਼ੇ ਬਾਰੇ ਸਭ ਤੋਂ ਵੱਧ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ? ਇਹ ਵਿਸ਼ਾ ਅਜਿਹਾ ਹੈ ਜੋ ਇਤਿਹਾਸ, ਵਰਤਮਾਨ ਅਤੇ ਭਵਿੱਖ ਤਿੰਨਾਂ ਨਾਲ ਸਬੰਧਿਤ ਹੈ। ਮੈਂ ਦੇਸ਼ ਨੂੰ ਦਿੱਤੇ ਗਏ ਨਵੇਂ ਪ੍ਰਧਾਨ ਮੰਤਰੀ ਸੰਗ੍ਰਹਾਲਯ ਦੀ ਗੱਲ ਕਰ ਰਿਹਾ ਹਾਂ। ਬਾਬਾ ਸਾਹੇਬ ਅੰਬੇਡਕਰ ਦੀ ਜਯੰਤੀ ’ਤੇ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨੂੰ ਦੇਸ਼ ਦੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇੱਕ ਸਰੋਤੇ ਹਨ ਸ਼੍ਰੀ ਸਾਰਥਕ ਜੀ। ਸਾਰਥਕ ਜੀ ਗੁਰੂਗ੍ਰਾਮ ਵਿੱਚ ਰਹਿੰਦੇ ਹਨ ਅਤੇ ਉਹ ਪਹਿਲਾ ਮੌਕਾ ਮਿਲਦੇ ਹੀ ਪ੍ਰਧਾਨ ਮੰਤਰੀ ਸੰਗ੍ਰਹਾਲਯ ਨੂੰ ਦੇਖਣ ਆਏ ਹਨ। ਸਾਰਥਕ ਜੀ ਨੇ ਮੈਨੂੰ ਨਮੋ ਐਪ ’ਤੇ ਜੋ ਸੰਦੇਸ਼ ਲਿਖਿਆ ਹੈ, ਉਹ ਬਹੁਤ ਦਿਲਚਸਪ ਹੈ। ਉਸ ਨੇ ਲਿਖਿਆ ਹੈ ਕਿ ਉਹ ਸਾਲਾਂ ਤੋਂ ਨਿਊਜ਼ ਚੈਨਲ ਦੇਖਦੇ ਆ ਰਹੇ ਹਨ, ਅਖ਼ਬਾਰ ਪੜ੍ਹਦੇ ਹਨ, ਸੋਸ਼ਲ ਮੀਡੀਆ ਨਾਲ ਵੀ ਜੁੜੇ ਹੋਏ ਹਨ, ਇਸ ਲਈ ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਦਾ ਆਮ ਗਿਆਨ ਬਹੁਤ ਵਧੀਆ ਹੋਵੇਗਾ। ਪਰ ਜਦੋਂ ਉਹ ਪ੍ਰਧਾਨ ਮੰਤਰੀ ਸੰਗ੍ਰਹਾਲਯ ਗਏ ਤਾਂ ਉਹ ਬਹੁਤ ਹੈਰਾਨ ਹੋਏ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਦੇਸ਼ ਅਤੇ ਦੇਸ਼ ਦੀ ਅਗਵਾਈ ਕਰਨ ਵਾਲਿਆਂ ਬਾਰੇ ਬਹੁਤਾ ਨਹੀਂ ਸਨ ਜਾਣਦੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਦੀਆਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਲਿਖਿਆ ਹੈ, ਜੋ ਉਨ੍ਹਾਂ ਲਈ ਵਧੇਰੇ ਦਿਲਚਸਪ ਸਨ, ਜਿਵੇਂ ਕਿ ਉਹ ਲਾਲ ਬਹਾਦਰ ਸ਼ਾਸਤਰੀ ਦਾ ਚਰਖਾ ਦੇਖ ਕੇ ਬਹੁਤ ਖੁਸ਼ ਹੋਏ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਸਹੁਰੇ ਵੱਲੋਂ ਤੋਹਫੇ ਵਜੋਂ ਦਿੱਤਾ ਗਿਆ ਸੀ। ਉਨ੍ਹਾਂ ਨੇ ਸ਼ਾਸਤਰੀ ਜੀ ਦੀ ਪਾਸਬੁੱਕ ਵੀ ਦੇਖੀ ਅਤੇ ਇਹ ਵੀ ਦੇਖਿਆ ਕਿ ਉਨ੍ਹਾਂ ਕੋਲ ਕਿੰਨੀ ਘੱਟ ਬੱਚਤ ਸੀ। ਸਾਰਥਕ ਜੀ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੋਰਾਰਜੀ ਭਾਈ ਦੇਸਾਈ ਸੁਤੰਤਰਤਾ ਸੰਗ੍ਰਾਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਗੁਜਰਾਤ ਵਿੱਚ ਡਿਪਟੀ ਕਲੈਕਟਰ ਸਨ। ਉਨ੍ਹਾਂ ਦਾ ਲੰਬਾ ਸਮਾਂ ਪ੍ਰਸ਼ਾਸਨਿਕ ਸੇਵਾ ਵਿੱਚ ਰਿਹਾ। ਸਾਰਥਕ ਜੀ ਚੌਧਰੀ ਚਰਨ ਸਿੰਘ ਜੀ ਬਾਰੇ ਲਿਖਦੇ ਹਨ ਕਿ ਉਹ ਨਹੀਂ ਜਾਣਦੇ ਸਨ ਕਿ ਚੌਧਰੀ ਚਰਨ ਸਿੰਘ ਜੀ ਦਾ ਜ਼ਿਮੀਂਦਾਰੀ ਦੇ ਖ਼ਾਤਮੇ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਸੀ। ਇੰਨਾ ਹੀ ਨਹੀਂ ਉਹ ਅੱਗੇ ਲਿਖਦੇ ਨੇ ਕਿ ਲੈਂਡ ਰਿਫਾਰਮ ਦੇ ਵਿਸ਼ੇ ਬਾਬਤ ਮੈਂ ਦੇਖਿਆ ਕਿ ਸ਼੍ਰੀ ਪੀ. ਵੀ. ਨਰਸਿਮਹਾ ਰਾਓ ਜੀ ਨੇ ਭੂਮੀ ਸੁਧਾਰ ਦੇ ਕੰਮ ਵਿੱਚ ਬਹੁਤ ਡੂੰਘੀ ਦਿਲਚਸਪੀ ਲਈ। ਸਾਰਥਕ ਜੀ ਨੂੰ ਵੀ ਇਸ ਮਿਊਜ਼ੀਅਮ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗਾ ਕਿ ਚੰਦਰਸ਼ੇਖਰ ਜੀ ਨੇ 4 ਹਜ਼ਾਰ ਕਿਲੋਮੀਟਰ ਤੋਂ ਵੱਧ ਪੈਦਲ ਚਲ ਕੇ ਇਤਿਹਾਸਿਕ ਭਾਰਤ ਦੀ ਯਾਤਰਾ ਕੀਤੀ ਸੀ। ਜਦੋਂ ਉਨ੍ਹਾਂ ਨੇ ਮਿਊਜ਼ੀਅਮ ਵਿੱਚ ਉਨ੍ਹਾਂ ਚੀਜ਼ਾਂ ਨੂੰ ਦੇਖਿਆ, ਜੋ ਅਟਲ ਜੀ ਇਸਤੇਮਾਲ ਕਰਦੇ ਸਨ, ਉਨ੍ਹਾਂ ਦੇ ਭਾਸ਼ਣ ਸੁਣੇ ਤਾਂ ਉਹ ਮਾਣ ਨਾਲ ਭਰ ਗਏ। ਸਾਰਥਕ ਜੀ ਨੇ ਇਹ ਵੀ ਦੱਸਿਆ ਕਿ ਇਸ ਮਿਊਜ਼ੀਅਮ ਵਿੱਚ ਮਹਾਤਮਾ ਗਾਂਧੀ, ਸਰਦਾਰ ਪਟੇਲ, ਡਾ. ਅੰਬੇਡਕਰ, ਜੈ. ਪ੍ਰਕਾਸ਼ ਨਰਾਇਣ ਅਤੇ ਸਾਡੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਬਾਰੇ ਵੀ ਬਹੁਤ ਦਿਲਚਸਪ ਜਾਣਕਾਰੀਆਂ ਹਨ।

ਦੋਸਤੋ, ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਤੋਂ ਵਧੀਆ ਸਮਾਂ ਹੋਰ ਕੀ ਹੋ ਸਕਦਾ ਹੈ? ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਰਿਹਾ ਹੈ। ਇਤਿਹਾਸ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਕਾਫੀ ਵਧ ਰਹੀ ਹੈ ਅਤੇ ਅਜਿਹੇ ’ਚ ਪ੍ਰਧਾਨ ਮੰਤਰੀ ਸੰਗ੍ਰਹਾਲਯ ਨੌਜਵਾਨਾਂ ਲਈ ਵੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਜੋ ਉਨ੍ਹਾਂ ਨੂੰ ਦੇਸ਼ ਦੀ ਅਨਮੋਲ ਵਿਰਾਸਤ ਨਾਲ ਜੋੜ ਰਿਹਾ ਹੈ।

ਵੈਸੇ, ਦੋਸਤੋ ਹੁਣ ਜਦੋਂ ਤੁਹਾਡੇ ਨਾਲ ਮਿਊਜ਼ੀਅਮ ਬਾਰੇ ਇੰਨੀਆਂ ਗੱਲਾਂ ਹੋ ਰਹੀਆਂ ਹਨ ਤਾਂ ਮੈਨੂੰ ਲੱਗਾ ਕਿ ਮੈਨੂੰ ਵੀ ਤੁਹਾਨੂੰ ਕੁਝ ਸਵਾਲ ਪੁੱਛਣੇ ਚਾਹੀਦੇ ਹਨ। ਆਓ ਦੇਖੀਏ ਕਿ ਤੁਹਾਡਾ ਆਮ ਗਿਆਨ ਕੀ ਕਹਿੰਦਾ ਹੈ - ਤੁਹਾਡੇ ਕੋਲ ਕਿੰਨੀ ਜਾਣਕਾਰੀ ਹੈ। ਕੀ ਤੁਸੀਂ ਤਿਆਰ ਹੋ, ਮੇਰੇ ਨੌਜਵਾਨ ਸਾਥੀਓ। ਕਾਗਜ਼-ਪੈੱਨ ਹੱਥ ਵਿੱਚ ਪਕੜ ਲਿਆ ਹੈ? ਜੋ ਮੈਂ ਤੁਹਾਨੂੰ ਇਸ ਸਮੇਂ ਪੁੱਛਣ ਜਾ ਰਿਹਾ ਹਾਂ, ਤੁਸੀਂ ਉਨ੍ਹਾਂ ਦੇ ਜਵਾਬ ਨਮੋ ਐਪ ਜਾਂ ਸੋਸ਼ਲ ਮੀਡੀਆ ’ਤੇ #MuseumQuiz  ਨਾਲ ਸਾਂਝੇ ਕਰ ਸਕਦੇ ਹੋ ਅਤੇ ਜ਼ਰੂਰ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿਓ। ਇਸ ਨਾਲ ਦੇਸ਼ ਭਰ ਦੇ ਲੋਕਾਂ ਵਿੱਚ ਮਿਊਜ਼ੀਅਮ ਪ੍ਰਤੀ ਰੁਚੀ ਵਧੇਗੀ। ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਕਿਸ ਸ਼ਹਿਰ ਵਿੱਚ ਇੱਕ ਮਸ਼ਹੂਰ ਰੇਲ ਮਿਊਜ਼ੀਅਮ ਹੈ, ਜਿੱਥੇ ਲੋਕਾਂ ਨੂੰ ਪਿਛਲੇ 45 ਸਾਲਾਂ ਤੋਂ ਭਾਰਤੀ ਰੇਲਵੇ ਦੀ ਵਿਰਾਸਤ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ?

ਮੈਂ ਤੁਹਾਨੂੰ ਇੱਕ ਹੋਰ ਸੁਰਾਗ ਦਿੰਦਾ ਹਾਂ। ਤੁਸੀਂ ਇੱਥੇ ਫੈਰੀ ਕਵੀਨ, ਸੈਲੂਨ ਆਵ੍ ਪ੍ਰਿੰਸ ਆਵ੍ ਵੇਲਸ ਤੋਂ ਲੈ ਕੇ ਫਾਇਰਲੈੱਸ ਸਟੀਮ ਲੋਕੋਮੋਟਿਵ ਵੀ ਦੇਖ ਸਕਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਮੁੰਬਈ ਵਿੱਚ ਕਿਹੜਾ ਮਿਊਜ਼ੀਅਮ ਹੈ, ਜਿੱਥੇ ਸਾਨੂੰ ਕਰੰਸੀ ਦੇ ਵਿਕਾਸ ਨੂੰ ਬਹੁਤ ਦਿਲਚਸਪ ਤਰੀਕੇ ਨਾਲ ਦੇਖਣ ਦਾ ਮੌਕਾ ਮਿਲਦਾ ਹੈ? ਇੱਥੇ ਛੇਵੀਂ ਸਦੀ ਈਸਾ ਪੂਰਵ ਦੇ ਸਿੱਕੇ ਮੌਜੂਦ ਹਨ, ਦੂਜੇ ਪਾਸੇ ਈ-ਮਨੀ ਵੀ ਮੌਜੂਦ ਹੈ। ਤੀਜਾ ਸਵਾਲ ‘ਵਿਰਾਸਤ-ਏ-ਖ਼ਾਲਸਾ’ ਇਸ ਮਿਊਜ਼ੀਅਮ ਨਾਲ ਸਬੰਧਿਤ ਹੈ। ਕੀ ਤੁਸੀਂ ਜਾਣਦੇ ਹੋ ਇਹ ਮਿਊਜ਼ੀਅਮ ਪੰਜਾਬ ਦੇ ਕਿਸ ਸ਼ਹਿਰ ਵਿੱਚ ਸਥਿਤ ਹੈ? ਤੁਸੀਂ ਸਾਰਿਆਂ ਨੇ ਪਤੰਗ ਉਡਾਉਣ ਦਾ ਬਹੁਤ ਆਨੰਦ ਲਿਆ ਹੋਵੇਗਾ, ਅਗਲਾ ਸਵਾਲ ਇਸੇ ਨਾਲ ਸਬੰਧਿਤ ਹੈ। ਦੇਸ਼ ਦਾ ਇੱਕਲੌਤਾ ਪਤੰਗ ਮਿਊਜ਼ੀਅਮ ਕਿੱਥੇ ਹੈ? ਆਓ ਮੈਂ ਤੁਹਾਨੂੰ ਇੱਕ ਸੁਰਾਗ ਦੇਵਾਂ। ਇੱਥੇ ਰੱਖੀ ਸਭ ਤੋਂ ਵੱਡੀ ਪਤੰਗ ਦਾ ਆਕਾਰ 22 ਗੁਣਾ 16 ਫੁੱਟ ਹੈ। ਕੁਝ ਤਾਂ ਧਿਆਨ ਵਿੱਚ ਆਇਆ ਹੋਵੇਗਾ, ਨਹੀਂ ਤਾਂ ਇੱਥੇ ਇੱਕ ਗੱਲ ਹੋਰ ਦੱਸਾਂਗਾ, ਇਹ ਜਿਸ ਸ਼ਹਿਰ ਵਿੱਚ ਸਥਿਤ ਹੈ, ਉਸ ਦਾ ਬਾਪੂ ਨਾਲ ਖ਼ਾਸ ਰਿਸ਼ਤਾ ਹੈ। ਬਚਪਨ ਵਿੱਚ ਡਾਕ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਕ ਕਿਸ ਨੂੰ ਨਹੀਂ ਹੁੰਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਡਾਕ ਟਿਕਟਾਂ ਨਾਲ ਸਬੰਧਿਤ ਰਾਸ਼ਟਰੀ ਮਿਊਜ਼ੀਅਮ ਕਿੱਥੇ ਹੈ? ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ ਹਾਂ। ਗੁਲਸ਼ਨ ਮਹਿਲ ਨਾਮ ਦੀ ਇਮਾਰਤ ਵਿੱਚ ਕਿਹੜਾ ਮਿਊਜ਼ੀਅਮ ਹੈ? ਤੁਹਾਡੇ ਲਈ ਸੁਰਾਗ ਇਹ ਹੈ ਕਿ ਇਸ ਮਿਊਜ਼ੀਅਮ ਵਿੱਚ ਤੁਸੀਂ ਫ਼ਿਲਮ ਦੇ ਨਿਰਦੇਸ਼ਕ ਵੀ ਬਣ ਸਕਦੇ ਹੋ, ਕੈਮਰੇ ਤੇ ਐਡੀਟਿੰਗ ਦੀਆਂ ਬਰੀਕੀਆਂ ਵੀ ਦੇਖ ਸਕਦੇ ਹੋ। ਚੰਗਾ, ਕੀ ਤੁਸੀਂ ਕਿਸੇ ਮਿਊਜ਼ੀਅਮ ਬਾਰੇ ਜਾਣਦੇ ਹੋ ਜੋ ਭਾਰਤ ਦੀ ਟੈਕਸਟਾਈਲ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ? ਇਸ ਮਿਊਜ਼ੀਅਮ ਵਿੱਚ ਲਘੂ ਪੇਂਟਿੰਗਜ਼ (ਲਘੂ ਚਿੱਤਰ) ਜੈਨ ਹੱਥ-ਲਿਖਤਾਂ, ਮੂਰਤੀਆਂ ਤੇ ਹੋਰ ਬਹੁਤ ਕੁਝ ਹੈ। ਇਹ ਆਪਣੀ ਵਿਲੱਖਣ ਡਿਸਪਲੇ ਲਈ ਵੀ ਜਾਣਿਆ ਜਾਂਦਾ ਹੈ।

ਸਾਥੀਓ, ਟੈਕਨੋਲੋਜੀ ਦੇ ਇਸ ਯੁਗ ਵਿੱਚ ਤੁਹਾਡੇ ਲਈ ਇਨ੍ਹਾਂ ਦੇ ਜਵਾਬ ਲੱਭਣੇ ਬਹੁਤ ਅਸਾਨ ਹਨ। ਮੈਂ ਇਹ ਸਵਾਲ ਇਸ ਲਈ ਪੁੱਛੇ ਤਾਕਿ ਸਾਡੀ ਨਵੀਂ ਪੀੜ੍ਹੀ ਵਿੱਚ ਉਤਸੁਕਤਾ ਵਧੇ, ਉਹ ਇਨ੍ਹਾਂ ਬਾਰੇ ਹੋਰ ਪੜ੍ਹੇ, ਉਨ੍ਹਾਂ ਨੂੰ ਦੇਖਣ ਜਾਏ। ਹੁਣ, ਮਿਊਜ਼ੀਅਮਸ ਦੀ ਮਹੱਤਤਾ ਦੇ ਕਾਰਨ ਬਹੁਤ ਸਾਰੇ ਲੋਕ ਖੁਦ ਅੱਗੇ ਆ ਰਹੇ ਹਨ ਅਤੇ ਮਿਊਜ਼ੀਅਮਸ ਲਈ ਬਹੁਤ ਸਾਰਾ ਦਾਨ ਕਰ ਰਹੇ ਹਨ। ਬਹੁਤ ਸਾਰੇ ਲੋਕ ਆਪਣੇ ਪੁਰਾਣੇ ਸੰਗ੍ਰਹਿ ਦੇ ਨਾਲ-ਨਾਲ ਇਤਿਹਾਸਿਕ ਚੀਜ਼ਾਂ ਵੀ ਮਿਊਜ਼ੀਅਮਸ ਨੂੰ ਦਾਨ ਕਰ ਰਹੇ ਹਨ। ਜਦੋਂ ਤੁਸੀਂ ਅਜਿਹਾ ਕਰਦੇ ਹੋ ਇੱਕ ਤਰ੍ਹਾਂ ਨਾਲ ਤੁਸੀਂ ਪੂਰੇ ਸਮਾਜ ਨਾਲ ਇੱਕ ਸੱਭਿਆਚਾਰਕ ਪੂੰਜੀ ਸਾਂਝੀ ਕਰਦੇ ਹੋ। ਭਾਰਤ ਵਿੱਚ ਵੀ ਹੁਣ ਲੋਕ ਇਸ ਲਈ ਅੱਗੇ ਆ ਰਹੇ ਹਨ। ਮੈਂ ਅਜਿਹੇ ਸਾਰੇ ਨਿਜੀ ਯਤਨਾਂ ਦੀ ਵੀ ਸ਼ਲਾਘਾ ਕਰਦਾ ਹਾਂ। ਅੱਜ ਬਦਲਦੇ ਸਮੇਂ ਅਤੇ ਕੋਵਿਡ ਪ੍ਰੋਟੋਕੋਲ ਦੇ ਕਾਰਨ ਮਿਊਜ਼ੀਅਮਸ ਵਿੱਚ ਨਵੇਂ ਤੌਰ-ਤਰੀਕੇ ਅਪਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮਿਊਜ਼ੀਅਮਸ ਵਿੱਚ ਡਿਜੀਟਾਈਜ਼ੇਸ਼ਨ ’ਤੇ ਵੀ ਫੋਕਸ ਵਧਿਆ ਹੈ। ਤੁਸੀਂ ਸਾਰੇ ਜਾਣਦੇ ਹੋ ਕਿ 18 ਮਈ ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਮਨਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਮੇਰੇ ਕੋਲ ਆਪਣੇ ਨੌਜਵਾਨ ਸਾਥੀਆਂ ਲਈ ਇੱਕ ਵਿਚਾਰ ਹੈ, ਕਿਉਂ ਨਾ ਆਉਣ ਵਾਲੀਆਂ ਛੁੱਟੀਆਂ ਦੌਰਾਨ ਆਪਣੇ ਦੋਸਤਾਂ ਦੀ ਮੰਡਲੀ ਦੇ ਨਾਲ ਇੱਕ ਸਥਾਨਕ ਮਿਊਜ਼ੀਅਮ ਦਾ ਦੌਰਾ ਕਰੋ। #MuseumMemories ਨਾਲ ਆਪਣਾ ਅਨੁਭਵ ਸਾਂਝਾ ਕਰੋ। ਅਜਿਹਾ ਕਰਨ ਨਾਲ ਤੁਸੀਂ ਦੂਸਰਿਆਂ ਦੇ ਮਨਾਂ ਵਿੱਚ ਵੀ ਮਿਊਜ਼ੀਅਮ ਬਾਰੇ ਉਤਸੁਕਤਾ ਜਗਾ ਸਕੋਗੇ।

ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਸੰਕਲਪ ਲੈਂਦੇ ਹੋਵੋਗੇ, ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਵੀ ਕਰਦੇ ਹੋਵੋਗੇ। ਦੋਸਤੋ ਪਰ ਹਾਲ ਹੀ ਵਿੱਚ ਮੈਨੂੰ ਇੱਕ ਅਜਿਹੇ ਸੰਕਲਪ ਬਾਰੇ ਪਤਾ ਲਗਿਆ ਜੋ ਅਸਲ ਵਿੱਚ ਵੱਖਰਾ ਸੀ, ਬਹੁਤ ਹੀ ਵਿਲੱਖਣ ਸੀ। ਇਸ ਲਈ ਮੈਂ ਸੋਚਿਆ ਕਿ ‘ਮਨ ਕੀ ਬਾਤ’ ਦੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰਾਂ।

ਦੋਸਤੋ, ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਵਿਅਕਤੀ ਆਪਣੇ ਘਰ ਤੋਂ ਇਹ ਸੰਕਲਪ ਲੈ ਕੇ ਨਿਕਲੇ ਕਿ ਉਹ ਸਾਰਾ ਦਿਨ ਪੂਰੇ ਸ਼ਹਿਰ ਵਿੱਚ ਘੁੰਮੇਗਾ ਅਤੇ ਪੈਸੇ ਦਾ ਕੋਈ ਲੈਣ-ਦੇਣ ਕੈਸ਼ ਵਿੱਚ ਨਹੀਂ ਕਰੇਗਾ, ਨਕਦ ਵਿੱਚ ਨਹੀਂ ਕਰੇਗਾ, ਕੀ ਇਹ ਦਿਲਚਸਪ ਸੰਕਲਪ ਨਹੀਂ ਹੈ? ਦਿੱਲੀ ਦੀਆਂ ਦੋ ਬੇਟੀਆਂ ਸਾਗਰਿਕਾ ਅਤੇ ਪ੍ਰੇਕਸ਼ਾ ਨੇ ਕੈਸ਼ਲੈੱਸ ਡੇ ਆਊਟ ਦਾ ਇੱਕ ਪ੍ਰਯੋਗ ਕੀਤਾ। ਸਾਗਰਿਕਾ ਅਤੇ ਪ੍ਰੇਕਸ਼ਾ ਦਿੱਲੀ ’ਚ ਜਿੱਥੇ ਵੀ ਗਈਆਂ, ਉਨ੍ਹਾਂ ਨੂੰ ਡਿਜੀਟਲ ਪੇਮੈਂਟ ਦੀ ਸਹੂਲਤ ਮਿਲੀ। UPI QR ਕੋਡ ਦੇ ਕਾਰਨ ਉਨ੍ਹਾਂ ਨੂੰ ਨਕਦੀ ਕਢਵਾਉਣ ਦੀ ਲੋੜ ਨਹੀਂ ਪਈ। ਇੱਥੋਂ ਤੱਕ ਕਿ ਸਟ੍ਰੀਟ ਫੂਡ ਨੂੰ ਵੀ ਔਨਲਾਈਨ ਲੈਣ-ਦੇਣ ਦੀ ਸਹੂਲਤ ਮਿਲੀ ਹੋਈ ਹੈ। ਰੇਹੜੀ-ਪਟਰੀ ਦੀਆਂ ਦੁਕਾਨਾਂ ’ਤੇ ਜ਼ਿਆਦਾਤਰ ਉਨ੍ਹਾਂ ਨੂੰ Online Transaction ਦੀ ਸਹੂਲਤ ਮਿਲੀ।

ਦੋਸਤੋ, ਕੋਈ ਸੋਚ ਸਕਦਾ ਹੈ ਕਿ ਦਿੱਲੀ ਇੱਕ ਮੈਟਰੋ ਸਿਟੀ ਹੈ, ਉੱਥੇ ਇਹ ਸਭ ਹੋਣਾ ਅਸਾਨ ਹੈ ਪਰ ਹੁਣ ਅਜਿਹਾ ਨਹੀਂ ਕਿ ਯੂਪੀਆਈ ਦਾ ਇਹ ਫੈਲਾਅ ਸਿਰਫ਼ ਦਿੱਲੀ ਜਿਹੇ ਵੱਡੇ ਸ਼ਹਿਰਾਂ ਤੱਕ ਸੀਮਿਤ ਹੈ। ਮੈਨੂੰ ਗ਼ਾਜ਼ੀਆਬਾਦ ਤੋਂ ਆਨੰਦਿਤਾ ਤ੍ਰਿਪਾਠੀ ਦਾ ਸੁਨੇਹਾ ਵੀ ਮਿਲਿਆ। ਆਨੰਦਿਤਾ ਪਿਛਲੇ ਹਫ਼ਤੇ ਆਪਣੇ ਪਤੀ ਨਾਲ ਉੱਤਰ-ਪੂਰਬ ਗਈ ਸੀ। ਉਸ ਨੇ ਮੈਨੂੰ ਅਸਾਮ ਤੋਂ ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਤੱਕ ਦੀ ਆਪਣੀ ਯਾਤਰਾ ਦਾ ਅਨੁਭਵ ਦੱਸਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਈ ਦਿਨਾਂ ਦੇ ਇਸ ਸਫ਼ਰ ਵਿੱਚ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਨਕਦੀ ਕਢਵਾਉਣ ਦੀ ਲੋੜ ਨਹੀਂ ਪਈ। ਜਿੱਥੇ ਕੁਝ ਸਾਲ ਪਹਿਲਾਂ ਤੱਕ ਇੰਟਰਨੈੱਟ ਦੀ ਚੰਗੀ ਸਹੂਲਤ ਵੀ ਨਹੀਂ ਸੀ, ਉੱਥੇ ਹੁਣ ਯੂਪੀਆਈ ਰਾਹੀਂ ਭੁਗਤਾਨ ਕਰਨ ਦੀ ਵੀ ਸਹੂਲਤ ਹੈ। ਸਾਗਰਿਕਾ, ਪ੍ਰੇਕਸ਼ਾ ਅਤੇ ਆਨੰਦਿਤਾ ਦੇ ਅਨੁਭਵਾਂ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਕੈਸ਼ਲੈੱਸ ਡੇ ਆਊਟ ਦੇ ਤਜ਼ਰਬੇ ਨੂੰ ਅਜ਼ਮਾਉਣ ਲਈ ਵੀ ਬੇਨਤੀ ਕਰਾਂਗਾ, ਜ਼ਰੂਰ ਕਰੋ।

ਦੋਸਤੋ, ਪਿਛਲੇ ਕੁਝ ਸਾਲਾਂ ਵਿੱਚ ਭੀਮ ਯੂਪੀਆਈ ਤੇਜ਼ੀ ਨਾਲ ਸਾਡੀ ਆਰਥਿਕਤਾ ਅਤੇ ਆਦਤਾਂ ਦਾ ਹਿੱਸਾ ਬਣ ਗਿਆ ਹੈ। ਹੁਣ ਤਾਂ ਛੋਟੇ-ਛੋਟੇ ਕਸਬਿਆਂ ਅਤੇ ਜ਼ਿਆਦਾਤਰ ਪਿੰਡਾਂ ਵਿੱਚ ਵੀ ਲੋਕ ਯੂਪੀਆਈ ਰਾਹੀਂ ਲੈਣ-ਦੇਣ ਕਰ ਰਹੇ ਹਨ। ਦੇਸ਼ ਵਿੱਚ ਡਿਜੀਟਲ ਅਰਥਵਿਵਸਥਾ ਦਾ ਵੀ ਇੱਕ ਸੱਭਿਆਚਾਰ ਪੈਦਾ ਹੋ ਰਿਹਾ ਹੈ। ਡਿਜੀਟਲ ਭੁਗਤਾਨ ਨੇ ਗਲ੍ਹੀ ਦੀਆਂ ਛੋਟੀਆਂ ਦੁਕਾਨਾਂ ਲਈ ਵੱਧ ਤੋਂ ਵੱਧ ਗ੍ਰਾਹਕਾਂ ਦੀ ਸੇਵਾ ਕਰਨਾ ਅਸਾਨ ਬਣਾ ਦਿੱਤਾ ਹੈ। ਹੁਣ ਉਨ੍ਹਾਂ ਨੂੰ ਖੁੱਲ੍ਹੇ ਪੈਸੇ ਦੀ ਵੀ ਕੋਈ ਸਮੱਸਿਆ ਨਹੀਂ ਹੈ। ਤੁਸੀਂ ਵੀ ਰੋਜ਼ਾਨਾ ਜੀਵਨ ਵਿੱਚ ਯੂਪੀਆਈ ਦੀ ਸਹੂਲਤ ਨੂੰ ਮਹਿਸੂਸ ਕਰਦੇ ਹੋਵੋਗੇ। ਤੁਸੀਂ ਜਿੱਥੇ ਵੀ ਜਾਂਦੇ ਹੋ ਨਕਦੀ ਲੈ ਕੇ ਜਾਣ ਦੀ, ਬੈਂਕ ਜਾਣ ਦੀ, ਏਟੀਐਮ ਲੱਭਣ ਦੀ ਪਰੇਸ਼ਾਨੀ ਖ਼ਤਮ ਹੋ ਗਈ ਹੈ। ਸਾਰੇ ਭੁਗਤਾਨ ਮੋਬਾਈਲ ਤੋਂ ਹੀ ਕੀਤੇ ਜਾਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀਆਂ ਛੋਟੀਆਂ-ਛੋਟੀਆਂ ਔਨਲਾਈਨ ਅਦਾਇਗੀਆਂ ਕਾਰਨ ਦੇਸ਼ ਵਿੱਚ ਕਿੰਨੀ ਵੱਡੀ ਡਿਜੀਟਲ ਅਰਥਵਿਵਸਥਾ ਬਣ ਗਈ ਹੈ। ਮੌਜੂਦਾ ਸਮੇਂ ’ਚ ਸਾਡੇ ਦੇਸ਼ ’ਚ ਹਰ ਰੋਜ਼ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਲੈਣ-ਦੇਣ ਹੋ ਰਿਹਾ ਹੈ। ਪਿਛਲੇ ਮਾਰਚ ਮਹੀਨੇ ’ਚ ਯੂਪੀਆਈ ਲੈਣ-ਦੇਣ ਕਰੀਬ 10 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਸ ਕਾਰਨ ਦੇਸ਼ ਵਿੱਚ ਸਹੂਲਤ ਵੀ ਵਧ ਰਹੀ ਹੈ ਅਤੇ ਇਮਾਨਦਾਰੀ ਦਾ ਮਾਹੌਲ ਵੀ ਬਣ ਰਿਹਾ ਹੈ। ਹੁਣ ਦੇਸ਼ ਵਿੱਚ ਫਿਨਟੈੱਕ ਨਾਲ ਸਬੰਧਿਤ ਕਈ ਨਵੇਂ ਸਟਾਰਟ-ਅੱਪ ਵੀ ਅੱਗੇ ਵਧ ਰਹੇ ਹਨ। ਮੈਂ ਚਾਹਾਂਗਾ ਕਿ ਜੇਕਰ ਤੁਹਾਡੇ ਕੋਲ ਵੀ ਡਿਜੀਟਲ ਭੁਗਤਾਨ ਅਤੇ ਸਟਾਰਟ-ਅੱਪ ਈਕੋਸਿਸਟਮ ਦੀ ਇਸ ਸ਼ਕਤੀ ਨਾਲ ਸਬੰਧਿਤ ਕੋਈ ਅਨੁਭਵ ਹੈ ਤਾਂ ਉਨ੍ਹਾਂ ਨੂੰ ਸਾਂਝਾ ਕਰੋ। ਤੁਹਾਡੇ ਅਨੁਭਵ ਹੋਰ ਬਹੁਤ ਸਾਰੇ ਦੇਸ਼ਵਾਸੀਆਂ ਲਈ ਪ੍ਰੇਰਣਾ ਬਣ ਸਕਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਟੈਕਨੋਲੋਜੀ ਦੀ ਤਾਕਤ ਆਮ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਰਹੀ ਹੈ, ਇਹ ਅਸੀਂ ਆਪਣੇ ਆਲ਼ੇ-ਦੁਆਲ਼ੇ ਲਗਾਤਾਰ ਦੇਖ ਰਹੇ ਹਾਂ। ਟੈਕਨੋਲੋਜੀ ਨੇ ਇੱਕ ਹੋਰ ਵੱਡਾ ਕੰਮ ਕੀਤਾ ਹੈ, ਇਹ ਕੰਮ ਹੈ ਦਿੱਵਯਾਂਗ ਸਾਥੀਆਂ ਦੀ ਅਸਾਧਾਰਣ ਕਾਬਲੀਅਤ ਦਾ ਲਾਭ ਦੇਸ਼ ਅਤੇ ਦੁਨੀਆ ਤੱਕ ਪਹੁੰਚਾਉਣਾ। ਅਸੀਂ ਟੋਕੀਓ ਪੈਰਾਲੰਪਿਕਸ ਵਿੱਚ ਦੇਖਿਆ ਹੈ ਕਿ ਸਾਡੇ ਦਿੱਵਯਾਂਗ ਭੈਣ-ਭਰਾ ਕੀ ਕਰ ਸਕਦੇ ਹਨ। ਖੇਡਾਂ ਵਾਂਗ ਹੀ ਕਲਾ, ਵਿੱਦਿਆ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਦਿੱਵਯਾਂਗ ਸਾਥੀ ਕਮਾਲ ਕਰ ਰਹੇ ਹਨ ਪਰ ਜਦੋਂ ਇਹ ਸਾਥੀ ਟੈਕਨੋਲੋਜੀ ਦੀ ਤਾਕਤ ਪ੍ਰਾਪਤ ਕਰਦੇ ਹਨ ਤਾਂ ਉਹ ਹੋਰ ਵੀ ਉਚਾਈਆਂ ਪ੍ਰਾਪਤ ਕਰਦੇ ਹਨ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਵਿੱਚ ਦੇਸ਼ ਦਿੱਵਯਾਂਗ ਲੋਕਾਂ ਲਈ ਸਾਧਨਾਂ ਅਤੇ ਬੁਨਿਆਦੀ ਢਾਂਚੇ ਨੂੰ ਪਹੁੰਚਯੋਗ ਬਣਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਦੇਸ਼ ਵਿੱਚ ਕਈ ਅਜਿਹੇ ਸਟਾਰਟ-ਅੱਪ ਅਤੇ ਸੰਗਠਨ ਵੀ ਹਨ ਜੋ ਇਸ ਦਿਸ਼ਾ ਵਿੱਚ ਪ੍ਰੇਰਣਾਦਾਇਕ ਕੰਮ ਕਰ ਰਹੇ ਹਨ। ਅਜਿਹੀ ਹੀ ਇੱਕ ਸੰਸਥਾ ਹੈ Voice of Specially Abled People, ਇਹ ਸੰਸਥਾ ਸਹਾਇਕ ਟੈਕਨੋਲੋਜੀ ਦੇ ਖੇਤਰ ਵਿੱਚ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਦਿੱਵਯਾਂਗ ਕਲਾਕਾਰਾਂ ਦੇ ਕੰਮ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਇੱਕ ਹੋਰ ਨਵੀਨਤਾਕਾਰੀ ਸ਼ੁਰੂਆਤ ਵੀ ਕੀਤੀ ਗਈ ਹੈ। Voice of specially abled people ਲੋਕਾਂ ਨੇ ਇਨ੍ਹਾਂ ਕਲਾਕਾਰਾਂ ਦੀਆਂ ਪੇਂਟਿੰਗਾਂ ਦੀ ਡਿਜੀਟਲ ਆਰਟ ਗੈਲਰੀ ਤਿਆਰ ਕੀਤੀ ਹੈ। ਇਹ ਆਰਟ ਗੈਲਰੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਦਿੱਵਯਾਂਗ ਸਾਥੀ ਕਿੰਨੀਆਂ ਅਸਾਧਾਰਣ ਪ੍ਰਤਿਭਾਵਾਂ ਨਾਲ ਭਰਪੂਰ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਕਿੰਨੀਆਂ ਅਸਾਧਾਰਣ ਯੋਗਤਾਵਾਂ ਹੁੰਦੀਆਂ ਹਨ। ਦਿੱਵਯਾਂਗ ਸਾਥੀਆਂ ਦੀ ਜ਼ਿੰਦਗੀ ਵਿੱਚ ਕਿਹੜੀਆਂ ਚੁਣੌਤੀਆਂ ਆਉਂਦੀਆਂ ਹਨ, ਉਨ੍ਹਾਂ ਵਿੱਚੋਂ ਨਿਕਲ ਕੇ ਉਹ ਕਿੰਨੀ ਦੂਰ ਤੱਕ ਪਹੁੰਚ ਸਕਦੇ ਹਨ। ਤੁਸੀਂ ਇਨ੍ਹਾਂ ਪੇਂਟਿੰਗਾਂ ਵਿੱਚ ਅਜਿਹੇ ਕਈ ਥੀਮ ਮਹਿਸੂਸ ਕਰ ਸਕਦੇ ਹੋ। ਜੇਕਰ ਤੁਸੀਂ ਵੀ ਕਿਸੇ ਦਿੱਵਯਾਂਗ ਸਾਥੀ ਨੂੰ ਜਾਣਦੇ ਹੋ, ਉਨ੍ਹਾਂ ਦੀ ਪ੍ਰਤਿਭਾ ਨੂੰ ਜਾਣਦੇ ਹੋ ਤਾਂ ਤੁਸੀਂ ਡਿਜੀਟਲ ਤਕਨੀਕ ਦੀ ਮਦਦ ਨਾਲ ਉਸ ਨੂੰ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ। ਜੋ ਦਿੱਵਯਾਂਗ ਸਾਥੀ ਹਨ, ਉਨ੍ਹਾਂ ਨੂੰ ਵੀ ਅਜਿਹੇ ਯਤਨਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਵੱਧਦੀ ਗਰਮੀ ਪਾਣੀ ਨੂੰ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਨੂੰ ਵੀ ਓਨਾ ਹੀ ਵਧਾ ਦਿੰਦੀ ਹੈ, ਜਿੱਥੇ ਤੁਸੀਂ ਹੁਣ ਹੋ, ਉੱਥੇ ਬਹੁਤ ਸਾਰਾ ਪਾਣੀ ਉਪਲਬਧ ਹੋ ਸਕਦਾ ਹੈ। ਪਰ ਤੁਹਾਨੂੰ ਪਾਣੀ ਦੀ ਕਿੱਲ੍ਹਤ ਵਾਲੇ ਖੇਤਰਾਂ ਵਿੱਚ ਰਹਿੰਦੇ ਕਰੋੜਾਂ ਲੋਕਾਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਹੋਵੇਗਾ, ਜਿਨ੍ਹਾਂ ਲਈ ਪਾਣੀ ਦੀ ਹਰ ਬੂੰਦ ਅੰਮ੍ਰਿਤ ਵਰਗੀ ਹੈ।

ਦੋਸਤੋ, ਇਸ ਸਮੇਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਪਾਣੀ ਦੀ ਸੰਭਾਲ਼ ਵੀ ਇੱਕ ਸੰਕਲਪ ਹੈ, ਜਿਸ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਅੰਮ੍ਰਿਤ ਮਹੋਤਸਵ ਦੌਰਾਨ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾਣਗੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਮੁਹਿੰਮ ਕਿੰਨੀ ਵੱਡੀ ਹੈ। ਉਹ ਦਿਨ ਦੂਰ ਨਹੀਂ, ਜਦੋਂ ਤੁਹਾਡੇ ਹੀ ਸ਼ਹਿਰ ਵਿੱਚ 75 ਅੰਮ੍ਰਿਤ ਸਰੋਵਰ ਹੋਣਗੇ। ਮੈਂ ਚਾਹਾਂਗਾ ਕਿ ਤੁਸੀਂ ਸਾਰੇ ਅਤੇ ਖਾਸ ਕਰਕੇ ਨੌਜਵਾਨ ਇਸ ਮੁਹਿੰਮ ਬਾਰੇ ਜਾਣੋ ਅਤੇ ਇਸ ਦੀ ਜ਼ਿੰਮੇਵਾਰੀ ਵੀ ਲਓ। ਜੇਕਰ ਤੁਹਾਡੇ ਇਲਾਕੇ ਵਿੱਚ ਆਜ਼ਾਦੀ ਸੰਗ੍ਰਾਮ ਨਾਲ ਸਬੰਧਿਤ ਕੋਈ ਇਤਿਹਾਸ ਹੈ, ਜੇਕਰ ਕਿਸੇ ਯੋਧੇ ਦੀ ਯਾਦ ਹੈ ਤਾਂ ਤੁਸੀਂ ਉਸ ਨੂੰ ਵੀ ਅੰਮ੍ਰਿਤ ਸਰੋਵਰ ਨਾਲ ਜੋੜ ਸਕਦੇ ਹੋ। ਵੈਸੇ ਮੈਨੂੰ ਇਹ ਜਾਣ ਕੇ ਚੰਗਾ ਲਗਿਆ ਕਿ ਅੰਮ੍ਰਿਤ ਸਰੋਵਰ ਦਾ ਸੰਕਲਪ ਲੈਣ ਤੋਂ ਬਾਅਦ ਇਸ ਉੱਤੇ ਕਈ ਥਾਵਾਂ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ ਹੈ। ਮੈਨੂੰ ਯੂਪੀ ਦੇ ਰਾਮਪੁਰ ਦੀ ਗ੍ਰਾਮ ਪੰਚਾਇਤ ਪਟਵਾਈ ਬਾਰੇ ਜਾਣਕਾਰੀ ਮਿਲੀ ਹੈ। ਗ੍ਰਾਮ ਸਭਾ ਦੀ ਜ਼ਮੀਨ ’ਤੇ ਛੱਪੜ ਸੀ ਪਰ ਉਹ ਗੰਦਗੀ ਤੇ ਕੂੜੇ ਨਾਲ ਭਰਿਆ ਪਿਆ ਸੀ। ਕਾਫੀ ਮਿਹਨਤ ਨਾਲ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਪਿਛਲੇ ਕੁਝ ਹਫ਼ਤਿਆਂ ’ਚ ਉਸ ਗੰਦੇ ਛੱਪੜ ਦੀ ਕਾਇਆਕਲਪ ਕੀਤੀ ਗਈ ਹੈ। ਹੁਣ ਉਸ ਸਰੋਵਰ ਦੇ ਕੰਢੇ ’ਤੇ ਰਿਟੇਨਿੰਗ ਦੀਵਾਰ, ਚਾਰਦੀਵਾਰੀ, ਫੂਡ ਕੋਰਟ, ਫੁਹਾਰੇ ਅਤੇ ਰੋਸ਼ਨੀ ਆਦਿ ਤੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਮੈਂ ਰਾਮਪੁਰ ਦੀ ਪਟਵਾਈ ਗ੍ਰਾਮ ਪੰਚਾਇਤ, ਪਿੰਡ ਦੇ ਲੋਕਾਂ, ਉੱਥੋਂ ਦੇ ਬੱਚਿਆਂ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਾ ਹਾਂ।

ਦੋਸਤੋ ਪਾਣੀ ਦੀ ਉਪਲਬਧਤਾ ਅਤੇ ਪਾਣੀ ਦੀ ਕਮੀ, ਇਹ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਗਤੀ ਨਿਰਧਾਰਿਤ ਕਰਦੇ ਹਨ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ‘ਮਨ ਕੀ ਬਾਤ’ ਵਿੱਚ ਮੈਂ ਸਫਾਈ ਵਰਗੇ ਵਿਸ਼ਿਆਂ ਦੇ ਨਾਲ-ਨਾਲ ਪਾਣੀ ਦੀ ਸੰਭਾਲ਼ ਬਾਰੇ ਵਾਰ-ਵਾਰ ਗੱਲ ਕਰਦਾ ਹਾਂ। ਇਹ ਸਾਡੇ ਗ੍ਰੰਥਾਂ ਵਿੱਚ ਸਪਸ਼ਟ ਤੌਰ ’ਤੇ ਕਿਹਾ ਗਿਆ ਹੈ।

ਪਾਨਿਯਮ੍ ਪਰਮਮ੍ ਲੋਕੇ, ਜੀਵਾਨਾਮ੍ ਜੀਵਨਮ੍ ਸਮ੍ਰਿਤਮ੍॥

(पानियम् परमम् लोके, जीवानाम् जीवनम् समृतम्।|)

 

ਯਾਨੀ ਸੰਸਾਰ ਵਿੱਚ ਪਾਣੀ ਹਰ ਜੀਵ ਦੇ ਜੀਵਨ ਦਾ ਅਧਾਰ ਹੈ ਅਤੇ ਪਾਣੀ ਸਭ ਤੋਂ ਵੱਡਾ ਸਰੋਤ ਵੀ ਹੈ, ਇਸੇ ਲਈ ਸਾਡੇ ਪੁਰਖਿਆਂ ਨੇ ਪਾਣੀ ਦੀ ਸੰਭਾਲ਼ ਉੱਤੇ ਬਹੁਤ ਜ਼ੋਰ ਦਿੱਤਾ ਸੀ। ਵੇਦਾਂ ਤੋਂ ਲੈ ਕੇ ਪੁਰਾਣਾਂ ਤੱਕ ਹਰ ਥਾਂ ਪਾਣੀ ਨੂੰ ਬਚਾਉਣਾ, ਤਲਾਬ, ਝੀਲਾਂ ਆਦਿ ਬਣਾਉਣਾ ਮਨੁੱਖ ਦਾ ਸਮਾਜਿਕ ਅਤੇ ਅਧਿਆਤਮਿਕ ਫ਼ਰਜ਼ ਦੱਸਿਆ ਗਿਆ ਹੈ। ਵਾਲਮੀਕਿ ਰਾਮਾਇਣ ਵਿੱਚ ਪਾਣੀ ਦੀ ਸੰਭਾਲ਼, ਜਲ ਸਰੋਤਾਂ ਨੂੰ ਜੋੜਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਤਿਹਾਸ ਦੇ ਵਿਦਿਆਰਥੀਆਂ ਨੂੰ ਪਤਾ ਲੱਗੇਗਾ ਕਿ ਸਿੰਧੂ-ਸਰਸਵਤੀ ਅਤੇ ਹੜੱਪਾ ਸੱਭਿਆਤਾਵਾਂ ਦੌਰਾਨ ਵੀ ਪਾਣੀ ਦੇ ਸਬੰਧ ਵਿੱਚ ਭਾਰਤ ਵਿੱਚ ਇੰਜੀਨੀਅਰਿੰਗ ਦਾ ਕਿੰਨਾ ਵਿਕਾਸ ਹੋਇਆ ਸੀ। ਪੁਰਾਣੇ ਸਮਿਆਂ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚ ਪਾਣੀ ਦੇ ਸਰੋਤਾਂ ਦੀ ਆਪਸ ਵਿੱਚ ਜੁੜੀ ਪ੍ਰਣਾਲੀ ਸੀ ਅਤੇ ਇਹ ਉਹ ਸਮਾਂ ਸੀ, ਜਦੋਂ ਆਬਾਦੀ ਬਹੁਤੀ ਨਹੀਂ ਸੀ, ਕੁਦਰਤੀ ਸਰੋਤਾਂ ਦੀ ਕੋਈ ਕਮੀ ਨਹੀਂ ਸੀ, ਪਾਣੀ ਦੀ ਇੱਕ ਕਿਸਮ ਦੀ ਬਹੁਤਾਤ ਸੀ, ਫਿਰ ਵੀ ਜਲ ਸੰਭਾਲ਼ ਸਬੰਧੀ ਜਾਗਰੂਕਤਾ ਬਹੁਤ ਜ਼ਿਆਦਾ ਸੀ। ਪਰ ਅੱਜ ਸਥਿਤੀ ਇਸ ਦੇ ਉਲਟ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਇਲਾਕੇ ਵਿੱਚ ਅਜਿਹੇ ਪੁਰਾਣੇ ਤਲਾਬਾਂ, ਖੂਹਾਂ ਅਤੇ ਝੀਲਾਂ ਬਾਰੇ ਜ਼ਰੂਰ ਜਾਣੋ। ਅੰਮ੍ਰਿਤ ਸਰੋਵਰ ਅਭਿਯਾਨ ਸਦਕਾ, ਪਾਣੀ ਦੀ ਸੰਭਾਲ਼ ਦੇ ਨਾਲ-ਨਾਲ ਤੁਹਾਡੇ ਇਲਾਕੇ ਦੀ ਪਹਿਚਾਣ ਵੀ ਬਣੇਗੀ। ਇਸ ਨਾਲ ਸ਼ਹਿਰਾਂ, ਮੁਹੱਲਿਆਂ ਵਿੱਚ ਸਥਾਨਕ ਸੈਰ-ਸਪਾਟਾ ਸਥਾਨ ਵੀ ਵਿਕਸਿਤ ਹੋਣਗੇ, ਲੋਕਾਂ ਨੂੰ ਘੁੰਮਣ ਲਈ ਵੀ ਥਾਂ ਮਿਲੇਗੀ।

ਦੋਸਤੋ, ਪਾਣੀ ਨਾਲ ਜੁੜੀ ਹਰ ਕੋਸ਼ਿਸ਼ ਸਾਡੇ ਕੱਲ੍ਹ ਨਾਲ ਜੁੜੀ ਹੋਈ ਹੈ। ਇਹ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਇਸ ਦੇ ਲਈ ਵੱਖ-ਵੱਖ ਸਮਾਜ, ਵੱਖ-ਵੱਖ ਯਤਨ ਸਦੀਆਂ ਤੋਂ ਲਗਾਤਾਰ ਕਰਦੇ ਆ ਰਹੇ ਹਨ। ਉਦਾਹਰਣ ਵਜੋਂ ‘ਕੱਛ ਦੇ ਰਣ’ ਦਾ ਇੱਕ ਕਬੀਲਾ ਮਾਲਧਾਰੀ ਪਾਣੀ ਦੀ ਸੰਭਾਲ਼ ਲਈ ‘ਵਿਰਦਾਸ’ ਨਾਮਕ ਵਿਧੀ ਦੀ ਵਰਤੋਂ ਕਰਦਾ ਹੈ। ਇਸ ਤਹਿਤ ਛੋਟੇ ਖੂਹ ਬਣਾਏ ਜਾਂਦੇ ਹਨ ਅਤੇ ਇਸ ਦੀ ਸੁਰੱਖਿਆ ਲਈ ਨੇੜੇ-ਤੇੜੇ ਦਰੱਖਤ ਅਤੇ ਪੌਦੇ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਭੀਲ ਕਬੀਲੇ ਨੇ ਪਾਣੀ ਦੀ ਸੰਭਾਲ਼ ਲਈ ਆਪਣੀ ਇਤਿਹਾਸਿਕ ਪਰੰਪਰਾ ‘ਹਲਮਾ’ ਦੀ ਵਰਤੋਂ ਕੀਤੀ। ਇਸ ਪਰੰਪਰਾ ਦੇ ਤਹਿਤ ਇਸ ਕਬੀਲੇ ਦੇ ਲੋਕ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਇੱਕ ਥਾਂ ’ਤੇ ਇਕੱਠੇ ਹੁੰਦੇ ਹਨ। ਹਲਮਾ ਪਰੰਪਰਾ ਤੋਂ ਮਿਲੇ ਸੁਝਾਵਾਂ ਕਾਰਨ ਇਸ ਖੇਤਰ ਵਿੱਚ ਪਾਣੀ ਦਾ ਸੰਕਟ ਘਟਿਆ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧ ਰਿਹਾ ਹੈ।

ਦੋਸਤੋ, ਜੇਕਰ ਹਰ ਕਿਸੇ ਦੇ ਮਨ ਵਿੱਚ ਅਜਿਹੀ ਫ਼ਰਜ਼ ਦੀ ਭਾਵਨਾ ਆ ਜਾਵੇ ਤਾਂ ਪਾਣੀ ਦੇ ਸੰਕਟ ਨਾਲ ਜੁੜੀਆਂ ਵੱਡੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਸਕਦਾ ਹੈ। ਆਓ ਆਜ਼ਾਦੀ ਕੇ ਅੰਮ੍ਰਿਤਮਈ ਤਿਉਹਾਰ ਵਿੱਚ ਪਾਣੀ ਦੀ ਸੰਭਾਲ਼ ਅਤੇ ਜੀਵਨ ਬਚਾਉਣ ਦਾ ਪ੍ਰਣ ਕਰੀਏ। ਅਸੀਂ ਪਾਣੀ ਦੀ ਬੂੰਦ-ਬੂੰਦ ਬਚਾਵਾਂਗੇ ਅਤੇ ਹਰ ਇੱਕ ਜੀਵਨ ਨੂੰ ਬਚਾਵਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਦੇਖਿਆ ਹੋਵੇਗਾ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਨੌਜਵਾਨ ਦੋਸਤਾਂ ਅਤੇ ਵਿਦਿਆਰਥੀਆਂ  ਨਾਲ ‘ਪਰੀਕਸ਼ਾ ਪੇ ਚਰਚਾ’ ਕੀਤੀ ਸੀ। ਇਸ ਗੱਲਬਾਤ ਦੌਰਾਨ ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਹ ਪਰੀਖਿਆ ਵਿੱਚ ਗਣਿਤ ਤੋਂ ਡਰਦੇ ਹਨ। ਇਸੇ ਤਰ੍ਹਾਂ ਦੀ ਗੱਲ ਮੈਨੂੰ ਵੀ ਕਈ ਵਿਦਿਆਰਥੀਆਂ ਨੇ ਆਪਣੇ ਸੰਦੇਸ਼ ਵਿੱਚ ਭੇਜੀ ਸੀ। ਉਸ ਸਮੇਂ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਵਾਰ ਦੀ ‘ਮਨ ਕੀ ਬਾਤ’ ਵਿੱਚ ਗਣਿਤ/ਮੈਥੇਮੈਟਿਕਸ ਦੀ ਚਰਚਾ ਜ਼ਰੂਰ ਕਰਾਂਗਾ। ਦੋਸਤੋ,  ਗਣਿਤ ਇੱਕ ਅਜਿਹਾ ਵਿਸ਼ਾ ਹੈ, ਜਿਸ ਬਾਰੇ ਸਾਨੂੰ ਭਾਰਤੀਆਂ ਨੂੰ ਸਭ ਤੋਂ ਵੱਧ ਸਹਿਜ ਹੋਣਾ ਚਾਹੀਦਾ ਹੈ। ਆਖਿਰਕਾਰ, ਭਾਰਤ ਦੇ ਲੋਕਾਂ ਨੇ ਗਣਿਤ ਦੇ ਸਬੰਧ ਵਿੱਚ ਪੂਰੀ ਦੁਨੀਆ ’ਚ ਸਭ ਤੋਂ ਵੱਧ ਖੋਜ ਅਤੇ ਯੋਗਦਾਨ ਦਿੱਤਾ ਹੈ। ਤੁਸੀਂ ਸਿਫ਼ਰ ਯਾਨੀ ਜ਼ੀਰੋ ਦੀ ਖੋਜ ਅਤੇ ਇਸ ਦੀ ਮਹੱਤਤਾ ਬਾਰੇ ਕੁਝ ਸੁਣਿਆ ਹੋਵੇਗਾ। ਅਕਸਰ ਤੁਸੀਂ ਇਹ ਵੀ ਸੁਣਦੇ ਹੋਵੋਗੇ ਕਿ ਜੇਕਰ ਜ਼ੀਰੋ ਦੀ ਖੋਜ ਨਾ ਕੀਤੀ ਗਈ ਹੁੰਦੀ ਤਾਂ ਸ਼ਾਇਦ ਅਸੀਂ ਦੁਨੀਆ ਦੀ ਇੰਨੀ ਵਿਗਿਆਨਕ ਤਰੱਕੀ ਨਾ ਦੇਖ ਪਾਉਂਦੇ। Calculus ਤੋਂ ਕੰਪਿਊਟਰ ਤੱਕ - ਇਹ ਸਾਰੀਆਂ ਵਿਗਿਆਨਕ ਕਾਢਾਂ ਜ਼ੀਰੋ ’ਤੇ ਅਧਾਰਿਤ ਹਨ। ਭਾਰਤ ਦੇ ਗਣਿਤ ਵਿਗਿਆਨੀਆਂ ਅਤੇ ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ ਹੈ ਕਿ :

ਯਤ ਕਿੰਚਿਤ ਵਸਤੁ ਤਤ ਸਰਵੰ, ਗਣਿਤੇਨ ਬਿਨਾ ਨਹਿ !

(यत किंचित वस्तु तत सर्वं, गणितेन बिना नहि ! )

ਭਾਵ ਇਸ ਸਾਰੇ ਬ੍ਰਹਿਮੰਡ ਵਿੱਚ ਜੋ ਕੁਝ ਵੀ ਹੈ, ਸਭ ਕੁਝ ਗਣਿਤ ਉੱਤੇ ਅਧਾਰਿਤ ਹੈ। ਜੇ ਤੁਸੀਂ ਵਿਗਿਆਨ ਦੇ ਅਧਿਐਨ ਨੂੰ ਯਾਦ ਰੱਖੋਗੇ ਤਾਂ ਤੁਹਾਨੂੰ ਇਸ ਦਾ ਅਰਥ ਸਮਝ ਆਵੇਗਾ। ਵਿਗਿਆਨ ਦੇ ਹਰ ਸਿਧਾਂਤ ਨੂੰ ਇੱਕ ਗਣਿਤ ਦੇ ਫਾਰਮੂਲੇ ਵਿੱਚ ਹੀ ਦਰਸਾਇਆ ਗਿਆ ਹੈ। ਨਿਊਟਨ ਦੇ ਨਿਯਮ ਹੋਣ, ਆਈਨਸਟਾਈਨ ਦੀ ਮਸ਼ਹੂਰ ਸਮੀਕਰਨ ਹੋਵੇ, ਬ੍ਰਹਿਮੰਡ ਨਾਲ ਸਬੰਧਿਤ ਸਾਰਾ ਵਿਗਿਆਨ ਗਣਿਤ ਹੈ। ਹੁਣ ਵਿਗਿਆਨ ਵੀ ਥਿਊਰੀ ਆਵ੍ ਐਵਰੀਥਿੰਗ ਦੀ ਚਰਚਾ ਕਰਦੇ ਹਨ, ਯਾਨੀ ਇੱਕ ਅਜਿਹਾ ਸਿੰਗਲ ਫਾਰਮੂਲਾ ਜੋ ਬ੍ਰਹਿਮੰਡ ਦੀ ਹਰ ਚੀਜ਼ ਨੂੰ ਅਭਿਵਿਅਕਤ ਕਰ ਸਕਦਾ ਹੈ। ਸਾਡੇ ਰਿਸ਼ੀਆਂ ਨੇ ਹਮੇਸ਼ਾ ਗਣਿਤ ਦੀ ਮਦਦ ਨਾਲ ਵਿਗਿਆਨਕ ਸਮਝ ਦੇ ਅਜਿਹੇ ਵਿਸਥਾਰ ਦੀ ਕਲਪਨਾ ਕੀਤੀ ਹੈ। ਜੇ ਅਸੀਂ ਜ਼ੀਰੋ ਦੀ ਖੋਜ ਕੀਤੀ ਹੈ ਤਾਂ ਅਸੀਂ infinite ਯਾਨੀ ਅਨੰਤਤਾ ਨੂੰ ਵੀ ਪ੍ਰਗਟ ਕੀਤਾ ਹੈ। ਆਮ ਭਾਸ਼ਾ ਵਿੱਚ ਜਦੋਂ ਅਸੀਂ ਸੰਖਿਆਵਾਂ ਅਤੇ ਨੰਬਰਸ ਦੀ ਗੱਲ ਕਰਦੇ ਹਾਂ, ਅਸੀਂ ਕਰੋੜਾਂ, ਅਰਬਾਂ ਅਤੇ ਖਰਬਾਂ ਤੱਕ ਬੋਲਦੇ ਅਤੇ ਸੋਚਦੇ ਹਾਂ ਪਰ ਵੇਦਾਂ ਅਤੇ ਭਾਰਤੀ ਗਣਿਤ ਵਿੱਚ, ਇਹ ਗਣਨਾ ਬਹੁਤ ਅੱਗੇ ਜਾਂਦੀ ਹੈ। ਸਾਡੇ ਇੱਥੇ ਇੱਕ ਬਹੁਤ ਪੁਰਾਣਾ ਸਲੋਕ ਪ੍ਰਚਲਿਤ ਹੈ :-

 

ਏਕੰ ਦਸ਼ੰ ਸ਼ਤੰ ਚੈਵ, ਸਹਸ੍ਰਮ੍ ਅਯੁਤੰ ਤਥਾ।

ਲਕਸ਼ੰ ਚ ਨਿਯੁਤੰ ਚੈਵ, ਕੋਟਿ: ਅਰਬੁਦਮ੍ ਏਵ ਚ॥

ਵ੍ਰਿੰਦੰ ਖਰਵੋ ਨਿਖਰਵ: ਚ, ਸ਼ੰਖ: ਪਦ੍ਮ ਚ ਸਾਗਰ:।

ਅਨਤਯੰ ਮਧਯੰ ਪਰਾਰਧ: ਚ, ਦਸ਼ ਵ੍ਰਿਦਧਯਾ ਯਥਾ ਕ੍ਰਮਮ੍॥

(एकं दशं शतं चैव, सहस्रम् अयुतं तथा।

लक्षं च नियुतं चैव, कोटि: अर्बुदम् एव च।|

वृन्दं खर्वो निखर्व: च, शंख: पद्म: च सागर:।

अन्त्यं मध्यं परार्ध: च, दश वृद्ध्या यथा क्रमम्।|)

 

ਇਸ ਸਲੋਕ ਵਿੱਚ ਸੰਖਿਆਵਾਂ ਦਾ order ਦੱਸਿਆ ਗਿਆ ਹੈ। ਜਿਵੇਂ ਕਿ –

 

ਇੱਕ, ਦਸ, ਸੌ, ਹਜ਼ਾਰ ਅਤੇ ਅਯੁਤ।

ਲੱਖ, ਨਿਯੁਤ ਅਤੇ ਕੋਟਿ ਅਰਥਾਤ ਕਰੋੜ।  

 

ਇਸੇ ਤਰ੍ਹਾਂ ਇਹ ਸੰਖਿਆ ਸ਼ੰਖ, ਪਦਮ ਅਤੇ ਸਾਗਰ ਤੱਕ ਜਾਂਦੀ ਹੈ। ਇੱਕ ਸਮੁੰਦਰ ਦਾ ਅਰਥ ਹੈ 10 ਦੀ  power 57 ਹੈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਵੀ ਓਘ ਅਤੇ ਮਹੋਘ ਜਿਹੇ ਨੰਬਰ ਹਨ। ਇੱਕ ਮਹੋਘ 10 ਦੀ power 62 ਦੇ ਬਰਾਬਰ ਹੈ, ਯਾਨੀ ਇੱਕ ਦੇ ਅੱਗੇ 62 ਜ਼ੀਰੋ, ਬਾਹਠ ਜ਼ੀਰੋ। ਜੇਕਰ ਅਸੀਂ ਮਨ ਵਿੱਚ ਇੰਨੀ ਵੱਡੀ ਗਿਣਤੀ ਦੀ ਕਲਪਨਾ ਕਰੀਏ ਤਾਂ ਇਹ ਮੁਸ਼ਕਿਲ ਹੈ ਪਰ ਭਾਰਤੀ ਗਣਿਤ ਵਿੱਚ ਇਹ ਹਜ਼ਾਰਾਂ ਸਾਲਾਂ ਤੋਂ ਵਰਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਮੈਂ ਇਨਟੈੱਲ ਕੰਪਨੀ ਦੇ ਸੀਈਓ ਨੂੰ ਮਿਲਿਆ। ਉਸ ਨੇ ਮੈਨੂੰ ਇੱਕ ਪੇਂਟਿੰਗ ਦਿੱਤੀ ਸੀ, ਜਿਸ ਵਿੱਚ ਗਣਨਾ ਜਾਂ ਮਾਪ ਦੀ ਅਜਿਹੀ ਇੱਕ ਭਾਰਤੀ ਵਿਧੀ ਨੂੰ ਵਾਮਨ ਅਵਤਾਰ ਦੁਆਰਾ ਦਰਸਾਇਆ ਗਿਆ ਸੀ। ਜੇਕਰ ਇਨਟੈੱਲ ਦਾ ਨਾਮ ਆਇਆ ਤਾਂ ਤੁਹਾਡੇ ਦਿਮਾਗ਼ ਵਿੱਚ ਕੰਪਿਊਟਰ ਆਪਣੇ ਆਪ ਆ ਗਿਆ ਹੋਵੇਗਾ। ਕੰਪਿਊਟਰ ਦੀ ਭਾਸ਼ਾ ਵਿੱਚ ਤੁਸੀਂ ਬਾਇਨਰੀ ਪ੍ਰਣਾਲੀ ਬਾਰੇ ਵੀ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਆਚਾਰੀਆ ਪਿੰਗਲਾ ਜਿਹੇ ਰਿਸ਼ੀ ਸਨ, ਜਿਨ੍ਹਾਂ ਨੇ ਬਾਇਨਰੀ ਦੀ ਕਲਪਨਾ ਕੀਤੀ ਸੀ। ਇਸੇ ਤਰ੍ਹਾਂ ਆਰਿਆ ਭੱਟ ਤੋਂ ਲੈ ਕੇ ਰਾਮਾਨੁਜਨ ਜਿਹੇ ਗਣਿਤ ਵਿਗਿਆਨੀਆਂ ਤੱਕ ਅਸੀਂ ਇੱਥੇ ਗਣਿਤ ਦੇ ਕਈ ਸਿਧਾਂਤਾਂ ’ਤੇ ਕੰਮ ਕੀਤਾ ਹੈ।

ਦੋਸਤੋ, ਗਣਿਤ ਸਾਡੇ ਭਾਰਤੀਆਂ ਲਈ ਕਦੇ ਵੀ ਔਖਾ ਵਿਸ਼ਾ ਨਹੀਂ ਰਿਹਾ। ਇਸ ਦਾ ਇੱਕ ਵੱਡਾ ਕਾਰਨ ਸਾਡਾ ਵੈਦਿਕ ਗਣਿਤ ਹੈ। ਆਧੁਨਿਕ ਸਮੇਂ ਵਿੱਚ ਵੈਦਿਕ ਗਣਿਤ ਦਾ ਸਿਹਰਾ ਸ਼੍ਰੀ ਭਾਰਤੀ ਕ੍ਰਿਸ਼ਨ ਤੀਰਥ ਜੀ ਮਹਾਰਾਜ ਨੂੰ ਜਾਂਦਾ ਹੈ। ਉਨ੍ਹਾਂ ਨੇ Calculation ਦੇ ਪ੍ਰਾਚੀਨ ਤਰੀਕਿਆਂ ਨੂੰ revive ਕੀਤਾ ਅਤੇ ਇਸ ਨੂੰ ਵੈਦਿਕ ਗਣਿਤ ਦਾ ਨਾਮ ਦਿੱਤਾ। ਵੈਦਿਕ ਗਣਿਤ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਦੇ ਜ਼ਰੀਏ ਤੁਸੀਂ ਸਭ ਤੋਂ ਮੁਸ਼ਕਿਲ ਗਣਨਾਵਾਂ ਵੀ ਅੱਖ ਝਪਕਦੇ ਹੀ ਮਨ ਵਿੱਚ ਕਰ ਸਕਦੇ ਹੋ। ਤੁਸੀਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਅਜਿਹੇ ਬਹੁਤ ਸਾਰੇ ਨੌਜਵਾਨਾਂ ਦੇ ਵੈਦਿਕ ਗਣਿਤ ਸਿੱਖਣ ਅਤੇ ਸਿਖਾਉਣ ਦੇ ਵੀਡੀਓ ਦੇਖੇ ਹੋਣਗੇ।

ਦੋਸਤੋ, ਅੱਜ ‘ਮਨ ਕੀ ਬਾਤ’ ਵਿੱਚ ਵੈਦਿਕ ਗਣਿਤ ਪੜ੍ਹਾਉਣ ਵਾਲਾ ਇੱਕ ਅਜਿਹਾ ਹੀ ਸਾਥੀ ਵੀ ਸਾਡੇ ਨਾਲ ਜੁੜ ਰਿਹਾ ਹੈ। ਇਹ ਦੋਸਤੋ ਕੋਲਕਾਤਾ ਦੇ ਗੌਰਵ ਟੇਕਰੀਵਾਲ ਹਨ ਅਤੇ ਪਿਛਲੇ ਢਾਈ ਦਹਾਕਿਆਂ ਤੋਂ ਵੈਦਿਕ ਗਣਿਤ ਦੀ ਇਸ ਲਹਿਰ ਨੂੰ ਬੜੀ ਲਗਨ ਨਾਲ ਅੱਗੇ ਵਧਾ ਰਹੇ ਹਨ। ਆਓ, ਉਨ੍ਹਾਂ ਨਾਲ ਗੱਲ ਕਰੀਏ।

ਮੋਦੀ ਜੀ - ਗੌਰਵ ਜੀ ਨਮਸਤੇ।

ਗੌਰਵ - ਹੈਲੋ ਸਰ।

ਮੋਦੀ ਜੀ - ਮੈਂ ਸੁਣਿਆ ਹੈ ਕਿ ਤੁਹਾਨੂੰ ਵੈਦਿਕ ਗਣਿਤ ਵਿੱਚ ਬਹੁਤ ਦਿਲਚਸਪੀ ਹੈ, ਬਹੁਤ ਕੁਝ ਕਰਦੇ ਓ, ਇਸ ਲਈ ਪਹਿਲਾਂ ਮੈਂ ਤੁਹਾਡੇ ਵਿਸ਼ੇ ਬਾਰੇ ਕੁਝ ਜਾਨਣਾ ਚਾਹਾਂਗਾ ਅਤੇ ਬਾਅਦ ਵਿੱਚ ਤੁਸੀਂ ਇਸ ਵਿਸ਼ੇ ਵਿੱਚ ਕਿਵੇਂ ਦਿਲਚਸਪੀ ਰੱਖਦੇ ਹੋ, ਮੈਨੂੰ ਦੱਸੋ?

ਗੌਰਵ - ਸਰ, ਜਦੋਂ ਮੈਂ 20 ਸਾਲ ਪਹਿਲਾਂ ਬਿਜ਼ਨਸ ਸਕੂਲ ਲਈ ਅਪਲਾਈ ਕਰ ਰਿਹਾ ਸੀ ਤਾਂ ਇਸ ਵਿੱਚ ਸੀਏਟੀ ਨਾਮ ਦੀ ਪ੍ਰਤੀਯੋਗੀ ਪਰੀਖਿਆ ਹੁੰਦੀ ਸੀ। ਇਸ ਵਿੱਚ ਗਣਿਤ ਦੇ ਕਈ ਸਵਾਲ ਸਨ, ਜਿਸ ਨੂੰ ਘੱਟ ਸਮੇਂ ਵਿੱਚ ਹੱਲ ਕਰਨਾ ਪੈਂਦਾ ਸੀ। ਇਸ ਲਈ ਮੇਰੀ ਮਾਂ ਨੇ ਮੈਨੂੰ ਵੈਦਿਕ ਗਣਿਤ ਨਾਮ ਦੀ ਕਿਤਾਬ ਲਿਆ ਕੇ ਦਿੱਤੀ। ਸਵਾਮੀ ਸ਼੍ਰੀ ਭਾਰਤੀਕ੍ਰਿਸ਼ਨ ਤੀਰਥ ਜੀ ਮਹਾਰਾਜ ਨੇ ਉਹ ਕਿਤਾਬ ਲਿਖੀ ਸੀ ਅਤੇ ਇਸ ਵਿੱਚ ਉਸ ਨੇ 16 ਸੂਤਰ ਦਿੱਤੇ, ਜਿਸ ਵਿੱਚ ਗਣਿਤ ਬਹੁਤ ਸਰਲ ਅਤੇ ਬਹੁਤ ਤੇਜ਼ੀ ਨਾਲ ਹੋ ਜਾਂਦਾ ਸੀ, ਜਦੋਂ ਮੈਂ ਉਹ ਪੜ੍ਹਿਆ ਤਾਂ ਮੈਂ ਬਹੁਤ ਪ੍ਰੇਰਿਤ ਹੋਇਆ ਅਤੇ ਫਿਰ ਮੇਰੀ ਰੁਚੀ ਗਣਿਤ ਵਿੱਚ ਜਾਗ ਗਈ। ਮੈਂ ਸਮਝ ਗਿਆ ਕਿ ਇਹ ਵਿਸ਼ਾ ਜੋ ਭਾਰਤ ਦਾ ਤੋਹਫ਼ਾ ਹੈ ਜੋ ਸਾਡੀ ਵਿਰਾਸਤ ਹੈ, ਇਸ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਲਿਜਾਇਆ ਜਾ ਸਕਦਾ ਹੈ। ਉਦੋਂ ਤੋਂ ਮੈਂ ਵੈਦਿਕ ਗਣਿਤ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਮਿਸ਼ਨ ਬਣਾਇਆ ਹੈ, ਕਿਉਂਕਿ ਗਣਿਤ ਦਾ ਡਰ ਹਰ ਕਿਸੇ ਨੂੰ ਸਤਾਉਂਦਾ ਹੈ ਅਤੇ ਵੈਦਿਕ ਗਣਿਤ ਨਾਲੋਂ ਸਰਲ ਹੋਰ ਕੀ ਹੋ ਸਕਦਾ ਹੈ।

ਮੋਦੀ ਜੀ - ਗੌਰਵ ਜੀ ਤੁਸੀਂ ਇਸ ਖੇਤਰ ’ਚ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ?

ਗੌਰਵ - ਮੈਨੂੰ ਅੱਜ ਲਗਭਗ 20 ਸਾਲ ਹੋ ਗਏ ਹਨ ਸਰ ਮੈਂ ਇਸ ਵਿੱਚ ਰੁੱਝਿਆ ਹੋਇਆ ਹਾਂ।

ਮੋਦੀ ਜੀ - ਅਤੇ ਜਾਗਰੂਕਤਾ ਲਈ ਕੀ ਕਰਦੇ ਹੋ, ਕਿਹੜੇ ਪ੍ਰਯੋਗ ਕਰਦੇ ਹੋ, ਲੋਕਾਂ ਤੱਕ ਕਿਵੇਂ ਪਹੁੰਚਾਉਂਦੇ ਹੋ?

ਗੌਰਵ - ਅਸੀਂ ਸਕੂਲਾਂ ਵਿੱਚ ਜਾਂਦੇ ਹਾਂ, ਅਸੀਂ ਔਨਲਾਈਨ ਸਿੱਖਿਆ ਦਿੰਦੇ ਹਾਂ। ਸਾਡੀ ਸੰਸਥਾ ਦਾ ਨਾਮ ਹੈ ਵੈਦਿਕ ਮੈਥਸ ਫੋਰਮ ਇੰਡੀਆ। ਉਸ ਸੰਸਥਾ ਦੇ ਤਹਿਤ ਅਸੀਂ ਇੰਟਰਨੈੱਟ ਰਾਹੀਂ 24 ਘੰਟੇ ਵੈਦਿਕ ਗਣਿਤ ਪੜ੍ਹਾਉਂਦੇ ਹਾਂ, ਸਰ।

ਮੋਦੀ ਜੀ - ਗੌਰਵ ਜੀ, ਤੁਸੀਂ ਜਾਣਦੇ ਹੋ, ਮੈਨੂੰ ਵੀ ਬੱਚਿਆਂ ਨਾਲ ਲਗਾਤਾਰ ਗੱਲਬਾਤ ਕਰਨਾ ਪਸੰਦ ਹੈ ਅਤੇ ਮੈਂ ਮੌਕੇ ਦੀ ਤਲਾਸ਼ ਕਰਦਾ ਰਹਿੰਦਾ ਹਾਂ ਅਤੇ ‘ਇਗਜ਼ਾਮ ਵਾਰੀਅਰਸ’ ਦੇ ਨਾਲ, ਮੈਂ ਇਸ ਨੂੰ ਇੱਕ ਤਰ੍ਹਾਂ ਨਾਲ ਸੰਸਥਾਗਤ ਰੂਪ ਦਿੱਤਾ ਹੈ ਅਤੇ ਮੈਂ ਇਹ ਅਨੁਭਵ ਵੀ ਕੀਤਾ ਹੈ ਕਿ ਜਦੋਂ ਬੱਚਿਆਂ ਨਾਲ ਗੱਲ ਕਰਦਾ ਹਾਂ ਤਾਂ ਉਹ ਗਣਿਤ ਦਾ ਨਾਮ ਸੁਣਦੇ ਹੀ ਭੱਜ ਜਾਂਦੇ ਹਨ ਅਤੇ ਇਸ ਲਈ ਮੇਰੀ ਕੋਸ਼ਿਸ਼ ਹੈ ਕਿ ਇਹ ਜੋ ਬਿਨਾਂ ਕਿਸੇ ਕਾਰਨ ਦੇ ਇੱਕ ਹਊਆ ਪੈਦਾ ਹੋਇਆ ਹੈ, ਇਸ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਡਰ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਛੋਟੀਆਂ ਤਕਨੀਕਾਂ ਜੋ ਪਰੰਪਰਾ ਤੋਂ ਹਨ ਜੋ ਭਾਰਤ ਵਿੱਚ ਗਣਿਤ ਦੇ ਵਿਸ਼ੇ ਨਵੀਆਂ ਨਹੀਂ ਹਨ, ਸ਼ਾਇਦ ਭਾਰਤ ਵਿੱਚ ਗਣਿਤ ਦੀ ਇਹ ਪਰੰਪਰਾ ਦੁਨੀਆ ਵਿੱਚ ਪ੍ਰਾਚੀਨ ਪਰੰਪਰਾਵਾਂ ਵਿੱਚੋਂ ਇੱਕ ਹੈ ਤਾਂ ਤੁਸੀਂ ਪਰੀਖਿਆ ਜੋਧਿਆਂ ਦਾ ਡਰ ਦੂਰ ਕਰਨ ਲਈ ਉਨ੍ਹਾਂ ਨੂੰ ਕੀ ਕਹੋਗੇ।

ਗੌਰਵ - ਸਰ ਇਹ ਬੱਚਿਆਂ ਲਈ ਸਭ ਤੋਂ ਫਾਇਦੇਮੰਦ ਹੈ, ਕਿਉਂਕਿ ਇਮਤਿਹਾਨ ਦਾ ਡਰ ਹਰ ਘਰ ਵਿੱਚ ਹਊਆ ਬਣ ਗਿਆ ਹੈ। ਬੱਚੇ ਇਮਤਿਹਾਨ ਦੇਣ ਲਈ ਟਿਊਸ਼ਨ ਲੈਂਦੇ ਹਨ। ਮਾਪੇ ਚਿੰਤਿਤ ਹਨ। ਅਧਿਆਪਕ ਵੀ ਪਰੇਸ਼ਾਨ ਹੋ ਜਾਂਦੇ ਹਨ। ਇਸ ਲਈ ਇਹ ਸਾਰਾ ਡਰ ਵੈਦਿਕ ਗਣਿਤ ਨਾਲ ਸ਼ੂ-ਮੰਤਰ ਹੋ ਜਾਂਦਾ ਹੈ। ਵੈਦਿਕ ਗਣਿਤ ਇਸ ਸਧਾਰਣ ਗਣਿਤ ਨਾਲੋਂ ਪੰਦਰਾਂ ਸੌ ਪ੍ਰਤੀਸ਼ਤ ਤੇਜ਼ ਹੁੰਦਾ ਹੈ ਅਤੇ ਇਸ ਨਾਲ ਬੱਚਿਆਂ ਵਿੱਚ ਬਹੁਤ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਦਿਮਾਗ਼ ਵੀ ਤੇਜ਼ ਚਲਦਾ ਹੈ। ਉਦਾਹਰਣ ਵਜੋਂ ਅਸੀਂ ਵੈਦਿਕ ਗਣਿਤ ਦੇ ਨਾਲ ਯੋਗ ਨੂੰ ਵੀ ਪੇਸ਼ ਕੀਤਾ ਹੈ ਤਾਂ ਜੋ ਬੱਚੇ ਚਾਹੁਣ ਤਾਂ ਵੈਦਿਕ ਗਣਿਤ ਦੀ ਵਿਧੀ ਨਾਲ ਅੱਖਾਂ ਬੰਦ ਕਰਕੇ ਵੀ ਹਿਸਾਬ ਲਗਾ ਸਕਣ।

ਮੋਦੀ ਜੀ - ਵੈਸੇ ਧਿਆਨ ਦੀ ਜੋ ਪਰੰਪਰਾ ਹੈ, ਉਸ ਵਿੱਚ ਵੀ ਇਸ ਤਰ੍ਹਾਂ ਗਣਿਤ ਕਰਨਾ, ਉਹ ਵੀ ਧਿਆਨ ਦਾ ਇੱਕ ਪ੍ਰਾਇਮਰੀ ਕੋਰਸ ਹੈ।

ਗੌਰਵ - ਹਾਂ ਜੀ ਸਰ।

ਮੋਦੀ ਜੀ - ਗੌਰਵ ਜੀ, ਇਹ ਬਹੁਤ ਵਧੀਆ ਹੈ ਕਿ ਤੁਸੀਂ ਅਤੇ ਮੈਂ ਇਹ ਕੰਮ ਮਿਸ਼ਨ ਮੋਡ ਵਿੱਚ ਕੀਤਾ ਹੈ ਅਤੇ ਖ਼ਾਸ ਤੌਰ ’ਤੇ ਤੁਹਾਡੀ ਮਾਂ ਨੇ ਤੁਹਾਨੂੰ ਇੱਕ ਚੰਗੇ ਅਧਿਆਪਕ ਦੇ ਰੂਪ ਵਿੱਚ ਇਸ ਰਸਤੇ ’ਤੇ ਪਾਇਆ ਹੈ ਅਤੇ ਅੱਜ ਤੁਸੀਂ ਲੱਖਾਂ ਬੱਚਿਆਂ ਨੂੰ ਉਸ ਰਾਹ ’ਤੇ ਲਿਜਾ ਰਹੇ ਹੋ। ਤੁਹਾਨੂੰ ਮੇਰੀਆਂ ਸ਼ੁਭਕਾਮਨਾਵਾਂ।

ਗੌਰਵ - ਧੰਨਵਾਦ ਸਰ! ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਸਰ ਕਿ ਤੁਸੀਂ ਵੈਦਿਕ ਗਣਿਤ ਨੂੰ ਮਹੱਤਵ ਦਿੱਤਾ ਅਤੇ ਮੈਨੂੰ ਚੁਣਿਆ ਸਰ। ਇਸ ਲਈ ਅਸੀਂ ਬਹੁਤ ਧੰਨਵਾਦੀ ਹਾਂ।

ਮੋਦੀ ਜੀ - ਤੁਹਾਡਾ ਬਹੁਤ-ਬਹੁਤ ਧੰਨਵਾਦ। ਨਮਸਕਾਰ।

ਗੌਰਵ - ਨਮਸਤੇ ਸਰ।

ਦੋਸਤੋ, ਗੌਰਵ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਕਿਵੇਂ ਵੈਦਿਕ ਗਣਿਤ, ਗਣਿਤ ਨੂੰ ਮਜ਼ੇਦਾਰ ਬਣਾ ਸਕਦਾ ਹੈ। ਇੰਨਾ ਹੀ ਨਹੀਂ, ਤੁਸੀਂ ਵੈਦਿਕ ਗਣਿਤ ਨਾਲ ਵੱਡੀਆਂ ਵਿਗਿਆਨਕ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦੇ ਹੋ। ਮੈਂ ਚਾਹਾਂਗਾ ਕਿ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਵੈਦਿਕ ਗਣਿਤ ਸਿਖਾਉਣ। ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਹੀ ਨਹੀਂ ਵਧੇਗਾ, ਉਨ੍ਹਾਂ ਦੇ ਦਿਮਾਗ਼ ਦੀ ਵਿਸ਼ਲੇਸ਼ਣ ਸ਼ਕਤੀ ਵੀ ਵਧੇਗੀ ਅਤੇ ਹਾਂ ਕੁਝ ਬੱਚਿਆਂ ਵਿੱਚ ਗਣਿਤ ਨੂੰ ਲੈ ਕੇ ਜੋ ਵੀ ਥੋੜ੍ਹਾ ਜਿਹਾ ਡਰ ਹੈ, ਉਹ ਡਰ ਵੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘ਮਨ ਕੀ ਬਾਤ’ ਵਿੱਚ ਮਿਊਜ਼ੀਅਮ ਤੋਂ ਲੈ ਕੇ ਗਣਿਤ ਤੱਕ ਕਈ ਜਾਣਕਾਰੀ ਭਰਪੂਰ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇਹ ਸਾਰੇ ਵਿਸ਼ੇ ਤੁਹਾਡੇ ਸੁਝਾਵਾਂ ਸਦਕਾ ਹੀ ‘ਮਨ ਕੀ ਬਾਤ’ ਦਾ ਹਿੱਸਾ ਬਣਦੇ ਹਨ। ਇਸੇ ਤਰ੍ਹਾਂ ਭਵਿੱਖ ਵਿੱਚ ਵੀ ਨਮੋ ਐਪ ਅਤੇ MyGov ਰਾਹੀਂ ਮੈਨੂੰ ਆਪਣੇ ਸੁਝਾਅ ਭੇਜਦੇ ਰਹੋ। ਆਉਣ ਵਾਲੇ ਦਿਨਾਂ ਵਿੱਚ ਦੇਸ਼  ’ਚ ਈਦ ਦਾ ਤਿਉਹਾਰ ਵੀ ਆਉਣ ਵਾਲਾ ਹੈ। ਅਕਸ਼ੈ ਤ੍ਰਿਤੀਆ ਅਤੇ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਵੀ 3 ਮਈ ਨੂੰ ਮਨਾਇਆ ਜਾਵੇਗਾ। ਕੁਝ ਦਿਨਾਂ ਬਾਅਦ ਵੈਸਾਖ ਬੁੱਧ ਪੂਰਣਿਮਾ ਦਾ ਤਿਉਹਾਰ ਵੀ ਆ ਜਾਵੇਗਾ। ਇਹ ਸਾਰੇ ਤਿਉਹਾਰ ਸੰਜਮ, ਸ਼ੁੱਧਤਾ, ਦਾਨ ਅਤੇ ਸਦਭਾਵਨਾ ਦੇ ਤਿਉਹਾਰ ਹਨ। ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਹੀ ਤਿਉਹਾਰਾਂ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਨ੍ਹਾਂ ਤਿਉਹਾਰਾਂ ਨੂੰ ਬੜੀ ਧੂਮਧਾਮ ਅਤੇ ਸਦਭਾਵਨਾ ਨਾਲ ਮਨਾਓ। ਇਸ ਸਭ ਦੇ ਵਿਚਕਾਰ ਤੁਹਾਨੂੰ ਕੋਰੋਨਾ ਤੋਂ ਵੀ ਸੁਚੇਤ ਰਹਿਣਾ ਹੋਵੇਗਾ। ਮਾਸਕ ਪਹਿਨਣਾ, ਨਿਯਮਿਤ ਅੰਤਰਾਲ ’ਤੇ ਹੱਥ ਧੋਣੇ, ਰੋਕਥਾਮ ਲਈ ਜੋ ਵੀ ਜ਼ਰੂਰੀ ਉਪਾਅ ਹਨ, ਉਨ੍ਹਾਂ ਦੀ ਪਾਲਣਾ ਕਰਦੇ ਰਹੋ। ਅਗਲੀ ਵਾਰ ‘ਮਨ ਕੀ ਬਾਤ’ ਵਿੱਚ ਅਸੀਂ ਦੁਬਾਰਾ ਮਿਲਾਂਗੇ ਅਤੇ ਤੁਹਾਡੇ ਦੁਆਰਾ ਭੇਜੇ ਗਏ ਕੁਝ ਹੋਰ ਨਵੇਂ ਵਿਸ਼ਿਆਂ ’ਤੇ ਚਰਚਾ ਕਰਾਂਗੇ - ਉਦੋਂ ਤੱਕ ਅਲਵਿਦਾ ਕਹਿ ਲਈਏ। ਤੁਹਾਡਾ ਬਹੁਤ ਧੰਨਵਾਦ ਹੈ। 

 

 

 

 

 

 

 

 

 

 

 

ਮੋਦੀ ਮਾਸਟਰ ਕਲਾਸ: ਪ੍ਰਧਾਨ ਮੰਤਰੀ ਮੋਦੀ ਨਾਲ 'ਪਰੀਕਸ਼ਾ ਪੇ ਚਰਚਾ'
Share your ideas and suggestions for 'Mann Ki Baat' now!
Explore More
Do things that you enjoy and that is when you will get the maximum outcome: PM Modi at Pariksha Pe Charcha

Popular Speeches

Do things that you enjoy and that is when you will get the maximum outcome: PM Modi at Pariksha Pe Charcha
Nearly 62 Top Industry Captains confirm their arrival; PM Modi to perform Bhumi-pujan for 2k projects worth Rs 75 thousand crores

Media Coverage

Nearly 62 Top Industry Captains confirm their arrival; PM Modi to perform Bhumi-pujan for 2k projects worth Rs 75 thousand crores
...

Nm on the go

Always be the first to hear from the PM. Get the App Now!
...
PM expresses happiness on the entire team of ASHA workers getting WHO Director-General's Global Health Leaders' award
May 23, 2022
Share
 
Comments

The Prime Minister, Shri Narendra Modi has expressed his happiness for the entire team of ASHA workers receiving WHO Director-General's Global Health Leaders' award. Shri Modi said that ASHA workers are at forefront of ensuring a healthy India and their dedication and determination is admirable.

In response of tweet by World Health Organisation, the Prime Minister tweeted;

"Delighted that the entire team of ASHA workers have been conferred the @WHO Director-General’s Global Health Leaders’ Award. Congratulations to all ASHA workers. They are at the forefront of ensuring a healthy India. Their dedication and determination is admirable."