ਪ੍ਰਧਾਨ ਮੰਤਰੀ ਸ਼੍ਰੀ ਬੈਂਜਾਮਿਨ ਨੇਤਨਯਾਹੂ,

ਨੇਸੈੱਟ ਦੇ ਸਪੀਕਰ ਸ਼੍ਰੀ ਅਮੀਰ ਓਹਾਨਾ,

ਆਗੂ ਵਿਰੋਧੀ ਧਿਰ ਸ਼੍ਰੀ ਯਾਇਰ ਲਾਪਿਦ,

ਨੇਸੈੱਟ ਦੇ ਮਾਣਯੋਗ ਮੈਂਬਰ,

ਮੇਰੇ ਪਿਆਰੇ ਭਾਈਓ ਅਤੇ ਭੈਣੋ,

ਸ਼ਾਲੋਮ!

ਨਮਸਤੇ!

ਮਾਣਯੋਗ ਮੈਂਬਰੋ,

ਇਸ ਅਦਭੁਤ ਸਦਨ ਦੇ ਸਾਹਮਣੇ ਮੌਜੂਦਗੀ ਮੇਰੇ ਲਈ ਪਰਮ ਸੁਭਾਗ ਅਤੇ ਸਨਮਾਨ ਦੀ ਗੱਲ ਹੈ। ਮੈਂ ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮੌਜੂਦ ਹੋਣ ਦੇ ਨਾਲ-ਨਾਲ ਇੱਕ ਪ੍ਰਾਚੀਨ ਸਭਿਅਤਾ ਦਾ ਨੁਮਾਇੰਦਾ ਹੋਣ ਦੇ ਨਾਤੇ ਦੂਸਰੀ ਪ੍ਰਾਚੀਨ ਸਭਿਅਤਾ ਨੂੰ ਵੀ ਸੰਬੋਧਨ ਕਰ ਰਿਹਾ ਹਾਂ। ਮੈਂ ਆਪਣੇ ਨਾਲ 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਅਤੇ ਦੋਸਤੀ, ਸਨਮਾਨ ਅਤੇ ਸਾਂਝੇਦਾਰੀ ਦਾ ਸੁਨੇਹਾ ਲਿਆਇਆ ਹਾਂ।

 

ਮਾਣਯੋਗ ਸਪੀਕਰ ਸਾਹਿਬ, ਤੁਹਾਡੇ ਸਨੇਹਪੂਰਨ ਸੱਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਨਾਲ ਹੀ ਨੇਸੈੱਟ ਨੂੰ ਭਾਰਤੀ ਰੰਗਾਂ ਨਾਲ ਰੰਗਣ ਦੀ ਤੁਹਾਡੀ ਇਸ ਅਦਭੁਤ ਅਤੇ ਸੁਹਿਰਦਪੂਰਨ ਭਾਵਨਾ ਲਈ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਤਿੰਨ ਸਾਲ ਪਹਿਲਾਂ ਤੁਹਾਡੇ ਵੱਲੋਂ ਕੀਤਾ ਗਿਆ ਭਾਰਤ ਦੌਰਾ ਨੇਸੈੱਟ ਦੇ ਕਿਸੇ ਸਪੀਕਰ ਵੱਲੋਂ ਕੀਤਾ ਗਿਆ ਪਹਿਲਾ ਦੌਰਾ ਸੀ ਅਤੇ ਤੁਹਾਡੀ ਹੀ ਬਦੌਲਤ ਅੱਜ ਮੈਂ ਇਸ ਸਤਿਕਾਰਯੋਗ ਸਭਾ ਨੂੰ ਸੰਬੋਧਨ ਕਰਨ ਵਾਲਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਹਾਂ।

ਨੌ ਸਾਲ ਪਹਿਲਾਂ ਮੈਨੂੰ ਇਜ਼ਰਾਈਲ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਅੱਜ ਇੱਥੇ ਫਿਰ ਤੋਂ ਮੌਜੂਦ ਹੋ ਕੇ - ਉਸੇ ਧਰਤੀ ’ਤੇ ਆ ਕੇ, ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ, ਜਿਸ ਦੇ ਪ੍ਰਤੀ ਮੈਂ ਹਮੇਸ਼ਾ ਖ਼ਾਸ ਆਕਰਸ਼ਣ ਮਹਿਸੂਸ ਕਰਦਾ ਰਿਹਾ ਹਾਂ। ਆਖ਼ਿਰਕਾਰ, ਮੇਰਾ ਜਨਮੋ ਉਸੇ ਦਿਨ - 17 ਸਤੰਬਰ, 1950 ਨੂੰ ਹੋਇਆ ਸੀ, ਜਿਸ ਦਿਨ ਭਾਰਤ ਨੇ ਇਜ਼ਰਾਈਲ ਨੂੰ ਰਸਮੀ ਮਾਨਤਾ ਦਿੱਤੀ ਸੀ!

ਮਾਣਯੋਗ ਮੈਂਬਰੋ,

ਮੈਂ ਆਪਣੇ ਨਾਲ ਭਾਰਤ ਦੀ ਜਨਤਾ ਵੱਲੋਂ ਉਨ੍ਹਾਂ ਲੋਕਾਂ ਲਈ ਡੂੰਘੀਆਂ ਸੰਵੇਦਨਾਵਾਂ ਲਿਆਇਆ ਹਾਂ, ਜਿਨ੍ਹਾਂ ਨੇ ਹਮਾਸ ਦੇ “7 ਅਕਤੂਬਰ” ਦੇ ਵਹਿਸ਼ੀ ਅੱਤਵਾਦੀ ਹਮਲੇ ਵਿੱਚ ਜਾਨ ਗੁਆਈ ਅਤੇ ਉਸ ਹਰੇਕ ਪਰਿਵਾਰ ਲਈ ਵੀ ਜਿਸ ਦੀ ਦੁਨੀਆ ਉੱਜੜ ਗਈ। ਅਸੀਂ ਤੁਹਾਡੇ ਦਰਦ ਨੂੰ ਮਹਿਸੂਸ ਕਰਦੇ ਹਾਂ। ਅਸੀਂ ਤੁਹਾਡੇ ਦੁੱਖ ਵਿੱਚ ਸ਼ਾਮਲ ਹਾਂ। ਭਾਰਤੀ ਇਸ ਸਮੇਂ ਅਤੇ ਅੱਗੇ ਵੀ, ਇਜ਼ਰਾਈਲ ਦੇ ਨਾਲ ਦ੍ਰਿੜ੍ਹਤਾ ਅਤੇ ਪੂਰੇ ਭਰੋਸੇ ਨਾਲ ਖੜਿਆ ਹੈ।

 

ਕੋਈ ਵੀ ਮੰਤਵ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਨੂੰ ਸਹੀ ਨਹੀਂ ਠਹਿਰਾ ਸਕਦਾ। ਅੱਤਵਾਦ ਨੂੰ ਕਿਸੇ ਵੀ ਹਾਲਤ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ।

ਭਾਰਤ ਨੇ ਵੀ ਲੰਬੇ ਸਮੇਂ ਤੱਕ ਅੱਤਵਾਦ ਦਾ ਦੁੱਖ ਝੱਲਿਆ ਹੈ। ਸਾਨੂੰ 26/11 ਦੇ ਮੁੰਬਈ ਹਮਲੇ ਵੀ ਯਾਦ ਹਨ,  ਜਿਨ੍ਹਾਂ ਵਿੱਚ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਇਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਵਿੱਚ ਇਜ਼ਰਾਈਲੀ ਨਾਗਰਿਕ ਵੀ ਸ਼ਾਮਲ ਸੀ। ਤੁਹਾਡੇ ਵਾਂਗੂੰ, ਅੱਤਵਾਦ ਪ੍ਰਤੀ ਸਾਡੀ ਨੀਤੀ ਵੀ ਬਿਨਾਂ ਕਿਸੇ ਦੋਹਰੇ ਮਾਪਦੰਡ ਦੇ, ਲਗਾਤਾਰ ਅਤੇ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਰਹੀ ਹੈ।

ਅੱਤਵਾਦ ਦਾ ਮੰਤਵ ਸਮਾਜਾਂ ਨੂੰ ਅਸਥਿਰ ਕਰਨਾ, ਵਿਕਾਸ ਨੂੰ ਰੋਕਣਾ ਅਤੇ ਭਰੋਸੇ ਨੂੰ ਕਮਜ਼ੋਰ ਕਰਨਾ ਹੈ। ਅੱਤਵਾਦ ਦਾ ਮੁਕਾਬਲਾ ਕਰਨ ਲਈ ਲਗਾਤਾਰ ਅਤੇ ਤਾਲਮੇਲ ਵਾਲੀ ਵਿਸ਼ਵ ਕਾਰਵਾਈ ਦੀ ਜ਼ਰੂਰਤ ਹੈ, ਕਿਉਂਕਿ ਦਹਿਸ਼ਤ ਚਾਹੇ ਕਿਤੇ ਵੀ ਹੋਵੇ, ਉਸ ਨਾਲ ਹਰ ਜਗ੍ਹਾ ਸ਼ਾਂਤੀ ਨੂੰ ਖ਼ਤਰਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਭਾਰਤ ਸਥਾਈ ਸ਼ਾਂਤੀ ਅਤੇ ਖੇਤਰੀ ਸਥਿਰਤਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ।

ਕੁਝ ਸਾਲ ਪਹਿਲਾਂ, ਜਦੋਂ ਤੁਸੀਂ ਅਬ੍ਰਾਹਮ ਸਮਝੌਤਾ ਕੀਤਾ, ਓਦੋਂ ਅਸੀਂ ਤੁਹਾਡੀ ਹਿੰਮਤ ਅਤੇ ਦੂਰਦਰਸ਼ਤਾ ਦੀ ਸ਼ਲਾਘਾ ਕੀਤੀ ਸੀ। ਲੰਬੇ ਸਮੇਂ ਤੋਂ ਮੁਸ਼ਕਿਲਾਂ ਨਾਲ ਜੂਝ ਰਹੇ ਇਸ ਖੇਤਰ ਲਈ ਇਹ ਨਵੀਂ ਉਮੀਦ ਦਾ ਪਲ ਸੀ। ਓਦੋਂ ਤੋਂ ਹਾਲਤਾਂ ਕਾਫ਼ੀ ਬਦਲ ਗਈਆਂ ਹਨ। ਰਸਤਾ ਹੁਣ ਹੋਰ ਵੀ ਵਧੇਰੇ ਚੁਣੌਤੀਪੂਰਨ ਹੋ ਗਿਆ ਹੈ। ਫਿਰ ਵੀ, ਉਸ ਉਮੀਦ ਨੂੰ ਬਣਾਈ ਰੱਖਣਾ ਬੇਹੱਦ ਅਹਿਮ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਪੁਸ਼ਟੀ ਕੀਤੀ ਗਈ ਗਾਜਾ ਸ਼ਾਂਤੀ ਪਹਿਲਕਦਮੀ, ਇੱਕ ਰਸਤਾ ਦਿਖਾਉਂਦੀ ਹੈ। ਇਸ ਪਹਿਲਕਦਮੀ ਪ੍ਰਤੀ ਭਾਰਤ ਨੇ ਦ੍ਰਿੜ੍ਹ ਸਮਰਥਨ ਪ੍ਰਗਟ ਕੀਤਾ ਹੈ। ਸਾਨੂੰ ਭਰੋਸਾ ਹੈ ਕਿ ਇਹ ਪਹਿਲਕਦਮੀ ਫ਼ਲਸਤੀਨ ਮੁੱਦੇ ਦੇ ਹੱਲ ਸਮੇਤ ਖੇਤਰ ਦੇ ਸਾਰੇ ਲੋਕਾਂ ਲਈ ਇਨਸਾਫ਼ ਅਤੇ ਸਥਾਈ ਸ਼ਾਂਤੀ ਦਾ ਭਰੋਸਾ ਦਿੰਦੀ ਹੈ।

ਸਾਡੇ ਸਾਰੇ ਯਤਨਾਂ ਦਾ ਮਾਰਗਦਰਸ਼ਨ ਸਿਆਣਪ, ਹਿੰਮਤ ਅਤੇ ਮਨੁੱਖਤਾ ਜ਼ਰੀਏ ਹੋਵੇ। ਸ਼ਾਂਤੀ ਦੀ ਰਾਹ ਹਮੇਸ਼ਾ ਸੌਖੀ ਨਹੀਂ ਹੁੰਦੀ। ਭਾਰਤ ਇਸ ਖੇਤਰ ਵਿੱਚ ਸੰਵਾਦ, ਸ਼ਾਂਤੀ ਅਤੇ ਸਥਿਰਤਾ ਲਈ ਤੁਹਾਡੇ ਅਤੇ ਦੁਨੀਆ ਦੇ ਨਾਲ ਹੈ।

ਮਾਣਯੋਗ ਮੈਂਬਰੋ,

ਇਜ਼ਰਾਈਲ ਦੇ ਸੰਕਲਪ, ਹਿੰਮਤ ਅਤੇ ਉਪਲਬਧੀਆਂ ਲਈ ਭਾਰਤ ਵਿੱਚ ਬਹੁਤ ਸਨਮਾਨ ਹੈ। ਆਧੁਨਿਕ ਰਾਸ਼ਟਰਾਂ ਵਜੋਂ ਸਾਡੇ ਸਬੰਧ ਸਥਾਪਤ ਹੋਣ ਤੋਂ ਬਹੁਤ ਪਹਿਲਾਂ ਹੀ, ਸਾਡੇ ਵਿੱਚ 2000 ਤੋਂ ਵੱਧ ਸਾਲ ਪੁਰਾਣੇ ਸਬੰਧ ਮੌਜੂਦ ਸੀ। ਬੁੱਕ ਆਫ਼ ਐਸਟਰ ਵਿੱਚ ਭਾਰਤ ਦਾ ਜ਼ਿਕਰ ‘ਹੋਦੂ’ ਵਜੋਂ ਮਿਲਦਾ ਹੈ। ਪ੍ਰਾਚੀਨ ਸਮੇਂ ਵਿੱਚ ਤਾਲਮੁਡ ਵਿੱਚ ਭਾਰਤ ਦੇ ਨਾਲ ਵਪਾਰ ਦਾ ਰਿਕਾਰਡ ਦਰਜ ਹੈ।

 

ਯਹੂਦੀ ਵਪਾਰੀ ਭੂ-ਮੱਧ ਸਾਗਰ ਨੂੰ ਹਿੰਦ ਮਹਾਸਾਗਰ ਨਾਲ ਜੋੜਨ ਵਾਲੇ ਸਮੁੰਦਰੀ ਰਸਤਿਆਂ ਰਾਹੀਂ ਯਾਤਰਾ ਕਰਿਆ ਕਰਦੇ ਸੀ। ਉਹ ਮੌਕੇ ਅਤੇ ਸਨਮਾਨ ਦੀ ਤਲਾਸ਼ ਵਿੱਚ ਆਏ ਸੀ ਅਤੇ ਭਾਰਤ ਵਿੱਚ, ਉਹ ਸਾਡੇ ਵਿੱਚੋਂ ਇੱਕ ਬਣ ਗਏ।

ਯਹੂਦੀ ਭਾਈਚਾਰੇ ਭਾਰਤ ਵਿੱਚ ਅਤਿਆਚਾਰ ਜਾਂ ਭੇਦਭਾਵ ਦੇ ਡਰ ਤੋਂ ਬਿਨਾਂ ਰਹਿੰਦੇ ਆਏ ਹਨ। ਉਨ੍ਹਾਂ ਨੇ ਆਪਣੇ ਧਰਮ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਸਮਾਜ ਵਿੱਚ ਪੂਰੀ ਤਰ੍ਹਾਂ ਹਿੱਸਾ ਲਿਆ ਹੈ। ਇਹ ਰਿਕਾਰਡ ਸਾਡੇ ਲਈ ਮਾਣ ਦੀ ਗੱਲ ਹੈ।

ਮਾਣਯੋਗ ਮੈਂਬਰੋ,

ਮਹਾਰਾਸ਼ਟਰ ਦੇ ਬੇਨੇ ਇਜ਼ਰਾਈਲ, ਕੇਰਲ ਦੇ ਕੋਚਿਨੀ ਯਹੂਦੀ, ਕੋਲਕਾਤਾ ਅਤੇ ਮੁੰਬਈ ਦੇ ਬਗਦਾਦੀ ਯਹੂਦੀ ਅਤੇ ਪੂਰਬ-ਉੱਤਰ ਦੇ ਬੇਨੀ ਮੇਨਾਸ਼ੇ ਨੇ ਭਾਰਤ ਨੂੰ ਅਮੀਰ ਕੀਤਾ ਹੈ। ਮੇਰੇ ਘਰੇਲੂ ਸੂਬੇ ਗੁਜਰਾਤ ਵਿੱਚ ਇੱਕ ਸਕੂਲ ਹੈ, ਜਿਸ ਨੂੰ ਇੱਕ ਬੇਨੇ ਇਜ਼ਰਾਈਲੀ ਪਰਿਵਾਰ-ਮਿਸਟਰ ਅਤੇ ਮਿਸੇਸ ਬੇਸਟ ਨੇ ਸਥਾਪਤ ਕੀਤਾ ਹੈ। ਇਹ ਇੱਕ ਸ਼ਾਨਦਾਰ ਸਕੂਲ ਹੈ, ਅਤੇ ਜ਼ਾਹਿਰ ਹੈ, ਇਸਨੂੰ ਬੇਸਟ ਸਕੂਲ ਕਿਹਾ ਜਾਂਦਾ ਹੈ!

ਐਡਵਿਨ ਮਾਇਰਸ ਨੇ ਭਾਰਤੀ ਫਿਲਮ ਡਿਵੀਜ਼ਨ ਨੂੰ ਆਕਾਰ ਦਿੱਤਾ ਅਤੇ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਇੱਕ ਮਹਾਨ ਸ਼ਖ਼ਸੀਅਤ ਬਣੇ। ਡਾਕਟਰ ਰੂਬੇਨ ਡੇਵਿਡ ਨੇ ਅਹਿਮਦਾਬਾਦ ਵਿੱਚ ਕਾਂਕਡਿਆ ਚਿੜੀਆਘਰ ਦੀ ਸਥਾਪਨਾ ਕੀਤੀ। ਅਦਾਕਾਰ ਡੇਵਿਡ ਅਬ੍ਰਾਹਮ ਚੁਲਕਰ ਜਾਂ ਅੰਕਲ ਡੇਵਿਡ ਦੇਸ਼ ਭਰ ਵਿੱਚ ਪ੍ਰਸਿੱਧ ਹੋਏ। ਵਾਲਟਰ ਕਾਊਫਮੈਨ ਨੇ ਆਲ ਇੰਡੀਆ ਰੇਡੀਓ ਦੇ ਸਿਗਨੇਚਰ ਟਿਊਨ ਦੀ ਰਚਨਾ ਕੀਤੀ। ਡੇਵਿਡ ਸਾਸੂਨ ਨੇ ਕਈ ਅਦਾਰੇ ਬਣਾਏ, ਜੋ ਅੱਜ ਵੀ ਭਾਰਤੀ ਸਮਾਜ ਦੀ ਸੇਵਾ ਕਰ ਰਹੇ ਹਨ।

ਅਤੇ, ਪਾਕਿਸਤਾਨ ਨਾਲ 1971 ਦੀ ਜੰਗ ਦੌਰਾਨ ਲੈਫਟੀਨੈਂਟ ਜਨਰਲ ਜੇ.ਐੱਫ.ਆਰ ਜੈਕਬ ਦੇ ਬਹਾਦਰੀ ਭਰੇ ਯੋਗਦਾਨ ਤੋਂ ਨਿਸ਼ਚਿਤ ਤੌਰ ’ਤੇ ਸਾਰੇ ਜਾਣੂ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਮੈਨੂੰ ਉਨ੍ਹਾਂ ਦੇ ਨਾਲ ਨੇੜਤਾ ਨਾਲ ਕੰਮ ਕਰਨ ਦਾ ਸਨਮਾਨ ਪ੍ਰਾਪਤ ਹੋਇਆ। ਅਨੇਕਾਂ ਵਾਰ ਚਾਹ ’ਤੇ ਚਰਚਾ ਦੌਰਾਨ ਅਸੀਂ ਭਾਰਤ-ਇਜ਼ਰਾਈਲ ਸਬੰਧਾਂ ਸਮੇਤ ਅਨੇਕਾਂ ਵਿਸ਼ਿਆਂ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਤੋਂ ਇਲਾਵਾ ਅਣਗਿਣਤ ਅਜਿਹੇ ਲੋਕ ਹਨ ਜਿਨ੍ਹਾਂ ਦੇ ਯੋਗਦਾਨ ਭਾਰਤ ਦੀ ਖ਼ੁਸ਼ਹਾਲ ਜੀਵਨਸ਼ੈਲੀ ਵਿੱਚ ਡੂੰਘਾਈ ਨਾਲ ਬੁਣੇ ਹੋਏ ਹਨ।

ਮਾਣਯੋਗ ਮੈਂਬਰੋ,

20ਵੀਂ ਸਦੀ ਦੇ ਮੱਧ ਵਿੱਚ ਜਦੋਂ ਅਨੇਕਾਂ ਭਾਰਤੀ ਯਹੂਦੀ ਇਜ਼ਰਾਈਲ ਵਿੱਚ ਵਸੇ, ਓਦੋਂ ਭਾਰਤ ਤੋਂ ਇਜ਼ਰਾਈਲ ਵੱਲ ਵੀ ਲੋਕਾਂ ਦੀ ਆਵਾਜਾਈ ਹੋਈ। ਅੱਜ ਭਾਰਤੀ ਮੂਲ ਦਾ ਇੱਕ ਜੀਵਿਤ ਯਹੂਦੀ ਸਮੁਦਾਇ ਉੱਥੇ ਵਸਿਆ ਹੋਇਆ ਹੈ। ਉਨ੍ਹਾਂ ਨੇ ਆਧੁਨਿਕ ਇਜ਼ਰਾਈਲ ਦੇ ਨਿਰਮਾਣ ਵਿੱਚ - ਪ੍ਰਯੋਗਸ਼ਾਲਾਵਾਂ ਅਤੇ ਹਸਪਤਾਲਾਂ ਵਿੱਚ, ਕਲਾਸਾਂ ਵਿੱਚ, ਹੋਰ ਤਾਂ ਹੋਰ ਯੁੱਧ ਭੂਮੀ ਵਿੱਚ ਵੀ ਯੋਗਦਾਨ ਦਿੱਤਾ ਹੈ। ਉਨ੍ਹਾਂ ਦਾ ਦ੍ਰਿੜ੍ਹ ਮੱਤ ਹੈ ਕਿ ਇਜ਼ਰਾਈਲ ਉਨ੍ਹਾਂ ਦੀ ਪਿਤਰ-ਭੂਮੀ ਅਤੇ ਭਾਰਤ ਉਨ੍ਹਾਂ ਦੀ ਮਾਤ-ਭੂਮੀ ਹੈ। ਸਾਨੂੰ ਉਨ੍ਹਾਂ ’ਤੇ ਮਾਣ ਹੈ।

 

ਮਾਣਯੋਗ ਮੈਂਬਰੋ,

ਇਸ ਭੂਮੀ ਨਾਲ ਭਾਰਤ ਦਾ ਸੰਬੰਧ ਖ਼ੂਨ ਅਤੇ ਤਿਆਗ ਨਾਲ ਵੀ ਲਿਖਿਆ ਗਿਆ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ 4000 ਤੋਂ ਵੱਧ ਭਾਰਤੀ ਫ਼ੌਜੀਆਂ ਨੇ ਇਸ ਖੇਤਰ ਵਿੱਚ ਆਪਣੀਆਂ ਜਾਨਾਂ ਗਵਾਈਆਂ ਸੀ। ਸਤੰਬਰ 1918 ਵਿੱਚ ਹਾਈਫ਼ਾ ਵਿੱਚ ਘੋੜਸਵਾਰ ਫ਼ੌਜ ਦਾ ਹਮਲਾ ਫ਼ੌਜੀ ਇਤਿਹਾਸ ਦਾ ਇੱਕ ਅਹਿਮ ਅਧਿਆਇ ਹੈ।

ਮੇਜਰ ਠਾਕੁਰ ਦਲਪਤ ਸਿੰਘ ਨੂੰ ਹਾਈਫ਼ਾ ਦੇ ਨਾਇਕ ਵਜੋਂ ਯਾਦ ਕੀਤਾ ਜਾਂਦਾ ਹੈ, ਜੋ ਇਸ ਸਾਂਝੇ ਇਤਿਹਾਸ ਦਾ ਪ੍ਰਤੀਕ ਹੈ। ਆਪਣੀ ਪਿਛਲੀ ਯਾਤਰਾ ਦੌਰਾਨ, ਭਾਰਤੀ ਫ਼ੌਜੀਆਂ ਦੇ ਹਾਈਫ਼ਾ ਸਮਾਰਕ ’ਤੇ ਸ਼ਰਧਾਂਜਲੀ ਭੇਂਟ ਕਰਕੇ ਮੈਂ ਬੇਹੱਦ ਭਾਵੁਕ ਹੋ ਗਿਆ ਸੀ।

ਮਾਣਯੋਗ ਮੈਂਬਰੋ,

ਪਿਛਲੇ ਮਹੀਨੇ, ਦੁਨੀਆ ਨੇ ਅੰਤਰਰਾਸ਼ਟਰੀ ਹੋਲੋਕਾਸਟ ਯਾਦ ਦਿਵਸ ਮਨਾਇਆ। ਹੋਲੋਕਾਸਟ ਮਨੁੱਖੀ ਇਤਿਹਾਸ ਦੇ ਸਭ ਤੋਂ ਹਨੇਰੇ ਅਧਿਆਇਆਂ ਵਿੱਚੋਂ ਇੱਕ ਹੈ। ਫਿਰ ਵੀ, ਉਨ੍ਹਾਂ ਤਬਾਹੀ ਭਰੇ ਸਾਲਾਂ ਵਿੱਚ ਇਨਸਾਨੀਅਤ ਦੇ ਕੁਝ ਕੰਮ ਵੀ ਹੋਏ। ਗੁਜਰਾਤ ਦੇ ਨਵਾਨਗਰ ਦੇ ਮਹਾਰਾਜਾ, ਜਿਨ੍ਹਾਂ ਨੂੰ ਜਾਮ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਪੋਲੈਂਡ ਦੇ ਬੱਚਿਆਂ ਸਮੇਤ ਯਹੂਦੀ ਬੱਚਿਆਂ ਨੂੰ ਸ਼ਰਨ ਦਿੱਤੀ, ਜਿਨ੍ਹਾਂ ਦੇ ਕੋਲ ਕਿਤੇ ਹੋਰ ਜਾਣ ਦੀ ਕੋਈ ਜਗ੍ਹਾ ਨਹੀਂ ਬਚੀ ਸੀ। ਮੈਨੂੰ ਦੱਸਿਆ ਗਿਆ ਹੈ ਕਿ ਹਾਲ ਹੀ ਵਿੱਚ ਮੋਸ਼ਾਵ ਨੇਵਾਤਿਮ ਵਿੱਚ ਜਾਮ ਸਾਹਿਬ ਦੇ ਇੱਕ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ।

ਧੰਨਵਾਦ। ਇਸ ਸਨਮਾਨ ਅਤੇ ਯਾਦ ਲਈ ਮੈਂ ਤੁਹਾਡਾ ਧੰਨਵਾਦ ਪ੍ਰਗਟ ਕਰਦਾ ਹਾਂ।

ਮਾਣਯੋਗ ਮੈਂਬਰੋ,

ਭਾਰਤ ਦੀ ਆਜ਼ਾਦੀ ਤੋਂ ਬਾਅਦ, ਕਈ ਭਾਰਤੀ ਆਗੂਆਂ ਨੇ ਇਜ਼ਰਾਈਲ ਦੇ ਲੋਕਾਂ ਨਾਲ ਆਤਮਿਕ ਸਬੰਧ ਮਹਿਸੂਸ ਕੀਤੇ। 1950 ਦਹਾਕੇ ਦੇ ਭਾਰਤ ਦੀ ਸੰਸਦ ਵਿੱਚ ਹੋਈ ਚਰਚਾ ਇਸ ਗੱਲ ਦੀ ਗਵਾਹ ਹੈ, ਜਿਸ ਵਿੱਚ ਉਨ੍ਹਾਂ ਨੇ ਰੇਗਿਸਤਾਨ ਵਿੱਚ ਇਜ਼ਰਾਈਲ ਦੇ ਖੇਤੀਬਾੜੀ ਵਿਕਾਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਸੀ। ਇਜ਼ਰਾਈਲ ਦੇ ਕਿਬੁਤਜ਼ ਅੰਦੋਲਨ ਨੇ ਆਚਾਰਿਆ ਬਿਨੋਬਾ ਭਾਵੇ ਅਤੇ ਲੋਕਨਾਇਕ ਜੈਪ੍ਰਕਾਸ਼ ਨਰਾਇਣ ਜਿਹੇ ਸਾਡੇ ਆਗੂਆਂ ਨੂੰ ਪ੍ਰੇਰਿਤ ਕੀਤਾ। ਪਹਿਲਾਂ ਮੇਰੇ ਘਰੇਲੂ ਸੂਬੇ ਗੁਜਰਾਤ ਵਿੱਚ, ਅਤੇ ਹੁਣ ਪੂਰੇ ਭਾਰਤ ਵਿੱਚ, ਮੈਂ ਦੇਖਿਆ ਹੈ ਕਿ “ਪ੍ਰਤੀ ਬੂੰਦ, ਵੱਧ ਫ਼ਸਲ” ਦੇ ਨਜ਼ਰੀਏ ਨੇ ਖੇਤੀਬਾੜੀ ਵਿੱਚ ਬੇਮਿਸਾਲ ਨਤੀਜੇ ਦਿੱਤੇ ਹਨ।

ਮੇਰੀ ਖ਼ੁਦ ਦੀ ਪਹਿਲੀ ਇਜ਼ਰਾਈਲ ਯਾਤਰਾ 2006 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਬਤੌਰ ਹੋਈ ਸੀ। ਬਾਅਦ ਵਿੱਚ, 2017 ਵਿੱਚ, ਪ੍ਰਧਾਨ ਮੰਤਰੀ ਵਜੋਂ ਇਜ਼ਰਾਈਲ ਦੀ ਮੇਰੀ ਯਾਤਰਾ ਦੌਰਾਨ, ਦੋਵੇਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਰਣਨੀਤਿਕ ਭਾਗੀਦਾਰੀ ਦੇ ਪੱਧਰ ਤੱਕ ਅੱਗੇ ਵਧਾਇਆ। ਉਸ ਤੋਂ ਬਾਅਦ ਤੋਂ, ਸਾਡੇ ਸਹਿਯੋਗ ਦੇ ਦਾਇਰੇ ਅਤੇ ਆਕਾਰ ਦੋਵਾਂ ਵਿੱਚ ਵਿਸਤਾਰ ਹੋਇਆ ਹੈ ਅਤੇ ਅਸੀਂ ਇਸ ਸਬੰਧ ਨੂੰ ਕਈ ਖੇਤਰਾਂ ਵਿੱਚ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।

ਮਾਣਯੋਗ ਮੈਂਬਰੋ,

ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਰਿਹਾ ਹੈ। ਜਲਦੀ ਹੀ, ਅਸੀਂ ਵਿਸ਼ਵ ਪੱਧਰ ’ਤੇ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵਾਂਗੇ। ਨਾਲ ਹੀ, ਇਜ਼ਰਾਈਲ ਇਨੋਵੇਸ਼ਨ ਅਤੇ ਤਕਨੀਕੀ ਅਗਵਾਈ ਦਾ ਤਾਕਤਵਰ ਕੇਂਦਰ ਹੈ। ਇਹ ਦੂਰਦਰਸ਼ੀ ਸਾਂਝੇਦਾਰੀ ਲਈ ਸਹਿਜ ਅਧਾਰ ਤਿਆਰ ਕਰਦੀ ਹੈ।

 

ਅਸੀਂ ਵਪਾਰ ਦਾ ਵਿਸਤਾਰ ਕਰਨ, ਨਿਵੇਸ਼ ਪ੍ਰਵਾਹ ਨੂੰ ਮਜ਼ਬੂਤ ਬਣਾਉਣ ਅਤੇ ਸੰਯੁਕਤ ਢਾਂਚਾਗਤ ਵਿਕਾਸ ਨੂੰ ਹੁਲਾਰਾ ਦੇਣ ਲਈ ਵਚਨਬੱਧ ਹਾਂ। ਪਿਛਲੇ ਸਾਲ ਦਸਤਖ਼ਤ ਕੀਤੀ ਦੁਵੱਲੀ ਨਿਵੇਸ਼ ਸੰਧੀ ਸਾਡੇ ਕਾਰੋਬਾਰਾਂ ਨੂੰ ਭਰੋਸਾ ਅਤੇ ਪਹਿਲਾਂ ਤੋਂ ਅਨੁਮਾਨਯੋਗ ਵਾਤਾਵਰਨ ਪ੍ਰਦਾਨ ਕਰੇਗੀ।

ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਨੇ ਹੋਰ ਦੇਸ਼ਾਂ ਨਾਲ ਕਈ ਅਹਿਮ ਵਪਾਰ ਸਮਝੌਤੇ ਕੀਤੇ ਹਨ। ਇਨ੍ਹਾਂ ਵਿੱਚ ਆਪਣੇ ਪੱਛਮ ਵਿੱਚ, ਯੂਰਪੀ ਸੰਘ ਅਤੇ ਬ੍ਰਿਟੇਨ ਦੇ ਨਾਲ ਅਤੇ ਤੁਹਾਡੇ ਪੂਰਬ ਵਿੱਚ, ਯੂਏਈ ਅਤੇ ਓਮਾਨ ਦੇ ਨਾਲ ਕੀਤੇ ਗਏ ਸਮਝੌਤੇ ਸ਼ਾਮਲ ਹਨ।

ਹਾਲ ਹੀ ਦੇ ਸਾਲਾਂ ਵਿੱਚ ਸਾਡੇ ਦੁਵੱਲੇ ਵਸਤੂ ਵਪਾਰ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਪਰ ਇਹ ਮੌਕਿਆਂ ਦੀਆਂ ਪੂਰੀਆਂ ਸੰਭਾਵਨਾਵਾਂ ਨੂੰ ਨਹੀਂ ਦਰਸਾਉਂਦਾ। ਇਹੀ ਕਾਰਨ ਹੈ ਕਿ ਸਾਡੀਆਂ ਟੀਮਾਂ ਇੱਕ ਅਭ‌ਿਲਾਸ਼ੀ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ ਵਿੱਚ ਸਖ਼ਤ ਮਿਹਨਤ ਕਰ ਰਹੀਆਂ ਹਨ। ਇਹ ਸਾਡੇ ਵਪਾਰਕ ਸਬੰਧਾਂ ਵਿੱਚ ਮੌਜੂਦ ਵਿਸ਼ਾਲ ਅਣਵਰਤੀਆਂ ਸੰਭਾਵਨਾਵਾਂ ਨੂੰ ਉਜਾਗਰ ਕਰੇਗਾ।

ਅਸੀਂ ਭਾਰਤ-ਪੱਛਮ ਏਸ਼ੀਆ-ਯੂਰਪ ਆਰਥਿਕ ਗਲਿਆਰਾ ਅਤੇ ਭਾਰਤ, ਇਜ਼ਰਾਈਲ, ਯੂਏਈ ਅਤੇ ਅਮਰੀਕਾ ਦੇ ਵਿੱਚ ਆਈ2ਯੂ2 ਫ੍ਰੇਮਵਰਕ ਸਮੇਤ ਵੱਖ-ਵੱਖ ਢਾਂਚਿਆਂ ਵਿੱਚ ਵੀ ਨੇੜਤਾ ਨਾਲ ਕੰਮ ਕਰਾਂਗੇ। ਸਾਡੀ ਸਾਂਝੇਦਾਰੀ ਦਾ ਇੱਕ ਹੋਰ ਅਹਿਮ ਥੰਮ੍ਹ ਰੱਖਿਆ ਅਤੇ ਸੁਰੱਖਿਆ ਹੈ। ਪਿਛਲੇ ਸਾਲ ਨਵੰਬਰ ਵਿੱਚ, ਅਸੀਂ ਰੱਖਿਆ ਸਹਿਯੋਗ ’ਤੇ ਇੱਕ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ। ਅਨਿਸਚਿਤਤਾਵਾਂ ਨਾਲ ਘਿਰੀ ਅੱਜ ਦੀ ਦੁਨੀਆ ਵਿੱਚ ਭਾਰਤ ਅਤੇ ਇਜ਼ਰਾਈਲ ਜਿਹੇ ਭਰੋਸੇਮੰਦ ਸਾਂਝੇਦਾਰਾਂ ਵਿੱਚ ਮਜ਼ਬੂਤ ਰੱਖਿਆ ਸਾਂਝੇਦਾਰੀ ਬੇਹੱਦ ਅਹਿਮ ਹੈ।

ਮਾਣਯੋਗ ਮੈਂਬਰੋ,

ਇਜ਼ਰਾਈਲ ਨੂੰ ਅਕਸਰ “ਸਟਾਰਟ-ਅੱਪ ਨੇਸ਼ਨ” ਕਿਹਾ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਅਸੀਂ ਵੀ ਆਪਣੇ ਨੌਜਵਾਨਾਂ ਦੀ ਇਨੋਵੇਸ਼ਨ ਅਤੇ ਰਚਨਾਤਮਕਤਾ ਨੂੰ ਉਜਾਗਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਮੈਨੂੰ ਯਾਦ ਹੈ ਕਿ 2018 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨੇਤਨਯਾਹੂ ਅਤੇ ਮੈਂ ਭਾਰਤ ਵਿੱਚ ਆਈਕ੍ਰਿਏਟ ਤਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ ਦਾ ਉਦਘਾਟਨ ਕੀਤਾ ਸੀ। ਓਦੋਂ ਤੋਂ, ਇਸਨੇ ਲਗਭਗ 900 ਅਜਿਹੇ ਸਟਾਰਟ-ਅੱਪਸ ਨੂੰ ਸਹਾਇਤਾ ਦਿੱਤੀ ਹੈ।

ਪਿਛਲੇ ਹਫ਼ਤੇ, ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਲੋਕਤੰਤਰਿਕ ਏਆਈ ਇੰਪੈਕਟ ਸਮਿਟ ਦਾ ਆਯੋਜਨ ਕੀਤਾ, ਜਿਸ ਵਿੱਚ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਸਾਡੀ ਅਭਿਲਾਸ਼ੀ ਭਾਵਨਾ ਸੁਭਾਵਿਕ ਤੌਰ ’ਤੇ ਇਜ਼ਰਾਈਲ ਦੇ ਇਨੋਵੇਸ਼ਨ ਈਕੋਸਿਸਟਮ ਨਾਲ ਮੇਲ ਖਾਂਦੀ ਹੈ। ਮੈਂ ਕੁਆਂਟਮ ਤਕਨੀਕ, ਸੈਮੀਕੰਡਕਟਰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੇ ਖੇਤਰਾਂ ਵਿੱਚ ਵਿਆਪਕ ਤਾਲਮੇਲ ਦੇਖ ਰਿਹਾ ਹਾਂ। ਅਸੀਂ ਡਿਜੀਟਲ ਵਜਨਕ ਢਾਂਚੇ ਦਾ ਇਸਤੇਮਾਲ ਕਰਦੇ ਹੋਏ ਇਜ਼ਰਾਈਲ ਦੇ ਨਾਲ ਸਰਹੱਦ-ਪਾਰ ਵਿੱਤੀ ਲਿੰਕ ਬਣਾਉਣ ’ਤੇ ਵੀ ਕੰਮ ਕਰ ਰਹੇ ਹਾਂ।

ਮਾਣਯੋਗ ਮੈਂਬਰੋ,

ਮੈਂ ਦੱਸਿਆ ਹੈ ਕਿ ਸਾਨੂੰ ਰੇਗਿਸਤਾਨ ਵਿੱਚ ਇਜ਼ਰਾਈਲ ਦਾ ਖੇਤੀਬਾੜੀ ਸਬੰਧੀ ਚਮਤਕਾਰ ਕਿੰਨਾ ਪ੍ਰੇਰਨਾਦਾਇਕ ਲੱਗਿਆ। ਸਟੀਕ ਸਿੰਚਾਈ ਅਤੇ ਜਲ ਪ੍ਰਬੰਧਨ ਵਿੱਚ ਇਜ਼ਰਾਈਲ ਦੀ ਮੁਹਾਰਤ ਨੇ ਪਹਿਲਾਂ ਹੀ ਭਾਰਤ ਦੀਆਂ ਖੇਤੀਬਾੜੀ ਅਭਿਆਸਾਂ ਨੂੰ ਬਦਲ ਦਿੱਤਾ ਹੈ।

ਅਸੀਂ ਮਿਲ ਕੇ ਭਾਰਤ ਵਿੱਚ 43 ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਹਨ, ਜਿਨ੍ਹਾਂ ਨੇ 5 ਲੱਖ ਤੋਂ ਵੱਧ ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਹੈ। ਹੁਣ ਸਾਨੂੰ ਇਸਨੂੰ 100 ਕੇਂਦਰਾਂ ਤੱਕ ਵਧਾਉਣ ਦਾ ਅਭਿਲਾਸ਼ੀ ਟੀਚਾ ਤੈਅ ਕਰਨਾ ਚਾਹੀਦਾ ਹੈ ਤਾਂ ਕਿ ਲੱਖਾਂ ਕਿਸਾਨਾਂ ਅਤੇ ਮਛੇਰਿਆਂ ਨੂੰ ਲਾਭ ਮਿਲ ਸਕੇ।

ਮਾਣਯੋਗ ਮੈਂਬਰੋ,

ਭਾਰਤ ਇਜ਼ਰਾਈਲ ਸਾਂਝੇਦਾਰੀ ਦੇ ਦਿਲ ਵਿੱਚ ਸਾਡੇ ਲੋਕਾਂ ਦੇ ਆਪਸੀ ਸਬੰਧ ਹਨ। ਜਦੋਂ ਮੈਂ ਪਹਿਲੀ ਵਾਰ 2006 ਵਿੱਚ ਇਜ਼ਰਾਈਲ ਆਇਆ ਸੀ, ਤਾਂ ਇਜ਼ਰਾਈਲ ਵਿੱਚ ਸਿਰਫ਼ ਮੁੱਠੀ ਭਰ ਯੋਗ ਕੇਂਦਰ ਹੀ ਸੀ। ਅੱਜ, ਅਜਿਹਾ ਲਗਦਾ ਹੈ ਕਿ ਲਗਭਗ ਹਰ ਮੁਹੱਲੇ ਵਿੱਚ ਯੋਗ ਦਾ ਅਭਿਆਸ ਕੀਤਾ ਜਾਂਦਾ ਹੈ!

ਮੈਨੂੰ ਦੱਸਿਆ ਗਿਆ ਹੈ ਕਿ ਇਜ਼ਰਾਈਲ ਵਿੱਚ ਆਯੁਰਵੇਦ ਵਿੱਚ ਵੀ ਦਿਲਚਸਪੀ ਵਧ ਰਹੀ ਹੈ। ਮੈਂ ਵੱਧ ਤੋਂ ਵੱਧ ਇਜ਼ਰਾਈਲੀ ਨੌਜਵਾਨਾਂ ਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਉੱਥੇ ਉਹ ਸਾਡੇ ਸਮਾਜ ਦੀ ਜੀਵਤਤਾ ਦੇਖਣਗੇ, ਅਤੇ ਮਹਿਸੂਸ ਕਰਨਗੇ ਕਿ ਸਮੁੱਚੀ ਤੰਦਰੁਸਤੀ ਸਰੀਰ ਅਤੇ ਮਨ ਦੇ ਲਈ ਕੀ ਕਰ ਸਕਦੀ ਹੈ।

ਮੈਨੂੰ ਇਸ ਮਾਣਮੱਤੇ ਸਦਨ ਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਭਾਰਤੀ ਸੰਸਦ ਨੇ ਇਜ਼ਰਾਈਲ ਲਈ ਇੱਕ ਸੰਸਦੀ ਮਿੱਤਰਤਾ ਸਮੂਹ ਦਾ ਗਠਨ ਕੀਤਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ ਅਤੇ ਮੈਨੂੰ ਦੋਵਾਂ ਦੇਸ਼ਾਂ ਦੇ ਸੰਸਦ ਮੈਂਬਰਾਂ ਵਿਚਕਾਰ ਹੋਰ ਆਦਾਨ-ਪ੍ਰਦਾਨ ਦੀ ਉਮੀਦ ਹੈ।

ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਇਜ਼ਰਾਈਲ ਵਿੱਚ ਭਾਰਤੀ ਦੇਖਭਾਲ ਕਰਮਚਾਰੀ ਅਤੇ ਹੁਨਰਮੰਦ ਕਾਮੇ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਅਪਾਰ ਯੋਗਦਾਨ ਦਿੰਦੇ ਹਨ। ਉਨ੍ਹਾਂ ਨੇ 7 ਅਕਤੂਬਰ ਸਮੇਤ ਸੰਕਟ ਦੇ ਸਮੇਂ ਵਿੱਚ ਅਦਭੁਤ ਹਿੰਮਤ ਅਤੇ ਤਿਆਗ ਦਾ ਪ੍ਰਦਰਸ਼ਨ ਕੀਤਾ ਹੈ। ਸਾਨੂੰ ਉਨ੍ਹਾਂ ’ਤੇ ਮਾਣ ਹੈ।

ਜਿਵੇਂ ਕਿ ਯਹੂਦੀ ਸਿੱਖਿਆਵਾਂ ਸਾਨੂੰ ਯਾਦ ਕਰਾਉਂਦੀਆਂ ਹਨ, “ਜੋ ਕੋਈ ਇੱਕ ਜੀਵਨ ਬਚਾਉਂਦਾ ਹੈ, ਉਹ ਪੂਰੀ ਦੁਨੀਆ ਨੂੰ ਬਚਾਉਂਦਾ ਹੈ।” ਉਨ੍ਹਾਂ ਦੀ ਸੇਵਾ ਸਾਡੇ ਸਹਿਯੋਗ ਦੇ ਪਿੱਛੇ ਮਨੁੱਖੀ ਸਬੰਧਾਂ ਦੀ ਤਾਕਤ ਨੂੰ ਦਰਸਾਉਂਦੀ ਹੈ। ਅਸੀਂ ਦੋਵੇਂ ਦੇਸ਼ਾਂ ਲਈ ਲਾਭਕਾਰੀ ਖੇਤਰਾਂ ਵਿੱਚ ਕਾਮਿਆਂ ਅਤੇ ਪੇਸ਼ਾਵਰਾਂ ਦੇ ਆਉਣ-ਜਾਣ ਨੂੰ ਸਹੂਲਤ ਪ੍ਰਦਾਨ ਕਰਨਾ ਜਾਰੀ ਰੱਖਾਂਗੇ।

ਮਾਣਯੋਗ ਮੈਂਬਰੋ,

ਅਸੀਂ ਦੋਵੇਂ ਪ੍ਰਾਚੀਨ ਸਭਿਅਤਾਵਾਂ ਹਾਂ ਅਤੇ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੀਆਂ ਸਭਿਅਤਾਗਤ ਰਵਾਇਤਾਂ ਫ਼ਲਸਫ਼ੇ ਦੀਆਂ ਸਮਾਨਤਾਵਾਂ ਨੂੰ ਵੀ ਪ੍ਰਗਟ ਕਰਦੀਆਂ ਹਨ। ਇਜ਼ਰਾਈਲ ਵਿੱਚ ਟਿਕੁਨ ਓਲਮ ਦਾ ਸਿਧਾਂਤ ਦੁਨੀਆ ਨੂੰ ਬਿਹਤਰ ਬਣਾਉਣ ਦੀ ਗੱਲ ਕਰਦਾ ਹੈ। ਭਾਰਤ ਵਿੱਚ ਵਸੁਧੈਵ ਕੁਟੁੰਬਕਮ ਇਹ ਪ੍ਰੋੜ੍ਹਤਾ ਕਰਦਾ ਹੈ ਕਿ ਪੂਰੀ ਦੁਨੀਆ ਇੱਕ ਪਰਿਵਾਰ ਹੈ। ਇਹ ਦੋਵੇਂ ਵਿਚਾਰ ਹੱਦਾਂ ਤੋਂ ਪਰ੍ਹੇ ਜ਼ਿੰਮੇਵਾਰੀ ਦਾ ਵਿਸਤਾਰ ਕਰਦੇ ਹਨ ਅਤੇ ਸਮਾਜਾਂ ਨੂੰ ਰਹਿਮ-ਦਿਲੀ ਅਤੇ ਨੈਤਿਕ ਹਿੰਮਤ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਨ।

ਯਹੂਦੀ ਧਰਮ ਹਲਾਖਾ ’ਤੇ ਜ਼ੋਰ ਦਿੰਦਾ ਹੈ, ਜੋ ਕਾਨੂੰਨ ਅਤੇ ਅਭਿਆਸ ਦੇ ਜ਼ਰੀਏ ਰੋਜ਼ਾਨਾ ਆਚਰਣ ਦਾ ਮਾਰਗਦਰਸ਼ਨ ਕਰਦਾ ਹੈ। ਹਿੰਦੂ ਫ਼ਲਸਫ਼ੇ ਵਿੱਚ ਧਰਮ ਦੀ ਗੱਲ ਕੀਤੀ ਗਈ ਹੈ, ਉਹ ਨੈਤਿਕ ਵਿਵਸਥਾ ਜੋ ਕਰਤੱਬ ਅਤੇ ਸਹੀ ਆਚਰਣ ਨੂੰ ਆਕਾਰ ਦਿੰਦੀ ਹੈ। ਦੋਵੇਂ ਰਵਾਇਤਾਂ ਵਿੱਚ, ਨੈਤਿਕ ਜੀਵਨ ਕਰਮ ਦੇ ਜ਼ਰੀਏ ਜੀਆ  ਜਾਂਦਾ ਹੈ, ਅਤੇ ਵਿਸ਼ਵਾਸ ਆਚਰਣ ਦੇ ਜ਼ਰੀਏ ਪ੍ਰਗਟ ਕੀਤਾ ਜਾਂਦਾ ਹੈ।

ਸਾਡੇ ਤਿਉਹਾਰਾਂ ਵਿੱਚ ਵੀ ਇੱਕ ਪਿਆਰੀ ਸਮਾਨਤਾ ਹੈ। ਤੁਸੀਂ ਹਨੁੱਕਾਂ ਨੂੰ ਮੋਮਬੱਤੀਆਂ ਦੀ ਮਿੱਠੀ ਚਮਕ ਨਾਲ ਮਨਾਉਂਦੇ ਹੋ। ਲਗਭਗ ਇਸੇ ਸਮੇਂ, ਅਸੀਂ ਦੀਵਿਆਂ ਦੀ ਚਮਕਦੀ ਰੌਸ਼ਨੀ ਨਾਲ ਚਾਨਣ ਦਾ ਤਿਉਹਾਰ ਦੀਵਾਲੀ ਮਨਾਉਂਦੇ ਹਾਂ। ਜਲਦ ਹੀ, ਭਾਰਤ ਵਿੱਚ ਖ਼ੁਸ਼ੀਆਂ ਅਤੇ ਰੰਗਾਂ ਨਾਲ ਭਰਿਆ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਲਗਭਗ ਇਸੇ ਸਮੇਂ, ਇਜ਼ਰਾਈਲ ਵੀ ਉਤਸਾਹ ਅਤੇ ਅਨੰਦ ਨਾਲ ਪੁਰਿਮ ਮਨਾਏਗਾ।

ਮਾਣਯੋਗ ਮੈਂਬਰੋ,

ਸਾਡੇ ਸਾਂਝੇ ਆਦਰਸ਼ ਉਹ ਡੂੰਘੀ ਬੁਨਿਆਦ ਹਨ, ਜੋ ਸਾਡੀ ਆਧੁਨਿਕ ਸਾਂਝੇਦਾਰੀ ਨੂੰ ਤਾਕਤ ਪ੍ਰਦਾਨ ਕਰਦੇ ਹਨ। ਅਸੀਂ ਅਜਿਹੇ ਲੋਕਤੰਤਰ ਹਾਂ, ਜਿਨ੍ਹਾਂ ਨੂੰ ਇਤਿਹਾਸ ਨੇ ਆਕਾਰ ਦਿੱਤਾ ਹੈ ਅਤੇ ਜਿਨ੍ਹਾਂ ਦਾ ਧਿਆਨ ਭਵਿੱਖ ’ਤੇ ਕੇਂਦ੍ਰਿਤ ਹੈ। ਸਾਡੀ ਸਾਂਝੇਦਾਰੀ ਸਾਂਝੇ ਤਜ਼ਰਬੇ ਅਤੇ ਸਾਂਝੀਆਂ ਉਮੀਦਾਂ ’ਤੇ ਅਧਾਰਿਤ ਹੈ। ਸਾਡੀ ਮਜ਼ਬੂਤ ਸਾਂਝੇਦਾਰੀ ਸਿਰਫ਼ ਰਾਸ਼ਟਰੀ ਹਿਤਾਂ ਦੀ ਹੀ ਪੂਰਤੀ ਨਹੀਂ ਕਰਦੀ, ਬਲਕਿ ਵਿਸ਼ਵ ਸਥਿਰਤਾ ਅਤੇ ਖ਼ੁਸ਼ਹਾਲੀ ਵਿੱਚ ਵੀ ਯੋਗਦਾਨ ਪਾਉਂਦੀ ਹੈ।

ਆਓ ਅਸੀਂ ਸੁਨਿਸ਼ਚਿਤ ਕਰੀਏ ਕਿ ਅਨਿਸ਼ਚਿਤਤਾਵਾਂ ਨਾਲ ਘਿਰੀ ਦੁਨੀਆ ਵਿੱਚ ਭਾਰਤ ਅਤੇ ਇਜ਼ਰਾਈਲ ਦੀ ਦੋਸਤੀ ਤਾਕਤ ਦਾ ਸਰੋਤ ਬਣੀ ਰਹੇ।

ਅਮ ਯਿਸ੍ਰਾਇਲ ਚਾਈ।

ਜੈ ਹਿੰਦ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Womaniya' initiative of GeM, sees 27.6% growth, Rs 28,000 crore contracts awarded to women MSEs

Media Coverage

Womaniya' initiative of GeM, sees 27.6% growth, Rs 28,000 crore contracts awarded to women MSEs
NM on the go

Nm on the go

Always be the first to hear from the PM. Get the App Now!
...
Prime Minister condoles loss of lives in a mishap in Katihar, Bihar
April 11, 2026
PM announces ex-gratia from PMNRF

Prime Minister Shri Narendra Modi today expressed profound grief over the tragic mishap in Katihar, Bihar, describing the incident as extremely painful.

The Prime Minister extended his heartfelt condolences to the families who have lost their loved ones and prayed for the earliest recovery of those who sustained injuries. Shri Modi further announced an ex-gratia of Rs. 2 lakh from the Prime Minister’s National Relief Fund (PMNRF) for the next of kin of each deceased, noting that Rs. 50,000 would be provided to those injured in the accident.

The Prime Minister wrote on X:

"The mishap in Katihar, Bihar, is extremely painful. Condolences to those who have lost their loved ones. May the injured recover at the earliest.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000."