ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਵਿਰਾਸਤ ਦਾ ਇੱਕ ਬੇਮਿਸਾਲ ਸੰਗਮ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਵੇਰੇ ਉਹ ਰਾਮਾਇਣ ਦੀ ਨਗਰੀ ਅਯੁੱਧਿਆ ਵਿੱਚ ਸਨ ਅਤੇ ਹੁਣ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਰੇ ਲੋਕ ਗੁਰੂ ਤੇਗ਼ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸੰਤਾਂ ਅਤੇ ਸਤਿਕਾਰਯੋਗ ਸੰਗਤ ਦੀ ਮੌਜੂਦਗੀ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸਾਰਿਆਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ।
ਸ੍ਰੀ ਮੋਦੀ ਨੇ 5-6 ਸਾਲ ਪਹਿਲਾਂ ਵਾਪਰੇ ਇੱਕ ਹੋਰ ਸੰਯੋਗ ਨੂੰ ਯਾਦ ਕਰਦਿਆਂ ਦੱਸਿਆ ਕਿ 9 ਨਵੰਬਰ, 2019 ਨੂੰ ਜਦੋਂ ਸੁਪਰੀਮ ਕੋਰਟ ਨੇ ਰਾਮ ਮੰਦਿਰ 'ਤੇ ਆਪਣਾ ਫੈਸਲਾ ਸੁਣਾਇਆ, ਉਹ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਡੇਰਾ ਬਾਬਾ ਨਾਨਕ ਵਿੱਚ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦਿਨ ਉਹ ਰਾਮ ਮੰਦਿਰ ਦੇ ਨਿਰਮਾਣ ਦਾ ਰਾਹ ਪੱਧਰਾ ਕਰਨ ਅਤੇ ਕਰੋੜਾਂ ਰਾਮ ਭਗਤਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਅਰਦਾਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਅਰਦਾਸਾਂ ਉਸੇ ਦਿਨ ਰਾਮ ਮੰਦਿਰ ਦੇ ਹੱਕ ਵਿੱਚ ਫੈਸਲਾ ਸੁਣਾ ਕੇ ਸਵੀਕਾਰ ਕਰ ਲਈਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਅਯੁੱਧਿਆ ਵਿੱਚ ਧਰਮ ਧ੍ਵਜ ਸਥਾਪਿਤ ਹੋ ਗਈ ਹੈ, ਉਨ੍ਹਾਂ ਨੂੰ ਇੱਕ ਵਾਰ ਫਿਰ ਸਿੱਖ ਸੰਗਤ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਕੁਰੂਕਸ਼ੇਤਰ ਦੀ ਧਰਤੀ 'ਤੇ 'ਪਾਂਚਜਨਯ ਸਮਾਰਕ' ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਸੇ ਧਰਤੀ 'ਤੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਸੱਚ ਅਤੇ ਇਨਸਾਫ ਦੀ ਰਾਖੀ ਨੂੰ ਸਰਬ-ਉੱਚ ਫ਼ਰਜ਼ ਦੱਸਿਆ ਸੀ। ਸ੍ਰੀ ਮੋਦੀ ਨੇ ਭਗਵਾਨ ਕ੍ਰਿਸ਼ਨ ਦੀ ਬਾਣੀ ਨੂੰ ਯਾਦ ਕਰਦਿਆਂ ਕਿਹਾ ਕਿ ਸੱਚ ਦੇ ਰਾਹ 'ਤੇ ਚੱਲਣਾ ਅਤੇ ਆਪਣੇ ਫ਼ਰਜ਼ ਲਈ ਜਾਨ ਕੁਰਬਾਨ ਕਰਨਾ ਸਭ ਤੋਂ ਉੱਤਮ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਵੀ ਸੱਚ, ਇਨਸਾਫ ਅਤੇ ਆਸਥਾ ਦੀ ਰਾਖੀ ਨੂੰ ਆਪਣਾ ਧਰਮ ਮੰਨਿਆ ਅਤੇ ਉਨ੍ਹਾਂ ਨੇ ਆਪਣੀ ਜਾਨ ਦੀ ਆਹੂਤੀ ਦੇ ਕੇ ਇਸ ਧਰਮ ਦਾ ਪਾਲਣ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਭਾਰਤ ਸਰਕਾਰ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਅਤੇ ਇੱਕ ਵਿਸ਼ੇਸ਼ ਸਿੱਕਾ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਸਰਕਾਰ ਇਸੇ ਤਰ੍ਹਾਂ ਗੁਰੂ ਪਰੰਪਰਾ ਦੀ ਸੇਵਾ ਕਰਦੀ ਰਹੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਸਿੱਖ ਪਰੰਪਰਾ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਿੱਖ ਪਰੰਪਰਾ ਦੇ ਤਕਰੀਬਨ ਸਾਰੇ ਗੁਰੂ ਆਪਣੀਆਂ ਪਵਿੱਤਰ ਯਾਤਰਾਵਾਂ ਦੌਰਾਨ ਇਸ ਧਰਤੀ 'ਤੇ ਆਏ ਸਨ। ਉਨ੍ਹਾਂ ਨੇ ਯਾਦ ਕੀਤਾ ਕਿ ਜਦੋਂ ਨੌਵੇਂ ਗੁਰੂ ਤੇਗ਼ ਬਹਾਦਰ ਜੀ, ਇਸ ਪਵਿੱਤਰ ਧਰਤੀ 'ਤੇ ਆਏ ਤਾਂ ਉਨ੍ਹਾਂ ਨੇ ਡੂੰਘੀ ਤਪੱਸਿਆ ਅਤੇ ਨਿਡਰ ਹਿੰਮਤ ਦੀ ਡੂੰਘੀ ਛਾਪ ਛੱਡੀ।

ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਰਗੀਆਂ ਸ਼ਖ਼ਸੀਅਤਾਂ ਇਤਿਹਾਸ ਵਿੱਚ ਵਿਰਲੀਆਂ ਹਨ ਅਤੇ ਉਨ੍ਹਾਂ ਦਾ ਜੀਵਨ, ਕੁਰਬਾਨੀ ਅਤੇ ਚਰਿੱਤਰ ਪ੍ਰੇਰਨਾ ਦਾ ਇੱਕ ਮਹਾਨ ਸਰੋਤ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਗ਼ਲ ਹਮਲਿਆਂ ਦੌਰਾਨ ਗੁਰੂ ਸਾਹਿਬ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਮੁਗ਼ਲ ਹਮਲਾਵਰਾਂ ਵੱਲੋਂ ਕਸ਼ਮੀਰੀ ਪੰਡਿਤਾਂ ਨੂੰ ਜਬਰੀ ਇਸਲਾਮ ਵਿੱਚ ਬਦਲਿਆ ਜਾ ਰਿਹਾ ਸੀ। ਇਸ ਸੰਕਟ ਦੀ ਘੜੀ ਵਿੱਚ ਪੀੜਤਾਂ ਦੇ ਇੱਕ ਸਮੂਹ ਨੇ ਗੁਰੂ ਸਾਹਿਬ ਤੋਂ ਮਦਦ ਮੰਗੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਔਰੰਗਜ਼ੇਬ ਨੂੰ ਸਪੱਸ਼ਟ ਰੂਪ ਵਿੱਚ ਦੱਸ ਦੇਣ ਕਿ ਜੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ੁਦ ਇਸਲਾਮ ਸਵੀਕਾਰ ਕਰਦੇ ਹਨ, ਤਾਂ ਉਹ ਵੀ ਇਸਲਾਮ ਧਰਮ ਅਪਣਾ ਲੈਣਗੇ।
ਸ੍ਰੀ ਮੋਦੀ ਨੇ ਕਿਹਾ ਕਿ ਇਹ ਸ਼ਬਦ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਨਿਡਰਤਾ ਦੀ ਸਿਖਰ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਦਾ ਡਰ ਸੀ, ਉਹੀ ਹੋਇਆ। ਜ਼ਾਲਮ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕੈਦੀ ਬਣਾਉਣ ਦਾ ਹੁਕਮ ਦਿੱਤਾ, ਪਰ ਗੁਰੂ ਸਾਹਿਬ ਨੇ ਖ਼ੁਦ ਦਿੱਲੀ ਜਾਣ ਦਾ ਫੈਸਲਾ ਐਲਾਨ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਮੁਗ਼ਲ ਸ਼ਾਸਕਾਂ ਨੇ ਉਨ੍ਹਾਂ ਨੂੰ ਲਾਲਚਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਸ੍ਰੀ ਗੁਰੂ ਤੇਗ਼ ਬਹਾਦਰ ਅਡੋਲ ਰਹੇ ਅਤੇ ਆਪਣੀ ਆਸਥਾ ਅਤੇ ਸਿਧਾਂਤਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਇਰਾਦੇ ਨੂੰ ਤੋੜਨ ਅਤੇ ਉਨ੍ਹਾਂ ਨੂੰ ਆਪਣੇ ਰਾਹ ਤੋਂ ਭਟਕਾਉਣ ਲਈ ਮੁਗ਼ਲਾਂ ਨੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਤਿੰਨ ਸਾਥੀਆਂ - ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਓਦੋਂ ਵੀ ਗੁਰੂ ਸਾਹਿਬ ਅਡੋਲ ਰਹੇ, ਉਨ੍ਹਾਂ ਦਾ ਦ੍ਰਿੜ੍ਹ ਇਰਾਦਾ ਅਟੁੱਟ ਰਿਹਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਸਾਹਿਬ ਨੇ ਧਰਮ ਦਾ ਰਾਹ ਨਹੀਂ ਛੱਡਿਆ ਅਤੇ ਡੂੰਘੇ ਧਿਆਨ ਦੀ ਅਵਸਥਾ ਵਿੱਚ ਆਸਥਾ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਗ਼ਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਗੁਰੂ ਮਹਾਰਾਜ ਦੇ ਪਵਿੱਤਰ ਸੀਸ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਈ ਜੈਤਾ ਜੀ ਨੇ ਆਪਣੀ ਬਹਾਦਰੀ ਨਾਲ ਗੁਰੂ ਦਾ ਸੀਸ ਆਨੰਦਪੁਰ ਸਾਹਿਬ ਤੱਕ ਪਹੁੰਚਾਇਆ। ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਨੂੰ ਯਾਦ ਕੀਤਾ, ਜਿਸ ਦਾ ਅਰਥ ਹੈ ਕਿ ਆਸਥਾ ਦੇ ਪਵਿੱਤਰ ਤਿਲਕ ਦੀ ਰਾਖੀ ਕੀਤੀ ਜਾਵੇ, ਲੋਕਾਂ ਦੀ ਆਸਥਾ ਨੂੰ ਜ਼ੁਲਮ ਤੋਂ ਬਚਾਇਆ ਜਾਵੇ ਅਤੇ ਇਸ ਲਈ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।

ਇਸ ਗੱਲ 'ਤੇ ਚਾਨਣਾ ਪਾਉਂਦੇ ਹੋਏ ਕਿ ਅੱਜ ਗੁਰੂ ਸਾਹਿਬ ਦੀ ਕੁਰਬਾਨੀ ਦੀ ਧਰਤੀ ਦਿੱਲੀ ਦੇ ਸੀਸਗੰਜ ਗੁਰਦੁਆਰੇ ਦੇ ਰੂਪ ਵਿੱਚ ਪ੍ਰੇਰਨਾ ਦਾ ਇੱਕ ਜੀਵੰਤ ਸਥਾਨ ਹੈ, ਸ੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਨੰਦਪੁਰ ਸਾਹਿਬ ਦਾ ਤੀਰਥ ਅਸਥਾਨ ਸਾਡੀ ਰਾਸ਼ਟਰੀ ਚੇਤਨਾ ਦਾ ਸ਼ਕਤੀ ਕੇਂਦਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦਾ ਜੋ ਸਰੂਪ ਬਾਕੀ ਹੈ, ਉਹ ਗੁਰੂ ਸਾਹਿਬ ਵਰਗੇ ਮਹਾਨ ਵਿਅਕਤੀਆਂ ਦੀ ਕੁਰਬਾਨੀ ਅਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਰਬ-ਉੱਚ ਕੁਰਬਾਨੀ ਕਾਰਨ ਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ 'ਹਿੰਦ ਦੀ ਚਾਦਰ' ਵਜੋਂ ਸਤਿਕਾਰਿਆ ਜਾਂਦਾ ਹੈ।
ਸ੍ਰੀ ਮੋਦੀ ਨੇ ਕਿਹਾ, "ਸਾਡੇ ਗੁਰੂਆਂ ਦੀ ਪਰੰਪਰਾ ਰਾਸ਼ਟਰ ਦੇ ਚਰਿੱਤਰ, ਸਭਿਆਚਾਰ ਅਤੇ ਮੂਲ ਭਾਵਨਾ ਦਾ ਆਧਾਰ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਪਿਛਲੇ 11 ਸਾਲਾਂ ਵਿੱਚ ਸਰਕਾਰ ਨੇ ਇਨ੍ਹਾਂ ਪਵਿੱਤਰ ਪਰੰਪਰਾਵਾਂ ਅਤੇ ਹਰ ਸਿੱਖ ਉਤਸਵ ਨੂੰ ਰਾਸ਼ਟਰੀ ਤਿਉਹਾਰ ਵਜੋਂ ਸਥਾਪਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਉਨ੍ਹਾਂ ਦੀ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਤਿਉਹਾਰ ਵਜੋਂ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਲੋਕਾਂ ਨੇ ਆਪੋ-ਆਪਣੀ ਆਸਥਾ, ਪਰੰਪਰਾਵਾਂ ਅਤੇ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲਿਆ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਨੂੰ ਗੁਰੂਆਂ ਨਾਲ ਸਬੰਧਤ ਪਵਿੱਤਰ ਅਸਥਾਨਾਂ ਨੂੰ ਸਭ ਤੋਂ ਸ਼ਾਨਦਾਰ ਅਤੇ ਦੈਵੀ ਰੂਪ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਸ੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਅਜਿਹੇ ਕਈ ਮੌਕੇ ਆਏ ਹਨ ਜਦੋਂ ਉਹ ਨਿੱਜੀ ਤੌਰ 'ਤੇ ਗੁਰੂ ਪਰੰਪਰਾ ਨਾਲ ਜੁੜੇ ਪ੍ਰੋਗਰਾਮਾਂ ਦਾ ਹਿੱਸਾ ਬਣੇ ਹਨ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕੁਝ ਸਮਾਂ ਪਹਿਲਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਮੂਲ ਸਰੂਪ ਅਫ਼ਗ਼ਾਨਿਸਤਾਨ ਤੋਂ ਭਾਰਤ ਪਹੁੰਚੇ, ਤਾਂ ਇਹ ਹਰੇਕ ਨਾਗਰਿਕ ਲਈ ਮਾਣ ਦਾ ਪਲ ਸੀ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਨੇ ਗੁਰੂਆਂ ਦੇ ਹਰ ਤੀਰਥ ਅਸਥਾਨ ਨੂੰ ਆਧੁਨਿਕ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਸ੍ਰੀ ਮੋਦੀ ਨੇ ਕਿਹਾ ਕਿ ਚਾਹੇ ਉਹ ਕਰਤਾਰਪੁਰ ਲਾਂਘੇ ਦਾ ਕੰਮ ਪੂਰਾ ਕਰਨਾ ਹੋਵੇ, ਹੇਮਕੁੰਟ ਸਾਹਿਬ ਵਿੱਚ ਰੋਪਵੇਅ ਪ੍ਰੋਜੈਕਟ ਦਾ ਨਿਰਮਾਣ ਕਰਨਾ ਹੋਵੇ ਜਾਂ ਆਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖ਼ਾਲਸਾ ਅਜਾਇਬ ਘਰ ਦਾ ਵਿਸਤਾਰ ਕਰਨਾ ਹੋਵੇ, ਇਹ ਸਾਰੇ ਕੰਮ ਗੁਰੂਆਂ ਦੀ ਸ਼ਾਨਦਾਰ ਪਰੰਪਰਾ ਨੂੰ ਮਾਰਗਦਰਸ਼ਕ ਆਦਰਸ਼ ਮੰਨ ਕੇ ਪੂਰੀ ਨਿਸ਼ਠਾ ਨਾਲ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਜਾਣਦੇ ਹਨ ਕਿ ਮੁਗ਼ਲਾਂ ਨੇ ਬਹਾਦਰ ਸਾਹਿਬਜ਼ਾਦਿਆਂ ਨਾਲ ਵੀ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਹਿਬਜ਼ਾਦਿਆਂ ਨੇ ਖ਼ੁਦ ਨੂੰ ਜਿਊਂਦੇ ਨੀਂਹਾਂ ਵਿੱਚ ਚਿਣਵਾਇਆ ਜਾਣਾ ਸਵੀਕਾਰ ਕੀਤਾ, ਪਰ ਆਪਣੇ ਫ਼ਰਜ਼ ਜਾਂ ਆਸਥਾ ਦੇ ਰਾਹ ਨੂੰ ਨਹੀਂ ਛੱਡਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਹੀ ਆਦਰਸ਼ਾਂ ਦੇ ਸਨਮਾਨ ਵਿੱਚ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਨੇ ਸਿੱਖ ਪਰੰਪਰਾ ਦੇ ਇਤਿਹਾਸ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਰਾਸ਼ਟਰੀ ਪਾਠਕ੍ਰਮ ਵਿੱਚ ਵੀ ਸ਼ਾਮਲ ਕੀਤਾ ਹੈ ਤਾਂ ਜੋ ਸੇਵਾ, ਹਿੰਮਤ ਅਤੇ ਸਚਾਈ ਦੇ ਆਦਰਸ਼ ਨਵੀਂ ਪੀੜ੍ਹੀ ਦੀ ਸੋਚ ਦਾ ਆਧਾਰ ਬਣਨ।
ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਸਾਰਿਆਂ ਨੇ 'ਜੋੜਾ ਸਾਹਿਬ' ਦੇ ਪਵਿੱਤਰ ਦਰਸ਼ਨ ਜ਼ਰੂਰ ਕੀਤੇ ਹੋਣਗੇ। ਉਨ੍ਹਾਂ ਯਾਦ ਕੀਤਾ ਕਿ ਜਦੋਂ ਪਹਿਲੀ ਵਾਰ ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਨਾਲ ਇਨ੍ਹਾਂ ਮਹੱਤਵਪੂਰਨ ਨਿਸ਼ਾਨੀਆਂ 'ਤੇ ਚਰਚਾ ਕੀਤੀ ਸੀ, ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ 'ਜੋੜਾ ਸਾਹਿਬ' ਨੂੰ ਲਗਭਗ ਤਿੰਨ ਸੌ ਸਾਲਾਂ ਤੱਕ ਸੁਰੱਖਿਅਤ ਰੱਖਿਆ ਸੀ। ਸ੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹੁਣ ਇਹ ਪਵਿੱਤਰ ਵਿਰਾਸਤ ਦੇਸ਼ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਵਿੱਤਰ 'ਜੋੜਾ ਸਾਹਿਬ' ਦਾ ਪੂਰੇ ਸਤਿਕਾਰ ਅਤੇ ਮਾਣ ਨਾਲ ਵਿਗਿਆਨਕ ਪ੍ਰੀਖਣ ਕੀਤਾ ਗਿਆ ਤਾਂ ਜੋ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕੇ। ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਵਿੱਤਰ 'ਜੋੜਾ ਸਾਹਿਬ' ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਸਮਰਪਿਤ ਕਰਨ ਦਾ ਸਮੂਹਿਕ ਫੈਸਲਾ ਲਿਆ ਗਿਆ, ਜਿੱਥੇ ਗੁਰੂ ਮਹਾਰਾਜ ਨੇ ਆਪਣੇ ਬਚਪਨ ਦਾ ਇੱਕ ਮਹੱਤਵਪੂਰਨ ਸਮਾਂ ਬਿਤਾਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ, ਇੱਕ ਪਵਿੱਤਰ ਯਾਤਰਾ ਤਹਿਤ ਪਵਿੱਤਰ 'ਜੋੜਾ ਸਾਹਿਬ' ਨੂੰ ਦਿੱਲੀ ਤੋਂ ਪਟਨਾ ਸਾਹਿਬ ਲਿਜਾਇਆ ਗਿਆ ਸੀ ਅਤੇ ਉੱਥੇ ਉਨ੍ਹਾਂ ਨੂੰ ਵੀ ਉਨ੍ਹਾਂ ਅੱਗੇ ਸਿਰ ਝੁਕਾਉਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਇਸ ਨੂੰ ਗੁਰੂਆਂ ਦੀ ਵਿਸ਼ੇਸ਼ ਕਿਰਪਾ ਮੰਨਿਆ ਕਿ ਉਨ੍ਹਾਂ ਨੂੰ ਇਸ ਪਵਿੱਤਰ ਵਿਰਾਸਤ ਦੀ ਸੇਵਾ, ਸਮਰਪਣ ਅਤੇ ਉਸ ਨਾਲ ਜੁੜਨ ਦਾ ਮੌਕਾ ਪ੍ਰਾਪਤ ਹੋਇਆ।

ਇਹ ਦੇਖਦੇ ਹੋਏ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਯਾਦ ਸਾਨੂੰ ਸਿਖਾਉਂਦੀ ਹੈ ਕਿ ਭਾਰਤ ਦੀ ਸਭਿਅਤਾ ਕਿੰਨੀ ਵਿਸ਼ਾਲ, ਉਦਾਰ ਅਤੇ ਮਾਨਵਤਾ-ਕੇਂਦਰਿਤ ਰਹੀ ਹੈ, ਸ੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਰਾਹੀਂ ਸਰਬੱਤ ਦਾ ਭਲਾ ਦੇ ਮੰਤਰ ਨੂੰ ਅਮਲੀ ਰੂਪ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਇਹ ਮੌਕਾ ਨਾ ਸਿਰਫ਼ ਇਨ੍ਹਾਂ ਯਾਦਾਂ ਅਤੇ ਸਿੱਖਿਆਵਾਂ ਦਾ ਸਨਮਾਨ ਕਰਨ ਦਾ ਮੌਕਾ ਹੈ, ਸਗੋਂ ਸਾਡੇ ਵਰਤਮਾਨ ਅਤੇ ਭਵਿੱਖ ਲਈ ਇੱਕ ਮਹੱਤਵਪੂਰਨ ਪ੍ਰੇਰਨਾ ਵੀ ਹੈ। ਉਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਜਿਸ ਦਾ ਅਰਥ ਹੈ ਕਿ ਜੋ ਉਲਟ ਹਾਲਾਤ ਵਿੱਚ ਵੀ ਅਡੋਲ ਰਹਿੰਦਾ ਹੈ, ਉਹੀ ਸੱਚਾ ਗਿਆਨੀ ਅਤੇ ਸੱਚਾ ਸਾਧਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸੇ ਪ੍ਰੇਰਨਾ ਨਾਲ ਸਾਨੂੰ ਹਰ ਚੁਨੌਤੀ 'ਤੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਆਪਣੇ ਰਾਸ਼ਟਰ ਨੂੰ ਅੱਗੇ ਲਿਜਾਣਾ ਚਾਹੀਦਾ ਹੈ, ਜਿਸ ਨਾਲ ਭਾਰਤ ਵਿਕਸਿਤ ਬਣੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ ਸਾਨੂੰ ਨਾ ਤਾਂ ਕਿਸੇ ਤੋਂ ਡਰਨਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਦੇ ਡਰ ਵਿੱਚ ਜਿਊਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹੀ ਨਿਡਰਤਾ ਸਮਾਜ ਅਤੇ ਰਾਸ਼ਟਰ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਅੱਜ ਭਾਰਤ ਵੀ ਇਸੇ ਸਿਧਾਂਤ 'ਤੇ ਚਲਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਨਾਲ ਭਾਈਚਾਰੇ ਦੀ ਗੱਲ ਕਰਦਾ ਹੈ ਅਤੇ ਨਾਲ ਹੀ ਆਪਣੀਆਂ ਸਰਹੱਦਾਂ ਦੀ ਰਾਖੀ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਆਪਣੀ ਸੁਰੱਖਿਆ ਨਾਲ ਕਦੇ ਸਮਝੌਤਾ ਨਹੀਂ ਕਰਦਾ, ਜਿਸ ਦਾ ਸਭ ਤੋਂ ਵੱਡਾ ਉਦਾਹਰਣ ਅਪਰੇਸ਼ਨ ਸਿੰਧੂਰ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਨਵਾਂ ਭਾਰਤ ਅੱਤਵਾਦ ਤੋਂ ਨਾ ਡਰਦਾ ਹੈ, ਨਾ ਰੁਕਦਾ ਹੈ ਅਤੇ ਨਾ ਹੀ ਉਸ ਦੇ ਅੱਗੇ ਝੁਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਪੂਰੀ ਸ਼ਕਤੀ, ਹਿੰਮਤ ਅਤੇ ਸਪੱਸ਼ਟਤਾ ਨਾਲ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹੱਤਵਪੂਰਨ ਮੌਕੇ 'ਤੇ ਉਹ ਸਮਾਜ ਅਤੇ ਨੌਜਵਾਨਾਂ ਨਾਲ ਜੁੜੇ ਇੱਕ ਅਜਿਹੇ ਵਿਸ਼ੇ 'ਤੇ ਬੋਲਣਾ ਚਾਹੁੰਦੇ ਹਨ ਜੋ ਗੁਰੂ ਸਾਹਿਬ ਲਈ ਵੀ ਚਿੰਤਾ ਦਾ ਵਿਸ਼ਾ ਸੀ - ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦਾ ਮੁੱਦਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਨਸ਼ੇ ਦੀ ਆਦਤ ਨੇ ਕਈ ਨੌਜਵਾਨਾਂ ਦੇ ਸੁਪਨਿਆਂ ਨੂੰ ਡੂੰਘੀਆਂ ਚੁਨੌਤੀਆਂ ਵਿੱਚ ਧੱਕ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਸਮਾਜ ਅਤੇ ਪਰਿਵਾਰਾਂ ਲਈ ਵੀ ਇੱਕ ਲੜਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਪ੍ਰੇਰਨਾ ਅਤੇ ਹੱਲ ਦੋਵਾਂ ਦਾ ਕੰਮ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਤਾਂ ਉਨ੍ਹਾਂ ਨੇ ਕਈ ਪਿੰਡਾਂ ਨੂੰ ਸੰਗਤ ਨਾਲ ਜੋੜਿਆ, ਉਨ੍ਹਾਂ ਦੀ ਭਗਤੀ ਅਤੇ ਆਸਥਾ ਦਾ ਵਿਸਤਾਰ ਕੀਤਾ ਅਤੇ ਨਾਲ ਹੀ ਸਮਾਜ ਦੇ ਆਚਰਨ ਵਿੱਚ ਵੀ ਬਦਲਾਅ ਲਿਆਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਨਸ਼ੇ ਦੀ ਆਦਤ ਨੂੰ ਤਿਆਗ ਦਿੱਤਾ ਅਤੇ ਆਪਣਾ ਭਵਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਸ੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਮਹਾਰਾਜ ਦੇ ਦਿਖਾਏ ਰਾਹ 'ਤੇ ਚੱਲ ਕੇ ਜੇ ਸਮਾਜ, ਪਰਿਵਾਰ ਅਤੇ ਨੌਜਵਾਨ ਮਿਲ ਕੇ ਨਸ਼ੇ ਦੇ ਖ਼ਿਲਾਫ਼ ਫੈਸਲਾਕੁਨ ਲੜਾਈ ਲੜਨ, ਤਾਂ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਸਾਡੇ ਕਿਰਦਾਰ ਵਿੱਚ ਸ਼ਾਂਤੀ, ਸਾਡੀਆਂ ਨੀਤੀਆਂ ਵਿੱਚ ਸੰਤੁਲਨ ਅਤੇ ਸਾਡੇ ਸਮਾਜ ਵਿੱਚ ਵਿਸ਼ਵਾਸ ਦਾ ਆਧਾਰ ਬਣਨੀਆਂ ਚਾਹੀਦੀਆਂ ਹਨ ਅਤੇ ਇਹੀ ਇਸ ਮੌਕੇ ਦਾ ਸਾਰ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਿਸ ਤਰ੍ਹਾਂ ਦੇਸ਼ ਭਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ਗੁਰੂਆਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਦੀ ਚੇਤਨਾ ਵਿੱਚ ਕਿੰਨੀਆਂ ਜੀਵੰਤ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ ਕਿ ਇਸੇ ਭਾਵਨਾ ਨਾਲ ਇਹ ਸਮਾਗਮ ਨੌਜਵਾਨਾਂ ਨੂੰ ਭਾਰਤ ਨੂੰ ਅੱਗੇ ਲਿਜਾਣ ਲਈ ਸਾਰਥਕ ਪ੍ਰੇਰਨਾ ਦੇਣ ਅਤੇ ਇੱਕ ਵਾਰ ਫਿਰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਆਸ਼ਿਮ ਕੁਮਾਰ ਘੋਸ਼, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ, ਸ੍ਰੀ ਰਾਓ ਇੰਦਰਜੀਤ ਸਿੰਘ, ਸ੍ਰੀ ਕ੍ਰਿਸ਼ਨ ਪਾਲ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਪਿਛੋਕੜ
ਪ੍ਰਧਾਨ ਮੰਤਰੀ ਨੇ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸੰਖ ਦੇ ਸਨਮਾਨ ਵਿੱਚ ਨਵੇਂ ਬਣੇ 'ਪਾਂਚਜਨਯ' ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਹਾਭਾਰਤ ਅਨੁਭਵ ਕੇਂਦਰ ਦਾ ਦੌਰਾ ਕੀਤਾ, ਜੋ ਇੱਕ ਡੂੰਘਾ ਅਨੁਭਵੀ ਕੇਂਦਰ ਹੈ ਜਿੱਥੇ ਮਹਾਭਾਰਤ ਦੇ ਮਹੱਤਵਪੂਰਨ ਪ੍ਰਸੰਗਾਂ ਨੂੰ ਦਰਸਾਇਆ ਗਿਆ ਹੈ, ਜੋ ਇਸ ਦੇ ਸਥਾਈ ਸਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਨੂੰ ਉਜਾਗਰ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਗੁਰੂ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਨਮਾਨ ਵਿੱਚ ਭਾਰਤ ਸਰਕਾਰ ਇੱਕ ਸਾਲ ਤੱਕ ਲਗਾਤਾਰ ਸਮਾਗਮ ਕਰਵਾ ਰਹੀ ਹੈ।
Click here to read full text speech
श्री गुरु तेग बहादुर जी जैसे व्यक्तित्व...इतिहास में विरले ही होते हैं।
— PMO India (@PMOIndia) November 25, 2025
उनका जीवन, उनका त्याग, उनका चरित्र बहुत बड़ी प्रेरणा है।
मुगल आक्रांताओं के उस काल में, गुरु साहिब ने वीरता का आदर्श स्थापित किया: PM @narendramodi
हमारे गुरुओं की परंपरा… हमारे राष्ट्र के चरित्र, हमारी संस्कृति और हमारी मूल भावना का आधार है: PM @narendramodi
— PMO India (@PMOIndia) November 25, 2025
हम सभी जानते हैं कि कैसे मुगलों ने... वीर साहिबजादों के साथ भी क्रूरता की सारी सीमाएं पार कर दी थीं।
— PMO India (@PMOIndia) November 25, 2025
वीर साहिबजादों ने दीवार में चुना जाना स्वीकार किया... लेकिन अपने कर्तव्य और धर्म का मार्ग नहीं छोड़ा।
इन्हीं आदर्शों के सम्मान के लिए, अब हम हर साल 26 दिसंबर को वीर बाल दिवस…
हमारी सरकार ने गुरुओं के हर तीर्थ को आधुनिक भारत के स्वरूप से जोड़ने का प्रयास किया है।
— PMO India (@PMOIndia) November 25, 2025
करतारपुर कॉरिडोर का काम पूरा कराना हो,
हेमकुंड साहिब में रोप वे प्रोजेक्ट का निर्माण करना हो,
आनंदपुर साहिब में विरासत-ए-खालसा संग्रहालय का विस्तार हो,
हमने गुरुजनों की गौरवशाली परंपरा को…
कुछ समय पहले, जब अफगानिस्तान से... गुरु ग्रंथ साहिब के तीन मूल स्वरूप भारत आए थे... तो ये हर देशवासी के लिए गौरव का क्षण बना था: PM @narendramodi
— PMO India (@PMOIndia) November 25, 2025
पिछले महीने, एक पावन यात्रा के रूप में गुरु महाराज के ये पावन ‘जोड़ा साहिब’ दिल्ली से पटना साहिब ले जाए गए।
— PMO India (@PMOIndia) November 25, 2025
और वहां मुझे भी इन पवित्र ‘जोड़ा साहिब’ के सामने अपना शीश नवाने का अवसर मिला।
मैं इसे गुरुओं की विशेष कृपा मानता हूं कि उन्होंने मुझे इस सेवा का, इस समर्पण का और इस…
नशे की आदत ने हमारे अनेक नौजवानों के सपनों को, गहरी चुनौतियों में धकेल दिया है।
— PMO India (@PMOIndia) November 25, 2025
सरकार इस समस्या को जड़ से समाप्त करने के लिए सारे प्रयास भी कर रही है। लेकिन यह समाज की, परिवार की भी लड़ाई है: PM @narendramodi


