ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਧਰਾਂ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ "ਸਾਈਂ ਰਾਮ" ਨਾਲ ਕੀਤੀ ਅਤੇ ਕਿਹਾ ਕਿ ਪੁੱਟਾਪਰਥੀ ਦੀ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਵਿੱਚ ਮੌਜੂਦ ਹੋਣਾ ਇੱਕ ਭਾਵਨਾਤਮਕ ਅਤੇ ਅਧਿਆਤਮਿਕ ਅਹਿਸਾਸ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਬਾਬਾ ਦੀ ਸਮਾਧੀ 'ਤੇ ਫੁੱਲ ਭੇਟ ਕਰਨ ਦਾ ਮੌਕਾ ਮਿਲਿਆ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਾਬਾ ਦੇ ਚਰਨਾਂ 'ਤੇ ਮੱਥਾ ਟੇਕਣਾ ਅਤੇ ਉਨ੍ਹਾਂ ਦਾ ਪ੍ਰਾਪਤ ਕਰਨਾ ਹਮੇਸ਼ਾ ਦਿਲ ਨੂੰ ਡੂੰਘੀਆਂ ਭਾਵਨਾਵਾਂ ਨਾਲ ਭਰ ਦਿੰਦਾ ਹੈ।
ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਇਸ ਪੀੜ੍ਹੀ ਲਈ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਇੱਕ ਬ੍ਰਹਮ ਅਸ਼ੀਰਵਾਦ ਦੱਸਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਬਾਬਾ ਜੀ ਹੁਣ ਸਰੀਰਕ ਤੌਰ 'ਤੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀਆਂ ਸਿੱਖਿਆਵਾਂ, ਉਨ੍ਹਾਂ ਦਾ ਪਿਆਰ ਅਤੇ ਉਨ੍ਹਾਂ ਦੀ ਸੇਵਾ ਦੀ ਭਾਵਨਾ ਦੁਨੀਆ ਭਰ ਦੇ ਲੱਖਾਂ ਲੋਕਾਂ ਦਾ ਮਾਰਗ-ਦਰਸ਼ਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ 140 ਤੋਂ ਵੱਧ ਦੇਸ਼ਾਂ ਵਿੱਚ ਅਣਗਿਣਤ ਲੋਕ ਇੱਕ ਨਵੀਂ ਰੋਸ਼ਨੀ, ਦਿਸ਼ਾ ਅਤੇ ਸੰਕਲਪ ਨਾਲ ਅੱਗੇ ਵਧ ਰਹੇ ਹਨ।

ਇਸ ਗੱਲ 'ਤੇ ਚਾਨਣਾ ਪਾਉਂਦੇ ਹੋਏ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਦਾ ਜੀਵਨ 'ਵਸੁਧੈਵ ਕੁਟੁੰਬਕਮ' ਦੇ ਆਦਰਸ਼ ਦਾ ਇੱਕ ਜਿਊਂਦਾ ਜਾਗਦਾ ਰੂਪ ਸੀ, ਪ੍ਰਧਾਨ ਮੰਤਰੀ ਨੇ ਕਿਹਾ, "ਇਸ ਲਈ, ਇਹ ਜਨਮ ਸ਼ਤਾਬਦੀ ਵਰ੍ਹਾ ਵਿਸ਼ਵ-ਵਿਆਪੀ ਪਿਆਰ, ਸ਼ਾਂਤੀ ਅਤੇ ਸੇਵਾ ਦਾ ਇੱਕ ਸ਼ਾਨਦਾਰ ਤਿਉਹਾਰ ਬਣ ਗਿਆ ਹੈ।" ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦਾ ਸੁਭਾਗ ਹੈ ਕਿ ਇਸ ਮੌਕੇ 'ਤੇ ₹100 ਦਾ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ ਗਿਆ ਹੈ, ਜੋ ਬਾਬਾ ਦੀ ਸੇਵਾ ਦੀ ਵਿਰਾਸਤ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਦੁਨੀਆ ਭਰ ਵਿੱਚ ਬਾਬਾ ਦੇ ਭਗਤਾਂ, ਸਵੈ-ਸੇਵਕਾਂ ਅਤੇ ਪੈਰੋਕਾਰਾਂ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤੀ ਸਭਿਅਤਾ ਦਾ ਕੇਂਦਰੀ ਮੁੱਲ ਸੇਵਾ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਦੀਆਂ ਸਾਰੀਆਂ ਵੱਖ-ਵੱਖ ਅਧਿਆਤਮਿਕ ਅਤੇ ਦਾਰਸ਼ਨਿਕ ਰਵਾਇਤਾਂ ਅਖ਼ੀਰ ਵਿੱਚ ਇਸੇ ਇੱਕ ਆਦਰਸ਼ ਵੱਲ ਲੈ ਜਾਂਦੀਆਂ ਹਨ। ਭਾਵੇਂ ਕੋਈ ਭਗਤੀ, ਗਿਆਨ ਜਾਂ ਕਰਮ ਦੇ ਰਾਹ 'ਤੇ ਚੱਲੇ, ਹਰੇਕ "ਸੇਵਾ" ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਸਾਰੇ ਜੀਵਾਂ ਵਿੱਚ ਮੌਜੂਦ ਪਰਮਾਤਮਾ ਦੀ ਸੇਵਾ ਦੇ ਬਿਨਾਂ ਭਗਤੀ ਕੀ ਹੈ, ਜੇਕਰ ਗਿਆਨ ਦੂਜਿਆਂ ਦੇ ਪ੍ਰਤੀ ਹਮਦਰਦੀ ਨਹੀਂ ਜਗਾਉਂਦਾ ਤਾਂ ਕੀ ਹੈ, ਅਤੇ ਜੇਕਰ ਕਰਮ ਸਮਾਜ ਦੀ ਸੇਵਾ ਵਜੋਂ ਸਮਰਪਣ ਕਰਨ ਦੀ ਭਾਵਨਾ ਨਹੀਂ ਹੈ ਤਾਂ ਕੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ,"'ਸੇਵਾ ਪਰਮੋ ਧਰਮ' ਉਹ ਲੋਕਾਚਾਰ ਹੈ ਜਿਸਨੇ ਭਾਰਤ ਨੂੰ ਸਦੀਆਂ ਦੀਆਂ ਤਬਦੀਲੀਆਂ ਅਤੇ ਚੁਨੌਤੀਆਂ ਦਰਮਿਆਨ ਕਾਇਮ ਰੱਖਿਆ ਹੈ ਅਤੇ ਸਾਡੀ ਸਭਿਅਤਾ ਨੂੰ ਉਸਦੀ ਅੰਦਰੂਨੀ ਤਾਕਤ ਦਿੱਤੀ ਹੈ,”ਇਹ ਦੇਖਦੇ ਹੋਏ ਕਿ ਕਈ ਮਹਾਨ ਸੰਤਾਂ ਅਤੇ ਸੁਧਾਰਕਾਂ ਨੇ ਇਸ ਸਦੀਵੀ ਸੁਨੇਹੇ ਨੂੰ ਆਪਣੇ ਸਮੇਂ ਦੇ ਅਨੁਕੂਲ ਤਰੀਕਿਆਂ ਨਾਲ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਨੇ ਸੇਵਾ ਨੂੰ ਮਨੁੱਖੀ ਜੀਵਨ ਦੇ ਕੇਂਦਰ ਵਿੱਚ ਰੱਖਿਆ। ਉਨ੍ਹਾਂ ਨੇ ਬਾਬਾ ਦੇ ਸ਼ਬਦਾਂ, "ਸਭ ਨੂੰ ਪਿਆਰ ਕਰੋ, ਸਭ ਦੀ ਸੇਵਾ ਕਰੋ" ਨੂੰ ਯਾਦ ਕੀਤਾ ਅਤੇ ਪੁਸ਼ਟੀ ਕੀਤੀ ਕਿ ਬਾਬਾ ਲਈ, 'ਸੇਵਾ' ਕਾਰਜ ਵਿੱਚ ਪਿਆਰ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ, ਸਿਹਤ ਸੰਭਾਲ, ਪੇਂਡੂ ਵਿਕਾਸ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਬਾਬਾ ਦੇ ਅਦਾਰੇ ਇਸ ਫ਼ਲਸਫ਼ੇ ਦੇ ਜਿਊਂਦੇ ਜਾਗਦੇ ਸਬੂਤ ਵਜੋਂ ਖੜ੍ਹੇ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਹ ਅਦਾਰੇ ਦਰਸਾਉਂਦੇ ਹਨ ਕਿ ਅਧਿਆਤਮਿਕਤਾ ਅਤੇ ਸੇਵਾ ਵੱਖੋ-ਵੱਖਰੇ ਨਹੀਂ, ਸਗੋਂ ਇੱਕ ਹੀ ਸੱਚ ਦੇ ਵੱਖ-ਵੱਖ ਪ੍ਰਗਟਾਵੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਕਿਸੇ ਵੀ ਸਰੀਰਕ ਮੌਜੂਦਗੀ ਦੌਰਾਨ ਲੋਕਾਂ ਨੂੰ ਪ੍ਰੇਰਿਤ ਕਰਨਾ ਅਸਾਧਾਰਨ ਨਹੀਂ ਹੈ, ਪਰ ਅਦਾਰਿਆਂ ਦੀਆਂ 'ਸੇਵਾ' ਗਤੀਵਿਧੀਆਂ ਉਨ੍ਹਾਂ ਦੀ ਸਰੀਰਕ ਗ਼ੈਰ-ਹਾਜ਼ਰੀ ਦੇ ਬਾਵਜੂਦ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਅਸਲ ਵਿੱਚ ਮਹਾਨ ਆਤਮਾਵਾਂ ਦਾ ਪ੍ਰਭਾਵ ਸਮੇਂ ਦੇ ਨਾਲ ਘੱਟ ਨਹੀਂ ਹੁੰਦਾ - ਇਹ ਅਸਲ ਵਿੱਚ ਵਧਦਾ ਹੈ।
ਇਸ ਗੱਲ 'ਤੇ ਚਾਨਣਾ ਪਾਉਂਦੇ ਹੋਏ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਦਾ ਸੁਨੇਹਾ ਕਦੇ ਵੀ ਕਿਤਾਬਾਂ, ਪ੍ਰਵਚਨਾਂ ਜਾਂ ਕਿਸੇ ਆਸ਼ਰਮ ਦੀਆਂ ਹੱਦਾਂ ਤੱਕ ਸੀਮਤ ਨਹੀਂ ਰਿਹਾ, ਸ਼੍ਰੀ ਮੋਦੀ ਨੇ ਕਿਹਾ ਕਿ ਬਾਬਾ ਦੀਆਂ ਸਿੱਖਿਆਵਾਂ ਦਾ ਅਸਰ ਲੋਕਾਂ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ। ਸ਼ਹਿਰਾਂ ਤੋਂ ਲੈ ਕੇ ਦੂਰ-ਦੁਰਾਡੇ ਦੇ ਪਿੰਡਾਂ ਤੱਕ, ਸਕੂਲਾਂ ਤੋਂ ਲੈ ਕੇ ਆਦਿਵਾਸੀ ਬਸਤੀਆਂ ਤੱਕ, ਪੂਰੇ ਭਾਰਤ ਵਿੱਚ ਸਭਿਆਚਾਰ, ਸਿੱਖਿਆ ਅਤੇ ਡਾਕਟਰੀ ਸੇਵਾਵਾਂ ਦਾ ਇੱਕ ਜ਼ਿਕਰਯੋਗ ਵਹਿਣ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਾਬਾ ਦੇ ਲੱਖਾਂ ਪੈਰੋਕਾਰ ਨਿਰਸਵਾਰਥ ਭਾਵਨਾ ਨਾਲ ਇਸ ਕੰਮ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ "ਮਾਨਵ ਸੇਵਾ ਹੀ ਮਾਧਵ ਸੇਵਾ" ਬਾਬਾ ਦੇ ਭਗਤਾਂ ਲਈ ਸਰਬਉੱਚ ਆਦਰਸ਼ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬਾਬਾ ਨੇ ਕਈ ਅਜਿਹੇ ਵਿਚਾਰ ਦਿੱਤੇ ਜੋ ਹਮਦਰਦੀ, ਫ਼ਰਜ਼, ਅਨੁਸ਼ਾਸਨ ਅਤੇ ਜੀਵਨ ਦਰਸ਼ਨ ਦੇ ਸਾਰ ਨੂੰ ਸਮੇਟਦੇ ਹਨ। ਉਨ੍ਹਾਂ ਨੇ ਬਾਬਾ ਦੇ ਮਾਰਗ-ਦਰਸ਼ਕ ਸਿਧਾਂਤਾਂ: "ਹਮੇਸ਼ਾ ਮਦਦ ਕਰੋ, ਕਦੇ ਵੀ ਨੁਕਸਾਨ ਨਾ ਪਹੁੰਚਾਓ" ਅਤੇ "ਘੱਟ ਗੱਲਾਂ, ਵਧੇਰੇ ਕੰਮ” ਨੂੰ ਯਾਦ ਕੀਤਾ ਅਤੇ ਪੁਸ਼ਟੀ ਕੀਤੀ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਅਜਿਹੇ ਜੀਵਨ ਮੰਤਰ ਅੱਜ ਵੀ ਸਾਰਿਆਂ ਦੇ ਦਿਲਾਂ ਵਿੱਚ ਗੂੰਜਦੇ ਰਹਿੰਦੇ ਹਨ।

ਇਸ ਉਜਾਗਰ ਕਰਦੇ ਹੋਏ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਨੇ ਅਧਿਆਤਮਿਕਤਾ ਦੀ ਵਰਤੋਂ ਸਮਾਜ ਅਤੇ ਲੋਕਾਂ ਦੀ ਭਲਾਈ ਲਈ ਕੀਤੀ, ਪ੍ਰਧਾਨ ਮੰਤਰੀ ਨੇ ਇਸ ਨੂੰ ਨਿਰਸਵਾਰਥ ਸੇਵਾ, ਚਰਿੱਤਰ ਨਿਰਮਾਣ ਅਤੇ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਬਾਬਾ ਨੇ ਕੋਈ ਸਿਧਾਂਤ ਜਾਂ ਵਿਚਾਰਧਾਰਾ ਨਹੀਂ ਥੋਪੀ, ਸਗੋਂ ਗ਼ਰੀਬਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਘੱਟ ਕਰਨ ਲਈ ਕੰਮ ਕੀਤਾ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਗੁਜਰਾਤ ਭੂਚਾਲ ਤੋਂ ਬਾਅਦ ਬਾਬਾ ਦਾ ਸੇਵਾ ਦਲ ਰਾਹਤ ਕਾਰਜਾਂ ਵਿੱਚ ਸਭ ਤੋਂ ਅੱਗੇ ਖੜ੍ਹਾ ਸੀ। ਉਨ੍ਹਾਂ ਦੇ ਪੈਰੋਕਾਰਾਂ ਨੇ ਕਈ ਦਿਨਾਂ ਤੱਕ ਪੂਰੇ ਸਮਰਪਣ ਨਾਲ ਸੇਵਾ ਕੀਤੀ ਅਤੇ ਪ੍ਰਭਾਵਿਤ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਉਣ, ਜ਼ਰੂਰੀ ਸਪਲਾਈ ਭੇਜਣ ਅਤੇ ਮਾਨਸਿਕ-ਸਮਾਜਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇੱਕ ਮੁਲਾਕਾਤ ਕਿਸੇ ਦੇ ਦਿਲ ਨੂੰ ਪਿਘਲਾ ਸਕਦੀ ਹੈ ਜਾਂ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ, ਤਾਂ ਇਹ ਉਸ ਵਿਅਕਤੀ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮਾਗਮ ਵਿੱਚ ਵੀ ਅਜਿਹੇ ਕਈ ਵਿਅਕਤੀ ਸਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਾਬਾ ਦੇ ਸੰਦੇਸ਼ਾਂ ਨੇ ਡੂੰਘੀ ਤਬਦੀਲੀ ਲਿਆਂਦੀ ਹੈ।
ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਤੋਂ ਪ੍ਰੇਰਿਤ ਹੋ ਕੇ ਸ਼੍ਰੀ ਸੈਂਟਰਲ ਟਰੱਸਟ ਅਤੇ ਉਸ ਨਾਲ ਜੁੜੇ ਅਦਾਰੇ ਸੰਗਠਿਤ, ਸੰਸਥਾਗਤ ਅਤੇ ਦੂਰ-ਅੰਦੇਸ਼ੀ ਤਰੀਕੇ ਨਾਲ ਸੇਵਾ ਨੂੰ ਅੱਗੇ ਵਧਾ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਇਹ ਸਾਡੇ ਸਾਹਮਣੇ ਇੱਕ ਵਿਹਾਰਕ ਮਾਡਲ ਵਜੋਂ ਖੜ੍ਹੇ ਹਨ। ਉਨ੍ਹਾਂ ਨੇ ਪਾਣੀ, ਰਿਹਾਇਸ਼, ਸਿਹਤ ਸੰਭਾਲ, ਪੋਸ਼ਣ, ਆਫ਼ਤ ਸਹਾਇਤਾ ਅਤੇ ਸਾਫ਼ ਊਰਜਾ ਵਰਗੇ ਖੇਤਰਾਂ ਵਿੱਚ ਕੀਤੇ ਜਾ ਰਹੇ ਜ਼ਿਕਰਯੋਗ ਕੰਮਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਈ ਸੇਵਾ ਪਹਿਲਕਦਮੀਆਂ ਦਾ ਖ਼ਾਸ ਜ਼ਿਕਰ ਕੀਤਾ: ਟਰੱਸਟ ਨੇ ਰਾਇਲਸੀਮਾ ਵਿੱਚ ਪੀਣ ਵਾਲੇ ਪਾਣੀ ਦੇ ਗੰਭੀਰ ਸੰਕਟ ਨੂੰ ਦੂਰ ਕਰਨ ਲਈ 3,000 ਕਿਲੋਮੀਟਰ ਤੋਂ ਵੱਧ ਪਾਈਪ-ਲਾਈਨਾਂ ਵਿਛਾਈਆਂ; ਓਡੀਸ਼ਾ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ 1,000 ਘਰ ਬਣਾਏ; ਅਤੇ ਅਜਿਹੇ ਹਸਪਤਾਲ ਚਲਾਏ ਜਿੱਥੇ ਗ਼ਰੀਬ ਪਰਿਵਾਰ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਉੱਥੇ ਕੋਈ ਬਿਲਿੰਗ ਕਾਊਂਟਰ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਲਾਜ ਮੁਫ਼ਤ ਹੈ, ਉੱਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ, ਧੀਆਂ ਦੇ ਨਾਮ 'ਤੇ 20,000 ਤੋਂ ਜ਼ਿਆਦਾ ‘ਸੁਕੰਨਿਆ ਸਮ੍ਰਿਧੀ ਯੋਜਨਾ’ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਯਕੀਨੀ ਹੋਇਆ ਹੈ।
ਦਸ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ 'ਤੇ ਕੇਂਦ੍ਰਿਤ ‘ਸੁਕੰਨਿਆ ਸਮ੍ਰਿਧੀ ਯੋਜਨਾ’ਦੀ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਇਹ ਦੇਸ਼ ਦੀਆਂ ਉਨ੍ਹਾਂ ਕੁਝ ਯੋਜਨਾਵਾਂ ਵਿੱਚੋਂ ਇੱਕ ਹੈ ਜੋ ਸਾਡੀਆਂ ਧੀਆਂ ਨੂੰ 8.2 ਫ਼ੀਸਦੀ ਦੀ ਸਭ ਤੋਂ ਵੱਧ ਵਿਆਜ ਦਰ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪੂਰੇ ਭਾਰਤ ਵਿੱਚ ਕੁੜੀਆਂ ਲਈ 4 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਖਾਤਿਆਂ ਵਿੱਚ ਹੁਣ ਤੱਕ 3.25 ਲੱਖ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕੀਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਸ਼੍ਰੀ ਸੱਤਿਆ ਸਾਈਂ ਪਰਿਵਾਰ ਵੱਲੋਂ ਪੁੱਟਾਪਰਥੀ ਵਿੱਚ 20,000 ਸੁਕੰਨਿਆ ਸਮ੍ਰਿਧੀ ਖਾਤੇ ਖੋਲ੍ਹਣ ਦੀ ਨੇਕ ਪਹਿਲਕਦਮੀ ਦੀ ਸ਼ਲਾਘਾ ਕੀਤੀ। ਆਪਣੇ ਹਲਕੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿੱਚ ਵਾਰਾਣਸੀ ਵਿੱਚ ਧੀਆਂ ਲਈ 27,000 ਸੁਕੰਨਿਆ ਸਮ੍ਰਿਧੀ ਖਾਤੇ ਖੋਲ੍ਹੇ ਗਏ ਸੀ ਅਤੇ ਹਰੇਕ ਖਾਤੇ ਵਿੱਚ 300 ਰੁਪਏ ਟ੍ਰਾਂਸਫਰ ਕੀਤੇ ਗਏ ਸਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ‘ਸੁਕੰਨਿਆ ਸਮ੍ਰਿਧੀ ਯੋਜਨਾ’ਧੀਆਂ ਦੀ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਭਾਰਤ ਵਿੱਚ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ ਢਾਂਚਾ ਕਾਫ਼ੀ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਅਤੇ ਪਛੜਿਆਂ ਨੂੰ ਤੇਜ਼ੀ ਨਾਲ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ। 2014 ਵਿੱਚ, ਸਿਰਫ਼ 25 ਕਰੋੜ ਲੋਕਾਂ ਹੀ ਇਸਦੇ ਦਾਇਰੇ ਵਿੱਚ ਸੀ, ਜਦੋਂ ਕਿ ਅੱਜ ਇਹ ਗਿਣਤੀ ਵਧ ਕੇ ਲਗਭਗ 100 ਕਰੋੜ ਹੋ ਗਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਦੀਆਂ ਭਲਾਈ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਹੋ ਰਹੀ ਹੈ।
ਸ਼੍ਰੀ ਮੋਦੀ ਨੇ ਸਾਂਝਾ ਕੀਤਾ ਕਿ ਅੱਜ ਦੇ ਦਿਨ ਉਨ੍ਹਾਂ ਨੂੰ 'ਗਊ-ਦਾਨ' ਸਮਾਗਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਜਿੱਥੇ ਟਰੱਸਟ ਗ਼ਰੀਬ ਕਿਸਾਨ ਪਰਿਵਾਰਾਂ ਨੂੰ 100 ਗਊਆਂ ਦਾਨ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਰਵਾਇਤ ਵਿੱਚ ਗਊ ਨੂੰ ਜ਼ਿੰਦਗੀ, ਖ਼ੁਸ਼ਹਾਲੀ ਅਤੇ ਹਮਦਰਦੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਗਊਆਂ ਪ੍ਰਾਪਤ ਕਰਤਾ ਪਰਿਵਾਰਾਂ ਦੀ ਆਰਥਿਕ, ਪੋਸ਼ਣ ਸਬੰਧੀ ਅਤੇ ਸਮਾਜਿਕ ਸਥਿਰਤਾ ਨੂੰ ਸਹਾਰਾ ਦੇਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਊ ਸੰਭਾਲ ਰਾਹੀਂ ਖ਼ੁਸ਼ਹਾਲੀ ਦਾ ਸੁਨੇਹਾ ਦੁਨੀਆ ਭਰ ਵਿੱਚ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ‘ਰਾਸ਼ਟਰੀ ਗੋਕੁਲ ਮਿਸ਼ਨ’ ਦੇ ਤਹਿਤ ਕੁਝ ਸਾਲ ਪਹਿਲਾਂ ਵਾਰਾਣਸੀ ਵਿੱਚ 480 ਤੋਂ ਵੱਧ ਗਿਰ ਗਊਆਂ ਵੰਡੀਆਂ ਗਈਆਂ ਸਨ ਅਤੇ ਅੱਜ ਉੱਥੇ ਗਿਰ ਗਊਆਂ ਅਤੇ ਵੱਛਿਆਂ ਦੀ ਗਿਣਤੀ ਵਧ ਕੇ ਲਗਭਗ 1,700 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵਾਰਾਣਸੀ ਵਿੱਚ ਇੱਕ ਨਵੀਂ ਰਵਾਇਤ ਸ਼ੁਰੂ ਕੀਤੀ ਗਈ ਹੈ, ਜਿੱਥੇ ਵੰਡੀਆਂ ਗਈਆਂ ਗਊਆਂ ਤੋਂ ਪੈਦਾ ਹੋਣ ਵਾਲੀਆਂ ਮਾਦਾ ਵੱਛੀਆਂ ਹੋਰ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਵਿੱਚ ਦਿੱਤਾ ਜਾਂਦਾ ਹੈ, ਜਿਸ ਨਾਲ ਗਊਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਯਾਦ ਦਿਵਾਇਆ ਕਿ 7-8 ਸਾਲ ਪਹਿਲਾਂ ਅਫ਼ਰੀਕਾ ਦੇ ਰਵਾਂਡਾ ਦੇ ਆਪਣੇ ਦੌਰੇ ਦੌਰਾਨ ਭਾਰਤ ਨੇ 200 ਗਿਰ ਗਊਆਂ ਤੋਹਫ਼ੇ ਵਿੱਚ ਦਿੱਤੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਰਵਾਂਡਾ ਵਿੱਚ ਵੀ ਅਜਿਹੀ ਹੀ ਇੱਕ ਰਵਾਇਤ ਹੈ, ਜਿਸ ਨੂੰ "ਗਿਰਿੰਕਾ" ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ "ਤੁਹਾਨੂੰ ਇੱਕ ਗਊ ਮਿਲੇ" ਜਿੱਥੇ ਪੈਦਾ ਹੋਣ ਵਾਲੀ ਪਹਿਲੀ ਮਾਦਾ ਵੱਛੀ ਗੁਆਂਢੀ ਪਰਿਵਾਰ ਨੂੰ ਦੇ ਦਿੱਤੀ ਜਾਂਦੀ ਹੈ। ਇਸ ਅਭਿਆਸ ਨੇ ਰਵਾਂਡਾ ਵਿੱਚ ਪੋਸ਼ਣ, ਦੁੱਧ ਉਤਪਾਦਨ, ਆਮਦਨ ਅਤੇ ਸਮਾਜਿਕ ਏਕਤਾ ਨੂੰ ਵਧਾਇਆ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬ੍ਰਾਜ਼ੀਲ ਨੇ ਭਾਰਤ ਦੀਆਂ ਗਿਰ ਅਤੇ ਕਾਂਕਰੇਜ ਪਸ਼ੂਆਂ ਦੀਆਂ ਨਸਲਾਂ ਨੂੰ ਅਪਣਾਇਆ ਹੈ ਅਤੇ ਆਧੁਨਿਕ ਟੈਕਨਾਲੋਜੀ ਅਤੇ ਵਿਗਿਆਨਿਕ ਪ੍ਰਬੰਧਨ ਜ਼ਰੀਏ ਉਨ੍ਹਾਂ ਨੂੰ ਉੱਨਤ ਬਣਾਇਆ ਹੈ, ਜਿਸ ਨਾਲ ਉਹ ਬਿਹਤਰ ਡੇਅਰੀ ਪ੍ਰਦਰਸ਼ਨ ਦਾ ਸਰੋਤ ਬਣ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਕਿਵੇਂ ਰਵਾਇਤ, ਹਮਦਰਦੀ ਅਤੇ ਵਿਗਿਆਨਕ ਸੋਚ ਮਿਲ ਕੇ ਗਊ ਨੂੰ ਵਿਸ਼ਵਾਸ, ਸਸ਼ਕਤੀਕਰਨ, ਪੋਸ਼ਣ ਅਤੇ ਆਰਥਿਕ ਤਰੱਕੀ ਦਾ ਪ੍ਰਤੀਕ ਬਣਾਉਂਦੇ ਹਨ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਸ ਰਵਾਇਤ ਨੂੰ ਨੇਕ ਇਰਾਦਿਆਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਰਾਸ਼ਟਰ "ਕਰਤੱਵਯ ਕਾਲ" ਦੀ ਭਾਵਨਾ ਨਾਲ ਇੱਕ ਵਿਕਸਿਤ ਭਾਰਤ ਵੱਲ ਵਧ ਰਿਹਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸਰਗਰਮ ਨਾਗਰਿਕ ਭਾਗੀਦਾਰੀ ਲਾਜ਼ਮੀ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਦਾ ਜਨਮ ਸ਼ਤਾਬਦੀ ਵਰ੍ਹਾ ਇਸ ਯਾਤਰਾ ਵਿੱਚ ਪ੍ਰੇਰਨਾ ਦਾ ਇੱਕ ਮੁੱਖ ਸਰੋਤ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਸ ਖ਼ਾਸ ਸਾਲ ਦੌਰਾਨ "ਵੋਕਲ ਫ਼ਾਰ ਲੋਕਲ" ਦੇ ਮੰਤਰ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਥਾਨਕ ਅਰਥ-ਵਿਵਸਥਾ ਨੂੰ ਹੁਲਾਰਾ ਦੇਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਸਥਾਨਕ ਉਤਪਾਦਾਂ ਦੀ ਖ਼ਰੀਦ ਸਿੱਧੇ ਤੌਰ 'ਤੇ ਇੱਕ ਪਰਿਵਾਰ, ਇੱਕ ਛੋਟੇ ਉੱਦਮ ਅਤੇ ਸਥਾਨਕ ਸਪਲਾਈ ਚੇਨ ਨੂੰ ਸਸ਼ਕਤ ਬਣਾਉਂਦੀ ਹੈ, ਜਿਸ ਨਾਲ ਇੱਕ 'ਆਤਮ-ਨਿਰਭਰ ਭਾਰਤ' ਦਾ ਰਾਹ ਪੱਧਰਾ ਹੁੰਦਾ ਹੈ।
ਇਹ ਮੰਨਦੇ ਹੋਏ ਕਿ ਮੌਜੂਦ ਸਾਰੇ ਲੋਕ ਸ਼੍ਰੀ ਸੱਤਿਆ ਸਾਈਂ ਬਾਬਾ ਤੋਂ ਪ੍ਰੇਰਿਤ ਹੋ ਕੇ ਰਾਸ਼ਟਰ ਨਿਰਮਾਣ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਵਿੱਚ ਸੱਚਮੁੱਚ ਇੱਕ ਵਿਲੱਖਣ ਊਰਜਾ ਹੈ - ਜਿੱਥੇ ਹਰੇਕ ਸੈਲਾਨੀ ਦੀ ਵਾਣੀ ਵਿੱਚ ਹਮਦਰਦੀ, ਵਿਚਾਰਾਂ ਵਿੱਚ ਸ਼ਾਂਤੀ ਅਤੇ ਕੰਮਾਂ ਵਿੱਚ ਸੇਵਾ ਝਲਕਦੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਜਿੱਥੇ ਕਿਤੇ ਵੀ ਕਮੀ ਜਾਂ ਦੁੱਖ ਹੋਵੇਗਾ, ਉੱਥੇ ਭਗਤ ਉਮੀਦ ਅਤੇ ਰੋਸ਼ਨੀ ਦੇ ਇੱਕ ਪ੍ਰਤੀਕ ਵਜੋਂ ਖੜ੍ਹੇ ਰਹਿਣਗੇ। ਇਸੇ ਭਾਵਨਾ ਦੇ ਨਾਲ ਉਨ੍ਹਾਂ ਨੇ ਪਿਆਰ, ਸ਼ਾਂਤੀ ਅਤੇ ਸੇਵਾ ਦੇ ਇਸ ਪਵਿੱਤਰ ਮਿਸ਼ਨ ਨੂੰ ਅੱਗੇ ਵਧਾਉਣ ਲਈ ਦੁਨੀਆ ਭਰ ਦੇ ਸੱਤਿਆ ਸਾਈਂ ਪਰਿਵਾਰ, ਅਦਾਰਿਆਂ, ਸਵੈ-ਸੇਵਕਾਂ ਅਤੇ ਭਗਤਾਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
ਇਸ ਮੌਕੇ 'ਤੇ ਆਧਰਾਂ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ, ਕੇਂਦਰੀ ਮੰਤਰੀ ਸ਼੍ਰੀ ਕੇ. ਰਾਮਮੋਹਨ ਨਾਇਡੂ, ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਆਧਰਾਂ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਪਵਿੱਤਰ ਮੰਦਿਰ ਅਤੇ ਮਹਾਸਮਾਧੀ ਗਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਸ਼ਤਾਬਦੀ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਸ਼੍ਰੀ ਮੋਦੀ ਨੇ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜੀਵਨ, ਸਿੱਖਿਆਵਾਂ ਅਤੇ ਚਿਰਸਥਾਈ ਵਿਰਾਸਤ ਦਾ ਸਨਮਾਨ ਕਰਦੇ ਹੋਏ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕੀਤਾ।
Click here to read full text speech
The central value of Indian civilisation is Seva or service: PM @narendramodi pic.twitter.com/1MZ3G2KTij
— PMO India (@PMOIndia) November 19, 2025
सेवा परमो धर्म: is the ethos that has sustained India through centuries of changes and challenges, giving our civilisation its inner strength. pic.twitter.com/MzFphe57dL
— PMO India (@PMOIndia) November 19, 2025
Sri Sathya Sai Baba placed Seva at the very heart of human life. pic.twitter.com/PsVkALiZmb
— PMO India (@PMOIndia) November 19, 2025
Sri Sathya Sai Baba transformed spirituality into a tool for social service and human welfare. pic.twitter.com/CY3A6vWs6G
— PMO India (@PMOIndia) November 19, 2025
Let us resolve to further strengthen the spirit of Vocal for Local.
— PMO India (@PMOIndia) November 19, 2025
To build a Viksit Bharat, we must empower our local economy. pic.twitter.com/fQ1UqR6oo8


