ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥ-ਵਿਵਸਥਾ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਵਿਕਾਸ ਨਾਲ ਸਬੰਧਤ ਫੈਕਟ ਸ਼ੀਟ ਰਿਫੌਰਮ-ਪਰਫੌਰਮ-ਟ੍ਰਾਂਸਫੌਰਮ ਮੰਤਰ ਦੀ ਸਫਲਤਾ ਦੀ ਕਹਾਣੀ ਹੈ: ਪ੍ਰਧਾਨ ਮੰਤਰੀ
ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਭਾਰੀ ਅਨਿਸ਼ਚਿਤਤਾ ਦੇ ਦੌਰ ਵਿੱਚ ਹੈ, ਭਾਰਤ ਸ਼ਾਨਦਾਰ ਨਿਸ਼ਚਿਤਤਾ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਬੁਨਿਆਦੀ ਢਾਂਚੇ ਦੇ ਨਾਲ-ਨਾਲ, ਉਦਯੋਗ ਦੀਆਂ ਜ਼ਰੂਰਤਾਂ ਲਈ ਤਿਆਰ ਕਾਰਜਬਲ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਅੱਜ ਦਾ ਭਾਰਤ ਵਿਕਸਿਤ ਰਾਸ਼ਟਰ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਰਿਫੌਰਮ ਐਕਸਪ੍ਰੈੱਸ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਰਾਜਕੋਟ ਵਿੱਚ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 2026 ਦੀ ਸ਼ੁਰੂਆਤ ਤੋਂ ਬਾਅਦ ਗੁਜਰਾਤ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਸਵੇਰੇ ਉਨ੍ਹਾਂ ਨੇ ਭਗਵਾਨ ਸੋਮਨਾਥ ਦੇ ਬ੍ਰਹਮ ਦਰਸ਼ਨ ਕੀਤੇ ਅਤੇ ਹੁਣ ਉਹ ਰਾਜਕੋਟ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ "ਵਿਕਾਸ ਭੀ, ਵਿਰਾਸਤ ਭੀ" ਦਾ ਮੰਤਰ ਜਗ੍ਹਾ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਦੁਨੀਆ ਭਰ ਤੋਂ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਵਾਈਬ੍ਰੈਂਟ ਗੁਜਰਾਤ ਸੰਮੇਲਨ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਇਸ ਸੰਮੇਲਨ ਲਈ ਮੰਚ ਤਿਆਰ ਹੁੰਦਾ ਹੈ, ਉਹ ਇਸ ਨੂੰ ਸਿਰਫ਼ ਇੱਕ ਸਮਾਗਮ ਵਜੋਂ ਨਹੀਂ ਦੇਖਦੇ। ਉਨ੍ਹਾਂ ਲਈ ਇਹ 21ਵੀਂ ਸਦੀ ਵਿੱਚ ਆਧੁਨਿਕ ਭਾਰਤ ਦੀ ਸ਼ਾਨਦਾਰ ਯਾਤਰਾ ਹੈ, ਜੋ ਇੱਕ ਸੁਪਨੇ ਨਾਲ ਸ਼ੁਰੂ ਹੋਈ ਸੀ ਅਤੇ ਅੱਜ ਅਟੁੱਟ ਵਿਸ਼ਵਾਸ ਦੇ ਸਿਖਰ ’ਤੇ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਵਾਈਬ੍ਰੈਂਟ ਗੁਜਰਾਤ ਇੱਕ ਗਲੋਬਲ ਮਾਪਦੰਡ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਹੋਏ ਦਸ ਐਡੀਸ਼ਨਾਂ ਨੇ ਨਾ ਸਿਰਫ਼ ਸੰਮੇਲਨ ਦੀ ਪ੍ਰੋਫਾਈਲ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ, ਸਗੋਂ ਵਿਸ਼ਵ ਪੱਧਰ ’ਤੇ ਇਸ ਦੀ ਭੂਮਿਕਾ ਨੂੰ ਲਗਾਤਾਰ ਮਜ਼ਬੂਤ ​​ਵੀ ਕੀਤਾ ਹੈ।

ਵਾਈਬ੍ਰੈਂਟ ਗੁਜਰਾਤ ਸੰਮੇਲਨ ਦੇ ਨਾਲ ਪਹਿਲੇ ਦਿਨ ਤੋਂ ਆਪਣੇ ਸਬੰਧ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਦੇ ਬਦਲਦੇ ਰੂਪ ’ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਇਸ ਦਾ ਟੀਚਾ ਦੁਨੀਆ ਨੂੰ ਗੁਜਰਾਤ ਦੀ ਸਮਰੱਥਾ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਲੋਕ ਇੱਥੇ ਆ ਕੇ ਨਿਵੇਸ਼ ਕਰਨ ਅਤੇ ਇਸ ਨਾਲ ਭਾਰਤ ਦੇ ਨਾਲ-ਨਾਲ ਵਿਸ਼ਵ-ਵਿਆਪੀ ਨਿਵੇਸ਼ਕਾਂ ਨੂੰ ਵੀ ਲਾਭ ਹੋਵੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਸੰਮੇਲਨ ਹੁਣ ਨਿਵੇਸ਼ ਤੱਕ ਸੀਮਤ ਨਹੀਂ ਹੈ, ਸਗੋਂ ਵਿਸ਼ਵ-ਵਿਆਪੀ ਵਿਕਾਸ, ਅੰਤਰਰਾਸ਼ਟਰੀ ਸਹਿਯੋਗ ਅਤੇ ਭਾਈਵਾਲੀ ਲਈ ਇੱਕ ਸ਼ਕਤੀਸ਼ਾਲੀ ਪਲੈਟਫਾਰਮ ਬਣ ਗਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਿਛਲੇ ਸਾਲਾਂ ਦੌਰਾਨ ਵਿਸ਼ਵ-ਵਿਆਪੀ ਭਾਗੀਦਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜੋ ਕਿ ਸੰਮੇਲਨ ਦੇ ਸਮਾਵੇਸ਼ੀ ਸੁਭਾਅ ਦਾ ਇੱਕ ਵੱਡਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ, ਕਾਰਪੋਰੇਟ ਸਮੂਹ, ਸਹਿਕਾਰੀ, ਐੱਮਐੱਸਐੱਮਈ, ਸਟਾਰਟਅੱਪ, ਬਹੁਪੱਖੀ ਅਤੇ ਦੁਵੱਲੇ ਸੰਗਠਨ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਨ - ਸਾਰੇ ਇਸ ਪਲੈਟਫਾਰਮ ’ਤੇ ਇਕੱਠੇ ਹੁੰਦੇ ਹਨ। ਉਹ ਇੱਥੇ ਨਾ ਸਿਰਫ਼ ਗੱਲਬਾਤ ਅਤੇ ਚਰਚਾ ਕਰਦੇ ਹਨ, ਸਗੋਂ ਗੁਜਰਾਤ ਦੀ ਵਿਕਾਸ ਯਾਤਰਾ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਵਾਈਬ੍ਰੈਂਟ ਗੁਜਰਾਤ ਸੰਮੇਲਨ ਨੇ ਲਗਾਤਾਰ ਕੁਝ ਨਵਾਂ ਅਤੇ ਵਿਲੱਖਣ ਪੇਸ਼ ਕਰਨ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਇਸ ਪਰੰਪਰਾ ਦੀ ਇੱਕ ਹੋਰ ਸ਼ਾਨਦਾਰ ਉਦਾਹਰਣ ਵਜੋਂ ਉਭਰਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਖੇਤਰੀ ਸੰਮੇਲਨ ਦਾ ਮੁੱਖ ਉਦੇਸ਼ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਛੁਪੀ ਅਣਵਰਤੀ ਸੰਭਾਵਨਾ ਨੂੰ ਪ੍ਰਦਰਸ਼ਨ ਵਿੱਚ ਬਦਲਣਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਦੇ ਹਰੇਕ ਖੇਤਰ ਦੀ ਆਪਣੀ ਵਿਲੱਖਣ ਤਾਕਤ ਹੈ। ਕਿਤੇ ਵਿਸ਼ਾਲ ਤਟਵਰਤੀ ਖੇਤਰ ਦੀ ਸ਼ਕਤੀ ਹੈ, ਤਾਂ ਕਿਤੇ ਇੱਕ ਲੰਬੀ ਕਬਾਇਲੀ ਪੱਟੀ ਦਾ ਵਿਸਥਾਰ ਹੈ। ਕਿਤੇ ਉਦਯੋਗਿਕ ਸਮੂਹਾਂ ਦੀ ਇੱਕ ਵਿਸ਼ਾਲ ਵਾਤਾਵਰਨ ਪ੍ਰਣਾਲੀ ਹੈ, ਤਾਂ ਕਿਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਸਮ੍ਰਿੱਧ ਪਰੰਪਰਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗੁਜਰਾਤ ਦਾ ਹਰੇਕ ਖੇਤਰ ਆਪਣੀ ਵਿਲੱਖਣ ਵਿਸ਼ੇਸ਼ਤਾ ਰੱਖਦਾ ਹੈ ਅਤੇ ਇਹ ਖੇਤਰੀ ਸੰਮੇਲਨ ਇਨ੍ਹਾਂ ਸਥਾਨਕ ਸੰਭਾਵਨਾਵਾਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਕਾਸ ਵੱਲ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਆਰਥਿਕ ਤਰੱਕੀ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਨੇ ਜੋ ਤੇਜ਼ ਤਰੱਕੀ ਕੀਤੀ ਹੈ, ਉਸ ਵਿੱਚ ਗੁਜਰਾਤ ਅਤੇ ਇੱਥੇ ਦੀ ਜਨਤਾ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਨਾਲ ਕਿਹਾ ਕਿ ਭਾਰਤ ਅੱਜ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ ਅਤੇ ਅੰਕੜੇ ਸਪਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਭਾਰਤ ਤੋਂ ਵਿਸ਼ਵ-ਵਿਆਪੀ ਉਮੀਦਾਂ ਲਗਾਤਾਰ ਵਧ ਰਹੀਆਂ ਹਨ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਭਾਰਤ ਇਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥ-ਵਿਵਸਥਾ ਹੈ। ਉਨ੍ਹਾਂ ਨੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕਰਦੇ ਹੋਏ ਕਿਹਾ ਕਿ ਮਹਿੰਗਾਈ ਹੁਣ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਖੇਤੀਬਾੜੀ ਉਤਪਾਦਨ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਮਾਣ ਨਾਲ ਕਿਹਾ ਕਿ ਭਾਰਤ ਦੁੱਧ ਉਤਪਾਦਨ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ ’ਤੇ ਹੈ। ਇਸ ਤੋਂ ਇਲਾਵਾ, ਭਾਰਤ ਜੈਨਰਿਕ ਦਵਾਈਆਂ ਦੇ ਉਤਪਾਦਨ ਵਿੱਚ ਪਹਿਲੇ ਸਥਾਨ ’ਤੇ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਉਤਪਾਦਕ ਵਜੋਂ ਉਭਰਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਕਿਹਾ, "ਭਾਰਤ ਦੀ ਗ੍ਰੋਥ ਫੈਕਟ ਸ਼ੀਟ ਦਰਅਸਲ 'ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ' ਦੇ ਮੰਤਰ ਦੀ ਸਫਲਤਾ ਦੀ ਕਹਾਣੀ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਭਾਰਤ ਦੁਨੀਆ ਵਿੱਚ ਮੋਬਾਈਲ ਡੇਟਾ ਦਾ ਸਭ ਤੋਂ ਵੱਡਾ ਖਪਤਕਾਰ ਬਣ ਗਿਆ ਹੈ ਅਤੇ ਯੂਪੀਆਈ ਵਿਸ਼ਵ ਪੱਧਰ ’ਤੇ ਨੰਬਰ ਵੰਨ ਰੀਅਲ-ਟਾਈਮ ਡਿਜੀਟਲ ਟ੍ਰਾਂਜੈਕਸ਼ਨ ਪਲੈਟਫਾਰਮ ਵਜੋਂ ਉਭਰਿਆ ਹੈ। ਬੀਤੇ ਸਮੇਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ, ਦਸ ਵਿੱਚੋਂ ਨੌਂ ਮੋਬਾਈਲ ਫੋਨ ਆਯਾਤ ਕੀਤੇ ਜਾਂਦੇ ਸਨ, ਪਰ ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਕੋਲ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੈ, ਸੂਰਜੀ ਊਰਜਾ ਉਤਪਾਦਨ ਵਿੱਚ ਚੋਟੀ ਦੇ ਤਿੰਨ ਦੇਸ਼ਾਂ ਵਿੱਚੋਂ ਇੱਕ ਹੈ, ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਹੈ ਅਤੇ ਦੁਨੀਆ ਦੇ ਚੋਟੀ ਦੇ ਤਿੰਨ ਮੈਟਰੋ ਨੈੱਟਵਰਕਾਂ ਵਿੱਚੋਂ ਇੱਕ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ ਦਾ ਹਰ ਮਾਹਰ ਅਤੇ ਸੰਸਥਾ ਅੱਜ ਭਾਰਤ ਪ੍ਰਤੀ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਆਈਐੱਮਐੱਫ ਭਾਰਤ ਨੂੰ ਵਿਸ਼ਵ ਵਿਕਾਸ ਦਾ ਇੰਜਣ ਮੰਨਦਾ ਹੈ, ਐੱਸਐਂਡਪੀ ਨੇ ਅਠਾਰਾਂ ਸਾਲਾਂ ਬਾਅਦ ਭਾਰਤ ਦੀ ਰੇਟਿੰਗ ਨੂੰ ਅੱਪਗ੍ਰੇਡ ਕੀਤਾ ਹੈ ਅਤੇ ਫਿਚ ਰੇਟਿੰਗਜ਼ ਨੇ ਭਾਰਤ ਦੀ ਵਿਸ਼ਾਲ ਆਰਥਿਕ ਸਥਿਰਤਾ ਅਤੇ ਵਿੱਤੀ ਭਰੋਸੇਯੋਗਤਾ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਇਹ ਵਿਸ਼ਵ-ਵਿਆਪੀ ਵਿਸ਼ਵਾਸ ਇਸ ਲਈ ਹੈ ਕਿਉਂਕਿ ਵਿਸ਼ਾਲ ਵਿਸ਼ਵ-ਵਿਆਪੀ ਅਨਿਸ਼ਚਿਤਤਾ ਦੇ ਇਸ ਸਮੇਂ ਵਿੱਚ, ਭਾਰਤ ਬੇਮਿਸਾਲ ਨਿਸ਼ਚਿਤਤਾ ਦੇ ਯੁੱਗ ਤੋਂ ਗੁਜ਼ਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਰਾਜਨੀਤਿਕ ਸਥਿਰਤਾ, ਨੀਤੀਆਂ ਵਿੱਚ ਨਿਰੰਤਰਤਾ ਅਤੇ ਇੱਕ ਉੱਭਰਦਾ ਨਵਾਂ ਮੱਧ ਵਰਗ ਹੈ, ਜਿਸ ਦੀ ਖਰੀਦ ਸ਼ਕਤੀ ਲਗਾਤਾਰ ਵਧ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਭਾਰਤ ਬੇਅੰਤ ਸੰਭਾਵਨਾਵਾਂ ਵਾਲਾ ਦੇਸ਼ ਬਣ ਗਿਆ ਹੈ। ਲਾਲ ਕਿਲ੍ਹੇ ਦੀ ਫਸੀਲ ਤੋਂ ਕਹੇ ਆਪਣੇ ਸ਼ਬਦਾਂ "ਇਹੀ ਸਮਾਂ ਹੈ, ਸਹੀ ਸਮਾਂ ਹੈ" ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਅਤੇ ਦੁਨੀਆ ਦੇ ਹਰ ਨਿਵੇਸ਼ਕ ਲਈ ਭਾਰਤ ਦੀ ਸਮਰੱਥਾ ਦਾ ਲਾਭ ਲੈਣ ਦਾ ਇਹ ਅਸਲ ਵਿੱਚ ਸਹੀ ਸਮਾਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵੀ ਸਾਰੇ ਨਿਵੇਸ਼ਕਾਂ ਨੂੰ ਇਹੀ ਸੰਦੇਸ਼ ਦੇ ਰਿਹਾ ਹੈ - ਕਿ ਸੌਰਾਸ਼ਟਰ ਅਤੇ ਕੱਛ ਵਿੱਚ ਨਿਵੇਸ਼ ਕਰਨ ਦਾ "ਇਹੀ ਸਮਾਂ ਹੈ, ਸਹੀ ਸਮਾਂ ਹੈ"।

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਤੇ ਕੱਛ ਦੀ ਜੁਝਾਰੂ ਸ਼ਕਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਗੁਜਰਾਤ ਦੇ ਇਹ ਖੇਤਰ ਸਾਨੂੰ ਸਿਖਾਉਂਦੇ ਹਨ ਕਿ ਚੁਣੌਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਜੇਕਰ ਕੋਈ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਕੋਸ਼ਿਸ਼ ਕਰਦਾ ਹੈ, ਤਾਂ ਸਫਲਤਾ ਨਿਸ਼ਚਿਤ ਹੈ। ਬੀਤੇ ਸਮੇਂ ਦੇ ਸੰਘਰਸ਼ਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਹੀ ਕੱਛ ਹੈ, ਜਿਸ ਨੇ ਇਸ ਸਦੀ ਦੀ ਸ਼ੁਰੂਆਤ ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਦਾ ਸਾਹਮਣਾ ਕੀਤਾ ਸੀ। ਇਹ ਉਹੀ ਸੌਰਾਸ਼ਟਰ ਹੈ, ਜਿਸ ਨੇ ਸਾਲਾਂ ਤੱਕ ਗੰਭੀਰ ਸੋਕੇ ਦਾ ਸਾਹਮਣਾ ਕੀਤਾ, ਜਿੱਥੇ ਮਾਵਾਂ ਅਤੇ ਭੈਣਾਂ ਨੂੰ ਪੀਣ ਵਾਲੇ ਪਾਣੀ ਲਈ ਕਿੱਲੋਮੀਟਰ ਪੈਦਲ ਜਾਣਾ ਪੈਂਦਾ ਸੀ, ਬਿਜਲੀ ਅਨਿਸ਼ਚਿਤ ਸੀ, ਅਤੇ ਹਰ ਜਗ੍ਹਾ ਮੁਸ਼ਕਲਾਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ 20-25 ਸਾਲ ਦੇ ਨੌਜਵਾਨਾਂ ਨੇ ਸਿਰਫ਼ ਉਸ ਯੁੱਗ ਦੀਆਂ ਕਹਾਣੀਆਂ ਸੁਣੀਆਂ ਹਨ ਜਦੋਂ ਲੋਕ ਲੰਬੇ ਸਮੇਂ ਤੱਕ ਕੱਛ ਜਾਂ ਸੌਰਾਸ਼ਟਰ ਵਿੱਚ ਰਹਿਣ ਤੋਂ ਝਿਜਕਦੇ ਸਨ, ਅਤੇ ਅਜਿਹਾ ਲੱਗਦਾ ਸੀ ਕਿ ਇਹ ਹਾਲਾਤ ਕਦੇ ਨਹੀਂ ਬਦਲਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਮਾਂ ਬਦਲਦਾ ਹੈ ਅਤੇ ਅਸਲ ਵਿੱਚ ਬਦਲਿਆ ਹੈ। ਸੌਰਾਸ਼ਟਰ ਅਤੇ ਕੱਛ ਦੇ ਲੋਕਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਕਿਸਮਤ ਬਦਲ ਦਿੱਤੀ ਹੈ।

 

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਤੇ ਕੱਛ ਦੀ ਉਦਯੋਗਿਕ ਤਾਕਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੱਜ ਇਹ ਖੇਤਰ ਸਿਰਫ਼ ਮੌਕਿਆਂ ਦੇ ਖੇਤਰ ਨਹੀਂ ਹਨ, ਸਗੋਂ ਭਾਰਤ ਦੀ ਵਿਕਾਸ ਯਾਤਰਾ ਦੇ ਮੁੱਖ ਅਧਾਰ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਆਤਮ-ਨਿਰਭਰ ਭਾਰਤ ਅਭਿਆਨ ਨੂੰ ਤੇਜ਼ ਕਰਨ ਵਾਲੇ ਮੁੱਖ ਕੇਂਦਰ ਬਣ ਰਹੇ ਹਨ ਅਤੇ ਭਾਰਤ ਨੂੰ ਇੱਕ ਵਿਸ਼ਵ-ਵਿਆਪੀ ਨਿਰਮਾਣ ਕੇਂਦਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਹ ਵਿਕਾਸ ਪੂਰੀ ਤਰ੍ਹਾਂ ਬਾਜ਼ਾਰ-ਅਧਾਰਤ ਹੈ, ਜੋ ਨਿਵੇਸ਼ਕਾਂ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਰਾਜਕੋਟ ਦੀ ਉਦਯੋਗਿਕ ਵਿਭਿੰਨਤਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਕੱਲੇ ਰਾਜਕੋਟ ਵਿੱਚ 2.5 ਲੱਖ ਤੋਂ ਵੱਧ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਹਨ। ਇੱਥੇ ਦੇ ਵੱਖ-ਵੱਖ ਉਦਯੋਗਿਕ ਸਮੂਹ ਸਕ੍ਰਿਊਡ੍ਰਾਈਵਰਾਂ ਤੋਂ ਲੈ ਕੇ ਆਟੋ ਪਾਰਟਸ, ਮਸ਼ੀਨ ਟੂਲ ਅਤੇ ਲਗਜ਼ਰੀ ਕਾਰ ਲਾਈਨਰ ਤੱਕ ਹਰ ਚੀਜ਼ ਬਣਾਉਂਦੇ ਹਨ। ਇਸ ਤੋਂ ਇਲਾਵਾ, ਹਵਾਈ ਜਹਾਜ਼ਾਂ, ਲੜਾਕੂ ਜਹਾਜ਼ਾਂ ਅਤੇ ਰਾਕੇਟਾਂ ਲਈ ਹਿੱਸੇ ਹੁਣ ਇੱਥੇ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਤਰ ਘੱਟ ਲਾਗਤ ਵਾਲੇ ਨਿਰਮਾਣ ਤੋਂ ਲੈ ਕੇ ਉੱਚ-ਸ਼ੁੱਧਤਾ ਅਤੇ ਉੱਚ-ਤਕਨਾਲੋਜੀ ਨਿਰਮਾਣ ਤੱਕ ਦੀ ਪੂਰੀ ਮੁੱਲ ਲੜੀ ਦਾ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ, ਇੱਥੋਂ ਦਾ ਗਹਿਣਾ ਉਦਯੋਗ ਦੁਨੀਆ ਭਰ ਵਿੱਚ ਮਸ਼ਹੂਰ ਹੈ, ਜੋ ਪੈਮਾਨੇ, ਹੁਨਰ ਅਤੇ ਵਿਸ਼ਵ-ਵਿਆਪੀ ਸਬੰਧਾਂ ਦੀ ਇੱਕ ਵਧੀਆ ਉਦਾਹਰਣ ਪੇਸ਼ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਉਦਯੋਗਿਕ ਤਾਕਤ ਦਾ ਜ਼ਿਕਰ ਕਰਦੇ ਹੋਏ ਅਲੰਗ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਲੰਗ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਤੋੜਨ ਵਾਲਾ ਯਾਰਡ ਹੈ, ਜਿੱਥੇ ਦੁਨੀਆ ਦੇ ਇੱਕ ਤਿਹਾਈ ਜਹਾਜ਼ਾਂ ਨੂੰ ਰੀਸਾਈਕਲ ਕੀਤਾ ਜਾਂਦਾ ਹੈ। ਇਹ ਸਰਕੂਲਰ ਅਰਥ-ਵਿਵਸਥਾ ਵਿੱਚ ਭਾਰਤ ਦੀ ਵਿਸ਼ਵ ਲੀਡਰਸ਼ਿਪ ਦਾ ਇੱਕ ਵੱਡਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਟਾਇਲ ਉਤਪਾਦਨ ਵਿੱਚ ਭਾਰਤ ਦੀ ਸਥਿਤੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਟਾਇਲ ਉਤਪਾਦਕਾਂ ਵਿੱਚੋਂ ਇੱਕ ਹੈ, ਜਿਸ ਵਿੱਚ ਮੋਰਬੀ ਜ਼ਿਲ੍ਹਾ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਇੱਥੇ ਨਿਰਮਾਣ ਨਾ ਸਿਰਫ਼ ਲਾਗਤ-ਪ੍ਰਤੀਯੋਗੀ ਹੈ, ਸਗੋਂ ਇਸ ਦੇ ਵਿਸ਼ਵ ਪੱਧਰੀ ਮਾਪਦੰਡ ਵੀ ਹਨ। ਆਪਣੇ ਇੱਕ ਪੁਰਾਣੇ ਦ੍ਰਿਸ਼ਟੀਕੋਣ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, "ਮੈਂ ਇੱਕ ਵਾਰ ਕਿਹਾ ਸੀ ਕਿ ਮੈਂ ਇੱਕ ਸਮਾਂ ਦੇਖ ਸਕਦਾ ਹਾਂ ਜਦੋਂ ਮੋਰਬੀ, ਜਾਮਨਗਰ ਅਤੇ ਰਾਜਕੋਟ ਇਕੱਠੇ ਹੋ ਕੇ ਇੱਕ ਤਿਕੋਣ ਬਣਾਉਣਗੇ, ਜਿਸ ਨੂੰ 'ਮਿੰਨੀ ਜਪਾਨ' ਕਿਹਾ ਜਾਵੇਗਾ।" ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਇਸ ਬਿਆਨ ਦਾ ਮਜ਼ਾਕ ਉਡਾਇਆ ਸੀ, ਪਰ ਅੱਜ ਮੈਂ ਉਸ ਦ੍ਰਿਸ਼ਟੀਕੋਣ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹਕੀਕਤ ਵਿੱਚ ਬਦਲਦੇ ਹੋਏ ਦੇਖ ਰਿਹਾ ਹਾਂ।

ਪ੍ਰਧਾਨ ਮੰਤਰੀ ਨੇ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ ’ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਆਧੁਨਿਕ ਨਿਰਮਾਣ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਕਿ ਧੋਲੇਰਾ ਵਿੱਚ ਭਾਰਤ ਦੀ ਪਹਿਲੀ ਸੈਮੀਕੰਡਕਟਰ ਫੈਬਰੀਕੇਸ਼ਨ ਸਹੂਲਤ ਸਥਾਪਿਤ ਕੀਤੀ ਜਾ ਰਹੀ ਹੈ, ਜੋ ਇਸ ਖੇਤਰ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਦੁਨੀਆ ਤੋਂ ਇੱਕ ਕਦਮ ਅੱਗੇ ਵਧਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਨਿਵੇਸ਼ ਲਈ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਇੱਥੇ ਨਾ ਸਿਰਫ਼ ਬੁਨਿਆਦੀ ਢਾਂਚਾ ਤਿਆਰ ਹੈ, ਸਗੋਂ ਸਾਡੀਆਂ ਨੀਤੀਆਂ ਵੀ ਸਥਿਰ ਅਤੇ ਅਨੁਮਾਨਯੋਗ ਹਨ ਅਤੇ ਸਾਡਾ ਦ੍ਰਿਸ਼ਟੀਕੋਣ ਲੰਬੇ ਸਮੇਂ ਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌਰਾਸ਼ਟਰ ਅਤੇ ਕੱਛ ਖੇਤਰ ਹੁਣ ਭਾਰਤ ਦੇ ਹਰੇ ਵਿਕਾਸ, ਹਰੀ ਗਤੀਸ਼ੀਲਤਾ ਅਤੇ ਊਰਜਾ ਸੁਰੱਖਿਆ ਲਈ ਪ੍ਰਮੁੱਖ ਕੇਂਦਰਾਂ ਵਜੋਂ ਉੱਭਰ ਰਹੇ ਹਨ। ਉਨ੍ਹਾਂ ਨੇ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਕਿ ਕੱਛ ਵਿੱਚ ਇੱਕ 30 ਗੀਗਾਵਾਟ ਨਵਿਆਉਣਯੋਗ ਊਰਜਾ ਪਾਰਕ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਹਾਈਬ੍ਰਿਡ ਊਰਜਾ ਪਾਰਕ ਹੋਵੇਗਾ। ਉਨ੍ਹਾਂ ਨੇ ਇਸ ਦੇ ਪੈਮਾਨੇ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਪਾਰਕ ਪੈਰਿਸ ਸ਼ਹਿਰ ਨਾਲੋਂ ਪੰਜ ਗੁਣਾ ਵੱਡਾ ਹੋਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖੇਤਰ ਵਿੱਚ ਸਾਫ਼ ਊਰਜਾ ਸਿਰਫ਼ ਇੱਕ ਵਚਨਬੱਧਤਾ ਨਹੀਂ ਹੈ, ਸਗੋਂ ਇੱਕ ਵਪਾਰਕ ਹਕੀਕਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੱਛ ਅਤੇ ਜਾਮਨਗਰ ਹਰੇ ਹਾਈਡ੍ਰੋਜਨ ਉਤਪਾਦਨ ਲਈ ਪ੍ਰਮੁੱਖ ਕੇਂਦਰ ਬਣ ਰਹੇ ਹਨ। ਇਸ ਤੋਂ ਇਲਾਵਾ, ਨਵਿਆਉਣਯੋਗ ਊਰਜਾ ਦੇ ਨਾਲ-ਨਾਲ ਗਰਿੱਡ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਕੱਛ ਵਿੱਚ ਇੱਕ ਵਿਸ਼ਾਲ ਬੈਟਰੀ ਊਰਜਾ ਸਟੋਰੇਜ ਸਿਸਟਮ ਸਥਾਪਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਤੇ ਕੱਛ ਦੀ ਇੱਕ ਹੋਰ ਵੱਡੀ ਤਾਕਤ ਵਜੋਂ ਇੱਥੇ ਦੇ ਵਿਸ਼ਵ ਪੱਧਰੀ ਬੰਦਰਗਾਹਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਿਰਯਾਤ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਬੰਦਰਗਾਹਾਂ ਰਾਹੀਂ ਦੁਨੀਆ ਤੱਕ ਪਹੁੰਚਦਾ ਹੈ। ਪ੍ਰਧਾਨ ਮੰਤਰੀ ਨੇ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਕਿ ਪੀਪਾਵਾਵ ਅਤੇ ਮੁੰਦਰਾ ਬੰਦਰਗਾਹ ਹੁਣ ਆਟੋਮੋਬਾਈਲ ਨਿਰਯਾਤ ਲਈ ਪ੍ਰਮੁੱਖ ਕੇਂਦਰ ਬਣ ਗਏ ਹਨ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਗੁਜਰਾਤ ਦੇ ਬੰਦਰਗਾਹਾਂ ਤੋਂ ਲਗਭਗ 1.75 ਲੱਖ ਵਾਹਨ ਨਿਰਯਾਤ ਕੀਤੇ ਗਏ ਸਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨਾ ਸਿਰਫ਼ ਲੌਜਿਸਟਿਕਸ ਵਿੱਚ ਸਗੋਂ ਬੰਦਰਗਾਹ-ਅਧਾਰਤ ਵਿਕਾਸ ਦੇ ਹਰ ਪਹਿਲੂ ਵਿੱਚ ਬੇਅੰਤ ਨਿਵੇਸ਼ ਦੇ ਮੌਕੇ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਸਰਕਾਰ ਮੱਛੀ ਪਾਲਣ ਖੇਤਰ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਇਸ ਲਈ, ਵੱਡੇ ਪੱਧਰ ’ਤੇ ਬੁਨਿਆਦੀ ਢਾਂਚਾ ਵਿਕਾਸ ਚੱਲ ਰਿਹਾ ਹੈ ਅਤੇ ਸਮੁੰਦਰੀ ਭੋਜਨ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ਕਾਂ ਲਈ ਇੱਕ ਮਜ਼ਬੂਤ ​​ਈਕੋਸਿਸਟਮ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਹੁਨਰ ਵਿਕਾਸ ’ਤੇ ਜ਼ੋਰ ਦਿੰਦੇ ਹੋਏ ਕਿਹਾ, "ਬੁਨਿਆਦੀ ਢਾਂਚੇ ਦੇ ਨਾਲ-ਨਾਲ, ਅੱਜ ਸਭ ਤੋਂ ਵੱਡੀ ਜ਼ਰੂਰਤ ਉਦਯੋਗ-ਤਿਆਰ ਕਾਰਜਬਲ ਦੀ ਹੈ।" ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਗੁਜਰਾਤ ਇਸ ਮੋਰਚੇ ’ਤੇ ਪੂਰੀ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ, ਕਿਉਂਕਿ ਇੱਥੇ ਸਿੱਖਿਆ ਅਤੇ ਹੁਨਰ ਵਿਕਾਸ ਲਈ ਇੱਕ ਸ਼ਾਨਦਾਰ ਅੰਤਰਰਾਸ਼ਟਰੀ ਵਾਤਾਵਰਨ ਪ੍ਰਣਾਲੀ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੌਸ਼ਲਿਆ ਸਕਿੱਲ ਯੂਨੀਵਰਸਿਟੀ, ਆਸਟ੍ਰੇਲੀਆ ਅਤੇ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਦੇ ਨਾਲ ਮਿਲ ਕੇ ਨੌਜਵਾਨਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਕਰ ਰਹੀ ਹੈ। ਉਨ੍ਹਾਂ ਦੇਸ਼ ਦੀ ਪਹਿਲੀ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਅਤੇ ਗਤੀਸ਼ਕਤੀ ਯੂਨੀਵਰਸਿਟੀ ਦਾ ਵੀ ਜ਼ਿਕਰ ਕੀਤਾ, ਜੋ ਸੜਕ, ਰੇਲਵੇ, ਹਵਾਈ, ਜਲ ਮਾਰਗ ਅਤੇ ਲੌਜਿਸਟਿਕਸ ਖੇਤਰਾਂ ਲਈ ਹੁਨਰਮੰਦ ਮਨੁੱਖੀ ਸ਼ਕਤੀ ਤਿਆਰ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਵਿੱਚ ਨਿਵੇਸ਼ ਇੱਕ ਯਕੀਨੀ ਪ੍ਰਤਿਭਾ ਪਾਈਪਲਾਈਨ ਦੇ ਨਾਲ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਬਹੁਤ ਸਾਰੀਆਂ ਵਿਦੇਸ਼ੀ ਯੂਨੀਵਰਸਿਟੀਆਂ ਭਾਰਤ ਵਿੱਚ ਮੌਕਿਆਂ ਦੀ ਭਾਲ ਕਰ ਰਹੀਆਂ ਹਨ ਅਤੇ ਗੁਜਰਾਤ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਆਸਟ੍ਰੇਲੀਆਈ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਪਹਿਲਾਂ ਹੀ ਰਾਜ ਵਿੱਚ ਕੈਂਪਸ ਸਥਾਪਤ ਕਰ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਕਈ ਹੋਰ ਵੱਕਾਰੀ ਸੰਸਥਾਵਾਂ ਦੇ ਆਉਣ ਦੀ ਉਮੀਦ ਹੈ।

 

ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਸੈਰ-ਸਪਾਟਾ ਸਮਰੱਥਾ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਰਾਜ ਕੁਦਰਤ, ਐਡਵੈਂਚਰ, ਸਭਿਆਚਾਰ ਅਤੇ ਵਿਰਾਸਤ ਦਾ ਇੱਕ ਵਿਲੱਖਣ ਸੰਗਮ ਹੈ, ਜੋ ਸੈਲਾਨੀਆਂ ਨੂੰ ਇੱਕ ਸੰਪੂਰਨ ਅਨੁਭਵ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਭਾਰਤ ਦੀ 4,500 ਸਾਲ ਪੁਰਾਣੀ ਸਮੁੰਦਰੀ ਵਿਰਾਸਤ ਦੇ ਪ੍ਰਤੀਕ ਲੋਥਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਥੇ ਦੁਨੀਆ ਦਾ ਸਭ ਤੋਂ ਪੁਰਾਣਾ ਮਨੁੱਖ-ਨਿਰਮਿਤ ਡੌਕਯਾਰਡ ਮੌਜੂਦ ਹੈ, ਜਿੱਥੇ ਹੁਣ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕੱਛ ਦੇ ਰਣ ਉਤਸਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉੱਥੇ ਦੀ ਟੈਂਟ ਸਿਟੀ ਦੁਨੀਆ ਭਰ ਦੇ ਸੈਲਾਨੀਆਂ ਨੂੰ ਇੱਕ ਸ਼ਾਨਦਾਰ ਅਨੁਭਵ ਦੇ ਰਹੀ ਹੈ। ਜੰਗਲੀ ਜੀਵ ਪ੍ਰੇਮੀਆਂ ਲਈ ਉਨ੍ਹਾਂ ਨੇ ਗੀਰ ਦੇ ਜੰਗਲਾਂ ਨੂੰ ਉਜਾਗਰ ਕੀਤਾ, ਜਿੱਥੇ ਹਰ ਸਾਲ 9 ਲੱਖ ਤੋਂ ਵੱਧ ਸੈਲਾਨੀ ਏਸ਼ੀਆਈ ਸ਼ੇਰਾਂ ਨੂੰ ਦੇਖਣ ਲਈ ਆਉਂਦੇ ਹਨ। ਸਮੁੰਦਰ ਤਟ ਟੂਰਿਜ਼ਮ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸ਼ਿਵਰਾਜਪੁਰ ਬੀਚ, ਜੋ ਕਿ ਬਲੂ ਫਲੈਗ ਪ੍ਰਮਾਣਿਤ ਹੈ, ਦੇ ਨਾਲ-ਨਾਲ ਮਾਂਡਵੀ, ਸੋਮਨਾਥ ਅਤੇ ਦਵਾਰਕਾ ਵਿੱਚ ਅਥਾਹ ਸੈਰ-ਸਪਾਟਾ ਸੰਭਾਵਨਾਵਾਂ ਹਨ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਨੇੜੇ ਹੀ ਸਥਿਤ ਦੀਵ ਹੁਣ ਜਲ ਖੇਡਾਂ ਅਤੇ ਬੀਚ ਖੇਡਾਂ ਲਈ ਇੱਕ ਪ੍ਰਮੁੱਖ ਵਿਸ਼ਵ-ਵਿਆਪੀ ਸਥਾਨ ਵਜੋਂ ਉੱਭਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਤੇ ਕੱਛ ਨੂੰ ਅਥਾਹ ਸੰਭਾਵਨਾਵਾਂ ਵਾਲਾ ਖੇਤਰ ਦੱਸਦੇ ਹੋਏ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੌਰਾਸ਼ਟਰ ਅਤੇ ਕੱਛ ਵਿੱਚ ਕੀਤਾ ਗਿਆ ਹਰੇਕ ਨਿਵੇਸ਼ ਨਾ ਸਿਰਫ਼ ਗੁਜਰਾਤ ਦੇ ਵਿਕਾਸ ਨੂੰ ਤੇਜ਼ ਕਰੇਗਾ, ਸਗੋਂ ਦੇਸ਼ ਦੀ ਸਮੁੱਚੀ ਤਰੱਕੀ ਲਈ ਵੀ ਮਹੱਤਵਪੂਰਨ ਸਾਬਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ "ਰਿਫੌਰਮ ਐਕਸਪ੍ਰੈੱਸ" ਇਸ ਯਾਤਰਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ "ਰਿਫੌਰਮ ਐਕਸਪ੍ਰੈਸ" ਦਾ ਅਰਥ ਹੈ ਹਰ ਖੇਤਰ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਲਾਗੂ ਕਰਨਾ। ਹਾਲ ਹੀ ਵਿੱਚ ਲਾਗੂ ਕੀਤੇ ਗਏ ਜੀਐੱਸਟੀ ਸੁਧਾਰਾਂ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਾ ਸਾਰੇ ਖੇਤਰਾਂ ’ਤੇ ਸਕਾਰਾਤਮਕ ਪ੍ਰਭਾਵ ਪਿਆ ਹੈ, ਖ਼ਾਸ ਕਰਕੇ ਸਾਡੇ ਐੱਮਐੱਸਐੱਮਈ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨੇ ਬੀਮਾ ਖੇਤਰ ਵਿੱਚ 100% ਐੱਫਡੀਆਈ ਦੀ ਆਗਿਆ ਦੇ ਕੇ ਇੱਕ ਵੱਡਾ ਸੁਧਾਰ ਕੀਤਾ ਹੈ, ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਵਿਆਪਕ ਬੀਮਾ ਕਵਰੇਜ ਪ੍ਰਦਾਨ ਕਰਨ ਦੀ ਮੁਹਿੰਮ ਵਿੱਚ ਤੇਜ਼ੀ ਆਵੇਗੀ। ਸ਼੍ਰੀ ਮੋਦੀ ਨੇ ਦੱਸਿਆ ਕਿ ਲਗਭਗ ਛੇ ਦਹਾਕਿਆਂ ਬਾਅਦ ਇਨਕਮ ਟੈਕਸ ਕਾਨੂੰਨ ਦਾ ਆਧੁਨਿਕੀਕਰਨ ਕੀਤਾ ਗਿਆ ਹੈ, ਜਿਸ ਨਾਲ ਲੱਖਾਂ ਟੈਕਸਦਾਤਾਵਾਂ ਨੂੰ ਮਹੱਤਵਪੂਰਨ ਰਾਹਤ ਅਤੇ ਸਹੂਲਤ ਮਿਲੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਤਿਹਾਸਕ ਕਿਰਤ ਸੁਧਾਰਾਂ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਤਨਖਾਹ, ਸਮਾਜਿਕ ਸੁਰੱਖਿਆ ਅਤੇ ਉਦਯੋਗ ਨੂੰ ਇੱਕ ਏਕੀਕ੍ਰਿਤ ਢਾਂਚੇ ਦੇ ਅਧੀਨ ਲਿਆਂਦਾ ਗਿਆ ਹੈ। ਇਨ੍ਹਾਂ ਸੁਧਾਰਾਂ ਨਾਲ ਮਜ਼ਦੂਰਾਂ ਦੀ ਭਲਾਈ ਅਤੇ ਉਦਯੋਗਿਕ ਤਰੱਕੀ, ਦੋਵਾਂ ਦਰਮਿਆਨ ਇੱਕ ਬਿਹਤਰ ਸੰਤੁਲਨ ਸਥਾਪਿਤ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਡੇਟਾ-ਸੰਚਾਲਿਤ ਨਵੀਨਤਾ, ਏਆਈ ਖੋਜ ਅਤੇ ਸੈਮੀਕੰਡਕਟਰ ਨਿਰਮਾਣ ਲਈ ਇੱਕ ਗਲੋਬਲ ਹੱਬ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਦੀ ਊਰਜਾ ਮੰਗ ਵਧ ਰਹੀ ਹੈ, ਨਿਸ਼ਚਿਤ ਊਰਜਾ ਸਪਲਾਈ ਦੇਸ਼ ਲਈ ਬਹੁਤ ਮਹੱਤਵਪੂਰਨ ਹੈ ਅਤੇ ਪ੍ਰਮਾਣੂ ਊਰਜਾ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਖ ਸਾਧਨ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਪ੍ਰਮਾਣੂ ਊਰਜਾ ਖੇਤਰ ਵਿੱਚ ਅਗਲੀ ਪੀੜ੍ਹੀ ਦੇ ਸੁਧਾਰ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ 'ਸ਼ਾਂਤੀ ਐਕਟ' ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਰਾਹੀਂ ਸਿਵਲ ਪ੍ਰਮਾਣੂ ਊਰਜਾ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇਤਿਹਾਸਕ ਕਦਮ ਇਸ ਖੇਤਰ ਵਿੱਚ ਨਿਵੇਸ਼ਕਾਂ ਲਈ ਵੱਡੇ ਅਤੇ ਮਹੱਤਵਪੂਰਨ ਮੌਕੇ ਪੈਦਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਇਸ ਸਮਾਗਮ ਵਿੱਚ ਮੌਜੂਦ ਸਾਰੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਦੀ ਰਿਫੌਰਮ ਐਕਸਪ੍ਰੈੱਸ ਅਟੱਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਸੁਧਾਰ ਯਾਤਰਾ ਹੁਣ ਸੰਸਥਾਗਤ ਤਬਦੀਲੀ ਵੱਲ ਵਧ ਗਈ ਹੈ, ਜੋ ਵਿਕਾਸ ਨੂੰ ਇੱਕ ਸਥਾਈ ਅਤੇ ਮਜ਼ਬੂਤ ​​ਨੀਂਹ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੇ ਮੌਜੂਦ ਭਾਗੀਦਾਰ ਸਿਰਫ਼ ਇੱਕ ਸਮਝੌਤੇ ਲਈ ਨਹੀਂ ਆਏ ਹਨ, ਸਗੋਂ ਸੌਰਾਸ਼ਟਰ-ਕੱਛ ਦੇ ਵਿਕਾਸ ਅਤੇ ਇਸ ਦੀ ਸਮ੍ਰਿੱਧ ਵਿਰਾਸਤ ਨਾਲ ਜੁੜਨ ਲਈ ਆਏ ਹਨ। ਸ਼੍ਰੀ ਮੋਦੀ ਨੇ ਨਿਵੇਸ਼ਕਾਂ ਨੂੰ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਥੇ ਨਿਵੇਸ਼ ਕੀਤਾ ਗਿਆ ਤੁਹਾਡਾ ਹਰ ਰੁਪਇਆ ਸ਼ਾਨਦਾਰ ਰਿਟਰਨ ਦੇਵੇਗਾ। ਉਨ੍ਹਾਂ ਨੇ ਸਾਰੇ ਨਿਵੇਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸੰਮੇਲਨ ਦਾ ਹਿੱਸਾ ਬਣਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਰਾਜਕੋਟ ਦੇ ਪ੍ਰਸਿੱਧ ਉਦਯੋਗਪਤੀ ਅਤੇ ਜਯੋਤੀ ਸੀਐੱਨਸੀ ਆਟੋਮੇਸ਼ਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਪਰਾਕ੍ਰਮਸਿੰਘ ਜੀ. ਜਡੇਜਾ ਨੇ ਇਸ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਸਾਧਾਰਨ ਦ੍ਰਿਸ਼ਟੀਕੋਣ ਅਤੇ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਵਾਈਬ੍ਰੈਂਟ ਗੁਜਰਾਤ ਪਹਿਲਕਦਮੀ ਰਾਹੀਂ ਗੁਜਰਾਤ ਨੂੰ ਭਾਰਤ ਦੇ ਵਿਕਾਸ ਇੰਜਣ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਰਗ-ਦਰਸ਼ਨ ਵਿੱਚ ਭਾਰਤ ਨੇ ਗਲੋਬਲ 'ਵੀਯੂਸੀਏ' ਵਾਤਾਵਰਨ - ਵੈਲੈਟੀਲਿਟੀ (ਅਸਥਿਰਤਾ), ਅਨਸਰਟੇਨਿਟੀ (ਅਨਿਸ਼ਚਿਤਤਾ), ਕੌਂਪਲੈਕਸਿਟੀ (ਜਟਿਲਤਾ) ਅਤੇ ਅੰਬਿਗੁਟੀ (ਅਸਪਸ਼ਟਤਾ) – ਨੂੰ ਵਿਜ਼ਨ (ਦ੍ਰਿਸ਼ਟੀ), ਅੰਡਰਸਟੈਂਟਿੰਗ (ਸਮਝ), ਕਲੈਰਿਟੀ (ਸਪਸ਼ਟਤਾ) ਅਤੇ ਐਜੀਲਿਟੀ (ਚੁਸਤੀ) ਵਿੱਚ ਬਦਲ ਦਿੱਤਾ ਹੈ, ਜਿਸ ਨੇ ਮੁਸ਼ਕਲ ਵਿਸ਼ਵ-ਵਿਆਪੀ ਸਥਿਤੀਆਂ ਦੇ ਬਾਵਜੂਦ ਵੀ ਦੇਸ਼ ਵਿੱਚ ਸਥਿਰਤਾ ਨੂੰ ਯਕੀਨੀ ਬਣਾਇਆ ਹੈ। ਸ਼੍ਰੀ ਜਡੇਜਾ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਯੋਤੀ ਸੀਐੱਨਸੀ ਅਗਲੇ ਪੰਜ ਸਾਲਾਂ ਵਿੱਚ ਨਿਰਮਾਣ, ਖੋਜ ਅਤੇ ਵਿਕਾਸ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ₹10,000 ਕਰੋੜ ਤੋਂ ਵੱਧ ਦਾ ਨਿਵੇਸ਼ ਕਰੇਗੀ।

ਉਨ੍ਹਾਂ ਨੇ ਭਾਰਤ ਨੂੰ ਨਿਰਮਾਣ ਵਿੱਚ ਇੱਕ ਵਿਸ਼ਵ-ਵਿਆਪੀ ਲੀਡਰਸ਼ਿਪ ਸਥਿਤੀ ’ਤੇ ਲੈ ਜਾਣ ਦਾ ਸਿਹਰਾ ਪ੍ਰਧਾਨ ਮੰਤਰੀ ਦੀ ਨਵੀਨਤਾ ਅਤੇ ਹੁਨਰ ਵਿਕਾਸ ’ਤੇ ਕੇਂਦ੍ਰਿਤ ਅਗਵਾਈ ਨੂੰ ਦਿੱਤਾ। ਉਨ੍ਹਾਂ ਨੇ ਆਤਮ-ਨਿਰਭਰ ਭਾਰਤ ਅਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਰਕਾਰ, ਉਦਯੋਗ, ਸੰਸਥਾਵਾਂ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਵਜੋਂ ਵੀ ਦਰਸਾਇਆ। ਉਨ੍ਹਾਂ ਦੇ ਸੰਬੋਧਨ ਨੇ ਇਸ ਵਿਸ਼ਵਾਸ ਦੀ ਪੁਸ਼ਟੀ ਕੀਤੀ ਕਿ ਸ਼੍ਰੀ ਮੋਦੀ ਦੀਆਂ ਨੀਤੀਆਂ ਅਤੇ ਸੁਧਾਰਾਂ ਨੇ ਵੱਡੇ ਪੱਧਰ ’ਤੇ ਨਿਵੇਸ਼, ਤਕਨੀਕੀ ਤਰੱਕੀ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਲਈ ਇੱਕ ਅਨੁਕੂਲ ਵਾਤਾਵਰਨ ਬਣਾਇਆ ਹੈ, ਜੋ ਰਾਸ਼ਟਰੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

 

ਅਡਾਨੀ ਪੋਰਟਸ ਅਤੇ ਐੱਸਈਜ਼ੈਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕਰਨ ਅਡਾਨੀ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਵਰਤਨਸ਼ੀਲ ਅਗਵਾਈ ’ਤੇ ਚਾਨਣਾ ਪਾਇਆ, ਜਿਸ ਨੇ ਭਾਰਤ ਦੇ ਪੈਮਾਨੇ ਅਤੇ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਨੇ ਦੇਸ਼ ਨੂੰ ਲੰਬੇ ਸਮੇਂ ਲਈ ਸੋਚ ਰੱਖਣ, ਸੰਸਥਾਵਾਂ ਦਾ ਨਿਰਮਾਣ ਕਰਨ ਅਤੇ ਵਿਕਾਸ ਨੂੰ ਇੱਕ ਸਭਿਅਤਾ ਮਿਸ਼ਨ ਵਜੋਂ ਦੇਖਣ ਦੀ ਸਿੱਖਿਆ ਦਿੱਤੀ ਹੈ, ਜਿੱਥੇ ਦ੍ਰਿਸ਼ਟੀ ਅਤੇ ਅਮਲ ਦਾ ਸਟੀਕ ਮੇਲ ਹੁੰਦਾ ਹੈ। ਸ਼੍ਰੀ ਮੋਦੀ ਦੇ ਮਾਰਗ-ਦਰਸ਼ਨ ਵਿੱਚ ਗੁਜਰਾਤ ਭਾਰਤ ਦੇ ਸਭ ਤੋਂ ਉਦਯੋਗਿਕ ਤੌਰ ’ਤੇ ਉੱਨਤ ਅਤੇ ਵਿਸ਼ਵ ਪੱਧਰ ’ਤੇ ਜੁੜੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ, ਜੋ ਦੇਸ਼ ਦੇ ਜੀਡੀਪੀ, ਉਦਯੋਗਿਕ ਉਤਪਾਦਨ, ਕਾਰਗੋ ਹੈਂਡਲਿੰਗ ਅਤੇ ਨਵਿਆਉਣਯੋਗ ਊਰਜਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਸ਼੍ਰੀ ਅਡਾਨੀ ਨੇ ਯਾਦ ਦਿਵਾਇਆ ਕਿ ਮੁੱਖ ਮੰਤਰੀ ਦੇ ਤੌਰ ’ਤੇ ਸ਼੍ਰੀ ਮੋਦੀ ਨੇ "ਈਜ਼ ਆਫ ਡੂਇੰਗ ਬਿਜ਼ਨਸ" ਦੇ ਰਾਸ਼ਟਰੀ ਸੰਕਲਪ ਬਣਨ ਤੋਂ ਬਹੁਤ ਪਹਿਲਾਂ ਹੀ ਇਹ ਸਿੱਧ ਕਰ ਦਿੱਤਾ ਸੀ ਕਿ ਸੁਸ਼ਾਸਨ ਅਤੇ ਲਾਗੂ ਕਰਨ ਦੀ ਗਤੀ ਕਿਸੇ ਰਾਜ ਨੂੰ ਬਦਲ ਸਕਦੀ ਹੈ।

 

ਪ੍ਰਧਾਨ ਮੰਤਰੀ ਦੇ ਤੌਰ ’ਤੇ ਉਨ੍ਹਾਂ ਨੇ ਇਸ ਦਰਸ਼ਨ ਦਾ ਪੂਰੇ ਭਾਰਤ ਵਿੱਚ ਵਿਸਥਾਰ ਕੀਤਾ ਹੈ, ਜਿਸ ਨਾਲ ਸਹਿਕਾਰੀ ਅਤੇ ਪ੍ਰਤੀਯੋਗੀ ਸੰਘਵਾਦ ਰਾਹੀਂ ਰਾਜਾਂ ਨੂੰ ਵਿਕਾਸ ਦਾ ਇੰਜਣ ਬਣਾਇਆ ਗਿਆ ਹੈ, ਨਾਲ ਹੀ ਨੀਤੀਗਤ ਇਕਸਾਰਤਾ ਅਤੇ ਵੱਡੇ ਪੱਧਰ ’ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਇੱਕ ਖੰਡਿਤ ਵਿਸ਼ਵ ਅਰਥ-ਵਿਵਸਥਾ ਦੇ ਦਰਮਿਆਨ ਇੱਕ ਚਮਕਦਾਰ ਸਥਾਨ ਵਜੋਂ ਉਭਰਿਆ ਹੈ, ਜੋ 8 ਪ੍ਰਤੀਸ਼ਤ ਦੇ ਨੇੜੇ ਵਿਕਾਸ ਦਰ ਦੇ ਨਾਲ ਆਪਣੇ ਨਿਰਮਾਣ ਅਧਾਰ ਦਾ ਵਿਸਥਾਰ ਕਰ ਰਿਹਾ ਹੈ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਅਤੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਵੱਲ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਸ਼੍ਰੀ ਅਡਾਨੀ ਨੇ ਕੱਛ ਅਤੇ ਮੁੰਦਰਾ ਨੂੰ ਇਸ ਦੀਆਂ ਸ਼ਕਤੀਸ਼ਾਲੀ ਉਦਾਹਰਣਾਂ ਵਜੋਂ ਦਰਸਾਇਆ, ਜਿੱਥੇ ਖਾਵੜਾ ਵਿੱਚ 37 ਗੀਗਾਵਾਟ ਨਵਿਆਉਣਯੋਗ ਊਰਜਾ ਪਾਰਕ ਵਰਗੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਨੇ ਅਗਲੇ ਪੰਜ ਸਾਲਾਂ ਵਿੱਚ ਕੱਛ ਵਿੱਚ 1.5 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ, ਜੋ ਰੁਜ਼ਗਾਰ ਸਿਰਜਣ, ਉਦਯੋਗਿਕ ਮੁਕਾਬਲੇਬਾਜ਼ੀ ਅਤੇ ਸਥਿਰਤਾ ਦੀਆਂ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਹੈ। ਉਨ੍ਹਾਂ ਨੇ ਵਿਕਸਿਤ ਭਾਰਤ 2047 ਵੱਲ ਭਾਰਤ ਦੀ ਯਾਤਰਾ ਵਿੱਚ ਗੁਜਰਾਤ ਦੀ ਮਹੱਤਵਪੂਰਨ ਭੂਮਿਕਾ ਦੀ ਵੀ ਪੁਸ਼ਟੀ ਕੀਤੀ।

ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵੈਲਸਪਨ ਗਰੁੱਪ ਦੇ ਚੇਅਰਮੈਨ ਸ਼੍ਰੀ ਬੀ.ਕੇ. ਗੋਇਨਕਾ ਨੇ ਗੁਜਰਾਤ, ਖ਼ਾਸ ਕਰਕੇ ਕੱਛ ਅਤੇ ਸੌਰਾਸ਼ਟਰ ਨੂੰ ਬਦਲਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਦੇ ਘਾਟ ਅਤੇ ਆਫ਼ਤਾਂ ਲਈ ਜਾਣੇ ਜਾਂਦੇ ਖੇਤਰ ਹੁਣ ਵਿਸ਼ਵ ਪੱਧਰੀ ਰਿਫਾਇਨਰੀਆਂ, ਬੰਦਰਗਾਹਾਂ, ਟੈਕਸਟਾਈਲ ਉਦਯੋਗਾਂ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਨੇ ਇਸ ਤਬਦੀਲੀ ਦਾ ਸਿਹਰਾ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਦ੍ਰਿੜ੍ਹ ਇਰਾਦੇ ਨੂੰ ਦਿੱਤਾ, ਜਿਸ ਨੇ ਗੁਜਰਾਤ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ, 2003 ਵਿੱਚ ਪਹਿਲੇ ਵਾਈਬ੍ਰੈਂਟ ਗੁਜਰਾਤ ਸੰਮੇਲਨ ਦੌਰਾਨ, ਸ਼੍ਰੀ ਮੋਦੀ ਨੇ ਵੈਲਸਪਨ ਨੂੰ ਭੂਚਾਲ ਪ੍ਰਭਾਵਿਤ ਕੱਛ ਵਿੱਚ ਆਪਣਾ ਵਿਸਥਾਰ ਪਲਾਂਟ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇਹ ਭਰੋਸਾ ਦਿਵਾਇਆ ਕਿ ਉੱਥੇ ਨਿਵੇਸ਼ ਕੀਤੇ ਗਏ ਹਰ ਰੁਪਏ ਤੋਂ ਕਈ ਗੁਣਾ ਰਿਟਰਨ ਮਿਲੇਗਾ।

 

ਉਸੇ ਦ੍ਰਿਸ਼ਟੀਕੋਣ ਨੇ ਵੈਲਸਪਨ ਦੀ ਗੁਜਰਾਤ ਇਕਾਈ ਨੂੰ ਦੁਨੀਆ ਦੀ ਮੋਹਰੀ ਘਰੇਲੂ ਟੈਕਸਟਾਈਲ ਕੰਪਨੀ ਵਿੱਚ ਬਦਲ ਦਿੱਤਾ, ਜੋ ਅੱਜ 1 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ ਅਤੇ ਅਮਰੀਕਾ ਅਤੇ ਬਰਤਾਨੀਆ ਵਿੱਚ 25 ਪ੍ਰਤੀਸ਼ਤ ਤੋਂ ਵੱਧ ਮਾਰਕੀਟ ਹਿੱਸੇਦਾਰੀ ਰੱਖਦੀ ਹੈ, ਇੱਥੇ ਤੱਕ ਕਿ ਕੰਪਨੀ ਦੇ ਉਤਪਾਦ ਵਿੰਬਲਡਨ ਤੱਕ ਪਹੁੰਚ ਰਹੇ ਹਨ। ਸ਼੍ਰੀ ਗੋਇਨਕਾ ਨੇ ਵੈਲਸਪਨ ਦੇ ਪਾਈਪਲਾਈਨ ਕਾਰੋਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਬਣਨ ਲਈ ₹5,000 ਕਰੋੜ ਦਾ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨੇ ਸ਼੍ਰੀ ਮੋਦੀ ਦੇ ਸੰਕਲਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਤੁਹਾਡਾ ਸੁਪਨਾ ਜਿੰਨਾ ਵੱਡਾ ਹੋਵੇਗਾ, ਮੇਰੀ ਵਚਨਬੱਧਤਾ ਓਨੀ ਹੀ ਵੱਡੀ ਹੋਵੇਗੀ।" ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਵੇਂ ਸੁਪਨਿਆਂ, ਨਵੇਂ ਸੰਕਲਪਾਂ ਅਤੇ ਨਿਰੰਤਰ ਪ੍ਰਾਪਤੀ ਦੇ ਸੱਦੇ ਨੂੰ ਦੁਹਰਾਉਂਦੇ ਹੋਏ ਆਪਣੀ ਗੱਲ ਸਮਾਪਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਚੁਣੌਤੀ ਨਾ ਸਿਰਫ਼ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਹੈ, ਸਗੋਂ ਇਸ ਨੂੰ 2047 ਤੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਦੀ ਵੀ ਹੈ।

ਆਪਣੇ ਵਿਚਾਰ ਸਾਂਝੇ ਕਰਦੇ ਹੋਏ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਸ਼੍ਰੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਪ੍ਰਧਾਨ ਮੰਤਰੀ ਸ਼੍ਰੀ ਨਰੇਦਰ ਮੋਦੀ ਦੀ ਅਗਵਾਈ ਅਤੇ ਦ੍ਰਿਸ਼ਟੀ ਦਾ ਜਸ਼ਨ ਹੈ। ਉਨ੍ਹਾਂ ਨੇ ਭਾਰਤ ਦੇ ਸਭਿਆਤਾਗਤ ਆਤਮ-ਵਿਸ਼ਵਾਸ ਨੂੰ ਮੁੜ ਸੁਰਜੀਤ ਕਰਨ ਅਤੇ ਦੇਸ਼ ਵਿੱਚ ਬੇਮਿਸਾਲ ਵਿਸ਼ਵਾਸ ਅਤੇ ਜੀਵੰਤਤਾ ਦੇ ਯੁੱਗ ਦੀ ਸ਼ੁਰੂਆਤ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ। ਸ਼੍ਰੀ ਅੰਬਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਮੋਦੀ ਯੁੱਗ ਨੂੰ ਇੱਕ ਅਜਿਹੇ ਸਮੇਂ ਵਜੋਂ ਯਾਦ ਰੱਖੇਗਾ ਜਦੋਂ ਭਾਰਤ ਸੰਭਾਵਨਾ ਤੋਂ ਪ੍ਰਦਰਸ਼ਨ, ਇੱਛਾ ਤੋਂ ਲਾਗੂਕਰਨ ਅਤੇ ਇੱਕ ਫਾਲੋਅਰ ਤੋਂ ਵਿਸ਼ਵ ਸ਼ਕਤੀ ਬਣਨ ਵੱਲ ਅੱਗੇ ਵਧਿਆ। ਉਨ੍ਹਾਂ ਨੇ ਰਿਲਾਇੰਸ ਲਈ ਗੁਜਰਾਤ ਦੇ ਵਿਸ਼ੇਸ਼ ਸਥਾਨ ਨੂੰ ਉਜਾਗਰ ਕਰਦੇ ਹੋਏ ਇਸ ਨੂੰ ਕੰਪਨੀ ਦਾ ਸਰੀਰ, ਦਿਲ ਅਤੇ ਆਤਮਾ ਦੱਸਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਪੰਜ ਮਜ਼ਬੂਤ ​​ਵਚਨਬੱਧਤਾਵਾਂ ਦਾ ਵੀ ਐਲਾਨ ਕੀਤਾ।

 

ਪਹਿਲੀ ਵਚਨਬੱਧਤਾ ਵਿੱਚ ਰਿਲਾਇੰਸ ਅਗਲੇ ਪੰਜ ਸਾਲਾਂ ਵਿੱਚ ਗੁਜਰਾਤ ਵਿੱਚ ਆਪਣੇ ਨਿਵੇਸ਼ ਨੂੰ ਦੁੱਗਣਾ ਕਰਕੇ ₹7 ਲੱਖ ਕਰੋੜ ਤੱਕ ਲੈ ਜਾਵੇਗੀ, ਜਿਸ ਨਾਲ ਵੱਡੇ ਪੱਧਰ ’ਤੇ ਰੁਜ਼ਗਾਰ ਅਤੇ ਖ਼ੁਸ਼ਹਾਲੀ ਦੀ ਸਿਰਜਣਾ ਹੋਵੇਗੀ। ਦੂਜਾ, ਜਾਮਨਗਰ ਵਿੱਚ ਕੰਪਨੀ ਦੁਨੀਆ ਦਾ ਸਭ ਤੋਂ ਵੱਡਾ ਏਕੀਕ੍ਰਿਤ ਸਾਫ਼ ਊਰਜਾ ਈਕੋਸਿਸਟਮ ਬਣਾ ਰਹੀ ਹੈ, ਜਿਸ ਵਿੱਚ ਸੂਰਜੀ ਊਰਜਾ, ਬੈਟਰੀ ਸਟੋਰੇਜ, ਗ੍ਰੀਨ ਹਾਈਡ੍ਰੋਜਨ, ਖਾਦਾਂ, ਟਿਕਾਊ ਈਂਧਣ ਅਤੇ ਉੱਨਤ ਸਮੱਗਰੀ ਦਾ ਉਤਪਾਦਨ ਸ਼ਾਮਲ ਹੋਵੇਗਾ। ਤੀਜਾ, ਰਿਲਾਇੰਸ ਭਾਰਤ ਦਾ ਸਭ ਤੋਂ ਵੱਡਾ ਏਆਈ-ਤਿਆਰ ਡੇਟਾ ਸੈਂਟਰ ਵਿਕਸਿਤ ਕਰ ਰਹੀ ਹੈ, ਤਾਂ ਜੋ ਹਰ ਨਾਗਰਿਕ ਲਈ ਕਿਫਾਇਤੀ ਏਆਈ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ, ਜਿਸ ਦੀ ਸ਼ੁਰੂਆਤ ਗੁਜਰਾਤ ਤੋਂ ਹੋਵੇਗੀ। ਚੌਥਾ, ਰਿਲਾਇੰਸ ਫਾਊਂਡੇਸ਼ਨ ਭਾਰਤ ਦੀਆਂ ਓਲੰਪਿਕ ਇੱਛਾਵਾਂ ਦਾ ਸਮਰਥਨ ਕਰੇਗਾ ਅਤੇ ਗੁਜਰਾਤ ਸਰਕਾਰ ਨਾਲ ਸਾਂਝੇਦਾਰੀ ਵਿੱਚ ਵੀਰ ਸਾਵਰਕਰ ਮਲਟੀ-ਸਪੋਰਟਸ ਕੰਪਲੈਕਸ ਦਾ ਪ੍ਰਬੰਧਨ ਕਰਕੇ ਭਵਿੱਖ ਦੇ ਚੈਂਪੀਅਨਾਂ ਨੂੰ ਸਿਖਲਾਈ ਦੇਵੇਗਾ। ਪੰਜਵਾਂ, ਰਿਲਾਇੰਸ ਰਾਜ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਸਹੂਲਤਾਂ ਦਾ ਵਿਸਤਾਰ ਕਰੇਗਾ, ਜਿਸ ਵਿੱਚ ਜਾਮਨਗਰ ਵਿੱਚ ਇੱਕ ਵਿਸ਼ਵ ਪੱਧਰੀ ਹਸਪਤਾਲ ਸਥਾਪਤ ਕਰਨਾ ਸ਼ਾਮਲ ਹੈ।

ਸ਼੍ਰੀ ਅੰਬਾਨੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਸ ਗੱਲ ’ਤੇ ਜ਼ੋਰ ਦੇ ਕੇ ਕੀਤੀ ਕਿ ਵਿਸ਼ਵ-ਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਸੁਰੱਖਿਅਤ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ "ਅਜਿੱਤ ਸੁਰੱਖਿਆ ਦੀਵਾਰ" ਦੱਸਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਭਾਰਤ ਲਈ ਇੱਕ ਨਿਰਣਾਇਕ ਦਹਾਕਾ ਹੈ, ਜਿਸ ਵਿੱਚ ਸ਼੍ਰੀ ਮੋਦੀ ਨਾ ਸਿਰਫ਼ ਦੇਸ਼ ਨੂੰ ਭਵਿੱਖ ਲਈ ਤਿਆਰ ਕਰ ਰਹੇ ਹਨ, ਸਗੋਂ ਇਸ ਨੂੰ ਸਰਗਰਮੀ ਨਾਲ ਆਕਾਰ ਵੀ ਦੇ ਰਹੇ ਹਨ। ਅੰਤ ਵਿੱਚ, ਉਨ੍ਹਾਂ ਨੇ ਗੁਜਰਾਤ ਅਤੇ ਵਿਕਸਿਤ ਭਾਰਤ 2047 ਦੇ ਟੀਚੇ ਪ੍ਰਤੀ ਰਿਲਾਇੰਸ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।

ਇਸ ਮੌਕੇ ’ਤੇ ਬੋਲਦਿਆਂ ਭਾਰਤ ਵਿੱਚ ਰਵਾਂਡਾ ਦੀ ਹਾਈ ਕਮਿਸ਼ਨਰ, ਸ਼੍ਰੀਮਤੀ ਜੈਕਲੀਨ ਮੁਕਾਂਗਿਰਾ ਨੇ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਰਵਾਂਡਾ ਨੂੰ ਇੱਕ ਦੇਸ਼ ਭਾਈਵਾਲ ਵਜੋਂ ਸੱਦਾ ਦੇਣ ਲਈ ਗੁਜਰਾਤ ਦੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿੱਚ ਬੋਲਣ ਦੇ ਮੌਕੇ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਸੰਮੇਲਨ ਦੇ ਸਫਲ ਆਯੋਜਨ ਲਈ ਗੁਜਰਾਤ ਸਰਕਾਰ ਨੂੰ ਵਧਾਈ ਦਿੱਤੀ ਅਤੇ ਰਵਾਂਡਾ ਅਤੇ ਭਾਰਤ ਦਰਮਿਆਨ ਮਜ਼ਬੂਤ ​​ਦੁਵੱਲੇ ਸਬੰਧਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰਵਾਂਡਾ ਦੀ ਇਤਿਹਾਸਕ ਫੇਰੀ ਨੂੰ ਯਾਦ ਕੀਤਾ, ਜਿਸ ਦੌਰਾਨ ਛੇ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਸਨ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ 200 ਗਊਆਂ ਦਾਨ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਇਸ ਮਾਨਵਤਾਵਾਦੀ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਉਨ੍ਹਾਂ ਦੀ ਉਦਾਰਤਾ ਅਤੇ ਅਗਵਾਈ ਦੀ ਇੱਕ ਵਿਲੱਖਣ ਉਦਾਹਰਣ ਦੱਸਿਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਰਾਸ਼ਟਰਪਤੀ ਪਾਲ ਕਾਗਾਮੇ ਪੰਜ ਵਾਰ ਭਾਰਤ ਦੀ ਯਾਤਰਾ ਕੀਤੀ ਹੈ, ਜਿਸ ਵਿੱਚ 2017 ਵਿੱਚ ਵਾਈਬ੍ਰੈਂਟ ਗੁਜਰਾਤ ਸੰਮੇਲਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਵੀ ਸ਼ਾਮਲ ਹੈ। ਸ਼੍ਰੀਮਤੀ ਮੁਕਾਂਗਿਰਾ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਨੇਤਾਵਾਂ ਦੇ ਸਾਂਝੇ ਯਤਨਾਂ ਨੇ ਰਵਾਂਡਾ-ਭਾਰਤ ਸਬੰਧਾਂ ਨੂੰ ਇੱਕ ਰਣਨੀਤਕ ਪੱਧਰ ਤੱਕ ਪਹੁੰਚਾ ਦਿੱਤਾ ਹੈ।

ਸੁਸ਼੍ਰੀ ਮੁਕਾਂਗਿਰਾ ਨੇ ਰਵਾਂਡਾ ਦਾ ਜ਼ਿਕਰ ਇੱਕ ਤੇਜ਼ੀ ਨਾਲ ਵਿਕਸਿਤ ਹੋ ਰਹੇ ਅਤੇ ਸਥਿਰ ਰਾਸ਼ਟਰ ਦੇ ਰੂਪ ਵਿੱਚ ਕੀਤਾ, ਜਿੱਥੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਵਾਂਡਾ ਸ਼ਾਸਨ ਪਾਰਦਰਸ਼ਤਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਦੇ ਮਾਮਲੇ ਵਿੱਚ ਅਫਰੀਕਾ ਵਿੱਚ ਪਹਿਲੇ ਸਥਾਨ ’ਤੇ ਹੈ ਅਤੇ ਦੇਸ਼ ਨੇ 2025 ਦੀ ਤੀਜੀ ਤਿਮਾਹੀ ਵਿੱਚ 11.8 ਪ੍ਰਤੀਸ਼ਤ ਦੀ ਆਰਥਿਕ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਰਵਾਂਡਾ ਦਾ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਅਤੇ ਵਪਾਰਕ ਭਾਈਵਾਲ ਹੈ। ਉਨ੍ਹਾਂ ਨੇ ਭਾਰਤੀ ਨਿਵੇਸ਼ਕਾਂ ਨੂੰ ਨਿਰਮਾਣ, ਬੁਨਿਆਦੀ ਢਾਂਚਾ, ਆਈਸੀਟੀ, ਖੇਤੀਬਾੜੀ, ਖਣਨ, ਸੈਰ-ਸਪਾਟਾ, ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਅਤੇ ਬਿਹਤਰ ਪ੍ਰੋਤਸਾਹਨ ਦੇਣ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ ਡੈਲੀਗੇਟਾਂ ਨੂੰ ਰਵਾਂਡਾ ਦਾ ਦੌਰਾ ਕਰਨ ਲਈ ਸੱਦਾ ਦਿੱਤਾ, ਜੋ ਕਿ ਮਸ਼ਹੂਰ ਪਹਾੜੀ ਗੋਰਿੱਲਾ ਅਤੇ ਵੱਡੇ ਪੰਜ ਜਾਨਵਰਾਂ ਦਾ ਘਰ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਰਵਾਂਡਾ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

 

ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਡਾ. ਓਲੇਕਸੈਂਡਰ ਪੋਲਿਸ਼ਚੁਕ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਲਈ ਦਿਲੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸ਼੍ਰੀ ਮੋਦੀ ਦੀ ਵਿਕਾਸ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਕ ਖੇਤਰੀ ਨੇਤਾ ਤੋਂ ਇੱਕ ਰਾਸ਼ਟਰੀ ਸ਼ਖ਼ਸੀਅਤ ਅਤੇ ਹੁਣ ਇੱਕ ਵਿਸ਼ਵ-ਵਿਆਪੀ ਰਾਜਨੇਤਾ ਤੱਕ ਦੀ ਉਨ੍ਹਾਂ ਦੀ ਯਾਤਰਾ ਵਿਲੱਖਣ ਹੈ, ਜਿਸ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉਨ੍ਹਾਂ ਦੇ ਵਿਸ਼ਵ-ਵਿਆਪੀ ਯਤਨ ਸ਼ਾਮਲ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਤਹਿਤ ਗੁਜਰਾਤ ਆਪਣੇ ਵਿਕਾਸ ਮਾਡਲ ਲਈ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਡਲ ਹੁਣ ਪੂਰੇ ਭਾਰਤ ਵਿੱਚ ਫੈਲ ਗਿਆ ਹੈ ਅਤੇ ਦੇਸ਼ ਨੂੰ ਇੱਕ ਵਿਸ਼ਵ-ਵਿਆਪੀ ਸ਼ਕਤੀ ਬਣਨ ਅਤੇ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਅਗਵਾਈ ਕਰ ਰਿਹਾ ਹੈ।

ਉਨ੍ਹਾਂ ਨੇ ਗੁਜਰਾਤ ਸਰਕਾਰ ਅਤੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ ਤੌਰ ’ਤੇ ਸਿੱਖਿਆ, ਸੰਸਥਾਗਤ ਭਾਈਵਾਲੀ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਉਜਾਗਰ ਕੀਤਾ, ਜੋ ਦੋਵਾਂ ਦੇਸ਼ਾਂ ਦਰਮਿਆਨ ਜਨ-ਜਨ ਅਤੇ ਗਿਆਨ-ਅਧਾਰਤ ਸਬੰਧਾਂ ਨੂੰ ਮਜ਼ਬੂਤ ​​ਕਰਦੇ ਹਨ। ਡਾ. ਪੋਲਿਸ਼ਚੁਕ ਨੇ ਯਾਦ ਦਿਵਾਇਆ ਕਿ ਯੂਕਰੇਨ ਨੇ ਵਾਈਬ੍ਰੈਂਟ ਗੁਜਰਾਤ ਸੰਮੇਲਨ 2023 ਵਿੱਚ ਇੱਕ ਭਾਈਵਾਲ ਦੇਸ਼ ਵਜੋਂ ਮਾਣ ਨਾਲ ਹਿੱਸਾ ਲਿਆ ਸੀ ਅਤੇ ਉਹ ਇਸ ਨੂੰ ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਦੇ ਇੱਕ ਰਣਨੀਤਕ ਮੌਕੇ ਵਜੋਂ ਦੇਖਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨੀ ਉਦਯੋਗ ਇਸ ਸਮੇਂ ਭਾਰਤ ਨਾਲ ਖੇਤੀਬਾੜੀ, ਇੰਜੀਨੀਅਰਿੰਗ, ਆਈਟੀ, ਊਰਜਾ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਸਰਗਰਮੀ ਨਾਲ ਜੁੜਿਆ ਹੋਇਆ ਹੈ, ਅਤੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਪਹਿਲਾਂ ਹੀ $4 ਬਿਲੀਅਨ ਤੱਕ ਪਹੁੰਚ ਗਿਆ ਹੈ।

ਡਾ. ਪੋਲਿਸ਼ਚੁਕ ਨੇ ਭਾਰਤੀ ਕੰਪਨੀਆਂ ਨੂੰ ਪੋਲੈਂਡ ਵਿੱਚ ਹੋਣ ਵਾਲੇ ਯੂਕਰੇਨ ਰਿਕਵਰੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਉਦਯੋਗਿਕ ਅਤੇ ਤਕਨੀਕੀ ਸਹਿਯੋਗ ਦੇ ਵਿਸਥਾਰ ਦੀ ਸੰਭਾਵਨਾ ’ਤੇ ਚਾਨਣਾ ਪਾਇਆ, ਜਿਸ ਵਿੱਚ ਮੇਕ ਇਨ ਇੰਡੀਆ ਫਰੇਮਵਰਕ ਦੇ ਤਹਿਤ ਰੱਖਿਆ ਖੇਤਰ ਵਿੱਚ ਭਾਈਵਾਲੀ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਯੁੱਧ ਦੇ ਸਾਲਾਂ ਦੌਰਾਨ 2024 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਯੂਕਰੇਨ ਦੀ ਇਤਿਹਾਸਕ ਯਾਤਰਾ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਨਾਲ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ’ਤੇ ਲੈ ਜਾਣ ਦੇ ਸੰਕਲਪ ਦੀ ਪੁਸ਼ਟੀ ਕੀਤੀ ਹੈ।

 

ਉਨ੍ਹਾਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀ ਗੱਲ ਖ਼ਤਮ ਕਰਦੇ ਹੋਏ ਕਿਹਾ ਕਿ ਯੂਕਰੇਨ ਵਿੱਚ ਸਥਾਈ ਸ਼ਾਂਤੀ ਦੀ ਸਥਾਪਨਾ ਭਾਰਤ-ਯੂਕਰੇਨ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗੀ, ਜਿਸ ਵਿੱਚ ਗੁਜਰਾਤ ਨਾਲ ਭਾਈਵਾਲੀ ਵੀ ਸ਼ਾਮਲ ਹੈ। ਅੰਤ ਵਿੱਚ, ਉਨ੍ਹਾਂ ਨੇ ਵਾਈਬ੍ਰੈਂਟ ਗੁਜਰਾਤ ਸੰਮੇਲਨ ਨੂੰ ਅਰਥਪੂਰਨ ਵਿਚਾਰ-ਵਟਾਂਦਰੇ ਅਤੇ ਮਜ਼ਬੂਤ ​​ਨਵੀਆਂ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਹਰ ਸਫਲਤਾ ਦੀ ਕਾਮਨਾ ਕੀਤੀ।

ਇਸ ਸਮਾਗਮ ਵਿੱਚ ਹੋਰ ਪਤਵੰਤਿਆਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਮੌਜੂਦ ਸਨ।

ਪਿਛੋਕੜ

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ 14 ਗ੍ਰੀਨਫੀਲਡ ਸਮਾਰਟ ਗੁਜਰਾਤ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ (ਜੀਆਈਡੀਸੀ) ਅਸਟੇਟਾਂ ਦੇ ਵਿਕਾਸ ਦਾ ਐਲਾਨ ਕੀਤਾ ਅਤੇ ਰਾਜਕੋਟ ਵਿੱਚ ਜੀਆਈਡੀਸੀ ਦੇ ਮੈਡੀਕਲ ਡਿਵਾਈਸ ਪਾਰਕ ਦਾ ਉਦਘਾਟਨ ਵੀ ਕੀਤਾ।

ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ 11 ਤੋਂ 12 ਜਨਵਰੀ, 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕੱਛ ਅਤੇ ਸੌਰਾਸ਼ਟਰ ਖੇਤਰਾਂ ਦੇ 12 ਜ਼ਿਲ੍ਹਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਨ੍ਹਾਂ ਖੇਤਰਾਂ ਨੂੰ ਵਿਸ਼ੇਸ਼ ਤੌਰ ’ਤੇ ਸਮਰਪਿਤ, ਇਸ ਸੰਮੇਲਨ ਦਾ ਉਦੇਸ਼ ਪੱਛਮੀ ਗੁਜਰਾਤ ਵਿੱਚ ਨਿਵੇਸ਼ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨਾ ਹੈ। ਸੰਮੇਲਨ ’ਤੇ ਧਿਆਨ ਦਿੱਤੇ ਗਏ ਮੁੱਖ ਖੇਤਰਾਂ ਵਿੱਚ ਸਿਰੇਮਿਕਸ, ਇੰਜੀਨੀਅਰਿੰਗ, ਬੰਦਰਗਾਹਾਂ ਅਤੇ ਲੌਜਿਸਟਿਕਸ, ਮੱਛੀ ਪਾਲਣ, ਪੈਟਰੋਕੈਮੀਕਲਸ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਖਣਿਜ, ਹਰੀ ਊਰਜਾ ਈਕੋਸਿਸਟਮ, ਹੁਨਰ ਵਿਕਾਸ, ਸਟਾਰਟਅੱਪ, ਐੱਮਐੱਸਐੱਮਈ, ਸੈਰ-ਸਪਾਟਾ ਅਤੇ ਸਭਿਆਚਾਰ ਸ਼ਾਮਲ ਹਨ। ਜਾਪਾਨ, ਦੱਖਣੀ ਕੋਰੀਆ, ਰਵਾਂਡਾ ਅਤੇ ਯੂਕਰੇਨ ਇਸ ਸੰਮੇਲਨ ਲਈ ਭਾਈਵਾਲ ਦੇਸ਼ ਹੋਣਗੇ।

ਵਾਈਬ੍ਰੈਂਟ ਗੁਜਰਾਤ ਦੇ ਸਫਲ ਮਾਡਲ ਦੀ ਪਹੁੰਚ ਅਤੇ ਪ੍ਰਭਾਵ ਨੂੰ ਹੋਰ ਜ਼ਿਆਦਾ ਵਧਾਉਣ ਲਈ ਪੂਰੇ ਰਾਜ ਭਰ ਵਿੱਚ ਚਾਰ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਹਨ। ਉੱਤਰ ਗੁਜਰਾਤ ਖੇਤਰ ਲਈ ਖੇਤਰੀ ਸੰਮੇਲਨ ਦਾ ਪਹਿਲਾ ਐਡੀਸ਼ਨ 9-10 ਅਕਤੂਬਰ, 2025 ਨੂੰ ਮਹਿਸਾਣਾ ਵਿੱਚ ਆਯੋਜਿਤ ਕੀਤਾ ਗਿਆ ਸੀ। ਮੌਜੂਦਾ ਐਡੀਸ਼ਨ ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਦੱਖਣੀ ਗੁਜਰਾਤ (9-10 ਅਪ੍ਰੈਲ, 2026) ਅਤੇ ਮੱਧ ਗੁਜਰਾਤ (10-11 ਜੂਨ, 2026) ਖੇਤਰਾਂ ਲਈ ਖੇਤਰੀ ਸੰਮੇਲਨ ਕ੍ਰਮਵਾਰ: ਸੂਰਤ ਅਤੇ ਵਡੋਦਰਾ ਵਿੱਚ ਆਯੋਜਿਤ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਅਤੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸਫਲਤਾ ਅਤੇ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਖੇਤਰੀ ਸੰਮੇਲਨਾਂ ਦਾ ਉਦੇਸ਼ ਖੇਤਰ-ਵਿਸ਼ੇਸ਼ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਆਕਰਸ਼ਿਤ ਕਰਨਾ ਅਤੇ ਵਿਸ਼ਵ-ਵਿਆਪੀ ਸ਼ਮੂਲੀਅਤ ਨੂੰ ਵਧਾਉਣਾ ਹੈ। ਵਾਈਬ੍ਰੈਂਟ ਗੁਜਰਾਤ ਪਲੈਟਫਾਰਮ ਨੂੰ ਸਿੱਧੇ ਖੇਤਰਾਂ (ਰੀਜਨ) ਤੱਕ ਲੈ ਜਾ ਕੇ, ਇਹ ਪਹਿਲਕਦਮੀ ਵਿਕੇਂਦਰੀਕ੍ਰਿਤ ਵਿਕਾਸ, ਕਾਰੋਬਾਰ ਕਰਨ ਵਿੱਚ ਆਸਾਨੀ, ਨਵੀਨਤਾ-ਅਗਵਾਈ ਵਾਲੇ ਵਿਕਾਸ ਅਤੇ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਪ੍ਰਧਾਨ ਮੰਤਰੀ ਦੇ ਜ਼ੋਰ ਨੂੰ ਵੀ ਦਰਸਾਉਂਦੀ ਹੈ।

ਇਹ ਖੇਤਰੀ ਸੰਮੇਲਨ ਨਾ ਸਿਰਫ਼ ਖੇਤਰੀ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਨਵੀਆਂ ਪਹਿਲਕਦਮੀਆਂ ਦਾ ਐਲਾਨ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਨਗੇ, ਸਗੋਂ ਖੇਤਰੀ ਅਰਥ-ਵਿਵਸਥਾਵਾਂ ਨੂੰ ਸਸ਼ਕਤ ਬਣਾ ਕੇ, ਨਵੀਨਤਾ ਨੂੰ ਉਤਸ਼ਾਹਿਤ ਕਰਕੇ ਅਤੇ ਰਾਜ ਦੇ ਹਰ ਹਿੱਸੇ ਵਿੱਚ ਰਣਨੀਤਕ ਨਿਵੇਸ਼ਾਂ ਨੂੰ ਸੁਵਿਧਾਜਨਕ ਬਣਾ ਕੇ ਗੁਜਰਾਤ ਦੀ ਵਿਕਾਸ ਕਹਾਣੀ ਨੂੰ ਸਾਂਝੇ ਤੌਰ ’ਤੇ ਲਿਖਣ ਦੇ ਸਾਧਨ ਵਜੋਂ ਵੀ ਕੰਮ ਕਰਨਗੇ। ਇਨ੍ਹਾਂ ਖੇਤਰੀ ਸੰਮੇਲਨਾਂ ਦੀਆਂ ਪ੍ਰਾਪਤੀਆਂ ਨੂੰ ਜਨਵਰੀ, 2027 ਵਿੱਚ ਆਯੋਜਿਤ ਹੋਣ ਵਾਲੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ ਅਗਲੇ ਐਡੀਸ਼ਨ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
On Puri’s Grand Road, a devotee’s submission

Media Coverage

On Puri’s Grand Road, a devotee’s submission
NM on the go

Nm on the go

Always be the first to hear from the PM. Get the App Now!
...
Prime Minister speaks with the Amir of Qatar
July 16, 2026
PM conveys heartfelt condolences on the passing of the Father Amir of Qatar
PM recalls the Father Amir’s visionary leadership and his contribution to strengthening India-Qatar relations
The two leaders reaffirm their resolve to carry forward the Father Amir’s legacy

Prime Minister Shri Narendra Modi had a telephone conversation today with the Amir of the State of Qatar, H.H. Sheikh Tamim bin Hamad Al Thani.

Prime Minister conveyed his heartfelt condolences on the passing of H.H. Sheikh Hamad bin Khalifa Al Thani, the Father Amir of Qatar.

Recalling the Father Amir’s significant contributions as the chief architect of modern Qatar, Prime Minister paid tribute to his visionary leadership, and recalled his pivotal role in strengthening India-Qatar relations over the years as well as his deep affection for India and the Indian community in Qatar.

The Amir of Qatar thanked Prime Minister for his call and conveyed his appreciation for the words of support in this difficult hour.

The two leaders reaffirmed their resolve to carry forward the Father Amir’s legacy and further strengthen the India-Qatar Strategic Partnership and people-to-people ties.

They agreed to remain in close touch.