ਅੱਜ ਅਸੀਂ ਜਿਨ੍ਹਾਂ ਨੀਤੀਆਂ 'ਤੇ ਕੰਮ ਕਰ ਰਹੇ ਹਾਂ, ਜੋ ਫੈਸਲੇ ਅਸੀਂ ਲੈ ਰਹੇ ਹਾਂ, ਉਹ ਅਗਲੇ ਹਜ਼ਾਰ ਵਰ੍ਹਿਆਂ ਲਈ ਭਵਿੱਖ ਨੂੰ ਆਕਾਰ ਦੇਣਗੇ: ਪੀਐੱਮ
ਭਾਰਤ ਦਾ ਆਕਾਂਖੀ ਸਮਾਜ - ਨੌਜਵਾਨ, ਕਿਸਾਨ, ਮਹਿਲਾਵਾਂ - ਆਪਣੇ ਸੁਪਨਿਆਂ ਨਾਲ ਬੇਮਿਸਾਲ ਉਚਾਈਆਂ 'ਤੇ ਪਹੁੰਚ ਰਹੇ ਹਨ, ਇਨ੍ਹਾਂ ਅਸਾਧਾਰਣ ਇੱਛਾਵਾਂ ਨੂੰ ਪੂਰਾ ਕਰਨ ਲਈ, ਅਸਾਧਾਰਣ ਗਤੀ ਦੀ ਜ਼ਰੂਰਤ ਹੈ: ਪੀਐੱਮ
ਵਾਸਤਵਿਕ ਪ੍ਰਗਤੀ ਦਾ ਅਰਥ ਛੋਟੇ ਬਦਲਾਅ ਨਹੀਂ ਸਗੋਂ ਵੱਡੇ ਪੈਮਾਨੇ ‘ਤੇ ਪ੍ਰਭਾਵ ਹਨ; ਹਰ ਘਰ ਵਿੱਚ ਸਾਫ਼ ਪਾਣੀ, ਹਰ ਬੱਚੇ ਲਈ ਮਿਆਰੀ ਸਿੱਖਿਆ, ਹਰ ਉੱਦਮੀ ਨੂੰ ਵਿੱਤੀ ਪਹੁੰਚ ਅਤੇ ਹਰ ਪਿੰਡ ਲਈ ਡਿਜੀਟਲ ਅਰਥਵਿਵਸਥਾ ਦਾ ਲਾਭ, ਇਹ ਸਰਵਪੱਖੀ ਵਿਕਾਸ ਹੈ: ਪੀਐੱਮ
ਸ਼ਾਸਨ ਦੀ ਗੁਣਵੱਤਾ ਇਸ ਗੱਲ ਤੋਂ ਨਿਰਧਾਰਿਤ ਹੁੰਦੀ ਹੈ ਕਿ ਯੋਜਨਾਵਾਂ ਲੋਕਾਂ ਤੱਕ ਕਿਸ ਹੱਦ ਤੱਕ ਪਹੁੰਚੀਆਂ ਹਨ ਅਤੇ ਉਨ੍ਹਾਂ ਦਾ ਜ਼ਮੀਨੀ ਪੱਧਰ 'ਤੇ ਵਾਸਤਵਿਕ ਪ੍ਰਭਾਵ ਕਿੰਨਾ ਹੈ: ਪੀਐੱਮ
ਪਿਛਲੇ 10 ਵਰ੍ਹਿਆਂ ਵਿੱਚ, ਭਾਰਤ ਪ੍ਰਗਤੀਸ਼ੀਲ਼ ਬਦਲਾਅ ਤੋਂ ਅੱਗੇ ਵਧਕੇ ਪ੍ਰਭਾਵਸ਼ਾਲੀ ਬਦਲਾਅ ਦਾ ਗਵਾਹ ਬਣਿਆ ਹੈ: ਪੀਐੱਮ
ਭਾਰਤ ਸ਼ਾਸਨ, ਪਾਰਦਰਸ਼ਿਤਾ ਅਤੇ ਇਨੋਵੇਸ਼ਨ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ: ਪੀਐੱਮ
'ਜਨਭਾਗੀਦਾਰੀ' ਦੀ ਸੋਚ ਨੇ G20 ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ ਅਤੇ ਦੁਨੀਆ ਨੇ ਮੰਨਿਆ ਹੈ ਕਿ ਭਾਰਤ ਜਨਭਾਗੀਦਾਰੀ ਵਿੱਚ ਸਿਰਫ਼ ਸ਼ਾਮਿਲ ਨਹੀਂ ਹੈ, ਸਗੋਂ ਇ
ਉਨ੍ਹਾਂ ਨੇ ਭਾਰਤ ਦੇ ਵਿਕਸਿਤ ਭਾਰਤ ਬਣਨ ਦੇ ਸੰਕਲਪ ਦੇ ਸੰਦਰਭ ਵਿੱਚ ਸਰਦਾਰ ਪਟੇਲ ਦੇ ਆਦਰਸ਼ਾਂ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ ਅਤੇ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਅਤੇ ਵਿਰਾਸਤ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।
ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਂਝੇ ਯਤਨਾਂ ਅਤੇ ਦ੍ਰਿੜ ਇਰਾਦੇ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਸਾਰਿਆਂ ਨੂੰ ਇਸ ਸਾਂਝੇ ਦ੍ਰਿਸ਼ਟੀਕੋਣ ਪ੍ਰਤੀ ਹਰ ਦਿਨ ਅਤੇ ਹਰ ਪਲ ਅਣਥੱਕ ਮਿਹਨਤ ਕਰਨ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 17ਵੇਂ ਸਿਵਿਲ ਸਰਵਸਿਜ਼ ਡੇਅ ਦੇ ਮੌਕੇ 'ਤੇ ਸਿਵਿਲ ਸਰਵੈਂਟਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਵੀ ਭੇਂਟ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿਵਿਲ ਸਰਵਸਿਜ਼ ਡੇਅ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਇਸ ਸਾਲ ਦੇ ਜਸ਼ਨ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਸਾਲ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਅਤੇ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਨਮ ਵਰ੍ਹੇਗੰਢ ਹੈ। 21 ਅਪ੍ਰੈਲ, 1947 ਨੂੰ ਸਰਦਾਰ ਪਟੇਲ ਦੇ ਇਤਿਹਾਸਕ ਬਿਆਨ ਨੂੰ ਯਾਦ ਕਰਦੇ ਹੋਏ ਪੀਐੱਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਿਲ ਸਰਵੈਂਟਸ ਨੂੰ 'ਭਾਰਤ ਦਾ ਸਟੀਲ ਫਰੇਮ' ਕਿਹਾ ਸੀ, ਸ਼੍ਰੀ ਮੋਦੀ ਨੇ ਨੌਕਰਸ਼ਾਹੀ ਪ੍ਰਤੀ ਪਟੇਲ ਦੇ ਨਜ਼ਰੀਏ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ  ਜੋ ਅਨੁਸ਼ਾਸਨ, ਇਮਾਨਦਾਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਨ ਅਤੇ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਉਨ੍ਹਾਂ ਨੇ ਭਾਰਤ ਦੇ ਵਿਕਸਿਤ ਭਾਰਤ ਬਣਨ ਦੇ ਸੰਕਲਪ ਦੇ ਸੰਦਰਭ ਵਿੱਚ ਸਰਦਾਰ ਪਟੇਲ ਦੇ ਆਦਰਸ਼ਾਂ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ ਅਤੇ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਅਤੇ ਵਿਰਾਸਤ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।

ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਦਿੱਤੇ ਗਏ ਆਪਣੇ ਪਿਛਲੇ ਬਿਆਨ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਭਾਰਤ ਨੂੰ ਆਉਣ ਵਾਲੇ ਇੱਕ ਹਜ਼ਾਰ ਵਰ੍ਹੇ ਦੀ ਨੀਂਹ ਨੂੰ ਮਜ਼ਬੂਤ ਕਰਨਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਹਜ਼ਾਰ ਵਰ੍ਹੇ ਵਿੱਚ ਪਹਿਲੇ 25 ਵਰ੍ਹੇ ਬੀਤ ਚੁੱਕੇ ਹਨ, ਜੋ ਕਿ ਇੱਕ ਨਵੇਂ ਮਿਲੇਨੀਅਮ ਅਤੇ ਇੱਕ ਨਵੇਂ ਹਜ਼ਾਰ ਵਰ੍ਹੇ ਦਾ 25ਵਾਂ ਵਰ੍ਹੇ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਨੀਤੀਆਂ 'ਤੇ ਕੰਮ ਕਰ ਰਹੇ ਹਾਂ, ਜੋ ਫੈਸਲੇ ਅਸੀਂ ਲੈ ਰਹੇ ਹਾਂ, ਉਹ ਅਗਲੇ ਹਜ਼ਾਰ ਵਰ੍ਹਿਆਂ ਲਈ ਭਵਿੱਖ ਨੂੰ ਆਕਾਰ ਦੇਣਗੀਆਂ। ਪ੍ਰਾਚੀਨ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਪਹੀਏ ਨਾਲ ਇੱਕ ਰੱਥ ਅੱਗੇ ਨਹੀਂ ਵਧ ਸਕਦਾ, ਉਸੇ ਤਰ੍ਹਾਂ ਬਿਨਾ ਮਿਹਨਤ ਦੇ ਸਿਰਫ਼ ਕਿਸਮਤ 'ਤੇ ਭਰੋਸਾ ਕਰਕੇ ਸਫਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਂਝੇ ਯਤਨਾਂ ਅਤੇ  ਦ੍ਰਿੜ ਇਰਾਦੇ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਸਾਰਿਆਂ ਨੂੰ ਇਸ ਸਾਂਝੇ ਦ੍ਰਿਸ਼ਟੀਕੋਣ ਪ੍ਰਤੀ ਹਰ ਦਿਨ ਅਤੇ ਹਰ ਪਲ ਅਣਥੱਕ ਮਿਹਨਤ ਕਰਨ ਦੀ ਅਪੀਲ ਕੀਤੀ।

 

ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ 'ਤੇ ਹੋ ਰਹੀਆਂ ਤੇਜ਼ ਤਬਦੀਲੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਪਰਿਵਾਰਾਂ ਦੇ ਅੰਦਰ ਵੀ ਯੁਵਾ ਪੀੜ੍ਹੀ ਦੇ ਨਾਲ ਗੱਲਬਾਤ ਵਿੱਚ ਵਿਅਕਤੀ ਨੂੰ ਤੇਜ਼ ਗਤੀ ਨਾਲ ਹੋ ਰਹੇ ਬਦਲਾਅ ਕਾਰਨ ਖੁਦ ਦੇ ਲਈ ਪੁਰਾਣਾ ਮਹਿਸੂਸ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਦੋ ਤੋਂ ਤਿੰਨ ਵਰ੍ਹਿਆਂ ਵਿੱਚ ਗੈਜ਼ੇਟਸ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਇਨ੍ਹਾਂ ਬਦਲਾਵਾਂ ਦਰਮਿਆਨ ਨਵੀਂ ਪੀੜ੍ਹੀ ਦੇ ਬੱਚੇ ਵੱਡੇ ਹੋ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਨੌਕਰਸ਼ਾਹੀ, ਕਾਰਜ ਪ੍ਰਕਿਰਿਆਵਾਂ ਅਤੇ ਨੀਤੀ ਨਿਰਮਾਣ ਪੁਰਾਣੇ ਢਾਂਚੇ 'ਤੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੇ 2014 ਵਿੱਚ ਪੇਸ਼ ਕੀਤੇ ਗਏ ਮਹੱਤਵਪੂਰਨ ਬਦਲਾਵਾਂ 'ਤੇ ਟਿੱਪਣੀ ਕੀਤੀ ਅਤੇ ਇਸ ਨੂੰ ਤਬਦੀਲੀ ਦੀ ਤੇਜ਼ ਰਫ਼ਤਾਰ ਦੇ ਅਨੁਕੂਲ ਕਰਨ ਦਾ ਇੱਕ ਸ਼ਾਨਦਾਰ ਯਤਨ ਦੱਸਿਆ। ਉਨ੍ਹਾਂ ਨੇ ਭਾਰਤੀ ਸਮਾਜ, ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਦੀਆਂ ਇੱਛਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸੁਪਨਿਆਂ ਦੀ ਉਡਾਣ ਜਿਸ ਮੁਕਾਮ 'ਤੇ ਹੈ ਉਹ ਅਸਾਧਾਰਨ ਹੈ ਅਤੇ ਇਨ੍ਹਾਂ ਅਸਾਧਾਰਨ ਇੱਛਾਵਾਂ ਨੂੰ ਪੂਰਾ ਕਰਨ ਲਈ ਅਸਾਧਾਰਨ ਗਤੀ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਆਉਣ ਵਾਲੇ ਵਰ੍ਹਿਆਂ ਲਈ ਭਾਰਤ ਦੇ ਮਹੱਤਵਾਕਾਂਖੀ ਟੀਚਿਆਂ ਦੀ ਰੂਪਰੇਖਾ ਦਿੱਤੀ, ਉਨ੍ਹਾਂ ਨੇ ਹਰ ਖੇਤਰ ਵਿੱਚ ਭਾਰਤ ਦਾ ਝੰਡਾ ਉੱਚਾ ਚੁੱਕਣ ਲਈ, ਜਿਸ ਵਿੱਚ ਐਨਰਜੀ ਸਿਕਓਰਿਟੀ, ਕਲਿਨ ਐਨਰਜੀ , ਖੇਡਾਂ ਵਿੱਚ ਤਰੱਕੀ ਅਤੇ ਪੁਲਾੜ ਖੋਜ ਵਿੱਚ ਪ੍ਰਾਪਤੀਆਂ ਸ਼ਾਮਲ ਹਨ। ਭਾਰਤ ਨੂੰ ਜਲਦੀ ਤੋਂ ਜਲਦੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਸਿਵਿਲ ਸਰਵੈਂਟਸ 'ਤੇ ਹੈ ਅਤੇ ਨਾਲ ਹੀ ਇਸ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਤੋਂ ਬਚਣ ਦੀ ਤਾਕੀਦ ਕੀਤੀ।

ਇਸ ਵਰ੍ਹੇ ਦੇ ਸਿਵਿਲ ਸਰਵਸਿਜ਼ ਡੇਅ ਦੀ ਥੀਮ- 'ਭਾਰਤ ਦਾ ਸਰਵਪੱਖੀ ਵਿਕਾਸ' ‘ਤੇ ਖੁਸ਼ੀ ਵਿਅਕਤ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸਿਰਫ਼ ਇੱਕ ਥੀਮ ਨਹੀਂ ਹੈ, ਸਗੋਂ ਦੇਸ਼ ਦੇ ਲੋਕਾਂ ਪ੍ਰਤੀ ਸੰਕਲਪ ਅਤੇ ਵਾਅਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ "ਭਾਰਤ ਦਾ ਸਰਵਪੱਖੀ ਵਿਕਾਸ ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਿੰਡ, ਕੋਈ ਵੀ ਪਰਿਵਾਰ ਅਤੇ ਕੋਈ ਵੀ ਨਾਗਰਿਕ ਪਿੱਛੇ ਨਾ ਰਹਿ ਜਾਵੇ।" ਉਨ੍ਹਾਂ ਨੇ ਕਿਹਾ ਕਿ ਸੱਚੀ ਪ੍ਰਗਤੀ ਛੋਟੇ- ਮੋਟੇ ਬਦਲਾਅ ਨਹੀਂ ਹਨ, ਸਗੋਂ ਇਸ ਦਾ ਮਤਲਬ ਵੱਡੇ ਪੈਮਾਨੇ ‘ਤੇ ਪ੍ਰਭਾਵ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਸਮੁੱਚੇ ਵਿਕਾਸ ਦੇ ਇੱਕ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਪੇਸ਼ ਕੀਤੀ, ਜਿਸ ਵਿੱਚ ਹਰ ਘਰ ਸਵੱਛ ਜਲ, ਹਰ ਬੱਚੇ ਨੂੰ ਗੁਣਵੱਤਾ ਵਾਲੀ ਸਿੱਖਿਆ, ਹਰ ਉੱਦਮੀ ਨੂੰ ਵਿੱਤੀ ਮਦਦ ਅਤੇ ਹਰ ਪਿੰਡ ਲਈ ਡਿਜੀਟਲ ਅਰਥਵਿਵਸਥਾ ਦੇ ਲਾਭ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਸਨ ਦੀ ਗੁਣਵੱਤਾ ਸਿਰਫ਼ ਯੋਜਨਾਵਾਂ ਦੀ ਸ਼ੁਰੂਆਤ ਕਰ ਦੇਣ ਨਾਲ ਨਿਰਧਾਰਿਤ ਨਹੀਂ ਹੁੰਦੀ, ਸਗੋਂ ਇਹ ਇਸ ਗੱਲ ਨਾਲ ਨਿਰਧਾਰਿਤ ਹੁੰਦੀ ਹੈ ਕਿ ਇਹ ਯੋਜਨਾਵਾਂ ਲੋਕਾਂ ਤੱਕ ਕਿਸ ਹੱਦ ਤੱਕ ਪਹੁੰਚਦੀਆਂ ਹਨ ਅਤੇ ਉਨ੍ਹਾਂ ਦਾ ਵਾਸਤਵਿਕ ਪ੍ਰਭਾਵ ਕੀ ਹੈ। ਪ੍ਰਧਾਨ ਮੰਤਰੀ ਨੇ ਰਾਜਕੋਟ, ਗੋਮਤੀ, ਤਿਨਸੁਕੀਆ, ਕੋਰਾਪੁਟ ਅਤੇ ਕੁਪਵਾੜਾ ਜਿਹੇ ਜ਼ਿਲ੍ਹਿਆਂ ਵਿੱਚ ਦਿਖਾਈ ਦੇਣ ਵਾਲੇ ਪ੍ਰਭਾਵ ਦਾ ਜ਼ਿਕਰ ਕੀਤਾ, ਜਿੱਥੇ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਵਧਾਉਣ ਤੋਂ ਲੈ ਕੇ ਸੂਰਜੀ ਊਰਜਾ ਅਪਣਾਉਣ ਤੱਕ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਨਾਲ ਜੁੜੇ ਜ਼ਿਲ੍ਹਿਆਂ ਅਤੇ ਵਿਅਕਤੀਆਂ ਨੂੰ ਵਧਾਈਆਂ ਦਿੱਤੀਆਂ, ਉਨ੍ਹਾਂ ਦੇ ਸ਼ਾਨਦਾਰ ਕੰਮ ਅਤੇ ਕਈ ਜ਼ਿਲ੍ਹਿਆਂ ਨੂੰ ਮਿਲੇ ਪੁਰਸਕਾਰਾਂ ਦੀ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਦੇਸ਼ ਨੇ ਪ੍ਰਗਤੀਸ਼ੀਲ ਤਬਦੀਲੀ ਤੋਂ ਪ੍ਰਭਾਵਸ਼ਾਲੀ ਤਬਦੀਲੀ ਵੱਲ ਯਾਤਰਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦਾ ਸ਼ਾਸਨ ਮਾਡਲ ਹੁਣ ਅਗਲੀ ਪੀੜ੍ਹੀ ਦੇ ਸੁਧਾਰਾਂ 'ਤੇ ਕੇਂਦ੍ਰਿਤ ਹੈ, ਜੋ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਪਾੜੇ ਨੂੰ ਦੂਰ ਕਰਨ ਲਈ ਟੈਕਨੋਲੋਜੀ ਅਤੇ ਇਨੋਵੇਟਿਵ ਅਭਿਆਸਾਂ ਦਾ ਲਾਭ ਉਠਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਪ੍ਰਭਾਵ ਗ੍ਰਾਮੀਣ, ਸ਼ਹਿਰੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਪੱਸ਼ਟ ਹੈ। ਉਨ੍ਹਾਂ ਨੇ ਆਕਾਂਖੀ ਜ਼ਿਲ੍ਹਿਆਂ ਦੀ ਸਫਲਤਾ 'ਤੇ ਟਿੱਪਣੀ ਕੀਤੀ ਅਤੇ ਆਕਾਂਖੀ ਬਲੌਕਾਂ ਦੀਆਂ ਬਰਾਬਰ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯਾਦ ਦਿਵਾਇਆ ਕਿ ਇਹ ਪ੍ਰੋਗਰਾਮ ਜਨਵਰੀ 2023 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨੇ ਸਿਰਫ਼ ਦੋ ਵਰ੍ਹਿਆਂ ਵਿੱਚ ਬੇਮਿਸਾਲ ਨਤੀਜੇ ਦਿਖਾਏ ਹਨ, ਜਿਸ ਨਾਲ ਇਨ੍ਹਾਂ ਬਲੌਕਾਂ ਵਿੱਚ ਸਿਹਤ, ਪੋਸ਼ਣ, ਸਮਾਜਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਜਿਹੇ ਸੂਚਕਾਂ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਉਜਾਗਰ ਕੀਤਾ ਗਿਆ ਹੈ। ਪਰਿਵਰਤਨਸ਼ੀਲ ਬਦਲਾਅ ਦੀਆਂ ਉਦਾਹਰਣਾਂ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਪੀਪਲੂ ਬਲਾਕ ਵਿੱਚ, ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਮਾਪ ਕੁਸ਼ਲਤਾ 20% ਤੋਂ ਵਧ ਕੇ 99% ਤੋਂ ਵੱਧ ਹੋ ਗਈ ਹੈ, ਜਦਕਿ ਬਿਹਾਰ ਦੇ ਭਾਗਲਪੁਰ ਦੇ ਜਗਦੀਸ਼ਪੁਰ ਬਲਾਕ ਵਿੱਚ, ਪਹਿਲੀ ਤਿਮਾਹੀ ਦੌਰਾਨ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ 25% ਤੋਂ ਵਧ ਕੇ 90% ਤੋਂ ਵੱਧ ਹੋ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮਾਰਵਾਹ ਬਲਾਕ ਵਿੱਚ, ਸੰਸਥਾਗਤ ਡਿਲੀਵਰੀ 30% ਤੋਂ ਵਧ ਕੇ 100% ਹੋ ਗਈ ਹੈ ਅਤੇ ਝਾਰਖੰਡ ਦੇ ਗੁਰਦੀਹ ਬਲਾਕ ਵਿੱਚ, ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ 18% ਤੋਂ ਵਧ ਕੇ 100% ਹੋ ਗਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ ਹਨ ਸਗੋਂ ਸਰਕਾਰ ਦੇ ਆਖਰੀ-ਮੀਲ ਦੀ ਡਿਲੀਵਰੀ ਲਈ ਦ੍ਰਿੜ ਇਰਾਦੇ ਦੇ ਸਬੂਤ ਹਨ। ਉਨ੍ਹਾਂ ਨੇ ਅੱਗੇ ਕਿਹਾ, "ਸਹੀ ਇਰਾਦੇ, ਯੋਜਨਾਬੰਦੀ ਅਤੇ ਅਮਲ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵੀ ਬਦਲਾਅ ਸੰਭਵ ਹੈ"।

ਪ੍ਰਧਾਨ ਮੰਤਰੀ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਰੇਖਾਂਕਿਤ ਕਰਦੇ ਹੋਏ, ਦੇਸ਼ ਨੇ ਕ੍ਰਾਂਤੀਕਾਰੀ ਬਦਲਾਵਾਂ ਦੇ ਨਾਲ ਨਵੀਆਂ ਉਚਾਈਆਂ ਹਾਸਿਲ ਕੀਤੀਆਂ ਹਨ। ਉਨ੍ਹਾਂ ਨੇ ਕਿਹਾ "ਭਾਰਤ ਹੁਣ ਸਿਰਫ਼ ਇਸ ਦੇ ਵਿਕਾਸ ਲਈ ਹੀ ਨਹੀਂ ਸਗੋਂ ਸ਼ਾਸਨ, ਪਾਰਦਰਸ਼ਿਤਾ ਅਤੇ ਇਨੋਵੇਸ਼ਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਪਹਿਚਾਣਿਆ ਜਾਂਦਾ  ਹੈ"। ਉਨ੍ਹਾਂ ਨੇ ਭਾਰਤ ਦੀ ਜੀ-20 ਪ੍ਰਧਾਨਗੀ ਨੂੰ ਇਨ੍ਹਾਂ ਪ੍ਰਗਤੀਆਂ ਦੀ ਇੱਕ ਮਹੱਤਵਪੂਰਨ ਉਦਾਹਰਣ ਦੱਸਿਆ ਅਤੇ ਕਿਹਾ ਕਿ ਜੀ-20 ਦੇ ਇਤਿਹਾਸ ਵਿੱਚ ਪਹਿਲੀ ਵਾਰ, 60 ਤੋਂ ਵੱਧ ਸ਼ਹਿਰਾਂ ਵਿੱਚ 200 ਤੋਂ ਵੱਧ ਮੀਟਿੰਗਾਂ ਹੋਈਆਂ, ਜਿਸ ਨਾਲ ਇੱਕ ਵਿਸ਼ਾਲ ਅਤੇ ਸਮਾਵੇਸ਼ੀ ਫਾਰਮੈਟ ਬਣਿਆ। ਉਨ੍ਹਾਂ ਨੇ  ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਜਨਤਕ ਭਾਗੀਦਾਰੀ ਦੀ ਪਹੁੰਚ ਨੇ ਜੀ20 ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਕਿਹਾ, "ਦੁਨੀਆ ਨੇ ਭਾਰਤ ਦੀ ਲੀਡਰਸ਼ਿਪ ਨੂੰ ਸਵੀਕਾਰ ਕੀਤਾ ਹੈ; ਭਾਰਤ ਸਿਰਫ਼ ਸ਼ਾਮਿਲ ਨਹੀਂ ਹੋ ਰਿਹਾ, ਸਗੋਂ ਅਗਵਾਈ ਕਰ ਰਿਹਾ ਹੈ", ।

ਪ੍ਰਧਾਨ ਮੰਤਰੀ ਨੇ ਸਰਕਾਰੀ ਕੁਸ਼ਲਤਾ ਬਾਰੇ ਵਧਦੀਆਂ ਚਰਚਾਵਾਂ ਨੂੰ ਉਜਾਗਰ ਕੀਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਇਸ ਸਬੰਧ ਵਿੱਚ ਦੂਸਰੇ ਦੇਸ਼ਾਂ ਨਾਲੋਂ 10-11 ਵਰ੍ਹੇ ਅੱਗੇ ਹੈ। ਉਨ੍ਹਾਂ ਨੇ ਟੈਕਨੋਲੋਜੀ ਰਾਹੀਂ ਦੇਰੀ ਨੂੰ ਖਤਮ ਕਰਨ, ਨਵੀਆਂ ਪ੍ਰਕਿਰਿਆਵਾਂ ਸ਼ੁਰੂ ਕਰਨ ਅਤੇ ਟਰਨਅਰਾਊਂਡ ਸਮਾਂ ਘਟਾਉਣ ਲਈ ਪਿਛਲੇ 11 ਵਰ੍ਹਿਆਂ ਵਿੱਚ ਕੀਤੇ ਗਏ ਯਤਨਾਂ 'ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ 40,000 ਤੋਂ ਵੱਧ ਅਨੁਪਾਲਣ ਹਟਾ ਦਿੱਤੇ ਗਏ ਹਨ ਅਤੇ ਈਜ਼ ਆਫ ਡੂਇੰਗ ਬਿਜ਼ਨਸ ਨੂੰ ਉਤਸ਼ਾਹਿਤ ਕਰਨ ਲਈ 3,400 ਤੋਂ ਵੱਧ ਕਾਨੂੰਨੀ ਪ੍ਰਬੰਧਾਂ ਨੂੰ ਅਪਰਾਧ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਦੌਰਾਨ ਹੋਏ ਵਿਰੋਧ ਨੂੰ ਯਾਦ ਕੀਤਾ, ਜਿਸ ਵਿੱਚ ਆਲੋਚਕਾਂ ਨੇ ਅਜਿਹੇ ਬਦਲਾਵਾਂ ਦੀ ਜ਼ਰੂਰਤ 'ਤੇ ਸਵਾਲ ਉਠਾਏ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਬਾਅ ਅੱਗੇ ਨਹੀਂ ਝੁਕੀ, ਇਹ ਕਹਿੰਦੇ ਹੋਏ ਕਿ ਨਵੇਂ ਨਤੀਜੇ ਪ੍ਰਾਪਤ ਕਰਨ ਲਈ ਨਵੇਂ ਤਰੀਕੇ ਜ਼ਰੂਰੀ ਹਨ। ਉਨ੍ਹਾਂ ਨੇ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਭਾਰਤ ਦੀ ਈਜ਼ ਆਫ ਡੂਇੰਗ ਬਿਜ਼ਨਸ ਦਰਜਾਬੰਦੀ ਵਿੱਚ ਸੁਧਾਰ ਨੂੰ ਹੋਰ ਉਜਾਗਰ ਕੀਤਾ ਅਤੇ ਭਾਰਤ ਵਿੱਚ ਨਿਵੇਸ਼ ਲਈ ਵਿਸ਼ਵਵਿਆਪੀ ਉਤਸ਼ਾਹ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਨਿਰਧਾਰਿਤ ਟੀਚਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਾਪਤ ਕਰਨ ਲਈ ਰਾਜ, ਜ਼ਿਲ੍ਹਾ ਅਤੇ ਬਲੌਕ ਪੱਧਰ 'ਤੇ ਲਾਲ ਫੀਤਾਸ਼ਾਹੀ ਨੂੰ ਖਤਮ ਕਰਕੇ ਇਸ ਮੌਕੇ ਦਾ ਲਾਭ ਉਠਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 

 

ਸ਼੍ਰੀ ਮੋਦੀ ਨੇ ਕਿਹਾ, "ਪਿਛਲੇ 10-11 ਵਰ੍ਹਿਆਂ ਦੀਆਂ ਸਫਲਤਾਵਾਂ ਨੇ ਇੱਕ ਵਿਕਸਿਤ ਭਾਰਤ ਦੀ ਮਜ਼ਬੂਤ ​​ਨੀਂਹ ਰੱਖੀ ਹੈ।" ਉਨ੍ਹਾਂ ਨੇ ਕਿਹਾ ਕਿ ਦੇਸ਼ ਹੁਣ ਇਸ ਮਜ਼ਬੂਤ ​​ਨੀਂਹ 'ਤੇ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਦੀ ਉਸਾਰੀ ਸ਼ੁਰੂ ਕਰ ਰਿਹਾ ਹੈ, ਪਰ ਉਨ੍ਹਾਂ ਨੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਨੂੰ ਵੀ ਸਵੀਕਾਰ ਕੀਤਾ।  ਬੁਨਿਆਦੀ ਸਹੂਲਤਾਂ ਵਿੱਚ ਸੰਤ੍ਰਿਪਤਾ ਦੀ ਤਰਜੀਹ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਵਿਕਾਸ ਵਿੱਚ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ ਆਖਰੀ-ਮੀਲ ਡਿਲੀਵਰੀ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨਾਗਰਿਕਾਂ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਉਜਾਗਰ ਕੀਤਾ, ਇਹ ਟਿੱਪਣੀ ਕਰਦਿਆਂ ਕਿ ਸਿਵਲ ਸੇਵਾ ਨੂੰ ਪ੍ਰਸੰਗਿਕ ਰਹਿਣ ਲਈ ਸਮਕਾਲੀ ਚੁਣੌਤੀਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ। ਪਿਛਲੇ ਮਾਪਦੰਡਾਂ ਨਾਲ ਤੁਲਨਾ ਤੋਂ ਅੱਗੇ ਵਧਦੇ ਹੋਏ ਸ਼੍ਰੀ ਮੋਦੀ ਨੇ ਨਵੇਂ ਮਾਪਦੰਡ ਸਥਾਪਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਵਿਰੁੱਧ ਪ੍ਰਗਤੀ ਨੂੰ ਮਾਪਣ, ਇਹ ਜਾਂਚ ਕਰਨ ਕਿ ਕੀ ਹਰ ਖੇਤਰ ਵਿੱਚ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਮੌਜੂਦਾ ਗਤੀ ਕਾਫ਼ੀ ਹੈ ਅਤੇ ਜਿੱਥੇ ਵੀ ਜ਼ਰੂਰੀ ਹੋਵੇ ਯਤਨਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅੱਜ ਉਪਲਬਧ ਟੈਕਨੋਲੋਜੀ ਵਿੱਚ ਤਰੱਕੀ ਨੂੰ ਉਜਾਗਰ ਕੀਤਾ ਅਤੇ ਇਸ ਦੀ ਸ਼ਕਤੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਪਿਛਲੇ ਦਹਾਕੇ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਗਰੀਬਾਂ ਲਈ 4 ਕਰੋੜ ਘਰਾਂ ਦੇ ਨਿਰਮਾਣ ਦਾ ਜ਼ਿਕਰ ਕੀਤਾ, ਜਿਸ ਵਿੱਚ 3 ਕਰੋੜ ਹੋਰ ਘਰ ਬਣਾਉਣ ਦਾ ਟੀਚਾ ਹੈ, ਜਿਸ ਨਾਲ 5-6 ਵਰ੍ਹਿਆਂ ਦੇ ਅੰਦਰ 12 ਕਰੋੜ ਤੋਂ ਵੱਧ ਗ੍ਰਾਮੀਣ ਘਰਾਂ ਨੂੰ ਟੂਟੀ ਦੇ ਪਾਣੀ ਨਾਲ ਜੋੜਿਆ ਜਾਵੇਗਾ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਪਿੰਡ ਦੇ ਘਰ ਵਿੱਚ ਜਲਦੀ ਹੀ ਟੂਟੀ ਦਾ ਕੁਨੈਕਸ਼ਨ ਹੋਵੇ। ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਗਰੀਬਾਂ ਲਈ 11 ਕਰੋੜ ਤੋਂ ਵੱਧ ਪਖਾਨਿਆਂ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ, ਜਦਕਿ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਨਵੇਂ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਗਰੀਬ ਵਿਅਕਤੀਆਂ ਲਈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਦਾਨ ਕੀਤਾ। ਸ਼੍ਰੀ ਮੋਦੀ ਨੇ ਨਾਗਰਿਕਾਂ ਲਈ ਪੋਸ਼ਣ ਵਿੱਚ ਸੁਧਾਰ ਲਈ ਨਵੇਂ ਸਿਰਿਓਂ ਵਚਨਬੱਧਤਾਵਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਐਲਾਨ ਕੀਤਾ ਕਿ ਅੰਤਿਮ ਟੀਚਾ 100% ਕਵਰੇਜ ਅਤੇ 100% ਪ੍ਰਭਾਵ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਪਹੁੰਚ ਨੇ ਪਿਛਲੇ ਦਹਾਕੇ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਨਾਲ ਗਰੀਬੀ-ਮੁਕਤ ਭਾਰਤ ਬਣੇਗਾ।

ਉਦਯੋਗੀਕਰਣ ਅਤੇ ਉੱਦਮਤਾ ਦੀ ਗਤੀ ਨੂੰ ਨਿਯੰਤਰਿਤ ਕਰਨ ਵਾਲੇ ਇੱਕ ਰੈਗੂਲੇਟਰ ਵਜੋਂ ਨੌਕਰਸ਼ਾਹੀ ਦੀ ਪਿਛਲੀ ਭੂਮਿਕਾ 'ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਇਸ ਮਾਨਸਿਕਤਾ ਤੋਂ ਪਰ੍ਹੇ ਹੋ ਗਿਆ ਹੈ ਅਤੇ ਹੁਣ ਇੱਕ ਅਜਿਹਾ ਮਾਹੌਲ ਬਣਾ ਰਿਹਾ ਹੈ ਜੋ ਨਾਗਰਿਕਾਂ ਵਿੱਚ ਉੱਦਮ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ, "ਸਿਵਲ ਸੇਵਾਵਾਂ ਨੂੰ ਇੱਕ ਸਮਰੱਥਕ ਵਿੱਚ ਬਦਲਣਾ ਚਾਹੀਦਾ ਹੈ, ਆਪਣੀ ਭੂਮਿਕਾ ਨੂੰ ਸਿਰਫ਼ ਨਿਯਮਾਂ ਦੇ ਰੱਖਿਅਕ ਤੋਂ ਵਿਕਾਸ ਦੇ ਸੁਵਿਧਾਜਨਕ ਬਣਨ ਤੱਕ ਵਧਾਉਣਾ ਚਾਹੀਦਾ ਹੈ"। ਐੱਮਐੱਸਐੱਮਈ ਸੈਕਟਰ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਮਿਸ਼ਨ ਨਿਰਮਾਣ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਇਸ ਮਿਸ਼ਨ ਦੀ ਸਫਲਤਾ ਐੱਮਐੱਸਐੱਮਈਜ਼ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਸ਼ਵਵਿਆਪੀ ਤਬਦੀਲੀਆਂ ਦਰਮਿਆਨ, ਭਾਰਤ ਵਿੱਚ ਐੱਮਐੱਸਐੱਮਈਜ਼, ਸਟਾਰਟਅੱਪਸ ਅਤੇ ਨੌਜਵਾਨ ਉੱਦਮੀਆਂ ਕੋਲ ਇੱਕ ਬੇਮਿਸਾਲ ਮੌਕਾ ਹੈ। ਉਨ੍ਹਾਂ ਨੇ ਗਲੋਬਲ ਸਪਲਾਈ ਚੇਨ ਵਿੱਚ ਵਧੇਰੇ ਪ੍ਰਤੀਯੋਗੀ ਬਣਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਐੱਮਐੱਸਐੱਮਈਜ਼ ਨੂੰ ਨਾ ਸਿਰਫ਼ ਛੋਟੇ ਉੱਦਮੀਆਂ ਤੋਂ, ਸਗੋਂ ਵਿਸ਼ਵ ਪੱਧਰ 'ਤੇ ਵੀ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਛੋਟਾ ਦੇਸ਼ ਆਪਣੇ ਉਦਯੋਗਾਂ ਨੂੰ ਅਨੁਪਾਲਣ ਦੀ ਬਿਹਤਰ ਸੌਖ ਪ੍ਰਦਾਨ ਕਰਦਾ ਹੈ, ਤਾਂ ਉਹ ਭਾਰਤੀ ਸਟਾਰਟਅੱਪਸ ਤੋਂ ਅੱਗੇ ਨਿਕਲ ਸਕਦਾ ਹੈ। ਇਸ ਤਰ੍ਹਾਂ, ਉਨ੍ਹਾਂ ਨੇ ਭਾਰਤ ਨੂੰ ਆਲਮੀ ਸਰਵੋਤਮ ਅਭਿਆਸਾਂ ਵਿੱਚ ਆਪਣੀ ਸਥਿਤੀ ਦਾ ਨਿਰੰਤਰ ਮੁਲਾਂਕਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਉਦਯੋਗਾਂ ਦਾ ਟੀਚਾ ਵਿਸ਼ਵ ਪੱਧਰ 'ਤੇ ਸਭ ਤੋਂ ਵਧੀਆ ਉਤਪਾਦ ਬਣਾਉਣਾ ਹੈ, ਜਦਕਿ ਭਾਰਤ ਦੀ ਨੌਕਰਸ਼ਾਹੀ ਦਾ ਟੀਚਾ ਦੁਨੀਆ ਦਾ ਸਰਵੋਤਮ ਅਨੁਪਾਲਣ ਦੀ ਸੁਹਮਤਾ ਵਾਲਾ ਵਾਤਾਵਰਣ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ।

 

ਸ਼੍ਰੀ ਮੋਦੀ ਨੇ ਸਿਵਲ ਸੇਵਕਾਂ ਨੂੰ ਅਜਿਹੇ ਕੌਸ਼ਲ ਹਾਸਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਨਾ ਸਿਰਫ਼ ਉਨ੍ਹਾਂ ਨੂੰ ਟੈਕਨੋਲੋਜੀ ਨੂੰ ਸਮਝਣ ਵਿੱਚ ਮਦਦ ਕਰਨ, ਸਗੋਂ ਸਮਾਰਟ ਅਤੇ ਸਮਾਵੇਸ਼ੀ ਸ਼ਾਸਨ ਲਈ ਇਸਦੀ ਵਰਤੋਂ ਨੂੰ ਵੀ ਸਮਰੱਥ ਬਣਾਉਣ। ਉਨ੍ਹਾਂ ਨੇ ਕਿਹਾ, "ਟੈਕਨੋਲੋਜੀ ਦੇ ਯੁੱਗ ਵਿੱਚ, ਸ਼ਾਸਨ ਦਾ ਮਤਲਬ ਪ੍ਰਣਾਲੀਆਂ ਦਾ ਪ੍ਰਬੰਧਨ ਕਰਨਾ ਨਹੀਂ ਹੈ ਬਲਕਿ ਸੰਭਾਵਨਾਵਾਂ ਨੂੰ ਕਈ ਗੁਣਾਂ ਵਧਾਉਣਾ ਹੈ।" ਉਨ੍ਹਾਂ ਨੇ ਟੈਕਨੋਲੋਜੀ ਰਾਹੀਂ ਨੀਤੀਆਂ ਅਤੇ ਯੋਜਨਾਵਾਂ ਨੂੰ ਵਧੇਰੇ ਕੁਸ਼ਲ ਅਤੇ ਪਹੁੰਚਯੋਗ ਬਣਾਉਣ ਲਈ ਤਕਨੀਕ-ਪ੍ਰੇਮੀ ਬਣਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਹੀ ਨੀਤੀ ਡਿਜ਼ਾਈਨ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ ਡੇਟਾ-ਅਧਾਰਿਤ ਫੈਸਲੇ ਲੈਣ ਵਿੱਚ ਮੁਹਾਰਤ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਫਿਜ਼ਿਕਸ ਵਿੱਚ ਤੇਜ਼ ਤਰੱਕੀ ਨੂੰ ਦੇਖਦੇ ਹੋਏ, ਟੈਕਨੋਲੋਜੀ ਵਿੱਚ ਆਉਣ ਵਾਲੀ ਕ੍ਰਾਂਤੀ ਦੀ ਭਵਿੱਖਬਾਣੀ ਕਰਦੇ ਹੋਏ ਜੋ ਡਿਜੀਟਲ ਅਤੇ ਸੂਚਨਾ ਯੁੱਗ ਨੂੰ ਪਾਰ ਕਰ ਜਾਵੇਗੀ, ਸ਼੍ਰੀ ਮੋਦੀ ਨੇ ਸਿਵਲ ਸੇਵਕਾਂ ਨੂੰ ਇਸ ਤਕਨੀਕੀ ਕ੍ਰਾਂਤੀ ਲਈ ਤਿਆਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਨਾਗਰਿਕਾਂ ਦੀਆਂ ਆਖਾਂਕਿਆਵਾਂ ਨੂੰ ਪੂਰਾ ਕੀਤਾ ਜਾ ਸਕੇ। ਭਵਿੱਖ ਲਈ ਤਿਆਰ ਸਿਵਲ ਸੇਵਾ ਬਣਾਉਣ ਲਈ ਸਿਵਲ ਸੇਵਕਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੇ ਮਹੱਤਵ ਨੂੰ ਸਮਝਦੇ ਹੋਏ, ਉਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਿਸ਼ਨ ਕਰਮਯੋਗੀ ਅਤੇ ਸਿਵਲ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਵਿਸ਼ਵਵਿਆਪੀ ਚੁਣੌਤੀਆਂ 'ਤੇ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭੋਜਨ, ਪਾਣੀ ਅਤੇ ਊਰਜਾ ਸੁਰੱਖਿਆ ਮੁੱਖ ਮੁੱਦੇ ਬਣੇ ਹੋਏ ਹਨ, ਖਾਸ ਕਰਕੇ ਗਲੋਬਲ ਸਾਊਥ ਲਈ, ਜਿੱਥੇ ਚੱਲ ਰਹੇ ਟਕਰਾਅ ਮੁਸ਼ਕਲਾਂ ਵਿੱਚ ਵਾਧਾ ਕਰ ਰਹੇ ਹਨ, ਰੋਜ਼ਾਨਾ ਜੀਵਨ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਨੇ ਘਰੇਲੂ ਅਤੇ ਬਾਹਰੀ ਕਾਰਕਾਂ ਦਰਮਿਆਨ ਵਧਦੀ ਆਪਸੀ ਸਾਂਝ ਨੂੰ ਸਮਝਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਕੁਦਰਤੀ ਆਫ਼ਤਾਂ, ਮਹਾਮਾਰੀਆਂ ਅਤੇ ਸਾਇਬਰ ਅਪਰਾਧ ਦੇ ਖਤਰਿਆਂ ਨੂੰ ਮਹੱਤਵਪੂਰਨ ਖੇਤਰਾਂ ਦੇ ਰੂਪ ‘ਚ ਪਹਿਚਾਨਿਆ, ਜਿਨ੍ਹਾਂ ਲਈ ਸਰਗਰਮ ਕਾਰਵਾਈ ਦੀ ਜ਼ਰੂਰਤ ਹੈ, ਉਨ੍ਹਾਂ ਨੇ ਭਾਰਤ ਨੂੰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਦਸ ਕਦਮ ਅੱਗੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਨ੍ਹਾਂ ਉੱਭਰ ਰਹੇ ਆਲਮੀ ਮੁੱਦਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਥਾਨਕ ਰਣਨੀਤੀਆਂ ਵਿਕਸਿਤ ਕਰਨ ਅਤੇ ਲਚਕਤਾ  ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਲਾਲ ਕਿਲੇ ਤੋਂ ਦਿੱਤੇ ਗਏ "ਪੰਚ ਪ੍ਰਣ" ਦੇ ਸੰਕਲਪ ਨੂੰ ਦੁਹਰਾਉਂਦੇ ਹੋਏ, ਵਿਕਸਿਤ ਭਾਰਤ ਦੇ ਸੰਕਲਪ, ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ, ਵਿਰਾਸਤ 'ਤੇ ਮਾਣ, ਏਕਤਾ ਦੀ ਸ਼ਕਤੀ ਅਤੇ ਫਰਜ਼ਾਂ ਦੀ ਇਮਾਨਦਾਰੀ ਨਾਲ ਪੂਰਤੀ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸਿਵਲ ਸੇਵਕ ਇਨ੍ਹਾਂ ਸਿਧਾਂਤਾਂ ਦੇ ਮੁੱਖ ਵਾਹਕ ਹਨ। ਉਨ੍ਹਾਂ ਨੇ ਕਿਹਾ, "ਜਦੋਂ ਵੀ ਤੁਸੀਂ ਸੁਵਿਧਾ ਨਾਲੋਂ ਇਮਾਨਦਾਰੀ, ਜੜ੍ਹਤਾ ਨਾਲੋਂ ਇਨੋਵੇਸ਼ਨ, ਜਾਂ ਸਥਿਤੀ ਨਾਲੋਂ ਸੇਵਾ ਨੂੰ ਤਰਜੀਹ ਦਿੰਦੇ ਹੋ, ਤਾਂ ਤੁਸੀਂ ਰਾਸ਼ਟਰ ਨੂੰ ਅੱਗੇ ਵਧਾਉਂਦੇ ਹੋ।" ਉਨ੍ਹਾਂ ਨੇ ਸਿਵਲ ਸੇਵਕਾਂ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕੀਤਾ। ਆਪਣੀ ਪੇਸ਼ੇਵਰ ਯਾਤਰਾ 'ਤੇ ਨਿਕਲ ਰਹੇ ਨੌਜਵਾਨ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵਿਅਕਤੀਗਤ ਸਫਲਤਾ ਵਿੱਚ ਸਮਾਜਿਕ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਹਰ ਕੋਈ ਆਪਣੀ ਸਮਰੱਥਾ ਵਿੱਚ ਸਮਾਜ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਨੇ ਸਿਵਲ ਸੇਵਕਾਂ ਨੂੰ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਯੋਗ ਹੋਣ ਦੇ ਵਿਸ਼ੇਸ਼ ਅਧਿਕਾਰ 'ਤੇ ਜ਼ੋਰ ਦਿੱਤਾ, ਉਨ੍ਹਾਂ ਨੂੰ ਰਾਸ਼ਟਰ ਅਤੇ ਇਸਦੇ ਲੋਕਾਂ ਦੁਆਰਾ ਪ੍ਰਦਾਨ ਕੀਤੇ ਗਏ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਸਿਵਲ ਸੇਵਕਾਂ ਲਈ ਸੁਧਾਰਾਂ ਦੀ ਮੁੜ ਕਲਪਨਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਸਾਰੇ ਖੇਤਰਾਂ ਵਿੱਚ ਸੁਧਾਰਾਂ ਦੀ ਤੇਜ਼ ਗਤੀ ਅਤੇ ਵਿਸਤ੍ਰਿਤ ਪੈਮਾਨੇ ਦੀ ਮੰਗ ਕੀਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ, ਅਖੁੱਟ ਊਰਜਾ ਟੀਚਿਆਂ, ਅੰਦਰੂਨੀ ਸੁਰੱਖਿਆ, ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਸਮਾਜ ਭਲਾਈ ਯੋਜਨਾਵਾਂ ਅਤੇ ਖੇਡਾਂ ਅਤੇ ਓਲੰਪਿਕ ਨਾਲ ਸਬੰਧਿਤ ਟੀਚਿਆਂ ਵਰਗੇ ਮੁੱਖ ਖੇਤਰਾਂ ਨੂੰ ਉਜਾਗਰ ਕੀਤਾ ਅਤੇ ਹਰ ਖੇਤਰ ਵਿੱਚ ਨਵੇਂ ਸੁਧਾਰਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ  ਨੇ ਕਿਹਾ ਕਿ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਕਈ ਗੁਣਾਂ ਪਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਤਰੱਕੀ ਲਈ ਉੱਚੇ ਮਾਪਦੰਡ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ-ਸੰਚਾਲਿਤ ਦੁਨੀਆ ਵਿੱਚ ਮਨੁੱਖੀ ਨਿਰਣੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਸਿਵਲ ਸੇਵਕਾਂ ਨੂੰ ਸੰਵੇਦਨਸ਼ੀਲ ਰਹਿਣ, ਵਾਂਝੇ ਲੋਕਾਂ ਦੀਆਂ ਆਵਾਜ਼ਾਂ ਸੁਣਨ, ਉਨ੍ਹਾਂ ਦੇ ਸੰਘਰਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ "ਨਾਗਰਿਕ ਦੇਵੋ ਭਵ" ਦੇ ਸਿਧਾਂਤ ਦਾ ਜ਼ਿਕਰ ਕੀਤਾ ਅਤੇ ਇਸਦੀ ਤੁਲਨਾ "ਅਤਿਥੀ ਦੇਵੋ ਭਵ" ਦੇ ਸਿਧਾਂਤ ਨਾਲ ਕੀਤੀ ਅਤੇ ਸਿਵਲ ਸੇਵਕਾਂ ਨੂੰ ਆਪਣੇ ਆਪ ਨੂੰ ਸਿਰਫ਼ ਪ੍ਰਸ਼ਾਸਕਾਂ ਵਜੋਂ ਨਹੀਂ ਸਗੋਂ ਇੱਕ ਵਿਕਸਿਤ ਭਾਰਤ ਦੇ ਆਰਕੀਟੈਕਟ ਵਜੋਂ ਦੇਖਣ, ਸਮਰਪਣ ਅਤੇ ਹਮਦਰਦੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੱਦਾ ਦਿੱਤਾ।

 

ਕੇਂਦਰੀ ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ - 2 ਸ਼੍ਰੀ ਸ਼ਕਤੀਕਾਂਤ ਦਾਸ, ਕੈਬਨਿਟ ਸਕੱਤਰ ਸ਼੍ਰੀ ਟੀ ਵੀ ਸੋਮਨਾਥਨ ਅਤੇ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਸ਼੍ਰੀ ਵੀ ਸ੍ਰੀਨਿਵਾਸ ਇਸ ਮੌਕੇ 'ਤੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਹਮੇਸ਼ਾ ਤੋਂ ਹੀ ਦੇਸ਼ ਭਰ ਦੇ ਸਿਵਲ ਸੇਵਕਾਂ ਨੂੰ ਨਾਗਰਿਕਾਂ ਦੇ ਹਿਤ ਲਈ ਆਪਣੇ ਆਪ ਨੂੰ ਸਮਰਪਿਤ ਕਰਨ, ਜਨਤਕ ਸੇਵਾ ਲਈ ਵਚਨਬੱਧ ਹੋਣ ਅਤੇ ਆਪਣੇ ਕੰਮ ਵਿੱਚ ਉੱਤਮਤਾ ਵੱਲ ਯਤਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਇਸ ਵਰ੍ਹੇ, ਪ੍ਰਧਾਨ ਮੰਤਰੀ ਵਲੋਂ ਜ਼ਿਲ੍ਹਿਆਂ ਦੇ ਸੰਪੂਰਨ ਵਿਕਾਸ, ਆਕਾਂਖੀ ਬਲੌਕ ਪ੍ਰੋਗਰਾਮ ਅਤੇ ਸਿਵਲ ਸੇਵਕਾਂ ਨੂੰ ਇਨੋਵੇਸ਼ਨ ਦੀਆਂ ਸ਼੍ਰੇਣੀਆਂ ਵਿੱਚ 16 ਪੁਰਸਕਾਰ ਦਿੱਤੇ ਗਏ। ਉਨ੍ਹਾਂ ਨੂੰ ਇਸ ਰਾਹੀਂ ਆਮ ਨਾਗਰਿਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਲਈ ਸਨਮਾਨਿਤ ਕੀਤਾ ਗਿਆ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's telecom sector surges in 2025! 5G rollout reaches 85% of population; rural connectivity, digital adoption soar

Media Coverage

India's telecom sector surges in 2025! 5G rollout reaches 85% of population; rural connectivity, digital adoption soar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology