ਮੌਰੀਸ਼ਸ ਦੇ ਰਾਸ਼ਟਰਪਤੀ
ਮਹਾਮਹਿਮ ਧਰਮਬੀਰ ਗੋਖੂਲ ਜੀ,
ਪ੍ਰਧਾਨ ਮੰਤਰੀ ਮਹਾਮਹਿਮ ਨਵੀਨ ਚੰਦ੍ਰ ਰਾਮਗੁਲਾਮ ਜੀ,
ਮੌਰੀਸ਼ਸ ਦੇ ਭੈਣੋਂ ਅਤੇ ਭਰਾਵੋ

ਮੈਂ ਮੌਰੀਸ਼ਸ ਦੇ ਸਰਵਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣ ‘ਤੇ ਦਿਲੋਂ ਆਭਾਰ ਵਿਅਕਤ ਕਰਦਾ ਹਾਂ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ। ਇਹ 1.4 ਅਰਬ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਮੌਰੀਸ਼ਸ ਦਰਮਿਆਨ ਸਦੀਆਂ ਪੁਰਾਣੇ ਸੱਭਿਆਚਾਰਕ ਅਤੇ ਇਤਿਹਾਸਕ ਰਿਸ਼ਤਿਆਂ ਪ੍ਰਤੀ ਸ਼ਰਧਾਂਜਲੀ ਹੈ। ਇਹ ਖੇਤਰੀ ਸ਼ਾਂਤੀ, ਪ੍ਰਗਤੀ, ਸੁਰੱਖਿਆ ਅਤੇ ਟਿਕਾਊ ਵਿਕਾਸ ਲਈ ਸਾਡੀ ਸਾਂਝੀ ਪ੍ਰਤੀਬੱਧਤਾ ਦੀ ਮਨਜ਼ੂਰੀ ਹੈ ਅਤੇ ਇਹ ਗਲੋਬਲ ਸਾਊਥ ਦੀਆਂ ਸਾਂਝੀਆਂ ਉਮੀਦਾਂ ਅਤੇ ਅਕਾਂਖਿਆਵਾਂ ਦਾ ਪ੍ਰਤੀਕ ਹੈ। ਮੈਂ ਇਸ ਪੁਰਸਕਾਰ ਨੂੰ ਪੂਰੀ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਦੇ ਨਾਲ ਸਵੀਕਾਰ ਕਰਦਾ ਹਾਂ। ਮੈਂ ਇਸ ਨੂੰ ਸਦੀਆਂ ਪਹਿਲਾਂ ਭਾਰਤ ਨਾਲ ਮੌਰੀਸ਼ਸ ਆਏ ਤੁਹਾਡੇ ਉਨ੍ਹਾਂ ਪੁਰਖਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸਾਰੀਆਂ ਪੀੜ੍ਹੀਆਂ ਨੂੰ ਸਮਰਪਿਤ ਕਰਦਾ ਹਾਂ। ਆਪਣੀ ਸਖ਼ਤ ਮਿਹਨਤ ਨਾਲ ਉਨ੍ਹਾਂ ਨੇ ਮੌਰੀਸ਼ਸ ਦੇ ਵਿਕਾਸ ਵਿੱਚ ਇੱਕ ਸੁਨਹਿਰਾ ਅਧਿਆਏ ਲਿਖਿਆ ਅਤੇ ਇਸ ਦੀ ਜੀਵੰਤ ਵਿਭਿੰਨਤਾ ਵਿੱਚ ਯੋਗਦਾਨ ਦਿੱਤਾ। ਮੈਂ ਇਸ ਸਨਮਾਨ ਨੂੰ ਇੱਕ ਜਿੰਮੇਵਾਰੀ ਵਜੋਂ ਵੀ ਸਵੀਕਾਰ ਕਰਦਾ ਹਾਂ। ਮੈਂ ਆਪਣੀ ਪ੍ਰਤੀਬੱਧਤਾ ਦੀ ਮੁੜ ਪੁਸ਼ਟੀ ਕਰਦਾ ਹਾਂ ਕਿ ਅਸੀਂ ਭਾਰਤ ਮੌਰੀਸ਼ਸ ਰਣਨੀਤਕ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਉਚਾਈਆਂ ਤੱਕ ਲੈ ਜਾਣ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ।

ਤੁਹਾਡਾ ਬਹੁਤ-ਬਹੁਤ ਧੰਨਵਾਦ।