ਦੇਵ-ਭੂਮੀ ਉੱਤਰਾਖੰਡ ਦੇ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਸਤਿਕਾਰਯੋਗ ਬਜ਼ੁਰਗੋ। ਤੁਹਾਨੂੰ ਸਾਰਿਆਂ ਨੂੰ ਮੇਰਾ ਪ੍ਰਣਾਮ ਅਤੇ ਨਮਸਕਾਰ।
ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਜੀ, ਮੁੱਖ ਮੰਤਰੀ ਭਾਈ ਪੁਸ਼ਕਰ ਸਿੰਘ, ਕੇਂਦਰ ਵਿੱਚ ਮੇਰੇ ਸਹਿਯੋਗੀ ਅਜੈ ਟਮਟਾ, ਵਿਧਾਨ ਸਭਾ ਦੀ ਸਪੀਕਰ ਭੈਣ ਰਿਤੂ ਜੀ, ਉੱਤਰਾਖੰਡ ਸਰਕਾਰ ਦੇ ਮੰਤਰੀ ਸਾਹਿਬਾਨ, ਮੰਚ 'ਤੇ ਬਿਰਾਜਮਾਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ, ਵੱਡੀ ਗਿਣਤੀ ਵਿੱਚ ਅਸ਼ੀਰਵਾਦ ਦੇਣ ਆਏ ਹੋਏ ਸਤਿਕਾਰਯੋਗ ਸੰਤ-ਮਹਾਂਪੁਰਸ਼, ਹੋਰ ਸਾਰੇ ਪਤਵੰਤੇ ਸੱਜਣੋ ਅਤੇ ਉੱਤਰਾਖੰਡ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।
ਸਾਥੀਓ,
9 ਨਵੰਬਰ ਦਾ ਇਹ ਦਿਨ ਇੱਕ ਲੰਮੀ ਘਾਲਣਾ ਅਤੇ ਤਪੱਸਿਆ ਦਾ ਫਲ਼ ਹੈ। ਅੱਜ ਦਾ ਦਿਨ ਸਾਨੂੰ ਸਾਰਿਆਂ ਨੂੰ ਮਾਣ ਦਾ ਅਹਿਸਾਸ ਕਰਵਾ ਰਿਹਾ ਹੈ। ਉੱਤਰਾਖੰਡ ਦੇ ਦੇਵਤਿਆਂ ਵਰਗੇ ਲੋਕਾਂ ਨੇ ਸਾਲਾਂ ਤੱਕ ਜੋ ਸੁਪਨਾ ਵੇਖਿਆ ਸੀ, ਉਹ 25 ਸਾਲ ਪਹਿਲਾਂ ਅਟਲ ਜੀ ਦੀ ਸਰਕਾਰ ਵਿੱਚ ਪੂਰਾ ਹੋਇਆ ਸੀ। ਹੁਣ ਬੀਤੇ 25 ਸਾਲਾਂ ਦੀ ਯਾਤਰਾ ਤੋਂ ਬਾਅਦ ਅੱਜ ਉੱਤਰਾਖੰਡ ਜਿਸ ਮੁਕਾਮ 'ਤੇ ਹੈ, ਉਸ ਨੂੰ ਵੇਖ ਕੇ ਹਰ ਉਸ ਵਿਅਕਤੀ ਦਾ ਖ਼ੁਸ਼ ਹੋਣਾ ਸੁਭਾਵਿਕ ਹੈ, ਜਿਸ ਨੇ ਇਸ ਖ਼ੂਬਸੂਰਤ ਸੂਬੇ ਦੀ ਸਿਰਜਣਾ ਲਈ ਸੰਘਰਸ਼ ਕੀਤਾ ਸੀ। ਜਿਨ੍ਹਾਂ ਨੂੰ ਪਹਾੜਾਂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਉੱਤਰਾਖੰਡ ਦੇ ਸਭਿਆਚਾਰ, ਇੱਥੋਂ ਦੀ ਕੁਦਰਤੀ ਸੁੰਦਰਤਾ ਅਤੇ ਦੇਵ-ਭੂਮੀ ਦੇ ਲੋਕਾਂ ਨਾਲ ਲਗਾਅ ਹੈ, ਉਨ੍ਹਾਂ ਦਾ ਮਨ ਅੱਜ ਖ਼ੁਸ਼ੀ ਅਤੇ ਅਨੰਦ ਨਾਲ ਭਰਪੂਰ ਹੈ।

ਸਾਥੀਓ,
ਮੈਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਡਬਲ ਇੰਜਣ ਵਾਲੀ ਭਾਜਪਾ ਸਰਕਾਰ ਉੱਤਰਾਖੰਡ ਦੀ ਸਮਰੱਥਾ ਨੂੰ ਨਵੀਂਆਂ ਬੁਲੰਦੀਆਂ 'ਤੇ ਲਿਜਾਣ ਵਿੱਚ ਜੁਟੀ ਹੋਈ ਹੈ। ਮੈਂ ਤੁਹਾਡੇ ਸਾਰਿਆਂ ਨੂੰ ਉੱਤਰਾਖੰਡ ਦੀ ਸਿਲਵਰ ਜੁਬਲੀ 'ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇਸ ਮੌਕੇ ਉੱਤਰਾਖੰਡ ਦੇ ਉਨ੍ਹਾਂ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਮੈਂ ਉਸ ਸਮੇਂ ਦੇ ਸਾਰੇ ਅੰਦੋਲਨਕਾਰੀਆਂ ਨੂੰ ਵੀ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦਾ ਸਵਾਗਤ ਕਰਦਾ ਹਾਂ।
ਸਾਥੀਓ,
ਤੁਸੀਂ ਸਾਰੇ ਜਾਣਦੇ ਹੋ, ਉੱਤਰਾਖੰਡ ਨਾਲ ਮੇਰਾ ਲਗਾਅ ਕਿੰਨਾ ਡੂੰਘਾ ਹੈ। ਜਦੋਂ ਮੈਂ ਅਧਿਆਤਮਿਕ ਯਾਤਰਾ 'ਤੇ ਇੱਥੇ ਆਉਂਦਾ ਸੀ, ਤਾਂ ਇੱਥੇ ਪਹਾੜਾਂ 'ਤੇ ਰਹਿਣ ਵਾਲੇ ਮੇਰੇ ਭੈਣ-ਭਰਾਵਾਂ ਦਾ ਸੰਘਰਸ਼, ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਮੁਸ਼ਕਲਾਂ ਨੂੰ ਪਾਰ ਕਰਨ ਦੀ ਉਨ੍ਹਾਂ ਦੀ ਤਾਂਘ, ਮੈਨੂੰ ਹਮੇਸ਼ਾ ਪ੍ਰੇਰਿਤ ਕਰਦੀ ਸੀ।
ਸਾਥੀਓ,
ਇੱਥੇ ਬਿਤਾਏ ਦਿਨਾਂ ਨੇ ਮੈਨੂੰ ਉੱਤਰਾਖੰਡ ਦੀਆਂ ਬੇਅੰਤ ਸੰਭਾਵਨਾਵਾਂ ਤੋਂ ਸਿੱਧੇ ਤੌਰ 'ਤੇ ਜਾਣੂ ਕਰਵਾਇਆ ਹੈ। ਇਸੇ ਲਈ ਜਦੋਂ ਬਾਬਾ ਕੇਦਾਰ ਦੇ ਦਰਸ਼ਨਾਂ ਤੋਂ ਬਾਅਦ ਮੈਂ ਕਿਹਾ ਸੀ ਕਿ 'ਇਹ ਦਹਾਕਾ ਉੱਤਰਾਖੰਡ ਦਾ ਹੈ', ਤਾਂ ਇਹ ਸਿਰਫ਼ ਮੇਰੇ ਮੂੰਹੋਂ ਨਿਕਲਿਆ ਇੱਕ ਵਾਕ ਨਹੀਂ ਸੀ। ਜਦੋਂ ਮੈਂ ਇਹ ਕਿਹਾ ਤਾਂ ਮੈਨੂੰ ਤੁਹਾਡੇ ਸਾਰਿਆਂ 'ਤੇ ਪੂਰਾ ਭਰੋਸਾ ਸੀ। ਅੱਜ ਜਦੋਂ ਉੱਤਰਾਖੰਡ ਆਪਣੇ 25 ਸਾਲ ਪੂਰੇ ਕਰ ਰਿਹਾ ਹੈ, ਤਾਂ ਮੇਰਾ ਇਹ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਹੈ ਕਿ ਇਹ ਉੱਤਰਾਖੰਡ ਦੀ ਚੜ੍ਹਤ ਦਾ ਦੌਰ ਹੈ।

ਸਾਥੀਓ,
25 ਸਾਲ ਪਹਿਲਾਂ ਜਦੋਂ ਉੱਤਰਾਖੰਡ ਨਵਾਂ-ਨਵਾਂ ਬਣਿਆ ਸੀ, ਉਦੋਂ ਚੁਣੌਤੀਆਂ ਘੱਟ ਨਹੀਂ ਸਨ। ਸਾਧਨ ਸੀਮਤ ਸਨ, ਸੂਬੇ ਦਾ ਬਜਟ ਛੋਟਾ ਸੀ, ਆਮਦਨ ਦੇ ਸਰੋਤ ਬਹੁਤ ਘੱਟ ਸਨ ਅਤੇ ਜ਼ਿਆਦਾਤਰ ਲੋੜਾਂ ਕੇਂਦਰ ਦੀ ਸਹਾਇਤਾ ਨਾਲ ਪੂਰੀਆਂ ਹੁੰਦੀਆਂ ਸਨ। ਅੱਜ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਸਿਲਵਰ ਜੁਬਲੀ ਸਮਾਗਮ ਬਾਰੇ ਸ਼ਾਨਦਾਰ ਪ੍ਰਦਰਸ਼ਨੀ ਵੇਖੀ। ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਪ੍ਰਦਰਸ਼ਨੀ ਨੂੰ ਉੱਤਰਾਖੰਡ ਦੇ ਹਰ ਨਾਗਰਿਕ ਨੂੰ ਵੇਖਣਾ ਚਾਹੀਦਾ ਹੈ। ਇਸ ਵਿੱਚ ਉੱਤਰਾਖੰਡ ਦੀ ਪਿਛਲੇ 25 ਸਾਲਾਂ ਦੀ ਯਾਤਰਾ ਦੀਆਂ ਝਲਕੀਆਂ ਹਨ। ਬੁਨਿਆਦੀ ਢਾਂਚਾ, ਸਿੱਖਿਆ, ਉਦਯੋਗ, ਸੈਰ-ਸਪਾਟਾ, ਸਿਹਤ, ਬਿਜਲੀ ਅਤੇ ਪੇਂਡੂ ਵਿਕਾਸ ਵਰਗੇ ਅਨੇਕਾਂ ਖੇਤਰਾਂ ਵਿੱਚ ਸਫ਼ਲਤਾ ਦੀਆਂ ਕਹਾਣੀਆਂ ਪ੍ਰੇਰਨਾਦਾਇਕ ਹਨ। 25 ਸਾਲ ਪਹਿਲਾਂ ਉੱਤਰਾਖੰਡ ਦਾ ਬਜਟ ਸਿਰਫ਼ 4 ਹਜ਼ਾਰ ਕਰੋੜ ਰੁਪਏ ਸੀ। ਅੱਜ ਜੋ 25 ਸਾਲ ਦੀ ਉਮਰ ਦੇ ਹਨ, ਉਨ੍ਹਾਂ ਨੂੰ ਉਸ ਸਮੇਂ ਬਾਰੇ ਕੁਝ ਵੀ ਪਤਾ ਨਹੀਂ ਹੋਵੇਗਾ। ਉਸ ਸਮੇਂ 4 ਹਜ਼ਾਰ ਕਰੋੜ ਰੁਪਏ ਦਾ ਬਜਟ ਸੀ। ਅੱਜ ਇਹ ਵਧ ਕੇ ਇੱਕ ਲੱਖ ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ। 25 ਸਾਲਾਂ ਵਿੱਚ ਉੱਤਰਾਖੰਡ ਵਿੱਚ ਬਿਜਲੀ ਉਤਪਾਦਨ 4 ਗੁਣਾ ਵਧਿਆ ਹੈ। 25 ਸਾਲਾਂ ਵਿੱਚ ਉੱਤਰਾਖੰਡ ਵਿੱਚ ਸੜਕਾਂ ਦੀ ਲੰਬਾਈ ਦੁੱਗਣੀ ਹੋ ਗਈ ਹੈ। ਇੱਥੇ 6 ਮਹੀਨਿਆਂ ਵਿੱਚ 4 ਹਜ਼ਾਰ ਯਾਤਰੀ ਹਵਾਈ ਜਹਾਜ਼ ਰਾਹੀਂ ਆਉਂਦੇ ਸਨ, 6 ਮਹੀਨਿਆਂ ਵਿੱਚ 4 ਹਜ਼ਾਰ। ਅੱਜ ਇੱਕ ਦਿਨ ਵਿੱਚ 4 ਹਜ਼ਾਰ ਤੋਂ ਵੱਧ ਯਾਤਰੀ ਹਵਾਈ ਜਹਾਜ਼ ਰਾਹੀਂ ਆਉਂਦੇ ਹਨ।
ਸਾਥੀਓ,
ਇਨ੍ਹਾਂ 25 ਸਾਲਾਂ ਵਿੱਚ ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ 10 ਗੁਣਾ ਤੋਂ ਵੱਧ ਵਧੀ ਹੈ। ਪਹਿਲਾਂ ਇੱਥੇ ਸਿਰਫ਼ ਇੱਕ ਮੈਡੀਕਲ ਕਾਲਜ ਸੀ। ਅੱਜ ਇੱਥੇ 10 ਮੈਡੀਕਲ ਕਾਲਜ ਹਨ। 25 ਸਾਲ ਪਹਿਲਾਂ ਵੈਕਸੀਨ ਕਵਰੇਜ ਦਾ ਦਾਇਰਾ 25 ਫ਼ੀਸਦੀ ਵੀ ਨਹੀਂ ਸੀ। 75 ਫ਼ੀਸਦੀ ਤੋਂ ਵੱਧ ਲੋਕ ਬਿਨਾਂ ਵੈਕਸੀਨ ਦੇ ਜ਼ਿੰਦਗੀ ਸ਼ੁਰੂ ਕਰਦੇ ਸਨ। ਅੱਜ ਉੱਤਰਾਖੰਡ ਦਾ ਤਕਰੀਬਨ ਹਰ ਪਿੰਡ ਵੈਕਸੀਨ ਕਵਰੇਜ ਦੇ ਦਾਇਰੇ ਵਿੱਚ ਆ ਗਿਆ ਹੈ। ਭਾਵ, ਜੀਵਨ ਦੇ ਹਰ ਪਹਿਲੂ ਵਿੱਚ ਉੱਤਰਾਖੰਡ ਨੇ ਕਾਫ਼ੀ ਤਰੱਕੀ ਕੀਤੀ ਹੈ। ਵਿਕਾਸ ਦੀ ਇਹ ਯਾਤਰਾ ਸ਼ਾਨਦਾਰ ਰਹੀ ਹੈ। ਇਹ ਬਦਲਾਅ 'ਸਭ ਨੂੰ ਨਾਲ ਲੈ ਕੇ ਚੱਲਣ' ਦੀ ਨੀਤੀ ਅਤੇ ਹਰ ਉੱਤਰਾਖੰਡੀ ਦੇ ਸੰਕਲਪ ਦਾ ਨਤੀਜਾ ਹੈ। ਪਹਿਲਾਂ ਪਹਾੜਾਂ ਦੀ ਚੜ੍ਹਾਈ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣਦੀ ਸੀ, ਹੁਣ ਉਸੇ ਥਾਂ ਤੋਂ ਨਵੇਂ ਰਾਹ ਖੁੱਲ੍ਹ ਰਹੇ ਹਨ।
ਸਾਥੀਓ,
ਮੈਂ ਕੁਝ ਦੇਰ ਪਹਿਲਾਂ ਉੱਤਰਾਖੰਡ ਦੇ ਨੌਜਵਾਨਾਂ ਅਤੇ ਉੱਦਮੀਆਂ ਨਾਲ ਗੱਲ ਕੀਤੀ; ਉਹ ਸਾਰੇ ਉੱਤਰਾਖੰਡ ਦੇ ਵਿਕਾਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਜੇ ਮੈਂ ਗੜ੍ਹਵਾਲੀ ਵਿੱਚ ਕਹਾਂ, ਤਾਂ ਸ਼ਾਇਦ ਕੋਈ ਗ਼ਲਤੀ ਕਰ ਦੇਵਾਂ, ਪਰ ਭਾਵਨਾ ਇਹ ਹੈ ਕਿ 2047 ਵਿੱਚ ਭਾਰਤ ਨੂੰ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਲਿਆਉਣ ਲਈ ਮੇਰਾ ਉੱਤਰਾਖੰਡ, ਮੇਰੀ ਦੇਵ-ਭੂਮੀ, ਪੂਰੀ ਤਰ੍ਹਾਂ ਤਿਆਰ ਹੈ।

ਸਾਥੀਓ,
ਉੱਤਰਾਖੰਡ ਦੀ ਵਿਕਾਸ ਯਾਤਰਾ ਨੂੰ ਗਤੀ ਦੇਣ ਲਈ ਅੱਜ ਵੀ ਇੱਥੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਸਿੱਖਿਆ, ਸਿਹਤ, ਸੈਰ-ਸਪਾਟਾ ਅਤੇ ਖੇਡਾਂ ਨਾਲ ਜੁੜੇ ਇਹ ਪ੍ਰਾਜੈਕਟ ਇੱਥੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ। ਜਮਰਾਨੀ ਅਤੇ ਸੋਂਗ ਡੈਮ ਪ੍ਰਾਜੈਕਟ, ਦੇਹਰਾਦੂਨ ਅਤੇ ਹਲਦਵਾਨੀ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨਗੇ। ਇਨ੍ਹਾਂ ਸਾਰੀਆਂ ਯੋਜਨਾਵਾਂ 'ਤੇ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾਣਗੇ। ਮੈਂ ਉੱਤਰਾਖੰਡ ਵਾਸੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਦੀ ਵਧਾਈ ਦਿੰਦਾ ਹਾਂ।
ਸਾਥੀਓ,
ਉੱਤਰਾਖੰਡ ਸਰਕਾਰ ਹੁਣ ਸੇਬ ਅਤੇ ਕੀਵੀ ਦੇ ਕਿਸਾਨਾਂ ਨੂੰ ਡਿਜੀਟਲ ਕਰੰਸੀ ਵਿੱਚ ਵਿੱਤੀ ਸਹਾਇਤਾ ਦੇਣਾ ਸ਼ੁਰੂ ਕਰ ਰਹੀ ਹੈ। ਆਧੁਨਿਕ ਤਕਨਾਲੋਜੀ ਰਾਹੀਂ ਇਸ ਮਦਦ ਦੀ ਪੂਰੀ ਟ੍ਰੈਕਿੰਗ ਸੰਭਵ ਹੋ ਰਹੀ ਹੈ। ਇਸ ਲਈ ਮੈਂ ਸੂਬਾ ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਸਾਰੀਆਂ ਸਬੰਧਤ ਧਿਰਾਂ ਦੀ ਸ਼ਲਾਘਾ ਕਰਦਾ ਹਾਂ।
ਸਾਥੀਓ,
ਦੇਵ-ਭੂਮੀ ਉੱਤਰਾਖੰਡ ਭਾਰਤ ਦੇ ਅਧਿਆਤਮਿਕ ਜੀਵਨ ਦੀ ਧੜਕਣ ਹੈ। ਗੰਗੋਤਰੀ, ਯਮੁਨੋਤਰੀ, ਕੇਦਾਰਨਾਥ, ਬਦਰੀਨਾਥ, ਜਾਗੇਸ਼ਵਰ ਅਤੇ ਆਦਿ ਕੈਲਾਸ਼ ਵਰਗੇ ਅਣਗਿਣਤ ਤੀਰਥ ਸਾਡੀ ਆਸਥਾ ਦੇ ਪ੍ਰਤੀਕ ਹਨ। ਹਰ ਸਾਲ ਲੱਖਾਂ ਸ਼ਰਧਾਲੂ ਇਨ੍ਹਾਂ ਪਵਿੱਤਰ ਧਾਮਾਂ ਦੀ ਯਾਤਰਾ 'ਤੇ ਆਉਂਦੇ ਹਨ। ਉਨ੍ਹਾਂ ਦੀ ਯਾਤਰਾ ਭਗਤੀ ਦਾ ਮਾਰਗ ਖੋਲ੍ਹਣ ਦੇ ਨਾਲ-ਨਾਲ ਉੱਤਰਾਖੰਡ ਦੀ ਆਰਥਿਕਤਾ ਵਿੱਚ ਨਵੀਂ ਊਰਜਾ ਭਰਦੀ ਹੈ।

ਸਾਥੀਓ,
ਬਿਹਤਰ ਸੰਪਰਕ ਦਾ ਉੱਤਰਾਖੰਡ ਦੇ ਵਿਕਾਸ ਨਾਲ ਡੂੰਘਾ ਸਬੰਧ ਹੈ, ਇਸ ਲਈ ਅੱਜ ਸੂਬੇ ਵਿੱਚ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪ੍ਰਾਜੈਕਟ ਤਰੱਕੀ 'ਤੇ ਹੈ। ਦਿੱਲੀ-ਦੇਹਰਾਦੂਨ ਐਕਸਪ੍ਰੈਸ-ਵੇਅ ਹੁਣ ਤਕਰੀਬਨ ਤਿਆਰ ਹੈ। ਗੌਰੀਕੁੰਡ-ਕੇਦਾਰਨਾਥ ਅਤੇ ਗੋਵਿੰਦਘਾਟ-ਹੇਮਕੁੰਟ ਸਾਹਿਬ ਰੋਪ-ਵੇਅ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਇਹ ਪ੍ਰਾਜੈਕਟ ਉੱਤਰਾਖੰਡ ਵਿੱਚ ਵਿਕਾਸ ਨੂੰ ਨਵੀਂ ਗਤੀ ਦੇ ਰਹੇ ਹਨ।
ਸਾਥੀਓ,
ਉੱਤਰਾਖੰਡ ਨੇ 25 ਸਾਲਾਂ ਵਿੱਚ ਵਿਕਾਸ ਦੀ ਇੱਕ ਲੰਬੀ ਯਾਤਰਾ ਤੈਅ ਕੀਤੀ ਹੈ। ਹੁਣ ਸਵਾਲ ਇਹ ਹੈ ਕਿ ਅਗਲੇ 25 ਸਾਲਾਂ ਵਿੱਚ ਅਸੀਂ ਉੱਤਰਾਖੰਡ ਨੂੰ ਕਿਸ ਮੁਕਾਮ 'ਤੇ ਵੇਖਣਾ ਚਾਹੋਗੇ? ਤੁਸੀਂ ਉਹ ਕਹਾਵਤ ਜ਼ਰੂਰ ਸੁਣੀ ਹੋਵੇਗੀ, ਜਿੱਥੇ ਚਾਹ, ਉੱਥੇ ਰਾਹ। ਇਸ ਲਈ ਜਦੋਂ ਸਾਨੂੰ ਇਹ ਪਤਾ ਹੋਵੇਗਾ ਕਿ ਸਾਡਾ ਟੀਚਾ ਕੀ ਹੈ, ਤਾਂ ਉੱਥੇ ਪਹੁੰਚਣ ਦਾ ਖ਼ਾਕਾ ਵੀ ਓਨਾ ਹੀ ਤੇਜ਼ੀ ਨਾਲ ਬਣੇਗਾ। ਅਤੇ ਆਪਣੇ ਟੀਚਿਆਂ 'ਤੇ ਚਰਚਾ ਕਰਨ ਲਈ 9 ਨਵੰਬਰ ਤੋਂ ਵਧੀਆ ਦਿਨ ਹੋਰ ਕੀ ਹੋ ਸਕਦਾ ਹੈ?
ਸਾਥੀਓ,
ਉੱਤਰਾਖੰਡ ਦੀ ਅਸਲ ਪਛਾਣ ਉਸ ਦੀ ਅਧਿਆਤਮਿਕ ਸ਼ਕਤੀ ਹੈ। ਉੱਤਰਾਖੰਡ ਜੇ ਤੈਅ ਲਵੇ ਤਾਂ ਅਗਲੇ ਕੁਝ ਸਾਲਾਂ ਵਿੱਚ ਖ਼ੁਦ ਨੂੰ "ਵਿਸ਼ਵ ਦੀ ਅਧਿਆਤਮਿਕ ਰਾਜਧਾਨੀ" ਵਜੋਂ ਸਥਾਪਿਤ ਕਰ ਸਕਦਾ ਹੈ। ਇੱਥੋਂ ਦੇ ਮੰਦਰ, ਆਸ਼ਰਮ, ਧਿਆਨ ਅਤੇ ਯੋਗ ਦੇ ਕੇਂਦਰਾਂ ਨੂੰ ਅਸੀਂ ਵਿਸ਼ਵ-ਵਿਆਪੀ ਨੈੱਟਵਰਕ ਨਾਲ ਜੋੜ ਸਕਦੇ ਹਾਂ।
ਸਾਥੀਓ,
ਦੇਸ਼-ਵਿਦੇਸ਼ ਤੋਂ ਲੋਕ ਇੱਥੇ ਸਿਹਤਯਾਬੀ ਲਈ ਆਉਂਦੇ ਹਨ। ਇੱਥੋਂ ਦੀਆਂ ਜੜ੍ਹੀਆਂ-ਬੂਟੀਆਂ ਅਤੇ ਆਯੁਰਵੈਦਿਕ ਦਵਾਈਆਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 25 ਸਾਲਾਂ ਵਿੱਚ ਖ਼ੁਸ਼ਬੂਦਾਰ ਪੌਦਿਆਂ, ਆਯੁਰਵੈਦਿਕ ਜੜ੍ਹੀਆਂ-ਬੂਟੀਆਂ, ਯੋਗ ਅਤੇ ਤੰਦਰੁਸਤੀ ਸੈਰ-ਸਪਾਟੇ ਵਿੱਚ ਉੱਤਰਾਖੰਡ ਨੇ ਸ਼ਾਨਦਾਰ ਤਰੱਕੀ ਕੀਤੀ ਹੈ। ਹੁਣ ਸਮਾਂ ਹੈ ਕਿ ਉੱਤਰਾਖੰਡ ਦੇ ਹਰ ਵਿਧਾਨ ਸਭਾ ਖੇਤਰ ਵਿੱਚ ਯੋਗ, ਆਯੁਰਵੇਦ, ਕੁਦਰਤੀ ਚਿਕਿਤਸਾ ਕੇਂਦਰ ਅਤੇ ਹੋਮ-ਸਟੇਅ ਦਾ ਇੱਕ ਸੰਪੂਰਨ ਪੈਕੇਜ ਤਿਆਰ ਕੀਤਾ ਜਾਵੇ। ਇਹ ਸਾਡੇ ਵਿਦੇਸ਼ੀ ਸੈਲਾਨੀਆਂ ਨੂੰ ਬਹੁਤ ਖਿੱਚੇਗਾ।

ਸਾਥੀਓ,
ਤੁਸੀਂ ਜਾਣਦੇ ਹੀ ਹੋ ਕਿ ਭਾਰਤ ਸਰਕਾਰ ਸਰਹੱਦ 'ਤੇ 'ਜੀਵਤ ਪਿੰਡ' (ਵਾਈਬਰੈਂਟ ਵਿਲੇਜ) ਯੋਜਨਾ 'ਤੇ ਕਿੰਨਾ ਜ਼ੋਰ ਦੇ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਉੱਤਰਾਖੰਡ ਦਾ ਹਰ ਜੀਵਤ ਪਿੰਡ ਖ਼ੁਦ ਛੋਟਾ ਸੈਰ-ਸਪਾਟਾ ਕੇਂਦਰ ਬਣੇ। ਉੱਥੇ ਹੋਮ-ਸਟੇਅ ਬਣਨ ਅਤੇ ਸਥਾਨਕ ਭੋਜਨ ਤੇ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇ। ਸੋਚੋ, ਜਦੋਂ ਬਾਹਰੋਂ ਆਉਣ ਵਾਲੇ ਸੈਲਾਨੀ ਘਰੇਲੂ ਮਾਹੌਲ ਵਿੱਚ 'ਚੁੜਕਾਨੀ', 'ਰੋਟ-ਅਰਸਾ', 'ਰਸ-ਭਾਤ' ਅਤੇ 'ਝੰਗੋਰੇ ਦੀ ਖੀਰ' ਦਾ ਸੁਆਦ ਲੈਣਗੇ, ਤਾਂ ਉਨ੍ਹਾਂ ਨੂੰ ਕਿੰਨਾ ਅਨੰਦ ਆਵੇਗਾ। ਇਹੀ ਅਨੰਦ ਉਨ੍ਹਾਂ ਨੂੰ ਵਾਰ-ਵਾਰ ਉੱਤਰਾਖੰਡ ਵਾਪਸ ਲੈ ਕੇ ਆਵੇਗਾ।
ਸਾਥੀਓ,
ਹੁਣ ਸਾਨੂੰ ਉੱਤਰਾਖੰਡ ਵਿੱਚ ਲੁਕੀਆਂ ਸੰਭਾਵਨਾਵਾਂ ਦੇ ਵਿਸਥਾਰ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇੱਥੇ ਹਰੇਲਾ, ਫੂਲਦੇਈ, ਭਿਟੌਲੀ ਵਰਗੇ ਤਿਉਹਾਰਾਂ ਦਾ ਹਿੱਸਾ ਬਣਨ ਤੋਂ ਬਾਅਦ ਸੈਲਾਨੀ ਉਸ ਤਜਰਬੇ ਨੂੰ ਹਮੇਸ਼ਾ ਯਾਦ ਰੱਖਦੇ ਹਨ। ਇੱਥੋਂ ਦੇ ਮੇਲੇ ਵੀ ਓਨੇ ਹੀ ਜੀਵਤ ਹਨ। ਨੰਦਾ ਦੇਵੀ ਮੇਲਾ, ਜੌਲਜੀਵੀ ਮੇਲਾ, ਬਾਗੇਸ਼ਵਰ ਦਾ ਉੱਤਰਾਯਣੀ ਮੇਲਾ, ਦੇਵੀਧੁਰਾ ਦਾ ਮੇਲਾ, ਸ਼੍ਰਾਵਣੀ ਮੇਲਾ ਅਤੇ ਬਟਰ ਫੈਸਟੀਵਲ, ਇਨ੍ਹਾਂ ਵਿੱਚ ਉੱਤਰਾਖੰਡ ਦੀ ਆਤਮਾ ਵੱਸਦੀ ਹੈ। ਇੱਥੋਂ ਦੇ ਸਥਾਨਕ ਮੇਲਿਆਂ ਅਤੇ ਤਿਉਹਾਰਾਂ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ ਲਈ ਵਨ ਡਿਸਟ੍ਰਿਕਟ ਵਨ ਫੈਸਟੀਵਲ ਵਰਗੀ ਕੋਈ ਮੁਹਿੰਮ ਚਲਾਈ ਜਾ ਸਕਦੀ ਹੈ।
ਸਾਥੀਓ,
ਉੱਤਰਾਖੰਡ ਦੇ ਸਾਰੇ ਪਹਾੜੀ ਜ਼ਿਲ੍ਹਿਆਂ ਵਿੱਚ ਫਲ਼ਾਂ ਦੇ ਉਤਪਾਦਨ ਵਿੱਚ ਕਾਫ਼ੀ ਸਮਰੱਥਾ ਹੈ। ਸਾਨੂੰ ਪਹਾੜੀ ਜ਼ਿਲ੍ਹਿਆਂ ਨੂੰ ਬਾਗ਼ਬਾਨੀ ਕੇਂਦਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਬਲੂਬੇਰੀ, ਕੀਵੀ, ਹਰਬਲ ਅਤੇ ਦਵਾਈਆਂ ਵਾਲੇ ਪੌਦੇ ਭਵਿੱਖ ਦੀ ਖੇਤੀ ਹਨ। ਉੱਤਰਾਖੰਡ ਵਿੱਚ ਫੂਡ ਪ੍ਰੋਸੈਸਿੰਗ, ਦਸਤਕਾਰੀ, ਜੈਵਿਕ ਉਤਪਾਦ, ਇਨ੍ਹਾਂ ਸਾਰਿਆਂ ਲਈ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ।

ਸਾਥੀਓ,
ਉੱਤਰਾਖੰਡ ਵਿੱਚ ਬਾਰਾਂ ਮਹੀਨੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਹਮੇਸ਼ਾ ਤੋਂ ਰਹੀਆਂ ਹਨ। ਹੁਣ ਇੱਥੇ ਸੰਪਰਕ ਸੁਧਰ ਰਿਹਾ ਹੈ ਅਤੇ ਇਸ ਲਈ ਮੈਂ ਸੁਝਾਅ ਦਿੱਤਾ ਸੀ ਕਿ ਸਾਨੂੰ ਬਾਰਾਂ-ਮਹੀਨਿਆਂ ਦੇ ਸੈਰ-ਸਪਾਟੇ ਵੱਲ ਵਧਣਾ ਚਾਹੀਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਉੱਤਰਾਖੰਡ ਸਰਦੀਆਂ ਦੇ ਸੈਰ-ਸਪਾਟੇ ਨੂੰ ਨਵਾਂ ਆਯਾਮ ਦੇ ਰਿਹਾ ਹੈ। ਮੈਨੂੰ ਜੋ ਜਾਣਕਾਰੀ ਮਿਲੀ ਹੈ, ਉਹ ਉਤਸ਼ਾਹ ਵਧਾਉਣ ਵਾਲੀ ਹੈ। ਸਰਦੀਆਂ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਥੌਰਾਗੜ੍ਹ ਵਿੱਚ 14 ਹਜ਼ਾਰ ਫੁੱਟ ਤੋਂ ਵੱਧ ਉਚਾਈ 'ਤੇ ਹਾਈ ਐਲਟੀਟਿਊਡ ਮੈਰਾਥਨ ਹੋਈ। । ਆਦਿ ਕੈਲਾਸ਼ ਪਰਿਕਰਮਾ ਰਨ ਵੀ ਦੇਸ਼ ਲਈ ਪ੍ਰੇਰਨਾ ਬਣੀ ਹੈ। ਤਿੰਨ ਸਾਲ ਪਹਿਲਾਂ ਆਦਿ ਕੈਲਾਸ਼ ਯਾਤਰਾ ਵਿੱਚ ਦੋ ਹਜ਼ਾਰ ਤੋਂ ਵੀ ਘੱਟ ਸ਼ਰਧਾਲੂ ਆਉਂਦੇ ਸਨ। ਹੁਣ ਇਹ ਗਿਣਤੀ ਤੀਹ ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਕੇਦਾਰਨਾਥ ਮੰਦਰ ਦੇ ਕਿਵਾੜ ਬੰਦ ਹੋਏ ਹਨ। ਕੇਦਾਰਨਾਥ ਧਾਮ ਵਿੱਚ ਇਸ ਵਾਰ ਲਗਭਗ 17 ਲੱਖ ਸ਼ਰਧਾਲੂ ਦੇਵ-ਦਰਸ਼ਨ ਲਈ ਆਏ ਹਨ। ਤੀਰਥ-ਯਾਤਰਾ ਅਤੇ ਬਾਰਾਂ-ਮਹੀਨਿਆਂ ਦਾ ਸੈਰ-ਸਪਾਟਾ, ਉੱਤਰਾਖੰਡ ਦੀ ਉਹ ਸਮਰੱਥਾ ਹੈ, ਜੋ ਉਸ ਨੂੰ ਲਗਾਤਾਰ ਵਿਕਾਸ ਦੀ ਨਵੀਂ ਬੁਲੰਦੀ 'ਤੇ ਲੈ ਜਾਵੇਗਾ। ਈਕੋ-ਟੂਰਿਜ਼ਮ ਅਤੇ ਐਡਵੈਂਚਰ ਟੂਰਿਜ਼ਮ ਲਈ ਵੀ ਬਹੁਤ ਸੰਭਾਵਨਾਵਾਂ ਹਨ। ਦੇਸ਼ ਭਰ ਦੇ ਨੌਜਵਾਨਾਂ ਲਈ ਇਹ ਖਿੱਚ ਦਾ ਕੇਂਦਰ ਬਣ ਸਕਦਾ ਹੈ।
ਸਾਥੀਓ,
ਉੱਤਰਾਖੰਡ ਹੁਣ ਫ਼ਿਲਮ ਡੈਸਟੀਨੇਸ਼ਨ ਵਜੋਂ ਵੀ ਉੱਭਰ ਰਿਹਾ ਹੈ। ਸੂਬੇ ਦੀ ਨਵੀਂ ਫ਼ਿਲਮ ਨੀਤੀ ਨਾਲ ਸ਼ੂਟਿੰਗ ਕਰਨਾ ਹੋਰ ਸੌਖਾ ਹੋ ਗਿਆ ਹੈ। ਵੈਡਿੰਗ ਡੈਸਟੀਨੇਸ਼ਨ ਵਜੋਂ ਵੀ ਉੱਤਰਾਖੰਡ ਪ੍ਰਸਿੱਧ ਹੋ ਰਿਹਾ ਹੈ। ਅਤੇ ਮੇਰਾ ਤਾਂ ਅਭਿਆਨ ਚੱਲ ਰਿਹਾ ਹੈ, 'ਵੈੱਡ ਇਨ ਇੰਡੀਆ'। 'ਵੈੱਡ ਇਨ ਇੰਡੀਆ' ਲਈ, ਉੱਤਰਾਖੰਡ ਨੂੰ ਆਪਣੇ ਇੱਥੇ ਉਸੇ ਸ਼ਾਨਦਾਰ ਪੱਧਰ ਦੀਆਂ ਸਹੂਲਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ। ਇਸ ਲਈ 5-7 ਵੱਡੀਆਂ ਥਾਵਾਂ ਨੂੰ ਤੈਅ ਕਰਕੇ ਉਨ੍ਹਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ।
ਸਾਥੀਓ,
ਦੇਸ਼ ਨੇ 'ਆਤਮ-ਨਿਰਭਰ ਭਾਰਤ' ਦਾ ਸੰਕਲਪ ਲਿਆ ਹੈ। ਇਸ ਦਾ ਰਸਤਾ 'ਵੋਕਲ ਫ਼ਾਰ ਲੋਕਲ' ਤੋਂ ਹੋ ਕੇ ਜਾਂਦਾ ਹੈ। ਉੱਤਰਾਖੰਡ ਇਸ ਦ੍ਰਿਸ਼ਟੀਕੋਣ ਨੂੰ ਹਮੇਸ਼ਾ ਤੋਂ ਜਿਊਂਦਾ ਆਇਆ ਹੈ। ਸਥਾਨਕ ਉਤਪਾਦਾਂ ਨਾਲ ਲਗਾਅ, ਉਨ੍ਹਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ, ਇਹ ਇੱਥੋਂ ਦੀ ਪਰੰਪਰਾ ਦਾ ਅਨਿੱਖੜਵਾਂ ਅੰਗ ਹੈ। ਮੈਨੂੰ ਖ਼ੁਸ਼ੀ ਹੈ ਕਿ ਉੱਤਰਾਖੰਡ ਸਰਕਾਰ ਨੇ 'ਵੋਕਲ ਫ਼ਾਰ ਲੋਕਲ' ਮੁਹਿੰਮ ਨੂੰ ਤੇਜ਼ ਗਤੀ ਦਿੱਤੀ ਹੈ। ਇਸ ਮੁਹਿੰਮ ਤੋਂ ਬਾਅਦ ਉੱਤਰਾਖੰਡ ਦੇ 15 ਖੇਤੀਬਾੜੀ ਉਤਪਾਦਾਂ ਨੂੰ ਜੀ.ਆਈ. ਟੈਗ ਮਿਲਿਆ ਹੈ। ਇੱਥੋਂ ਦੇ ਬੇਡੂ ਫਲ਼ ਅਤੇ ਬਦਰੀ ਗਾਂ ਦੇ ਘਿਓ ਨੂੰ ਹਾਲ ਹੀ ਵਿੱਚ ਜੀ.ਆਈ. ਟੈਗ ਮਿਲਣਾ ਸੱਚਮੁੱਚ ਬਹੁਤ ਮਾਣ ਵਾਲੀ ਗੱਲ ਹੈ। ਬਦਰੀ ਗਾਂ ਦਾ ਘਿਓ ਪਹਾੜ ਦੇ ਹਰ ਘਰ ਦੀ ਸ਼ਾਨ ਹੈ। ਹੁਣ ਬੇਡੂ, ਪਹਾੜ ਦੇ ਪਿੰਡਾਂ ਤੋਂ ਨਿਕਲ ਕੇ ਬਾਹਰ ਦੇ ਬਾਜ਼ਾਰਾਂ ਤੱਕ ਪਹੁੰਚ ਰਿਹਾ ਹੈ। ਇਸ ਤੋਂ ਬਣੇ ਉਤਪਾਦਾਂ 'ਤੇ ਹੁਣ ਜੀ.ਆਈ. ਟੈਗ ਲੱਗਾ ਹੋਵੇਗਾ। ਉਹ ਉਤਪਾਦ ਜਿੱਥੇ ਵੀ ਜਾਵੇਗਾ, ਆਪਣੇ ਨਾਲ ਉੱਤਰਾਖੰਡ ਦੀ ਪਛਾਣ ਵੀ ਲੈ ਕੇ ਜਾਵੇਗਾ। ਅਜਿਹੇ ਹੀ ਜੀ.ਆਈ. ਟੈਗ ਵਾਲੇ ਉਤਪਾਦਾਂ ਨੂੰ ਸਾਨੂੰ ਦੇਸ਼ ਦੇ ਘਰ-ਘਰ ਪਹੁੰਚਾਉਣਾ ਹੈ।

ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ 'ਹਾਊਸ ਆਫ਼ ਹਿਮਾਲਿਆਜ਼' ਉੱਤਰਾਖੰਡ ਦਾ ਅਜਿਹਾ ਬ੍ਰਾਂਡ ਬਣ ਰਿਹਾ ਹੈ, ਜੋ ਸਥਾਨਕ ਪਛਾਣ ਨੂੰ ਇੱਕ ਮੰਚ 'ਤੇ ਲਿਆ ਰਿਹਾ ਹੈ। ਇਸ ਬ੍ਰਾਂਡ ਤਹਿਤ ਸੂਬੇ ਦੇ ਵੱਖ-ਵੱਖ ਉਤਪਾਦਾਂ ਨੂੰ ਇੱਕ ਸਾਂਝੀ ਪਛਾਣ ਦਿੱਤੀ ਗਈ ਹੈ, ਤਾਂ ਜੋ ਉਹ ਵਿਸ਼ਵ-ਵਿਆਪੀ ਬਾਜ਼ਾਰ ਵਿੱਚ ਮੁਕਾਬਲਾ ਕਰ ਸਕਣ। ਸੂਬੇ ਦੇ ਕਈ ਉਤਪਾਦ ਹੁਣ ਡਿਜੀਟਲ ਪਲੇਟਫਾਰਮ 'ਤੇ ਮੁਹੱਈਆ ਹਨ। ਇਸ ਨਾਲ ਗਾਹਕਾਂ ਤੱਕ ਉਨ੍ਹਾਂ ਦੀ ਸਿੱਧੀ ਪਹੁੰਚ ਬਣੀ ਹੈ ਅਤੇ ਕਿਸਾਨਾਂ, ਕਾਰੀਗਰਾਂ ਅਤੇ ਛੋਟੇ ਉੱਦਮੀਆਂ ਲਈ ਇੱਕ ਨਵਾਂ ਬਾਜ਼ਾਰ ਖੁੱਲ੍ਹਿਆ ਹੈ। 'ਹਾਊਸ ਆਫ਼ ਹਿਮਾਲਿਆਜ਼' ਦੀ ਬ੍ਰਾਂਡਿੰਗ ਲਈ ਵੀ ਤੁਹਾਨੂੰ ਨਵੀਂ ਊਰਜਾ ਨਾਲ ਜੁੜਨਾ ਹੈ। ਮੈਂ ਸਮਝਦਾ ਹਾਂ ਕਿ ਇਨ੍ਹਾਂ ਬ੍ਰਾਂਡਾਂ ਦੇ ਉਤਪਾਦਾਂ ਦੀ ਵੰਡ ਪ੍ਰਣਾਲੀ 'ਤੇ ਵੀ ਸਾਨੂੰ ਲਗਾਤਾਰ ਕੰਮ ਕਰਨਾ ਹੋਵੇਗਾ।
ਸਾਥੀਓ,
ਤੁਸੀਂ ਜਾਣਦੇ ਹੋ ਕਿ ਉੱਤਰਾਖੰਡ ਦੀ ਹੁਣ ਤੱਕ ਦੀ ਵਿਕਾਸ ਯਾਤਰਾ ਵਿੱਚ ਕਈ ਰੁਕਾਵਟਾਂ ਆਈਆਂ ਹਨ। ਪਰ ਭਾਜਪਾ ਦੀ ਮਜ਼ਬੂਤ ਸਰਕਾਰ ਨੇ ਹਰ ਵਾਰ ਉਨ੍ਹਾਂ ਰੁਕਾਵਟਾਂ ਨੂੰ ਪਾਰ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਵਿਕਾਸ ਦੀ ਗਤੀ 'ਤੇ ਰੋਕ ਨਾ ਲੱਗੇ। ਉੱਤਰਾਖੰਡ ਦੀ ਧਾਮੀ ਸਰਕਾਰ ਨੇ ਜਿਸ ਗੰਭੀਰਤਾ ਨਾਲ ਇੱਥੇ 'ਸਮਾਨ ਨਾਗਰਿਕ ਸੰਹਿਤਾ' ਨੂੰ ਲਾਗੂ ਕੀਤਾ, ਉਹ ਦੂਜੇ ਰਾਜਾਂ ਲਈ ਵੀ ਇੱਕ ਮਿਸਾਲ ਹੈ। ਸੂਬਾ ਸਰਕਾਰ ਨੇ ਧਰਮ-ਤਬਦੀਲੀ ਵਿਰੋਧੀ ਕਾਨੂੰਨ ਅਤੇ ਦੰਗਾ-ਰੋਕੂ ਕਾਨੂੰਨ ਵਰਗੇ ਰਾਸ਼ਟਰੀ ਹਿੱਤ ਨਾਲ ਜੁੜੇ ਵਿਸ਼ਿਆਂ 'ਤੇ ਦਲੇਰਾਨਾ ਨੀਤੀ ਅਪਣਾਈ। ਸੂਬੇ ਵਿੱਚ ਤੇਜ਼ੀ ਨਾਲ ਉੱਭਰ ਰਹੇ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਅਤੇ ਜਨਸੰਖਿਅਕ ਤਬਦੀਲੀ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਵੀ ਭਾਜਪਾ ਸਰਕਾਰ ਠੋਸ ਕਾਰਵਾਈ ਕਰ ਰਹੀ ਹੈ। ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਉੱਤਰਾਖੰਡ ਸਰਕਾਰ ਨੇ ਤੇਜ਼ੀ ਅਤੇ ਸੰਵੇਦਨਸ਼ੀਲਤਾ ਨਾਲ ਕੰਮ ਕਰਦਿਆਂ ਜਨਤਾ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਥੀਓ,
ਅੱਜ ਜਦੋਂ ਅਸੀਂ ਸੂਬੇ ਦੀ ਸਥਾਪਨਾ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡਾ ਉੱਤਰਾਖੰਡ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹੇਗਾ ਅਤੇ ਆਪਣੇ ਸਭਿਆਚਾਰ ਤੇ ਪਛਾਣ ਨੂੰ ਉਸੇ ਮਾਣ ਨਾਲ ਅੱਗੇ ਵਧਾਏਗਾ। ਮੈਂ ਇੱਕ ਵਾਰ ਫਿਰ ਉੱਤਰਾਖੰਡ ਦੇ ਸਾਰੇ ਵਾਸੀਆਂ ਨੂੰ ਸਿਲਵਰ ਜੁਬਲੀ ਸਮਾਗਮ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਤੁਹਾਡੇ ਤੋਂ ਇਹ ਉਮੀਦ ਕਰਦਾ ਹਾਂ ਕਿ ਹੁਣ ਤੋਂ 25 ਸਾਲ ਬਾਅਦ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾ ਰਿਹਾ ਹੋਵੇਗਾ, ਉਦੋਂ ਉੱਤਰਾਖੰਡ ਕਿਸ ਮੁਕਾਮ 'ਤੇ ਹੋਵੇਗਾ, ਇਹ ਟੀਚਾ ਹੁਣੇ ਤੋਂ ਤੈਅ ਕਰ ਲੈਣਾ ਚਾਹੀਦਾ ਹੈ, ਰਸਤਾ ਚੁਣ ਲੈਣਾ ਚਾਹੀਦਾ ਹੈ ਅਤੇ ਬਿਨਾਂ ਇੰਤਜ਼ਾਰ ਕੀਤੇ ਚੱਲ ਪੈਣਾ ਚਾਹੀਦਾ ਹੈ। ਮੈਂ ਤੁਹਾਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਹਮੇਸ਼ਾ ਉੱਤਰਾਖੰਡ ਸਰਕਾਰ ਨਾਲ ਖੜ੍ਹੀ ਹੈ। ਅਸੀਂ ਤੁਹਾਨੂੰ ਹਰ ਕਦਮ 'ਤੇ ਸਹਿਯੋਗ ਦੇਣ ਲਈ ਤਿਆਰ ਹਾਂ। ਮੈਂ ਉੱਤਰਾਖੰਡ ਦੇ ਹਰ ਪਰਿਵਾਰ ਅਤੇ ਹਰ ਨਾਗਰਿਕ ਦੇ ਸੁਖੀ ਜੀਵਨ, ਖ਼ੁਸ਼ਹਾਲੀ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਵੰਦੇ ਮਾਤਰਮ ਦਾ 150ਵਾਂ ਸਾਲ ਹੈ, ਮੇਰੇ ਨਾਲ ਬੋਲੋ –
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।


