ਅੱਜ ਉਦਘਾਟਨ ਕੀਤਾ ਗਿਆ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰਾ ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਹੈ, ਜੋ ਸੰਪਰਕ ਨੂੰ ਮਜ਼ਬੂਤ ਕਰੇਗਾ, ਆਰਥਿਕਤਾ ਤੇ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ: ਪ੍ਰਧਾਨ ਮੰਤਰੀ
ਉੱਤਰਾਖੰਡ ਨੇ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰ ਲਏ ਹਨ ਅਤੇ ਹੁਣ ਇਹ ਆਪਣੇ 26ਵੇਂ ਸਾਲ ਵਿੱਚ ਦਾਖਲ ਹੋ ਚੁੱਕਾ ਹੈ; ਅੱਜ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦੇ ਉਦਘਾਟਨ ਨਾਲ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੋਈ ਹੈ: ਪ੍ਰਧਾਨ ਮੰਤਰੀ
ਦੇਹਰਾਦੂਨ-ਦਿੱਲੀ ਆਰਥਿਕ ਗਲਿਆਰਾ ਪੂਰੇ ਖੇਤਰ ਨੂੰ ਬਦਲ ਦੇਵੇਗਾ: ਪ੍ਰਧਾਨ ਮੰਤਰੀ
ਇਹ ਗਲਿਆਰਾ ਸਮਾਂ ਬਚਾਏਗਾ, ਯਾਤਰਾ ਸਸਤੀ ਅਤੇ ਤੇਜ਼ ਹੋਵੇਗੀ, ਲੋਕ ਪੈਟਰੋਲ ਅਤੇ ਡੀਜ਼ਲ 'ਤੇ ਘੱਟ ਖ਼ਰਚ ਕਰਨਗੇ ਅਤੇ ਕਿਰਾਏ ਤੇ ਮਾਲ ਢੋਆ-ਢੁਆਈ ਦੀ ਲਾਗਤ ਵਿੱਚ ਕਮੀ ਆਵੇਗੀ; ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ: ਪ੍ਰਧਾਨ ਮੰਤਰੀ
ਸਾਡੇ ਪਹਾੜ, ਇਹ ਜੰਗਲੀ ਖੇਤਰ, ਦੇਵ-ਭੂਮੀ ਦੀ ਇਹ ਵਿਰਾਸਤ, ਇਹ ਬਹੁਤ ਹੀ ਪਵਿੱਤਰ ਸਥਾਨ ਹਨ; ਅਜਿਹੇ ਸਥਾਨਾਂ ਨੂੰ ਸਾਫ਼ ਰੱਖਣਾ ਸਾਡਾ ਫਰਜ਼ ਹੈ: ਪ੍ਰਧਾਨ ਮੰਤਰੀ
ਇਨ੍ਹਾਂ ਖੇਤਰਾਂ ਵਿੱਚ ਪਲਾਸਟਿਕ ਦੀਆਂ ਬੋਤਲਾਂ, ਕੂੜੇ ਦੇ ਢੇਰ ਦੇਵ-ਭੂਮੀ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਂਦੇ ਹਨ; ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦੇਵ-ਭੂਮੀ ਦੇ ਇਨ੍ਹਾਂ ਸਥਾਨਾਂ, ਸਾਡੇ ਤੀਰਥ ਸਥਾਨਾਂ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖੀਏ: ਪ੍ਰਧਾਨ ਮੰਤਰੀ

 

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਜੀ, ਇੱਥੋਂ ਦੇ ਹਰਮਨ-ਪਿਆਰੇ ਅਤੇ ਮਿਹਨਤੀ ਨੌਜਵਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਨਿਤਿਨ ਗਡਕਰੀ ਜੀ, ਅਜੈ ਟਮਟਾ ਜੀ, ਤਕਨਾਲੋਜੀ ਰਾਹੀਂ ਜੁੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਗਵਰਨਰ ਆਨੰਦੀ ਬੇਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਮੰਚ 'ਤੇ ਹਾਜ਼ਰ ਸੂਬਾ ਭਾਜਪਾ ਪ੍ਰਧਾਨ ਮਹਿੰਦਰ ਭੱਟ ਜੀ, ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਜੀ, ਸਾਬਕਾ ਮੁੱਖ ਮੰਤਰੀ ਭਾਈ ਰਮੇਸ਼ ਪੋਖਰਿਯਾਲ, ਵਿਜੈ ਬਹੁਗੁਣਾ ਜੀ, ਤੀਰਥ ਸਿੰਘ ਰਾਵਤ ਜੀ, ਤ੍ਰਿਵੇਂਦਰ ਸਿੰਘ ਰਾਵਤ ਜੀ, ਉੱਤਰਾਖੰਡ ਸਰਕਾਰ ਦੇ ਸਾਰੇ ਮੰਤਰੀਗਣ, ਸੰਸਦ ਮੈਂਬਰ ਅਤੇ ਵਿਧਾਇਕਗਣ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਦੇਵ-ਭੂਮੀ ਉੱਤਰਾਖੰਡ ਦੀ ਇਸ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਨੂੰ ਮੇਰਾ ਪ੍ਰਣਾਮ। ਬਹੁਤ ਵੱਡੀ ਗਿਣਤੀ ਵਿੱਚ ਆਏ ਹੋਏ ਪੂਜਨੀਕ ਸੰਤਗਣ ਨੂੰ ਵੀ ਪ੍ਰਣਾਮ। ਉੱਤਰਾਖੰਡ ਦੇ ਪਿਆਰੇ ਭੁੱਲੋਂ-ਭੈਬੰਦੋਂ, ਬੌੜੀ-ਭੂਲੀਆਂ, ਸਿਆਣਾ-ਬਜ਼ੁਰਗੋਂ, ਆਪ ਸਭੁ ਤੈਂ ਨਮਸਕਾਰ! ਮੇਰੋ ਪਿਆਰੋ ਦਾਜੀ ਭਾਈ, ਦੀਦੀ-ਬੈਨੀ, ਆਮਾ-ਬਾਬਾ ਸਬਈ ਲਾਈ ਮੇਰੋ ਤਰਫ਼ ਦੇਖੀ ਢੋਗ ਦਿਨਛੂੰ।

ਇਸ ਪ੍ਰੋਗਰਾਮ ਨਾਲ ਤਕਨਾਲੋਜੀ ਰਾਹੀਂ ਦਿੱਲੀ, ਯੂਪੀ ਤੋਂ ਵੀ ਕਈ ਲੋਕ ਜੁੜੇ ਹਨ, ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਹਾਂ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਪ੍ਰੋਗਰਾਮ ਵਿੱਚ ਜੁੜੇ ਹੋਏ ਲੋਕਾਂ ਤੋਂ ਵੀ ਮਾਫ਼ੀ ਮੰਗਦਾ ਹਾਂ, ਕਿ ਮੈਨੂੰ ਇੱਥੇ ਪਹੁੰਚਣ ਵਿੱਚ ਘੰਟੇ ਤੋਂ ਵੀ ਵੱਧ ਦੇਰ ਹੋ ਗਈ, ਸਭ ਥਾਵਾਂ 'ਤੇ ਲੰਮੇ ਸਮੇਂ ਤੱਕ ਤੁਹਾਨੂੰ ਸਾਰਿਆਂ ਨੂੰ ਉਡੀਕ ਕਰਨੀ ਪਈ, ਅਤੇ ਕਾਰਨ ਇਹੀ ਸੀ, ਮੈਂ ਨਿਕਲਿਆ ਤਾਂ ਵੇਲੇ 'ਤੇ ਸੀ, ਪਰ ਤਕਰੀਬਨ 12 ਕਿਲੋਮੀਟਰ ਦਾ ਰੋਡ ਸ਼ੋਅ, ਕਾਲੀ ਮੰਦਰ ਤੋਂ ਲੈ ਕੇ ਇੱਥੇ ਤੱਕ, ਇੰਨਾ ਉਤਸ਼ਾਹ, ਇੰਨਾ ਉਮੰਗ, ਕਿ ਮੇਰੇ ਲਈ ਤੇਜ਼ ਗਤੀ ਨਾਲ ਗੱਡੀ ਚਲਾਉਣਾ ਬੜਾ ਮੁਸ਼ਕਿਲ ਹੋ ਗਿਆ। ਤਾਂ ਹੌਲੀ-ਹੌਲੀ ਲੋਕਾਂ ਨੂੰ ਪ੍ਰਣਾਮ ਕਰਦੇ-ਕਰਦੇ, ਜਨਤਾ ਜਨਾਰਦਨ ਦੇ ਆਸ਼ੀਰਵਾਦ ਲੈਂਦੇ-ਲੈਂਦੇ ਇੱਥੇ ਪਹੁੰਚਣ ਵਿੱਚ ਮੈਨੂੰ ਇੱਕ ਘੰਟੇ ਤੋਂ ਵੀ ਵੱਧ ਦੇਰੀ ਹੋ ਗਈ, ਅਤੇ ਇਸ ਲਈ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ ਅਤੇ ਅਜਿਹੀ ਧੁੱਪ ਵਿੱਚ 12 ਕਿਲੋਮੀਟਰ ਇਹ ਜਨ-ਸੈਲਾਬ, ਇਹ ਉੱਤਰਾਖੰਡ ਦਾ ਪਿਆਰ, ਮਾਵਾਂ-ਭੈਣਾਂ ਦਾ ਆਸ਼ੀਰਵਾਦ, ਮੈਂ ਅੱਜ ਉੱਤਰਾਖੰਡ ਤੋਂ ਨਵੀਂ ਊਰਜਾ ਲੈ ਕੇ ਜਾਵਾਂਗਾ, ਨਵੀਂ ਪ੍ਰੇਰਨਾ ਲੈ ਕੇ ਜਾਵਾਂਗਾ ਅਤੇ ਮੈਂ ਇਸ ਲਈ ਹਰ ਕਿਸੇ ਦਾ ਦਿਲੋਂ ਧੰਨਵਾਦ ਕਰਦਾ ਹਾਂ।


 

ਸਾਥੀਓ,

ਅੱਜ ਦੇਸ਼ ਵਿੱਚ ਤਿਉਹਾਰਾਂ ਦਾ ਉਤਸ਼ਾਹ ਹੈ। ਵੱਖ-ਵੱਖ ਹਿੱਸਿਆਂ ਵਿੱਚ ਨਵੇਂ ਸਾਲ ਦੀ ਆਮਦ ਹੋਈ ਹੈ। ਮੈਂ ਦੇਸ਼ ਵਾਸੀਆਂ ਨੂੰ ਵਿਸਾਖੀ, ਬੋਹਾਗ ਬੀਹੂ ਅਤੇ ਪੁਥੰਡੂ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ!

ਸਾਥੀਓ,

ਅਗਲੇ ਕੁਝ ਹੀ ਦਿਨਾਂ ਵਿੱਚ, ਯਮੁਨੋਤਰੀ, ਗੰਗੋਤਰੀ, ਬਾਬਾ ਕੇਦਾਰਨਾਥ, ਬਦਰੀਨਾਥ ਧਾਮ ਦੀ ਯਾਤਰਾ ਵੀ ਸ਼ੁਰੂ ਹੋਣ ਜਾ ਰਹੀ ਹੈ। ਇਸ ਪਵਿੱਤਰ ਸਮੇਂ ਦਾ, ਦੇਸ਼ ਦੇ ਕਰੋੜਾਂ ਸ਼ਰਧਾਲੂ, ਸ਼ਰਧਾ ਭਾਵ ਨਾਲ ਇੰਤਜ਼ਾਰ ਕਰਦੇ ਹਨ। ਮੈਂ ਪੰਚ ਬਦਰੀ, ਪੰਚ ਕੇਦਾਰ, ਪੰਚ ਪ੍ਰਯਾਗ ਅਤੇ ਇੱਥੋਂ ਦੇ ਪੂਜਨੀਕ ਦੇਵਤਿਆਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਮੈਂ ਸੰਤਲਾ ਮਾਤਾ ਨੂੰ ਵੀ ਨਮਨ ਕਰਦਾ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਨੂੰ, ਮਾਂ ਦਾਤ ਕਾਲੀ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਦੇਹਰਾਦੂਨ ਸ਼ਹਿਰ 'ਤੇ, ਮਾਂ ਦਾਤ ਕਾਲੀ ਦੀ ਵੱਡੀ ਕਿਰਪਾ ਹੈ। ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਦੇ ਇੰਨੇ ਵੱਡੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ, ਮਾਤਾ ਦਾਤ ਕਾਲੀ ਦਾ ਆਸ਼ੀਰਵਾਦ ਬਹੁਤ ਵੱਡੀ ਸ਼ਕਤੀ ਰਿਹਾ ਹੈ।

ਸਾਥੀਓ,

ਉੱਤਰਾਖੰਡ ਰਾਜ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰਨ ਦੇ ਨਾਲ ਹੀ 26ਵੇਂ  ਸਾਲ ਵਿੱਚ ਦਾਖਲ ਹੋ ਚੁੱਕਾ ਹੈ। ਅੱਜ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦੇ ਉਦਘਾਟਨ ਨਾਲ ਇਸ ਤਰੱਕੀ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਜੁੜੀ ਹੈ। ਤੁਹਾਨੂੰ ਯਾਦ ਹੋਵੇਗਾ, ਬਾਬਾ ਕੇਦਾਰ ਦੇ ਦਰਸ਼ਨਾਂ ਤੋਂ ਬਾਅਦ ਮੇਰੇ ਮੂੰਹੋਂ ਅਚਾਨਕ ਨਿਕਲਿਆ ਸੀ, ਕਿ ਇਸ ਸਦੀ ਦਾ ਤੀਜਾ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ। ਮੈਨੂੰ ਬਹੁਤ ਖੁਸ਼ੀ ਹੈ ਕਿ ਡਬਲ ਇੰਜਣ ਸਰਕਾਰ ਦੀਆਂ ਨੀਤੀਆਂ, ਅਤੇ ਉੱਤਰਾਖੰਡ ਦੇ ਲੋਕਾਂ ਦੀ ਮਿਹਨਤ ਨਾਲ, ਇਹ ਨੌਜਵਾਨ ਰਾਜ, ਵਿਕਾਸ ਦੇ ਨਵੇਂ ਪਹਿਲੂ ਜੋੜ ਰਿਹਾ ਹੈ। ਇਹ ਪ੍ਰੋਜੈਕਟ ਵੀ, ਉੱਤਰਾਖੰਡ ਦੇ ਵਿਕਾਸ ਨੂੰ ਨਵੀਂ ਗਤੀ ਦੇਵੇਗਾ। ਇਸ ਐਕਸਪ੍ਰੈਸਵੇਅ ਦਾ ਬਹੁਤ ਵੱਡਾ ਹਿੱਸਾ ਯੂਪੀ ਵਿੱਚੋਂ ਹੋ ਕੇ ਲੰਘਦਾ ਹੈ। ਇਸ ਨਾਲ ਗਾਜ਼ੀਆਬਾਦ, ਬਾਗਪਤ, ਬੜੌਤ, ਸ਼ਾਮਲੀ ਅਤੇ ਸਹਾਰਨਪੁਰ ਵਰਗੇ ਕਈ ਸ਼ਹਿਰਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ। ਸੈਰ-ਸਪਾਟੇ ਦੇ ਲਿਹਾਜ਼ ਨਾਲ ਇਹ ਪ੍ਰੋਜੈਕਟ ਬਹੁਤ ਅਹਿਮ ਹੈ। ਮੈਂ ਪੂਰੇ ਦੇਸ਼ ਨੂੰ ਇਸ ਪ੍ਰੋਜੈਕਟ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਵੀ ਹੈ। ਮੈਂ ਬਾਬਾ ਸਾਹਿਬ ਨੂੰ ਕਰੋੜਾਂ ਦੇਸ਼-ਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਬੀਤੇ ਦਹਾਕੇ ਵਿੱਚ ਸਾਡੀ ਸਰਕਾਰ ਨੇ ਜੋ ਨੀਤੀਆਂ ਬਣਾਈਆਂ, ਜੋ ਫੈਸਲੇ ਲਏ, ਉਹ ਸੰਵਿਧਾਨ ਦੀ ਸ਼ਾਨ ਨੂੰ ਮੁੜ ਸਥਾਪਿਤ ਕਰਨ ਵਾਲੇ ਰਹੇ ਹਨ। ਧਾਰਾ 370 ਹਟਣ ਤੋਂ ਬਾਅਦ ਅੱਜ ਪੂਰੇ ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੈ। ਜਿਨ੍ਹਾਂ ਦਰਜਨਾਂ ਜ਼ਿਲ੍ਹਿਆਂ ਵਿੱਚ ਮਾਓਵਾਦ-ਨਕਸਲਵਾਦ ਖ਼ਤਮ ਹੋਇਆ ਹੈ, ਉੱਥੇ ਵੀ ਹੁਣ ਸੰਵਿਧਾਨ ਦੀ ਭਾਵਨਾ ਅਨੁਸਾਰ ਕੰਮ ਹੋ ਰਿਹਾ ਹੈ। ਦੇਸ਼ ਵਿੱਚ ਸਾਂਝਾ ਨਾਗਰਿਕ ਜ਼ਾਬਤਾ ਲਾਗੂ ਹੋਵੇ, ਇਹ ਸਾਡੇ ਸੰਵਿਧਾਨ ਦੀ ਉਮੀਦ ਹੈ। ਉੱਤਰਾਖੰਡ ਨੇ ਸੰਵਿਧਾਨ ਦੀ ਇਸ ਭਾਵਨਾ ਨੂੰ ਅੱਗੇ ਵਧ ਕੇ ਅਤੇ ਉਸ ਭਾਵਨਾ ਨੂੰ ਅੱਗੇ ਵਧਾ ਕੇ ਪੂਰੇ ਦੇਸ਼ ਨੂੰ ਰਾਹ ਦਿਖਾਇਆ ਹੈ।

ਸਾਥੀਓ,

ਬਾਬਾ ਸਾਹਿਬ ਦਾ ਜੀਵਨ, ਗਰੀਬਾਂ ਨੂੰ, ਵਾਂਝਿਆਂ ਨੂੰ, ਸ਼ੋਸ਼ਿਤਾਂ ਨੂੰ ਨਿਆਂਪੂਰਨ ਪ੍ਰਬੰਧ ਦੇਣ ਲਈ ਸਮਰਪਿਤ ਸੀ। ਸਾਡੀ ਸਰਕਾਰ ਅੱਜ ਉਸੇ ਭਾਵਨਾ ਨਾਲ, ਹਰ ਗਰੀਬ, ਹਰ ਵਾਂਝੇ ਨੂੰ ਸੱਚਾ ਸਮਾਜਿਕ ਨਿਆਂ ਦੇਣ ਵਿੱਚ ਜੁਟੀ ਹੋਈ ਹੈ। ਅਤੇ ਸਮਾਜਿਕ ਨਿਆਂ ਦਾ ਇੱਕ ਬਹੁਤ ਵੱਡਾ ਮਾਧਿਅਮ, ਦੇਸ਼ ਦਾ ਸੰਤੁਲਿਤ ਵਿਕਾਸ ਹੈ, ਸਾਰਿਆਂ ਨੂੰ ਸਹੂਲਤ ਹੈ, ਸਾਰਿਆਂ ਦੀ ਖੁਸ਼ਹਾਲੀ ਹੈ। ਇਸੇ ਲਈ ਹੀ ਬਾਬਾ ਸਾਹਿਬ ਆਧੁਨਿਕ ਬੁਨਿਆਦੀ ਢਾਂਚੇ ਦੀ, ਉਦਯੋਗੀਕਰਨ ਦੀ ਭਰਪੂਰ ਵਕਾਲਤ ਕਰਦੇ ਸਨ।



 

ਸਾਥੀਓ,

ਭਵਿੱਖ ਦੀ ਦਸ਼ਾ ਅਤੇ ਦਿਸ਼ਾ ਕੀ ਹੋਵੇਗੀ, ਅਕਸਰ ਲੋਕ, ਇਸ ਲਈ ਹੱਥ ਦੀਆਂ ਰੇਖਾਵਾਂ ਨੂੰ ਦੇਖਦੇ ਹਨ, ਦਿਖਾਉਂਦੇ ਹਨ। ਜੋ ਭਵਿੱਖ-ਦੱਸਣ ਵਾਲੇ ਹੁੰਦੇ ਹਨ ਨਾ, ਉਹ ਹੱਥ ਦੀਆਂ ਰੇਖਾਵਾਂ ਦੇਖਦੇ ਹਨ, ਅਤੇ ਹਰ ਵਿਅਕਤੀ ਦੇ ਭਵਿੱਖ ਬਾਰੇ ਦੱਸਦੇ ਹਨ। ਮੈਂ ਇਸ ਵਿਗਿਆਨ ਨੂੰ ਤਾਂ ਨਹੀਂ ਜਾਣਦਾ ਹਾਂ, ਪਰ ਕਹਿੰਦੇ ਹਨ ਕਿ ਇਹ ਵੀ ਸ਼ਾਸਤਰ ਹੈ। ਹੁਣ ਇਹ ਤਾਂ ਹੋ ਗਈ ਵਿਅਕਤੀ ਦੀ ਕਿਸਮਤ ਦੀ, ਜੋ ਉਸ ਦੇ ਹੱਥ ਦੀਆਂ ਰੇਖਾਵਾਂ ਹਨ, ਉਸ ਦੀ ਗੱਲ, ਪਰ ਮੈਂ ਜੇ ਇਸੇ ਸੰਦਰਭ ਵਿੱਚ ਗੱਲ ਨੂੰ, ਇਸੇ ਸੰਦਰਭ ਨੂੰ ਰਾਸ਼ਟਰ-ਜੀਵਨ ਨਾਲ ਜੋੜ ਕੇ ਦੇਖਾਂ, ਤਾਂ ਰਾਸ਼ਟਰ ਦੀਆਂ ਭਾਗ-ਰੇਖਾਵਾਂ ਕਿਹੜੀਆਂ ਹੁੰਦੀਆਂ ਹਨ? ਰਾਸ਼ਟਰ ਦੀਆਂ ਭਾਗ-ਰੇਖਾਵਾਂ ਇਹ ਸਾਡੀਆਂ ਇਹ ਸੜਕਾਂ ਹੁੰਦੀਆਂ ਹਨ, ਸਾਡੇ ਹਾਈਵੇ ਹੁੰਦੇ ਹਨ, ਸਾਡੇ ਐਕਸਪ੍ਰੈਸਵੇਅ ਹੁੰਦੇ ਹਨ, ਹਵਾਈ-ਮਾਰਗ, ਰੇਲ-ਮਾਰਗ, ਜਲ-ਮਾਰਗ, ਇਹ ਸਾਡੇ ਰਾਸ਼ਟਰ ਦੀਆਂ ਭਾਗ-ਰੇਖਾਵਾਂ ਹੁੰਦੀਆਂ ਹਨ। ਅਤੇ ਬੀਤੇ ਦਹਾਕੇ ਤੋਂ ਸਾਡਾ ਦੇਸ਼, ਵਿਕਸਿਤ ਭਾਰਤ ਬਣਾਉਣ ਲਈ ਵਿਕਾਸ ਦੀਆਂ ਅਜਿਹੀਆਂ ਹੀ ਭਾਗ-ਰੇਖਾਵਾਂ ਦੇ ਨਿਰਮਾਣ ਵਿੱਚ ਜੁਟਿਆ ਹੋਇਆ ਹੈ। ਇਹ ਵਿਕਾਸ-ਰੇਖਾਵਾਂ ਸਿਰਫ਼ ਅੱਜ ਦੀਆਂ ਸਹੂਲਤਾਂ ਨਹੀਂ ਹਨ, ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਖੁਸ਼ਹਾਲੀ ਦੀ ਗਾਰੰਟੀ ਹਨ ਅਤੇ ਇਹ ਮੋਦੀ ਦੀ ਵੀ ਗਾਰੰਟੀ ਹੈ। ਬੀਤੇ ਦਹਾਕੇ ਤੋਂ ਸਾਡੀ ਸਰਕਾਰ ਰਾਸ਼ਟਰ ਦੀਆਂ ਇਨ੍ਹਾਂ ਵਿਕਾਸ-ਰੇਖਾਵਾਂ 'ਤੇ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ। ਹੁਣੇ ਨਿਤਿਨ ਜੀ ਨੇ ਬਹੁਤ ਸਾਰੇ ਅੰਕੜੇ ਸਿਰਫ਼ ਉੱਤਰਾਖੰਡ ਨਾਲ ਸਬੰਧਤ ਦੱਸੇ ਹਨ ਤੁਹਾਨੂੰ। ਦੇਖੋ, ਸਾਲ 2014 ਤੱਕ ਅਜਿਹੇ ਬੁਨਿਆਦੀ ਢਾਂਚੇ ਲਈ ਸਾਲ ਵਿੱਚ, ਪੂਰੇ ਦੇਸ਼ ਵਿੱਚ, 2 ਲੱਖ ਕਰੋੜ ਰੁਪਏ ਵੀ ਖਰਚ ਨਹੀਂ ਹੁੰਦੇ ਸਨ। ਇਹ ਮੈਂ ਪੂਰੇ ਹਿੰਦੁਸਤਾਨ ਦੀ ਗੱਲ ਦੱਸਦਾ ਹਾਂ, 2 ਲੱਖ ਕਰੋੜ ਵੀ ਨਹੀਂ ਹੁੰਦੇ ਸਨ, ਅੱਜ ਇਹ ਛੇ ਗੁਣਾ ਵੱਧ, 12 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੋ ਚੁੱਕਾ ਹੈ। ਇੱਥੇ ਉੱਤਰਾਖੰਡ ਵਿੱਚ ਹੀ, ਸਵਾ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਤੇ ਕੰਮ ਜਾਰੀ ਹੈ। 2014 ਤੋਂ ਪਹਿਲਾਂ ਪੂਰੇ ਦੇਸ਼ ਲਈ 2 ਲੱਖ ਕਰੋੜ, ਅੱਜ ਇਕੱਲੇ ਉੱਤਰਾਖੰਡ ਲਈ ਸਵਾ ਦੋ ਲੱਖ ਕਰੋੜ ਰੁਪਿਆ। ਕਦੇ ਉੱਤਰਾਖੰਡ ਦੇ ਪਿੰਡਾਂ ਵਿੱਚ ਸੜਕ ਦੇ ਇੰਤਜ਼ਾਰ ਵਿੱਚ ਪੀੜ੍ਹੀਆਂ ਬਦਲ ਜਾਂਦੀਆਂ ਸਨ। ਅੱਜ ਡਬਲ ਇੰਜਣ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ, ਹੁਣ ਸੜਕ ਪਿੰਡ ਤੱਕ ਪਹੁੰਚ ਰਹੀ ਹੈ, ਜੋ ਪਿੰਡ ਪਹਿਲਾਂ ਵੀਰਾਨ ਪੈ ਗਏ ਸਨ, ਉਹ ਫਿਰ ਤੋਂ ਜੀਵੰਤ ਹੋ ਰਹੇ ਹਨ। ਚਾਰਧਾਮ ਮਹਾਮਾਰਗ ਪ੍ਰੋਜੈਕਟ ਹੋਵੇ, ਰੇਲ ਪ੍ਰੋਜੈਕਟਾਂ ਦਾ ਵਿਸਤਾਰ ਹੋਵੇ, ਕੇਦਾਰਨਾਥ ਅਤੇ ਹੇਮਕੁੰਡ ਸਾਹਿਬ ਰੋਪਵੇਅ ਹੋਵੇ, ਵਿਕਾਸ ਦੀਆਂ ਇਹ ਰੇਖਾਵਾਂ, ਇਸ ਖੇਤਰ ਦੇ ਕੋਨੇ-ਕੋਨੇ ਵਿੱਚ ਜੀਵਨ ਦੀਆਂ ਵੀ ਭਾਗ-ਰੇਖਾਵਾਂ ਬਣ ਰਹੀਆਂ ਹਨ।

ਸਾਥੀਓ,

21ਵੀਂ ਸਦੀ ਦਾ ਭਾਰਤ ਅੱਜ ਜਿਸ ਰਫ਼ਤਾਰ ਅਤੇ ਜਿਸ ਪੈਮਾਨੇ 'ਤੇ ਕੰਮ ਕਰ ਰਿਹਾ ਹੈ, ਉਸ ਦੀ ਪੂਰੀ ਦੁਨੀਆ ਚਰਚਾ ਕਰ ਰਹੀ ਹੈ। ਮੈਂ ਤੁਹਾਨੂੰ ਉੱਤਰਾਖੰਡ, ਪੱਛਮੀ ਯੂਪੀ ਅਤੇ ਦਿੱਲੀ ਦਾ ਹੀ ਉਦਾਹਰਣ ਦਿੰਦਾ ਹਾਂ। ਕੁਝ ਹਫ਼ਤੇ ਪਹਿਲਾਂ ਹੀ, ਦਿੱਲੀ ਮੈਟਰੋ ਦਾ ਵਿਸਤਾਰ ਹੋਇਆ, ਮੇਰਠ ਵਿੱਚ ਮੈਟਰੋ ਸੇਵਾ ਦੀ ਸ਼ੁਰੂਆਤ ਹੋਈ, ਦਿੱਲੀ-ਮੇਰਠ ਨਮੋ-ਭਾਰਤ ਰੇਲ ਦੇਸ਼ ਨੂੰ ਸਮਰਪਿਤ ਕੀਤੀ ਗਈ, ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸ਼ੁਰੂਆਤ ਹੋਈ, ਹਵਾਈ ਜਹਾਜ਼ਾਂ ਲਈ ਐੱਮ.ਆਰ.ਓ. ਸਹੂਲਤ 'ਤੇ ਕੰਮ ਸ਼ੁਰੂ ਹੋਇਆ ਅਤੇ ਅੱਜ, ਦੇਹਰਾਦੂਨ-ਦਿੱਲੀ ਐਕਸਪ੍ਰੈਸਵੇਅ ਸ਼ੁਰੂ ਹੋ ਰਿਹਾ ਹੈ।

ਸਾਥੀਓ,

ਇੰਨੇ ਛੋਟੇ ਜਿਹੇ ਖੇਤਰ ਵਿੱਚ ਇਹ ਸਭ ਇੰਨੇ ਘੱਟ ਸਮੇਂ ਵਿੱਚ ਹੋ ਰਿਹਾ ਹੈ। ਕਲਪਨਾ ਕਰੋ, ਦੇਸ਼ ਵਿੱਚ ਕਿੰਨੇ ਵੱਡੇ ਪੈਮਾਨੇ 'ਤੇ ਬੁਨਿਆਦੀ ਢਾਂਚਾ ਬਣ ਰਿਹਾ ਹੈ। ਅਤੇ ਇਸੇ ਲਈ ਹੀ ਮੈਂ ਕਹਿੰਦਾ ਹਾਂ - 21ਵੀਂ ਸਦੀ ਦਾ ਭਾਰਤ, ਆਧੁਨਿਕ ਬੁਨਿਆਦੀ ਢਾਂਚੇ ਦੇ ਜਿਸ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ, ਉਹ ਬੇਮਿਸਾਲ ਹੈ, ਕਲਪਨਾ ਤੋਂ ਵੀ ਬਾਹਰ ਹੈ।


 

ਸਾਥੀਓ,

ਅੱਜ ਭਾਰਤ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੇ, ਕਈ ਆਰਥਿਕ ਗਲਿਆਰੇ, ਉਸ 'ਤੇ ਕੰਮ ਚੱਲ ਰਿਹਾ ਹੈ। ਜਿਵੇਂ ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੋਰ, ਬੈਂਗਲੁਰੂ-ਮੁੰਬਈ ਇੰਡਸਟ੍ਰੀਅਲ ਕੌਰੀਡੋਰ, ਈਸਟ ਕੋਸਟ ਇਕਨੌਮਿਕ ਕੌਰੀਡੋਰ, ਅੰਮ੍ਰਿਤਸਰ-ਕੋਲਕਾਤਾ ਇੰਡਸਟ੍ਰੀਅਲ ਕੌਰੀਡੋਰ, ਅਜਿਹੇ ਬਹੁਤ ਸਾਰੇ ਆਰਥਿਕ ਗਲਿਆਰੇ ਦੇਸ਼ ਵਿੱਚ ਬਣਾਏ ਜਾ ਰਹੇ ਹਨ। ਇਹ ਆਰਥਿਕ ਗਲਿਆਰੇ, ਤਰੱਕੀ ਦੇ ਨਵੇਂ ਦਰਵਾਜ਼ੇ ਹਨ, ਗੇਟਵੇ ਹਨ, ਡੋਰ ਹਨ। ਅਤੇ ਇਨ੍ਹਾਂ ਨਾਲ ਉਮੀਦਾਂ ਦੀ ਡੋਰ ਵੀ ਜੁੜੀ ਹੋਈ ਹੈ। ਇਹ ਆਰਥਿਕ ਗਲਿਆਰੇ, ਸੜਕ ਤੋਂ ਇਲਾਵਾ ਨਵੇਂ-ਨਵੇਂ ਵਪਾਰ-ਕਾਰੋਬਾਰ ਦਾ ਰਾਹ ਬਣਾਉਂਦੇ ਹਨ। ਫੈਕਟਰੀਆਂ ਲਈ, ਗੋਦਾਮਾਂ ਲਈ ਪੂਰਾ ਨੈੱਟਵਰਕ, ਉਸਦਾ ਆਧਾਰ ਤਿਆਰ ਕਰਦੇ ਹਨ।

ਸਾਥੀਓ,

ਦੇਹਰਾਦੂਨ-ਦਿੱਲੀ ਆਰਥਿਕ ਗਲਿਆਰੇ ਨਾਲ ਵੀ ਇਸ ਪੂਰੇ ਖੇਤਰ ਦੀ ਨੁਹਾਰ ਬਦਲਣ ਜਾ ਰਹੀ ਹੈ। ਪਹਿਲਾ ਫਾਇਦਾ ਤਾਂ ਇਹ ਹੈ ਕਿ ਇਸ ਨਾਲ ਸਮਾਂ ਬਚੇਗਾ, ਆਉਣਾ-ਜਾਣਾ ਸਸਤਾ ਅਤੇ ਤੇਜ਼ ਹੋਵੇਗਾ, ਲੋਕਾਂ ਦਾ ਪੈਟਰੋਲ-ਡੀਜ਼ਲ ਘੱਟ ਖਰਚ ਹੋਵੇਗਾ, ਕਿਰਾਇਆ-ਭਾੜਾ ਘੱਟ ਹੋਵੇਗਾ, ਅਤੇ ਦੂਜਾ ਵੱਡਾ ਫਾਇਦਾ ਰੁਜ਼ਗਾਰ ਦਾ ਹੋਵੇਗਾ। ਹੁਣੇ ਇਸ ਦੇ ਨਿਰਮਾਣ ਵਿੱਚ 12 ਹਜ਼ਾਰ ਕਰੋੜ ਰੁਪਏ ਖਰਚ ਹੋਏ, ਤਾਂ ਹਜ਼ਾਰਾਂ ਮਜ਼ਦੂਰਾਂ ਨੂੰ ਕੰਮ ਮਿਲਿਆ ਹੈ। ਨਾਲ ਹੀ, ਜੋ ਇੰਜੀਨੀਅਰ ਹਨ, ਹੋਰ ਹੁਨਰਮੰਦ ਕਾਮੇ ਹਨ, ਟ੍ਰਾਂਸਪੋਰਟ ਨਾਲ, ਉਸ ਨਾਲ ਜੁੜੇ ਸਾਥੀ ਹਨ, ਉਨ੍ਹਾਂ ਨੂੰ ਵੀ ਬਹੁਤ ਵੱਡੀ ਮਾਤਰਾ ਵਿੱਚ ਕੰਮ ਮਿਲਿਆ ਹੈ। ਕਿਸਾਨਾਂ ਅਤੇ ਪਸ਼ੂ-ਪਾਲਕਾਂ ਦੀ ਉਪਜ ਵੀ, ਹੁਣ ਤੇਜ਼ ਗਤੀ ਨਾਲ, ਵੱਡੀਆਂ ਮੰਡੀਆਂ ਅਤੇ ਵੱਡੇ ਬਾਜ਼ਾਰਾਂ ਤੱਕ ਪਹੁੰਚੇਗੀ।

ਸਾਥੀਓ,

ਇਸ ਸ਼ਾਨਦਾਰ ਐਕਸਪ੍ਰੈਸਵੇਅ ਨਾਲ ਉੱਤਰਾਖੰਡ ਦੇ ਸੈਰ-ਸਪਾਟੇ ਨੂੰ ਬਹੁਤ ਹੀ ਵੱਡਾ ਫਾਇਦਾ ਹੋਵੇਗਾ। ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਮਸੂਰੀ ਅਤੇ ਚਾਰਧਾਮ ਯਾਤਰਾ ਲਈ ਇਹ ਸਭ ਤੋਂ ਪ੍ਰਮੁੱਖ ਮਾਰਗ ਬਣੇਗਾ। ਅਤੇ ਅਸੀਂ ਸਾਰੇ ਜਾਣਦੇ ਹਾਂ, ਜਦੋਂ ਸੈਰ-ਸਪਾਟੇ ਦਾ ਵਿਕਾਸ ਹੁੰਦਾ ਹੈ, ਤਾਂ ਹਰ ਕੋਈ ਕੁਝ ਨਾ ਕੁਝ ਕਮਾਉਂਦਾ ਹੈ। ਹੋਟਲ ਹੋਵੇ, ਢਾਬੇ ਵਾਲੇ ਹੋਣ, ਟੈਕਸੀ ਹੋਵੇ, ਆਟੋ ਹੋਵੇ, ਹੋਮ ਸਟੇ ਹੋਵੇ, ਸਾਰਿਆਂ ਨੂੰ ਇਸਦਾ ਫਾਇਦਾ ਹੁੰਦਾ ਹੈ।


 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਅੱਜ ਉੱਤਰਾਖੰਡ, ਵਿੰਟਰ ਟੂਰਿਜ਼ਮ, ਵਿੰਟਰ ਸਪੋਰਟਸ ਅਤੇ 'ਵੈੱਡ ਇਨ ਇੰਡੀਆ', ਵਿਆਹ ਲਈ, ਬਹੁਤ ਬਿਹਤਰੀਨ ਟਿਕਾਣਾ ਬਣਦਾ ਜਾ ਰਿਹਾ ਹੈ।

ਸਾਥੀਓ,

ਉੱਤਰਾਖੰਡ ਦੀ ਆਰਥਿਕਤਾ ਲਈ ਬਾਰਾਂਮਾਸੀ ਸੈਰ-ਸਪਾਟਾ ਬਹੁਤ ਜ਼ਰੂਰੀ ਹੈ। ਇਸ ਲਈ ਮੇਰਾ ਸਰਦੀਆਂ ਵਿੱਚ ਹੋਣ ਵਾਲੀਆਂ ਧਾਰਮਿਕ ਯਾਤਰਾਵਾਂ ਨੂੰ ਲੈ ਕੇ ਬਹੁਤ ਜ਼ੋਰ ਰਿਹਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਹਰ ਸਾਲ ਇਨ੍ਹਾਂ ਯਾਤਰਾਵਾਂ ਵਿੱਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਤੁਹਾਨੂੰ ਯਾਦ ਹੋਵੇਗਾ, ਮੈਂ 2023 ਵਿੱਚ ਆਦਿ ਕੈਲਾਸ਼ ਅਤੇ ਓਮ ਪਰਬਤ ਦੀ ਯਾਤਰਾ 'ਤੇ ਗਿਆ ਸੀ। ਪਹਿਲਾਂ ਬਹੁਤ ਜਾਂਦਾ ਸੀ, ਵਿਚਕਾਰ ਬਿਲਕੁਲ ਜਾ ਨਹੀਂ ਸਕਿਆ, ਕਈ ਸਾਲਾਂ ਬਾਅਦ ਮੈਂ ਗਿਆ, ਅਤੇ ਮੈਨੂੰ ਮੁੱਖ ਮੰਤਰੀ ਜੀ ਦੱਸ ਰਹੇ ਸਨ, ਗਵਰਨਰ ਸਾਹਿਬ ਵਿਚਕਾਰ ਆਏ, ਉਹ ਵੀ ਦੱਸ ਰਹੇ ਸਨ ਕਿ 2023 ਵਿੱਚ ਉੱਥੇ ਗਿਆ ਅਤੇ ਉਸ ਤੋਂ ਬਾਅਦ, ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਜਾ ਰਹੇ ਹਨ। ਪਹਿਲਾਂ ਉੱਥੇ ਕੁਝ ਸੌ ਲੋਕ ਹੀ ਸਰਦੀਆਂ ਵਿੱਚ ਯਾਤਰਾ ਲਈ ਜਾਂਦੇ ਸਨ। ਸਾਲ 2025 ਵਿੱਚ, ਕਰੀਬ-ਕਰੀਬ 40 ਹਜ਼ਾਰ ਤੋਂ ਵੱਧ ਲੋਕਾਂ ਨੇ ਇਨ੍ਹਾਂ ਪਵਿੱਤਰ ਸਥਾਨਾਂ ਦੀ ਯਾਤਰਾ ਕੀਤੀ ਹੈ। ਕਦੇ ਇੱਕ ਹਜ਼ਾਰ ਨਹੀਂ ਹੁੰਦੇ ਸਨ, ਜੇ ਚਾਲੀ ਹਜ਼ਾਰ ਪਹੁੰਚਦੇ ਹਨ ਤਾਂ ਇੱਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦੀ ਕਿੰਨੀ ਵੱਡੀ ਤਾਕਤ ਆ ਜਾਂਦੀ ਹੈ। ਇਸੇ ਤਰ੍ਹਾਂ ਸਾਲ 2024 ਵਿੱਚ ਸਰਦ ਰੁੱਤ ਦੀ ਚਾਰਧਾਮ ਯਾਤਰਾ ਵਿੱਚ, ਕਰੀਬ ਅੱਸੀ ਹਜ਼ਾਰ ਸ਼ਰਧਾਲੂ ਆਏ ਸਨ। 2025 ਵਿੱਚ ਇਹ ਗਿਣਤੀ ਡੇਢ ਲੱਖ ਪਾਰ ਕਰ ਚੁੱਕੀ ਹੈ।

ਸਾਥੀਓ,

ਅਸੀਂ ਅਜਿਹਾ ਵਿਕਸਿਤ ਭਾਰਤ ਬਣਾਉਣ ਵਿੱਚ ਜੁਟੇ ਹਾਂ, ਜਿੱਥੇ ਤਰੱਕੀ ਵੀ ਹੋਵੇ, ਕੁਦਰਤ ਵੀ ਹੋਵੇ ਅਤੇ ਸੱਭਿਆਚਾਰ ਵੀ ਹੋਵੇ। ਅਤੇ ਇਸ ਲਈ, ਅੱਜ ਹੋਣ ਵਾਲੇ ਹਰ ਨਿਰਮਾਣ ਨੂੰ, ਇਨ੍ਹਾਂ ਤ੍ਰਿਵੈਣੀ, ਤਰੱਕੀ, ਕੁਦਰਤ ਅਤੇ ਸੱਭਿਆਚਾਰ ਦੀ ਤ੍ਰਿਵੈਣੀ, ਇਨ੍ਹਾਂ ਹੀ ਕਦਰਾਂ-ਕੀਮਤਾਂ ਦੇ ਆਧਾਰ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਬੁਨਿਆਦੀ ਢਾਂਚੇ ਨਾਲ ਇਨਸਾਨਾਂ ਨੂੰ ਵੀ ਸਹੂਲਤ ਹੋਵੇ, ਅਤੇ ਉੱਥੇ ਰਹਿਣ ਵਾਲੇ ਜੰਗਲੀ ਜੀਵਾਂ ਨੂੰ ਵੀ ਅਸੁਵਿਧਾ ਨਾ ਹੋਵੇ, ਇਹ ਸਾਡੀ ਕੋਸ਼ਿਸ਼ ਹੈ। ਅਤੇ ਇਸੇ ਲਈ ਹੀ ਇਸ ਐਕਸਪ੍ਰੈਸਵੇਅ 'ਤੇ, ਕਰੀਬ 12 ਕਿਲੋਮੀਟਰ ਲੰਬਾ ਉੱਚਾ ਚੁੱਕਿਆ ਜੰਗਲੀ ਜੀਵ ਗਲਿਆਰਾ ਵੀ ਬਣਾਇਆ ਗਿਆ ਹੈ। ਹਾਥੀਆਂ ਨੂੰ ਵੀ ਅਸੁਵਿਧਾ ਨਾ ਹੋਵੇ, ਇਸਦਾ ਵੀ ਧਿਆਨ ਰੱਖਿਆ ਗਿਆ ਹੈ।


 

ਉਂਜ ਸਾਥੀਓ,

ਮੈਂ ਅੱਜ ਦੇਸ਼ ਭਰ ਦੇ ਸਾਰੇ ਸੈਲਾਨੀਆਂ ਅਤੇ ਤੀਰਥ ਯਾਤਰੀਆਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਸਾਡੇ ਪਹਾੜ, ਇਹ ਜੰਗਲੀ ਖੇਤਰ, ਇਹ ਦੇਵਭੂਮੀ ਦੀ ਵਿਰਾਸਤ, ਇਹ ਬਹੁਤ ਹੀ ਪਵਿੱਤਰ ਸਥਾਨ ਹਨ। ਅਜਿਹੇ ਸਥਾਨਾਂ ਨੂੰ ਸਾਫ਼-ਸੁਥਰਾ ਰੱਖਣਾ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਇੱਥੇ ਰਹਿਣ ਵਾਲਿਆਂ ਦਾ ਵੀ ਅਤੇ ਯਾਤਰੀ ਵਜੋਂ ਆਉਣ ਵਾਲਿਆਂ ਦਾ ਵੀ। ਇਨ੍ਹਾਂ ਇਲਾਕਿਆਂ ਵਿੱਚ ਪਲਾਸਟਿਕ ਦੀਆਂ ਬੋਤਲਾਂ, ਕੂੜੇ-ਕਰਕਟ ਦਾ ਢੇਰ, ਇਹ ਦੇਵ-ਭੂਮੀ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਦੇਵਭੂਮੀ ਦੇ ਇਨ੍ਹਾਂ ਸਥਾਨਾਂ ਨੂੰ, ਸਾਡੇ ਇਨ੍ਹਾਂ ਤੀਰਥ ਸਥਾਨਾਂ ਨੂੰ ਸਾਫ਼ ਰੱਖੀਏ, ਸੁੰਦਰ ਰੱਖੀਏ।

ਸਾਥੀਓ,

ਅਗਲੇ ਸਾਲ ਹਰਿਦੁਆਰ ਵਿੱਚ ਕੁੰਭ ਵੀ ਹੋਣਾ ਹੈ। ਸਾਨੂੰ ਆਸਥਾ ਦੇ ਇਸ ਸੰਗਮ ਨੂੰ ਦਿਵਯ-ਭਵਯ ਅਤੇ ਸਵੱਛ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਹੈ।

ਸਾਥੀਓ,

ਉੱਤਰਾਖੰਡ ਵਿੱਚ ਨੰਦਾ ਦੇਵੀ ਰਾਜਜਾਤ ਯਾਤਰਾ ਵੀ ਹੁੰਦੀ ਹੈ। ਇਹ ਆਸਥਾ ਦਾ ਉਤਸਵ ਤਾਂ ਹੈ ਹੀ, ਇਹ ਸਾਡੀ ਸੱਭਿਆਚਾਰਕ ਚੇਤਨਾ ਦੀ ਵੀ ਜਿਉਂਦੀ-ਜਾਗਦੀ ਮਿਸਾਲ ਹੈ। ਜਿੱਥੇ ਮਾਂ ਨੰਦਾ ਨੂੰ ਧੀ ਮੰਨ ਕੇ ਪੂਰੇ ਸਨਮਾਨ ਨਾਲ ਵਿਦਾ ਕੀਤਾ ਜਾਂਦਾ ਹੈ। ਇਸ ਯਾਤਰਾ ਵਿੱਚ ਭੈਣਾਂ-ਧੀਆਂ ਦੀ ਭਾਗੀਦਾਰੀ, ਇਸ ਨੂੰ ਖਾਸ ਬਣਾਉਂਦੀ ਹੈ। ਮੈਂ ਮਾਂ ਨੰਦਾ ਨੂੰ ਪ੍ਰਣਾਮ ਕਰਦਿਆਂ, ਦੇਸ਼ ਭਰ ਦੀਆਂ ਭੈਣਾਂ-ਧੀਆਂ ਨੂੰ ਵੀ ਵਿਸ਼ੇਸ਼ ਸੁਨੇਹਾ ਦੇਣਾ ਚਾਹੁੰਦਾ ਹਾਂ। ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਇਸ ਦੇਸ਼ ਦੀਆਂ ਧੀਆਂ ਦੀ, ਇਸ ਦੇਸ਼ ਦੀਆਂ ਮਾਵਾਂ ਦੀ, ਭੈਣਾਂ ਦੀ ਬਹੁਤ ਵੱਡੀ ਭੂਮਿਕਾ ਮੈਂ ਦੇਖ ਰਿਹਾ ਹਾਂ। ਅਤੇ ਭੈਣਾਂ-ਧੀਆਂ ਦੀ ਸਹੂਲਤ, ਸੁਰੱਖਿਆ ਅਤੇ ਲੋਕਤੰਤਰ ਵਿੱਚ ਭਾਗੀਦਾਰੀ, ਇਹ ਡਬਲ ਇੰਜਣ ਸਰਕਾਰ ਦੀ ਬਹੁਤ ਵੱਡੀ ਪਹਿਲ ਹੈ। ਤੁਸੀਂ ਹੁਣੇ ਦੇਖ ਰਹੀਆਂ ਹੋ, ਕਿ ਦੁਨੀਆ ਵਿੱਚ ਕਿੰਨਾ ਵੱਡਾ ਸੰਕਟ ਆਇਆ ਹੈ। ਇਸ ਨਾਲ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਵੀ ਕਿੰਨੀ ਹਾਹਾਕਾਰ ਮਚੀ ਹੈ। ਅਜਿਹੇ ਮੁਸ਼ਕਿਲ ਹਾਲਾਤ ਵਿੱਚ ਵੀ, ਸਰਕਾਰ ਦੀ ਲਗਾਤਾਰ ਕੋਸ਼ਿਸ਼ ਹੈ ਕਿ ਸਾਡੀਆਂ ਭੈਣਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ।

ਸਾਥੀਓ,

ਭੈਣਾਂ-ਧੀਆਂ ਦੀ ਭਾਗੀਦਾਰੀ ਦਾ ਇੱਕ ਹੋਰ ਮਹੱਤਵਪੂਰਨ ਪੜਾਅ ਹੁਣ ਦੇਸ਼ ਦੇ ਸਾਹਮਣੇ ਹੈ। 4 ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਸੰਸਦ ਨੇ, ਨਾਰੀ ਸ਼ਕਤੀ ਵੰਦਨ ਐਕਟ ਪਾਸ ਕੀਤਾ ਸੀ। ਇਸ ਨਾਲ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਔਰਤਾਂ ਲਈ ਤੇਤੀ ਫੀਸਦੀ ਰਾਖਵਾਂਕਰਨ ਤੈਅ ਹੋ ਗਿਆ। ਸਾਰੀਆਂ ਪਾਰਟੀਆਂ ਨੇ ਅੱਗੇ ਆ ਕੇ ਇਸ ਮਹੱਤਵਪੂਰਨ ਕਾਨੂੰਨ ਨੂੰ ਸਮਰਥਨ ਦਿੱਤਾ। ਹੁਣ ਔਰਤਾਂ ਨੂੰ ਇਹ ਜੋ ਹੱਕ ਮਿਲਿਆ ਹੈ ਨਾ, ਇਸ ਹੱਕ ਨੂੰ ਲਾਗੂ ਕਰਨ ਵਿੱਚ ਦੇਰ ਨਹੀਂ ਹੋਣੀ ਚਾਹੀਦੀ। ਹੁਣ ਇਹ ਲਾਗੂ ਹੋਣਾ ਚਾਹੀਦਾ ਹੈ। ਹੁਣ ਜੋ 2029 ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ, ਹੁਣ ਉਦੋਂ ਤੋਂ ਲੈ ਕੇ ਵਿਧਾਨ ਸਭਾ ਦੀਆਂ ਵੀ ਚੋਣਾਂ ਆਉਂਦੀਆਂ ਰਹਿਣਗੀਆਂ, ਜੋ ਵੀ ਚੋਣਾਂ ਆਉਂਦੀਆਂ ਰਹਿਣਗੀਆਂ, 2029 ਤੋਂ ਹੀ ਇਹ ਲਾਗੂ ਹੋ ਜਾਣਾ ਚਾਹੀਦਾ ਹੈ। ਇਹ ਦੇਸ਼ ਦੀ ਭਾਵਨਾ ਹੈ, ਇਹ ਦੇਸ਼ ਦੀ ਹਰ ਭੈਣ-ਧੀ ਦੀ ਇੱਛਾ ਹੈ। ਮਾਤ੍ਰ-ਸ਼ਕਤੀ ਦੀ ਇਸੇ ਇੱਛਾ ਨੂੰ ਪ੍ਰਣਾਮ ਕਰਦਿਆਂ, 16 ਅਪ੍ਰੈਲ ਤੋਂ ਸੰਸਦ ਵਿੱਚ ਵਿਸ਼ੇਸ਼ ਚਰਚਾ ਤੈਅ ਕੀਤੀ ਗਈ ਹੈ। ਦੇਸ਼ ਦੀਆਂ ਭੈਣਾਂ-ਧੀਆਂ ਦੇ ਹੱਕ ਨਾਲ ਜੁੜੇ ਇਸ ਕੰਮ ਨੂੰ, ਸਾਰੀਆਂ ਰਾਜਨੀਤਿਕ ਪਾਰਟੀਆਂ ਮਿਲ ਕੇ ਸਰਬਸੰਮਤੀ ਨਾਲ ਅੱਗੇ ਵਧਾਉਣ, ਉਸਨੂੰ ਪੂਰਾ ਕਰਨ। ਅਤੇ ਮੈਂ ਅੱਜ ਦੇਸ਼ ਦੀਆਂ ਸਾਰੀਆਂ ਭੈਣਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ, ਸੋਸ਼ਲ ਮੀਡੀਆ ਵਿੱਚ ਸ਼ਾਇਦ ਇਹ ਮੇਰਾ ਪੱਤਰ ਤੁਹਾਡੇ ਤੱਕ ਪਹੁੰਚਿਆ ਹੋਵੇਗਾ, ਹੋ ਸਕਦਾ ਹੈ ਟੀਵੀ ਅਤੇ ਅਖਬਾਰ ਵਾਲੇ ਵੀ ਇਸ ਪੱਤਰ ਦਾ ਜ਼ਿਕਰ ਕਰਦੇ ਹੋਣਗੇ। ਮੈਂ ਵੱਡੀ ਬੇਨਤੀ ਨਾਲ ਦੇਸ਼ ਦੀਆਂ ਮਾਵਾਂ-ਭੈਣਾਂ ਨੂੰ ਇਸ ਕੰਮ ਵਿੱਚ ਭਾਗੀਦਾਰ ਬਣਨ ਲਈ ਸੱਦਾ ਦਿੱਤਾ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਪੱਤਰ ਮੇਰੇ ਦੇਸ਼ ਦੀਆਂ ਮਾਵਾਂ-ਭੈਣਾਂ ਜ਼ਰੂਰ ਪੜ੍ਹਨਗੀਆਂ। ਇੱਕ-ਇੱਕ ਸ਼ਬਦ 'ਤੇ ਵਿਚਾਰ ਕਰਨਗੀਆਂ, ਅਤੇ ਇੰਨਾ ਵੱਡਾ ਪਵਿੱਤਰ ਕੰਮ ਕਰਨ ਲਈ 16-17-18 ਨੂੰ ਸੰਸਦ ਵਿੱਚ ਆਉਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਆਸ਼ੀਰਵਾਦ ਵੀ ਮਿਲਣਗੇ। ਮੈਂ ਅੱਜ ਦੇਵ-ਭੂਮੀ ਤੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਫਿਰ ਅਪੀਲ ਕਰਾਂਗਾ ਕਿ ਨਾਰੀ ਸ਼ਕਤੀ ਵੰਦਨ ਐਕਟ ਵਿੱਚ ਸੋਧ ਦਾ ਜ਼ਰੂਰ ਸਮਰਥਨ ਕਰਨ। 2029 ਵਿੱਚ ਸਾਡੇ ਦੇਸ਼ ਦੀ 50 ਫੀਸਦੀ ਆਬਾਦੀ, ਸਾਡੀਆਂ ਮਾਵਾਂ-ਭੈਣਾਂ, ਸਾਡੀਆਂ ਧੀਆਂ, ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਅਸੀਂ ਦੇ ਕੇ ਰਹੀਏ।

ਸਾਥੀਓ,

ਮੈਂ ਉੱਤਰਾਖੰਡ ਆਵਾਂ ਅਤੇ ਫੌਜ ਦੀ ਗੱਲ ਨਾ ਹੋਵੇ, ਤਾਂ ਗੱਲ ਅਧੂਰੀ ਹੀ ਰਹਿੰਦੀ ਹੈ। ਇਹ ਗੜ੍ਹੀ ਕੈਂਟ, ਇਹ ਸਭਾ ਸਥਲ, ਇਹ ਉੱਤਰਾਖੰਡ ਦੀ ਮਹਾਨ ਸੈਨਿਕ ਪਰੰਪਰਾ ਦਾ ਪ੍ਰਮਾਣ ਹੈ। ਇੱਥੇ ਨੇੜੇ ਹੀ ਦੇਸ਼ ਦੀ ਰੱਖਿਆ-ਸੁਰੱਖਿਆ ਨਾਲ ਜੁੜੇ ਕਈ ਅਦਾਰੇ ਹਨ। 1962 ਦੀ ਲੜਾਈ ਵਿੱਚ, ਸ਼ਹੀਦ ਜਸਵੰਤ ਸਿੰਘ ਰਾਵਤ ਜੀ ਦੇ ਸੂਰਮਗਤੀ ਨੂੰ ਦੇਸ਼ ਕਦੇ ਭੁਲਾ ਨਹੀਂ ਸਕਦਾ।

ਸਾਥੀਓ,

ਸੈਨਾ ਦੀ ਸਮਰੱਥਾ ਨੂੰ ਸ਼ਕਤੀਸ਼ਾਲੀ ਬਣਾਉਣਾ ਹੋਵੇ, ਜਾਂ ਸਾਡੇ ਸੈਨਿਕ ਪਰਿਵਾਰਾਂ ਦੀ ਸਹੂਲਤ ਅਤੇ ਸਨਮਾਨ ਹੋਵੇ, ਸਾਡੀ ਸਰਕਾਰ ਇਸ ਲਈ ਲਗਾਤਾਰ ਯਤਨਸ਼ੀਲ ਹੈ। 'ਵਨ ਰੈਂਕ ਵਨ ਪੈਨਸ਼ਨ' ਰਾਹੀਂ ਸਾਡੀ ਸਰਕਾਰ ਨੇ, ਹੁਣ ਤੱਕ ਕਰੀਬ ਸਵਾ ਲੱਖ ਕਰੋੜ ਰੁਪਏ ਸਾਬਕਾ ਫੌਜੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਹਨ। ਉੱਤਰਾਖੰਡ ਦੇ ਵੀ ਹਜ਼ਾਰਾਂ ਪਰਿਵਾਰਾਂ ਨੂੰ ਇਸਦਾ ਲਾਭ ਮਿਲਿਆ ਹੈ। ਇਸ ਤੋਂ ਇਲਾਵਾ, ਇਸ ਸਾਲ ਸਾਬਕਾ ਫੌਜੀਆਂ ਲਈ ਸਿਹਤ ਯੋਜਨਾ ਦਾ ਬਜਟ ਵੀ ਛੱਤੀ ਫੀਸਦੀ ਵਧਾਇਆ ਗਿਆ ਹੈ। 70 ਸਾਲ ਅਤੇ ਇਸ ਤੋਂ ਵੱਧ ਦੇ ਸਾਬਕਾ ਸੈਨਿਕਾਂ ਲਈ, ਦਵਾਈਆਂ ਦੀ ਘਰ-ਘਰ ਡਿਲੀਵਰੀ ਵੀ ਸ਼ੁਰੂ ਕੀਤੀ ਗਈ ਹੈ। ਸਾਬਕਾ ਫੌਜੀਆਂ ਦੇ ਬੱਚਿਆਂ ਦੀ ਸਿੱਖਿਆ ਗ੍ਰਾਂਟ ਵੀ ਦੁੱਗਣੀ ਕੀਤੀ ਗਈ ਹੈ। ਅਤੇ ਧੀਆਂ ਦੇ ਵਿਆਹ ਲਈ ਜੋ ਸਹਾਇਤਾ ਮਿਲਦੀ ਹੈ, ਉਸਨੂੰ ਵੀ 50 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਰੁਪਏ ਕੀਤਾ ਗਿਆ ਹੈ।

ਸਾਥੀਓ,

ਦੇਸ਼ ਭਗਤੀ, ਦੇਵ ਭਗਤੀ ਅਤੇ ਤਰੱਕੀ, ਅਜਿਹੇ ਹਰ ਪਹਿਲੂ ਨੂੰ ਜੋੜਦੇ ਹੋਏ, ਸਾਨੂੰ ਦੇਸ਼ ਨੂੰ ਵਿਕਸਿਤ ਬਣਾਉਣਾ ਹੈ। ਇੱਕ ਵਾਰ ਫਿਰ ਦਿੱਲੀ-ਵਾਸੀਆਂ ਨੂੰ, ਉੱਤਰ ਪ੍ਰਦੇਸ਼-ਵਾਸੀਆਂ ਨੂੰ, ਅਤੇ ਇੱਕ ਤਰ੍ਹਾਂ ਨਾਲ ਦੇਸ਼ ਵਾਸੀਆਂ ਨੂੰ, ਇਸ ਸ਼ਾਨਦਾਰ ਐਕਸਪ੍ਰੈਸਵੇਅ ਦੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ!



Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
FIIs pour over $1 billion into Indian stocks, biggest weekly buying since June 2025

Media Coverage

FIIs pour over $1 billion into Indian stocks, biggest weekly buying since June 2025
NM on the go

Nm on the go

Always be the first to hear from the PM. Get the App Now!
...
Prime Minister expresses grief over loss of lives due to boat capsizing in South 24 Parganas district of West Bengal
July 13, 2026
Prime Minister announces ex-gratia

The Prime Minister, Shri Narendra Modi has expressed deep grief over the loss of lives due to the capsizing of a boat in the South 24 Parganas district of West Bengal.

The Prime Minister conveyed his thoughts to the bereaved families in this hour of grief and prayed for the speedy recovery of the injured.

The Prime Minister announced that an ex-gratia of Rs. 2 lakh from the Prime Minister’s National Relief Fund (PMNRF) would be given to the next of kin of each deceased. The injured would be given Rs. 50,000.

The Prime Minister’s Office posted on X;

“The loss of lives due to the capsizing of a boat in the South 24 Parganas district of West Bengal is deeply painful. My thoughts are with the bereaved families in this hour of grief. May the injured recover at the earliest.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”