ਪਰਤਾਗਲੀ ਜੀਵੋਤਮ ਮਠਾਚਯਾ, ਸਗਲਯਾ ਭਕਤਾਂਕ, ਆਨੀ ਅਨੁਯਾਯਾਂਕ, ਮੋਗਾਚੋ ਨਮਸਕਾਰ!
ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 24 ਵੇਂ ਮਹੰਤ, ਸ਼੍ਰੀਮਦ ਵਿਦਿਆਧੀਸ਼ ਤੀਰਥ ਸਵਾਮੀ ਜੀ, ਰਾਜਪਾਲ ਸ਼੍ਰੀਮਾਨ ਅਸ਼ੋਕ ਗਜਪਤੀ ਰਾਜੂ ਜੀ, ਪ੍ਰਸਿੱਧ ਮੁੱਖ ਮੰਤਰੀ ਭਾਈ ਪ੍ਰਮੋਦ ਸਾਵੰਤ ਜੀ, ਮੱਠ ਕਮੇਟੀ ਦੇ ਚੇਅਰਪਰਸਨ ਸ਼੍ਰੀ ਸ਼੍ਰੀਨਿਵਾਸ ਡੇਂਪੋ ਜੀ, ਉਪ-ਪ੍ਰਧਾਨ ਸ਼੍ਰੀ ਆਰ.ਆਰ. ਕਾਮਤ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਸ਼੍ਰੀ ਸ਼੍ਰੀਪਾਦ ਨਾਇਕ ਜੀ, ਦਿਗੰਬਰ ਕਾਮਤ ਜੀ, ਹੋਰ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ।
ਅੱਜ ਦੇ ਇਸ ਪਵਿੱਤਰ ਮੌਕੇ ਨੇ ਮਨ ਨੂੰ ਡੂੰਘੀ ਸ਼ਾਂਤੀ ਨਾਲ ਭਰ ਦਿੱਤਾ ਹੈ। ਸਾਧੂ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਕ ਅਹਿਸਾਸ ਹੈ। ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਇਸ ਸਮਾਗਮ ਵਿੱਚ ਤੁਹਾਡੇ ਦਰਮਿਆਨ ਮੌਜੂਦ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਸ ਸ਼ਾਂਤੀ, ਉਸ ਮਾਹੌਲ ਨੇ ਇਸ ਸਮਾਗਮ ਦੀ ਅਧਿਆਤਮਕਤਾ ਨੂੰ ਹੋਰ ਡੂੰਘਾ ਕਰ ਦਿੱਤਾ।

ਸਾਥੀਓ,
ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਆਪਣੀ ਸਥਾਪਨਾ ਦੀ 550ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਹ ਬਹੁਤ ਇਤਿਹਾਸਕ ਮੌਕਾ ਹੈ। ਬੀਤੇ 550 ਸਾਲਾਂ ਵਿੱਚ ਇਸ ਸੰਸਥਾ ਨੇ ਕਿੰਨੇ ਹੀ ਤੁਫ਼ਾਨ ਝੱਲੇ ਹਨ। ਯੁਗ ਬਦਲਿਆ, ਦੌਰ ਬਦਲਿਆ, ਦੇਸ਼ ਅਤੇ ਸਮਾਜ ਵਿੱਚ ਕਈ ਪਰਿਵਰਤਨ ਹੋਏ, ਪਰ ਬਦਲਦੇ ਯੁਗਾਂ ਅਤੇ ਚੁਨੌਤੀਆਂ ਵਿੱਚ ਵੀ ਇਸ ਮੱਠ ਨੇ ਆਪਣੀ ਦਿਸ਼ਾ ਨਹੀਂ ਭਟਕੀ। ਸਗੋਂ ਇਹ ਮੱਠ ਲੋਕਾਂ ਨੂੰ ਦਿਸ਼ਾ ਦੇਣ ਵਾਲਾ ਕੇਂਦਰ ਬਣ ਕੇ ਉਭਰਿਆ ਅਤੇ ਇਹੀ ਇਸਦੀ ਸਭ ਤੋਂ ਵੱਡੀ ਪਹਿਚਾਣ ਹੈ। ਇਹ ਇਤਿਹਾਸ ਵਿੱਚ ਜੜ੍ਹ ਹੋ ਕੇ ਵੀ ਸਮੇਂ ਦੇ ਨਾਲ ਚੱਲਦਾ ਰਿਹਾ। ਇਸ ਮੱਠ ਦੀ ਸਥਾਪਨਾ ਜਿਸ ਭਾਵਨਾ ਨਾਲ ਹੋਈ ਸੀ, ਉਹ ਭਾਵਨਾ ਅੱਜ ਵੀ ਓਨੀ ਹੀ ਜੀਵਿਤ ਹੈ। ਇਹ ਭਾਵਨਾ ਸਾਧਨਾ ਨੂੰ ਸੇਵਾ ਨਾਲ ਜੋੜਦੀ ਹੈ, ਰਵਾਇਤ ਨੂੰ ਲੋਕ ਭਲਾਈ ਨਾਲ ਜੋੜਦੀ ਹੈ। ਇਹ ਮੱਠ ਪੀੜ੍ਹੀ ਦਰ ਪੀੜ੍ਹੀ ਸਮਾਜ ਨੂੰ ਇਹ ਸਮਝ ਦਿੰਦਾ ਰਿਹਾ, ਕਿ ਅਧਿਆਤਮ ਦਾ ਅਸਲ ਮੰਤਵ ਜੀਵਨ ਨੂੰ ਸਥਿਰਤਾ, ਸੰਤੁਲਨ ਅਤੇ ਮੁੱਲ ਪ੍ਰਦਾਨ ਕਰਨਾ ਹੈ। ਮੱਠ ਦੀ 550 ਸਾਲਾਂ ਦੀ ਯਾਤਰਾ ਉਸ ਤਾਕਤ ਦਾ ਸਬੂਤ ਹੈ, ਜੋ ਸਮਾਜ ਨੂੰ ਮੁਸ਼ਕਿਲ ਸਮੇਂ ਵਿੱਚ ਵੀ ਸੰਭਾਲ ਕੇ ਰੱਖਦੀ ਹੈ। ਮੈਂ ਇੱਥੋਂ ਦੇ ਮਠਾਧਿਪਤੀ, ਸ਼੍ਰੀਮਦ ਵਿਦਿਆਧੀਸ਼ ਤੀਰਥ ਸਵਾਮੀਜੀ, ਕਮੇਟੀ ਦੇ ਸਾਰੇ ਮੈਂਬਰਾਂ ਅਤੇ ਇਸ ਆਯੋਜਨ ਨਾਲ ਜੁੜੇ ਹਰ ਵਿਅਕਤੀ ਨੂੰ, ਇਸ ਇਤਿਹਾਸਕ ਮੌਕੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਜਦੋਂ ਕੋਈ ਸੰਸਥਾ ਸੱਚ ਅਤੇ ਸੇਵਾ ’ਤੇ ਖੜ੍ਹੀ ਹੁੰਦੀ ਹੈ, ਤਾਂ ਉਹ ਸਮੇਂ ਦੇ ਬਦਲਾਅ ਨਾਲ ਡਗਮਗਾਉਂਦੀ ਨਹੀਂ, ਬਲਕਿ ਸਮਾਜ ਨੂੰ ਟਿਕੇ ਰਹਿਣ ਦੀ ਤਾਕਤ ਦਿੰਦੀ ਹੈ। ਅੱਜ ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਇਹ ਮੱਠ ਇੱਕ ਨਵਾਂ ਅਧਿਆਇ ਲਿਖ ਰਿਹਾ ਹੈ। ਇੱਥੇ ਭਗਵਾਨ ਸ਼੍ਰੀ ਰਾਮ ਦੀ 77 ਫੁੱਟ ਉੱਚੀ ਸ਼ਾਨਦਾਰ ਕਾਂਸੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਤਿੰਨ ਦਿਨ ਪਹਿਲਾਂ ਹੀ ਮੈਨੂੰ ਅਯੋਧਿਆ ਦੇ ਸ਼ਾਨਦਾਰ ਸ਼੍ਰੀ ਰਾਮ ਮੰਦਰ ਦੇ ਸਿਖਰ ‘ਤੇ ਧਰਮ ਧ੍ਵਜ ਲਹਿਰਾਉਣ ਦਾ ਸੁਭਾਗ ਮਿਲਿਆ ਸੀ। ਅਤੇ ਅੱਜ ਇੱਥੇ ਪ੍ਰਭੂ ਸ਼੍ਰੀਰਾਮ ਦੀ ਸ਼ਾਨਦਾਰ ਮੂਰਤੀ ਦੇ ਉਦਘਾਟਨ ਦਾ ਮੁੜ-ਮੌਕਾ ਮਿਲਿਆ ਹੈ। ਅੱਜ ਰਾਮਾਇਣ ‘ਤੇ ਅਧਾਰਿਤ ਇੱਕ ਥੀਮ ਪਾਰਕ ਦਾ ਉਦਘਾਟਨ ਵੀ ਹੋਇਆ ਹੈ।
ਸਾਥੀਓ,
ਅੱਜ ਇਸ ਮੱਠ ਦੇ ਨਾਲ ਜੋ ਨਵੇਂ ਆਯਾਮ ਜੁੜੇ ਹਨ, ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਗਿਆਨ, ਪ੍ਰੇਰਨਾ ਤੇ ਸਾਧਨਾ ਦੇ ਸਥਾਈ ਕੇਂਦਰ ਬਣਨ ਜਾ ਰਹੇ ਹਨ। ਇੱਥੇ ਵਿਕਸਿਤ ਹੋ ਰਿਹਾ ਅਜਾਇਬ ਘਰ ਅਤੇ ਆਧੁਨਿਕ ਤਕਨੀਕ ਨਾਲ ਲੈਸ 3ਡੀ ਥੀਏਟਰ, ਇਨ੍ਹਾਂ ਸਭ ਦੇ ਵੱਲੋਂ ਇਹ ਮੱਠ ਆਪਣੀ ਰਵਾਇਤ ਨੂੰ ਸੰਭਾਲ ਰਿਹਾ ਹੈ। ਨਵੀਂ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਨਾਲ ਜੋੜ ਰਿਹਾ ਹੈ। ਇਸੇ ਤਰ੍ਹਾਂ, 550 ਦਿਨਾਂ ਵਿੱਚ ਦੇਸ਼ ਭਰ ਦੇ ਲੱਖਾਂ ਸ਼ਰਧਾਲੂਆਂ ਦੀ ਭਾਗੀਦਾਰੀ ਨਾਲ ਹੋਏ, ਸ਼੍ਰੀਰਾਮ ਨਾਮ ਜਪ-ਯੱਗ ਅਤੇ ਉਸ ਨਾਲ ਜੁੜੀ ਰਾਮ ਰਥ ਯਾਤਰਾ, ਸਾਡੇ ਸਮਾਜ ਵਿੱਚ ਭਗਤੀ ਅਤੇ ਅਨੁਸ਼ਾਸਨ ਦੀ ਸਮੂਹਿਕ ਊਰਜਾ ਦਾ ਪ੍ਰਤੀਕ ਬਣੀ ਹੈ। ਇਹੀ ਸਮੂਹਿਕ ਊਰਜਾ ਅੱਜ ਦੇਸ਼ ਦੇ ਹਰ ਕੋਨੇ ਵਿੱਚ ਇੱਕ ਨਵੀਂ ਚੇਤਨਾ ਦਾ ਸੰਚਾਰ ਕਰ ਰਹੀ ਹੈ।

ਸਾਥੀਓ,
ਅਧਿਆਤਮ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਵਾਲੀਆਂ ਪ੍ਰਣਾਲੀਆਂ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ। ਮੈਂ ਇਸ ਨਿਰਮਾਣ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਇਸ ਵੱਡੇ ਸਮਾਗਮ ਵਿੱਚ, ਇਸ ਖ਼ਾਸ ਮੌਕੇ ਦੇ ਪ੍ਰਤੀਕ ਵਜੋਂ, ਯਾਦਗਾਰੀ ਸਿੱਕੇ ਅਤੇ ਡਾਕ ਟਿਕਟ ਵੀ ਜਾਰੀ ਕੀਤੇ ਗਏ ਹਨ। ਇਹ ਸਨਮਾਨ ਉਸ ਅਧਿਆਤਮਕ ਤਾਕਤ ਨੂੰ ਸਮਰਪਿਤ ਹੈ, ਜਿਸ ਨੇ ਸਦੀਆਂ ਤੋਂ ਸਮਾਜ ਨੂੰ ਜੋੜ ਕੇ ਰੱਖਿਆ ਹੈ।
ਸਾਥੀਓ,
ਇਸ ਸ਼੍ਰੀ ਮੱਠ ਨੂੰ ਲਗਾਤਾਰ ਵਹਿੰਦੇ ਰਹਿਣ ਦੀ ਤਾਕਤ, ਉਸ ਮਹਾਨ ਗੁਰੂ-ਰਵਾਇਤ ਤੋਂ ਮਿਲੀ ਹੈ, ਜਿਸ ਨੇ ਦਵੈਤ ਵੇਦਾਂਤ ਦੀ ਬ੍ਰਹਮ ਨੀਂਹ ਸਥਾਪਿਤ ਕੀਤੀ ਸੀ। ਸ਼੍ਰੀਮਦ ਨਾਰਾਇਣਤੀਰਥ ਸਵਾਮੀਜੀ ਵੱਲੋਂ, 1475 ਵਿੱਚ ਸਥਾਪਿਤ ਇਹ ਮੱਠ ਉਸੇ ਗਿਆਨ-ਰਵਾਇਤ ਦਾ ਵਿਸਥਾਰ ਹੈ। ਅਤੇ ਉਸਦਾ ਮੂਲ ਸਰੋਤ ਜਗਦਗੁਰੂ ਸ਼੍ਰੀ ਮਧਵਾਚਾਰਿਆ ਜਿਹੇ ਵਿਲੱਖਣ ਆਚਾਰਿਆ ਹਨ। ਮੈਂ ਇਨ੍ਹਾਂ ਆਚਾਰਿਆਵਾਂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਨਮਨ ਕਰਦਾ ਹਾਂ। ਇਹ ਵੀ ਬਹੁਤ ਅਹਿਮ ਹੈ ਕਿ ਉਡੁਪੀ ਅਤੇ ਪਰਤਾਗਲੀ, ਦੋਵੇਂ ਮੱਠ ਇੱਕ ਹੀ ਅਧਿਆਤਮਕ ਦਰਿਆ ਦੀਆਂ ਜੀਵਿਤ ਧਾਰਾਵਾਂ ਹਨ। ਭਾਰਤ ਦੇ ਇਸ ਪੱਛਮੀ ਤਟ ਦੀ ਸਭਿਆਚਾਰਕ ਧਾਰਾ ਨੂੰ ਦਿਸ਼ਾ ਦੇਣ ਵਾਲੀ ਗੁਰੂ-ਤਾਕਤ ਵੀ ਇਹੀ ਹੈ। ਅਤੇ ਮੇਰੇ ਲਈ, ਇਹ ਵੀ ਇੱਕ ਖ਼ਾਸ ਸੰਯੋਗ ਹੈ, ਕਿ ਇੱਕ ਹੀ ਦਿਨ ਵਿੱਚ ਮੈਨੂੰ ਇਸ ਰਵਾਇਤ ਨਾਲ ਜੁੜੇ ਦੋ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ।
ਸਾਥੀਓ,
ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਇਸ ਰਵਾਇਤ ਨਾਲ ਜੁੜੇ ਪਰਿਵਾਰਾਂ ਨੇ, ਪੀੜ੍ਹੀ ਦਰ ਪੀੜ੍ਹੀ ਅਨੁਸ਼ਾਸਨ, ਗਿਆਨ, ਸਖ਼ਤ ਮਿਹਨਤ ਅਤੇ ਉੱਤਮਤਾ ਨੂੰ ਜੀਵਨ ਦਾ ਅਧਾਰ ਬਣਾਇਆ ਹੈ। ਵਪਾਰ ਤੋਂ ਲੈ ਕੇ ਵਿੱਤ ਤੱਕ, ਸਿੱਖਿਆ ਤੋਂ ਲੈ ਕੇ ਤਕਨੀਕ ਤੱਕ, ਜੋ ਪ੍ਰਤਿਭਾ, ਅਗਵਾਈ ਅਤੇ ਕੰਮ ਪ੍ਰਤੀ ਸਮਰਪਣ ਉਨ੍ਹਾਂ ਵਿੱਚ ਦਿਖਾਈ ਦਿੰਦੀ ਹੈ, ਉਸਦੇ ਪਿੱਛੇ ਇਸੇ ਜੀਵਨ-ਨਜ਼ਰੀਏ ਦੀ ਡੂੰਘੀ ਛਾਪ ਮਿਲਦੀ ਹੈ। ਇਸ ਰਵਾਇਤ ਨਾਲ ਜੁੜੇ ਪਰਿਵਾਰਾਂ, ਵਿਅਕਤੀਆਂ ਦੀ ਸਫ਼ਲਤਾ ਦੀਆਂ ਅਨੇਕਾਂ ਪ੍ਰੇਰਕ ਕਹਾਣੀਆਂ ਹਨ। ਉਨ੍ਹਾਂ ਸਭ ਦੀਆਂ ਸਫ਼ਲਤਾਵਾਂ ਦੀਆਂ ਜੜ੍ਹਾਂ ਨਿਮਰਤਾ, ਸੰਸਕਾਰ ਅਤੇ ਸੇਵਾ ਵਿੱਚ ਦਿਖਦੀਆਂ ਹਨ। ਇਹ ਮੱਠ ਉਨ੍ਹਾਂ ਕਦਰਾਂ-ਕੀਮਤਾਂ ਨੂੰ ਟਿਕਾਈ ਰੱਖਣ ਵਾਲਾ ਨੀਂਹ ਪੱਥਰ ਰਿਹਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਅੱਗੇ ਵੀ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਮੱਠ ਐਵੇਂ ਹੀ ਊਰਜਾ ਦਿੰਦਾ ਰਹੇਗਾ।
ਸਾਥੀਓ,
ਇਸ ਇਤਿਹਾਸਕ ਮੱਠ ਦੀ ਇੱਕ ਹੋਰ ਖ਼ਾਸੀਅਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਸ ਮੱਠ ਦੀ ਇੱਕ ਪਹਿਚਾਣ, ਉਹ ਸੇਵਾ ਭਾਵਨਾ ਹੈ, ਜਿਸ ਨੇ ਸਦੀਆਂ ਤੋਂ ਸਮਾਜ ਦੇ ਹਰ ਵਰਗ ਨੂੰ ਸਹਾਰਾ ਦਿੱਤਾ ਹੈ। ਸਦੀਆਂ ਪਹਿਲਾਂ ਜਦੋਂ ਇਸ ਖੇਤਰ ‘ਤੇ ਪ੍ਰਤੀਕੂਲ ਹਾਲਤਾਂ ਬਣੀਆਂ, ਜਦੋਂ ਲੋਕਾਂ ਨੂੰ ਆਪਣੇ ਘਰ-ਪਰਿਵਾਰ ਛੱਡ ਕੇ ਨਵੇਂ ਪ੍ਰਦੇਸ਼ਾਂ ਵਿੱਚ ਸ਼ਰਣ ਲੈਣੀ ਪਈ, ਓਦੋਂ ਇਸੇ ਮੱਠ ਨੇ ਭਾਈਚਾਰੇ ਨੂੰ ਸਹਾਰਾ ਦਿੱਤਾ। ਉਨ੍ਹਾਂ ਨੂੰ ਜਥੇਬੰਦ ਕੀਤਾ ਤੇ ਨਵੀਂਆਂ ਜਗ੍ਹਾਵਾਂ ’ਤੇ ਮੰਦਰਾਂ, ਮੱਠਾਂ ਅਤੇ ਆਸਰਾ ਘਰਾਂ ਦੀ ਸਥਾਪਨਾ ਕੀਤੀ। ਇਸ ਮੱਠ ਨੇ ਧਰਮ ਦੇ ਨਾਲ-ਨਾਲ ਮਨੁੱਖਤਾ ਅਤੇ ਸੱਭਿਆਚਾਰ ਦੀ ਵੀ ਰੱਖਿਆ ਕੀਤੀ। ਸਮੇਂ ਦੇ ਨਾਲ ਮੱਠ ਦੀ ਸੇਵਾ-ਧਾਰਾ ਹੋਰ ਫੈਲਦੀ ਗਈ। ਅੱਜ ਸਿੱਖਿਆ ਤੋਂ ਲੈ ਕੇ ਹਸਪਤਾਲਾਂ ਤੱਕ, ਬਜ਼ੁਰਗਾਂ ਦੀ ਸੇਵਾ ਤੋਂ ਲੈ ਕੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਤੱਕ, ਇਸ ਮੱਠ ਨੇ ਆਪਣੇ ਸਰੋਤਾਂ ਨੂੰ ਹਮੇਸ਼ਾ ਲੋਕ-ਭਲਾਈ ਲਈ ਸਮਰਪਿਤ ਰੱਖਿਆ ਹੈ। ਵੱਖ-ਵੱਖ ਸੂਬਿਆਂ ਵਿੱਚ ਬਣੇ ਹੋਸਟਲ ਹੋਣ, ਆਧੁਨਿਕ ਸਕੂਲ ਹੋਣ, ਜਾਂ ਔਖੇ ਸਮੇਂ ਵਿੱਚ ਲੋਕਾਂ ਨੂੰ ਰਾਹਤ ਦੇਣ ਵਾਲੇ ਸੇਵਾ-ਕਾਰਜ, ਹਰ ਪਹਿਲਕਦਮੀ ਇਸ ਗੱਲ ਦਾ ਸਬੂਤ ਹੈ ਕਿ ਅਧਿਆਤਮ ਅਤੇ ਸੇਵਾ ਜਦੋਂ ਇਕੱਠੇ ਚਲਦੇ ਹਨ, ਤਾਂ ਸਮਾਜ ਨੂੰ ਸਥਿਰਤਾ ਵੀ ਮਿਲਦੀ ਹੈ ਅਤੇ ਅੱਗੇ ਵਧਣ ਦੀ ਪ੍ਰੇਰਨਾ ਵੀ ਮਿਲਦੀ ਹੈ।

ਸਾਥੀਓ,
ਅਜਿਹੇ ਸਮੇਂ ਵੀ ਆਏ, ਜਦੋਂ ਗੋਆ ਦੇ ਮੰਦਰਾਂ ਅਤੇ ਸਥਾਨਕ ਰਵਾਇਤਾਂ ਨੂੰ ਔਖਿਆਈ ਦਾ ਸਾਹਮਣਾ ਕਰਨਾ ਪਿਆ। ਜਦੋਂ ਭਾਸ਼ਾ ਅਤੇ ਸਭਿਆਚਾਰ ਪਹਿਚਾਣ ‘ਤੇ ਦਬਾਅ ਬਣਿਆ। ਪਰ ਇਹ ਹਾਲਤਾਂ ਸਮਾਜ ਦੀ ਆਤਮਾ ਨੂੰ ਕਮਜ਼ੋਰ ਨਹੀਂ ਕਰ ਪਾਈਆਂ, ਬਲਕਿ ਉਸਨੂੰ ਹੋਰ ਦ੍ਰਿੜ੍ਹ ਬਣਾਇਆ। ਗੋਆ ਦੀ ਇਹੀ ਖ਼ਾਸੀਅਤ ਹੈ ਕਿ ਇੱਥੋਂ ਦੇ ਸਭਿਆਚਾਰ ਨੇ ਹਰ ਬਦਲਾਅ ਵਿੱਚ ਆਪਣਾ ਅਸਲੀ ਰੂਪ ਬਰਕਰਾਰ ਰੱਖਿਆ ਅਤੇ ਸਮੇਂ ਦੇ ਨਾਲ ਮੁੜ-ਸੁਰਜੀਤ ਵੀ ਕੀਤਾ। ਇਸ ਵਿੱਚ ਪਰਤਾਗਲੀ ਮੱਠ ਜਿਹੇ ਅਦਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਸਾਥੀਓ,
ਅੱਜ ਭਾਰਤ ਇੱਕ ਸ਼ਾਨਦਾਰ ਸਭਿਆਚਾਰਕ ਪੁਨਰ-ਜਾਗਰਣ ਦਾ ਗਵਾਹ ਬਣ ਰਿਹਾ ਹੈ। ਅਯੋਧਿਆ ਵਿੱਚ ਰਾਮ ਮੰਦਰ ਦੀ ਪੁਨਰ-ਸਥਾਪਨਾ, ਕਾਸ਼ੀ ਵਿਸ਼ਵਨਾਥ ਧਾਮ ਦੀ ਸ਼ਾਨਦਾਰ ਕਾਇਆਕਲਪ ਅਤੇ ਉਜੈਨ ਵਿੱਚ ਮਹਾਕਾਲ ਮਹਾਲੋਕ ਦਾ ਵਿਸਥਾਰ, ਇਹ ਸਾਰੇ ਸਾਡੇ ਰਾਸ਼ਟਰ ਦੀ ਉਸ ਜਾਗਰੂਕਤਾ ਨੂੰ ਦਰਸਾਉਂਦੇ ਹਨ, ਜੋ ਆਪਣੇ ਅਧਿਆਤਮਕ ਖਜ਼ਾਨੇ ਨੂੰ ਨਵੀਂ ਤਾਕਤ ਦੇ ਨਾਲ ਉਭਾਰ ਰਹੀ ਹੈ। ਰਾਮਾਇਣ ਸਰਕਟ, ਕ੍ਰਿਸ਼ਨ ਸਰਕਟ, ਗਯਾ ਜੀ ਦੇ ਵਿਕਾਸ ਕੰਮ ਅਤੇ ਕੁੰਭ ਮੇਲੇ ਦਾ ਬੇਮਿਸਾਲ ਪ੍ਰਬੰਧਨ, ਇਹ ਸਾਰੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਅੱਜ ਦਾ ਭਾਰਤ, ਆਪਣੀ ਸੱਭਿਆਚਾਰਕ ਪਹਿਚਾਣ ਨੂੰ ਨਵੇਂ ਸੰਕਲਪਾਂ ਅਤੇ ਨਵੇਂ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵਧਾ ਰਿਹਾ ਹੈ। ਇਹ ਜਾਗ੍ਰਿਤੀ ਭਵਿੱਖ ਦੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ।
ਸਾਥੀਓ,
ਗੋਆ ਦੀ ਇਸ ਪਵਿੱਤਰ ਧਰਤੀ ਦਾ ਆਪਣਾ ਇੱਕ ਖ਼ਾਸ ਅਧਿਆਤਮਕ ਸਰੂਪ ਵੀ ਹੈ। ਇੱਥੇ ਸਦੀਆਂ ਤੋਂ ਭਗਤੀ, ਸੰਤ-ਰਵਾਇਤ ਅਤੇ ਸਭਿਆਚਾਰਕ ਸਾਧਨਾ ਦਾ ਲਗਾਤਾਰ ਵਹਿਣ ਬਹਿੰਦਾ ਰਿਹਾ ਹੈ। ਇਹ ਧਰਤੀ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ‘ਦਕਸ਼ਿਨ ਕਾਸ਼ੀ’ ਦੀ ਪਹਿਚਾਣ ਵੀ ਸਮੋਏ ਹੋਏ ਹੈ। ਪਰਤਾਗਲੀ ਮੱਠ ਨੇ ਇਸ ਪਹਿਚਾਣ ਨੂੰ ਹੋਰ ਡੂੰਘਾਈ ਦਿੱਤੀ ਹੈ। ਇਸ ਮੱਠ ਦਾ ਸਬੰਧ ਕੋਂਕਣ ਅਤੇ ਗੋਆ ਤੱਕ ਸੀਮਤ ਨਹੀਂ ਹੈ। ਇਸ ਦੀ ਰਵਾਇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਕਾਸ਼ੀ ਦੀ ਪਵਿੱਤਰ ਧਰਤੀ ਨਾਲ ਵੀ ਜੁੜੀ ਹੋਈ ਹੈ। ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ ਮੇਰੇ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ। ਸੰਸਥਾਪਕ ਆਚਾਰਿਆ ਸ਼੍ਰੀ ਨਾਰਾਇਣ ਤੀਰਥ ਨੇ ਉੱਤਰ ਭਾਰਤ ਦੀਆਂ ਆਪਣੀਆਂ ਯਾਤਰਾਵਾਂ ਦੇ ਦੌਰਾਨ ਕਾਸ਼ੀ ਵਿੱਚ ਵੀ ਇੱਕ ਕੇਂਦਰ ਸਥਾਪਿਤ ਕੀਤਾ ਸੀ। ਜਿਸ ਨਾਲ ਇਸ ਮੱਠ ਦੀ ਅਧਿਆਤਮਕ ਧਾਰਾ ਦਾ ਵਿਸਥਾਰ ਦੱਖਣ ਤੋਂ ਉੱਤਰ ਤੱਕ ਹੋਇਆ। ਅੱਜ ਵੀ ਕਾਸ਼ੀ ਵਿੱਚ ਉਨ੍ਹਾਂ ਵੱਲੋਂ ਸਥਾਪਿਤ ਕੇਂਦਰ, ਸਮਾਜ ਸੇਵਾ ਦਾ ਮਾਧਿਅਮ ਬਣਿਆ ਹੋਇਆ ਹੈ।
ਸਾਥੀਓ,
ਅੱਜ ਜਦੋਂ ਇਸ ਪਵਿੱਤਰ ਮੱਠ ਦੇ 550 ਸਾਲ ਪੂਰੇ ਹੋ ਰਹੇ ਹਨ, ਓਦੋਂ ਅਸੀਂ ਇਤਿਹਾਸ ਦਾ ਸਮਾਗਮ ਮਨਾਉਣ ਦੇ ਨਾਲ ਹੀ ਭਵਿੱਖ ਦੀ ਦਿਸ਼ਾ ਵੀ ਤੈਅ ਕਰ ਰਹੇ ਹਾਂ। ਵਿਕਸਿਤ ਭਾਰਤ ਦਾ ਰਾਹ ਏਕਤਾ ਤੋਂ ਹੋ ਕੇ ਲੰਘਦਾ ਹੈ। ਜਦੋਂ ਸਮਾਜ ਜੁੜਦਾ ਹੈ, ਜਦੋਂ ਹਰ ਖੇਤਰ -ਹਰ ਵਰਗ ਇਕੱਠਾ ਖੜ੍ਹਾ ਹੁੰਦਾ ਹੈ, ਓਦੋਂ ਰਾਸ਼ਟਰ ਵੱਡੀ ਛਾਲ ਲਗਾਉਂਦਾ ਹੈ। ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦਾ ਮੁੱਖ ਟੀਚਾ ਲੋਕਾਂ ਨੂੰ ਜੋੜਨਾ, ਮਨ ਨੂੰ ਜੋੜਨਾ, ਰਵਾਇਤ ਅਤੇ ਆਧੁਨਿਕਤਾ ਦੇ ਵਿੱਚ ਪੁਲ਼ ਬਣਾਉਣਾ ਹੈ। ਇਸ ਲਈ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਇਹ ਮੱਠ, ਇੱਕ ਮੁੱਖ ਪ੍ਰੇਰਨਾ ਕੇਂਦਰ ਦੀ ਭੂਮਿਕਾ ਵਿੱਚ ਵੀ ਹੈ।

ਸਾਥੀਓ,
ਜਿਨ੍ਹਾਂ ਨਾਲ ਮੇਰਾ ਪਿਆਰ ਹੁੰਦਾ ਹੈ, ਉੱਥੇ ਮੈਂ ਆਦਰ ਸਤਿਕਾਰ ਨਾਲ ਕੁਝ ਬੇਨਤੀ ਕਰਦਾ ਹਾਂ। ਜਿਵੇਂ ਪੂਜਯ ਸਵਾਮੀ ਜੀ ਨੇ ਮੈਨੂੰ ਇੱਕ ਕੰਮ ਦੇ ਦਿੱਤਾ ਏਕਾਦਸ਼ੀ ਦਾ। ਉਹ ਤਾਂ ਸੰਤ ਹਨ, ਤਾਂ ਇੱਕ ਵਿੱਚ ਮੰਨ ਜਾਂਦੇ ਹਨ ਪਰ ਮੈਂ ਇੱਕ ਵਿੱਚ ਮੰਨਣ ਵਾਲਿਆਂ ਵਿੱਚੋਂ ਨਹੀਂ ਹਾਂ ਅਤੇ ਇਸ ਲਈ ਅੱਜ ਤੁਹਾਡੇ ਵਿੱਚ ਆਇਆ ਹਾਂ, ਤਾਂ ਮੇਰੇ ਮਨ ਵਿੱਚ ਸਹਿਜ ਹੀ ਕੁਝ ਗੱਲਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਨੌਂ ਬੇਨਤੀਆਂ ਕਰਨਾ ਚਾਹੁੰਦਾ ਹਾਂ, ਜਿਸ ਨੂੰ ਤੁਹਾਡੇ ਅਦਾਰੇ ਦੇ ਮਾਧਿਅਮ ਰਾਹੀਂ ਹਰ ਇੱਕ ਤੱਕ ਪਹੁੰਚਾਇਆ ਜਾ ਸਕਦਾ ਹੈ। ਇਹ ਬੇਨਤੀਆਂ, ਨੌਂ ਸੰਕਲਪ ਦੀ ਤਰ੍ਹਾਂ ਹਨ। ਵਿਕਸਿਤ ਭਾਰਤ ਦਾ ਸੁਪਨਾ ਓਦੋਂ ਹੀ ਪੂਰਾ ਹੋਵੇਗਾ ਜਦੋਂ ਅਸੀਂ ਵਾਤਾਵਰਨ ਦੀ ਸੰਭਾਲ ਨੂੰ ਆਪਣਾ ਧਰਮ ਮੰਨਾਂਗੇ। ਧਰਤੀ ਸਾਡੀ ਮਾਂ ਹੈ ਅਤੇ ਮੱਠਾਂ ਦੀ ਸਿੱਖਿਆ ਸਾਨੂੰ ਕੁਦਰਤ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ। ਇਸ ਲਈ ਸਾਡਾ ਪਹਿਲਾ ਸੰਕਲਪ ਹੋਣਾ ਚਾਹੀਦਾ ਹੈ, ਕਿ ਅਸੀਂ ਪਾਣੀ ਦੀ ਸੰਭਾਲ ਕਰਨੀ ਹੈ, ਪਾਣੀ ਬਚਾਉਣਾ ਹੈ, ਦਰਿਆਵਾਂ ਨੂੰ ਬਚਾਉਣਾ ਹੈ। ਸਾਡਾ ਦੂਸਰਾ ਸੰਕਲਪ ਹੋਣਾ ਚਾਹੀਦਾ ਹੈ, ਕਿ ਅਸੀਂ ਰੁੱਖ ਲਗਾਵਾਂਗੇ। ਦੇਸ਼ ਭਰ ਵਿੱਚ ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਨੂੰ ਗਤੀ ਮਿਲ ਰਹੀ ਹੈ। ਇਸ ਮੁਹਿੰਮ ਨਾਲ ਜੇਕਰ ਇਸ ਅਦਾਰੇ ਦੀ ਸਮਰੱਥਾ ਜੁੜ ਜਾਵੇਗੀ, ਤਾਂ ਇਸਦਾ ਅਸਰ ਹੋਰ ਵੱਡਾ ਹੋਵੇਗਾ। ਸਾਡਾ ਤੀਸਰਾ ਸੰਕਲਪ ਹੋਣਾ ਚਾਹੀਦਾ ਹੈ, ਸਫ਼ਾਈ ਦਾ ਮਿਸ਼ਨ। ਅੱਜ ਜਦੋਂ ਮੈਂ ਮੰਦਰ ਵਿਹੜੇ ਵਿੱਚ ਗਿਆ, ਤਾਂ ਉੱਥੇ ਦੀ ਵਿਵਸਥਾ, ਉੱਥੇ ਦਾ ਆਰਕੀਟੈਕਚਰ, ਉੱਥੇ ਦੀ ਸਫ਼ਾਈ ਮੇਰੇ ਮਨ ਨੂੰ ਬਹੁਤ ਪ੍ਰਭਾਵਿਤ ਕਰ ਗਈ। ਮੈਂ ਸਵਾਮੀ ਜੀ ਨੂੰ ਕਿਹਾ ਵੀ, ਕਿੰਨਾ ਸ਼ਾਨਦਾਰ ਤਰੀਕੇ ਨਾਲ ਇੰਨਾ ਸੰਭਾਲਿਆ ਹੈ। ਸਾਡੀ ਹਰ ਗਲੀ, ਮੁਹੱਲਾ, ਸ਼ਹਿਰ ਸਾਫ਼ ਹੋਣਾ ਚਾਹੀਦਾ ਹੈ। ਚੌਥੇ ਸੰਕਲਪ ਦੇ ਰੂਪ ਵਿੱਚ ਸਾਨੂੰ ਸਵਦੇਸ਼ੀ ਨੂੰ ਅਪਣਾਉਣਾ ਹੋਵੇਗਾ। ਅੱਜ ਭਾਰਤ ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ ਦੇ ਮੰਤਰ ’ਤੇ ਅੱਗੇ ਵਧ ਰਿਹਾ ਹੈ। ਅੱਜ ਦੇਸ਼ ਕਹਿ ਰਿਹਾ ਹੈ, ਵੋਕਲ ਫਾਰ ਲੋਕਲ, ਵੋਕਲ ਫਾਰ ਲੋਕਲ, ਵੋਕਲ ਫਾਰ ਲੋਕਲ, ਵੋਕਲ ਫਾਰ ਲੋਕਲ, ਅਸੀਂ ਵੀ ਇਸ ਸੰਕਲਪ ਨੂੰ ਲੈ ਕੇ ਅੱਗੇ ਵਧਣਾ ਹੈ।
ਸਾਥੀਓ,
ਸਾਡਾ ਪੰਜਵਾਂ ਸੰਕਲਪ ਹੋਣਾ ਚਾਹੀਦਾ ਹੈ, ਦੇਸ਼ ਦਰਸ਼ਨ। ਸਾਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣਨ-ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਛੇਵੇਂ ਸੰਕਲਪ ਦੇ ਰੂਪ ਵਿੱਚ ਸਾਨੂੰ ਕੁਦਰਤੀ ਖੇਤੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸਾਡਾ ਸੱਤਵਾਂ ਸੰਕਲਪ ਹੋਣਾ ਚਾਹੀਦਾ ਹੈ, ਕਿ ਅਸੀਂ ਸਿਹਤਮੰਦ ਲਾਈਫ ਸਟਾਇਲ ਨੂੰ ਅਪਣਾਵਾਂਗੇ। ਅਸੀਂ ‘ਸ਼੍ਰੀ ਅੰਨ’ - ਮੋਟੇ ਅਨਾਜ ਅਪਣਾਵਾਂਗੇ ਅਤੇ ਖਾਣੇ ਵਿੱਚ ਤੇਲ ਦੀ 10 ਫ਼ੀਸਦੀ ਮਾਤਰਾ ਘੱਟ ਕਰਾਂਗੇ। ਅੱਠਵੇਂ ਸੰਕਲਪ ਦੇ ਤੌਰ ’ਤੇ ਸਾਨੂੰ ਯੋਗ ਅਤੇ ਖੇਡ ਨੂੰ ਅਪਣਾਉਣਾ ਹੋਵੇਗਾ। ਅਤੇ ਨੌਵੇਂ ਸੰਕਲਪ ਦੇ ਰੂਪ ਵਿੱਚ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਗ਼ਰੀਬਾਂ ਦੀ ਸਹਾਇਤਾ ਕਰਾਂਗੇ। ਜੇਕਰ ਇੱਕ ਪਰਿਵਾਰ ਵੀ ਗੋਦ ਲੈ ਲਈਏ ਨਾ ਅਸੀਂ, ਦੇਖਦੇ ਹੀ ਦੇਖਦੇ ਹਿੰਦੁਸਤਾਨ ਦਾ ਰੰਗ-ਰੂਪ ਬਦਲ ਜਾਵੇਗਾ।
ਸਾਥੀਓ,
ਸਾਡੇ ਮੱਠ ਇਸ ਸੰਕਲਪ ਨੂੰ ਲੋਕ ਸੰਕਲਪ ਬਣਾ ਸਕਦੇ ਹਨ। ਇਸ ਮੱਠ ਦਾ 550 ਸਾਲ ਦਾ ਤਜਰਬਾ ਸਾਨੂੰ ਦੱਸਦਾ ਹੈ, ਰਵਾਇਤ ਜੇਕਰ ਜਿਊਂਦੀ ਰਹੇ, ਤਾਂ ਸਮਾਜ ਅੱਗੇ ਵਧਦਾ ਹੈ ਅਤੇ ਰਵਾਇਤ ਓਦੋਂ ਹੀ ਜਿਊਂਦੀ ਰਹਿੰਦੀ ਹੈ, ਜਦੋਂ ਉਹ ਸਮੇਂ ਦੇ ਨਾਲ ਆਪਣੀ ਜ਼ਿੰਮੇਵਾਰੀ ਵਧਾਉਂਦੀ ਹੈ। ਇਸ ਮੱਠ ਨੇ 550 ਸਾਲਾਂ ਵਿੱਚ ਸਮਾਜ ਨੂੰ ਜੋ ਦਿੱਤਾ ਹੈ, ਹੁਣ ਉਹੀ ਊਰਜਾ ਅਸੀਂ ਆਉਣ ਵਾਲੇ ਭਾਰਤ ਦੇ ਨਿਰਮਾਣ ਵਿੱਚ ਲਗਾਉਣੀ ਹੈ।
ਸਾਥੀਓ,
ਗੋਆ ਦੀ ਇਸ ਧਰਤੀ ਦਾ ਅਧਿਆਤਮਕ ਮਾਣ ਜਿੰਨਾ ਵਿਲੱਖਣ ਹੈ, ਉਨਾ ਹੀ ਪ੍ਰਭਾਵਸ਼ਾਲੀ ਇਸਦਾ ਆਧੁਨਿਕ ਵਿਕਾਸ ਵੀ ਹੈ। ਗੋਆ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚੋਂ ਹੈ ਜਿੱਥੇ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਜ਼ਿਆਦਾ ਹੈ, ਦੇਸ਼ ਦੇ ਟੂਰਿਜ਼ਮ, ਫਾਰਮਾ ਅਤੇ ਸੇਵਾ ਖੇਤਰ ਵਿੱਚ ਇਸਦਾ ਅਹਿਮ ਯੋਗਦਾਨ ਹੈ। ਹਾਲ ਹੀ ਦੇ ਸਾਲਾਂ ਵਿੱਚ, ਸਿੱਖਿਆ ਅਤੇ ਸਿਹਤ ਵਿੱਚ ਗੋਆ ਨੇ ਨਵੀਂਆਂ ਉਪਲਬਧੀਆਂ ਨੂੰ ਹਾਸਲ ਕੀਤਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਇੱਥੋਂ ਦੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾ ਰਹੀਆਂ ਹਨ। ਹਾਈਵੇਅ, ਏਅਰਪੋਰਟ ਅਤੇ ਰੇਲ ਕਨੈਕਟੀਵਿਟੀ ਦੇ ਵਿਸਥਾਰ ਨਾਲ, ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ, ਦੋਵਾਂ ਦੇ ਲਈ ਯਾਤਰਾ ਹੋਰ ਵੀ ਸੌਖੀ ਹੋਈ ਹੈ। ਵਿਕਸਿਤ ਭਾਰਤ 2047 ਦੇ ਸਾਡੇ ਰਾਸ਼ਟਰੀ ਵਿਜ਼ਨ ਵਿੱਚ ਸੈਰ-ਸਪਾਟਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਗੋਆ ਇਸਦਾ ਸਭ ਤੋਂ ਵੱਡਾ ਉਦਾਹਰਣ ਹੈ।
ਸਾਥੀਓ,
ਭਾਰਤ ਅੱਜ ਇੱਕ ਫ਼ੈਸਲਾਕੁੰਨ ਦੌਰ ਵਿੱਚੋਂ ਲੰਘ ਰਿਹਾ ਹੈ। ਦੇਸ਼ ਦੀ ਨੌਜਵਾਨ ਤਾਕਤ, ਸਾਡਾ ਵਧਦਾ ਆਤਮ-ਵਿਸ਼ਵਾਸ ਅਤੇ ਸਭਿਆਚਾਰਕ ਜੜ੍ਹਾਂ ਦੇ ਪ੍ਰਤੀ ਸਾਡਾ ਝੁਕਾਅ, ਇਹ ਸਭ ਮਿਲ ਕੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਹਨ। ਵਿਕਸਿਤ ਭਾਰਤ ਦਾ ਸਾਡਾ ਸੰਕਲਪ ਓਦੋਂ ਪੂਰਾ ਹੋਵੇਗਾ, ਜਦੋਂ ਅਧਿਆਤਮ, ਰਾਸ਼ਟਰ-ਸੇਵਾ ਅਤੇ ਵਿਕਾਸ ਦੀਆਂ ਤਿੰਨੇ ਧਾਰਾਵਾਂ ਨਾਲ ਚੱਲਣ। ਗੋਆ ਦੀ ਇਹ ਧਰਤੀ ਅਤੇ ਇੱਥੋਂ ਦਾ ਇਹ ਮੱਠ, ਉਸੇ ਦਿਸ਼ਾ ਵਿੱਚ ਇੱਕ ਅਹਿਮ ਯੋਗਦਾਨ ਪਾ ਰਹੇ ਹਨ। ਅੱਜ ਪੂਜਯ ਸਵਾਮੀ ਜੀ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ, ਬਹੁਤ ਸਾਰੀਆਂ ਚੀਜ਼ਾਂ ਲਈ ਉਨ੍ਹਾਂ ਨੇ ਮੈਨੂੰ ਕ੍ਰੈਡਿਟ ਦਿੱਤਾ, ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ, ਜੋ ਭਾਵਨਾ ਉਨ੍ਹਾਂ ਨੇ ਪ੍ਰਗਟ ਕੀਤੀ, ਪਰ ਸਚਾਈ ਇਹ ਹੈ ਕਿ ਇਹ ਜੋ ਕੁਝ ਵੀ ਹੈ ਜਿਸਨੂੰ ਤੁਸੀਂ ਚੰਗਾ ਮੰਨਦੇ ਹੋ, ਉਹ ਮੋਦੀ ਦਾ ਨਹੀਂ, 140 ਕਰੋੜ ਦੇਸ਼ਵਾਸੀਆਂ ਦਾ, ਉਨ੍ਹਾਂ ਦਾ ਸੰਕਲਪ, ਉਨ੍ਹਾਂ ਦੇ ਯਤਨਾਂ, ਉਸੇ ਦਾ ਨਤੀਜਾ ਹੈ ਅਤੇ ਅੱਗੇ ਵੀ ਚੰਗੇ ਨਤੀਜੇ ਆਉਣੇ ਹੀ ਆਉਣੇ ਹਨ, ਕਿਉਂਕਿ ਮੇਰਾ 140 ਕਰੋੜ ਦੇਸ਼ਵਾਸੀਆਂ ‘ਤੇ ਪੂਰਾ ਭਰੋਸਾ ਹੈ ਅਤੇ ਜਿਵੇਂ ਤੁਸੀਂ ਕਿਹਾ ਮੇਰੇ ਜੀਵਨ ਦੇ ਕਈ ਪੜਾਅ ਅਜਿਹੇ ਹਨ, ਜਿਸ ਵਿੱਚ ਗੋਆ ਬਹੁਤ ਅਹਿਮ ਸਥਾਨ ‘ਤੇ ਰਿਹਾ ਹੈ, ਇਹ ਕਿਵੇਂ ਹੋਇਆ ਹੋਵੇਗਾ ਉਹ ਮੈਂ ਤਾਂ ਨਹੀਂ ਜਾਣਦਾ, ਪਰ ਇਹ ਸਚਾਈ ਹੈ ਕਿ ਹਰ ਟਰਨਿੰਗ ਪੁਆਇੰਟ ’ਤੇ ਇਹ ਗੋਆ ਦੀ ਧਰਤੀ ਹੀ ਮੈਨੂੰ ਕਿੱਥੋਂ ਤੋਂ ਕਿੱਥੇ ਤੱਕ ਲਿਜਾਂਦੀ ਰਹੀ ਹੈ। ਪਰ ਮੈਂ ਪੂਜਯ ਸੰਤ ਸ਼੍ਰੀ ਦਾ ਬਹੁਤ ਧੰਨਵਾਦੀ ਹਾਂ ਉਨ੍ਹਾਂ ਦੇ ਅਸ਼ੀਰਵਾਦ ਲਈ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਪਵਿੱਤਰ ਮੌਕੇ ’ਤੇ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।


