ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ 2025 ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਕੁਦਰਤੀ ਖੇਤੀ ਵਿੱਚ ਲੱਗੇ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਕੇਲੇ ਦੀ ਉਪਜ ਦਾ ਨਿਰੀਖਣ ਕੀਤਾ ਅਤੇ ਕੇਲੇ ਦੀ ਰਹਿੰਦ-ਖੂੰਹਦ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ। ਕਿਸਾਨ ਨੇ ਦੱਸਿਆ ਕਿ ਪ੍ਰਦਰਸ਼ਿਤ ਸਾਰੀਆਂ ਵਸਤੂਆਂ ਕੇਲੇ ਦੀ ਰਹਿੰਦ-ਖੂੰਹਦ ਤੋਂ ਬਣੇ ਮੁੱਲ-ਵਰਧਿਤ ਉਤਪਾਦ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਦੇ ਉਤਪਾਦ ਪੂਰੇ ਭਾਰਤ ਵਿੱਚ ਆਨਲਾਈਨ ਵੇਚੇ ਜਾਂਦੇ ਹਨ, ਇਸ ਦੇ ਜਵਾਬ ਵਿੱਚ ਕਿਸਾਨ ਨੇ ਪੁਸ਼ਟੀ ਕੀਤੀ। ਕਿਸਾਨ ਨੇ ਅੱਗੇ ਦੱਸਿਆ ਕਿ ਉਹ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਅਤੇ ਵਿਅਕਤੀਗਤ ਯੋਗਦਾਨ ਪਾਉਣ ਵਾਲਿਆਂ ਜ਼ਰੀਏ ਪੂਰੇ ਤਾਮਿਲਨਾਡੂ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਉਤਪਾਦ ਆਨਲਾਈਨ ਵੇਚੇ ਜਾਂਦੇ ਹਨ, ਨਿਰਯਾਤ ਕੀਤੇ ਜਾਂਦੇ ਹਨ ਅਤੇ ਪੂਰੇ ਭਾਰਤ ਵਿੱਚ ਸਥਾਨਕ ਬਾਜ਼ਾਰਾਂ ਅਤੇ ਸੁਪਰ-ਮਾਰਕਿਟਾਂ ਵਿੱਚ ਵੀ ਉਪਲਬਧ ਹਨ। ਸ਼੍ਰੀ ਮੋਦੀ ਨੇ ਪੁੱਛਿਆ ਕਿ ਹਰੇਕ ਐੱਫਪੀਓਵਿੱਚ ਕਿੰਨੇ ਲੋਕ ਇਕੱਠੇ ਕੰਮ ਕਰਦੇ ਹਨ, ਤਾਂ ਕਿਸਾਨ ਨੇ ਜਵਾਬ ਦਿੱਤਾ ਕਿ ਲਗਭਗ ਇੱਕ ਹਜ਼ਾਰ ਲੋਕ ਇਸ ਵਿੱਚ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਮੰਨਿਆ ਅਤੇ ਅੱਗੇ ਪੁੱਛਿਆ ਕਿ ਕੀ ਕੇਲੇ ਦੀ ਖੇਤੀ ਸਿਰਫ਼ ਇੱਕ ਹੀ ਖੇਤਰ ਵਿੱਚ ਕੀਤੀ ਜਾਂਦੀ ਹੈ ਜਾਂ ਹੋਰ ਫ਼ਸਲਾਂ ਦੇ ਨਾਲ ਮਿਲਾ ਕੇ ਕੀਤੀ ਜਾਂਦੀ ਹੈ। ਕਿਸਾਨ ਨੇ ਸਪਸ਼ਟ ਕੀਤਾ ਕਿ ਵੱਖ-ਵੱਖ ਖੇਤਰ ਵੱਖ-ਵੱਖ ਖ਼ਾਸ ਉਤਪਾਦਾਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਜੀਆਈ ਉਤਪਾਦ ਵੀ ਹਨ।

ਇੱਕ ਹੋਰ ਕਿਸਾਨ ਨੇ ਦੱਸਿਆ ਕਿ ਚਾਹ ਦੀਆਂ ਚਾਰ ਕਿਸਮਾਂ ਹਨ:
ਕਾਲੀ ਚਾਹ, ਚਿੱਟੀ ਚਾਹ, ਓਲੋਂਗ ਚਾਹ ਅਤੇ ਹਰੀ ਚਾਹ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਓਲੋਂਗ ਚਾਹ 40 ਫ਼ੀਸਦੀ ਫਰਮੈਂਟਡ ਹੁੰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ-ਕੱਲ੍ਹ ਚਿੱਟੀ ਚਾਹ ਦੀ ਇੱਕ ਅਹਿਮ ਮੰਡੀ ਹੈ, ਜਿਸ 'ਤੇ ਕਿਸਾਨ ਸਹਿਮਤ ਹੋਏ। ਕਿਸਾਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫ਼ਲਾਂ ਜਿਵੇਂ ਬੈਂਗਣ ਅਤੇ ਅੰਬ ਨੂੰ ਵੀ ਪ੍ਰਦਰਸ਼ਿਤ ਕੀਤਾ ਜੋ ਵੱਖ-ਵੱਖ ਮੌਸਮਾਂ ਵਿੱਚ ਕੁਦਰਤੀ ਖੇਤੀ ਰਾਹੀਂ ਉਗਾਏ ਜਾਂਦੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਫਿਰ ਮੋਰਿੰਗਾ ਜਾਂ ਡ੍ਰਮਸਿਟਕ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ਕੀ ਇਸ ਉਤਪਾਦ ਦੀ ਵਰਤਮਾਨ ਵਿੱਚ ਮੰਡੀ ਵਿੱਚ ਮਜ਼ਬੂਤ ਮੌਜੂਦਗੀ ਹੈ, ਜਿਸ ’ਤੇ ਕਿਸਾਨਾਂ ਨੇ ਸਕਾਰਾਤਮਕ ਜਵਾਬ ਦਿੱਤਾ। ਸ਼੍ਰੀ ਮੋਦੀ ਨੇ ਇਸਦੇ ਪੱਤਿਆਂ ਦੀ ਵਰਤੋਂ ਬਾਰੇ ਪੁੱਛਿਆ, ਜਿਸ ’ਤੇ ਕਿਸਾਨ ਨੇ ਦੱਸਿਆ ਕਿ ਮੋਰਿੰਗਾ ਦੇ ਪੱਤਿਆਂ ਨੂੰ ਪਾਊਡਰ ਵਿੱਚ ਪ੍ਰੋਸੈੱਸ ਕੀਤਾ ਜਾਂਦਾ ਹੈ ਅਤੇ ਨਿਰਯਾਤ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਮੋਰਿੰਗਾ ਪਾਊਡਰ ਦੀ ਬਹੁਤ ਮੰਗ ਹੈ।
ਇਸਦੇ ਜਵਾਬ ਵਿੱਚ ਕਿਸਾਨ ਨੇ ਦੱਸਿਆ ਕਿ ਪੂਰੇ ਪ੍ਰਦਰਸ਼ਨ ਵਿੱਚ ਤਾਮਿਲਨਾਡੂ ਦੇ ਜੀਆਈ ਉਤਪਾਦ ਸ਼ਾਮਿਲ ਸਨ, ਜਿਸ ਵਿੱਚ ਕੁੰਭ ਕੋਣਮ ਦੇ ਪਾਨ ਦੇ ਪੱਤੇ ਅਤੇ ਮਦੁਰਈ ਦੀ ਚਮੇਲੀ ਸਮੇਤ 25 ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸ਼੍ਰੀ ਮੋਦੀ ਨੇ ਮੰਡੀ ਤੱਕ ਪਹੁੰਚ ਬਾਰੇ ਪੁੱਛਿਆ, ਜਿਸ 'ਤੇ ਕਿਸਾਨ ਨੇ ਜਵਾਬ ਦਿੱਤਾ ਕਿ ਇਹ ਉਤਪਾਦ ਪੂਰੇ ਭਾਰਤ ਵਿੱਚ ਉਪਲਬਧ ਹਨ ਅਤੇ ਤਾਮਿਲਨਾਡੂ ਵਿੱਚ ਹਰ ਸਮਾਗਮ ਦੌਰਾਨ ਮੁੱਖ ਤੌਰ ’ਤੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਵਾਰਾਣਸੀ ਦੇ ਲੋਕ ਵੀ ਪਾਨ ਦੇ ਪੱਤੇ ਹਾਸਲ ਕਰਦੇ ਹਨ, ਜਿਸ ’ਤੇ ਕਿਸਾਨ ਨੇ ਸਕਾਰਾਤਮਕ ਤੌਰ ’ਤੇ ਪੁਸ਼ਟੀ ਕੀਤੀ।

ਸ਼੍ਰੀ ਮੋਦੀ ਨੇ ਉਤਪਾਦਨ ਵਿੱਚ ਵਾਧੇ ਬਾਰੇ ਪੁੱਛਿਆ, ਜਿਸ 'ਤੇ ਕਿਸਾਨ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਇਸ ਸਮੇਂ 100 ਤੋਂ ਵੱਧ ਉਤਪਾਦ ਹਨ, ਜਿਨ੍ਹਾਂ ਵਿੱਚ ਸ਼ਹਿਦ ਇੱਕ ਪ੍ਰਮੁੱਖ ਵਸਤੂ ਹੈ। ਪ੍ਰਧਾਨ ਮੰਤਰੀ ਨੇ ਮੰਡੀ ਬਾਰੇ ਪੁੱਛ-ਗਿੱਛ ਕੀਤੀ ਅਤੇ ਕਿਸਾਨ ਨੇ ਪੁਸ਼ਟੀ ਕੀਤੀ ਕਿ ਮੰਗ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੇ ਸ਼ਹਿਦ ਉਤਪਾਦ ਦੁਨੀਆ ਦੀਆਂ ਮੰਡੀਆਂ ਤੱਕ ਪਹੁੰਚ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਅੱਗੇ ਦੱਸਿਆ ਗਿਆ ਕਿ ਉਨ੍ਹਾਂ ਕੋਲ ਲਗਭਗ ਇੱਕ ਹਜ਼ਾਰ ਰਵਾਇਤੀ ਚੌਲਾਂ ਦੀਆਂ ਕਿਸਮਾਂ ਹਨ, ਜਿਨ੍ਹਾਂ ਦਾ ਪੋਸ਼ਣ ਮੁੱਲ ਮੋਟੇ ਅਨਾਜਾਂ ਦੇ ਬਰਾਬਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਚੌਲਾਂ ਦੇ ਖੇਤਰ ਵਿੱਚ ਤਾਮਿਲਨਾਡੂ ਵੱਲੋਂ ਕੀਤਾ ਗਿਆ ਕੰਮ ਦੁਨੀਆ ਪੱਧਰ 'ਤੇ ਬੇਮਿਸਾਲ ਹੈ। ਕਿਸਾਨ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕਰਦੇ ਹੋਏ ਇਸ ਕਥਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਿਰਯਾਤ ਕੀਤੇ ਜਾ ਰਹੇ ਸਾਰੇ ਚੌਲ ਅਤੇ ਸਬੰਧਿਤ ਮੁੱਲ-ਵਰਧਿਤ ਉਤਪਾਦਾਂ ਨੂੰ ਆਯੋਜਨ ਦੀ ਜਗ੍ਹਾ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ।

ਸ਼੍ਰੀ ਮੋਦੀ ਨੇ ਇੱਕ ਹੋਰ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਪੁੱਛਿਆ ਕਿ ਕੀ ਨੌਜਵਾਨ ਕਿਸਾਨ ਸਿਖਲਾਈ ਲਈ ਅੱਗੇ ਆ ਰਹੇ ਹਨ। ਕਿਸਾਨ ਨੇ ਪੁਸ਼ਟੀ ਕੀਤੀ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਚਡੀ ਹੋਲਡਰਾਂ ਸਮੇਤ ਅਜਿਹੇ ਉੱਚ ਸਿੱਖਿਆ ਪ੍ਰਾਪਤ ਵਿਅਕਤੀਆਂ ਨੂੰ ਸ਼ੁਰੂਆਤ ਵਿੱਚ ਇਸ ਕੰਮ ਦੀ ਕੀਮਤ ਨੂੰ ਸਮਝਣ ਵਿੱਚ ਮੁਸ਼ਕਿਲ ਹੋ ਸਕਦੀ ਹੈ, ਪਰ ਇੱਕ ਵਾਰ ਜਦੋਂ ਉਹ ਇਸਦੇ ਲਾਭ ਵੇਖਦੇ ਹਨ, ਤਾਂ ਉਹ ਇਸਦੀ ਸ਼ਲਾਘਾ ਕਰਨ ਲਗਦੇ ਹਨ। ਕਿਸਾਨ ਨੇ ਦੱਸਿਆ ਕਿ ਪਹਿਲਾਂ ਅਜਿਹੇ ਵਿਅਕਤੀਆਂ ਨੂੰ ਸਨਕੀ ਮੰਨਿਆ ਜਾਂਦਾ ਸੀ, ਪਰ ਹੁਣ ਉਹ ਪ੍ਰਤੀ ਮਹੀਨਾ ₹2 ਲੱਖ ਕਮਾਉਂਦੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਨਾ ਵਜੋਂ ਦੇਖਿਆ ਜਾਂਦਾ ਹੈ। ਕਿਸਾਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਡਲ ਫਾਰਮ 'ਤੇ ਕੁਦਰਤੀ ਖੇਤੀ ਯੋਜਨਾ ਦੇ ਤਹਿਤ 7,000 ਕਿਸਾਨਾਂ ਅਤੇ 3,000 ਕਾਲਜ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਮੰਡੀ ਤੱਕ ਪਹੁੰਚ ਹੈ। ਕਿਸਾਨ ਨੇ ਜਵਾਬ ਦਿੱਤਾ ਕਿ ਉਹ ਸਿੱਧੇ ਦੂਜੇ ਦੇਸ਼ਾਂ ਵਿੱਚ ਮਾਰਕਿਟਿੰਗ ਅਤੇ ਨਿਰਯਾਤ ਕਰਦੇ ਹਨ ਅਤੇ ਹੇਅਰ ਆਇਲ, ਕੋਪਰਾ ਅਤੇ ਸਾਬਣ ਵਰਗੇ ਉਤਪਾਦਾਂ ਜ਼ਰੀਏ ਮੁੱਲ ਵਾਧਾ ਵੀ ਕਰਦੇ ਹਨ।
ਸ਼੍ਰੀ ਮੋਦੀ ਨੇ ਦੱਸਿਆ ਕਿ ਗੁਜਰਾਤ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ "ਕੈਟਲ ਹੋਸਟਲ" ਦੀ ਧਾਰਨਾ ਵਿਕਸਿਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਸਾਰੇ ਪਸ਼ੂਆਂ ਨੂੰ ਇੱਕ ਹੀ ਜਗ੍ਹਾ 'ਤੇ ਰੱਖਣ ਨਾਲ ਪਿੰਡ ਸਾਫ਼-ਸੁਥਰਾ ਰਹਿੰਦਾ ਹੈ ਅਤੇ ਇਸ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਲਈ ਸਿਰਫ਼ ਇੱਕ ਡਾਕਟਰ ਅਤੇ ਚਾਰ-ਪੰਜ ਸਹਾਇਕ ਕਰਮਚਾਰੀਆਂ ਦੀ ਲੋੜ ਹੁੰਦੀ ਹੈ। ਕਿਸਾਨ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਇਸ ਪ੍ਰਣਾਲੀ ਨਾਲ ਜੀਵਾਮ੍ਰਿਤ ਦਾ ਵੱਡੇ ਪੱਧਰ 'ਤੇ ਉਤਪਾਦਨ ਹੁੰਦਾ ਹੈ, ਜਿਸ ਨੂੰ ਬਾਅਦ ਵਿੱਚ ਨੇੜੇ-ਤੇੜੇ ਦੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।

ਤਾਮਿਲਨਾਡੂ ਦੇ ਰਾਜਪਾਲ ਸ਼੍ਰੀ ਆਰ.ਐੱਨ. ਰਵੀ ਅਤੇ ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਵੀ ਇਸ ਮੌਕੇ 'ਤੇ ਮੌਜੂਦ ਸਨ।
Click here to read full text speech
Here are highlights from a very insightful interaction with farmers at the South India Natural Farming Summit in Coimbatore. Their passion for agriculture, innovation and sustainability is noteworthy. pic.twitter.com/GXacGtR1c2
— Narendra Modi (@narendramodi) November 20, 2025


