ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਫ਼ਰਵਰੀ, 2026 ਨੂੰ ਸ਼ਾਮ ਤਕਰੀਬਨ 5 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈਸਵੇਅ ਇੰਡਸਟ੍ਰੀਅਲ ਡਿਵੈਲਪਮੈਂਟ ਅਥਾਰਟੀ (ਵਾਈਈਆਈਡੀਏ) ਵਿੱਚ ਐੱਚਸੀਐੱਲ-ਫੌਕਸਕੌਨ ਸਾਂਝੇ ਉੱਦਮ ਪ੍ਰੋਜੈਕਟ - ਇੰਡੀਆ ਚਿੱਪ ਪ੍ਰਾਈਵੇਟ ਲਿਮਟਿਡ ਦੇ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਇਤਿਹਾਸਕ ਮੌਕੇ 'ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਐੱਚਸੀਐੱਲ-ਫੌਕਸਕੌਨ ਸੈਮੀਕੰਡਕਟਰ ਫੈਸਿਲਿਟੀ ਦੀ ਸਥਾਪਨਾ ਭਾਰਤ ਦੀ ਤਕਨੀਕੀ ਸਵੈ-ਨਿਰਭਰਤਾ ਦੀ ਯਾਤਰਾ ਵਿੱਚ ਇੱਕ ਅਹਿਮ ਪੜਾਅ ਹੈ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਉਸ ਵਿਜ਼ਨ ਨੂੰ ਦਰਸਾਉਂਦਾ ਹੈ, ਜਿਸ ਵਿੱਚ ਭਾਰਤ ਨੂੰ ਹਾਈ-ਐਂਡ ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਲਈ ਇੱਕ ਭਰੋਸੇਮੰਦ ਗਲੋਬਲ ਡੈਸਟੀਨੇਸ਼ਨ ਵਜੋਂ ਸਥਾਪਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਯਮੁਨਾ ਐਕਸਪ੍ਰੈਸਵੇਅ ਇੰਡਸਟ੍ਰੀਅਲ ਡਿਵੈਲਪਮੈਂਟ ਅਥਾਰਟੀ (ਵਾਈਈਆਈਡੀਏ) ਵਿੱਚ ਸਥਾਪਤ ਹੋਣ ਵਾਲੀ ਇਹ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ, ਇੰਡੀਆ ਚਿੱਪ ਪ੍ਰਾਈਵੇਟ ਲਿਮਟਿਡ ਵੱਲੋਂ ਮੌਡਿਫਾਇਡ ਸਕੀਮ ਫ਼ਾਰ ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ਏਟੀਐੱਮਪੀ) ਯੋਜਨਾ ਦੇ ਤਹਿਤ ਸਥਾਪਤ ਕੀਤੀ ਜਾ ਰਹੀ ਹੈ। ₹3,700 ਕਰੋੜ ਤੋਂ ਵੱਧ ਦੇ ਕੁੱਲ ਨਿਵੇਸ਼ ਵਾਲਾ ਇਹ ਪ੍ਰੋਜੈਕਟ ਘਰੇਲੂ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਆਯਾਤ ’ਤੇ ਨਿਰਭਰਤਾ ਘੱਟ ਕਰਨ ਅਤੇ ਮਜ਼ਬੂਤ ਗਲੋਬਲ ਸਪਲਾਈ ਚੇਨ ਬਣਾਉਣ ਦੇ ਸਰਕਾਰ ਦੇ ਯਤਨਾਂ ਅਨੁਸਾਰ ਹੈ। ਇਹ ਸਹੂਲਤ ਮੋਬਾਈਲ ਫ਼ੋਨ, ਟੈਬਲੇਟ, ਲੈਪਟਾਪ, ਆਟੋਮੋਟਿਵ, ਉਪਭੋਗਤਾ ਇਲੈਕਟ੍ਰੋਨਿਕਸ ਅਤੇ ਹੋਰ ਉਪਕਰਣਾਂ ਜਿਹੇ ਮੁੱਖ ਖੇਤਰਾਂ ਨੂੰ ਸਹਿਯੋਗ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਪਹਿਲਕਦਮੀ ਜ਼ਰੀਏ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਇਨੋਵੇਸ਼ਨ, ਹੁਨਰ ਵਿਕਾਸ ਅਤੇ ਤਕਨਾਲੋਜੀ ਟ੍ਰਾਂਸਫਰ ਨੂੰ ਹੁਲਾਰਾ ਮਿਲੇਗਾ। ਇਸ ਸਹੂਲਤ ਨਾਲ ਇੰਜੀਨੀਅਰਾਂ, ਟੈਕਨੀਸ਼ੀਅਨਾਂ ਅਤੇ ਪ੍ਰੋਫੈਸ਼ਨਲ ਲਈ ਹਜ਼ਾਰਾਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਨਾਲ ਹੀ ਇਹ ਸਹਾਇਕ ਉਦਯੋਗਾਂ ਵਿੱਚ ਵਿਕਾਸ ਨੂੰ ਵੀ ਗਤੀ ਪ੍ਰਦਾਨ ਕਰੇਗੀ।
ਐੱਚਸੀਐੱਲ-ਫੌਕਸਕੌਨ ਸਾਂਝਾ ਉੱਦਮ ਗਲੋਬਲ ਸੈਮੀਕੰਡਕਟਰ ਲੈਂਡਸਕੇਪ ਵਿੱਚ ਭਾਰਤ ਦੇ ਵਧਦੇ ਕੱਦ ਨੂੰ ਉਜਾਗਰ ਕਰਦਾ ਹੈ ਅਤੇ ਇੱਕ ਮਜ਼ਬੂਤ ਅਤੇ ਸਵੈ-ਨਿਰਭਰ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਬਣਾਉਣ ਦੀ ਦਿਸ਼ਾ ਵੱਲ ਇੱਕ ਵੱਡੇ ਕਦਮ ਦੀ ਨੁਮਾਇੰਦਗੀ ਕਰਦਾ ਹੈ।


