ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਅਕਤੂਬਰ, 2025 ਨੂੰ ਸਵੇਰੇ 9:45 ਵਜੇ ਯਸ਼ੋਭੂਮੀ, ਨਵੀਂ ਦਿੱਲੀ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਟੈਲੀਕੌਮ, ਮੀਡੀਆ ਅਤੇ ਤਕਨਾਲੋਜੀ ਪ੍ਰੋਗਰਾਮ, ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2025 ਦੇ 9ਵੇਂ ਸੰਸਕਰਣ ਦਾ ਉਦਘਾਟਨ ਕਰਨਗੇ।
ਦੂਰਸੰਚਾਰ ਵਿਭਾਗ (ਡੀਓਟੀ) ਅਤੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ (ਸੀਓਏਆਈ) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਆਈਐੱਮਸੀ 2025 "ਤਬਦੀਲੀ ਲਈ ਨਵੀਨਤਾ" ਵਿਸ਼ੇ ਹੇਠ 8 ਤੋਂ 11 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ, ਜੋ ਕਿ ਡਿਜੀਟਲ ਤਬਦੀਲੀ ਅਤੇ ਸਮਾਜਿਕ ਤਰੱਕੀ ਲਈ ਨਵੀਨਤਾ ਦਾ ਲਾਭ ਲੈਣ ਲਈ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।
ਆਈਐੱਮਸੀ 2025 ਦੂਰਸੰਚਾਰ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਨਵੀਨਤਮ ਤਰੱਕੀਆਂ ਨੂੰ ਪ੍ਰਦਰਸ਼ਿਤ ਕਰੇਗਾ, ਜੋ ਕਿ ਆਲਮੀ ਨੇਤਾਵਾਂ, ਨੀਤੀ ਘਾੜਿਆਂ, ਉਦਯੋਗ ਮਾਹਰਾਂ ਅਤੇ ਨਵੀਨਤਾਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗਾ। ਇਹ ਸਮਾਗਮ ਜਿਨ੍ਹਾਂ ਮੁੱਖ ਵਿਸ਼ਿਆਂ 'ਤੇ ਕੇਂਦ੍ਰਿਤ ਹੋਵੇਗਾ, ਉਨ੍ਹਾਂ ਵਿੱਚ ਆਪਟੀਕਲ ਸੰਚਾਰ, ਦੂਰਸੰਚਾਰ ਵਿੱਚ ਸੈਮੀਕੰਡਕਟਰ, ਕੁਆਂਟਮ ਸੰਚਾਰ, 6ਜੀ ਅਤੇ ਧੋਖਾਧੜੀ ਜੋਖਮ ਸੂਚਕ ਸ਼ਾਮਲ ਹਨ, ਜੋ ਅਗਲੀ ਪੀੜ੍ਹੀ ਦੇ ਸੰਪਰਕ, ਡਿਜੀਟਲ ਪ੍ਰਭੂਸੱਤਾ, ਸਾਈਬਰ ਧੋਖਾਧੜੀ ਰੋਕਥਾਮ ਅਤੇ ਆਲਮੀ ਤਕਨਾਲੋਜੀ ਅਗਵਾਈ ਵਿੱਚ ਭਾਰਤ ਦੀਆਂ ਰਣਨੀਤਕ ਤਰਜੀਹਾਂ ਨੂੰ ਦਰਸਾਉਂਦਾ ਹੈ।
ਇਸ ਸਮਾਗਮ ਵਿੱਚ 150 ਤੋਂ ਵੱਧ ਦੇਸ਼ਾਂ, ਲਗਭਗ 7,000 ਆਲਮੀ ਪ੍ਰਤੀਨਿਧੀਆਂ ਅਤੇ 400 ਤੋਂ ਵੱਧ ਕੰਪਨੀਆਂ ਦੇ ਲਗਭਗ 1.5 ਲੱਖ ਭਾਗੀਦਾਰ ਸ਼ਾਮਲ ਹੋਣ ਦੀ ਉਮੀਦ ਹੈ। 5ਜੀ/6ਜੀ, ਏਆਈ, ਸਮਾਰਟ ਮੋਬਿਲਿਟੀ, ਸਾਈਬਰ ਸੁਰੱਖਿਆ, ਕੁਆਂਟਮ ਕੰਪਿਊਟਿੰਗ ਅਤੇ ਗ੍ਰੀਨ ਤਕਨਾਲੋਜੀ ਵਰਗੇ ਖੇਤਰਾਂ ਵਿੱਚ 1,600 ਤੋਂ ਵੱਧ ਨਵੇਂ ਵਰਤੋਂ ਸਬੰਧੀ ਕੇਸ 100 ਤੋਂ ਵੱਧ ਸੈਸ਼ਨਾਂ ਅਤੇ 800 ਤੋਂ ਵੱਧ ਬੁਲਾਰਿਆਂ ਵੱਲੋਂ ਪ੍ਰਦਰਸ਼ਿਤ ਕੀਤੇ ਜਾਣਗੇ।
ਆਈਐੱਮਸੀ 2025 ਅੰਤਰਰਾਸ਼ਟਰੀ ਸਹਿਯੋਗ ਨੂੰ ਵੀ ਉਜਾਗਰ ਕਰਦਾ ਹੈ, ਜਿਸ ਵਿੱਚ ਜਾਪਾਨ, ਕੈਨੇਡਾ, ਯੂਨਾਈਟਿਡ ਕਿੰਗਡਮ, ਰੂਸ, ਆਇਰਲੈਂਡ ਅਤੇ ਆਸਟਰੀਆ ਦੇ ਪ੍ਰਤੀਨਿਧੀ ਮੰਡਲ ਹਿੱਸਾ ਲੈਣਗੇ।


