ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਇਤਿਹਾਸਕ ਤਬਦੀਲੀ ਹੋਈ ਹੈ ਅਤੇ ਇਹ ਇੱਕ ਖ਼ਾਸ ਕਲੱਬ ਤੋਂ ਵਿਕਸਿਤ ਹੋ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਬਣ ਗਿਆ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਹਵਾਬਾਜ਼ੀ ਖੇਤਰ ਦੀ ਤਰੱਕੀ ਸਰਕਾਰ ਦੇ ਲੰਬੇ ਸਮੇਂ ਦੇ ਨਜ਼ਰੀਏ ਦਾ ਨਤੀਜਾ ਹੈ, ਜਿਸ ਨੇ ਹਰ ਨਾਗਰਿਕ ਨੂੰ ਹਵਾਈ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਹਵਾਈ ਯਾਤਰਾ ਨੂੰ ਸਮਾਵੇਸ਼ੀ ਬਣਾਇਆ ਹੈ: ਪ੍ਰਧਾਨ ਮੰਤਰੀ
ਸਰਕਾਰ ਦੇਸ਼ ਭਰ ਵਿੱਚ ਖੇਤਰੀ ਅਤੇ ਕਿਫ਼ਾਇਤੀ ਹਵਾਈ ਕਨੈਕਟੀਵਿਟੀ ਅਤੇ ਸਮੁੰਦਰੀ ਜਹਾਜ਼ ਸੰਚਾਲਨ ਕਰਨ ਲਈ ਉਡਾਨ ਯੋਜਨਾ ਦੇ ਅਗਲੇ ਪੜਾਅ 'ਤੇ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਘਰੇਲੂ ਪੱਧਰ 'ਤੇ ਫ਼ੌਜੀ ਅਤੇ ਆਵਾਜਾਈ ਜਹਾਜ਼ਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਨਾਗਰਿਕ ਜਹਾਜ਼ਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਗਲੋਬਲ ਸਾਊਥ ਅਤੇ ਦੁਨੀਆ ਦੇ ਵਿੱਚ ਇੱਕ ਪ੍ਰਮੁੱਖ ਹਵਾਬਾਜ਼ੀ ਗੇਟਵੇਅ ਵਜੋਂ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਆਯੋਜਿਤ 'ਵਿੰਗਸ ਇੰਡੀਆ 2026' ਸਮਾਗਮ ਦੇ ਦੌਰਾਨ ਮੌਜੂਦ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਆਗੂਆਂ, ਮਾਹਰਾਂ ਅਤੇ ਨਿਵੇਸ਼ਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਵਾਬਾਜ਼ੀ ਉਦਯੋਗ ਦਾ ਅਗਲਾ ਦੌਰ ਉਮੀਦਾਂ ਨਾਲ ਭਰਿਆ ਹੋਇਆ ਹੈ ਅਤੇ ਭਾਰਤ ਇੱਕ ਅਹਿਮ ਖਿਡਾਰੀ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਜਹਾਜ਼ ਨਿਰਮਾਣ, ਪਾਇਲਟ ਸਿਖਲਾਈ, ਉੱਨਤ ਹਵਾਈ ਗਤੀਸ਼ੀਲਤਾ (ਅਡਵਾਂਸਡ ਏਅਰ ਮੋਬਿਲਿਟੀ) ਅਤੇ ਜਹਾਜ਼ ਲੀਜ਼ਿੰਗ ਦੇ ਖੇਤਰ ਵਿੱਚ ਭਾਰਤ ਵਿੱਚ ਮੌਜੂਦਾ ਵਿਆਪਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਸਾਰੇ ਹਿਤਧਾਰਕਾਂ ਲਈ ਵਿੰਗਸ ਇੰਡੀਆ ਸੰਮੇਲਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਇਤਿਹਾਸਕ ਤਬਦੀਲੀ ਹੋਈ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਕਦੇ ਹਵਾਈ ਯਾਤਰਾ ਸਿਰਫ਼ ਇੱਕ ਸੀਮਤ ਵਰਗ ਤੱਕ ਸੀਮਤ ਸੀ, ਪਰ ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਆਵਾਜਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਭਾਰਤੀ ਏਅਰਲਾਈਨਾਂ ਆਪਣੇ ਬੇੜਿਆਂ ਦਾ ਵਿਸਤਾਰ ਕਰ ਰਹੀਆਂ ਹਨ, ਹਾਲ ਹੀ ਦੇ ਸਾਲਾਂ ਵਿੱਚ 1,500 ਤੋਂ ਵੱਧ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਾਧਾ ਸਰਕਾਰ ਦੀ ਲੰਬੇ ਸਮੇਂ ਦੀ ਸੋਚ ਦੇ ਕਾਰਨ ਸੰਭਵ ਹੋ ਪਾਈ ਹੈ, ਜਿਸ ਵਿੱਚ ਹਵਾਈ ਯਾਤਰਾ ਨੂੰ ਖ਼ਾਸ ਨਹੀਂ ਸਗੋਂ ਸਮਾਵੇਸ਼ੀ ਬਣਾਇਆ ਗਿਆ ਅਤੇ ਹਰ ਨਾਗਰਿਕ ਨੂੰ ਆਸਾਨੀ ਨਾਲ ਹਵਾਈ ਯਾਤਰਾ ਕਰਨ ਦੇ ਯੋਗ ਬਣਾਉਣ ਦਾ ਮਿਸ਼ਨ ਅਪਣਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਨੂੰ ਹਵਾਈ ਅੱਡਿਆਂ ਨਾਲ ਜੋੜਿਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਲ 2014 ਵਿੱਚ ਦੇਸ਼ ਵਿੱਚ 70 ਹਵਾਈ ਅੱਡੇ ਸਨ, ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ ਵਧ ਕੇ 160 ਤੋਂ ਵੱਧ ਹੋ ਗਈ ਹੈ, ਮਤਲਬ ਇੱਕ ਦਹਾਕੇ ਵਿੱਚ ਭਾਰਤ ਨੇ ਦੁੱਗਣੇ ਤੋਂ ਵੀ ਵੱਧ ਹਵਾਈ ਅੱਡਿਆਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 100 ਤੋਂ ਵੱਧ ਹਵਾਈ ਪੱਟੀਆਂ (ਏਅਰੋਡ੍ਰੋਮ) ਨੂੰ ਸਰਗਰਮ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਿਫ਼ਾਇਤੀ ਹਵਾਈ ਕਿਰਾਏ ਉਪਲਬਧ ਕਰਾਉਣ ਲਈ ਉਡਾਨ ਯੋਜਨਾ ਸ਼ੁਰੂ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਡਾਨ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ ਡੇਢ ਕਰੋੜ ਯਾਤਰੀਆਂ ਨੇ ਯਾਤਰਾ ਕੀਤੀ ਹੈ, ਜਿਨ੍ਹਾਂ ਵਿੱਚੋਂ ਕਈ ਮਾਰਗ ਪਹਿਲਾਂ ਹੋਂਦ ਵਿੱਚ ਹੀ ਨਹੀਂ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ, ਹਵਾਈ ਸੰਪਰਕ ਦਾ ਵਿਸਤਾਰ ਕਈ ਗੁਣਾ ਵਧਣਾ ਤੈਅ ਹੈ। ਉਨ੍ਹਾਂ ਨੇ ਦੱਸਿਆ ਕਿ 2047 ਤੱਕ ਭਾਰਤ ਵਿੱਚ 400 ਤੋਂ ਵੱਧ ਹਵਾਈ ਅੱਡੇ ਹੋਣ ਦੀ ਉਮੀਦ ਹੈ, ਜਿਸ ਨਾਲ ਇੱਕ ਵੱਡਾ ਹਵਾਈ ਨੈੱਟਵਰਕ ਤਿਆਰ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਉਡਾਨ ਯੋਜਨਾ ਦੇ ਅਗਲੇ ਪੜਾਅ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਖੇਤਰੀ ਅਤੇ ਕਿਫ਼ਾਇਤੀ ਹਵਾਈ ਸੰਪਰਕ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਸੰਪਰਕ ਵਧਾਉਣ ਦੇ ਮੰਤਵ ਨਾਲ ਸਮੁੰਦਰੀ ਜਹਾਜ਼ਾਂ ਦੇ ਸੰਚਾਲਨ ਦੇ ਵਿਸਤਾਰ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ।

ਸੈਰ-ਸਪਾਟਾ ਖੇਤਰ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਦੇ ਸੈਰ-ਸਪਾਟਾ ਸਥਾਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਲਈ ਹਵਾਈ ਯਾਤਰਾ ਪਸੰਦੀਦਾ ਵਿਕਲਪ ਬਣਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਹਵਾਈ ਯਾਤਰਾ ਦੀ ਮੰਗ ਵਿੱਚ ਬੇਮਿਸਾਲ ਵਾਧਾ ਹੋਵੇਗਾ, ਜਿਸ ਨਾਲ ਨਿਵੇਸ਼ ਦੇ ਹੋਰ ਵਧੇਰੇ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਇੱਕ ਪ੍ਰਮੁੱਖ ਗਲੋਬਲ ਹਵਾਬਾਜ਼ੀ ਕੇਂਦਰ ਵਜੋਂ ਉੱਭਰ ਰਿਹਾ ਹੈ, ਹਵਾਬਾਜ਼ੀ ਸਬੰਧੀ ਜ਼ਰੂਰਤਾਂ ਲਈ ਦੂਜਿਆਂ 'ਤੇ ਨਿਰਭਰਤਾ ਘੱਟ ਕਰਨਾ ਅਤੇ ਸਵੈ-ਨਿਰਭਰਤਾ ਦੀ ਰਾਹ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਜਿਸ ਨਾਲ ਭਾਰਤ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਫ਼ਾਇਦਾ ਪਹੁੰਚੇਗਾ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਜਹਾਜ਼ਾਂ ਦੇ ਡਿਜ਼ਾਈਨ, ਨਿਰਮਾਣ ਅਤੇ ਜਹਾਜ਼ਾਂ ਦੇ ਐੱਮਆਰਓ (ਰੱਖ-ਰਖਾਅ, ਮੁਰੰਮਤ ਅਤੇ ਓਵਰਹੌਲ) ਈਕੋਸਿਸਟਮ ਵੱਲ ਖ਼ਾਸ ਧਿਆਨ ਦੇ ਰਿਹਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਪਹਿਲਾਂ ਤੋਂ ਹੀ ਜਹਾਜ਼ਾਂ ਦੇ ਪੁਰਜਿਆਂ ਦਾ ਇੱਕ ਪ੍ਰਮੁੱਖ ਨਿਰਮਾਤਾ ਅਤੇ ਸਪਲਾਇਰ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੇ ਘਰੇਲੂ ਪੱਧਰ 'ਤੇ ਫ਼ੌਜੀ ਅਤੇ ਆਵਾਜਾਈ ਜਹਾਜ਼ਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਨਾਗਰਿਕ ਜਹਾਜ਼ਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਫ਼ਾਇਦਿਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਗਲੋਬਲ ਹਵਾਈ ਕੋਰੀਡੋਰਾਂ ਵਿੱਚ ਇਸ ਦੀ ਭੂਗੋਲਿਕ ਸਥਿਤੀ, ਬੇਜੋੜ ਘਰੇਲੂ ਫੀਡਰ ਨੈੱਟਵਰਕ ਅਤੇ ਭਵਿੱਖ ਵਿੱਚ ਲੰਬੀ ਦੂਰੀ ਦੇ ਜਹਾਜ਼ਾਂ ਦਾ ਵਿਸਤਾਰ ਸ਼ਾਮਲ ਹੈ, ਜੋ ਮਿਲ ਕੇ ਭਾਰਤ ਨੂੰ ਇੱਕ ਵੱਡੀ ਤਾਕਤ ਬਣਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿੱਚ ਡਿਜ਼ਾਈਨ ਅਤੇ ਬਣਾਏ ਗਏ ਇਲੈਕਟ੍ਰਿਕ ਵਰਟੀਕਲ ਟੇਕ-ਆਫ਼ ਅਤੇ ਲੈਂਡਿੰਗ (ਈਵੀਟੀਓਐੱਲ) ਜਹਾਜ਼ ਹਵਾਬਾਜ਼ੀ ਖੇਤਰ ਨੂੰ ਇੱਕ ਨਵੀਂ ਦਿਸ਼ਾ ਦੇਣਗੇ, ਜਿਸ ਨਾਲ ਯਾਤਰਾ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ 'ਟਿਕਾਊ ਹਵਾਬਾਜ਼ੀ ਬਾਲਣ' 'ਤੇ ਵਿਆਪਕ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਹਰੇ ਹਵਾਬਾਜ਼ੀ ਬਾਲਣ ਦਾ ਇੱਕ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਬਣਨ ਦੇ ਵੱਲ ਅੱਗੇ ਵਧ ਰਿਹਾ ਹੈ।

ਹਵਾਬਾਜ਼ੀ ਖੇਤਰ ਵਿੱਚ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਭਾਰਤ ਗਲੋਬਲ ਸਾਊਥ ਅਤੇ ਦੁਨੀਆ ਦੇ ਵਿੱਚ ਇੱਕ ਪ੍ਰਮੁੱਖ ਹਵਾਬਾਜ਼ੀ ਗੇਟਵੇਅ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਹ ਹਵਾਬਾਜ਼ੀ ਉਦਯੋਗ ਨਾਲ ਜੁੜੇ ਨਿਵੇਸ਼ਕਾਂ ਅਤੇ ਨਿਰਮਾਤਾਵਾਂ ਲਈ ਅਹਿਮ ਮੌਕੇ ਪ੍ਰਦਾਨ ਕਰਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵੱਖ-ਵੱਖ ਖੇਤਰਾਂ ਅਤੇ ਬਜ਼ਾਰਾਂ ਨੂੰ ਆਪਸ ਵਿੱਚ ਜੋੜ ਰਿਹਾ ਹੈ, ਜਿੱਥੇ ਸ਼ਹਿਰਾਂ ਨੂੰ ਆਵਾਜਾਈ ਦੇ ਕਈ ਢੰਗਾਂ ਜ਼ਰੀਏ ਬੰਦਰਗਾਹਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਦੇ ਹਵਾਬਾਜ਼ੀ ਨਜ਼ਰੀਏ ਵਿੱਚ ਏਅਰ ਕਾਰਗੋ ਨੂੰ ਵੀ ਬਰਾਬਰ ਤੌਰ ’ਤੇ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਕਾਰਗੋ ਆਵਾਜਾਈ ਨੂੰ ਤੇਜ਼ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਾਰੇ ਜ਼ਰੂਰੀ ਰੈਗੂਲੇਟਰੀ ਸੁਧਾਰਾਂ 'ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਕਾਰਗੋ ਪਲੇਟਫ਼ਾਰਮ ਪੂਰੀ ਪ੍ਰਕਿਰਿਆ ਨੂੰ ਸਰਲ ਅਤੇ ਵਧੇਰੇ ਪਾਰਦਰਸ਼ੀ ਬਣਾ ਰਹੇ ਹਨ, ਜਦੋਂ ਕਿ ਆਫ਼ ਏਅਰਪੋਰਟ ਪ੍ਰੋਸੈਸਿੰਗ ਪ੍ਰਣਾਲੀਆਂ ਹਵਾਈ ਅੱਡਿਆਂ 'ਤੇ ਦਬਾਅ ਘੱਟ ਕਰ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਰਗੋ ਹੈਂਡਲਿੰਗ ਨੂੰ ਬਿਹਤਰ ਅਤੇ ਤੇਜ਼ ਬਣਾਉਣ ਲਈ ਆਧੁਨਿਕ ਗੋਦਾਮ ਵਿਕਸਿਤ ਕੀਤੇ ਜਾ ਰਹੇ ਹਨ, ਜਿਸ ਨਾਲ ਭਵਿੱਖ ਵਿੱਚ ਡਿਲੀਵਰੀ ਸਮੇਂ ਅਤੇ ਲੌਜਿਸਟਿਕਸ ਲਾਗਤ, ਦੋਵਾਂ ਵਿੱਚ ਕਮੀ ਆਵੇਗੀ। ਇਸ ਉਜਾਗਰ ਕਰਦੇ ਹੋਏ ਕਿ ਭਾਰਤ ਇੱਕ ਪ੍ਰਮੁੱਖ ਅਤੇ ਪ੍ਰਤਿਯੋਗੀ ਟ੍ਰਾਂਸ-ਸ਼ਿਪਮੈਂਟ ਹੱਬ ਵਜੋਂ ਉੱਭਰਨ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਨਿਵੇਸ਼ਕਾਂ ਨੂੰ ਵੇਅਰਹਾਊਸਿੰਗ, ਫਰੇਟ ਫਾਰਵਰਡਿੰਗ, ਐਕਸਪ੍ਰੈੱਸ ਲੌਜਿਸਟਿਕਸ ਅਤੇ ਈ-ਕਾਮਰਸ ਵਿੱਚ ਮੌਕਿਆਂ ਦੀ ਭਾਲ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਸਿਰਫ਼ ਕੁਝ ਹੀ ਦੇਸ਼ ਅਜਿਹੇ ਹਨ, ਜਿਨ੍ਹਾਂ ਕੋਲ ਹਵਾਬਾਜ਼ੀ ਉਦਯੋਗ ਲਈ ਭਾਰਤ ਜਿਹੀ ਵੱਡੀ ਸਮਰੱਥਾ, ਨੀਤੀਗਤ ਸਥਿਰਤਾ ਅਤੇ ਤਕਨੀਕੀ ਇੱਛਾ ਹੈ। ਉਨ੍ਹਾਂ ਨੇ ਹਰ ਦੇਸ਼, ਹਰ ਉਦਯੋਗ ਆਗੂ ਅਤੇ ਹਰ ਇਨੋਵੇਟਰ ਨੂੰ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਚੁੱਕਣ ਦੀ ਤਾਕੀਦ ਕੀਤੀ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਲੰਬੇ ਸਮੇਂ ਦੇ ਭਾਈਵਾਲ ਬਣਨ ਅਤੇ ਵਿਸ਼ਵ-ਵਿਆਪੀ ਹਵਾਬਾਜ਼ੀ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਾਰਤ ਦੀ ਉਡਾਣ ਵਿੱਚ ਕੋ-ਪਾਇਲਟ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਵਿੰਗਸ ਇੰਡੀਆ ਦੇ ਸਫ਼ਲ ਆਯੋਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
IIT Madras incubates 112 startups, files 431 patents in FY26 milestone year

Media Coverage

IIT Madras incubates 112 startups, files 431 patents in FY26 milestone year
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 28 ਅਪ੍ਰੈਲ 2026
April 28, 2026

From Orchids to Expressways: PM Modi’s Blueprint for a Self-Reliant, Connected & Proud India