ਅੱਜ, ਮੈਂ ਹਾਸ਼ਮਾਈਟ ਕਿੰਗਡਮ ਆਫ਼ ਜਾਰਡਨ, ਫ਼ੈਡਰਲ ਡੈਮੋਕ੍ਰੈਟਿਕ ਰਿਪਬਲਿਕ ਆਫ਼ ਇਥੋਪੀਆ ਅਤੇ ਸਲਤਨਤ ਆਫ਼ ਓਮਾਨ ਦੇ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਜਾ ਰਿਹਾ ਹਾਂ, ਜਿਨ੍ਹਾਂ ਨਾਲ ਭਾਰਤ ਸਦੀਆਂ ਪੁਰਾਣੇ ਸਭਿਆਚਾਰਕ ਸਬੰਧਾਂ ਦੇ ਨਾਲ-ਨਾਲ ਵਿਆਪਕ ਸਮਕਾਲੀ ਦੁਵੱਲੇ ਸਬੰਧਾਂ ਨੂੰ ਸਾਂਝਾ ਕਰਦਾ ਆ ਰਿਹਾ ਹੈ।
ਪਹਿਲਾਂ, ਮੈਂ ਮਹਾਮਹਿਮ ਕਿੰਗ ਅਬਦੁੱਲਾ II ਇਬਨ ਅਲ ਹੁਸੈਨ ਦੇ ਸੱਦੇ 'ਤੇ ਜਾਰਡਨ ਦਾ ਦੌਰਾ ਕਰਾਂਗਾ। ਇਹ ਇਤਿਹਾਸਕ ਦੌਰਾ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75 ਸਾਲਾਂ ਨੂੰ ਦਰਸਾਉਂਦਾ ਹੈ। ਆਪਣੀ ਫੇਰੀ ਦੌਰਾਨ, ਮੈਂ ਮਹਾਮਹਿਮ ਕਿੰਗ ਅਬਦੁੱਲਾ II ਇਬਨ ਅਲ ਹੁਸੈਨ, ਜਾਰਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਜਾਫਰ ਹਸਨ ਨਾਲ ਵਿਸਥਾਰਤ ਚਰਚਾ ਕਰਾਂਗਾ ਅਤੇ ਮਹਾਮਹਿਮ ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ II ਨਾਲ ਵੀ ਮੁਲਾਕਾਤ ਦੀ ਉਮੀਦ ਹੈ। ਅੱਮਾਨ ਵਿੱਚ, ਮੈਂ ਉਨ੍ਹਾਂ ਜੀਵੰਤ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲਾਂਗਾ, ਜਿਨ੍ਹਾਂ ਨੇ ਭਾਰਤ-ਜਾਰਡਨ ਸਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਅੱਮਾਨ ਤੋਂ, ਇਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਅਲੀ ਦੇ ਸੱਦੇ 'ਤੇ ਮੈਂ ਇਥੋਪੀਆ ਦੇ ਸੰਘੀ ਲੋਕਤੰਤਰੀ ਗਣਰਾਜ ਦਾ ਆਪਣਾ ਪਹਿਲਾ ਦੌਰਾ ਕਰਾਂਗਾ। ਅਦੀਸ ਅਬਾਬਾ ਅਫਰੀਕੀ ਯੂਨੀਅਨ ਦਾ ਮੁੱਖ ਦਫ਼ਤਰ ਵੀ ਹੈ। 2023 ਵਿੱਚ, ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ, ਅਫ਼ਰੀਕੀ ਯੂਨੀਅਨ ਨੂੰ ਜੀ20 ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਅਦੀਸ ਅਬਾਬਾ ਵਿੱਚ, ਮੈਂ ਮਹਾਮਹਿਮ ਡਾ. ਅਬੀ ਅਹਿਮਦ ਅਲੀ ਨਾਲ ਵਿਸਥਾਰਤ ਚਰਚਾ ਕਰਾਂਗਾ ਅਤੇ ਉੱਥੇ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਮਿਲਾਂਗਾ। ਮੈਨੂੰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਦਾ ਸਨਮਾਨ ਵੀ ਮਿਲੇਗਾ, ਜਿੱਥੇ ਮੈਂ "ਲੋਕਤੰਤਰ ਦੀ ਜਣਨੀ" ਵਜੋਂ ਭਾਰਤ ਦੀ ਯਾਤਰਾ ਅਤੇ ਭਾਰਤ-ਇਥੋਪੀਆ ਸਾਂਝੇਦਾਰੀ ਗਲੋਬਲ ਸਾਊਥ ਵਿੱਚ ਲਿਆਉਣ ਵਾਲੀਆਂ ਕਦਰਾਂ-ਕੀਮਤਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਤਸੁਕ ਹਾਂ।
ਆਪਣੀ ਯਾਤਰਾ ਦੇ ਆਖਰੀ ਪੜਾਅ ਵਿੱਚ ਮੈਂ ਓਮਾਨ ਦੀ ਸਲਤਨਤ ਦਾ ਦੌਰਾ ਕਰਾਂਗਾ। ਮੇਰੀ ਯਾਤਰਾ ਭਾਰਤ ਅਤੇ ਓਮਾਨ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 70 ਸਾਲਾਂ ਨੂੰ ਦਰਸਾਉਂਦੀ ਹੈ। ਮਸਕਟ ਵਿੱਚ, ਮੈਂ ਓਮਾਨ ਦੇ ਮਹਾਮਹਿਮ ਸੁਲਤਾਨ ਨਾਲ ਆਪਣੀ ਗੱਲਬਾਤ ਦੀ ਉਡੀਕ ਕਰ ਰਿਹਾ ਹਾਂ ਅਤੇ ਸਾਡੀ ਰਣਨੀਤਕ ਭਾਈਵਾਲੀ ਦੇ ਨਾਲ-ਨਾਲ ਸਾਡੇ ਮਜ਼ਬੂਤ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ। ਮੈਂ ਓਮਾਨ ਵਿੱਚ ਪ੍ਰਵਾਸੀ ਭਾਰਤੀਆਂ ਦੇ ਇੱਕ ਇਕੱਠ ਨੂੰ ਵੀ ਸੰਬੋਧਨ ਕਰਾਂਗਾ, ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਅਤੇ ਸਾਡੀ ਭਾਈਵਾਲੀ ਨੂੰ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।


