ਮਾਣਯੋਗ, ਰਾਸ਼ਟਰਪਤੀ ਪ੍ਰਬੋਵੋ,

ਦੋਵਾਂ ਦੇਸ਼ਾਂ ਦੇ ਵਫ਼ਦ,

ਮੀਡੀਆ ਦੇ ਸਾਥੀਓ,

ਨਮਸਕਾਰ!

ਸਲਾਮਤ ਸਿਆਂਗ!

ਸਭ ਤੋਂ ਪਹਿਲਾਂ, ਮੈਂ ਇਸ ਨਿੱਘੇ ਸਵਾਗਤ ਲਈ ਆਪਣੇ ਮਿੱਤਰ ਰਾਸ਼ਟਰਪਤੀ ਪ੍ਰਬੋਵੋ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਪਿਛਲੇ ਸਾਲ ਭਾਰਤ ਦੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਵਜੋਂ ਸਾਨੂੰ ਉਨ੍ਹਾਂ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ ਸੀ। ਅਤੇ ਅੱਜ, ਉਨ੍ਹਾਂ ਦੇ ਪਿਆਰ ਭਰੇ ਸੱਦੇ ’ਤੇ ਇੰਡੋਨੇਸ਼ੀਆ ਦਾ ਦੌਰਾ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਅੱਜ ਸਵੇਰੇ ਮੈਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਇੰਡੋਨੇਸ਼ੀਆ ਦਾ ਸਰਬ-ਉੱਚ ਸਨਮਾਨ ਦਿੱਤਾ ਗਿਆ ਹੈ। ਇਹ ਸਨਮਾਨ ਕਰੋੜਾਂ ਭਾਰਤਵਾਸੀਆਂ ਦਾ ਹੈ, ਇੰਡੋਨੇਸ਼ੀਆ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਹੈ, ਭਾਰਤ ਅਤੇ ਇੰਡੋਨੇਸ਼ੀਆ ਦੇ ਇਤਿਹਾਸਕ ਅਤੇ ਦਿਲੀ ਰਿਸ਼ਤਿਆਂ ਦਾ ਹੈ। ਮੈਂ ਰਾਸ਼ਟਰਪਤੀ ਪ੍ਰਬੋਵੋ ਜੀ, ਇੰਡੋਨੇਸ਼ੀਆ ਦੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਸਾਥੀਓ,

ਬੀਤੇ ਸਾਲਾਂ ਵਿੱਚ ਭਾਰਤ ਅਤੇ ਇੰਡੋਨੇਸ਼ੀਆ ਦੇ ਸਬੰਧਾਂ ਵਿੱਚ ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ ਨਵੀਂ ਡੂੰਘਾਈ ਆਈ ਹੈ।

2018 ਵਿੱਚ ਬਣੀ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਅੱਜ ਨਵੀਂ ਉਡਾਣ ਭਰ ਰਹੀ ਹੈ। ਅਸੀਂ ਵਿਕਾਸ, ਸੁਰੱਖਿਆ, ਤਕਨਾਲੋਜੀ, ਸੱਭਿਆਚਾਰ ਅਤੇ ਸਿੱਖਿਆ, ਹਰ ਖੇਤਰ ਵਿੱਚ ਅਹਿਮ ਕਦਮ ਵਧਾ ਰਹੇ ਹਾਂ।

ਮੈਨੂੰ ਵਿਸ਼ਵਾਸ ਹੈ ਕਿ ਅੱਜ ਤੋਂ ਭਾਰਤ-ਇੰਡੋਨੇਸ਼ੀਆ ਭਾਈਵਾਲੀ ਦਾ ਇੱਕ ਸੁਨਹਿਰੀ ਅਧਿਆਇ ਸ਼ੁਰੂ ਹੋਵੇਗਾ। ਅਤੇ ਇਸ ਸੁਨਹਿਰੀ ਅਧਿਆਇ ਦਾ 21ਵੀਂ ਸਦੀ ਦੀ ਦੁਨੀਆ ਅਤੇ ਪੂਰੀ ਮਨੁੱਖਤਾ ’ਤੇ ਬਹੁਤ ਵੱਡਾ ਸਕਾਰਾਤਮਕ ਅਸਰ ਪਵੇਗਾ।

 

ਸਾਥੀਓ,

ਸਾਡੇ ਦੇਸ਼ਾਂ ਵਿਚਾਲੇ ਵੱਧ ਰਿਹਾ ਵਿਸ਼ਵਾਸ ਸਾਡੀ ਰੱਖਿਆ, ਸੁਰੱਖਿਆ ਅਤੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰ ਰਿਹਾ ਹੈ। ਅੱਜ ਅਸੀਂ ਰੱਖਿਆ ਵਟਾਂਦਰੇ, ਆਫ਼ਤ ਪ੍ਰਬੰਧਨ ਅਤੇ ਉਦਯੋਗਿਕ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ ਹੈ।

ਹੁਣ ਸਾਡੇ ਦੋਵਾਂ ਦੇਸ਼ਾਂ ਦੇ ਤੱਟ ਰੱਖਿਅਕ (ਕੋਸਟ ਗਾਰਡਜ਼) ਹਿੰਦ ਮਹਾਸਾਗਰ ਵਿੱਚ ਸਮੁੰਦਰੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਗੇ। ਦੋ ਕਰੀਬੀ ਸਮੁੰਦਰੀ ਦੇਸ਼ ਹੋਣ ਦੇ ਨਾਤੇ, ਅਸੀਂ ਬਲੂ ਇਕੌਨਮੀ, ਬੰਦਰਗਾਹਾਂ ਦੇ ਵਿਕਾਸ ਅਤੇ ਸਮੁੰਦਰੀ ਵਪਾਰ ਵਿੱਚ ਆਪਸੀ ਸਹਿਯੋਗ ਵਧਾਉਣ ਦਾ ਵੀ ਫ਼ੈਸਲਾ ਕੀਤਾ ਹੈ।

ਸਾਥੀਓ,

ਭਾਰਤ ਅਤੇ ਇੰਡੋਨੇਸ਼ੀਆ ਲਈ ਗਰੀਬੀ ਨੂੰ ਹਰਾਉਣਾ ਅਤੇ ਆਪਣੇ ਨਾਗਰਿਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਇੰਡੋਨੇਸ਼ੀਆ ਨਾਲ ਆਪਣੀ ਮਿੱਡ-ਡੇਅ ਮੀਲ ਸਕੀਮ ਅਤੇ ਜਨਤਕ ਵੰਡ ਪ੍ਰਣਾਲੀ ਦੇ ਹੱਲ ਸਾਂਝੇ ਕੀਤੇ ਹਨ। ਹੁਣ ਅਸੀਂ ਇਸ ਸਹਿਯੋਗ ਨੂੰ ਅਗਲੇ ਪੱਧਰ ’ਤੇ ਲੈ ਕੇ ਜਾ ਰਹੇ ਹਾਂ।

ਸਾਡਾ ਸਿਹਤ ਸਹਿਯੋਗ, ਦੋਵਾਂ ਦੇਸ਼ਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ। ਅੱਜ ਹੋਏ ਸਮਝੌਤੇ ਨਾਲ ਭਾਰਤ ਦੀਆਂ ਉੱਚ-ਮਿਆਰੀ ਅਤੇ ਸਸਤੀਆਂ ਦਵਾਈਆਂ ਇੰਡੋਨੇਸ਼ੀਆ ਦੇ ਨਾਗਰਿਕਾਂ ਨੂੰ ਹੋਰ ਵੀ ਆਸਾਨੀ ਨਾਲ ਮਿਲ ਸਕਣਗੀਆਂ।

ਅਸੀਂ ਇੰਡੋਨੇਸ਼ੀਆ ਦੇ ਡਾਕਟਰਾਂ ਅਤੇ ਸਿਹਤ ਕਾਮਿਆਂ ਦੀ ਸਮਰੱਥਾ ਨਿਰਮਾਣ ਵਿੱਚ ਵੀ ਯੋਗਦਾਨ ਪਾਵਾਂਗੇ। ਭਾਰਤ ਵਿੱਚ ਤਿਆਰ ਕੀਤੇ ਗਏ ਕਣਕ ਦੇ ਬੀਜਾਂ ਦੀ ਸਪਲਾਈ ਨਾਲ, ਇੰਡੋਨੇਸ਼ੀਆ ਦੀ ਖੁਰਾਕ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ। ਅਸੀਂ ਇੱਕ-ਦੂਜੇ ਨਾਲ ਟਿਕਾਊ ਖੇਤੀ ਅਤੇ ਐਗਰੋ-ਤਕਨਾਲੋਜੀ ਦੇ ਬਿਹਤਰੀਨ ਤਰੀਕੇ ਵੀ ਸਾਂਝੇ ਕਰਾਂਗੇ।

ਸਾਥੀਓ,

21ਵੀਂ ਸਦੀ ਤਕਨਾਲੋਜੀ ’ਤੇ ਆਧਾਰਿਤ ਸਦੀ ਹੈ। ਭਾਰਤ ਅਤੇ ਇੰਡੋਨੇਸ਼ੀਆ, ਦੋਵੇਂ ਹੀ ਨੌਜਵਾਨ ਊਰਜਾ ਨਾਲ ਭਰੇ ਹੋਏ ਦੇਸ਼ ਹਨ। ਸਾਡੇ ਨੌਜਵਾਨਾਂ ਵਿੱਚ ਤਕਨਾਲੋਜੀ ਪ੍ਰਤੀ ਕੁਦਰਤੀ ਝੁਕਾਅ ਹੈ।

ਅਸੀਂ ਆਪਣੇ ਨੌਜਵਾਨਾਂ ਵਿਚਕਾਰ ਏਆਈ, ਟੈਲੀਕੌਮ ਅਤੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਵਰਗੇ ਖੇਤਰਾਂ ਵਿੱਚ ਤਕਨਾਲੋਜੀ ਸਹਿਯੋਗ ਵਧਾਉਣ ਲਈ ਅੱਜ ਇੱਕ ਅਹਿਮ ਸਮਝੌਤਾ ਕੀਤਾ ਹੈ। ਅਸੀਂ ਦੋਵਾਂ ਦੇਸ਼ਾਂ ਵਿਚਕਾਰ ਸਟਾਰਟਅੱਪ ਸਹਿਯੋਗ ਨੂੰ ਹੋਰ ਡੂੰਘਾ ਕਰਨ ’ਤੇ ਵੀ ਸਹਿਮਤ ਹੋਏ ਹਾਂ।

ਅਸੀਂ ਇੰਡੋਨੇਸ਼ੀਆ ਵਿੱਚ ਭਾਰਤ ਦੇ ਵੱਕਾਰੀ ਮੈਨੇਜਮੈਂਟ ਇੰਸਟੀਚਿਊਟ, ਆਈਆਈਐੱਮ ਬੈਂਗਲੁਰੂ ਦਾ ਕੈਂਪਸ ਖੋਲ੍ਹਣ ਜਾ ਰਹੇ ਹਾਂ। ਇਸ ਨਾਲ ਪੂਰੇ ਆਸੀਆਨ ਖੇਤਰ ਦੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਵੇਗਾ।

ਪੁਲਾੜ ਖੇਤਰ ਵਿੱਚ ਵੀ ਸਾਡੇ ਵਿਚਕਾਰ ਦਹਾਕਿਆਂ ਪੁਰਾਣਾ ਭਰੋਸੇਮੰਦ ਸਹਿਯੋਗ ਰਿਹਾ ਹੈ। ਇਸ ਨੂੰ ਅੱਗੇ ਵਧਾਉਂਦਿਆਂ ਅੱਜ ਪੁਲਾੜ ਖੇਤਰ ਵਿੱਚ ਸਾਂਝੀ ਖੋਜ, ਤਕਨਾਲੋਜੀ ਸਾਂਝੀ ਕਰਨ ਅਤੇ ਸਮਰੱਥਾ ਨਿਰਮਾਣ ਨਾਲ ਜੁੜੇ ਅਹਿਮ ਫੈਸਲੇ ਲਏ ਗਏ ਹਨ।

 

ਸਾਥੀਓ,

ਅੱਜ ਦੇ ਯੁੱਗ ਵਿੱਚ, ਤਕਨਾਲੋਜੀ ਦੀ “ਸਪਲਾਈ ਚੇਨ ਰੈਜ਼ੀਲੀਅੰਸ” (ਸਪਲਾਈ ਲੜੀ ਦੀ ਮਜ਼ਬੂਤੀ) ਬਹੁਤ ਮਾਅਨੇ ਰੱਖਦੀ ਹੈ। ਅਹਿਮ ਖਣਿਜਾਂ ਅਤੇ ਸਟੀਲ ਦੇ ਖੇਤਰ ਵਿੱਚ ਸਪਲਾਈ ਲੜੀ ਨੂੰ ਹੋਰ ਮਜ਼ਬੂਤੀ ਦੇਣ ਲਈ ਵੀ ਅਹਿਮ ਸਮਝੌਤਾ ਹੋਇਆ ਹੈ। ਸਾਡੀਆਂ ਕੰਪਨੀਆਂ ਵਿਚਕਾਰ ਸਟੇਨਲੈੱਸ ਸਟੀਲ ਅਤੇ ਰੇਅਰ ਅਰਥ ਮੈਗਨੇਟ ਨੂੰ ਲੈ ਕੇ ਭਾਈਵਾਲੀ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ।

ਸਾਥੀਓ,

ਲੋਕਾਂ ਦਾ ਲੋਕਾਂ ਨਾਲ ਸੰਪਰਕ ਸਾਡੇ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਹੈ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਭਾਰਤ ਦੀ ਯੂਪੀਆਈ ਇੰਡੋਨੇਸ਼ੀਆ ਦੇ ਪੇਮੈਂਟ ਸਿਸਟਮ ਨਾਲ ਜੁੜਨ ਜਾ ਰਹੀ ਹੈ। ਇਸ ਨਾਲ ਕਾਰੋਬਾਰ ਕਰਨ ਦੀ ਸੌਖ ਅਤੇ ਸਫ਼ਰ ਕਰਨ ਦੀ ਸੌਖ, ਦੋਵਾਂ ਨੂੰ ਹੀ ਬਲ ਮਿਲੇਗਾ।

ਸਾਥੀਓ,

ਕੱਲ੍ਹ, ਰਾਸ਼ਟਰਪਤੀ ਪ੍ਰਬੋਵੋ ਨਾਲ ਮੈਨੂੰ ਯੋਗਯਾਕਾਰਤਾ ਵਿੱਚ ਪ੍ਰੰਬਾਨਨ ਮੰਦਰ ਦੇ ਸੰਭਾਲ ਪ੍ਰੋਜੈਕਟ ਲਾਂਚ ਕਰਨ ਦਾ ਸੁਭਾਗ ਮਿਲੇਗਾ। ਇੱਕ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣਾ ਪ੍ਰੰਬਾਨਨ ਮੰਦਰ ਭਾਰਤ ਅਤੇ ਇੰਡੋਨੇਸ਼ੀਆ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ।

ਅਸੀਂ ਦੋਵੇਂ ਦੇਸ਼ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਇਤਿਹਾਸਕ ਇੰਡੋਨੇਸ਼ੀਆ ਯਾਤਰਾ ਦਾ ਸ਼ਤਾਬਦੀ ਵਰ੍ਹਾ ਵੀ ਧੂਮ-ਧਾਮ ਨਾਲ ਮਨਾਵਾਂਗੇ। ਇੰਡੋਨੇਸ਼ੀਆ ਦੀ ਵਿਕਾਸ ਯਾਤਰਾ ਵਿੱਚ ਮਹਾਨ ਸਿੱਖਿਆ ਸ਼ਾਸਤਰੀ ਅਤੇ ਇੱਥੋਂ ਦੇ ਪਹਿਲੇ ਸਿੱਖਿਆ ਮੰਤਰੀ ਦੇਵਾਂਤਰਾ ਜੀ ਦਾ ਅਹਿਮ ਯੋਗਦਾਨ ਰਿਹਾ ਹੈ। ਸਿੱਖਿਆ ਨੂੰ ਲੈ ਕੇ ਉਨ੍ਹਾਂ ਦੇ ਵਿਚਾਰਾਂ ’ਤੇ ਗੁਰੂਦੇਵ ਟੈਗੋਰ ਦੀ ਸੋਚ ਦਾ ਡੂੰਘਾ ਪ੍ਰਭਾਵ ਸੀ। ਇਸ ਲਈ ਭਾਰਤ-ਇੰਡੋਨੇਸ਼ੀਆ, ਇਸ ਸ਼ਤਾਬਦੀ ਵਰ੍ਹੇ ਨੂੰ “ਟੈਗੋਰ ਅਤੇ ਦੇਵਾਂਤਰਾ ਯੀਅਰ ਆਫ਼ ਕਲਚਰਲ ਐਂਡ ਐਜੂਕੇਸ਼ਨਲ ਡਿਪਲੋਮੇਸੀ” ਵਜੋਂ ਮਨਾਉਣਗੇ।

ਸਾਥੀਓ,

ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਅਨੇਕਤਾ ਵਿੱਚ ਏਕਤਾ, ਭਾਰਤ ਅਤੇ ਇੰਡੋਨੇਸ਼ੀਆ ਦੀ ਸਾਂਝੀ ਤਾਕਤ ਰਹੀ ਹੈ। ਦੋਵਾਂ ਦੇਸ਼ਾਂ ਦੇ ਚੋਣ ਕਮਿਸ਼ਨਾਂ ਵਿਚਕਾਰ ਹੋਏ ਐੱਮਓਯੂ ਨਾਲ ਅਸੀਂ ਲੋਕਤੰਤਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਜਾ ਰਹੇ ਹਾਂ।

ਸਾਥੀਓ,

ਆਲਮੀ ਮੁੱਦਿਆਂ ’ਤੇ ਵੀ ਭਾਰਤ ਅਤੇ ਇੰਡੋਨੇਸ਼ੀਆ ਦਾ ਸਹਿਯੋਗ ਲਗਾਤਾਰ ਵੱਧ ਰਿਹਾ ਹੈ। ਇੰਡੋ-ਪੈਸੀਫਿਕ ਪ੍ਰਤੀ ਸਾਡੇ ਨਜ਼ਰੀਏ ਵਿੱਚ ਵੀ ਤਾਲਮੇਲ ਹੈ। ਭਾਰਤ ਨੇ ਹਮੇਸ਼ਾ ‘ਆਸੀਆਨ ਸੈਂਟ੍ਰੈਲਿਟੀ’ (ਆਸੀਆਨ ਦੀ ਕੇਂਦਰੀ ਭੂਮਿਕਾ) ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ।

ਆਲਮੀ ਉਥਲ-ਪੁਥਲ ਦੇ ਇਸ ਦੌਰ ਵਿੱਚ ਭਾਰਤ ਦਾ ਮੰਨਣਾ ਹੈ ਕਿ ਗੱਲਬਾਤ ਅਤੇ ਕੂਟਨੀਤੀ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਵੱਧ ਅਹਿਮ ਹੋ ਗਈ ਹੈ। ਫਲਸਤੀਨ ਦੇ ਮੁੱਦੇ ’ਤੇ, ਅਸੀਂ ‘ਟੂ-ਸਟੇਟ ਸਲਿਊਸ਼ਨ’ (ਦੋ-ਰਾਸ਼ਟਰ ਹੱਲ) ਅਤੇ ਲੰਬੇ ਸਮੇਂ ਦੀ ਸ਼ਾਂਤੀ ਦਾ ਸਮਰਥਨ ਕਰਦੇ ਹਾਂ।

 

ਆਲਮੀ ਉਥਲ-ਪੁਥਲ ਦੇ ਇਸ ਦੌਰ ਵਿੱਚ ਭਾਰਤ ਦਾ ਮੰਨਣਾ ਹੈ ਕਿ ਗੱਲਬਾਤ ਅਤੇ ਕੂਟਨੀਤੀ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਵੱਧ ਅਹਿਮ ਹੋ ਗਈ ਹੈ। ਫਲਸਤੀਨ ਦੇ ਮੁੱਦੇ ’ਤੇ, ਅਸੀਂ ‘ਟੂ-ਸਟੇਟ ਸਲਿਊਸ਼ਨ’ (ਦੋ-ਰਾਸ਼ਟਰ ਹੱਲ) ਅਤੇ ਲੰਬੇ ਸਮੇਂ ਦੀ ਸ਼ਾਂਤੀ ਦਾ ਸਮਰਥਨ ਕਰਦੇ ਹਾਂ।

ਸਾਥੀਓ,

ਸੁਨਹਿਰੀ ਦੌਰ ਸਾਡੇ ਦੋਵਾਂ ਦੇਸ਼ਾਂ ਦੇ ਸਾਹਮਣੇ ਦਸਤਕ ਦੇ ਰਿਹਾ ਹੈ।

ਸਾਡੇ ਇਤਿਹਾਸ ਵਿੱਚ ਸਾਂਝਾ ਸੱਭਿਆਚਾਰ ਹੈ,

ਸਾਡੇ ਵਰਤਮਾਨ ਵਿੱਚ ਸਾਂਝਾ ਵਿਸ਼ਵਾਸ ਹੈ,

ਅਤੇ ਸਾਡੇ ਭਵਿੱਖ ਵਿੱਚ ਸਾਂਝੀ ਖੁਸ਼ਹਾਲੀ ਹੈ।

ਮੈਨੂੰ ਭਰੋਸਾ ਹੈ ਕਿ ਅਸੀਂ ਮਿਲ ਕੇ ਇੰਡੋਨੇਸ਼ੀਆ “ਏਮਾਸ” ਅਤੇ ‘ਵਿਕਸਿਤ ਭਾਰਤ’ ਦਾ ਸੰਕਲਪ ਸਾਕਾਰ ਕਰਾਂਗੇ।

ਬਹੁਤ-ਬਹੁਤ ਧੰਨਵਾਦ।

ਡਿਸਕਲੇਮਰ- ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Khichdi To Moringa Paratha: 7 Traditional Foods PM Modi Loves

Media Coverage

Khichdi To Moringa Paratha: 7 Traditional Foods PM Modi Loves
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਅਗਸਤ 2026
August 26, 2026

Accountability Meets Ambition: Record Low NPAs, Record Defence Output, Record Digital Adoption Under the Leadership of PM Modi