ਭਾਰਤ ਵਿੱਚ, ਇਹ ਦੌਰ ਸਾਡੇ ਪੂਰਬੀ ਰਾਜਾਂ ਦਾ ਹੈ: ਪ੍ਰਧਾਨ ਮੰਤਰੀ
ਸਾਡਾ ਸੰਕਲਪ ਹੈ ਕਿ ਅਸੀਂ ਭਾਰਤ ਨੂੰ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਕਰਕੇ ਰਹਾਂਗੇ: ਪ੍ਰਧਾਨ ਮੰਤਰੀ
ਜੋ ਪੱਛੜੇ ਹਨ, ਉਹ ਸਾਡੀ ਤਰਜੀਹ ਹਨ, ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਖੇਤੀ ਦੇ ਮਾਮਲੇ ਵਿੱਚ 100 ਸਭ ਤੋਂ ਵੱਧ ਪੱਛੜੇ ਜ਼ਿਲ੍ਹਿਆਂ ਦੀ ਪਛਾਣ ਕੀਤੀ ਜਾਵੇਗੀ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮੋਤੀਹਾਰੀ ਵਿੱਚ 7,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਸਾਉਣ ਦੇ ਪਵਿੱਤਰ ਮਹੀਨੇ ਦੌਰਾਨ ਬਾਬਾ ਸੋਮੇਸ਼ਵਰਨਾਥ ਦੇ ਚਰਨਾਂ ਵਿੱਚ ਨਮਨ ਕਰਦਿਆਂ, ਪ੍ਰਧਾਨ ਮੰਤਰੀ ਨੇ ਬਿਹਾਰ ਵਾਸੀਆਂ ਦੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਆਸ਼ੀਰਵਾਦ ਲਿਆ। ਸਭਾ ਨੂੰ ਸੰਬੋਧਨ ਕਰਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਚੰਪਾਰਣ ਦੀ ਧਰਤੀ ਨੇ ਇਤਿਹਾਸ ਦਾ ਸਰੂਪ ਬਦਲਿਆ ਹੈ। ਆਜ਼ਾਦੀ ਦੇ ਅੰਦੋਲਨ ਦੌਰਾਨ, ਇਸ ਧਰਤੀ ਨੇ ਮਹਾਤਮਾ ਗਾਂਧੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸੇ ਧਰਤੀ ਤੋਂ ਪ੍ਰੇਰਨਾ ਹੁਣ ਬਿਹਾਰ ਦੇ ਨਵੇਂ ਭਵਿੱਖ ਨੂੰ ਆਕਾਰ ਦੇਵੇਗੀ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਲਈ ਮੌਜੂਦ ਸਾਰੇ ਲੋਕਾਂ ਅਤੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ।

ਸ਼੍ਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਵਿਸ਼ਵ ਪੱਧਰ 'ਤੇ ਤਰੱਕੀ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਦਬਦਬਾ ਕਦੇ ਸਿਰਫ਼ ਪੱਛਮੀ ਦੇਸ਼ਾਂ ਦਾ ਸੀ, ਉਹ ਹੁਣ ਪੂਰਬੀ ਦੇਸ਼ਾਂ ਦਾ ਵੀ ਹੋ ਰਿਹਾ ਹੈ, ਜਿਨ੍ਹਾਂ ਦੀ ਭਾਗੀਦਾਰੀ ਅਤੇ ਪ੍ਰਭਾਵ ਵਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰਬੀ ਰਾਸ਼ਟਰ ਹੁਣ ਵਿਕਾਸ ਵਿੱਚ ਨਵੀਂ ਗਤੀ ਹਾਸਲ ਕਰ ਰਹੇ ਹਨ। ਇੱਕ ਸਮਾਨਤਾ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪੂਰਬੀ ਦੇਸ਼ ਆਲਮੀ ਪੱਧਰ 'ਤੇ ਅੱਗੇ ਵਧ ਰਹੇ ਹਨ, ਉਸੇ ਤਰ੍ਹਾਂ ਭਾਰਤ ਵਿੱਚ, ਇਹ ਪੂਰਬੀ ਰਾਜਾਂ ਦਾ ਯੁੱਗ ਹੈ। ਉਨ੍ਹਾਂ ਨੇ ਸਰਕਾਰ ਦੇ ਇਸ ਸੰਕਲਪ ਦੀ ਪੁਸ਼ਟੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ, ਪੂਰਬ ਵਿੱਚ ਮੋਤੀਹਾਰੀ, ਪੱਛਮ ਵਿੱਚ ਮੁੰਬਈ ਵਾਂਗ ਪ੍ਰਮੁੱਖ ਬਣ ਜਾਵੇ। ਸ਼੍ਰੀ ਮੋਦੀ ਨੇ ਗੁਰੂਗ੍ਰਾਮ ਵਾਂਗ ਗਯਾ ਵਿੱਚ ਬਰਾਬਰ ਮੌਕੇ, ਪੁਣੇ ਵਾਂਗ ਪਟਨਾ ਵਿੱਚ ਉਦਯੋਗਿਕ ਵਿਕਾਸ ਅਤੇ ਸੂਰਤ ਵਾਂਗ ਸੰਥਾਲ ਪਰਗਨਾ ਵਿੱਚ ਵਿਕਾਸ ਦੀ ਕਲਪਨਾ ਕੀਤੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਲਪਾਈਗੁੜੀ ਅਤੇ ਜਾਜਪੁਰ ਵਿੱਚ ਸੈਰ-ਸਪਾਟਾ ਜੈਪੁਰ ਵਾਂਗ ਨਵੇਂ ਰਿਕਾਰਡ ਕਾਇਮ ਕਰੇਗਾ ਅਤੇ ਬੀਰਭੂਮ ਦੇ ਲੋਕ ਬੰਗਲੁਰੂ ਵਾਂਗ ਤਰੱਕੀ ਕਰਨਗੇ।

"ਪੂਰਬੀ ਭਾਰਤ ਨੂੰ ਅੱਗੇ ਵਧਾਉਣ ਲਈ, ਬਿਹਾਰ ਨੂੰ ਇੱਕ ਵਿਕਸਿਤ ਰਾਜ ਵਿੱਚ ਬਦਲਣਾ ਪਵੇਗਾ", ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਬਿਹਾਰ ਵਿੱਚ ਤੇਜ਼ੀ ਨਾਲ ਤਰੱਕੀ ਸੰਭਵ ਹੈ ਕਿਉਂਕਿ ਕੇਂਦਰ ਅਤੇ ਰਾਜ ਦੋਵਾਂ ਕੋਲ ਬਿਹਾਰ ਦੇ ਵਿਕਾਸ ਲਈ ਦ੍ਰਿੜ ਸਰਕਾਰਾਂ ਹਨ। ਉਨ੍ਹਾਂ ਨੇ ਸਮਰਥਨ ਵਿੱਚ ਫ਼ਰਕ ਦਿਖਾਉਣ ਲਈ ਅੰਕੜਿਆਂ ਦਾ ਹਵਾਲਾ ਦਿੱਤਾ: ਪਿਛਲੀਆਂ ਸਰਕਾਰਾਂ ਦੇ 10 ਸਾਲਾਂ ਦੌਰਾਨ ਜਦੋਂ ਉਹ ਕੇਂਦਰ ਵਿੱਚ ਸੱਤਾ ਵਿੱਚ ਸਨ, ਬਿਹਾਰ ਨੂੰ ਸਿਰਫ਼ 2 ਲੱਖ ਕਰੋੜ ਰੁਪਏ ਹੀ ਮਿਲੇ, ਇਹ ਟਿੱਪਣੀ ਕਰਦਿਆਂ ਕਿ ਇਹ ਸ਼੍ਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਸਿਆਸੀ ਬਦਲਾਖੋਰੀ ਦਾ ਇੱਕ ਰੂਪ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਦੇ ਸ਼ਾਸਨ ਦੌਰਾਨ, ਬਿਹਾਰ ਦੇ ਵਿਕਾਸ ਲਈ ਲਗਭਗ 9 ਲੱਖ ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਕਿਹਾ ਕਿ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਦੀ ਸਰਕਾਰ ਨੇ ਬਿਹਾਰ ਵਿਰੁੱਧ ਬਦਲੇ ਦੀ ਰਾਜਨੀਤੀ ਨੂੰ ਖਤਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪਿਛਲੀ ਸਰਕਾਰ ਦੇ ਅਧੀਨ ਪ੍ਰਦਾਨ ਕੀਤੇ ਗਏ ਫੰਡ ਨਾਲੋਂ ਚਾਰ ਗੁਣਾ ਵੱਧ ਹੈ, ਜਿਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਫੰਡ ਦੀ ਵਰਤੋਂ ਸਮੁੱਚੇ ਬਿਹਾਰ ਵਿੱਚ ਲੋਕ ਭਲਾਈ ਅਤੇ ਵਿਕਾਸ ਪ੍ਰੋਜੈਕਟਾਂ ਲਈ ਕੀਤੀ ਜਾ ਰਹੀ ਹੈ।

 

ਦੋ ਦਹਾਕੇ ਪਹਿਲਾਂ ਬਿਹਾਰ ਨੂੰ ਦਰਪੇਸ਼ ਨਿਰਾਸ਼ਾ ਨੂੰ ਸਮਝਣ ਵਿੱਚ ਅੱਜ ਦੀ ਪੀੜ੍ਹੀ ਦੀ ਮਹੱਤਤਾ ਨੂੰ ਸਮਝਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਵਿਕਾਸ ਵਿੱਚ ਖੜ੍ਹੋਤ ਆ ਗਈ ਸੀ ਅਤੇ ਗ਼ਰੀਬਾਂ ਤੱਕ ਫੰਡਾਂ ਦਾ ਪਹੁੰਚਣਾ ਲਗਭਗ ਅਸੰਭਵ ਸੀ। ਉਨ੍ਹਾਂ ਨੇ ਉਸ ਸਮੇਂ ਦੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਕਿ ਉਹ ਸਿਰਫ਼ ਗਰੀਬਾਂ ਲਈ ਰੱਖੇ ਪੈਸੇ ਨੂੰ ਲੁੱਟਣ 'ਤੇ ਧਿਆਨ ਦੇ ਰਹੇ ਸਨ। ਪ੍ਰਧਾਨ ਮੰਤਰੀ ਨੇ ਬਿਹਾਰ ਦੇ ਲੋਕਾਂ ਦੇ ਹੌਂਸਲੇ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਇੱਕ ਅਜਿਹੀ ਧਰਤੀ ਦੱਸਿਆ, ਜਿੱਥੇ ਅਸੰਭਵ ਨੂੰ ਸੰਭਵ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਬਿਹਾਰ ਨੂੰ ਪਿਛਲੀਆਂ ਵਿਵਸਥਾਵਾਂ ਦੇ ਬੰਧਨਾਂ ਤੋਂ ਮੁਕਤ ਕਰਨ ਲਈ ਜਨਤਾ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਗਰੀਬਾਂ ਤੱਕ ਭਲਾਈ ਯੋਜਨਾਵਾਂ ਦੀ ਸਿੱਧੀ ਪਹੁੰਚ ਸੰਭਵ ਹੋਈ ਹੈ। ਸ਼੍ਰੀ ਮੋਦੀ ਨੇ ਇਹ ਵੀ ਉਜਾਗਰ ਕੀਤਾ ਕਿ ਪਿਛਲੇ 11 ਸਾਲਾਂ ਵਿੱਚ, ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਤੋਂ ਵੱਧ ਮਕਾਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਲਗਭਗ 60 ਲੱਖ ਇਕੱਲੇ ਬਿਹਾਰ ਵਿੱਚ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜਾ ਨਾਰਵੇ, ਨਿਊਜ਼ੀਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਜ਼ਿਆਦਾ ਹੈ। "ਇਕੱਲੇ ਮੋਤੀਹਾਰੀ ਜ਼ਿਲ੍ਹੇ ਵਿੱਚ, ਲਗਭਗ 3 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਮਿਲੇ ਹਨ ਅਤੇ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਖੇਤਰ ਦੇ 12,000 ਤੋਂ ਵੱਧ ਪਰਿਵਾਰਾਂ ਨੂੰ ਆਪਣੇ ਨਵੇਂ ਮਕਾਨਾਂ ਦੀਆਂ ਚਾਬੀਆਂ ਮਿਲੀਆਂ ਹਨ"। ਇਸ ਤੋਂ ਇਲਾਵਾ, 40,000 ਤੋਂ ਵੱਧ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਆਪਣੇ ਬੈਂਕ ਖਾਤਿਆਂ ਵਿੱਚ ਫੰਡ ਮਿਲੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਲਿਤ, ਮਹਾ ਦਲਿਤ ਅਤੇ ਪੱਛੜੇ  ਭਾਈਚਾਰਿਆਂ ਨਾਲ ਸਬੰਧਿਤ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਿਛਲੀ ਸਰਕਾਰ ਦੇ ਸ਼ਾਸਨ ਦੌਰਾਨ, ਗਰੀਬਾਂ ਨੂੰ ਅਜਿਹੇ ਮਕਾਨ ਮਿਲਣੇ, ਸੋਚ ਤੋਂ ਪਰ੍ਹੇ ਸੀ। ਉਨ੍ਹਾਂ ਯਾਦ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ, ਲੋਕ ਆਪਣੇ ਘਰਾਂ ਨੂੰ ਰੰਗ ਕਰਨ ਤੋਂ ਵੀ ਡਰਦੇ ਸਨ, ਜੋ ਇਸ ਚਿੰਤਾ ਵਿੱਚ ਸਨ ਕਿ ਮਕਾਨ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਸੱਤਾਧਾਰੀ ਪਾਰਟੀ ਦੇ ਨੇਤਾ ਕਦੇ ਵੀ ਲੋਕਾਂ ਨੂੰ ਪੱਕੇ ਘਰ ਨਹੀਂ ਦੇ ਸਕਦੇ ਸਨ।

ਬਿਹਾਰ ਦੀ ਤਰੱਕੀ ਦਾ ਸਿਹਰਾ ਮਾਵਾਂ ਅਤੇ ਭੈਣਾਂ ਦੀ ਤਾਕਤ ਅਤੇ ਦ੍ਰਿੜ ਇਰਾਦੇ ਨੂੰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਦੀਆਂ ਮਹਿਲਾਵਾਂ ਆਪਣੀ ਸਰਕਾਰ ਵਲੋਂ ਚੁੱਕੇ ਗਏ ਹਰ ਕਦਮ ਦੀ ਮਹੱਤਤਾ ਨੂੰ ਸਪਸ਼ਟ ਤੌਰ 'ਤੇ ਸਮਝਦੀਆਂ ਹਨ। ਉਨ੍ਹਾਂ ਨੇ ਸਮਾਗਮ ਵਿੱਚ ਮਹਿਲਾਵਾਂ ਦੀ ਵੱਡੀ ਮੌਜੂਦਗੀ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ 10 ਰੁਪਏ ਵੀ ਲੁਕਾਉਣੇ ਪੈਂਦੇ ਸਨ, ਬੈਂਕ ਖਾਤਿਆਂ ਤੱਕ ਪਹੁੰਚ ਦੀ ਘਾਟ ਸੀ ਅਤੇ ਬੈਂਕਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਗਰੀਬਾਂ ਦੇ ਮਾਣ-ਸਨਮਾਨ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਬੈਂਕਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਦਰਵਾਜ਼ੇ ਗ਼ਰੀਬਾਂ ਲਈ ਕਿਉਂ ਬੰਦ ਹਨ। ਉਨ੍ਹਾਂ ਨੇ ਜਨ ਧਨ ਖਾਤੇ ਖੋਲ੍ਹਣ ਲਈ ਸ਼ੁਰੂ ਕੀਤੀ ਗਈ ਵਿਸ਼ਾਲ ਮੁਹਿੰਮ 'ਤੇ ਚਾਨਣਾ ਪਾਇਆ, ਜਿਸ ਨਾਲ ਮਹਿਲਾਵਾਂ ਨੂੰ ਬਹੁਤ ਫਾਇਦਾ ਹੋਇਆ, ਬਿਹਾਰ ਵਿੱਚ ਲਗਭਗ 3.5 ਕਰੋੜ ਮਹਿਲਾਵਾਂ ਕੋਲ ਹੁਣ ਜਨ ਧਨ ਖਾਤੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਯੋਜਨਾ ਦੇ ਫੰਡ ਹੁਣ ਸਿੱਧੇ ਇਨ੍ਹਾਂ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਸਰਕਾਰ ਨੇ ਹਾਲ ਹੀ ਵਿੱਚ ਬਜ਼ੁਰਗਾਂ, ਦਿਵਯਾਂਗਜਨਾਂ ਅਤੇ ਵਿਧਵਾ ਮਾਵਾਂ ਲਈ ਮਹੀਨਾਵਾਰ ਪੈਨਸ਼ਨ ₹400 ਤੋਂ ਵਧਾ ਕੇ ₹1,100 ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਪੈਸਾ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਡੇਢ ਮਹੀਨੇ ਵਿੱਚ ਹੀ ਬਿਹਾਰ ਵਿੱਚ 24,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ 1,000 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਾਪਤ ਹੋਈ ਹੈ, ਜਿਸ ਦਾ ਕਾਰਨ ਮਾਵਾਂ ਅਤੇ ਭੈਣਾਂ ਦੇ ਜਨ ਧਨ ਖਾਤਿਆਂ ਵਲੋਂ ਪ੍ਰਦਾਨ ਕੀਤੇ ਗਏ ਵਿੱਤੀ ਸਸ਼ਕਤੀਕਰਣ ਨੂੰ ਮੰਨਿਆ ਜਾ ਸਕਦਾ ਹੈ।

 

ਮਹਿਲਾ ਸਸ਼ਕਤੀਕਰਣ ਪਹਿਲਕਦਮੀਆਂ ਦੇ ਸ਼ਕਤੀਸ਼ਾਲੀ ਨਤੀਜਿਆਂ ਨੂੰ ਰੇਖਾਂਕਿਤ ਕਰਦੇ ਹੋਏ, ਦੇਸ਼ ਭਰ ਅਤੇ ਬਿਹਾਰ ਵਿੱਚ 'ਲਖਪਤੀ ਦੀਦੀਆਂ' ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਟੀਚਾ 3 ਕਰੋੜ ਲਖਪਤੀ ਦੀਦੀ ਬਣਾਉਣਾ ਹੈ ਅਤੇ ਹੁਣ ਤੱਕ 1.5 ਕਰੋੜ ਮਹਿਲਾਵਾਂ ਨੇ ਇਹ ਮੀਲ ਪੱਥਰ ਹਾਸਲ ਕਰ ਲਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਵਿੱਚ 20 ਲੱਖ ਤੋਂ ਵੱਧ ਮਹਿਲਾਵਾਂ ਲਖਪਤੀ ਦੀਦੀਆਂ ਬਣ ਗਈਆਂ ਹਨ, ਜਿਸ ਵਿੱਚ ਇਕੱਲੇ ਚੰਪਾਰਣ ਵਿੱਚ 80,000 ਤੋਂ ਵੱਧ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਵਿੱਚ ਸ਼ਾਮਲ ਹੋ ਕੇ ਇਸ ਦਰਜੇ ਤੱਕ ਪਹੁੰਚੀਆਂ ਹਨ। ਸ਼੍ਰੀ ਮੋਦੀ ਨੇ ਨਾਰੀ ਸ਼ਕਤੀ ਦੀ ਤਾਕਤ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕਮਿਊਨਿਟੀ ਨਿਵੇਸ਼ ਫੰਡ ਵਜੋਂ 400 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਸ਼੍ਰੀ ਨਿਤੀਸ਼ ਕੁਮਾਰ ਵਲੋਂ ਸ਼ੁਰੂ ਕੀਤੀ ਗਈ "ਜੀਵਿਕਾ ਦੀਦੀ" ਯੋਜਨਾ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਬਿਹਾਰ ਵਿੱਚ ਲੱਖਾਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਨ ਲਈ ਰਾਹ ਪੱਧਰਾ ਕੀਤਾ ਹੈ।

ਆਪਣੀ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਕਿ ਭਾਰਤ ਦੀ ਤਰੱਕੀ ਲਈ ਬਿਹਾਰ ਦੀ ਤਰੱਕੀ ਜ਼ਰੂਰੀ ਹੈ', ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਉਦੋਂ ਹੀ ਅੱਗੇ ਵਧੇਗਾ ਜਦੋਂ ਇਸ ਦੇ ਨੌਜਵਾਨ ਅੱਗੇ ਵਧਣਗੇ। ਉਨ੍ਹਾਂ ਨੇ ਇੱਕ ਖੁਸ਼ਹਾਲ ਬਿਹਾਰ ਅਤੇ ਹਰ ਨੌਜਵਾਨ ਲਈ ਰੋਜ਼ਗਾਰ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਬਿਹਾਰ ਦੇ ਅੰਦਰ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮਹੱਤਵਪੂਰਨ ਯਤਨ ਕੀਤੇ ਗਏ ਹਨ ਅਤੇ ਉਨ੍ਹਾਂ ਸ਼੍ਰੀ ਨਿਤਿਸ਼ ਕੁਮਾਰ ਦੀ ਸਰਕਾਰ ਦੀ ਪੂਰੀ ਪਾਰਦਰਸ਼ਤਾ ਨਾਲ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਭੂਮਿਕਾਵਾਂ ਵਿੱਚ ਨਿਯੁਕਤ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਬਿਹਾਰ ਦੇ ਨੌਜਵਾਨਾਂ ਲਈ ਰੋਜ਼ਗਾਰ ਨੂੰ ਅੱਗੇ ਵਧਾਉਣ ਲਈ ਨਵੇਂ ਸੰਕਲਪ ਲਏ ਗਏ ਹਨ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਨ੍ਹਾਂ ਯਤਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਮਰਥਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇੱਕ ਵੱਡੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦਾ ਮੰਤਵ ਨਿਜੀ ਖੇਤਰ ਵਿੱਚ ਪਹਿਲੀ ਵਾਰ ਨੌਕਰੀ ਹਾਸਲ ਕਰਨ ਵਾਲਿਆਂ ਦੀ ਸਹਾਇਤਾ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਇੱਕ ਨਿਜੀ ਕੰਪਨੀ ਵਿੱਚ ਆਪਣੀ ਪਹਿਲੀ ਨਿਯੁਕਤੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਵਲੋਂ 15,000 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਯੋਜਨਾ 01 ਅਗਸਤ ਤੋਂ ਲਾਗੂ ਕੀਤੀ ਜਾਵੇਗੀ ਅਤੇ ਕੇਂਦਰ ਵੱਲੋਂ 01 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੇ ਨੌਜਵਾਨਾਂ ਨੂੰ ਇਸ ਪਹਿਲਕਦਮੀ ਤੋਂ ਬਹੁਤ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਰਾਹੀਂ ਬਿਹਾਰ ਵਿੱਚ ਸਵੈ-ਰੋਜ਼ਗਾਰ ਨੂੰ ਹੱਲ੍ਹਾਸ਼ੇਰੀ ਦੇਣ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਹੀ ਬਿਹਾਰ ਵਿੱਚ ਮੁਦਰਾ ਯੋਜਨਾ ਤਹਿਤ ਲੱਖਾਂ ਕਰਜ਼ੇ ਵੰਡੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖਾਸ ਤੌਰ 'ਤੇ ਚੰਪਾਰਣ ਵਿੱਚ, 60,000 ਨੌਜਵਾਨਾਂ ਨੂੰ ਆਪਣੇ ਸਵੈ-ਰੋਜ਼ਗਾਰ ਉੱਦਮਾਂ ਵਿੱਚ ਮਦਦ ਲਈ ਮੁਦਰਾ ਕਰਜ਼ੇ ਪ੍ਰਾਪਤ ਹੋਏ ਹਨ।

 

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਦੂਜੀਆਂ ਪਾਰਟੀਆਂ ਦੇ ਆਗੂ ਕਦੇ ਵੀ ਰੋਜ਼ਗਾਰ ਨਹੀਂ ਦੇ ਸਕਦੇ, ਖਾਸਕਰ ਉਹ ਜਿਹੜੇ ਨੌਕਰੀਆਂ ਦੇਣ ਦੇ ਨਾਮ 'ਤੇ ਲੋਕਾਂ ਦੀਆਂ ਜ਼ਮੀਨਾਂ ਹੜਪਦੇ ਹਨ, ਸ਼੍ਰੀ ਮੋਦੀ ਨੇ ਲੋਕਾਂ ਨੂੰ ਲਾਲਟੈਨ ਦੇ ਯੁੱਗ ਅਤੇ ਨਵੀਆਂ ਉਮੀਦਾਂ ਨਾਲ ਜਗਮਗਾ ਰਹੇ ਅੱਜ ਦੇ ਬਿਹਾਰ ਵਿਚਾਲੇ ਫਰਕ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਬਦਲਾਅ ਦਾ ਸਿਹਰਾ ਗਠਜੋੜ ਸਰਕਾਰ ਨਾਲ ਬਿਹਾਰ ਦੇ ਸਫ਼ਰ ਨੂੰ ਦਿੱਤਾ ਅਤੇ ਪੁਸ਼ਟੀ ਕੀਤੀ ਕਿ ਬਿਹਾਰ ਦਾ ਗਠਜੋੜ ਲਈ ਸਮਰਥਨ ਮਜ਼ਬੂਤ ਅਤੇ ਅਟੁੱਟ ਹੈ।

ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਨਕਸਲਵਾਦ ਵਿਰੁੱਧ ਕੀਤੀ ਗਈ ਫੈਸਲਾਕੁੰਨ ਕਾਰਵਾਈ ਨੂੰ ਉਜਾਗਰ ਕੀਤਾ, ਜਿਸ ਦਾ ਬਿਹਾਰ ਦੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਚੰਪਾਰਣ, ਔਰੰਗਾਬਾਦ, ਗਯਾ ਅਤੇ ਜਮੂਈ ਵਰਗੇ ਜ਼ਿਲ੍ਹੇ, ਜੋ ਕਦੇ ਮਾਓਵਾਦੀ ਪ੍ਰਭਾਵ ਕਾਰਨ ਪਿੱਛੇ ਰਹਿ ਗਏ ਸਨ, ਹੁਣ ਕੱਟੜਵਾਦ ਦੇ ਪਤਨ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਦੇ ਮਾਓਵਾਦੀ ਹਿੰਸਾ ਨਾਲ ਘਿਰੇ ਇਲਾਕਿਆਂ ਵਿੱਚ, ਨੌਜਵਾਨ ਹੁਣ ਵੱਡੇ ਸੁਪਨੇ ਦੇਖ ਰਹੇ ਹਨ ਅਤੇ ਉਨ੍ਹਾਂ ਭਾਰਤ ਨੂੰ ਨਕਸਲਵਾਦ ਦੀ ਪਕੜ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਸ਼੍ਰੀ ਮੋਦੀ ਨੇ ਕਿਹਾ, "ਇਹ ਨਵਾਂ ਭਾਰਤ ਹੈ - ਇੱਕ ਅਜਿਹਾ ਭਾਰਤ ਜੋ ਦੁਸ਼ਮਣਾਂ ਨੂੰ ਸਜ਼ਾ ਦੇਣ ਵਿੱਚ ਕੋਈ ਕਸਰ ਨਹੀਂ ਛੱਡਦਾ, ਜ਼ਮੀਨ ਅਤੇ ਅਸਮਾਨ ਦੋਵਾਂ ਤੋਂ ਫੌਜਾਂ ਨੂੰ ਲਾਮਬੰਦ ਕਰਦਾ ਹੈ।" ਉਨ੍ਹਾਂ ਯਾਦ ਕੀਤਾ ਕਿ ਇਹ ਬਿਹਾਰ ਦੀ ਧਰਤੀ ਤੋਂ ਹੀ ਸੀ ਜਿੱਥੇ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਅੱਜ, ਉਸ ਆਪ੍ਰੇਸ਼ਨ ਦੀ ਸਫਲਤਾ ਨੂੰ ਪੂਰੀ ਦੁਨੀਆ ਦੇਖ ਰਹੀ ਹੈ।

ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਬਿਹਾਰ ਕੋਲ ਨਾ ਤਾਂ ਸਮਰੱਥਾ ਦੀ ਘਾਟ ਹੈ ਅਤੇ ਨਾ ਹੀ ਸਰੋਤਾਂ ਦੀ ਅਤੇ ਅੱਜ, ਬਿਹਾਰ ਦੇ ਸਰੋਤ ਇਸ ਦੀ ਤਰੱਕੀ ਦੇ ਸਾਧਨ ਬਣ ਰਹੇ ਹਨ। ਉਨ੍ਹਾਂ ਨੇ ਆਪਣੀ ਸਰਕਾਰ ਦੇ ਯਤਨਾਂ ਤੋਂ ਬਾਅਦ ਮਖਾਣੇ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਮਖਾਣੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੱਡੇ ਬਜ਼ਾਰਾਂ ਨਾਲ ਜੋੜਨਾ ਇਸ ਵਾਧੇ ਦਾ ਕਾਰਨ ਹੈ। ਉਨ੍ਹਾਂ ਨੇ ਇਸ ਖੇਤਰ ਨੂੰ ਹੋਰ ਸਮਰਥਨ ਦੇਣ ਲਈ ਮਖਾਣਾ ਬੋਰਡ ਦੇ ਗਠਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਬਿਹਾਰ ਦੀ ਖੇਤੀਬਾੜੀ ਖੁਸ਼ਹਾਲੀ ਦੀਆਂ ਉਦਾਹਰਣਾਂ ਵਜੋਂ ਕਈ ਮੁੱਖ ਉਤਪਾਦਾਂ - ਕੇਲਾ, ਲੀਚੀ, ਮਿਰਚੀ, ਚੌਲ, ਕਤਰਨੀ ਚੌਲ, ਜਰਦਾਲੂ ਅੰਬ ਅਤੇ ਮਘਈ ਪਾਨ ਨੂੰ ਸੂਚੀਬੱਧ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅਤੇ ਹੋਰ ਬਹੁਤ ਸਾਰੇ ਉਤਪਾਦ ਬਿਹਾਰ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਆਲਮੀ ਬਜ਼ਾਰਾਂ ਨਾਲ ਜੋੜਨਗੇ।

ਕਿਸਾਨਾਂ ਦੀ ਪੈਦਾਵਾਰ ਅਤੇ ਆਮਦਨ ਵਧਾਉਣਾ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ, ਇਹ ਦੱਸਦੇ ਹੋਏ ਕਿ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਦੇਸ਼ ਭਰ ਦੇ ਕਿਸਾਨਾਂ ਨੂੰ ਲਗਭਗ 3.5 ਲੱਖ ਕਰੋੜ ਰੁਪਏ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਕੱਲੇ ਮੋਤੀਹਾਰੀ ਵਿੱਚ, 5 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਰਾਹੀਂ 1,500 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਿਰਫ਼ ਨਾਅਰਿਆਂ ਜਾਂ ਵਾਅਦਿਆਂ ਤੱਕ ਸੀਮਤ ਨਹੀਂ ਹੈ, ਸਗੋਂ ਕੰਮ ਕਰਕੇ ਨਤੀਜੇ ਦਿਖਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਕਹਿੰਦੀ ਹੈ ਕਿ ਇਹ ਪੱਛੜੇ  ਅਤੇ ਅਤਿ ਪੱਛੜੇ  ਭਾਈਚਾਰਿਆਂ ਲਈ ਕੰਮ ਕਰਦੀ ਹੈ, ਤਾਂ ਇਹ ਵਚਨਬੱਧਤਾ ਇਸ ਦੀਆਂ ਨੀਤੀਆਂ ਅਤੇ ਫੈਸਲਿਆਂ ਵਿੱਚ ਝਲਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਸਪਸ਼ਟ ਹੈ: ਹਰੇਕ ਪੱਛੜੇ  ਵਿਅਕਤੀ ਨੂੰ ਤਰਜੀਹ, ਭਾਵੇਂ ਉਹ ਪੱਛੜੇ  ਖੇਤਰ ਹੋਣ ਜਾਂ ਪੱਛੜੇ  ਵਰਗ, ਉਹ ਸਰਕਾਰ ਦੀਆਂ ਤਰਜੀਹਾਂ ਦੇ ਕੇਂਦਰ ਵਿੱਚ ਰਹਿੰਦੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਦਹਾਕਿਆਂ ਤੋਂ, 110 ਤੋਂ ਵੱਧ ਜ਼ਿਲ੍ਹਿਆਂ ਨੂੰ ਪੱਛੜੇ  ਅਤੇ ਅਣਗੌਲਿਆ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਤਰਜੀਹ ਦਿੱਤੀ ਸੀ, ਉਨ੍ਹਾਂ ਨੂੰ ਖਾਹਿਸ਼ੀ ਜ਼ਿਲ੍ਹੇ ਵਜੋਂ ਨਾਮਜ਼ਦ ਕੀਤਾ ਅਤੇ ਉਨ੍ਹਾਂ ਦੇ ਵਿਕਾਸ ਨੂੰ ਅੱਗੇ ਵਧਾਇਆ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਦੇ ਸਰਹੱਦੀ ਪਿੰਡਾਂ ਨੂੰ ਵੀ ਲੰਬੇ ਸਮੇਂ ਤੋਂ "ਆਖਰੀ ਪਿੰਡ" ਮੰਨਿਆ ਜਾਂਦਾ ਸੀ ਅਤੇ ਇਹ ਪਿੱਛੇ ਰਹਿ ਗਏ ਸਨ, ਪਰ ਸਰਕਾਰ ਨੇ ਉਨ੍ਹਾਂ ਨੂੰ "ਮੋਹਰੀ ਪਿੰਡ" ਵਜੋਂ ਮੁੜ ਪਰਿਭਾਸ਼ਿਤ ਕੀਤਾ ਅਤੇ ਉਨ੍ਹਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਓਬੀਸੀ ਭਾਈਚਾਰੇ ਨੇ ਲੰਬੇ ਸਮੇਂ ਤੋਂ ਓਬੀਸੀ ਕਮਿਸ਼ਨ ਲਈ ਸੰਵਿਧਾਨਕ ਦਰਜਾ ਮੰਗਿਆ ਸੀ - ਇਹ ਮੰਗ ਉਨ੍ਹਾਂ ਦੀ ਗਠਜੋੜ ਸਰਕਾਰ ਵਲੋਂ ਪੂਰੀ ਕੀਤੀ ਗਈ। ਸ਼੍ਰੀ ਮੋਦੀ ਨੇ ਕਬਾਇਲੀ ਭਾਈਚਾਰਿਆਂ ਵਿੱਚੋਂ ਸਭ ਤੋਂ ਵੱਧ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਲਈ ਜਨ-ਮਨ ਯੋਜਨਾ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਦੇ ਵਿਕਾਸ ਲਈ 25,000 ਕਰੋੜ ਰੁਪਏ ਅਲਾਟ ਕੀਤੇ ਗਏ। ਪ੍ਰਧਾਨ ਮੰਤਰੀ ਨੇ ਇਸ ਦ੍ਰਿਸ਼ਟੀਕੋਣ ਨਾਲ ਜੁੜੀ ਇੱਕ ਨਵੀਂ ਵੱਡੀ ਪਹਿਲਕਦਮੀ ਦਾ ਐਲਾਨ ਕੀਤਾ: ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ, ਜਿਸ ਨੂੰ ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਵਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ, ਖੇਤੀਬਾੜੀ ਤੌਰ 'ਤੇ ਸੰਭਾਵਨਾਵਾਂ ਨਾਲ ਭਰਪੂਰ ਪਰ ਪੈਦਾਵਾਰ ਅਤੇ ਕਿਸਾਨੀ ਆਮਦਨ ਵਿੱਚ ਪੱਛੜੇ 100 ਜ਼ਿਲ੍ਹਿਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ ਨਿਸ਼ਾਨਾਬੱਧ ਸਹਾਇਤਾ ਪ੍ਰਾਪਤ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਦੇਸ਼ ਭਰ ਦੇ ਲਗਭਗ 1.75 ਕਰੋੜ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ, ਜਿਸ ਵਿੱਚ ਬਿਹਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

 

ਹਜ਼ਾਰਾਂ ਕਰੋੜ ਰੁਪਏ ਦੇ ਰੇਲਵੇ ਅਤੇ ਸੜਕੀ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ 'ਤੇ ਚਾਨਣਾ ਪਾਉਂਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਬਿਹਾਰ ਦੇ ਲੋਕਾਂ ਲਈ ਸਹੂਲਤ ਵਿੱਚ ਕਾਫ਼ੀ ਵਾਧਾ ਕਰਨਗੇ। ਉਨ੍ਹਾਂ ਨੇ ਦੇਸ਼ ਭਰ ਦੇ ਚਾਰ ਵੱਖ-ਵੱਖ ਰੂਟਾਂ 'ਤੇ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਇਹ ਜ਼ਿਕਰ ਕਰਦੇ ਹੋਏ ਕਿ ਮੋਤੀਹਾਰੀ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਅਤੇ ਇੱਕ ਨਵੇਂ ਰੂਪ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ, ਦੱਸਿਆ ਕਿ ਅੰਮ੍ਰਿਤ ਭਾਰਤ ਐਕਸਪ੍ਰੈੱਸ ਹੁਣ ਮੋਤੀਹਾਰੀ-ਬਾਪੂਧਾਮ ਤੋਂ ਆਨੰਦ ਵਿਹਾਰ, ਦਿੱਲੀ ਤੱਕ ਸਿੱਧਾ ਚੱਲੇਗੀ। ਉਨ੍ਹਾਂ ਅੱਗੇ ਕਿਹਾ ਕਿ ਦਰਭੰਗਾ-ਨਰਕਟੀਆਗੰਜ ਰੇਲ ਲਾਈਨ ਦੇ ਡਬਲ ਹੋਣ ਨਾਲ ਇਸ ਰੂਟ 'ਤੇ ਯਾਤਰਾ ਦੀ ਸਹੂਲਤ ਵਿੱਚ ਬਹੁਤ ਸੁਧਾਰ ਹੋਵੇਗਾ।

ਭਾਰਤ ਦੇ ਵਿਸ਼ਵਾਸ ਅਤੇ ਸੱਭਿਆਚਾਰਕ ਵਿਰਾਸਤ ਨਾਲ ਚੰਪਾਰਣ ਦੇ ਡੂੰਘੇ ਸਬੰਧਾਂ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 'ਰਾਮ-ਜਾਨਕੀ ਪਥ' ਮੋਤੀਹਾਰੀ ਦੇ ਸੱਤਾਰਘਾਟ, ਕੇਸਰੀਆ, ਚਕੀਆ ਅਤੇ ਮਧੂਬਨ ਵਿੱਚੋਂ ਲੰਘਣਗੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੀਤਾਮੜੀ ਤੋਂ ਅਯੋਧਿਆ ਤੱਕ ਵਿਕਸਿਤ ਕੀਤੀ ਜਾ ਰਹੀ ਨਵੀਂ ਰੇਲਵੇ ਲਾਈਨ ਚੰਪਾਰਣ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਲਈ ਅਯੋਧਿਆ ਜਾਣ ਦੇ ਯੋਗ ਬਣਾਏਗੀ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਪਹਿਲਕਦਮੀਆਂ ਬਿਹਾਰ ਵਿੱਚ ਸੰਪਰਕ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣਗੀਆਂ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣਗੀਆਂ।

ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕੀਤੀ ਕਿ ਉਹ ਗਰੀਬਾਂ, ਦਲਿਤਾਂ, ਪੱਛੜੇ  ਵਰਗਾਂ ਅਤੇ ਆਦਿਵਾਸੀ ਭਾਈਚਾਰਿਆਂ ਦੇ ਨਾਮ 'ਤੇ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਰੁਝੀਆਂ ਰਹੀਆਂ ਹਨ ਅਤੇ ਉਹ ਨਾ ਸਿਰਫ਼ ਬਰਾਬਰੀ ਦੇ ਅਧਿਕਾਰਾਂ ਤੋਂ ਇਨਕਾਰ ਕਰਦੀਆਂ ਰਹੀਆਂ ਹਨ ਸਗੋਂ ਆਪਣੇ ਪਰਿਵਾਰਾਂ ਤੋਂ ਬਾਹਰਲੇ ਲੋਕਾਂ ਦਾ ਸਤਿਕਾਰ ਵੀ ਨਹੀਂ ਕਰ ਸਕੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਅੱਜ ਉਨ੍ਹਾਂ ਦੇ ਹੰਕਾਰ ਨੂੰ ਸਪਸ਼ਟ ਤੌਰ 'ਤੇ ਦੇਖ ਰਿਹਾ ਹੈ। ਬਿਹਾਰ ਨੂੰ ਉਨ੍ਹਾਂ ਦੇ ਮਾੜੇ ਇਰਾਦੇ ਤੋਂ ਬਚਾਉਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਮੌਜੂਦਾ ਬਿਹਾਰ ਸਰਕਾਰ ਦੇ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਬਿਹਾਰ ਦੇ ਵਿਕਾਸ ਨੂੰ ਰਫ਼ਤਾਰ ਦੇਣ ਅਤੇ ਇੱਕ ਰੌਸ਼ਨ ਭਵਿੱਖ ਵੱਲ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਨਵੇਂ ਬਿਹਾਰ ਦੇ ਨਿਰਮਾਣ ਲਈ ਸਾਂਝੇ ਸੰਕਲਪ ਦਾ ਸੱਦਾ ਦਿੰਦੇ ਹੋਏ ਸਮਾਪਤੀ ਕੀਤੀ ਅਤੇ ਅੱਜ ਉਦਘਾਟਨ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਲਈ ਲੋਕਾਂ ਨੂੰ ਵਧਾਈ ਦਿੱਤੀ।

ਇਸ ਸਮਾਗਮ ਵਿੱਚ ਬਿਹਾਰ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ, ਕੇਂਦਰੀ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਸ਼੍ਰੀ ਗਿਰੀਰਾਜ ਸਿੰਘ, ਸ਼੍ਰੀ ਰਾਜੀਵ ਰੰਜਨ ਸਿੰਘ, ਸ਼੍ਰੀ ਚਿਰਾਗ ਪਾਸਵਾਨ, ਸ਼੍ਰੀ ਰਾਮਨਾਥ ਠਾਕੁਰ, ਸ਼੍ਰੀ ਨਿਤਿਆਨੰਦ ਰਾਏ, ਸ਼੍ਰੀ ਸਤੀਸ਼ ਚੰਦਰ ਦੂਬੇ, ਡਾ. ਰਾਜ ਭੂਸ਼ਣ ਚੌਧਰੀ ਅਤੇ ਹੋਰ ਪਤਵੰਤੇ ਮੌਜੂਦ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਰੇਲ, ਸੜਕ, ਪੇਂਡੂ ਵਿਕਾਸ, ਮੱਛੀ ਪਾਲਣ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਖੇਤਰਾਂ ਨੂੰ ਪੂਰਾ ਕਰਨ ਵਾਲੇ ਰਾਸ਼ਟਰ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਸਮਰਪਿਤ ਕੀਤਾ।

ਸੰਪਰਕ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਕਈ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਵਿੱਚ ਸਮਸਤੀਪੁਰ-ਬਛਵਾੜਾ ਰੇਲ ਲਾਈਨ ਵਿਚਾਲੇ ਆਟੋਮੈਟਿਕ ਸਿਗਨਲਿੰਗ ਸ਼ਾਮਲ ਹੈ ਜੋ ਇਸ ਸੈਕਸ਼ਨ ਵਿੱਚ ਕੁਸ਼ਲ ਰੇਲ ਸੰਚਾਲਨ ਨੂੰ ਸਮਰੱਥ ਬਣਾਏਗੀ। ਦਰਭੰਗਾ-ਥਲਵਾਰਾ ਅਤੇ ਸਮਸਤੀਪੁਰ-ਰਾਮਭਦਰਪੁਰ ਰੇਲ ਲਾਈਨ ਦੀ ਡਬਲਿੰਗ ਦਰਭੰਗਾ-ਸਮਸਤੀਪੁਰ ਡਬਲਿੰਗ ਪ੍ਰੋਜੈਕਟ ਦਾ ਹਿੱਸਾ 580 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰੇਲ ਸੰਚਾਲਨ ਦੀ ਸਮਰੱਥਾ ਵਧਾਏਗਾ ਅਤੇ ਦੇਰੀ ਨੂੰ ਘਟਾਏਗਾ।

ਪ੍ਰਧਾਨ ਮੰਤਰੀ ਨੇ ਕਈ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਰੇਲ ਪ੍ਰੋਜੈਕਟਾਂ ਵਿੱਚ ਪਾਟਲੀਪੁੱਤਰ ਵਿਖੇ ਵੰਦੇ ਭਾਰਤ ਟ੍ਰੇਨਾਂ ਦੇ ਰੱਖ-ਰਖਾਅ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ। ਸੁਚਾਰੂ ਰੇਲ ਸੰਚਾਲਨ ਨੂੰ ਸਮਰੱਥ ਬਣਾਉਣ ਲਈ ਭਟਨੀ-ਛਪਰਾ ਗ੍ਰਾਮੀਣ ਰੇਲ ਲਾਈਨ (114 ਕਿਲੋਮੀਟਰ) 'ਤੇ ਆਟੋਮੈਟਿਕ ਸਿਗਨਲਿੰਗ। ਟ੍ਰੈਕਸ਼ਨ ਸਿਸਟਮ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਅਤੇ ਊਰਜਾ ਕੁਸ਼ਲਤਾ ਨੂੰ ਅਨੁਕੂਲ ਬਣਾ ਕੇ ਉੱਚ ਰੇਲ ਗਤੀ ਨੂੰ ਸਮਰੱਥ ਬਣਾਉਣ ਲਈ ਭਟਨੀ-ਛਪਰਾ ਗ੍ਰਾਮੀਣ ਭਾਗ ਵਿੱਚ ਟ੍ਰੈਕਸ਼ਨ ਸਿਸਟਮ ਦਾ ਅਪਗ੍ਰੇਡੇਸ਼ਨ। ਦਰਭੰਗਾ-ਨਰਕਟੀਆਗੰਜ ਰੇਲ ਲਾਈਨ ਡਬਲਿੰਗ ਪ੍ਰੋਜੈਕਟ ਲਗਭਗ 4,080 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਵੇਗਾ ਜਿਸ ਨਾਲ ਸੈਕਸ਼ਨਲ ਸਮਰੱਥਾ ਵਧੇਗੀ, ਵਧੇਰੇ ਯਾਤਰੀ ਅਤੇ ਮਾਲ ਗੱਡੀਆਂ ਦੇ ਸੰਚਾਲਨ ਨੂੰ ਸਮਰੱਥ ਬਣਾਇਆ ਜਾਵੇਗਾ, ਉੱਤਰੀ ਬਿਹਾਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦਰਮਿਆਨ ਸੰਪਰਕ ਮਜ਼ਬੂਤ ਹੋਵੇਗਾ।

ਖੇਤਰ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਨੇ ਐੱਨਐੱਚ-319 ਦੇ ਅਰਾ ਬਾਈਪਾਸ ਦੇ 4-ਲੇਨ ਕਾਰਜ ਦਾ ਨੀਂਹ ਪੱਥਰ ਰੱਖਿਆ ਜੋ ਅਰਾ-ਮੋਹਨੀਆ ਐੱਨਐੱਚ-319 ਅਤੇ ਪਟਨਾ-ਬਕਸਰ ਐੱਨਐੱਚ-922 ਨੂੰ ਜੋੜਦਾ ਹੈ, ਜੋ ਸਹਿਜ ਸੰਪਰਕ ਪ੍ਰਦਾਨ ਕਰਦਾ ਹੈ ਅਤੇ ਯਾਤਰਾ ਦਾ ਸਮਾਂ ਘਟਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਐੱਨਐੱਚ-319 ਦੇ 820 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 4-ਲੇਨ ਪਰਾਰੀਆ ਤੋਂ ਮੋਹਨੀਆ ਸੈਕਸ਼ਨ ਦਾ ਉਦਘਾਟਨ ਵੀ ਕੀਤਾ, ਜੋ ਐੱਨਐੱਚ-319 ਦਾ ਹਿੱਸਾ ਹੈ ਜੋ ਅਰਾ ਕਸਬੇ ਨੂੰ ਐੱਨਐੱਚ-02 (ਗੋਲਡਨ ਚਤੁਰਭੁਜ) ਨਾਲ ਜੋੜਦਾ ਹੈ, ਜੋ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਨੂੰ ਬਿਹਤਰ ਬਣਾਏਗਾ। ਹੋਰਨਾਂ ਦੇ ਨਾਲ, ਐੱਨਐੱਚ-333ਸੀ ਦੇ ਸਰਵਣ ਤੋਂ ਚੱਕਾਈ ਤੱਕ ਪੱਕੀ ਸੜਕ ਵਾਲਾ 2-ਲੇਨ ਰੋਡ ਮਾਲ ਅਤੇ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਅਤੇ ਬਿਹਾਰ ਅਤੇ ਝਾਰਖੰਡ ਦਰਮਿਆਨ ਇੱਕ ਮੁੱਖ ਲਿੰਕ ਵਜੋਂ ਕੰਮ ਕਰੇਗਾ।

ਪ੍ਰਧਾਨ ਮੰਤਰੀ ਨੇ ਦਰਭੰਗਾ ਵਿਖੇ ਨਵੇਂ ਸਾਫਟਵੇਅਰ ਟੈਕਨੋਲੋਜੀ ਪਾਰਕ ਆਫ਼ ਇੰਡੀਆ (ਐੱਸਟੀਪੀਆਈ) ਸਹੂਲਤ ਅਤੇ ਆਈਟੀ/ਆਈਟੀਈਐੱਸ/ਈਐੱਸਡੀਐੱਮ ਉਦਯੋਗ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਪਟਨਾ ਵਿਖੇ ਐੱਸਟੀਪੀਆਈ ਦੀ ਅਤਿ-ਆਧੁਨਿਕ ਇਨਕਿਊਬੇਸ਼ਨ ਸਹੂਲਤ ਦਾ ਉਦਘਾਟਨ ਕੀਤਾ। ਇਹ ਸਹੂਲਤਾਂ ਆਈਟੀ ਸਾਫਟਵੇਅਰ ਅਤੇ ਸੇਵਾ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰਨਗੀਆਂ। ਇਹ ਉੱਭਰ ਰਹੇ ਉੱਦਮੀਆਂ ਲਈ ਤਕਨੀਕੀ ਸਟਾਰਟਅੱਪ ਈਕੋਸਿਸਟਮ ਨੂੰ ਵੀ ਪੋਸ਼ਣ ਦੇਵੇਗੀ, ਨਵੀਨਤਾ, ਆਈਪੀਆਰ ਅਤੇ ਉਤਪਾਦ ਵਿਕਾਸ ਨੂੰ ਉਤਸ਼ਾਹਿਤ ਕਰੇਗੀ।

ਬਿਹਾਰ ਵਿੱਚ ਮੱਛੀ ਪਾਲਣ ਅਤੇ ਐਕੁਆਕਲਚਰ ਖੇਤਰ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡੇ ਕਦਮ ਤਹਿਤ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਮਨਜ਼ੂਰ ਕੀਤੇ ਗਏ ਮੱਛੀ ਪਾਲਣ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਉਦਘਾਟਨ ਕੀਤਾ। ਇਹ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਆਂ ਮੱਛੀ ਪਾਲਣ ਹੈਚਰੀਆਂ, ਬਾਇਓਫਲੋਕ ਯੂਨਿਟਾਂ, ਸਜਾਵਟੀ ਮੱਛੀ ਪਾਲਣ, ਏਕੀਕ੍ਰਿਤ ਐਕੁਆਕਲਚਰ ਇਕਾਈਆਂ ਅਤੇ ਮੱਛੀ ਫੀਡ ਮਿੱਲਾਂ ਸਮੇਤ ਆਧੁਨਿਕ ਮੱਛੀ ਪਾਲਣ ਬੁਨਿਆਦੀ ਢਾਂਚੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।ਐਕੁਆਕਲਚਰ ਪ੍ਰੋਜੈਕਟ ਬਿਹਾਰ ਦੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਮੱਛੀ ਉਤਪਾਦਨ ਵਧਾਉਣ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਕਰਨਗੇ।

 

ਭਵਿੱਖ ਲਈ ਤਿਆਰ ਰੇਲਵੇ ਨੈੱਟਵਰਕ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਰਾਜੇਂਦਰ ਨਗਰ ਟਰਮੀਨਲ (ਪਟਨਾ) ਤੋਂ ਨਵੀਂ ਦਿੱਲੀ, ਬਾਪੂਧਾਮ ਮੋਤੀਹਾਰੀ ਤੋਂ ਦਿੱਲੀ (ਆਨੰਦ ਵਿਹਾਰ ਟਰਮੀਨਲ), ਦਰਭੰਗਾ ਤੋਂ ਲਖਨਊ (ਗੋਮਤੀ ਨਗਰ) ਅਤੇ ਮਾਲਦਾ ਟਾਊਨ ਤੋਂ ਲਖਨਊ (ਗੋਮਤੀ ਨਗਰ) ਵਾਇਆ ਭਾਗਲਪੁਰ ਤੱਕ ਚਾਰ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ, ਜਿਸ ਨਾਲ ਖੇਤਰ ਵਿੱਚ ਸੰਪਰਕ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਬਿਹਾਰ ਵਿੱਚ ਲਗਭਗ 61,500 ਸਵੈ-ਸਹਾਇਤਾ ਸਮੂਹਾਂ ਨੂੰ 400 ਕਰੋੜ ਰੁਪਏ ਵੀ ਜਾਰੀ ਕੀਤੇ। ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ, 10 ਕਰੋੜ ਤੋਂ ਵੱਧ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀਜ਼) ਨਾਲ ਜੁੜੀਆਂ ਹਨ।

 

ਪ੍ਰਧਾਨ ਮੰਤਰੀ ਨੇ ਗ੍ਰਹਿ ਪ੍ਰਵੇਸ਼ ਤਹਿਤ 12,000 ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ 40,000 ਲਾਭਪਾਤਰੀਆਂ ਨੂੰ 160 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕੀਤੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions