ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹੁਣੇ ਸੁਣੇ ਗਏ ਮੰਤਰਾਂ ਦੀ ਊਰਜਾ ਹਾਲੇ ਵੀ ਹਰ ਕੋਈ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਦੋਂ ਵੀ ਉਹ ਇਸ ਸਮੂਹ ਦੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਬ੍ਰਹਮ ਅਤੇ ਅਸਧਾਰਨ ਭਾਵਨਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਇਸ ਭਾਵਨਾ ਦਾ ਸਿਹਰਾ ਸਵਾਮੀ ਦਯਾਨੰਦ ਜੀ ਦੇ ਆਸ਼ੀਰਵਾਦ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਸਵਾਮੀ ਦਯਾਨੰਦ ਜੀ ਦੇ ਆਦਰਸ਼ਾਂ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਨੇ ਮੌਜੂਦ ਸਾਰੇ ਵਿਚਾਰਕਾਂ ਨਾਲ ਆਪਣੇ ਦਹਾਕਿਆਂ ਪੁਰਾਣੇ ਸਬੰਧਾਂ ਦਾ ਜ਼ਿਕਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਉਨ੍ਹਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਮਿਲਦੇ ਹਨ ਅਤੇ ਗੱਲਬਾਤ ਕਰਦੇ ਹਨ ਤਾਂ ਉਹ ਇੱਕ ਖ਼ਾਸ ਊਰਜਾ ਅਤੇ ਵਿਲੱਖਣ ਪ੍ਰੇਰਨਾ ਨਾਲ ਭਰ ਜਾਂਦੇ ਹਨ।
ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਪਿਛਲੇ ਸਾਲ ਗੁਜਰਾਤ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਜਨਮ ਸਥਾਨ 'ਤੇ ਇੱਕ ਖ਼ਾਸ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਸੁਨੇਹੇ ਜ਼ਰੀਏ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਦਿੱਲੀ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਸਮਾਰੋਹ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਵੈਦਿਕ ਵੇਦ ਮੰਤਰਾਂ ਦੇ ਜਾਪ ਦੀ ਊਰਜਾ, ਉਹ ਹਵਨ ਰਸਮ, ਅਜਿਹਾ ਲਗਦਾ ਹੈ ਜਿਵੇਂ ਉਹ ਸਭ ਕੱਲ੍ਹ ਦੀ ਹੀ ਗੱਲ ਹੋਵੇ।

ਪ੍ਰਧਾਨ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ ਪਿਛਲੇ ਆਯੋਜਨ ਵਿੱਚ, ਸਾਰੇ ਭਾਗੀਦਾਰਾਂ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਦੋ-ਸ਼ਤਾਬਦੀ ਸਮਾਗਮਾਂ ਨੂੰ ਦੋ ਸਾਲਾਂ ਤੱਕ ਇੱਕ 'ਵਿਚਾਰ ਯਾਜਨਾ' ਵਜੋਂ ਜਾਰੀ ਰੱਖਣ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਹ ਨਿਰਵਿਘਨ ਬੌਧਿਕ ਆਯੋਜਨ ਪੂਰੀ ਮਿਆਦ ਤੱਕ ਜਾਰੀ ਰਿਹਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਿਆਦ ਦੌਰਾਨ ਕੀਤੇ ਗਏ ਯਤਨਾਂ ਅਤੇ ਸਮਾਗਮਾਂ ਬਾਰੇ ਨਿਯਮਿਤ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ, ਇੱਕ ਵਾਰ ਫਿਰ, ਉਨ੍ਹਾਂ ਨੂੰ ਆਰੀਆ ਸਮਾਜ ਦੇ 150ਵੇਂ ਸਥਾਪਨਾ ਸਾਲ ਸਮਾਗਮ ਵਿੱਚ ਆਪਣੀ ਦਿਲੋਂ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸਵਾਮੀ ਦਯਾਨੰਦ ਸਰਸਵਤੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਕੌਮਾਂਤਰੀ ਸੰਮੇਲਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੌਕੇ 'ਤੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਾ ਉਨ੍ਹਾਂ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਆਰੀਆ ਸਮਾਜ ਦੀ 150ਵੀਂ ਵਰ੍ਹੇਗੰਢ ਸਿਰਫ਼ ਕਿਸੇ ਖ਼ਾਸ ਭਾਈਚਾਰੇ ਜਾਂ ਸੰਪਰਦਾ ਦਾ ਮੌਕਾ ਨਹੀਂ ਹੈ - ਇਹ ਪੂਰੇ ਰਾਸ਼ਟਰ ਦੀ ਵੈਦਿਕ ਪਛਾਣ ਨਾਲ ਡੂੰਘਾਈ ਨਾਲ ਜੁੜਿਆ ਜਸ਼ਨ ਹੈ।" ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਦਾਰਸ਼ਨਿਕ ਰਵਾਇਤ ਨਾਲ ਜੁੜਿਆ ਹੈ, ਜਿਸ ਵਿੱਚ ਗੰਗਾ ਦੇ ਵਹਾਅ ਦੀ ਤਰ੍ਹਾਂ ਸਵੈ-ਸ਼ੁੱਧੀਕਰਨ ਦੀ ਤਾਕਤ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਮੌਕਾ ਸਮਾਜਿਕ ਸੁਧਾਰ ਦੀ ਉਸ ਮਹਾਨ ਵਿਰਾਸਤ ਵਿੱਚ ਸਮੋਇਆ ਹੈ, ਜਿਸ ਨੂੰ ਆਰੀਆ ਸਮਾਜ ਨੇ ਲਗਾਤਾਰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਨੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਵਿਚਾਰਧਾਰਕ ਤਾਕਤ ਪ੍ਰਦਾਨ ਕੀਤੀ। ਉਨ੍ਹਾਂ ਨੇ ਲਾਲਾ ਲਾਜਪਤ ਰਾਏ ਅਤੇ ਸ਼ਹੀਦ ਰਾਮਪ੍ਰਸਾਦ ਬਿਸਮਿਲ ਜਿਹੇ ਕਈ ਕ੍ਰਾਂਤੀਕਾਰੀਆਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੇ ਆਰੀਆ ਸਮਾਜ ਤੋਂ ਪ੍ਰੇਰਨਾ ਲਈ ਅਤੇ ਆਜ਼ਾਦੀ ਸੰਘਰਸ਼ ਲਈ ਆਪਣੇ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਰਾਜਨੀਤਿਕ ਕਾਰਨਾਂ ਕਰਕੇ, ਆਜ਼ਾਦੀ ਅੰਦੋਲਨ ਵਿੱਚ ਆਰੀਆ ਸਮਾਜ ਦੀ ਅਹਿਮ ਭੂਮਿਕਾ ਨੂੰ ਉਹ ਮਾਨਤਾ ਨਹੀਂ ਮਿਲੀ ਜਿਸਦਾ ਉਹ ਅਸਲ ਵਿੱਚ ਹੱਕਦਾਰ ਸੀ।

ਇਹ ਜ਼ਿਕਰ ਕਰਦੇ ਹੋਏ ਕਿ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਆਰੀਆ ਸਮਾਜ ਵਫ਼ਾਦਾਰ ਦੇਸ਼ ਭਗਤਾਂ ਦੀ ਸੰਸਥਾ ਰਿਹਾ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਆਰੀਆ ਸਮਾਜ ਨੇ ਨਿਡਰਤਾ ਨਾਲ ਭਾਰਤੀਅਤਾ ਦੇ ਸਾਰ ਨੂੰ ਕਾਇਮ ਰੱਖਿਆ ਹੈ ਅਤੇ ਉਸਦਾ ਪ੍ਰਚਾਰ-ਪ੍ਰਸਾਰ ਕੀਤਾ ਹੈ।" ਉਨ੍ਹਾਂ ਨੇ ਕਿਹਾ ਕਿ ਭਾਵੇਂ ਭਾਰਤ-ਵਿਰੋਧੀ ਵਿਚਾਰਧਾਰਾਵਾਂ ਹੋਣ, ਵਿਦੇਸ਼ੀ ਸਿਧਾਂਤਾਂ ਨੂੰ ਥੋਪਣ ਦੀਆਂ ਕੋਸ਼ਿਸ਼ਾਂ ਹੋਣ, ਵੰਡ ਪਾਊ ਮਾਨਸਿਕਤਾਵਾਂ ਹੋਣ ਜਾਂ ਸਭਿਆਚਾਰਕ ਤਾਣੇ-ਬਾਣੇ ਨੂੰ ਦੂਸ਼ਿਤ ਕਰਨ ਦੇ ਯਤਨ ਹੋਣ, ਆਰੀਆ ਸਮਾਜ ਨੇ ਹਮੇਸ਼ਾ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਆਰੀਆ ਸਮਾਜ ਦੇ 150ਵੇਂ ਸਾਲ ਦੇ ਮੌਕੇ 'ਤੇ ਸਮਾਜ ਅਤੇ ਰਾਸ਼ਟਰ, ਦਯਾਨੰਦ ਸਰਸਵਤੀ ਜੀ ਦੇ ਮਹਾਨ ਆਦਰਸ਼ਾਂ ਨੂੰ ਇੰਨੇ ਸ਼ਾਨਦਾਰ ਅਤੇ ਸਾਰਥਕ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ।
ਧਾਰਮਿਕ ਜਾਗ੍ਰਿਤੀ ਰਾਹੀਂ ਇਤਿਹਾਸ ਨੂੰ ਨਵੀਂ ਦਿਸ਼ਾ ਦੇਣ ਵਾਲੇ ਸਵਾਮੀ ਸ਼ਰਧਾਨੰਦ ਜਿਹੇ ਆਰੀਆ ਸਮਾਜ ਦੇ ਅਨੇਕਾਂ ਵਿਦਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਪਲ ਵਿੱਚ ਅਜਿਹੀਆਂ ਮਹਾਨ ਆਤਮਾਵਾਂ ਦੀ ਊਰਜਾ ਅਤੇ ਆਸ਼ੀਰਵਾਦ ਮੌਜੂਦ ਹੈ। ਮੰਚ ਤੋਂ ਉਨ੍ਹਾਂ ਨੇ ਇਨ੍ਹਾਂ ਅਣਗਿਣਤ ਮਹਾਨ ਆਤਮਾਵਾਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸਿਜਦਾ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਈ ਮਾਅਨਿਆਂ ਵਿੱਚ ਵਿਲੱਖਣ ਹੈ - ਭਾਰਤ ਦੀ ਧਰਤੀ, ਇਸ ਦੀ ਸਭਿਅਤਾ ਅਤੇ ਇਸਦੀ ਵੈਦਿਕ ਰਵਾਇਤ ਯੁਗਾਂ-ਯੁਗਾਂ ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਨਵੀਆਂ ਚੁਣੌਤੀਆਂ ਆਉਂਦੀਆਂ ਹਨ ਅਤੇ ਸਮਾਂ ਨਵੇਂ ਸਵਾਲ ਚੁੱਕਦਾ ਹੈ ਤਾਂ ਕੋਈ ਨਾ ਕੋਈ ਮਹਾਨ ਪੁਰਸ਼ ਜਵਾਬ ਲੈ ਕੇ ਸਮਾਜ ਦੇ ਸਾਹਮਣੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦਾ ਮਾਰਗ-ਦਰਸ਼ਨ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਰਿਸ਼ੀ, ਪੈਗੰਬਰ ਜਾਂ ਵਿਦਵਾਨ ਅੱਗੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਜੀ ਇਸ ਮਹਾਨ ਰਵਾਇਤ ਦੇ ਅਜਿਹੇ ਹੀ ਇੱਕ ਮਹਾਰਿਸ਼ੀ ਸਨ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਸਵਾਮੀ ਦਯਾਨੰਦ ਜੀ ਦਾ ਜਨਮ ਬਸਤੀਵਾਦੀ ਗ਼ੁਲਾਮੀ ਦੇ ਯੁੱਗ ਵਿੱਚ ਹੋਇਆ ਸੀ, ਜਦੋਂ ਸਦੀਆਂ ਦੀ ਗ਼ੁਲਾਮੀ ਨੇ ਰਾਸ਼ਟਰ ਅਤੇ ਸਮਾਜ ਨੂੰ ਤਬਾਹ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਅੰਧ-ਵਿਸ਼ਵਾਸ ਅਤੇ ਸਮਾਜਿਕ ਬੁਰਾਈਆਂ ਨੇ ਵਿਚਾਰ ਅਤੇ ਚਿੰਤਨ ਦੀ ਥਾਂ ਲੈ ਲਈ ਸੀ ਅਤੇ ਅੰਗਰੇਜ਼ਾਂ ਨੇ ਬਸਤੀਵਾਦੀ ਸ਼ਾਸਨ ਨੂੰ ਜਾਇਜ਼ ਠਹਿਰਾਉਣ ਲਈ ਭਾਰਤੀ ਰਿਵਾਇਤਾਂ ਅਤੇ ਵਿਸ਼ਵਾਸਾਂ ਨੂੰ ਬਦਨਾਮ ਕੀਤਾ ਸੀ। ਅਜਿਹੇ ਹਾਲਾਤ ਵਿੱਚ, ਸਮਾਜ ਨਵੇਂ, ਮੌਲਿਕ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਹਿੰਮਤ ਗੁਆ ਚੁੱਕਾ ਸੀ। ਅਜਿਹੇ ਹੀ ਔਖੇ ਸਮਿਆਂ ਵਿੱਚ ਇੱਕ ਨੌਜਵਾਨ ਤਪੱਸਵੀ ਦਾ ਉਭਾਰ ਹੋਇਆ, ਜਿਸਨੇ ਹਿਮਾਲਿਆ ਦੇ ਔਖੇ ਅਤੇ ਸਖ਼ਤ ਇਲਾਕਿਆਂ ਵਿੱਚ ਡੂੰਘਾ ਧਿਆਨ ਕੀਤਾ, ਸਖ਼ਤ ਤਪੱਸਿਆ ਰਾਹੀਂ ਖ਼ੁਦ ਨੂੰ ਪਰਖਿਆ। ਆਪਣੀ ਵਾਪਸੀ 'ਤੇ, ਉਨ੍ਹਾਂ ਨੇ ਹੀਣਤਾ ਵਿੱਚ ਫ਼ਸੇ ਭਾਰਤੀ ਸਮਾਜ ਨੂੰ ਹਿਲਾ ਦਿੱਤਾ। ਅਜਿਹੇ ਸਮੇਂ ਵਿੱਚ ਜਦੋਂ ਸਮੁੱਚਾ ਬ੍ਰਿਟਿਸ਼ ਸਾਮਰਾਜ ਭਾਰਤੀ ਪਛਾਣ ਨੂੰ ਕਮਜ਼ੋਰ ਸਮਝਣ ਵਿੱਚ ਲੱਗਿਆ ਹੋਇਆ ਸੀ ਅਤੇ ਸਮਾਜਿਕ ਆਦਰਸ਼ਾਂ ਅਤੇ ਨੈਤਿਕਤਾ ਦੇ ਪਤਨ ਨੂੰ ਆਧੁਨਿਕੀਕਰਨ ਵਜੋਂ ਪੇਸ਼ ਕੀਤਾ ਜਾ ਰਿਹਾ ਸੀ, ਇਸ ਆਤਮ-ਵਿਸ਼ਵਾਸੀ ਰਿਸ਼ੀ ਨੇ ਆਪਣੇ ਸਮਾਜ ਨੂੰ ਸੱਦਾ ਦਿੱਤਾ - "ਵੇਦਾਂ ਵੱਲ ਵਾਪਸ ਪਰਤੋ"! ਪ੍ਰਧਾਨ ਮੰਤਰੀ ਨੇ ਸਵਾਮੀ ਦਯਾਨੰਦ ਜੀ ਨੂੰ ਇੱਕ ਅਸਧਾਰਨ ਸ਼ਖ਼ਸੀਅਤ ਦੱਸਿਆ, ਜਿਨ੍ਹਾਂ ਨੇ ਬਸਤੀਵਾਦੀ ਸ਼ਾਸਨ ਦੌਰਾਨ ਦੱਬੀ ਹੋਈ ਰਾਸ਼ਟਰੀ ਚੇਤਨਾ ਨੂੰ ਮੁੜ ਸੁਰਜੀਤ ਕੀਤਾ।

ਸ਼੍ਰੀ ਮੋਦੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸਵਾਮੀ ਦਯਾਨੰਦ ਸਰਸਵਤੀ ਜੀ ਸਮਝਦੇ ਸਨ ਕਿ ਭਾਰਤ ਦੀ ਤਰੱਕੀ ਲਈ, ਸਿਰਫ਼ ਬਸਤੀਵਾਦੀ ਸ਼ਾਸਨ ਦੀਆਂ ਜ਼ੰਜੀਰਾਂ ਤੋੜਨਾ ਹੀ ਕਾਫ਼ੀ ਨਹੀਂ ਹੈ - ਭਾਰਤ ਨੂੰ ਆਪਣੇ ਸਮਾਜ ਦੇ ਇਨ੍ਹਾਂ ਜਕੜੇ ਹੋਏ ਬੰਧਨਾਂ ਨੂੰ ਵੀ ਤੋੜਨਾ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਵਾਮੀ ਦਯਾਨੰਦ ਜੀ ਨੇ ਜਾਤ-ਅਧਾਰਿਤ ਵਿਤਕਰੇ ਅਤੇ ਛੂਤ-ਛਾਤ ਨੂੰ ਨਕਾਰ ਦਿੱਤਾ। ਉਨ੍ਹਾਂ ਨੇ ਅਨਪੜ੍ਹਤਾ ਦੇ ਖ਼ਿਲਾਫ਼ ਮੁਹਿੰਮ ਚਲਾਈ ਅਤੇ ਵੇਦਾਂ ਅਤੇ ਸ਼ਾਸਤਰਾਂ ਦੀ ਵਿਆਖਿਆ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਵਿਦੇਸ਼ੀ ਬਿਰਤਾਂਤਾਂ ਦਾ ਸਾਹਮਣਾ ਕੀਤਾ ਅਤੇ ਸ਼ਾਸਤਰਾਰਥ ਦੇ ਰਵਾਇਤੀ ਢੰਗ ਰਾਹੀਂ ਸਚਾਈ ਨੂੰ ਕਾਇਮ ਰੱਖਿਆ। ਪ੍ਰਧਾਨ ਮੰਤਰੀ ਨੇ ਸਵਾਮੀ ਦਯਾਨੰਦ ਜੀ ਨੂੰ ਇੱਕ ਦੂਰਦਰਸ਼ੀ ਸੰਤ ਦੱਸਿਆ, ਜਿਨ੍ਹਾਂ ਨੇ ਵਿਅਕਤੀਗਤ ਅਤੇ ਸਮਾਜਿਕ ਵਿਕਾਸ, ਦੋਵਾਂ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਨੂੰ ਪਛਾਣਿਆ ਅਤੇ ਉਸ ਮਾਨਸਿਕਤਾ ਨੂੰ ਚੁਣੌਤੀ ਦਿੱਤੀ ਜੋ ਮਹਿਲਾਵਾਂ ਨੂੰ ਘਰ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਰੱਖਦੀ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ, ਆਰੀਆ ਸਮਾਜ ਸਕੂਲਾਂ ਨੇ ਕੁੜੀਆਂ ਨੂੰ ਸਿੱਖਿਅਤ ਕਰਨਾ ਸ਼ੁਰੂ ਕੀਤਾ ਅਤੇ ਜਲੰਧਰ ਵਿੱਚ ਸ਼ੁਰੂ ਹੋਇਆ ਕੁੜੀਆਂ ਦਾ ਸਕੂਲ ਜਲਦੀ ਹੀ ਇੱਕ ਸੰਪੂਰਨ ਮਹਿਲਾ ਕਾਲਜ ਵਿੱਚ ਵਿਕਸਿਤ ਹੋ ਗਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅਜਿਹੇ ਆਰੀਆ ਸਮਾਜ ਅਦਾਰਿਆਂ ਵਿੱਚ ਪੜ੍ਹੀਆਂ ਲੱਖਾਂ ਕੁੜੀਆਂ ਹੁਣ ਰਾਸ਼ਟਰ ਦੀ ਨੀਂਹ ਨੂੰ ਮਜ਼ਬੂਤ ਕਰ ਰਹੀਆਂ ਹਨ।
ਮੰਚ ‘ਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੀ ਮੌਜੂਦਗੀ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਾਲੇ ਦੋ ਦਿਨ ਪਹਿਲਾਂ ਹੀ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸਕਵਾਡ੍ਰਨ ਲੀਡਰ ਸ਼ਿਵਾਂਗੀ ਸਿੰਘ ਨਾਲ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਨ ਭਰੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀਆਂ ਧੀਆਂ ਲੜਾਕੂ ਜਹਾਜ਼ ਉਡਾ ਰਹੀਆਂ ਹਨ ਅਤੇ "ਡ੍ਰੋਨ ਦੀਦੀ" ਵਜੋਂ ਆਧੁਨਿਕ ਖੇਤੀਬਾੜੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਭਾਰਤ ਅੰਦਰ ਹੁਣ ਦੁਨੀਆ ਵਿੱਚ ਸਭ ਤੋਂ ਵੱਧ ਮਹਿਲਾ ਐੱਸਟੀਈਐੱਮ ਗ੍ਰੈਜੂਏਟ ਹਨ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਮਹਿਲਾਵਾਂ ਤੇਜ਼ੀ ਨਾਲ ਲੀਡਰਸ਼ਿਪ ਭੂਮਿਕਾਵਾਂ ਨਿਭਾ ਰਹੀਆਂ ਹਨ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੇ ਪ੍ਰਮੁੱਖ ਖੋਜ ਅਦਾਰਿਆਂ ਵਿੱਚ ਮਹਿਲਾ ਵਿਗਿਆਨੀ ਮੰਗਲਯਾਨ, ਚੰਦਰਯਾਨ ਅਤੇ ਗਗਨਯਾਨ ਵਰਗੇ ਪੁਲਾੜ ਮਿਸ਼ਨਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਰਤਨਸ਼ੀਲ ਤਰੱਕੀ ਇਸ ਗੱਲ ਦਾ ਇਸ਼ਾਰਾ ਹੈ ਕਿ ਦੇਸ਼ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਸਵਾਮੀ ਦਯਾਨੰਦ ਜੀ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਅਕਸਰ ਸਵਾਮੀ ਦਯਾਨੰਦ ਜੀ ਦੇ ਖ਼ਾਸ ਵਿਚਾਰਾਂ 'ਤੇ ਚਿੰਤਨ ਕਰਦੇ ਹਨ, ਜਿਨ੍ਹਾਂ ਨੂੰ ਉਹ ਅਕਸਰ ਦੂਜਿਆਂ ਤੱਕ ਵੀ ਪਹੁੰਚਾਉਂਦੇ ਹਨ। ਸਵਾਮੀ ਜੀ ਨੇ ਕਿਹਾ ਸੀ, "ਜੋ ਵਿਅਕਤੀ ਘੱਟ ਤੋਂ ਘੱਟ ਖ਼ਪਤ ਕਰਦਾ ਹੈ ਅਤੇ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਉਹ ਸੱਚਾ ਪਰਿਪੱਕ ਹੁੰਦਾ ਹੈ।" ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੁਝ ਸ਼ਬਦਾਂ ਵਿੱਚ ਇੰਨਾ ਡੂੰਘਾ ਗਿਆਨ ਲੁਕਿਆ ਹੈ ਕਿ ਸ਼ਾਇਦ ਉਨ੍ਹਾਂ ਦੀ ਵਿਆਖਿਆ ਕਰਨ ਲਈ ਪੂਰੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਕਿਸੇ ਵਿਚਾਰ ਦੀ ਅਸਲ ਤਾਕਤ ਸਿਰਫ਼ ਇਸਦੇ ਅਰਥ ਵਿੱਚ ਨਹੀਂ, ਸਗੋਂ ਇਸ ਗੱਲ ਵਿੱਚ ਸਮੋਈ ਹੈ ਕਿ ਉਹ ਕਿੰਨੇ ਸਮੇਂ ਤੱਕ ਟਿਕਦਾ ਹੈ ਅਤੇ ਕਿੰਨੀਆਂ ਜ਼ਿੰਦਗੀਆਂ ਬਦਲ ਦਿੰਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਅਸੀਂ ਇਸ ਮਾਪਦੰਡ 'ਤੇ ਮਹਾਰਿਸ਼ੀ ਦਯਾਨੰਦ ਜੀ ਦੇ ਵਿਚਾਰਾਂ ਦਾ ਮੁਲਾਂਕਣ ਕਰਦੇ ਹਾਂ ਅਤੇ ਆਰੀਆ ਸਮਾਜ ਦੇ ਸਮਰਪਿਤ ਪੈਰੋਕਾਰਾਂ ਦਾ ਨਿਰੀਖਣ ਕਰਦੇ ਹਾਂ, ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਵਿਚਾਰ ਸਮੇਂ ਦੇ ਨਾਲ ਹੋਰ ਵੀ ਵਧੇਰੇ ਡੂੰਘੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਸਵਾਮੀ ਦਯਾਨੰਦ ਸਰਸਵਤੀ ਜੀ ਵੱਲੋਂ ਆਪਣੇ ਜੀਵਨ ਕਾਲ ਵਿੱਚ ਪਰੋਪਕਾਰਿਣੀ ਸਭਾ ਦੀ ਸਥਾਪਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਵਾਮੀ ਜੀ ਵੱਲੋਂ ਬੀਜਿਆ ਗਿਆ ਬੀਜ ਅੱਜ ਇੱਕ ਵੱਡਾ ਦਰਖ਼ਤ ਬਣ ਗਿਆ ਹੈ, ਜਿਸ ਦੀਆਂ ਅਨੇਕਾਂ ਟਾਹਣੀਆਂ ਹਨ, ਜਿਨ੍ਹਾਂ ਵਿੱਚ ਗੁਰੂਕੁਲ ਕਾਂਗੜੀ, ਗੁਰੂਕੁਲ ਕੁਰੂਕਸ਼ੇਤਰ, ਡੀਏਵੀ ਅਤੇ ਹੋਰ ਵਿਦਿਅਕ ਕੇਂਦਰ ਸ਼ਾਮਿਲ ਹਨ। ਇਹ ਸਾਰੇ ਆਪਣੇ-ਆਪਣੇ ਖੇਤਰਾਂ ਵਿੱਚ ਲਗਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਦੋਂ ਵੀ ਰਾਸ਼ਟਰ ‘ਤੇ ਸੰਕਟ ਆਇਆ ਹੈ, ਆਰੀਆ ਸਮਾਜ ਦੇ ਮੈਂਬਰਾਂ ਨੇ ਨਿਰਸਵਾਰਥ ਭਾਵਨਾ ਨਾਲ ਆਪਣੇ ਸਾਥੀ ਨਾਗਰਿਕਾਂ ਦੀ ਸੇਵਾ ਵਿੱਚ ਖ਼ੁਦ ਨੂੰ ਸਮਰਪਿਤ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਵੰਡ ਦੀ ਭਿਆਨਕਤਾ ਦੌਰਾਨ ਆਪਣਾ ਸਭ ਕੁਝ ਗੁਆ ਕੇ ਭਾਰਤ ਆਏ ਸ਼ਰਨਾਰਥੀਆਂ ਦੀ ਸਹਾਇਤਾ, ਪੁਨਰਵਾਸ ਅਤੇ ਸਿੱਖਿਆ ਵਿੱਚ ਆਰੀਆ ਸਮਾਜ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ - ਇੱਕ ਅਜਿਹਾ ਯੋਗਦਾਨ ਜੋ ਇਤਿਹਾਸ ਵਿੱਚ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ, ਆਰੀਆ ਸਮਾਜ ਕੁਦਰਤੀ ਆਫ਼ਤਾਂ ਦੌਰਾਨ ਪੀੜਤਾਂ ਦੀ ਸੇਵਾ ਕਰਨ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ।
ਆਰੀਆ ਸਮਾਜ ਦੇ ਅਨੇਕਾਂ ਯੋਗਦਾਨਾਂ ਵਿੱਚੋਂ ਇੱਕ, ਭਾਰਤ ਦੀ ਗੁਰੂਕੁਲ ਰਵਾਇਤ ਨੂੰ ਸੁਰੱਖਿਅਤ ਰੱਖਣ ਵਿੱਚ ਉਸਦੀ ਭੂਮਿਕਾ ਨੂੰ ਸਭ ਤੋਂ ਅਹਿਮ ਦੱਸਦੇ ਹੋਏ ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਗੁਰੂਕੁਲਾਂ ਦੀ ਤਾਕਤ ਦੇ ਕਾਰਨ ਹੀ ਭਾਰਤ ਗਿਆਨ ਅਤੇ ਵਿਗਿਆਨ ਦੇ ਸਿਖਰ 'ਤੇ ਸੀ। ਬਸਤੀਵਾਦੀ ਸ਼ਾਸਨ ਦੌਰਾਨ, ਇਸ ਵਿਵਸਥਾ 'ਤੇ ਜਾਣਬੁੱਝ ਕੇ ਹਮਲੇ ਕੀਤੇ ਗਏ, ਜਿਸ ਕਰਕੇ ਗਿਆਨ ਦੀ ਤਬਾਹੀ ਹੋਈ, ਕਦਰਾਂ-ਕੀਮਤਾਂ ਦਾ ਖੋਰਾ ਹੋਇਆ ਅਤੇ ਨਵੀਂ ਪੀੜ੍ਹੀ ਕਮਜ਼ੋਰ ਹੋਈ। ਆਰੀਆ ਸਮਾਜ ਨੇ ਢਹਿੰਦੀ ਗੁਰੂਕੁਲ ਰਵਾਇਤ ਨੂੰ ਬਚਾਉਣ ਲਈ ਅੱਗੇ ਕਦਮ ਵਧਾਏ। ਇਸਨੇ ਨਾ ਸਿਰਫ਼ ਰਵਾਇਤ ਨੂੰ ਸੁਰੱਖਿਅਤ ਰੱਖਿਆ, ਬਲਕਿ ਆਧੁਨਿਕ ਸਿੱਖਿਆ ਨੂੰ ਏਕੀਕ੍ਰਿਤ ਕਰਕੇ ਸਮੇਂ ਦੇ ਨਾਲ ਇਸ ਨੂੰ ਸੁਧਾਰਿਆ ਵੀ। ਪ੍ਰਧਾਨ ਮੰਤਰੀ ਨੇ ਮੰਨਿਆ ਕਿ ਦੇਸ਼ ਹੁਣ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ ਸਿੱਖਿਆ ਨੂੰ ਕਦਰਾਂ-ਕੀਮਤਾਂ ਅਤੇ ਚਰਿੱਤਰ ਨਿਰਮਾਣ ਨਾਲ ਜੋੜ ਰਿਹਾ ਹੈ, ਉਹ ਭਾਰਤ ਦੇ ਗਿਆਨ ਦੀ ਪਵਿੱਤਰ ਰਵਾਇਤ ਦੀ ਰੱਖਿਆ ਲਈ ਆਰੀਆ ਸਮਾਜ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਨ।
ਵੈਦਿਕ ਸਲੋਕ "ਕ੍ਰਿਣਵੰਤੋ ਵਿਸ਼ਵਮਾਰਯਮ" (कृण्वन्तो विश्वमार्यम्) ਜਿਸਦਾ ਮਤਲਬ ਹੈ "ਆਓ ਆਪਾਂ ਪੂਰੀ ਦੁਨੀਆ ਨੂੰ ਬਿਹਤਰ ਬਣਾਈਏ ਅਤੇ ਇਸ ਨੂੰ ਬਿਹਤਰ ਵਿਚਾਰਾਂ ਵੱਲ ਲੈ ਜਾਈਏ”, ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਦਯਾਨੰਦ ਜੀ ਨੇ ਇਸ ਸਲੋਕ ਨੂੰ ਆਰੀਆ ਸਮਾਜ ਦੇ ਮਾਰਗ-ਦਰਸ਼ਕ ਆਦਰਸ਼ ਵਾਕ ਵਜੋਂ ਅਪਣਾਇਆ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਸਲੋਕ ਹੁਣ ਭਾਰਤ ਦੀ ਵਿਕਾਸ ਯਾਤਰਾ ਦਾ ਅਧਾਰ ਮੰਤਰ ਹੈ - ਜਿੱਥੇ ਭਾਰਤ ਦੀ ਤਰੱਕੀ ਸੰਸਾਰ ਭਲਾਈ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਇਸਦੀ ਖ਼ੁਸ਼ਹਾਲੀ ਮਨੁੱਖਤਾ ਦੀ ਸੇਵਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਟਿਕਾਊ ਵਿਕਾਸ ਦੇ ਖੇਤਰ ਵਿੱਚ ਭਾਰਤ ਇੱਕ ਮੋਹਰੀ ਵਿਸ਼ਵ ਆਵਾਜ਼ ਬਣ ਗਿਆ ਹੈ। ਸਵਾਮੀ ਜੀ ਦੇ ਵੇਦਾਂ ਵੱਲ ਵਾਪਸ ਪਰਤਣ ਦੇ ਸੱਦੇ ਨਾਲ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਹੁਣ ਸੰਸਾਰਕ ਮੰਚ 'ਤੇ ਵੈਦਿਕ ਆਦਰਸ਼ਾਂ ਅਤੇ ਜੀਵਨ ਸ਼ੈਲੀ ਦੀ ਵਕਾਲਤ ਕਰ ਰਿਹਾ ਹੈ। ਉਨ੍ਹਾਂ ਨੇ ਮਿਸ਼ਨ ਲਾਈਫ਼ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ, ਜਿਸ ਨੂੰ ਵਿਸ਼ਵ ਪੱਧਰ 'ਤੇ ਸਮਰਥਨ ਮਿਲਿਆ ਹੈ। "ਇੱਕ ਸੂਰਜ, ਇੱਕ ਸੰਸਾਰ, ਇੱਕ ਗਰਿੱਡ" ਦੇ ਨਜ਼ਰੀਏ ਰਾਹੀਂ, ਭਾਰਤ ਸਾਫ਼ ਊਰਜਾ ਨੂੰ ਇੱਕ ਵਿਸ਼ਵ ਅੰਦੋਲਨ ਵਿੱਚ ਬਦਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਰਾਹੀਂ ਯੋਗ 190 ਤੋਂ ਵੱਧ ਦੇਸ਼ਾਂ ਤੱਕ ਪਹੁੰਚ ਗਿਆ ਹੈ, ਜੋ ਯੋਗਿਕ ਜੀਵਨ ਸ਼ੈਲੀ ਅਤੇ ਵਾਤਾਵਰਨ ਚੇਤਨਾ ਨੂੰ ਹੁਲਾਰਾ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਸ਼ਨ ਲਾਈਫ਼ ਵਰਗੀਆਂ ਵਿਸ਼ਵ-ਵਿਆਪੀ ਪਹਿਲਕਦਮੀਆਂ, ਜੋ ਹੁਣ ਦੁਨੀਆ ਭਰ ਵਿੱਚ ਦਿਲਚਸਪੀ ਦਾ ਕੇਂਦਰ ਬਣੀਆਂ ਹਨ, ਲੰਬੇ ਸਮੇਂ ਤੋਂ ਆਰੀਆ ਸਮਾਜ ਦੇ ਮੈਂਬਰਾਂ ਦੇ ਅਨੁਸ਼ਾਸਿਤ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਉਨ੍ਹਾਂ ਨੇ ਸਾਦਾ ਜੀਵਨ, ਸੇਵਾ-ਮੁਖੀ ਕਦਰਾਂ-ਕੀਮਤਾਂ, ਰਿਵਾਇਤੀ ਭਾਰਤੀ ਪਹਿਰਾਵੇ ਦੇ ਪ੍ਰਤੀ ਤਰਜੀਹ, ਵਾਤਾਵਰਨ ਸੁਰੱਖਿਆ ਅਤੇ ਭਾਰਤੀ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ "ਸਰਵੇ ਭਵਨਤੁ ਸੁਖਿਨ:" ਦੇ ਆਦਰਸ਼ ਨਾਲ ਸੰਸਾਰਕ ਭਲਾਈ ਨੂੰ ਅੱਗੇ ਵਧਾ ਰਿਹਾ ਹੈ ਅਤੇ ਇੱਕ ਵਿਸ਼ਵ-ਵਿਆਪੀ ਭਰਾ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰ ਰਿਹਾ ਹੈ, ਹਰ ਆਰੀਆ ਸਮਾਜ ਮੈਂਬਰ ਕੁਦਰਤੀ ਤੌਰ 'ਤੇ ਇਸ ਮਿਸ਼ਨ ਨਾਲ ਜੁੜਦਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਵਾਮੀ ਦਯਾਨੰਦ ਸਰਸਵਤੀ ਜੀ ਵੱਲੋਂ ਜਗਾਈ ਗਈ ਮਸ਼ਾਲ ਪਿਛਲੇ 150 ਸਾਲਾਂ ਤੋਂ ਆਰੀਆ ਸਮਾਜ ਜ਼ਰੀਏ ਸਮਾਜ ਦਾ ਮਾਰਗ-ਦਰਸ਼ਨ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਜੀ ਨੇ ਸਾਡੇ ਸਾਰਿਆਂ ਵਿੱਚ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਪੈਦਾ ਕੀਤੀ ਹੈ - ਨਵੇਂ ਵਿਚਾਰਾਂ ਨੂੰ ਅੱਗੇ ਵਧਾਉਣਾ ਅਤੇ ਤਰੱਕੀ ਵਿੱਚ ਰੁਕਾਵਟ ਪਾਉਣ ਵਾਲੇ ਰੂੜ੍ਹੀਵਾਦੀ ਵਿਚਾਰਾਂ ਨੂੰ ਤੋੜਨ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਨੇ ਆਰੀਆ ਸਮਾਜ ਭਾਈਚਾਰੇ ਤੋਂ ਮਿਲੇ ਪਿਆਰ ਅਤੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਨਾ ਸਿਰਫ਼ ਇਸ ਵਿੱਚ ਹਿੱਸਾ ਲੈਣ ਲਈ ਆਏ ਹਨ, ਸਗੋਂ ਕੁਝ ਬੇਨਤੀਆਂ ਵੀ ਕਰਨ ਆਏ ਹਨ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਰੀਆ ਸਮਾਜ ਨੇ ਰਾਸ਼ਟਰ ਨਿਰਮਾਣ ਵਿੱਚ ਪਹਿਲਾਂ ਹੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਉਹ ਦੇਸ਼ ਦੀਆਂ ਕੁਝ ਵਰਤਮਾਨ ਤਰਜੀਹਾਂ ‘ਤੇ ਵੀ ਜ਼ੋਰ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ‘ਤੇ ਚਾਨਣਾ ਪਾਇਆ ਅਤੇ ਆਰੀਆ ਸਮਾਜ ਨਾਲ ਇਸ ਦੇ ਇਤਿਹਾਸਕ ਸਬੰਧ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਸ ਮਿਸ਼ਨ ਵਿੱਚ ਆਰੀਆ ਸਮਾਜ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਇੱਕ ਵਾਰ ਫਿਰ ਸਵਦੇਸ਼ੀ ਵਸਤੂਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਵਸਤੂਆਂ ਲਈ ਆਵਾਜ਼ ਬੁਲੰਦ ਕਰਨ ਦੀ ਜ਼ਿੰਮੇਵਾਰੀ ਚੁੱਕ ਰਿਹਾ ਹੈ।
ਭਾਰਤ ਦੀਆਂ ਪ੍ਰਾਚੀਨ ਹੱਥ-ਲਿਖਤਾਂ ਦੇ ਡਿਜੀਟਲੀਕਰਨ ਅਤੇ ਸੰਭਾਲ ਦੇ ਉਦੇਸ਼ ਨਾਲ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਗਿਆਨ ਭਾਰਤਮ ਮਿਸ਼ਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਿਆਨ ਦੇ ਇਸ ਵੱਡੇ ਭੰਡਾਰ ਨੂੰ ਸਹੀ ਮਾਅਨੇ ਵਿੱਚ ਓਦੋਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜਦੋਂ ਨੌਜਵਾਨ ਪੀੜ੍ਹੀ ਇਸ ਨਾਲ ਜੁੜੇ ਅਤੇ ਇਸ ਦੇ ਮਹੱਤਵ ਨੂੰ ਸਮਝੇ। ਸ਼੍ਰੀ ਮੋਦੀ ਨੇ ਆਰੀਆ ਸਮਾਜ ਨੂੰ ਇਸ ਮਿਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪਿਛਲੇ 150 ਸਾਲਾਂ ਤੋਂ ਆਰੀਆ ਸਮਾਜ ਭਾਰਤ ਦੇ ਪਵਿੱਤਰ ਪ੍ਰਾਚੀਨ ਗ੍ਰੰਥਾਂ ਦੀ ਖੋਜ ਅਤੇ ਸੰਭਾਲ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਗ੍ਰੰਥਾਂ ਦੀ ਮੌਲਿਕਤਾ ਨੂੰ ਬਣਾਈ ਰੱਖਣ ਵਿੱਚ ਆਰੀਆ ਸਮਾਜ ਦੇ ਮੈਂਬਰਾਂ ਦੇ ਬਹੁ-ਪੀੜ੍ਹੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗਿਆਨ ਭਾਰਤਮ ਮਿਸ਼ਨ ਹੁਣ ਇਸ ਯਤਨ ਨੂੰ ਰਾਸ਼ਟਰੀ ਪੱਧਰ 'ਤੇ ਲੈ ਜਾਵੇਗਾ ਅਤੇ ਆਰੀਆ ਸਮਾਜ ਨੂੰ ਇਸ ਨੂੰ ਆਪਣਾ ਮਿਸ਼ਨ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਰੀਆ ਸਮਾਜ ਨੂੰ ਆਪਣੇ ਗੁਰੂਕੁਲਾਂ ਅਤੇ ਅਦਾਰਿਆਂ ਰਾਹੀਂ ਹੱਥ-ਲਿਖਤਾਂ ਦੇ ਅਧਿਐਨ ਅਤੇ ਖੋਜ ਵਿੱਚ ਨੌਜਵਾਨਾਂ ਨੂੰ ਸ਼ਾਮਿਲ ਕਰਨ ਲਈ ਉਤਸ਼ਾਹਿਤ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਹ ਵੀ ਯਾਦ ਕੀਤਾ ਕਿ ਮਹਾਰਿਸ਼ੀ ਦਯਾਨੰਦ ਜੀ ਦੀ 200ਵੀਂ ਜਯੰਤੀ ਦੇ ਮੌਕੇ 'ਤੇ, ਉਨ੍ਹਾਂ ਨੇ ਯੱਗਾਂ ਵਿੱਚ ਵਰਤੇ ਜਾਣ ਵਾਲੇ ਅਨਾਜ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਯੱਗਾਂ ਵਿੱਚ ਰਿਵਾਇਤੀ ਤੌਰ 'ਤੇ ਵਰਤੇ ਜਾਣ ਵਾਲੇ ਮੋਟੇ ਅਨਾਜ "ਸ਼੍ਰੀ ਅੰਨ" ਦੇ ਪਵਿੱਤਰ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਭਾਰਤ ਦੀ ਪ੍ਰਾਚੀਨ ਸ਼੍ਰੀ ਅੰਨ ਰਵਾਇਤ ਨੂੰ ਹੁਲਾਰਾ ਦੇਣ ਦੀ ਜ਼ਰੂਰਤ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਨਾਜਾਂ ਦੀ ਇੱਕ ਮੁੱਖ ਖ਼ਾਸੀਅਤ ਇਹ ਹੈ ਕਿ ਇਹ ਕੁਦਰਤੀ ਤੌਰ 'ਤੇ ਉਗਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਕਦੇ ਭਾਰਤ ਦੀ ਅਰਥਵਿਵਸਥਾ ਦਾ ਇੱਕ ਮੁੱਖ ਅਧਾਰ ਸੀ ਅਤੇ ਹੁਣ ਦੁਨੀਆ ਇੱਕ ਵਾਰ ਫਿਰ ਇਸਦੇ ਮਹੱਤਵ ਨੂੰ ਸਮਝਣ ਲੱਗੀ ਹੈ। ਪ੍ਰਧਾਨ ਮੰਤਰੀ ਨੇ ਆਰੀਆ ਸਮਾਜ ਨੂੰ ਕੁਦਰਤੀ ਖੇਤੀ ਦੇ ਆਰਥਿਕ ਅਤੇ ਅਧਿਆਤਮਿਕ, ਪਹਿਲੂਆਂ ਬਾਰੇ ਜਾਗਰੂਕਤਾ ਵਧਾਉਣ ਦੀ ਬੇਨਤੀ ਕੀਤੀ।
ਪਾਣੀ ਦੀ ਸੰਭਾਲ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਜਲ ਜੀਵਨ ਮਿਸ਼ਨ ਰਾਹੀਂ ਹਰ ਪਿੰਡ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਦੁਨੀਆ ਦੀਆਂ ਸਭ ਤੋਂ ਵਿਲੱਖਣ ਮੁਹਿੰਮਾਂ ਵਿੱਚੋਂ ਇੱਕ ਦੱਸਿਆ। ਹਾਲਾਂਕਿ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪਾਣੀ ਵੰਡ ਪ੍ਰਣਾਲੀਆਂ ਤਾਂ ਹੀ ਪ੍ਰਭਾਵਸ਼ਾਲੀ ਹੋਣਗੀਆਂ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੋੜੀਂਦਾ ਪਾਣੀ ਸੰਭਾਲਿਆ ਜਾਵੇਗਾ। ਇਸ ਉਦੇਸ਼ ਨਾਲ, ਸਰਕਾਰ ਡ੍ਰਿਪ ਸਿੰਚਾਈ ਨੂੰ ਹੁਲਾਰਾ ਦੇ ਰਹੀ ਹੈ ਅਤੇ 60,000 ਤੋਂ ਜ਼ਿਆਦਾ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਸ਼ੁਰੂ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਸਮਾਜ ਨੂੰ ਸਰਕਾਰ ਦੇ ਨਾਲ-ਨਾਲ ਇਨ੍ਹਾਂ ਯਤਨਾਂ ਵਿੱਚ ਸਰਗਰਮੀ ਨਾਲ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਪਿੰਡਾਂ ਵਿੱਚ ਤਲਾਬਾਂ, ਝੀਲਾਂ, ਖੂਹਾਂ ਅਤੇ ਪੌੜੀਆਂ ਵਾਲੇ ਖੂਹਾਂ ਦੀ ਰਿਵਾਇਤੀ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ, ਜੋ ਸਮੇਂ ਦੇ ਨਾਲ ਅਣਗਹਿਲੀ ਕਾਰਨ ਸੁੱਕ ਗਏ ਹਨ, ਸ਼੍ਰੀ ਮੋਦੀ ਨੇ ਇਨ੍ਹਾਂ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਲੋਕ ਜਾਗਰੂਕਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ "ਏਕ ਪੇੜ ਮਾਂ ਕੇ ਨਾਮ" ਮੁਹਿੰਮ ਦੀ ਸਫ਼ਲਤਾ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਕੋਈ ਥੋੜ੍ਹੇ ਸਮੇਂ ਦੀ ਪਹਿਲ ਨਹੀਂ ਹੈ, ਬਲਕਿ ਜੰਗਲਾਤ ਲਈ ਇੱਕ ਲਗਾਤਾਰ ਅੰਦੋਲਨ ਹੈ। ਉਨ੍ਹਾਂ ਨੇ ਆਰੀਆ ਸਮਾਜ ਦੇ ਮੈਂਬਰਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਉਤਸ਼ਾਹਿਤ ਕੀਤਾ।
ਪ੍ਰਧਾਨ ਮੰਤਰੀ ਨੇ ਵੈਦਿਕ ਸਲੋਕ "ਸੰਗਚਛਧਵੰ ਸੰਵਦਧਵੰ ਸੰ ਵੋ ਮਨਾਂਸਿ ਜਾਨਤਾਮ" ("संगच्छध्वं संवदध्वं सं वो मनांसि जानताम्") ਦਾ ਉਦਾਹਰਣ ਦਿੱਤਾ, ਜੋ ਸਾਨੂੰ ਇਕੱਠੇ ਚੱਲਣ, ਇਕੱਠੇ ਬੋਲਣ ਅਤੇ ਇੱਕ ਦੂਜੇ ਦੇ ਮਨਾਂ ਨੂੰ ਸਮਝਣ ਦੀ ਸਿੱਖਿਆ ਦਿੰਦਾ ਹੈ - ਇੱਕ ਦੂਜੇ ਦੇ ਵਿਚਾਰਾਂ ਪ੍ਰਤੀ ਆਪਸੀ ਸਤਿਕਾਰ 'ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੈਦਿਕ ਸੱਦੇ ਨੂੰ ਇੱਕ ਰਾਸ਼ਟਰੀ ਸੱਦੇ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਰਾਸ਼ਟਰ ਦੇ ਸੰਕਲਪਾਂ ਨੂੰ ਆਪਣਾ ਸੰਕਲਪ ਮੰਨਣ ਅਤੇ ਜਨਤਕ ਭਾਗੀਦਾਰੀ ਦੀ ਭਾਵਨਾ ਨਾਲ ਸਮੂਹਿਕ ਯਤਨਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਰੀਆ ਸਮਾਜ ਨੇ ਪਿਛਲੇ 150 ਸਾਲਾਂ ਤੋਂ ਲਗਾਤਾਰ ਇਸ ਭਾਵਨਾ ਨੂੰ ਅਪਣਾਇਆ ਹੈ ਅਤੇ ਇਸ ਨੂੰ ਲਗਾਤਾਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਭਰੋਸਾ ਪ੍ਰਗਟ ਕਰਦੇ ਹੋਏ ਸਮਾਪਤੀ ਕੀਤੀ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਵਿਚਾਰ ਮਨੁੱਖੀ ਭਲਾਈ ਦੇ ਰਾਹ ਨੂੰ ਰੌਸ਼ਨ ਕਰਦੇ ਰਹਿਣਗੇ। ਉਨ੍ਹਾਂ ਨੇ ਇੱਕ ਵਾਰ ਫਿਰ ਆਰੀਆ ਸਮਾਜ ਦੇ 150 ਸਾਲ ਪੂਰੇ ਹੋਣ ਦੇ ਮੌਕੇ 'ਤੇ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਮਾਗਮ ਵਿੱਚ ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਪਿਛੋਕੜ
ਕੌਮਾਂਤਰੀ ਆਰੀਆ ਸੰਮੇਲਨ 2025 ਸਮਾਗਮ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਅਤੇ ਆਰੀਆ ਸਮਾਜ ਦੀ ਸਮਾਜ ਸੇਵਾ ਦੇ 150 ਸਾਲਾਂ ਦੇ ਮੌਕੇ ਆਯੋਜਿਤ ਗਿਆਨ ਜਯੋਤੀ ਮਹੋਤਸਵ ਦਾ ਇੱਕ ਅਹਿਮ ਹਿੱਸਾ ਹੈ।
ਇਹ ਸੰਮੇਲਨ ਭਾਰਤ ਅਤੇ ਵਿਦੇਸ਼ਾਂ ਵਿੱਚ ਆਰੀਆ ਸਮਾਜ ਦੀਆਂ ਇਕਾਈਆਂ ਦੇ ਪ੍ਰਤੀਨਿਧੀਆਂ ਨੂੰ ਇਕੱਠਾ ਕਰੇਗਾ, ਜੋ ਮਹਾਰਿਸ਼ੀ ਦਯਾਨੰਦ ਦੇ ਸੁਧਾਰਵਾਦੀ ਆਦਰਸ਼ਾਂ ਅਤੇ ਸੰਗਠਨ ਦੀ ਵਿਸ਼ਵ-ਵਿਆਪੀ ਪਹੁੰਚ ਦੀ ਵਿਸ਼ਵ-ਵਿਆਪੀ ਸਾਰਥਕਤਾ ਨੂੰ ਦਰਸਾਉਂਦਾ ਹੈ। ਇਸ ਵਿੱਚ "ਸੇਵਾ ਦੇ 150 ਸੁਨਹਿਰੀ ਸਾਲ" ਸਿਰਲੇਖ ਵਾਲੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ, ਜੋ ਸਿੱਖਿਆ, ਸਮਾਜਿਕ ਸੁਧਾਰ ਅਤੇ ਅਧਿਆਤਮਿਕ ਉੱਨਤੀ ਵਿੱਚ ਆਰੀਆ ਸਮਾਜ ਦੇ ਯੋਗਦਾਨ ਜ਼ਰੀਏ ਉਸਦੀ ਪਰਿਵਰਤਨਸ਼ੀਲ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ।
ਇਸ ਸੰਮੇਲਨ ਦਾ ਉਦੇਸ਼ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਸੁਧਾਰਵਾਦੀ ਅਤੇ ਵਿਦਿਅਕ ਵਿਰਾਸਤ ਦਾ ਸਨਮਾਨ ਕਰਨਾ, ਸਿੱਖਿਆ, ਸਮਾਜਿਕ ਸੁਧਾਰ ਅਤੇ ਰਾਸ਼ਟਰ ਨਿਰਮਾਣ ਵਿੱਚ ਆਰੀਆ ਸਮਾਜ ਦੀ 150 ਸਾਲਾਂ ਦੀ ਸੇਵਾ ਦਾ ਜਸ਼ਨ ਮਨਾਉਣਾ ਅਤੇ ਵਿਕਸਿਤ ਭਾਰਤ 2047 ਦੇ ਅਨੁਸਾਰ ਵੈਦਿਕ ਸਿਧਾਂਤਾਂ ਅਤੇ ਸਵਦੇਸ਼ੀ ਕਦਰਾਂ-ਕੀਮਤਾਂ ਦੇ ਬਾਰੇ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਪ੍ਰੇਰਿਤ ਕਰਨਾ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
आर्य समाज की स्थापना के 150 वर्ष...
— PMO India (@PMOIndia) October 31, 2025
ये अवसर केवल समाज के एक हिस्से या संप्रदाय से जुड़ा नहीं है।
ये अवसर पूरे भारत की वैदिक पहचान से जुड़ा है: PM @narendramodi pic.twitter.com/L4QjO0lMZF
आर्य समाज निर्भीक होकर भारतीयता की बात करने वाली संस्था रही है: PM @narendramodi pic.twitter.com/ScK2zX5KJT
— PMO India (@PMOIndia) October 31, 2025
स्वामी दयानंद जी युगदृष्टा महापुरुष थे: PM @narendramodi pic.twitter.com/ZegYbR8YML
— PMO India (@PMOIndia) October 31, 2025
आज भारत sustainable development की दिशा में एक प्रमुख global voice बन चुका है: PM @narendramodi pic.twitter.com/Wlrow0qHyo
— PMO India (@PMOIndia) October 31, 2025


