ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨ ਵਾਲੇ ਨੇਤਾਵਾਂ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਵਿੱਚ ਇਤਿਹਾਸਕ ਗੱਲਬਾਤ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਇਹ ਸਥਾਨ ਦੇਸ਼ ਦੇ ਇਤਿਹਾਸ ਵਿੱਚ ਇੱਕ ਬੇਮਿਸਾਲ ਪਲ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਇੱਕ ਇਤਿਹਾਸਕ ਘਟਨਾ ਸੀ ਜਿਸ ਨੇ ਸਾਡੇ ਆਜ਼ਾਦੀ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ, ਆਜ਼ਾਦੀ ਦੇ ਉਦੇਸ਼ਾਂ ਨੂੰ ਠੋਸ ਅਰਥ ਦਿੱਤਾ ਅਤੇ ਇੱਕ ਸੁਤੰਤਰ ਭਾਰਤ ਦੇ ਸੁਪਨੇ ਨੂੰ ਸਾਕਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਵਿੱਚ 100 ਸਾਲ ਪਹਿਲਾਂ ਹੋਈ ਮੁਲਾਕਾਤ ਅੱਜ ਵੀ ਪ੍ਰੇਰਨਾਦਾਇਕ ਅਤੇ ਪ੍ਰਾਸੰਗਿਕ ਹੈ ਅਤੇ ਸਮਾਜਿਕ ਸਦਭਾਵਨਾ ਅਤੇ ਵਿਕਸਿਤ ਭਾਰਤ ਦੇ ਸਮੂਹਿਕ ਟੀਚਿਆਂ ਦੇ ਲਈ ਊਰਜਾ ਦੇ ਇੱਕ ਸ਼ਕਤੀਸ਼ਾਲੀ ਸਰੋਤ ਵਜੋਂ ਕੰਮ ਕਰ ਰਹੀ ਹੈ।" ਇਸ ਇਤਿਹਾਸਕ ਮੌਕੇ 'ਤੇ ਉਨ੍ਹਾਂ ਨੇ ਸ਼੍ਰੀ ਨਾਰਾਇਣ ਗੁਰੂ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਅਤੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ।
ਸ੍ਰੀ ਮੋਦੀ ਨੇ ਕਿਹਾ, "ਸ਼੍ਰੀ ਨਾਰਾਇਣ ਗੁਰੂ ਦੇ ਆਦਰਸ਼ ਮਨੁੱਖਤਾ ਦੇ ਲਈ ਇੱਕ ਬਹੁਤ ਵੱਡੀ ਪੂੰਜੀ ਹਨ।" ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦੀ ਸੇਵਾ ਲਈ ਪ੍ਰਤੀਬੱਧ ਲੋਕਾਂ ਦੇ ਲਈ ਸ੍ਰੀ ਨਾਰਾਇਣ ਗੁਰੂ ਇੱਕ ਮਾਰਗਦਰਸ਼ਕ ਚਾਨਣ ਮੁਨਾਰੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਸਮਾਜ ਦੇ ਦੱਬੇ-ਕੁਚਲੇ, ਸ਼ੋਸ਼ਿਤ ਅਤੇ ਵਾਂਝੇ ਵਰਗਾਂ ਦੇ ਨਾਲ ਆਪਣੇ ਲੰਬੇ ਸਮੇਂ ਤੋਂ ਜੁੜੇ ਸਬੰਧਾਂ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਵੀ, ਜਦੋਂ ਉਹ ਇਨ੍ਹਾਂ ਭਾਈਚਾਰਿਆਂ ਦੀ ਬਿਹਤਰੀ ਦੇ ਲਈ ਵੱਡੇ ਫੈਸਲੇ ਲੈਂਦੇ ਹਨ, ਤਾਂ ਉਹ ਗੁਰੂਦੇਵ ਨੂੰ ਯਾਦ ਕਰਦੇ ਹਨ। ਬਸਤੀਵਾਦੀ ਸ਼ਾਸਨ ਦੇ ਸਦੀਆਂ ਤੋਂ ਚੱਲੇ ਆ ਰਹੇ ਵਿਗਾੜਾਂ ਤੋਂ ਆਕਾਰ ਲੈਣ ਵਾਲੇ 100 ਸਾਲ ਪਹਿਲਾਂ ਦੇ ਸਮਾਜਿਕ ਹਾਲਾਤ 'ਤੇ ਵਿਚਾਰ ਕਰਦੇ ਹੋਏ, ਸ੍ਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਲੋਕ ਪ੍ਰਚਲਿਤ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਬੋਲਣ ਤੋਂ ਡਰਦੇ ਸਨ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸ਼੍ਰੀ ਨਾਰਾਇਣ ਗੁਰੂ ਵਿਰੋਧ ਤੋਂ ਅਸਿਥਰ ਨਹੀਂ ਹੋਏ ਅਤੇ ਚੁਣੌਤੀਆਂ ਤੋਂ ਡਰੇ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਨਾਰਾਇਣ ਗੁਰੂ ਦਾ ਵਿਸ਼ਵਾਸ ਸੱਚ, ਸੇਵਾ ਅਤੇ ਸਦਭਾਵਨਾ ਵਿੱਚ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਸਦਭਾਵ ਅਤੇ ਸਮਾਨਤਾ ਵਿੱਚ ਨਿਹਿਤ ਸੀ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਪ੍ਰੇਰਨਾ ਸਾਨੂੰ 'ਸਬਕਾ ਸਾਥ, ਸਬਕਾ ਵਿਕਾਸ' ਦਾ ਰਸਤਾ ਦਿਖਾਉਂਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਿਸ਼ਵਾਸ ਸਾਨੂੰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨ ਦੀ ਤਾਕਤ ਦਿੰਦਾ ਹੈ ਜਿੱਥੇ ਆਖਰੀ ਲਾਈਨ ਵਿੱਚ ਖੜ੍ਹਾ ਵਿਅਕਤੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸ਼ਿਵਗਿਰੀ ਮਠ ਨਾਲ ਜੁੜੇ ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਸੰਤ ਸ੍ਰੀ ਨਾਰਾਇਣ ਗੁਰੂ ਅਤੇ ਮਠ ਵਿੱਚ ਡੂੰਘੀ ਅਤੇ ਅਟੁੱਟ ਆਸਥਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਮਠ ਦੇ ਸਤਿਕਾਰਯੋਗ ਸੰਤਾਂ ਦਾ ਪਿਆਰ ਹਮੇਸ਼ਾ ਮਿਲਦਾ ਰਿਹਾ ਹੈ। ਉਨ੍ਹਾਂ ਨੇ ਕੇਦਾਰਨਾਥ ਵਿੱਚ 2013 ਵਿੱਚ ਆਈ ਕੁਦਰਤੀ ਆਫ਼ਤ ਨੂੰ ਯਾਦ ਕੀਤਾ, ਜਿਸ ਵਿੱਚ ਸ਼ਿਵਗਿਰੀ ਮਠ ਦੇ ਕਈ ਲੋਕ ਫ਼ਸ ਗਏ ਸਨ। ਮਠ ਨੇ ਉਨ੍ਹਾਂ ਨੂੰ, ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਫ਼ਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਸੰਕਟ ਦੇ ਸਮੇਂ ਸਭ ਤੋਂ ਪਹਿਲਾਂ ਕਿਸੇ ਦਾ ਵੀ ਧਿਆਨ ਅਜਿਹੇ ਲੋਕਾਂ ਦੇ ਵੱਲ ਜਾਂਦਾ ਹੈ ਜਿਸ ਨੂੰ ਉਹ ਆਪਣਾ ਸਮਝਦੇ ਹਨ - ਜਿਨ੍ਹਾਂ ਦੇ ਪ੍ਰਤੀ ਉਹ ਆਪਣੇਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਵਗਿਰੀ ਮਠ ਦੇ ਸੰਤਾਂ ਦੁਆਰਾ ਦਿਖਾਇਆ ਗਿਆ ਆਪਣਾਪਨ ਅਤੇ ਵਿਸ਼ਵਾਸ ਦੀ ਭਾਵਨਾ ਤੋਂ ਵਧ ਕੇ ਉਨ੍ਹਾਂ ਦੇ ਲਈ ਕੋਈ ਅਧਿਆਤਮਿਕ ਸੰਤੁਸ਼ਟੀ ਨਹੀਂ ਹੋ ਸਕਦੀ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਕਾਸ਼ੀ ਨਾਲ ਡੂੰਘਾ ਰਿਸ਼ਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਵਰਕਲਾ ਨੂੰ ਲੰਬੇ ਸਮੇਂ ਤੋਂ ਦੱਖਣ ਦੀ ਕਾਸ਼ੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਭਾਵੇਂ ਉੱਤਰ ਵਿੱਚ ਹੋਵੇ ਜਾਂ ਦੱਖਣ ਵਿੱਚ, ਉਨ੍ਹਾਂ ਦੇ ਲਈ ਹਰ ਕਾਸ਼ੀ ਉਨ੍ਹਾਂ ਦੀ ਆਪਣੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀਆਂ ਅਧਿਆਤਮਿਕ ਪਰੰਪਰਾਵਾਂ ਅਤੇ ਇਸ ਦੇ ਰਿਸ਼ੀਆਂ-ਮੁਨੀਆ ਦੀ ਵਿਰਾਸਤ ਨੂੰ ਨੇੜਿਓਂ ਸਮਝਣ ਅਤੇ ਜੀਉਣ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਦੀ ਇੱਕ ਵਿਲੱਖਣ ਤਾਕਤ ਇਹ ਹੈ ਕਿ ਜਦੋਂ ਵੀ ਦੇਸ਼ ਵਿੱਚ ਉਥਲ-ਪੁਥਲ ਹੁੰਦੀ ਹੈ, ਤਾਂ ਦੇਸ਼ ਦੇ ਕਿਸੇ ਕੋਨੇ ਤੋਂ ਕੋਈ ਮਹਾਨ ਵਿਅਕਤੀ ਸਮਾਜ ਨੂੰ ਨਵਾਂ ਰਸਤਾ ਦਿਖਾਉਣ ਦੇ ਲਈ ਉੱਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਸਮਾਜ ਦੀ ਅਧਿਆਤਮਿਕ ਉੱਨਤੀ ਦੀ ਦਿਸ਼ਾ ਵਿੱਚ ਕੰਮ ਕਰਦੇ ਹਨ, ਜਦੋਂ ਕਿ ਹੋਰ ਸਮਾਜਿਕ ਸੁਧਾਰਾਂ ਨੂੰ ਗਤੀ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਨਾਰਾਇਣ ਗੁਰੂ ਅਜਿਹੇ ਹੀ ਮਹਾਨ ਸੰਤਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਕਿਹਾ ਕਿ 'ਨਿਵਰਤੀ ਪੰਚਕਮ' ਅਤੇ 'ਆਤਮੋਪਦੇਸ਼ ਸ਼ਤਕਮ' ਜਿਹੀਆਂ ਉਨ੍ਹਾਂ ਦੀਆਂ ਰਚਨਾਵਾਂ ਅਦਵੈਤ ਅਤੇ ਅਧਿਆਤਮਿਕ ਅਧਿਐਨ ਦੇ ਕਿਸੇ ਵੀ ਵਿਦਿਆਰਥੀ ਦੇ ਲਈ ਜ਼ਰੂਰੀ ਮਾਰਗਦਰਸ਼ਕ ਵਜੋਂ ਕੰਮ ਕਰਦੀਆਂ ਹਨ।

ਸ੍ਰੀ ਨਾਰਾਇਣ ਗੁਰੂ ਦੇ ਮੁੱਖ ਵਿਸ਼ਿਆਂ ਯੋਗ, ਵੇਦਾਂਤ, ਅਧਿਆਤਮਿਕ ਅਭਿਆਸ ਅਤੇ ਮੁਕਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ੍ਰੀ ਨਾਰਾਇਣ ਗੁਰੂ ਸਮਝਦੇ ਸਨ ਕਿ ਸਮਾਜਿਕ ਬੁਰਾਈਆਂ ਵਿੱਚ ਫ਼ਸੇ ਸਮਾਜ ਦੀ ਅਧਿਆਤਮਿਕ ਉੱਨਤੀ ਸਿਰਫ ਇਸ ਦੀ ਸਮਾਜਿਕ ਉੱਨਤੀ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸ੍ਰੀ ਨਾਰਾਇਣ ਗੁਰੂ ਨੇ ਅਧਿਆਤਮਿਕਤਾ ਨੂੰ ਸਮਾਜਿਕ ਸੁਧਾਰ ਅਤੇ ਲੋਕ ਭਲਾਈ ਦੇ ਮਾਧਿਅਮ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਾਂਧੀ ਜੀ ਨੇ ਵੀ ਸ੍ਰੀ ਨਾਰਾਇਣ ਗੁਰੂ ਦੇ ਯਤਨਾਂ ਤੋਂ ਪ੍ਰੇਰਨਾ ਅਤੇ ਮਾਰਗਦਰਸ਼ਨ ਪ੍ਰਾਪਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਦੇਵ ਰਬਿੰਦ੍ਰਨਾਥ ਟੈਗੋਰ ਜਿਹੇ ਵਿਦਵਾਨਾਂ ਨੂੰ ਵੀ ਸ਼੍ਰੀ ਨਾਰਾਇਣ ਗੁਰੂ ਦੇ ਨਾਲ ਵਿਚਾਰ-ਵਟਾਂਦਰੇ ਤੋਂ ਲਾਭ ਹੋਇਆ।
ਪ੍ਰਧਾਨ ਮੰਤਰੀ ਨੇ ਇੱਕ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ਇੱਕ ਵਾਰ ਕਿਸੇ ਨੇ ਰਮਣ ਮਹਾਰਿਸ਼ੀ ਨੂੰ ਸ੍ਰੀ ਨਾਰਾਇਣ ਗੁਰੂ ਦਾ ਆਤਮੋਪਦੇਸ਼ ਸ਼ਤਕਮ ਸੁਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸੁਣ ਕੇ ਰਮਣ ਮਹਾਰਿਸ਼ੀ ਨੇ ਕਿਹਾ ਸੀ ਕਿ "ਉਹ ਸਭ ਕੁਝ ਜਾਣਦੇ ਹਨ।" ਉਨ੍ਹਾਂ ਨੇ ਉਸ ਦੌਰ ਨੂੰ ਯਾਦ ਕੀਤਾ ਜਦੋਂ ਵਿਦੇਸ਼ੀ ਵਿਚਾਰਧਾਰਾਵਾਂ ਨੇ ਭਾਰਤ ਦੀ ਸੱਭਿਅਤਾ, ਸੱਭਿਆਚਾਰ ਅਤੇ ਦਰਸ਼ਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਸ਼੍ਰੀ ਨਾਰਾਇਣ ਗੁਰੂ ਨੇ ਸਾਨੂੰ ਅਹਿਸਾਸ ਕਰਵਾਇਆ ਕਿ ਦੋਸ਼ ਸਾਡੀਆਂ ਮੂਲ ਪਰੰਪਰਾਵਾਂ ਵਿੱਚ ਨਹੀਂ ਹੈ, ਸਗੋਂ ਸਾਨੂੰ ਸਾਡੀ ਅਧਿਆਤਮਿਕਤਾ ਨੂੰ ਅਸਲ ਵਿੱਚ ਆਤਮਸਾਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹੇ ਲੋਕ ਹਾਂ ਜੋ ਹਰ ਮਨੁੱਖ ਵਿੱਚ ਨਾਰਾਇਣ ਅਤੇ ਹਰ ਜੀਵ ਵਿੱਚ ਸ਼ਿਵ ਨੂੰ ਦੇਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਦਵੈਤ ਵਿੱਚ ਅਦਵੈਤ, ਵਿਭਿੰਨਤਾ ਵਿੱਚ ਏਕਤਾ ਅਤੇ ਸਪਸ਼ਟ ਮਤਭੇਦਾਂ ਵਿੱਚ ਵੀ ਏਕਤਾ ਨੂੰ ਦੇਖਦੇ ਹਾਂ।
ਇਸ ਗੱਲ ’ਤੇ ਚਾਨਣਾ ਪਾਉਂਦੇ ਹੋਏ ਕਿ ਹਰ ਕੋਈ ਸ੍ਰੀ ਨਾਰਾਇਣ ਗੁਰੂ ਦੇ ਮੰਤਰ ਤੋਂ ਜਾਣੂ ਹੈ - 'ਓਰੂ ਜਾਤੀ, ਓਰੂ ਮਥਮ, ਓਰੂ ਦੈਵਮ, ਮਨੁਸ਼ਯਮ', ਜਿਸ ਦਾ ਅਰਥ ਹੈ 'ਇੱਕ ਜਾਤੀ, ਇੱਕ ਧਰਮ, ਮਨੁੱਖਤਾ ਜਾਤੀ ਦੇ ਲਈ ਇੱਕ ਈਸ਼ਵਰ', ਜੋ ਪੂਰੀ ਮਨੁੱਖਤਾ ਅਤੇ ਸਾਰੇ ਜੀਵਤ ਪ੍ਰਾਣੀਆਂ ਦੀ ਏਕਤਾ ਨੂੰ ਦਰਸਾਉਂਦਾ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦਰਸ਼ਨ ਭਾਰਤ ਦੇ ਸੱਭਿਅਤਾ ਦੇ ਸਿਧਾਂਤਾਂ ਦਾ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਭਲਾਈ ਦੀ ਭਾਵਨਾ ਨਾਲ ਇਸ ਦਰਸ਼ਨ ਦਾ ਵਿਸਥਾਰ ਕਰ ਰਿਹਾ ਹੈ। ਹਾਲ ਹੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਆਯੋਜਨ ’ਤੇ ਚਾਨਣਾ ਪਾਉਂਦੇ ਹੋਏ ਅਤੇ ਉਸ ਦਾ ਜ਼ਿਕਰ ਕਰਦੇ ਹੋਏ ਕਿ ਇਸ ਸਾਲ ਦਾ ਵਿਸ਼ਾ 'ਇੱਕ ਧਰਤੀ, ਇੱਕ ਸਿਹਤ ਦੇ ਲਈ ਯੋਗ' ਸੀ, ਜੋ ਕਿ ਇੱਕ ਧਰਤੀ ਅਤੇ ਵਿਸ਼ਵਵਿਆਪੀ ਭਲਾਈ ਦੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ, ਭਾਰਤ ਨੇ ਮਨੁੱਖਤਾ ਦੀ ਭਲਾਈ ਲਈ 'ਇੱਕ ਵਿਸ਼ਵ, ਇੱਕ ਸਿਹਤ' ਜਿਹੀ ਵਿਸ਼ਵਵਿਆਪੀ ਪਹਿਲ ਵੀ ਸ਼ੁਰੂ ਕੀਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਨਿਰੰਤਰ ਵਿਕਾਸ ਦੀ ਦਿਸ਼ਾ ਵਿੱਚ 'ਇੱਕ ਸੂਰਜ, ਇੱਕ ਧਰਤੀ, ਇੱਕ ਗਰਿੱਡ' ਜਿਹੇ ਵਿਸ਼ਵਵਿਆਪੀ ਅੰਦੋਲਨਾਂ ਦੀ ਅਗਵਾਈ ਕਰ ਰਿਹਾ ਹੈ। ਇਹ ਯਾਦ ਕਰਦੇ ਹੋਏ ਕਿ 2023 ਵਿੱਚ ਜੀ-20 ਸਿਖਰ ਸੰਮੇਲਨ ਦੀ ਭਾਰਤ ਵੱਲੋਂ ਪ੍ਰਧਾਨਗੀ ਦੇ ਦੌਰਾਨ ਵਿਸ਼ਾ 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਸੀ, ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਹ ਯਤਨ 'ਵਸੁਧੈਵ ਕੁਟੁੰਬਕਮ' ਦੀ ਭਾਵਨਾ 'ਤੇ ਅਧਾਰਿਤ ਹਨ ਅਤੇ ਸ੍ਰੀ ਨਾਰਾਇਣ ਗੁਰੂ ਜਿਹੇ ਸੰਤਾਂ ਤੋਂ ਪ੍ਰੇਰਿਤ ਹਨ।

ਸ਼੍ਰੀ ਮੋਦੀ ਨੇ ਕਿਹਾ, "ਸ੍ਰੀ ਨਾਰਾਇਣ ਗੁਰੂ ਨੇ ਭੇਦਭਾਵ ਤੋਂ ਮੁਕਤ ਸਮਾਜ ਦੀ ਕਲਪਨਾ ਕੀਤੀ ਸੀ। ਅੱਜ ਦੇਸ਼ ਇੱਕ ਸੰਪੂਰਨ ਪਹੁੰਚ ਨਜ਼ਰੀਆ ਅਪਣਾ ਕੇ ਭੇਦਭਾਵ ਦੀ ਹਰ ਸੰਭਾਵਨਾ ਨੂੰ ਖਤਮ ਕਰ ਰਿਹਾ ਹੈ।" ਉਨ੍ਹਾਂ ਨੇ ਲੋਕਾਂ ਨੂੰ 10-11 ਸਾਲ ਪਹਿਲਾਂ ਦੀਆਂ ਸਥਿਤੀਆਂ ਨੂੰ ਯਾਦ ਰੱਖਣ ਦੀ ਅਪੀਲ ਕੀਤੀ, ਜਦੋਂ ਦਹਾਕਿਆਂ ਦੀ ਅਜ਼ਾਦੀ ਦੇ ਬਾਵਜੂਦ ਲੱਖਾਂ ਨਾਗਰਿਕ ਬੇਹੱਦ ਮੁਸ਼ਕਲ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲੱਖਾਂ ਪਰਿਵਾਰਾਂ ਦੇ ਕੋਲ ਆਸਰਾ ਨਹੀਂ ਸੀ, ਅਣਗਿਣਤ ਪਿੰਡਾਂ ਦੀ ਸਵੱਛ ਪੇਯਜਲ ਤੱਕ ਪਹੁੰਚ ਨਹੀਂ ਸੀ ਅਤੇ ਸਿਹਤ ਸੇਵਾ ਦੀ ਕਮੀ ਦੇ ਕਾਰਨ, ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਵੀ ਇਲਾਜ ਨਹੀਂ ਹੋ ਪਾਉਂਦਾ ਸੀ ਅਤੇ ਗੰਭੀਰ ਬਿਮਾਰੀ ਦੇ ਮਾਮਲਿਆਂ ਵਿੱਚ ਜਾਨ ਬਚਾਉਣ ਦਾ ਕੋਈ ਤਰੀਕਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਲੱਖਾਂ ਗ਼ਰੀਬ ਲੋਕ - ਦਲਿਤ, ਆਦਿਵਾਸੀ, ਮਹਿਲਾਵਾਂ – ਬੁਨਿਆਦੀ ਮਾਣ-ਸਨਮਾਨ ਤੋਂ ਵਾਂਝੇ ਸਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁਸ਼ਕਿਲਾਂ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਹਨ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਬਿਹਤਰ ਜੀਵਨ ਦੀ ਉਮੀਦ ਛੱਡ ਦਿੱਤੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਇੰਨੀ ਵੱਡੀ ਆਬਾਦੀ ਦਰਦ ਅਤੇ ਨਿਰਾਸ਼ਾ ਵਿੱਚ ਰਹਿੰਦੀ ਹੈ ਤਾਂ ਕੋਈ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਇਆ ਨੂੰ ਆਪਣੀ ਸੋਚ ਦਾ ਮੁੱਖ ਹਿੱਸਾ ਬਣਾਇਆ ਅਤੇ ਸੇਵਾ ਨੂੰ ਆਪਣਾ ਮਿਸ਼ਨ ਬਣਾ ਲਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੱਖਾਂ ਗ਼ਰੀਬ, ਦਲਿਤ, ਦੁਖੀ, ਦੱਬੇ-ਕੁਚਲੇ ਅਤੇ ਵਾਂਝੇ ਪਰਿਵਾਰਾਂ ਨੂੰ ਪੱਕੇ ਘਰ ਮੁਹੱਈਆ ਕਰਾਏ ਗਏ ਹਨ। ਉਨ੍ਹਾਂ ਨੇ ਹਰ ਗ਼ਰੀਬ ਨਾਗਰਿਕ ਦੇ ਲਈ ਘਰ ਯਕੀਨੀ ਬਣਾਉਣ ਦੇ ਸਰਕਾਰ ਦੇ ਉਦੇਸ਼ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਘਰ ਸਿਰਫ਼ ਇੱਟਾਂ-ਸੀਮਿੰਟ ਦੇ ਢਾਂਚੇ ਨਹੀਂ ਹਨ, ਸਗੋਂ ਘਰ ਦੀ ਪੂਰੀ ਸੰਕਲਪਨਾ ਨੂੰ ਦਰਸਾਉਂਦੇ ਹਨ, ਜੋ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਲੈਸ ਹਨ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ ਘਰਾਂ ਵਿੱਚ ਗੈਸ, ਬਿਜਲੀ ਅਤੇ ਸਵੱਛਤਾ ਦੀਆਂ ਸਹੂਲਤਾਂ ਹਨ। ਜਲ ਜੀਵਨ ਮਿਸ਼ਨ ਦੇ ਬਾਰੇ ਗੱਲ ਕਰਦੇ ਹੋਏ, ਜਿਸ ਦੇ ਤਹਿਤ ਹਰ ਘਰ ਵਿੱਚ ਸਵੱਛ ਪਾਣੀ ਪਹੁੰਚਾਇਆ ਜਾ ਰਿਹਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਆਦਿਵਾਸੀ ਖੇਤਰਾਂ ਵਿੱਚ ਵੀ, ਜਿੱਥੇ ਸਰਕਾਰੀ ਸੇਵਾਵਾਂ ਕਦੇ ਨਹੀਂ ਪਹੁੰਚੀਆਂ ਸਨ, ਹੁਣ ਵਿਕਾਸ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਣਗੌਲੇ ਹੋਏ ਆਦਿਵਾਸੀ ਸਮੁਦਾਇਆਂ ਲਈ, ਪ੍ਰਧਾਨ ਮੰਤਰੀ ਜਨਮਨ ਯੋਜਨਾ ਸ਼ੁਰੂ ਕੀਤੀ ਗਈ ਅਤੇ ਇਸ ਪਹਿਲਕਦਮੀ ਦੇ ਕਾਰਨ ਕਈ ਖੇਤਰਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਨਤੀਜੇ ਵਜੋਂ, ਸਮਾਜ ਦੇ ਸਭ ਤੋਂ ਹੇਠਲੇ ਪੱਧਰ 'ਤੇ ਰਹਿਣ ਵਾਲੇ ਲੋਕਾਂ ਨੂੰ ਵੀ ਨਵੀਂ ਉਮੀਦ ਮਿਲੀ ਹੈ। ਉਨ੍ਹਾਂ ਨੇ ਕਿਹਾ, "ਇਹ ਪਹਿਲਕਦਮੀਆਂ ਨਾ ਸਿਰਫ਼ ਉਨ੍ਹਾਂ ਦੇ ਜੀਵਨ ਨੂੰ ਬਦਲ ਰਹੀਆਂ ਹਨ, ਬਲਕਿ ਇਹ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਨਾਰਾਇਣ ਗੁਰੂ ਨੇ ਹਮੇਸ਼ਾ ਮਹਿਲਾ ਸਸ਼ਕਤੀਕਰਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਸਰਕਾਰ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਮੰਤਰ ਦੇ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਦਹਾਕਿਆਂ ਬਾਅਦ ਵੀ ਭਾਰਤ ਵਿੱਚ ਕਈ ਅਜਿਹੇ ਖੇਤਰ ਸਨ ਜਿੱਥੇ ਮਹਿਲਾਵਾਂ ਦੇ ਦਾਖਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਸੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਰਕਾਰ ਨੇ ਇਨ੍ਹਾਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ, ਜਿਸ ਨਾਲ ਮਹਿਲਾਵਾਂ ਨੂੰ ਨਵੇਂ ਖੇਤਰਾਂ ਵਿੱਚ ਅਧਿਕਾਰ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ ਖੇਡਾਂ ਤੋਂ ਲੈ ਕੇ ਪੁਲਾੜ ਤੱਕ, ਮਹਿਲਾਵਾਂ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਹ ਦੇਖਦੇ ਹੋਏ ਕਿ ਸਮਾਜ ਦਾ ਹਰ ਵਰਗ ਅਤੇ ਤਬਕਾ ਹੁਣ ਨਵੇਂ ਆਤਮਵਿਸ਼ਵਾਸ ਦੇ ਨਾਲ ਵਿਕਸਿਤ ਭਾਰਤ ਦੇ ਸੁਪਨੇ ਵਿੱਚ ਯੋਗਦਾਨ ਪਾ ਰਿਹਾ ਹੈ, ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ, ਵਾਤਾਵਰਣ ਮੁਹਿੰਮ, ਅੰਮ੍ਰਿਤ ਸਰੋਵਰ ਦਾ ਨਿਰਮਾਣ ਅਤੇ ਮਿਲਟਸ ਜਾਗਰੂਕਤਾ ਮੁਹਿੰਮਾਂ ਜਿਹੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਯਤਨ 140 ਕਰੋੜ ਭਾਰਤੀਆਂ ਦੀ ਤਾਕਤ ਦੁਆਰਾ ਸੰਚਾਲਿਤ ਜਨਤਕ ਭਾਗੀਦਾਰੀ ਦੀ ਭਾਵਨਾ ਨਾਲ ਅੱਗੇ ਵਧ ਰਹੇ ਹਨ।
ਸ੍ਰੀ ਨਾਰਾਇਣ ਗੁਰੂ ਦੇ ਸਦੀਵੀ ਦ੍ਰਿਸ਼ਟੀਕੋਣ ’ਤੇ ਚਾਨਣਾ ਪਾਉਂਦੇ ਹੋਏ, ਜਿਨ੍ਹਾਂ ਨੇ: 'ਸਿੱਖਿਆ ਦੇ ਮਾਧਿਅਮ ਰਾਹੀਂ ਗਿਆਨ, ਸੰਗਠਨ ਦੇ ਮਾਧਿਅਮ ਰਾਹੀਂ ਤਾਕਤ ਅਤੇ ਉਦਯੋਗ ਦੇ ਮਾਧਿਅਮ ਰਾਹੀਂ ਖੁਸ਼ਹਾਲੀ' ਦਾ ਐਲਾਨ ਕੀਤਾ ਸੀ, ਸ੍ਰੀ ਮੋਦੀ ਨੇ ਕਿਹਾ, 'ਸ਼੍ਰੀ ਨਾਰਾਇਣ ਗੁਰੂ ਨੇ ਨਾ ਸਿਰਫ਼ ਇਨ੍ਹਾਂ ਭਾਵਨਾਵਾਂ ਨੂੰ ਵਿਅਕਤ ਕੀਤਾ, ਬਲਕਿ ਇਨ੍ਹਾਂ ਨੂੰ ਸਾਕਾਰ ਕਰਨ ਦੇ ਲਈ ਪ੍ਰਮੁੱਖ ਸੰਸਥਾਨਾਂ ਦੀ ਨੀਂਹ ਵੀ ਰੱਖੀ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਿਵਗਿਰੀ ਵਿੱਚ ਹੀ ਸੀ ਕਿ ਗੁਰੂ ਜੀ ਨੇ ਦੇਵੀ ਸਰਸਵਤੀ ਨੂੰ ਸਮਰਪਿਤ ਸ਼ਾਰਦਾ ਮਠ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸੰਸਥਾ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਕਿ ਸਿੱਖਿਆ ਨੂੰ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੀ ਉੱਨਤੀ ਅਤੇ ਮੁਕਤੀ ਦਾ ਸਾਧਨ ਬਣਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸੰਤੁਸ਼ਟੀ ਵਿਅਕਤ ਕੀਤੀ ਕਿ ਗੁਰੂਦੇਵ ਦੁਆਰਾ ਸ਼ੁਰੂ ਕੀਤੇ ਗਏ ਯਤਨ ਅੱਜ ਵੀ ਜਾਰੀ ਹਨ, ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਗੁਰੂਦੇਵ ਕੇਂਦਰ ਅਤੇ ਸ੍ਰੀ ਨਾਰਾਇਣ ਸੱਭਿਆਚਾਰਕ ਮਿਸ਼ਨ ਮਨੁੱਖਤਾ ਦੀ ਭਲਾਈ ਦੇ ਲਈ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, "ਸਿੱਖਿਆ, ਸੰਗਠਨ ਅਤੇ ਉਦਯੋਗਿਕ ਪ੍ਰਗਤੀ ਦੇ ਮਾਧਿਅਮ ਰਾਹੀਂ ਸਮਾਜ ਭਲਾਈ ਦੀ ਕਲਪਨਾ ਦੇਸ਼ ਦੀਆਂ ਮੌਜੂਦਾ ਨੀਤੀਆਂ ਅਤੇ ਫੈਸਲਿਆਂ ਵਿੱਚ ਸਪਸ਼ਟ ਤੌਰ 'ਤੇ ਝਲਕਦਾ ਹੈ", ਉਨ੍ਹਾਂ ਨੇ ਇਸ ਗੱਲ ਨੂੰ ਖਾਸ ਤੌਰ 'ਤੇ ਸਪਸ਼ਟ ਕੀਤਾ ਕਿ ਕਈ ਦਹਾਕਿਆਂ ਤੋਂ ਬਾਅਦ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ। ਇਹ ਨੀਤੀ ਨਾ ਸਿਰਫ਼ ਸਿੱਖਿਆ ਨੂੰ ਆਧੁਨਿਕ ਅਤੇ ਵਧੇਰੇ ਸਮਾਵੇਸ਼ੀ ਬਣਾਉਂਦੀ ਹੈ ਬਲਕਿ ਮਾਤ ਭਾਸ਼ਾ ਵਿੱਚ ਸਿੱਖਣ ਨੂੰ ਵੀ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਪਹਿਲਕਦਮੀ ਦੇ ਸਭ ਤੋਂ ਵੱਡੇ ਲਾਭਾਰਥੀ ਸਮਾਜ ਦੇ ਦਬੇ-ਕੁਚਲੇ ਅਤੇ ਹਾਸ਼ੀਏ 'ਤੇ ਧੱਕੇ ਵਰਗ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਭਰ ਵਿੱਚ ਸਥਾਪਿਤ ਨਵੇਂ ਆਈਆਈਟੀ, ਆਈਆਈਐੱਮ ਅਤੇ ਏਮਸ ਦੀ ਸੰਖਿਆ ਆਜ਼ਾਦੀ ਤੋਂ ਬਾਅਦ ਪਹਿਲੇ 60 ਸਾਲਾਂ ਵਿੱਚ ਬਣਾਏ ਗਏ ਕੁੱਲ ਤੋਂ ਵੱਧ ਹੋ ਗਈ ਹੈ। ਨਤੀਜੇ ਵਜੋਂ, ਗ਼ਰੀਬ ਅਤੇ ਪਛੜੇ ਨੌਜਵਾਨਾਂ ਦੇ ਲਈ ਉੱਚ ਸਿੱਖਿਆ ਦੇ ਨਵੇਂ ਮੌਕੇ ਖੁੱਲ੍ਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਆਦਿਵਾਸੀ ਖੇਤਰਾਂ ਵਿੱਚ 400 ਤੋਂ ਵੱਧ ਏਕਲਵਯ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਦਿਵਾਸੀ ਸਮੁਦਾਇਆਂ ਦੇ ਬੱਚੇ, ਜੋ ਪੀੜ੍ਹੀਆਂ ਤੋਂ ਸਿੱਖਿਆ ਤੋਂ ਵਾਂਝੇ ਸਨ, ਹੁਣ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਖਿਆ ਨੂੰ ਸਿੱਧੇ ਤੌਰ 'ਤੇ ਹੁਨਰਾਂ ਅਤੇ ਮੌਕਿਆਂ ਨਾਲ ਜੋੜਿਆ ਗਿਆ ਹੈ। ਸਕਿੱਲ ਇੰਡੀਆ ਜਿਹੇ ਮਿਸ਼ਨ ਨੌਜਵਾਨਾਂ ਨੂੰ ਆਤਮਨਿਰਭਰ ਬਣਨ ਦੇ ਲਈ ਸਸ਼ਕਤ ਬਣਾ ਰਹੇ ਹਨ। ਦੇਸ਼ ਦੀ ਉਦਯੋਗਿਕ ਪ੍ਰਗਤੀ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਨਿੱਜੀ ਖੇਤਰ ਵਿੱਚ ਵੱਡੇ ਸੁਧਾਰ ਅਤੇ ਮੁਦ੍ਰਾ ਯੋਜਨਾ ਅਤੇ ਸਟੈਂਡ-ਅੱਪ ਇੰਡੀਆ ਜਿਹੀਆਂ ਯੋਜਨਾਵਾਂ ਦਲਿਤਾਂ, ਪਛੜੇ ਵਰਗਾਂ ਅਤੇ ਕਬਾਇਲੀ ਭਾਈਚਾਰਿਆਂ ਨੂੰ ਸਭ ਤੋਂ ਵੱਧ ਲਾਭ ਪਹੁੰਚਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, "ਸ਼੍ਰੀ ਨਾਰਾਇਣ ਗੁਰੂ ਨੇ ਇੱਕ ਮਜ਼ਬੂਤ ਅਤੇ ਸਸ਼ਕਤ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਇਸ ਕਲਪਨਾ ਨੂੰ ਸਾਕਾਰ ਕਰਨ ਦੇ ਲਈ ਭਾਰਤ ਨੂੰ ਆਰਥਿਕ, ਸਮਾਜਿਕ ਅਤੇ ਫੌਜੀ ਖੇਤਰਾਂ ਵਿੱਚ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ।" ਉਨ੍ਹਾਂ ਨੇ ਕਿਹਾ ਕਿ ਦੇਸ਼ ਇਸ ਰਾਹ 'ਤੇ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਨੇ ਹਾਲ ਹੀ ਵਿੱਚ ਭਾਰਤ ਦੀ ਤਾਕਤ ਦੇਖੀ ਹੈ, ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਵਿਸ਼ਵ ਪੱਧਰ 'ਤੇ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਦ੍ਰਿੜ੍ਹ ਅਤੇ ਅਟੱਲ ਨੀਤੀ ਨੂੰ ਸਪਸ਼ਟ ਤੌਰ 'ਤੇ ਪ੍ਰਦਰਸ਼ਿਤ ਕੀਤਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਨਾਗਰਿਕਾਂ ਦਾ ਖੂਨ ਵਹਾਉਣ ਵਾਲੇ ਅੱਤਵਾਦੀਆਂ ਦੇ ਲਈ ਕੋਈ ਵੀ ਪਨਾਹਗਾਹ ਸੁਰੱਖਿਅਤ ਨਹੀਂ ਹੈ।
ਸ਼੍ਰੀ ਮੋਦੀ ਨੇ ਕਿਹਾ, "ਅੱਜ ਦਾ ਭਾਰਤ ਸਿਰਫ਼ ਰਾਸ਼ਟਰੀ ਹਿੱਤ ਦੇ ਲਈ ਸਹੀ ਫੈਸਲੇ ਲੈਂਦਾ ਹੈ", ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫੌਜੀ ਜ਼ਰੂਰਤਾਂ ਦੇ ਲਈ ਦੇਸ਼ ਦੀ ਵਿਦੇਸ਼ੀ ਦੇਸ਼ਾਂ 'ਤੇ ਨਿਰਭਰਤਾ ਲਗਾਤਾਰ ਘੱਟ ਹੋ ਰਹੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਭਾਰਤ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਇਹ ਬਦਲਾਅ ਸਪਸ਼ਟ ਤੌਰ 'ਤੇ ਦੇਖਿਆ ਗਿਆ ਸੀ, ਜਿੱਥੇ ਭਾਰਤੀ ਫੌਜ ਨੇ ਘਰੇਲੂ ਤੌਰ 'ਤੇ ਬਣੇ ਹਥਿਆਰਾਂ ਦੀ ਵਰਤੋਂ ਕਰਕੇ 22 ਮਿੰਟਾਂ ਦੇ ਅੰਦਰ ਦੁਸ਼ਮਣ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ, ਮੇਡ-ਇਨ-ਇੰਡੀਆ ਹਥਿਆਰਾਂ ਨੂੰ ਵਿਸ਼ਵਵਿਆਪੀ ਮਾਨਤਾ ਅਤੇ ਪ੍ਰਸ਼ੰਸਾ ਮਿਲੇਗੀ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਰਾਸ਼ਟਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਸ੍ਰੀ ਨਾਰਾਇਣ ਗੁਰੂ ਦੀਆਂ ਸਿੱਖਿਆਵਾਂ ਨੂੰ ਹਰੇਕ ਨਾਗਰਿਕ ਤੱਕ ਪਹੁੰਚਾਉਣਾ ਲਾਜ਼ਮੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸ੍ਰੀ ਨਾਰਾਇਣ ਗੁਰੂ ਦੇ ਜੀਵਨ ਨਾਲ ਜੁੜੇ ਤੀਰਥ ਸਥਾਨਾਂ ਨੂੰ ਜੋੜਨ ਦੇ ਲਈ ਸ਼ਿਵਗਿਰੀ ਸਰਕਟ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸ੍ਰੀ ਨਾਰਾਇਣ ਗੁਰੂ ਦਾ ਆਸ਼ੀਰਵਾਦ ਅਤੇ ਸਿੱਖਿਆਵਾਂ ਅੰਮ੍ਰਿਤ ਕਾਲ ਦੇ ਮਾਧਿਅਮ ਰਾਹੀਂ ਰਾਸ਼ਟਰ ਦੀ ਆਪਣੀ ਯਾਤਰਾ ’ਤੇ ਉਸ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਦੇ ਲੋਕ ਮਿਲ ਕੇ ਇੱਕ ਵਿਕਸਿਤ ਰਾਸ਼ਟਰ ਦੇ ਸੁਪਨੇ ਨੂੰ ਸਾਕਾਰ ਕਰਨਗੇ। ਆਪਣੇ ਭਾਸ਼ਣ ਦੀ ਸਮਾਪਤੀ ’ਤੇ, ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸ਼ਿਵਗਿਰੀ ਮਠ ਦੇ ਸਾਰੇ ਸੰਤਾਂ ਦੇ ਪ੍ਰਤੀ ਆਪਣੀ ਸ਼ਰਧਾ ਵਿਅਕਤ ਕੀਤੀ ਅਤੇ ਕਾਮਨਾ ਕੀਤੀ ਕਿ ਸ੍ਰੀ ਨਾਰਾਇਣ ਗੁਰੂ ਦਾ ਆਸ਼ੀਰਵਾਦ ਸਾਰਿਆਂ 'ਤੇ ਬਣਿਆ ਰਹੇ।
ਇਸ ਸਮਾਗਮ ਵਿੱਚ ਕੇਂਦਰੀ ਘੱਟ-ਗਿਣਤੀ ਮਾਮਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ, ਸ਼੍ਰੀ ਨਾਰਾਇਣ ਧਰਮ ਸੰਘਮ ਟ੍ਰਸਟ ਦੇ ਸਤਿਕਾਰਯੋਗ ਸੰਤ ਅਤੇ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ
ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਸਦਾਚਾਰੀ ਨੇਤਾਵਾਂ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਵਿੱਚ ਇਤਿਹਾਸਕ ਗੱਲਬਾਤ 12 ਮਾਰਚ 1925 ਨੂੰ ਸ਼ਿਵਗਿਰੀ ਮਠ ਵਿੱਚ ਮਹਾਤਮਾ ਗਾਂਧੀ ਦੀ ਯਾਤਰਾ ਦੇ ਦੌਰਾਨ ਹੋਈ ਸੀ ਅਤੇ ਇਹ ਗੱਲਬਾਤ ਵਾਯਕੋਮ ਸੱਤਿਆਗ੍ਰਹਿ, ਧਾਰਮਿਕ ਪਰਿਵਰਤਨ, ਅਹਿੰਸਾ, ਛੂਤਛਾਤ ਦਾ ਖਾਤਮਾ, ਮੋਕਸ਼ ਦੀ ਪ੍ਰਾਪਤੀ, ਦਲਿਤਾਂ ਦੇ ਉਥਾਨ ਆਦਿ 'ਤੇ ਕੇਂਦ੍ਰਿਤ ਸੀ।
ਸ੍ਰੀ ਨਾਰਾਇਣ ਧਰਮ ਸੰਘਮ ਟ੍ਰਸਟ ਦੁਆਰਾ ਆਯੋਜਿਤ ਇਸ ਸਮਾਰੋਹ ਵਿੱਚ ਅਧਿਆਤਮਿਕ ਨੇਤਾ ਅਤੇ ਹੋਰ ਮੈਂਬਰਾਂ ਇਕੱਠੇ ਆਉਣਗੇ ਅਤੇ ਭਾਰਤ ਦੇ ਸਮਾਜਿਕ ਅਤੇ ਨੈਤਿਕ ਤਾਣੇ-ਬਾਣੇ ਨੂੰ ਆਕਾਰ ਦੇਣ ਵਾਲੇ ਦੂਰਦਰਸ਼ੀ ਸੰਵਾਦ ’ਤੇ ਵਿਚਾਰ ਕਰਨਗੇ ਅਤੇ ਉਸ ਨੂੰ ਯਾਦ ਕਰਨਗੇ। ਇਹ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੋਵਾਂ ਦੁਆਰਾ ਸਮਰਥਿਤ ਸਮਾਜਿਕ ਨਿਆਂ, ਏਕਤਾ ਅਤੇ ਅਧਿਆਤਮਿਕ ਸਦਭਾਵਨਾ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਪ੍ਰਤੀ ਸ਼ਰਧਾਂਜਲੀ ਵਿਅਕਤ ਕਰਨਾ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
The ideals of Sree Narayana Guru are a great treasure for all of humanity. pic.twitter.com/YmgAsjwVRA
— PMO India (@PMOIndia) June 24, 2025
India has been blessed with remarkable saints, sages and social reformers who have brought about transformative changes in society. pic.twitter.com/j9ZL7D6vJw
— PMO India (@PMOIndia) June 24, 2025
Sree Narayana Guru envisioned a society free from all forms of discrimination.
— PMO India (@PMOIndia) June 24, 2025
Today, by adopting the saturation approach, the country is working to eliminate every possibility of discrimination. pic.twitter.com/L4Z5ywIe69
Missions like Skill India are empowering the youth and making them self-reliant. pic.twitter.com/d1eu9IpP5d
— PMO India (@PMOIndia) June 24, 2025
To empower India, we must lead on every front - economic, social and military. Today, the nation is moving forward on this very path. pic.twitter.com/1zQFJK9CcA
— PMO India (@PMOIndia) June 24, 2025


