ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨਾਲ ਮੁਲਾਕਾਤ ਕੀਤੀ। ਅਲ ਹੁਸੈਨੀਆ ਪੈਲੇਸ ਪਹੁੰਚਣ 'ਤੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨੇ ਪ੍ਰਧਾਨ ਮੰਤਰੀ ਨੂੰ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਸੀਮਤ ਪੱਧਰ ਅਤੇ ਵਫ਼ਦ ਪੱਧਰ 'ਤੇ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੀਆਂ ਪਿਛਲੀਆਂ ਮੀਟਿੰਗਾਂ ਅਤੇ ਗੱਲਬਾਤ ਯਾਦ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਗਰਮਜੋਸ਼ੀ ਭਰੇ ਅਤੇ ਇਤਿਹਾਸਕ ਸਬੰਧਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਗੌਰ ਕੀਤਾ ਕਿ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਦੋਵੇਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ, ਜੋ ਇਸ ਨੂੰ ਇਤਿਹਾਸਕ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ-ਜੌਰਡਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਪ੍ਰਤੀ ਵਚਨਬੱਧਤਾ ਲਈ ਮਹਾਮਹਿਮ ਦੀ ਤਾਰੀਫ਼ ਕੀਤੀ। ਮਹਾਮਹਿਮ ਨੇ ਅੱਤਵਾਦ ਖ਼ਿਲਾਫ਼ ਭਾਰਤ ਦੇ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਅਤੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਢੰਗਾਂ ਦੀ ਸਖ਼ਤ ਨਿੰਦਾ ਕੀਤੀ। ਪ੍ਰਧਾਨ ਮੰਤਰੀ ਨੇ ਅੱਤਵਾਦ, ਉਗਰਵਾਦ ਅਤੇ ਕੱਟੜਪੰਥ ਨਾਲ ਨਜਿੱਠਣ ਵਿੱਚ ਮਹਾਮਹਿਮ ਦੀ ਅਗਵਾਈ ਅਤੇ ਇਨ੍ਹਾਂ ਬੁਰਾਈਆਂ ਖ਼ਿਲਾਫ਼ ਵਿਸ਼ਵ ਪੱਧਰੀ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼; ਰੱਖਿਆ ਅਤੇ ਸੁਰੱਖਿਆ; ਨਵਿਆਉਣਯੋਗ ਊਰਜਾ; ਖਾਦਾਂ ਅਤੇ ਖੇਤੀਬਾੜੀ; ਨਵੀਨਤਾ, ਸੂਚਨਾ ਤਕਨਾਲੋਜੀ ਅਤੇ ਡਿਜੀਟਲ ਤਕਨਾਲੋਜੀ; ਮਹੱਤਵਪੂਰਨ ਖਣਿਜ; ਬੁਨਿਆਦੀ ਢਾਂਚਾ; ਸਿਹਤ ਅਤੇ ਫਾਰਮਾ; ਸਿੱਖਿਆ ਅਤੇ ਸਮਰੱਥਾ ਨਿਰਮਾਣ; ਸੈਰ-ਸਪਾਟਾ ਅਤੇ ਵਿਰਾਸਤ; ਅਤੇ ਸਭਿਆਚਾਰ ਤੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਨੂੰ ਹੋਰ ਗੂੜ੍ਹਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਭਾਰਤ ਦੇ ਜੌਰਡਨ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੋਣ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਨੂੰ ਅਗਲੇ 5 ਸਾਲਾਂ ਵਿੱਚ ਆਪਸੀ ਵਪਾਰ ਨੂੰ 5 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੇ ਜੌਰਡਨ ਦੇ ਡਿਜੀਟਲ ਪੇਮੈਂਟ ਸਿਸਟਮ ਅਤੇ ਭਾਰਤ ਦੇ ਯੂਨਾਇਟਿਡ ਪੇਮੈਂਟਸ ਇੰਟਰਫੇਸ (ਯੂਪੀਆਈ) ਵਿਚਾਲੇ ਸਹਿਯੋਗ ਦਾ ਸੱਦਾ ਵੀ ਦਿੱਤਾ। ਜੌਰਡਨ ਭਾਰਤ ਨੂੰ ਖਾਦਾਂ ਦਾ ਮਹੱਤਵਪੂਰਨ ਸਪਲਾਇਰ ਹੈ ਅਤੇ ਦੋਵਾਂ ਪਾਸਿਆਂ ਦੀਆਂ ਕੰਪਨੀਆਂ ਭਾਰਤ ਵਿੱਚ ਫਾਸਫੇਟਿਕ ਖਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜੌਰਡਨ ਵਿੱਚ ਹੋਰ ਵੱਡੇ ਨਿਵੇਸ਼ ਲਈ ਚਰਚਾ ਕਰ ਰਹੀਆਂ ਹਨ।
ਦੋਵਾਂ ਆਗੂਆਂ ਨੇ ਖੇਤਰ ਵਿੱਚ ਹੋ ਰਹੇ ਵਿਕਾਸ ਅਤੇ ਹੋਰ ਵਿਸ਼ਵ ਪੱਧਰੀ ਮੁੱਦਿਆਂ 'ਤੇ ਆਪਣੇ ਨਜ਼ਰੀਏ ਸਾਂਝੇ ਕੀਤੇ। ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੀ ਮਹੱਤਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਸਥਾਈ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਭਾਰਤ ਦਾ ਸਮਰਥਨ ਦੁਹਰਾਇਆ।
ਇਸ ਦੌਰੇ ਮੌਕੇ ਦੋਵਾਂ ਪੱਖਾਂ ਨੇ ਸਭਿਆਚਾਰ, ਨਵਿਆਉਣਯੋਗ ਊਰਜਾ, ਜਲ ਪ੍ਰਬੰਧਨ, ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅਤੇ ਪੇਟਰਾ ਤੇ ਐਲੋਰਾ ਵਿਚਕਾਰ ਟਵਿਨਿੰਗ ਵਿਵਸਥਾ ਦੇ ਖੇਤਰਾਂ ਵਿੱਚ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ। ਇਨ੍ਹਾਂ ਸਮਝੌਤਿਆਂ ਨਾਲ ਭਾਰਤ-ਜੌਰਡਨ ਦੇ ਦੁਵੱਲੇ ਸਬੰਧਾਂ ਅਤੇ ਦੋਸਤੀ ਨੂੰ ਵੱਡਾ ਹੁਲਾਰਾ ਮਿਲੇਗਾ। ਗੱਲਬਾਤ ਤੋਂ ਬਾਅਦ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ। ਪ੍ਰਧਾਨ ਮੰਤਰੀ ਨੇ ਮਹਾਮਹਿਮ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।


