ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ ਇਤਿਹਾਸਕ ਤੀਜੇ ਕਾਰਜਕਾਲ ਲਈ ਸ਼੍ਰੀ ਹਰੀਵੰਸ਼ ਨੂੰ ਵਧਾਈ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਹਰੀਵੰਸ਼ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ ਲਗਾਤਾਰ ਤੀਜੀ ਵਾਰ ਚੁਣੇ ਜਾਣ 'ਤੇ ਦਿਲੋਂ ਵਧਾਈ ਦਿੱਤੀ। ਇਸ ਇਤਿਹਾਸਕ ਉਪਲਬਧੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼੍ਰੀ ਹਰੀਵੰਸ਼ ’ਤੇ ਸਦਨ ਦੇ ਡੂੰਘੇ ਭਰੋਸੇ ਅਤੇ ਸੰਸਥਾ ਵਿੱਚ ਉਨ੍ਹਾਂ ਦੇ ਕੀਮਤੀ ਤਜਰਬੇ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਸਦਨ ਵੱਲੋਂ ਉਨ੍ਹਾਂ ਦੇ ਤਜਰਬੇ, ਸਮਾਵੇਸ਼ੀ ਨਜ਼ਰੀਏ ਅਤੇ ਸਨਮਾਨਜਨਕ ਕਾਰਜਸ਼ੈਲੀ ਦੀ ਮਾਨਤਾ ਹੈ।

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਜੀ ਦੀ ਜਨਮ ਵਰ੍ਹੇਗੰਢ ਦੇ ਮੌਕੇ 'ਤੇ ਪੈਣ ਵਾਲੀ 17 ਅਪ੍ਰੈਲ ਦੇ ਖ਼ਾਸ ਮਹੱਤਵ ਨੂੰ ਉਜਾਗਰ ਕੀਤਾ। ਸ਼੍ਰੀ ਹਰੀਵੰਸ਼ ਅਤੇ ਚੰਦਰਸ਼ੇਖਰ ਜੀ ਦੇ ਨੇੜਲੇ ਸਬੰਧ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡਿਪਟੀ ਚੇਅਰਮੈਨ ਨੇ ਉਨ੍ਹਾਂ ਦੇ ਰਾਜਨੀਤਿਕ ਸਫ਼ਰ ਵਿੱਚ ਉਨ੍ਹਾਂ ਦੇ ਸਹਿਯੋਗੀ ਵਜੋਂ ਕੰਮ ਕੀਤਾ ਅਤੇ ਉਨ੍ਹਾਂ ਦੇ ਜੀਵਨ 'ਤੇ ਕਿਤਾਬਾਂ ਵੀ ਲਿਖੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਚੰਦਰਸ਼ੇਖਰ ਜੀ ਦੀ ਜਨਮ ਵਰ੍ਹੇਗੰਢ 'ਤੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਨਾ ਇਸ ਮੌਕੇ ਨੂੰ ਖ਼ਾਸ ਤੌਰ 'ਤੇ ਸਾਰਥਕ ਬਣਾਉਂਦਾ ਹੈ।

ਸ਼੍ਰੀ ਹਰੀਵੰਸ਼ ਦੇ ਪੱਤਰਕਾਰੀ ਦੇ ਸ਼ਾਨਦਾਰ ਕਰੀਅਰ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉੱਚ ਮਿਆਰਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਪ੍ਰਭਾਵਸ਼ਾਲੀ ਲਿਖਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਜਰਾਤ ਵਿੱਚ ਆਪਣੇ ਕਾਰਜਕਾਲ ਦੌਰਾਨ ਵੀ ਉਹ ਨਿਯਮਿਤ ਤੌਰ 'ਤੇ ਸ਼੍ਰੀ ਹਰੀਵੰਸ਼ ਦੇ ਲੇਖ ਪੜ੍ਹਦੇ ਸਨ, ਜੋ ਡੂੰਘੇ ਅਧਿਐਨ ਅਤੇ ਦ੍ਰਿੜ੍ਹ ਭਰੋਸੇ ਨੂੰ ਦਰਸਾਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ ਖਰੀ ਸੀ, ਪਰ ਉਨ੍ਹਾਂ ਦਾ ਭਾਸ਼ਣ ਅਤੇ ਵਿਵਹਾਰ ਹਮੇਸ਼ਾ ਕੋਮਲ ਅਤੇ ਨਿਮਰਤਾ ਵਾਲਾ ਰਿਹਾ।

ਪ੍ਰਧਾਨ ਮੰਤਰੀ ਨੇ ਪੱਤਰਕਾਰੀ ਦੇ ਦਿਨਾਂ ਵਿੱਚ ਸ਼੍ਰੀ ਹਰੀਵੰਸ਼ ਵੱਲੋਂ ਲਿਖੀ "ਹਮਾਰਾ ਸਾਂਸਦ ਕੈਸਾ ਹੋ?" ਨਾਮ ਦੀ ਕਾਲਮ ਲੜੀ ਜ਼ਰੀਏ ਕੀਤੇ ਗਏ ਉਨ੍ਹਾਂ ਦੇ ਮੋਹਰੀ ਕੰਮ ਨੂੰ ਉਜਾਗਰ ਕੀਤਾ। ਇਸ ਅਨੁਭਵ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸੁਝਾਅ ਦਿੱਤਾ ਕਿ ਦੋਵਾਂ ਸਦਨਾਂ ਦੇ ਨਵੇਂ ਸੰਸਦ ਮੈਂਬਰ ਸੰਸਦੀ ਆਚਰਣ, ਮਾਣ ਅਤੇ ਜ਼ਿੰਮੇਵਾਰੀਆਂ ਬਾਰੇ ਸ਼੍ਰੀ ਹਰੀਵੰਸ਼ ਦੀ ਸੂਝ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਉਦੋਂ ਇਹ ਪਤਾ ਨਹੀਂ ਸੀ ਕਿ ਇੱਕ ਦਿਨ ਉਹ ਖ਼ੁਦ ਇਸ ਕੁਰਸੀ 'ਤੇ ਬਿਰਾਜਮਾਨ ਹੋਣਗੇ, ਪਰ ਉਨ੍ਹਾਂ ਦੀਆਂ ਲਿਖਤਾਂ ਨੇ ਇਸ ਵਿਸ਼ੇ ਨੂੰ ਅਸਧਾਰਨ ਡੂੰਘਾਈ ਨਾਲ ਪੇਸ਼ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਵੰਸ਼ ਦੇ ਮਿਸਾਲੀ ਸਮੇਂ ਦੀ ਪਾਬੰਦਤਾ, ਅਨੁਸ਼ਾਸਿਤ ਜੀਵਨ ਅਤੇ ਸਮਰਪਣ ਨੂੰ ਉਨ੍ਹਾਂ ਦੀ ਵਿਸ਼ਵ-ਵਿਆਪੀ ਸ਼ਖ਼ਸੀਅਤ ਦਾ ਪ੍ਰਮੁੱਖ ਕਾਰਕਾਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਸ਼੍ਰੀ ਹਰੀਵੰਸ਼ ਸਦਨ ਵਿੱਚ ਪੂਰਾ ਸਮਾਂ ਹਾਜ਼ਰ ਰਹੇ ਹਨ ਅਤੇ ਪ੍ਰਧਾਨਗੀ ਨਾ ਕਰਨ 'ਤੇ ਵੀ ਸੈਸ਼ਨਾਂ ਵਿੱਚ ਹਿੱਸਾ ਲੈਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਸਾਡੇ ਸਾਰਿਆਂ ਲਈ ਇੱਕ ਉਦਾਹਰਣ ਪੇਸ਼ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਸੰਸਦੀ ਫ਼ਰਜ਼ਾਂ ਤੋਂ ਪਰ੍ਹੇ ਸ਼੍ਰੀ ਹਰੀਵੰਸ਼ ਦੇ ਜ਼ਿਕਰਯੋਗ ਲੋਕ ਭਲਾਈ ਕਾਰਜਾਂ, ਖ਼ਾਸ ਕਰਕੇ ਨੌਜਵਾਨਾਂ ਨਾਲ ਉਨ੍ਹਾਂ ਦੇ ਜੁੜਾਓ ਵੱਲ ਧਿਆਨ ਦਵਾਇਆ। ਪ੍ਰਭਾਵਸ਼ਾਲੀ ਅੰਕੜੇ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ 2018 ਵਿੱਚ ਡਿਪਟੀ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੀ ਹਰੀਵੰਸ਼ ਨੇ ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 350 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਨੌਜਵਾਨਾਂ ਨਾਲ ਜੁੜਨ, ਵਿਸ਼ੇ ਤਿਆਰ ਕਰਨ ਅਤੇ ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਵਿਜ਼ਨ ਨਾਲ ਪ੍ਰੇਰਿਤ ਕਰਨ ਪ੍ਰਤੀ ਉਨ੍ਹਾਂ ਦੀ ਅਸਧਾਰਨ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵਧਾਉਣ ’ਤੇ ਡਿਪਟੀ ਚੇਅਰਮੈਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਹਰੀਵੰਸ਼ ਇਤਿਹਾਸਕ ਸੰਦਰਭਾਂ ਦੀ ਵਰਤੋਂ ਕਰ ਕੇ ਇਹ ਸਮਝਾਉਂਦੇ ਹਨ ਕਿ ਭਾਰਤ ਪਹਿਲਾਂ ਉਮੀਦ ਅਨੁਸਾਰ ਗਤੀ ਨਾਲ ਤਰੱਕੀ ਕਿਉਂ ਨਹੀਂ ਕਰ ਪਾਇਆ ਅਤੇ ਹੁਣ ਦੇਸ਼ ਲਈ ਅੱਗੇ ਵਧਣ ਦੇ ਕੀ ਮੌਕੇ ਮੌਜੂਦ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼੍ਰੀ ਹਰੀਵੰਸ਼ ਟੀਅਰ II ਅਤੇ III ਪੱਧਰ ਦੇ ਸ਼ਹਿਰਾਂ ਵਿੱਚ ਆਯੋਜਿਤ ਸਾਹਿਤਕ ਮੇਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਵੰਸ਼ ਦੀ 1994 ਵਿੱਚ ਅਮਰੀਕਾ ਦੀ ਪਹਿਲੀ ਫੇਰੀ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸੁਣਾਇਆ। ਪ੍ਰਧਾਨ ਮੰਤਰੀ ਮੋਦੀ ਦੇ ਅਨੁਸਾਰ, ਜਦੋਂ ਸ਼੍ਰੀ ਹਰੀਵੰਸ਼ ਨੂੰ ਪੁੱਛਿਆ ਗਿਆ ਕਿ ਉਹ ਉਸ ਵਿਕਸਿਤ ਦੇਸ਼ ਵਿੱਚ ਕੀ ਦੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਯੂਨੀਵਰਸਿਟੀਆਂ ਦਾ ਦੌਰਾ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਕਿ ਉਹ ਸਮਝ ਸਕਣ ਕਿ ਕਿਸ ਤਰ੍ਹਾਂ ਦੀ ਸਿੱਖਿਆ ਅਤੇ ਸਭਿਆਚਾਰ ਨੇ ਅਜਿਹੀ ਤਰੱਕੀ ਨੂੰ ਸੰਭਵ ਬਣਾਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਫੇਰੀ ਦੌਰਾਨ ਆਪਣਾ ਸਾਰਾ ਖ਼ਾਲੀ ਸਮਾਂ ਅਮਰੀਕੀ ਯੂਨੀਵਰਸਿਟੀਆਂ ਦੇ ਅਧਿਐਨ ਕਰਨ ਵਿੱਚ ਬਿਤਾਇਆ, ਜੋ ਇੱਕ ਵਿਕਸਿਤ ਭਾਰਤ ਲਈ ਵਿੱਦਿਅਕ ਉੱਤਮਤਾ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਵੰਸ਼ ਵੱਲੋਂ ਐੱਮਪੀਐੱਲਏਡੀਐੱਸ (ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ) ਫੰਡਾਂ ਦੀ ਮਿਸਾਲੀ ਵਰਤੋਂ ਨੂੰ ਹੋਰ ਸੰਸਦ ਮੈਂਬਰਾਂ ਲਈ ਇੱਕ ਆਦਰਸ਼ ਦੱਸਿਆ। ਪ੍ਰਧਾਨ ਮੰਤਰੀ ਨੇ ਡਿਪਟੀ ਚੇਅਰਮੈਨ ਵੱਲੋਂ ਸਥਾਪਤ ਵੱਖ-ਵੱਖ ਅਧਿਐਨ ਅਤੇ ਖੋਜ ਕੇਂਦਰਾਂ ਦਾ ਵੇਰਵਾ ਦਿੱਤਾ, ਜਿਨ੍ਹਾਂ ਵਿੱਚ ਆਈਆਈਟੀ ਪਟਨਾ ਵਿੱਚ ਖ਼ਤਰੇ ਵਿੱਚ ਪਈਆਂ ਭਾਰਤੀ ਭਾਸ਼ਾਵਾਂ ਦਾ ਕੇਂਦਰ, ਬਿਹਾਰ ਦੇ ਖੇਤਰਾਂ ਦੀ ਭੂਚਾਲ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਭੂਚਾਲ ਇੰਜੀਨੀਅਰਿੰਗ ਕੇਂਦਰ ਅਤੇ ਪਟਨਾ ਦੇ ਆਰੀਆਭੱਟ ਗਿਆਨ ਯੂਨੀਵਰਸਿਟੀ ਵਿੱਚ ਭੂਖੋਰ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਦਰਿਆ ਅਧਿਐਨ ਕੇਂਦਰ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦਿਖਾਇਆ ਹੈ ਕਿ ਐੱਮਪੀਐੱਲਏਡੀਐੱਸ ਫੰਡਾਂ ਦੀ ਵਰਤੋਂ ਲੰਬੇ ਸਮੇਂ ਦੇ ਪ੍ਰਭਾਵ ਲਈ ਨਿਸ਼ਾਨਾਬੱਧ ਦਿਸ਼ਾ ਵਿੱਚ ਕਿਵੇਂ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਹਰੀਵੰਸ਼ ਵੱਲੋਂ ਫ਼ੰਡ ਕੀਤੀਆਂ ਗਈਆਂ ਹੋਰ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਚੰਦਰਗੁਪਤ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿੱਚ ਬਿਜ਼ਨੇਸ ਇਨਕਿਊਬੇਸ਼ਨ ਐਂਡ ਇਨੋਵੇਸ਼ਨ ਸੈਂਟਰ ਅਤੇ ਮਗਧ ਯੂਨੀਵਰਸਿਟੀ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਸੈਂਟਰ ਸ਼ਾਮਲ ਹਨ। ਸ਼ਹਿਰੀ ਖੇਤਰ ਵਿੱਚ ਤਬਦੀਲ ਹੋਣ ਦੇ ਬਾਵਜੂਦ ਡਿਪਟੀ ਚੇਅਰਮੈਨ ਦੇ ਆਪਣੇ ਪਿੰਡ ਨਾਲ ਲਗਾਤਾਰ ਜੁੜਾਓ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹਰੀਵੰਸ਼ ਜੀ ਆਪਣੇ ਪਿੰਡ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ ਅਤੇ ਆਪਣੇ ਭਾਈਚਾਰੇ ਦੇ ਸੁੱਖ-ਦੁੱਖ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਹਨ।

ਨਵੇਂ ਸੰਸਦ ਭਵਨ ਦੇ ਨਿਰਮਾਣ ਦੌਰਾਨ ਸ਼੍ਰੀ ਹਰੀਵੰਸ਼ ਨਾਲ ਕੰਮ ਕਰਨ ਦੇ ਆਪਣੇ ਨਿੱਜੀ ਤਜਰਬੇ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦਾ ਸਹਿਯੋਗ ਕਿੰਨਾ ਕੀਮਤੀ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਸ਼੍ਰੀ ਹਰੀਵੰਸ਼ ਨਾਮਕਰਨ ਸਮਾਰੋਹਾਂ, ਚੈਂਬਰਾਂ, ਆਰਟ ਗੈਲਰੀਆਂ ਅਤੇ ਵੱਖ-ਵੱਖ ਗੇਟਾਂ ਲਈ ਵਿਚਾਰਾਂ ਨੂੰ ਦੋ ਦਿਨਾਂ ਦੀ ਚਰਚਾ ਦੇ ਅੰਦਰ ਅੰਤਿਮ ਰੂਪ ਦੇ ਦਿੰਦੇ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਸੰਸਦ ਭਵਨ ਦੇ ਨਿਰਮਾਣ ਦੌਰਾਨ ਇਕੱਠੇ ਕੰਮ ਕਰਨਾ ਬੇਹੱਦ ਅਨੰਦਮਈ ਅਤੇ ਫਲਦਾਇਕ ਅਨੁਭਵ ਰਿਹਾ।

ਰਾਜ ਵਿਧਾਨ ਸਭਾਵਾਂ, ਵਿਧਾਨ ਪ੍ਰੀਸ਼ਦਾਂ ਅਤੇ ਉਨ੍ਹਾਂ ਦੇ ਪ੍ਰਧਾਨ ਅਧਿਕਾਰੀਆਂ ਨੂੰ ਸਿਖਲਾਈ ਅਤੇ ਸਮਰੱਥਾ ਨਿਰਮਾਣ ਜ਼ਰੀਏ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼੍ਰੀ ਹਰੀਵੰਸ਼ ਦੇ ਯਤਨਾਂ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਦੀ ਦੁਨੀਆ ਪੱਧਰ 'ਤੇ ਮਜ਼ਬੂਤ ਦਿੱਖ ਬਣਾਉਣ ਵਿੱਚ ਰਾਸ਼ਟਰਮੰਡਲ ਸੰਸਦੀ ਸੰਘ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ 21ਵੀਂ ਸਦੀ ਦੀ ਦੂਜੀ ਤਿਮਾਹੀ ਵਿੱਚ ਸਦਨ ਦੀ ਅਹਿਮ ਭੂਮਿਕਾ ’ਤੇ ਭਰੋਸਾ ਪ੍ਰਗਟ ਕਰਦੇ ਹੋਏ ਅਤੇ ਪ੍ਰਧਾਨ ਅਧਿਕਾਰੀਆਂ ਦੀ ਅਹਿਮ ਜ਼ਿੰਮੇਵਾਰੀ 'ਤੇ ਜ਼ੋਰ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jumbo Indian contingent comprising 768 athletes, support staff and officials for Asian Games

Media Coverage

Jumbo Indian contingent comprising 768 athletes, support staff and officials for Asian Games
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਸਤੰਬਰ 2026
September 04, 2026

Make in India, Power India, Play for India: Multi-Sector Momentum Under PM Modi’s Leadership