ਅੱਜ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਯਤਨ ਸ਼ੁਰੂ ਕਰ ਰਹੇ ਹਨ, ਜਿਸਦੀ ਸ਼ੁਰੂਆਤ ਸਰਵਾਈਕਲ ਕੈਂਸਰ ਤੋਂ ਹੋ ਰਹੀ ਹੈ, ਜੋ ਕਾਫੀ ਹੱਦ ਤੱਕ ਰੋਕਥਾਮਯੋਗ ਰੋਗ ਹੈ, ਜੋ ਕਿ ਇਸ ਖੇਤਰ ਵਿੱਚ ਇੱਕ ਵੱਡਾ ਸਿਹਤ ਸੰਕਟ ਬਣ ਰਿਹਾ ਹੈ, ਅਤੇ ਕੈਂਸਰ ਦੀਆਂ ਹੋਰ ਕਿਸਮਾਂ ਨਾਲ ਨਜਿੱਠਣ ਲਈ ਵੀ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਇਹ ਪਹਿਲ ਕੁਆਡ  ਲੀਡਰਸ ਸੰਮੇਲਨ ਵਿੱਚ ਕੀਤੀਆਂ ਘੋਸ਼ਣਾਵਾਂ ਦੇ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ।

 

ਕੁਆਡ  ਕੈਂਸਰ ਮੂਨਸ਼ੌਟ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ, ਖੋਜ ਸਹਿਯੋਗ ਦਾ ਵਿਸਤਾਰ ਕਰਕੇ, ਡੇਟਾ ਪ੍ਰਣਾਲੀਆਂ ਦਾ ਨਿਰਮਾਣ ਕਰਕੇ, ਅਤੇ ਕੈਂਸਰ ਦੀ ਰੋਕਥਾਮ, ਖੋਜ, ਇਲਾਜ ਅਤੇ ਦੇਖਭਾਲ ਲਈ ਵਧੇਰੇ ਸਹਾਇਤਾ ਪ੍ਰਦਾਨ ਕਰਕੇ ਇੰਡੋ-ਪੈਸੀਫਿਕ ਵਿੱਚ ਸਮੁੱਚੇ ਕੈਂਸਰ ਕੇਅਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ। 

 

ਸਰਵਾਈਕਲ ਕੈਂਸਰ, ਜੋ ਕਿ ਟੀਕਾਕਰਣ ਦੁਆਰਾ ਰੋਕਿਆ ਜਾ ਸਕਦਾ ਹੈ ਅਤੇ ਜੇਕਰ ਜਲਦੀ ਪਤਾ ਲਗਾ ਲਿਆ ਜਾਵੇ ਤਾਂ ਆਮ ਤੌਰ 'ਤੇ ਇਲਾਜਯੋਗ ਹੈ, ਇਹ ਰੋਗ ਇੰਡੋ-ਪੈਸੀਫਿਕ ਖੇਤਰ ਵਿੱਚ ਮਹਿਲਾਵਾਂ ਵਿੱਚ ਕੈਂਸਰ ਦੀਆਂ ਮੌਤਾਂ ਦਾ ਤੀਸਰਾ ਪ੍ਰਮੁੱਖ ਕਾਰਨ ਬਣਿਆ ਹੋਇਆ ਹੈ। ਇੰਡੋ-ਪੈਸੀਫਿਕ ਵਿੱਚ 10 ਵਿੱਚੋਂ ਇੱਕ ਤੋਂ ਘੱਟ ਮਹਿਲਾਵਾਂ ਨੇ ਆਪਣੀ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਨ ਲੜੀ ਨੂੰ ਪੂਰਾ ਕੀਤਾ ਹੈ, ਅਤੇ 10% ਤੋਂ ਘੱਟ ਨੇ ਹਾਲ ਹੀ ਵਿੱਚ ਸਕ੍ਰੀਨਿੰਗ ਕੀਤੀ ਹੈ। ਖੇਤਰ ਦੇ ਬਹੁਤ ਸਾਰੇ ਦੇਸ਼ਾਂ ਨੂੰ ਸਿਹਤ ਸੰਭਾਲ਼ ਤੱਕ ਪਹੁੰਚ, ਸੀਮਿਤ ਸੰਸਾਧਨਾਂ ਅਤੇ ਟੀਕਾਕਰਨ ਦਰਾਂ ਵਿੱਚ ਅਸਮਾਨਤਾਵਾਂ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਹਿਲ ਦੇ ਜ਼ਰੀਏ, ਕੁਆਡ  ਦੇਸ਼ ਐੱਚਪੀਵੀ ਟੀਕਾਕਰਨ ਨੂੰ ਉਤਸ਼ਾਹਿਤ ਕਰਕੇ, ਸਕ੍ਰੀਨਿੰਗਾਂ ਤੱਕ ਪਹੁੰਚ ਵਧਾ ਕੇ, ਅਤੇ ਘੱਟ ਸੇਵਾ ਵਾਲੇ ਖੇਤਰਾਂ ਵਿੱਚ ਇਲਾਜ ਦੇ ਵਿਕਲਪਾਂ ਅਤੇ ਦੇਖਭਾਲ ਦਾ ਵਿਸਤਾਰ ਕਰਕੇ ਇਨ੍ਹਾਂ ਅੰਤਰਾਂ ਨੂੰ ਪੂਰਾ ਕਰਨ ਲਈ ਕੰਮ ਕਰਨਗੇ।

 

ਕੁੱਲ ਮਿਲਾ ਕੇ, ਸਾਡੇ ਵਿਗਿਆਨਕ ਮਾਹਿਰਾਂ ਦਾ ਅਨੁਮਾਨ ਹੈ ਕਿ ਕੁਆਡ  ਕੈਂਸਰ ਮੂਨਸ਼ੌਟ ਆਉਣ ਵਾਲੇ ਦਹਾਕਿਆਂ ਵਿੱਚ ਸੈਂਕੜੇ ਹਜ਼ਾਰਾਂ ਜਾਨਾਂ ਬਚਾਏਗਾ। ਇਹ ਕਦਮ ਕੈਂਸਰ ਨੂੰ ਖ਼ਤਮ ਕਰਨ ਲਈ ਬਾਈਡੇਨ-ਹੈਰਿਸ ਪ੍ਰਸ਼ਾਸਨ ਦੀ ਦ੍ਰਿੜ ਪ੍ਰਤੀਬੱਧਤਾ 'ਤੇ ਅਧਾਰਿਤ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ। ਦੋ ਸਾਲ ਤੋਂ ਵੱਧ ਸਮਾਂ ਪਹਿਲਾਂ, ਰਾਸ਼ਟਰਪਤੀ ਜੋ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਨੇ ਕੈਂਸਰ ਮੂਨਸ਼ੌਟ ਨੂੰ ਦੁਬਾਰਾ ਲਾਂਚ ਕੀਤਾ ਸੀ, ਜਿਸ ਦਾ ਲਕਸ਼ ਸੰਯੁਕਤ ਰਾਜ ਅਮਰੀਕਾ ਵਿੱਚ ਕੈਂਸਰ ਦੀ ਮੌਤ ਦਰ ਨੂੰ 2047 ਤੱਕ ਘੱਟੋ-ਘੱਟ ਅੱਧਾ ਕਰਨਾ ਸੀ - 4 ਮਿਲੀਅਨ ਤੋਂ ਵੱਧ ਕੈਂਸਰ ਮੌਤਾਂ ਨੂੰ ਰੋਕਣਾ, ਅਤੇ ਕੈਂਸਰ ਨਾਲ ਜੀ ਰਹੇ ਲੋਕਾਂ ਦੇ ਅਨੁਭਵ ਵਿੱਚ ਸੁਧਾਰ ਕਰਨਾ ਸੀ।

 

ਕੈਂਸਰ ਇੱਕ ਗਲੋਬਲ ਚੁਣੌਤੀ ਹੈ ਜਿਸ ਲਈ ਕਿਸੇ ਇੱਕ ਦੇਸ਼ ਦੇ ਯਤਨਾਂ ਤੋਂ ਪਰੇ ਸਮੂਹਿਕ ਕਾਰਵਾਈ ਅਤੇ ਸਹਿਯੋਗ ਦੀ ਲੋੜ ਹੈ। ਮਿਲ ਕੇ ਕੰਮ ਕਰਕੇ, ਕੁਆਡ  ਦਾ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕੈਂਸਰ ਦੇ ਪ੍ਰਭਾਵ ਨੂੰ ਰੋਕਣ, ਖੋਜਣ, ਇਲਾਜ ਕਰਨ ਅਤੇ ਘੱਟ ਕਰਨ ਲਈ ਇਨੋਵੇਟਿਵ ਰਣਨੀਤੀਆਂ ਨੂੰ ਲਾਗੂ ਕਰਨਾ ਹੈ। ਕੁਆਡ  ਪਾਰਟਨਰ ਕੈਂਸਰ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ਅਤੇ ਖੇਤਰ ਵਿੱਚ ਸਰਵਾਈਕਲ ਕੈਂਸਰ ਦੇ ਬੋਝ ਨੂੰ ਘਟਾਉਣ ਦੇ ਸਮਰਥਨ ਵਿੱਚ ਪ੍ਰਾਈਵੇਟ ਸੈਕਟਰ ਅਤੇ ਗੈਰ-ਸਰਕਾਰੀ ਸੈਕਟਰ ਦੀਆਂ ਗਤੀਵਿਧੀਆਂ ਨੂੰ ਵਧਾਉਣ ਵਿੱਚ ਸਹਿਯੋਗ ਕਰਨ ਲਈ, ਸੰਬੰਧਿਤ ਰਾਸ਼ਟਰੀ ਸੰਦਰਭਾਂ ਵਿੱਚ ਕੰਮ ਕਰਨ ਦਾ ਇਰਾਦਾ ਰੱਖਦੇ ਹਨ। ਅੱਜ ਕੁਆਡ  ਦੇਸ਼ਾਂ ਨੂੰ ਆਪਣੀਆਂ ਸਰਕਾਰਾਂ ਅਤੇ ਗੈਰ-ਸਰਕਾਰੀ ਯੋਗਦਾਨੀਆਂ ਦੀ ਤਰਫੋਂ ਨਿਮਨਲਿਖਤ ਅਕਾਂਖੀ ਪ੍ਰਤੀਬੱਧਤਾਵਾਂ ਦਾ ਐਲਾਨ ਕਰਕੇ ਖੁਸ਼ੀ ਹੋ ਰਹੀ ਹੈ:

 

ਕੁਆਡ  ਦੇਸ਼

 

ਕੁਆਡ  ਦੇਸ਼ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਐੱਚਪੀਵੀ ਵੈਕਸੀਨ ਸਮੇਤ ਗੈਵੀ ਪ੍ਰਤੀ ਆਪਣੀਆਂ ਮਜ਼ਬੂਤ ਪ੍ਰਤੀਬੱਧਤਾਵਾਂ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦੇ ਹਨ, ਜਿਨ੍ਹਾਂ ਵਿੱਚ ਸੰਯੁਕਤ ਰਾਜ ਅਮਰੀਕਾ ਨੇ ਪੰਜ ਸਾਲਾਂ ਵਿੱਚ ਘੱਟੋ-ਘੱਟ 1.58 ਬਿਲੀਅਨ ਡਾਲਰ ਦੇਣ ਦਾ ਸ਼ੁਰੂਆਤੀ ਵਾਅਦਾ ਕੀਤਾ ਹੈ।

 

ਇਸ ਤੋਂ ਇਲਾਵਾ, ਕੁਆਡ  ਦੇਸ਼ ਸਰਵਾਈਕਲ ਕੈਂਸਰ ਸਕ੍ਰੀਨਿੰਗ ਦੀ ਲਾਗਤ ਨੂੰ ਘਟਾਉਣ ਲਈ ਐੱਚਪੀਵੀ ਡਾਇਗਨੌਸਟਿਕਸ ਦੀ ਥੋਕ ਖਰੀਦ 'ਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਗੇ, ਅਤੇ ਮੈਡੀਕਲ ਇਮੇਜਿੰਗ ਅਤੇ ਰੇਡੀਏਸ਼ਨ ਥੈਰੇਪੀ ਦੀ ਪਹੁੰਚ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਕੰਮ ਕਰਨਗੇ।

 

ਯੂਨਾਈਟਿਡ ਸਟੇਟਸ

 

ਰੱਖਿਆ ਵਿਭਾਗ, ਯੂਐੱਸ ਨੇਵੀ ਦੁਆਰਾ, 2025 ਤੋਂ ਸ਼ੁਰੂ ਹੋਣ ਵਾਲੇ ਇੰਡੋ-ਪੈਸੀਫਿਕ ਭਾਈਵਾਲਾਂ ਦੇ ਨਾਲ ਐੱਚਪੀਵੀ ਵੈਕਸੀਨ ਮਾਹਿਰਾਂ ਦੇ ਆਦਾਨ-ਪ੍ਰਦਾਨ ਦਾ ਸਮਰਥਨ ਕਰਨ ਦਾ ਇਰਾਦਾ ਰੱਖਦਾ ਹੈ। ਇਹ ਭਾਈਵਾਲੀ ਸਹਿਭਾਗੀ ਦੇਸ਼ਾਂ ਦੇ ਸਿਹਤ ਪੇਸ਼ੇਵਰਾਂ ਨੂੰ ਐੱਚਪੀਵੀ ਟੀਕਾਕਰਨ ਜਿਹੀਆਂ ਰੋਕਥਾਮ ਵਾਲੀਆਂ ਸਿਹਤ ਸੰਭਾਲ਼ ਸੇਵਾਵਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਇੰਡੋ-ਪੈਸੀਫਿਕ ਵਿੱਚ ਵਿਹਾਰਕ ਸਿਖਲਾਈ ਪ੍ਰਾਪਤ ਕਰਨ, ਸਮਰੱਥਾ ਬਣਾਉਣ ਅਤੇ ਸਿਹਤ ਸੰਭਾਲ਼ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਸਮਰੱਥ ਬਣਾਏਗੀ। ਇਸ ਪਹਿਲ ਦਾ ਉਦੇਸ਼ ਕੈਂਸਰ 'ਤੇ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਖੇਤਰ ਵਿੱਚ ਸਿਹਤ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। 

 

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਦੇ ਓਨਕੋਲੋਜੀ ਸੈਂਟਰ ਆਵੑ ਐਕਸੀਲੈਂਸ ਦਾ ਅਗਲੇ ਬਾਰਾਂ ਮਹੀਨਿਆਂ ਦੇ ਅੰਦਰ ਭਾਰਤ ਦੇ ਇੱਕ ਟੈਕਨੀਕਲ ਦੌਰੇ ਦਾ ਪ੍ਰਬੰਧ ਕਰਨ ਦਾ ਇਰਾਦਾ ਹੈ ਤਾਂ ਜੋ ਐੱਫਡੀਏ ਦੇ 'ਪ੍ਰੋਜੈਕਟ ਆਸ਼ਾ' ਦੇ ਤਹਿਤ ਹਿਤਧਾਰਕਾਂ ਨਾਲ ਸਹਿਯੋਗ ਸਥਾਪਤ ਕੀਤਾ ਜਾ ਸਕੇ। ਐੱਫਡੀਏ ਇੰਡੀਆ ਆਫਿਸ, ਮੋਹਰੀ ਓਨਕੋਲੋਜਿਸਟ, ਮਰੀਜ਼ ਐਡਵੋਕੇਸੀ ਗਰੁੱਪ, ਕਲੀਨਿਕਲ ਟਰਾਇਲ ਸਪਾਂਸਰਾਂ, ਅਤੇ ਸਰਕਾਰੀ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰਦੇ ਹੋਏ, ਇਹ ਨਵੀਂ ਭਾਈਵਾਲੀ ਸਮਰੱਥਾ ਨਿਰਮਾਣ ਦੇ ਯਤਨਾਂ 'ਤੇ ਧਿਆਨ ਕੇਂਦਰਿਤ ਕਰੇਗੀ, ਜਿਨ੍ਹਾਂ ਵਿੱਚ ਕਲੀਨਿਕਲ ਟਰਾਇਲਾਂ ਦੇ ਡਿਜ਼ਾਈਨ, ਸੰਚਾਲਨ ਅਤੇ ਪ੍ਰਬੰਧਨ ਬਾਰੇ ਸਿੱਖਿਆ, ਅੰਤਰਰਾਸ਼ਟਰੀ ਮਾਪਦੰਡਾਂ ਨੂੰ ਉਤਸ਼ਾਹਿਤ ਕਰਨਾ, ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਨਾ, ਰੈਗੂਲੇਟਰੀ ਮਹਾਰਤ ਨੂੰ ਸਾਂਝਾ ਕਰਨਾ, ਅਤੇ ਕੈਂਸਰ ਕਲੀਨਿਕਲ ਟਰਾਇਲਾਂ ਤੱਕ ਪਹੁੰਚ ਵਧਾਉਣਾ ਸ਼ਾਮਲ ਹੈ।

 

ਯੂਐੱਸ ਨੈਸ਼ਨਲ ਕੈਂਸਰ ਇੰਸਟੀਟਿਊਟ (ਐੱਨਸੀਆਈ) ਇੰਡੋ-ਪੈਸੀਫਿਕ ਖੇਤਰ ਵਿੱਚ ਗਲੋਬਲ ਕੈਂਸਰ ਰਿਸਰਚ ਅਤੇ ਗਲੋਬਲ ਕੈਂਸਰ ਰਿਸਰਚ ਟ੍ਰੇਨਿੰਗ ਦੇ ਇੱਕ ਪ੍ਰਮੁੱਖ ਫੰਡਰ ਵਜੋਂ ਆਪਣੀ ਸਹਾਇਤਾ ਦਾ ਵਿਸਤਾਰ ਕਰਨ ਦਾ ਇਰਾਦਾ ਰੱਖਦਾ ਹੈ। ਇਸ ਪੋਰਟਫੋਲੀਓ ਵਿੱਚ ਇਸ ਸਮੇਂ ਦੱਖਣੀ ਏਸ਼ੀਆ, ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਜਾਂਚਕਰਤਾਵਾਂ ਅਤੇ ਸੰਸਥਾਵਾਂ ਨੂੰ ਸ਼ਾਮਲ ਕਰਨ ਵਾਲੇ ਲਗਭਗ 400 ਸਰਗਰਮ ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਸਰਵਾਈਕਲ ਕੈਂਸਰ ਟੀਕਾਕਰਨ, ਸਕ੍ਰੀਨਿੰਗ, ਅਤੇ ਇਲਾਜ ਦੇ ਦਖਲਅੰਦਾਜ਼ੀ ਅਤੇ ਰਣਨੀਤੀਆਂ ਦੀ ਜਾਂਚ 'ਤੇ ਕੇਂਦ੍ਰਿਤ ਵੱਡੇ ਨਿਵੇਸ਼ ਸ਼ਾਮਲ ਹਨ ਜੋ ਦੁਨੀਆ ਭਰ ਵਿੱਚ ਮਹਿਲਾਵਾਂ ਅਤੇ ਲੜਕੀਆਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ। ਐੱਨਸੀਆਈ ਅੰਤਰਰਾਸ਼ਟਰੀ ਕੈਂਸਰ ਕੰਟਰੋਲ ਪਾਰਟਨਰਸ਼ਿਪ, ਕੈਂਸਰ 'ਤੇ ਖੋਜ ਲਈ ਅੰਤਰਰਾਸ਼ਟਰੀ ਏਜੰਸੀ, ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਸਹਿਯੋਗੀ ਕੇਂਦਰ ਦੁਆਰਾ ਦੇਸ਼ਾਂ ਨੂੰ ਪ੍ਰਦਾਨ ਕੀਤੇ ਗਏ ਵਿਗਿਆਨਕ ਸਮਰਥਨ ਦੁਆਰਾ ਗਲੋਬਲ ਕੈਂਸਰ ਨਿਯੰਤਰਣ ਯਤਨਾਂ ਲਈ ਆਪਣੇ ਸਮਰਥਨ ਦਾ ਵਿਸਤਾਰ ਵੀ ਕਰੇਗਾ। 

 

ਐੱਨਸੀਆਈ ਗਲੋਬਲ ਦਰਸ਼ਕਾਂ ਨੂੰ ਸਿਹਤ ਪੇਸ਼ੇਵਰਾਂ ਅਤੇ ਕੈਂਸਰ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਸਬੂਤ-ਅਧਾਰਿਤ ਕੈਂਸਰ ਜਾਣਕਾਰੀ ਪ੍ਰਦਾਨ ਕਰਨ ਲਈ ਇੰਡੋ-ਪੈਸੀਫਿਕ ਖੇਤਰ ਦੇ ਦੇਸ਼ਾਂ ਨਾਲ ਚੱਲ ਰਹੇ ਸਹਿਯੋਗ ਦਾ ਵਿਸਤਾਰ ਕਰੇਗਾ। ਐੱਨਸੀਆਈ ਦਾ ਲਕਸ਼ ਇੰਡੋ-ਪੈਸੀਫਿਕ ਖੇਤਰ ਵਿੱਚ ਸਿਹਤ ਪੇਸ਼ੇਵਰਾਂ ਅਤੇ ਮਰੀਜ਼ਾਂ ਨੂੰ ਇਸਦੀ ਮਾਹਿਰ-ਕਿਯੂਰੇਟਿਡ, ਵਿਆਪਕ ਅਤੇ ਅਧਿਕਾਰਿਤ ਕੈਂਸਰ ਜਾਣਕਾਰੀ ਪ੍ਰਦਾਨ ਕਰਕੇ ਕੁਆਡ  ਕੈਂਸਰ ਮੂਨਸ਼ੌਟ ਪਹਿਲ ਦੀਆਂ ਜਨਤਕ ਸਿੱਖਿਆ ਲੋੜਾਂ ਦਾ ਸਮਰਥਨ ਕਰਨਾ ਹੈ। ਇਸ ਵਿੱਚ ਕੈਂਸਰ ਦੇ ਵਿਸ਼ਿਆਂ ਜਿਵੇਂ ਕਿ ਬਾਲਗ ਅਤੇ ਬੱਚਿਆਂ ਦੇ ਕੈਂਸਰ ਦੇ ਇਲਾਜ, ਸਕ੍ਰੀਨਿੰਗ, ਰੋਕਥਾਮ, ਜੈਨੇਟਿਕਸ, ਸਹਾਇਕ ਅਤੇ ਉਪਚਾਰਕ ਦੇਖਭਾਲ, ਅਤੇ ਏਕੀਕ੍ਰਿਤ, ਵਿਕਲਪਕ, ਅਤੇ ਪੂਰਕ ਥੈਰੇਪੀਆਂ ਬਾਰੇ ਜਾਣਕਾਰੀ ਦਾ ਇੱਕ ਵਿਆਪਕ ਸੰਗ੍ਰਹਿ ਸ਼ਾਮਲ ਹੋਵੇਗਾ, ਜਿਸ ਵਿੱਚ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ, ਰੋਕਥਾਮ, ਨਿਦਾਨ ਅਤੇ ਇਲਾਜ ਨਾਲ ਸਬੰਧਤ ਵਿਆਪਕ ਜਾਣਕਾਰੀ ਸ਼ਾਮਲ ਹੈ।

 

ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਐੱਚਪੀਵੀ ਟੀਕਾਕਰਨ ਪ੍ਰੋਗਰਾਮਾਂ, ਵੈਕਸੀਨ ਦੀ ਵੰਡ ਵਿੱਚ ਸੁਧਾਰ ਅਤੇ ਕੈਂਸਰ ਨਿਗਰਾਨੀ ਅਤੇ ਰੋਕਥਾਮ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਗੇ। ਇਨ੍ਹਾਂ ਵਿੱਚ ਐੱਨਸੀਆਈ ਟੀਕਾਕਰਨ ਪ੍ਰੋਗਰਾਮ ਦੇ ਮੁਲਾਂਕਣ 'ਤੇ ਫਿਲੀਪੀਨਜ਼ ਦੇ ਸਿਹਤ ਮੰਤਰਾਲੇ ਨਾਲ ਕੰਮ ਕਰਨਾ, ਭਵਿੱਖ ਵਿੱਚ ਵੈਕਸੀਨ ਦੀ ਵੰਡ ਨੂੰ ਸੂਚਿਤ ਕਰਨ ਲਈ ਵਿਹਾਰਕ ਅਤੇ ਸਮਾਜਿਕ ਚਾਲਕਾਂ 'ਤੇ ਧਿਆਨ ਕੇਂਦਰਤ ਕਰਨਾ ਸ਼ਾਮਲ ਹੋਵੇਗਾ। ਸੀਡੀਸੀ ਖੇਤਰ ਵਿੱਚ ਸਮੁੱਚੇ ਕੈਂਸਰ ਕੇਅਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਕੈਂਸਰ ਨਿਯੰਤਰਣ ਯੋਜਨਾ ਦੇ ਵਿਕਾਸ ਦਾ ਸਮਰਥਨ ਕਰਕੇ ਵਿਆਪਕ ਕੈਂਸਰ ਨਿਯੰਤਰਣ ਯਤਨਾਂ ਵਿੱਚ ਵੀ ਯੋਗਦਾਨ ਪਾਵੇਗਾ। 

 

ਸੀਡੀਸੀ ਦਾ ਇਰਾਦਾ ਟੈਕਨੀਕਲ ਸਹਾਇਤਾ ਪ੍ਰਦਾਨ ਕਰਨ ਅਤੇ ਯੂਐੱਸ ਪ੍ਰਸ਼ਾਂਤ ਪ੍ਰਦੇਸ਼ਾਂ ਅਤੇ ਸੁਤੰਤਰ ਤੌਰ 'ਤੇ ਸੰਬੰਧਿਤ ਰਾਜਾਂ ਵਿੱਚ ਪਾਇਲਟ ਸਰਵਾਈਕਲ ਕੈਂਸਰ ਸਕ੍ਰੀਨਿੰਗ ਅਧਿਐਨਾਂ ਦੁਆਰਾ ਸੂਚਿਤ ਸਰਵੋਤਮ ਪ੍ਰਥਾਵਾਂ ਨੂੰ ਪ੍ਰਸਾਰਿਤ ਕਰਨ ਦੇ ਨਾਲ-ਨਾਲ ਯੂਐੱਸ ਪੈਸੀਫਿਕ ਟਾਪੂ ਅਧਿਕਾਰ ਖੇਤਰਾਂ (ਪੀਆਈਜੇਸ) ਵਿੱਚ ਸੀਡੀਸੀ  ਦੁਆਰਾ ਫੰਡ ਕੀਤੇ ਰਾਸ਼ਟਰੀ ਕੈਂਸਰ ਕੰਟਰੋਲ ਪ੍ਰੋਗਰਾਮਾਂ ਦਾ ਸਮਰਥਨ ਕਰਨਾ ਜਾਰੀ ਰੱਖਣਾ ਹੈ। ਇਨ੍ਹਾਂ ਯਤਨਾਂ ਵਿੱਚ ਸਰਵਾਈਕਲ ਕੈਂਸਰ ਦੀ ਸ਼ੁਰੂਆਤੀ ਖੋਜ ਨੂੰ ਬਿਹਤਰ ਬਣਾਉਣ ਲਈ ਸਬੂਤ-ਅਧਾਰਿਤ ਰਣਨੀਤੀਆਂ ਨੂੰ ਸਾਂਝਾ ਕਰਨਾ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ, ਸੀਡੀਸੀ ਇੱਕ ਲਾਗੂਕਰਨ ਗਾਈਡ ਦਾ ਪ੍ਰਸਾਰ ਕਰਨ ਦਾ ਇਰਾਦਾ ਰੱਖਦੀ ਹੈ ਜੋ ਪੀਆਈਜੇ ਕੋਸ਼ਿਸ਼ਾਂ ਨੂੰ ਉਨ੍ਹਾਂ ਦੀ ਸਕ੍ਰੀਨਿੰਗ ਸਮਰੱਥਾ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਂਝੇਦਾਰੀ ਨੂੰ ਉਤਸ਼ਾਹਿਤ ਕਰ ਸਕਦੀ ਹੈ, ਜਿਸ ਵਿੱਚ ਪ੍ਰਾਇਮਰੀ ਐੱਚਪੀਵੀ ਟੈਸਟਿੰਗ ਅਤੇ ਫੋਲੋ-ਅੱਪ ਟੈਸਟ ਕਰਵਾਉਣ ਲਈ ਮੈਡੀਕਲ ਅਤੇ ਪ੍ਰਯੋਗਸ਼ਾਲਾ ਦੀ ਸਮਰੱਥਾ ਨੂੰ ਕਿਵੇਂ ਬਣਾਉਣਾ ਹੈ, ਅਤੇ ਕੈਂਸਰ ਦੀ ਰੋਕਥਾਮ ਅਤੇ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਸਕ੍ਰੀਨਿੰਗ ਦੀ ਨਿਗਰਾਨੀ ਕਰਨ ਲਈ ਡੇਟਾ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਬਾਰੇ ਮਾਰਗਦਰਸ਼ਨ ਸ਼ਾਮਲ ਹੈ।

 

ਯੂਐੱਸ ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (ਡੀਐੱਫਸੀ) ਸਰਵਾਈਕਲ ਕੈਂਸਰ ਸਮੇਤ ਕੈਂਸਰ ਦੀ ਰੋਕਥਾਮ, ਨਿਦਾਨ ਅਤੇ ਇਲਾਜ ਲਈ ਸਮਰੱਥ ਪ੍ਰਾਈਵੇਟ ਸੈਕਟਰ ਦੁਆਰਾ ਸੰਚਾਲਿਤ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰੇਗਾ। ਖਾਸ ਤੌਰ 'ਤੇ, ਡੀਐੱਫਸੀ ਘੱਟ ਸੇਵਾ ਵਾਲੇ ਭਾਈਚਾਰਿਆਂ ਲਈ ਇਨੋਵੇਟਿਵ ਪਹੁੰਚਾਂ ਅਤੇ ਟੈਕਨੋਲੋਜੀਆਂ ਦੀ ਤੈਨਾਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰੇਗਾ। 

 

ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐੱਸਏਆਈਡੀ) ਐੱਚਪੀਵੀ ਟੀਕਾਕਰਨ ਪਹੁੰਚ ਨੂੰ ਵਧਾਉਣ ਲਈ ਮਹੱਤਵਪੂਰਨ ਵਿੱਤੀ ਅਤੇ ਟੈਕਨੀਕਲ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ। ਯੂਐੱਸ ਸਰਕਾਰ ਨੇ, ਯੂਐੱਸਏਆਈਡੀ ਜ਼ਰੀਏ, ਵੈਕਸੀਨ ਅਲਾਇੰਸ, ਗੈਵੀ ਲਈ ਘੱਟੋ-ਘੱਟ 1.58 ਬਿਲੀਅਨ ਡਾਲਰ ਦਾ ਬੇਮਿਸਾਲ ਵਾਅਦਾ ਕੀਤਾ ਹੈ, ਜੋ ਕਿ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ, ਐੱਚਪੀਵੀ ਟੀਕਿਆਂ ਸਮੇਤ, ਵੈਕਸੀਨ ਕਵਰੇਜ ਨੂੰ ਵਧਾਉਣ ਲਈ ਗਲੋਬਲ ਯਤਨਾਂ ਨੂੰ ਹੁਲਾਰਾ ਦੇਵੇਗਾ, ਅਤੇ ਇੰਡੋ-ਪੈਸੀਫਿਕ ਅਤੇ ਇਸ ਤੋਂ ਬਾਹਰ ਲੱਖਾਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰੇਗਾ।

 

ਸਟੇਟ ਡਿਪਾਰਟਮੈਂਟ, ਗਲੋਬਲ ਹੈਲਥ ਸਕਿਓਰਿਟੀ ਐਂਡ ਡਿਪਲੋਮੇਸੀ (ਜੀਐੱਚਐੱਸਡੀ)-ਪ੍ਰੈਜ਼ੀਡੈਂਟਸ ਐਮਰਜੈਂਸੀ ਪਲਾਨ ਫਾਰ ਰਿਲੀਫ (ਪੀਈਪੀਐੱਫਏਆਰ) ਦੁਆਰਾ, ਐੱਚਆਈਵੀ ਪੀੜਿਤ ਲੋਕਾਂ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਅਤੇ ਇਲਾਜ ਦੇ ਯਤਨਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਸਭ ਤੋਂ ਵਧੀਆ ਵਿਵਹਾਰਾਂ ਸਾਂਝੇ ਕੀਤੇ ਜਾਣਗੇ, ਜਿਨ੍ਹਾਂ ਵਿੱਚ ਵਸਤੂਆਂ ਦੀ ਖਰੀਦ ਅਤੇ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਹ ਸਹਿਯੋਗ ਮੌਜੂਦਾ ਐੱਚਆਈਵੀ ਇਲਾਜ ਪ੍ਰੋਗਰਾਮਾਂ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਦੇ ਏਕੀਕਰਨ ਨੂੰ ਵਧਾਏਗਾ, ਜਿਸ ਨਾਲ ਜੀਵਨ ਬਚਾਉਣ ਵਾਲੀ ਦਖਲਅੰਦਾਜ਼ੀ ਤੱਕ ਪਹੁੰਚ ਵਧੇਗੀ। ਇਹ ਸਕ੍ਰੀਨਿੰਗ ਅਤੇ ਇਲਾਜ ਲਈ ਲੋੜੀਂਦੀ ਮੈਡੀਕਲ ਸਪਲਾਈ ਲਈ ਸਪਲਾਈ ਚੇਨ ਨੂੰ ਬਿਹਤਰ ਬਣਾਉਣ 'ਤੇ ਵੀ ਧਿਆਨ ਕੇਂਦਰਿਤ ਕਰੇਗਾ।

 

ਆਸਟ੍ਰੇਲੀਆ

 

ਆਸਟ੍ਰੇਲੀਅਨ ਸਰਕਾਰ ਅਤੇ ਪਰਉਪਕਾਰੀ ਯੋਗਦਾਨਾਂ ਦੁਆਰਾ, ਸਰਵਾਈਕਲ ਕੈਂਸਰ ਲਈ ਇੰਡੋ-ਪੈਸੀਫਿਕ (ਈਪੀਆਈਸੀਸੀ) ਕੰਸੋਰਟੀਅਮ ਵਿੱਚ ਐਲੀਮੀਨੇਸ਼ਨ ਪਾਰਟਨਰਸ਼ਿਪ ਲਈ ਕੁੱਲ ਫੰਡਿੰਗ ਪ੍ਰਤੀਬੱਧਤਾ 29.6 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਹੋ ਜਾਵੇਗੀ। ਈਪੀਆਈਸੀਸੀ ਇੱਕ ਨਵਾਂ ਪ੍ਰੋਗਰਾਮ ਹੈ ਜੋ ਖੇਤਰ ਦੇ ਕਿਸੇ ਵੀ ਦੇਸ਼ ਵਿੱਚ ਐੱਚਪੀਵੀ-ਸਬੰਧਿਤ ਨੀਤੀਆਂ, ਯੋਜਨਾਬੰਦੀ ਅਤੇ ਤਤਪਰਤਾ ਵਿੱਚ ਸੁਧਾਰ ਕਰਕੇ ਪੂਰੇ ਇੰਡੋ-ਪੈਸੀਫਿਕ ਖੇਤਰ ਵਿੱਚ ਸਰਵਾਈਕਲ ਕੈਂਸਰ ਦੇ ਖਾਤਮੇ ਨੂੰ ਅੱਗੇ ਵਧਾਉਣ ਲਈ ਦਹਾਕਿਆਂ ਦੀ ਖੋਜ ਅਤੇ ਡਾਕਟਰੀ ਅਗਵਾਈ ਦਾ ਨਿਰਮਾਣ ਕਰਦਾ ਹੈ। ਈਪੀਆਈਸੀਸੀ ਤਿਮੋਰ-ਲੇਸਟੇ ਅਤੇ ਸੋਲੋਮਨ ਟਾਪੂਆਂ ਵਿੱਚ ਭਵਿੱਖ ਦੇ ਸਕੇਲ-ਅੱਪ ਲਈ ਐੱਚਪੀਵੀ ਪ੍ਰੋਗਰਾਮਾਂ ਦਾ ਪਾਇਲਟ ਕਰ ਰਿਹਾ ਹੈ, ਮਲੇਸ਼ੀਆ, ਫਿਜੀ ਅਤੇ ਪਾਪੂਆ ਨਿਊ ਗਿਨੀ ਵਿੱਚ ਦੇਸ਼ ਦੀ ਤਿਆਰੀ ਨੂੰ ਸਮਰਥਨ ਦੇਣ ਲਈ ਉਪ-ਰਾਸ਼ਟਰੀ ਟੀਕਾਕਰਨ ਪ੍ਰੋਗਰਾਮਾਂ ਦਾ ਵਿਸਤਾਰ ਕਰ ਰਿਹਾ ਹੈ, ਅਤੇ ਟੂਵਾਲੂ, ਵੈਨੂਆਟੂ ਅਤੇ ਨੌਰੂ ਵਿੱਚ ਰਾਸ਼ਟਰੀ ਸਥਾਈ ਐੱਚਪੀਵੀ ਖਾਤਮੇ ਪ੍ਰੋਗਰਾਮਾਂ ਦੀ ਸਥਾਪਨਾ ਦਾ ਸਮਰਥਨ ਕਰ ਰਿਹਾ ਹੈ। ਈਪੀਆਈਸੀਸੀ ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਲਈ ਛੇ ਤਰਜੀਹੀ ਖੇਤਰਾਂ ਵਿੱਚ ਕੰਮ ਕਰਦਾ ਹੈ, ਜਿਨ੍ਹਾਂ ਵਿੱਚ ਐੱਚਪੀਵੀ ਟੀਕਾਕਰਨ ਸਹਾਇਤਾ ਦੁਆਰਾ ਪ੍ਰਾਇਮਰੀ ਰੋਕਥਾਮ ਨੂੰ ਮਜ਼ਬੂਤ ਕਰਨਾ, ਐੱਚਪੀਵੀ ਸਕ੍ਰੀਨਿੰਗ ਅਤੇ ਪ੍ਰੀ-ਕੈਂਸਰ ਲਈ ਇਲਾਜ ਦੁਆਰਾ ਸਰਵਾਈਕਲ ਕੈਂਸਰ ਦੀ ਸੈਕੰਡਰੀ ਰੋਕਥਾਮ, ਸਰਵਾਈਕਲ ਕੈਂਸਰ ਸਕ੍ਰੀਨਿੰਗ ਅਤੇ ਨਿਦਾਨ ਲਈ ਪ੍ਰਯੋਗਸ਼ਾਲਾ ਨੂੰ ਮਜ਼ਬੂਤ ਕਰਨਾ, ਫੈਸਲੇ ਲੈਣ ਲਈ ਡੇਟਾ ਤਿਆਰ ਕਰਨ ਲਈ ਡਿਜੀਟਲ ਸਿਹਤ ਕਾਰਜ ਅਤੇ ਦੇਖਭਾਲ ਦੇ ਮਜ਼ਬੂਤ ਮਾਡਲ, ਸਰਵਾਈਕਲ ਕੈਂਸਰ ਪ੍ਰਬੰਧਨ (ਇਲਾਜ ਅਤੇ ਉਪਚਾਰਕ ਦੇਖਭਾਲ ਦੋਵਾਂ ਵਿੱਚ) ਦਾ ਸਮਰਥਨ ਕਰਨਾ, ਅਤੇ ਸਰਵਾਈਕਲ ਕੈਂਸਰ ਦੇ ਖਾਤਮੇ ਦੇ ਮਾਰਗ ਦੇ ਸਾਰੇ ਥੰਮ੍ਹਾਂ ਵਿੱਚ ਨੀਤੀ ਅਤੇ ਮਾਡਲਿੰਗ ਸਹਾਇਤਾ ਸ਼ਾਮਲ ਹਨ। 

 

16.5 ਮਿਲੀਅਨ ਆਸਟ੍ਰੇਲੀਅਨ ਡਾਲਰ [11 ਮਿਲੀਅਨ ਅਮਰੀਕਨ ਡਾਲਰ] ਦੀ ਕੁੱਲ ਆਸਟ੍ਰੇਲੀਅਨ ਸਰਕਾਰ ਦੀ ਪ੍ਰਤੀਬੱਧਤਾ ਦੇ ਨਾਲ, ਵਿਸਤ੍ਰਿਤ ਈਪੀਆਈਸੀਸੀ ਪ੍ਰੋਜੈਕਟ ਇੰਡੋ-ਪੈਸੀਫਿਕ ਖੇਤਰ ਵਿੱਚ ਹੋਰ ਮਹਿਲਾਵਾਂ ਤੱਕ ਆਪਣੀ ਪਹੁੰਚ ਵਧਾਏਗਾ। ਇਹ ਸਰਵਾਈਕਲ ਕੈਂਸਰ ਐਲੀਮੀਨੇਸ਼ਨ 'ਤੇ ਅਗਲੇ ਗਲੋਬਲ ਫੋਰਮ ਵਿੱਚ ਹਿੱਸਾ ਲੈਣ ਲਈ ਸਰਵਾਈਕਲ ਕੈਂਸਰ ਦੇ ਖਾਤਮੇ 'ਤੇ ਕੰਮ ਕਰ ਰਹੇ ਖੇਤਰ ਵਿੱਚ ਭਾਈਵਾਲ ਸੰਗਠਨਾਂ ਦਾ ਵੀ ਸਮਰਥਨ ਕਰੇਗਾ, ਜਿਸਦਾ ਇੰਡੋ-ਪੈਸੀਫਿਕ ਖੇਤਰ ‘ਤੇ ਮਜ਼ਬੂਤ ਫੋਕਸ ਹੋਵੇਗਾ। 

 

ਆਪਣੀ ਚੈਰਿਟੀ ਮਾਈਂਡਰੂ ਫਾਊਂਡੇਸ਼ਨ ਰਾਹੀਂ, ਡਾ. ਐਂਡਰਿਊ ਫੋਰੈਸਟ ਏਓ ਅਤੇ ਨਿਕੋਲਾ ਫੋਰੈਸਟ ਏਓ ਈਪੀਆਈਸੀਸੀ ਲਈ ਇੱਕ ਹੋਰ 13.1 ਮਿਲੀਅਨ ਆਸਟ੍ਰੇਲੀਅਨ ਡਾਲਰ [8.81 ਮਿਲੀਅਨ ਅਮਰੀਕਨ ਡਾਲਰ] ਦੇ ਨਾਲ ਜੀਵਨ ਬਚਾਉਣ ਵਾਲੇ ਯੋਗਦਾਨ ਦਾ ਵਿਸਤਾਰ ਕਰ ਰਹੇ ਹਨ। ਇਸ ਅਤਿਰਿਕਤ ਫੰਡਿੰਗ ਨਾਲ ਈਪੀਆਈਸੀਸੀ ਦਾ ਖੇਤਰ ਵਿੱਚ 11 ਦੇਸ਼ਾਂ ਤੱਕ ਵਿਸਤਾਰ ਹੋਵੇਗਾ ਅਤੇ ਮਾਈਂਡਰੂ (Minderoo) ਦੀ ਕੁੱਲ ਪ੍ਰਤੀਬੱਧਤਾ 21.7 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਪਹੁੰਚਾਏਗੀ। ਵਿਸਤ੍ਰਿਤ ਪ੍ਰੋਗਰਾਮ ਵਿੱਚ ਅਗਲੇ 4 ਸਾਲਾਂ ਵਿੱਚ ਪ੍ਰਸ਼ਾਂਤ ਖੇਤਰ ਵਿੱਚ 140,000 ਮਹਿਲਾਵਾਂ ਦੀ ਜਾਂਚ ਕੀਤੀ ਜਾਵੇਗੀ, ਨਾਲ ਹੀ ਰਾਸ਼ਟਰੀ ਐਲੀਮੀਨੇਸ਼ਨ ਪ੍ਰੋਗਰਾਮਾਂ ਦੀ ਸਥਾਪਨਾ ਅਤੇ ਮਹਿਲਾਵਾਂ ਅਤੇ ਲੜਕੀਆਂ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੋਗਰਾਮ ਨੂੰ ਕਾਇਮ ਰੱਖਣ ਲਈ ਸਰਕਾਰਾਂ ਨੂੰ ਸਸ਼ਕਤ ਕਰੇਗਾ। 

 

ਭਾਰਤ

 

ਭਾਰਤ ਆਪਣੇ ਰਾਸ਼ਟਰੀ ਗੈਰ-ਸੰਚਾਰੀ ਰੋਗ (ਨੈਸ਼ਨਲ ਨਾਨ-ਕਮਿਊਨੀਕੇਬਲ ਡਿਜ਼ੀਜ਼- ਐੱਨਸੀਡੀ) ਪੋਰਟਲ ਜ਼ਰੀਏ ਡਿਜੀਟਲ ਸਿਹਤ ਵਿੱਚ ਟੈਕਨੀਕਲ ਮੁਹਾਰਤ ਨੂੰ ਸਾਂਝਾ ਕਰੇਗਾ। ਡਿਜੀਟਲ ਹੈਲਥ 'ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਅਗਵਾਈ ਵਾਲੀ ਗਲੋਬਲ ਪਹਿਲ ਨੂੰ ਸਮਰਥਨ ਦੇਣ ਲਈ ਆਪਣੀ 10 ਮਿਲੀਅਨ ਡਾਲਰ ਦੀ ਪ੍ਰਤੀਬੱਧਤਾ ਦੇ ਹਿੱਸੇ ਵਜੋਂ, ਭਾਰਤ ਇੰਡੋ-ਪੈਸੀਫਿਕ ਖੇਤਰ ਨੂੰ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗਾ। ਇਸ ਵਿੱਚ ਇਸਦੇ ਰਾਸ਼ਟਰੀ ਗੈਰ-ਸੰਚਾਰੀ ਰੋਗ ਪੋਰਟਲ ਦੀ ਵਰਤੋਂ ਲਈ ਟੈਕਨੀਕਲ ਸਹਾਇਤਾ ਦੀ ਪੇਸ਼ਕਸ਼ ਕਰਨਾ ਸ਼ਾਮਲ ਹੈ, ਜੋ ਕੈਂਸਰ ਸਕ੍ਰੀਨਿੰਗ ਅਤੇ ਕੇਅਰ 'ਤੇ ਲੰਬੇ ਸਮੇਂ ਦੇ ਡੇਟਾ ਨੂੰ ਟਰੈਕ ਕਰਦਾ ਹੈ। 

 

ਭਾਰਤ ਇੰਡੋ-ਪੈਸੀਫਿਕ ਖੇਤਰ ਨੂੰ 7.5 ਮਿਲੀਅਨ ਡਾਲਰ ਦੇ ਮੁੱਲ ਦੇ ਐੱਚਪੀਵੀ ਨਮੂਨੇ ਲੈਣ ਵਾਲੀਆਂ ਕਿੱਟਾਂ, ਰਿਸਰਚ ਟੂਲ ਅਤੇ ਸਰਵਾਈਕਲ ਕੈਂਸਰ ਵੈਕਸੀਨ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਇਸ ਮਹੱਤਵਪੂਰਨ ਯੋਗਦਾਨ ਦਾ ਉਦੇਸ਼ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਅਤੇ ਪਤਾ ਲਗਾਉਣ ਲਈ ਸਥਾਨਕ ਯਤਨਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਪੂਰੇ ਖੇਤਰ ਵਿੱਚ ਬਿਮਾਰੀ ਦੇ ਬੋਝ ਨੂੰ ਘਟਾਉਣ ਲਈ ਟੀਕਾਕਰਨ ਪ੍ਰੋਗਰਾਮਾਂ ਦਾ ਸਮਰਥਨ ਕਰਦੇ ਹੋਏ, ਜਲਦੀ ਪਤਾ ਲਗਾਉਣ ਅਤੇ ਰੋਕਥਾਮ ਲਈ ਕਿਫਾਇਤੀ, ਪਹੁੰਚਯੋਗ ਸਾਧਨਾਂ ਨਾਲ ਭਾਈਚਾਰਿਆਂ ਨੂੰ ਸਸ਼ਕਤ ਕਰਨਾ ਹੈ। 

 

ਭਾਰਤ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਆਪਣੇ ਰਾਸ਼ਟਰੀ ਪ੍ਰੋਗਰਾਮ ਦੁਆਰਾ ਮੂੰਹ, ਛਾਤੀ ਅਤੇ ਸਰਵਾਈਕਲ ਕੈਂਸਰ ਲਈ ਆਬਾਦੀ-ਅਧਾਰਿਤ ਸਕ੍ਰੀਨਿੰਗ ਨੂੰ ਵਧਾ ਰਿਹਾ ਹੈ। ਖਾਸ ਤੌਰ 'ਤੇ, ਭਾਰਤ ਸਰਵਾਈਕਲ ਕੈਂਸਰ ਸਕ੍ਰੀਨਿੰਗ ਲਈ ਐਸੀਟਿਕ ਐਸਿਡ (ਵੀਆਈਏ) ਵਿਧੀ ਨਾਲ ਵਿਜ਼ੂਅਲ ਇੰਸਪੈਕਸ਼ਨ ਦੀ ਵਰਤੋਂ ਕਰਦਾ ਹੈ, ਜੋ ਕਿ ਸਧਾਰਨ, ਲਾਗਤ ਪ੍ਰਭਾਵੀ ਅਤੇ ਦਕਸ਼ ਹੈ ਅਤੇ ਸਿਹਤ ਸੰਭਾਲ਼ ਕਰਮਚਾਰੀਆਂ ਨੂੰ ਅਡਵਾਂਸ ਲੈਬਾਰਟਰੀ ਬੁਨਿਆਦੀ ਢਾਂਚੇ ਦੀ ਲੋੜ ਤੋਂ ਬਿਨਾਂ ਸਰਵਾਈਕਲ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨਾਲ ਇਹ ਇੰਡੋ-ਪੈਸੀਫਿਕ ਦੇ ਹੋਰ ਖੇਤਰਾਂ ਲਈ ਮਾਡਲ ਬਣ ਜਾਂਦਾ ਹੈ।

 

ਭਾਰਤ ਆਪਣੇ "ਸਟਰੈਂਥਨਿੰਗ ਟਰਸ਼ਰੀ ਕੇਅਰ ਕੈਂਸਰ ਸੈਂਟਰਸ" ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਕੈਂਸਰ ਇਲਾਜ ਕੇਂਦਰਾਂ ਤੱਕ ਪਹੁੰਚ ਵਧਾ ਰਿਹਾ ਹੈ। ਭਾਰਤ ਸਰਕਾਰ ਦੇਸ਼ ਭਰ ਵਿੱਚ ਇਲਾਜ ਦੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੋਵਾਂ ਦਾ ਸਮਰਥਨ ਕਰ ਰਹੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਦੇ ਸਾਰੇ ਹਿੱਸਿਆਂ ਵਿੱਚ, ਵੰਚਿਤ ਖੇਤਰਾਂ ਸਮੇਤ, ਲੋਕ ਉੱਚ-ਗੁਣਵੱਤਾ ਦੀ ਦੇਖਭਾਲ ਪ੍ਰਾਪਤ ਕਰ ਸਕਣ। 

 

ਭਾਰਤ ਪੀਐੱਮ ਜਨ ਅਰੋਗਯ ਯੋਜਨਾ (ਪੀਐੱਮਜੇਏਵਾਈ) ਜ਼ਰੀਏ ਕਿਫਾਇਤੀ ਕੈਂਸਰ ਦੇ ਇਲਾਜ ਲਈ ਪ੍ਰਤੀਬੱਧ ਹੈ। ਆਪਣੇ ਵਿਆਪਕ ਸਿਹਤ ਕਵਰੇਜ ਯਤਨਾਂ, ਪੀਐੱਮਜੇਏਵਾਈ ਦੇ ਹਿੱਸੇ ਵਜੋਂ, ਭਾਰਤ ਆਪਣੇ ਨਾਗਰਿਕਾਂ ਨੂੰ ਕਿਫਾਇਤੀ ਕੈਂਸਰ ਇਲਾਜ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਸਭ ਤੋਂ ਵੱਧ ਲੋੜਵੰਦਾਂ ਲਈ ਵਿੱਤੀ ਸੁਰੱਖਿਆ ਯਕੀਨੀ ਹੋ ਸਕੇ। 

 

ਸਰਵਾਈਕਲ ਕੈਂਸਰ ਨੂੰ ਖ਼ਤਮ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਇੰਡੀਅਨ ਕੌਂਸਲ ਔਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਅਗਵਾਈ ਵਿੱਚ ਲਾਗੂ ਖੋਜ ਦੁਆਰਾ ਹੋਰ ਸਮਰਥਨ ਮਿਲਦਾ ਹੈ। ਇਹ ਖੋਜ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ, ਜਲਦ ਨਿਦਾਨ ਅਤੇ ਇਲਾਜ ਦੀ ਸ਼ੁਰੂਆਤ ਨੂੰ ਵਧਾਉਣ 'ਤੇ ਕੇਂਦ੍ਰਿਤ ਹੈ। ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਉਣ ਵਾਲੇ ਸਾਲਾਂ ਵਿੱਚ ਨਤੀਜੇ ਅਤੇ ਸਿੱਟੇ ਇੰਡੋ-ਪੈਸੀਫਿਕ ਦੇਸ਼ਾਂ ਨਾਲ ਸਾਂਝੇ ਕੀਤੇ ਜਾਣਗੇ। 

 

ਜਾਪਾਨ

 

ਜਾਪਾਨ ਇੰਡੋ-ਪੈਸੀਫਿਕ ਖੇਤਰ ਦੇ ਦੇਸ਼ਾਂ ਨੂੰ ਕੰਪਿਊਟਡ ਟੋਮੋਗ੍ਰਾਫੀ (ਸੀਟੀ) ਅਤੇ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮਆਰਆਈ) ਸਕੈਨਰ ਸਮੇਤ ਮੈਡੀਕਲ ਉਪਕਰਨ, ਅਤੇ ਲਗਭਗ 27 ਮਿਲੀਅਨ ਡਾਲਰ ਦੀ ਹੋਰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਕੰਬੋਡੀਆ, ਵੀਅਤਨਾਮ ਅਤੇ ਤਿਮੋਰ-ਲੇਸਟੇ ਸ਼ਾਮਲ ਹਨ, ਨਾਲ ਹੀ ਇਹ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਵੀ ਯੋਗਦਾਨ ਪਾ ਰਿਹਾ ਹੈ।

 

ਜਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ ਅਤੇ ਹੋਰ ਸੰਸਥਾਵਾਂ ਦੁਆਰਾ, ਜਪਾਨ ਨੇ ਇੰਡੋ-ਪੈਸੀਫਿਕ ਵਿੱਚ ਸਰਵਾਈਕਲ ਕੈਂਸਰ ਸਮੇਤ, ਕੈਂਸਰ ਨਾਲ ਲੜਨ ਲਈ ਵਿੱਤੀ ਸਾਲ 2019 ਤੋਂ ਵਿੱਤੀ ਸਾਲ 2023 ਤੱਕ ਲਗਭਗ 75 ਮਿਲੀਅਨ ਡਾਲਰ ਦੀ ਪ੍ਰਤੀਬੱਧਤਾ ਜਤਾਈ ਹੈ। ਇਸ ਵਿੱਚ ਸੰਬੰਧਿਤ ਮੈਡੀਕਲ ਉਪਕਰਨ ਅਤੇ ਸੁਵਿਧਾਵਾਂ, ਮੈਡੀਕਲ ਨਿਦਾਨ, ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਟੈਕਨੀਕਲ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ।

 

ਜਾਪਾਨ ਗਲੋਬਲ ਹੈਲਥ ਇਨੀਸ਼ੀਏਟਿਵ ਜਾਂ ਗੈਵੀ, ਯੂਐੱਨਐੱਫਪੀਏ, ਆਈਪੀਪੀਐੱਫ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਨਿਯੰਤਰਣ ਸਮੇਤ ਟੀਕਿਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਅਤੇ ਮਹਿਲਾਵਾਂ ਦੀ ਸਿਹਤ ਨੂੰ ਬੇਹਤਰ ਬਣਾਉਣ ਲਈ ਵਚਨਬੱਧ ਹੈ। ਜਾਪਾਨ ਇਸ ਪਹਿਲਕਦਮੀ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦਾ ਹੈ।

ਆਲਮੀ ਸਿਹਤ ਕਵਰੇਜ ਦੀ ਪ੍ਰਾਪਤੀ ਵੱਲ, ਜਾਪਾਨ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਇੰਡੋ-ਪੈਸੀਫਿਕ ਖੇਤਰ ਵਿੱਚ ਸਰਵਾਈਕਲ ਕੈਂਸਰ ਸਮੇਤ ਕੈਂਸਰ ਨਾਲ ਨਜਿੱਠਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹੈ। ਜਾਪਾਨ ਨੈਸ਼ਨਲ ਕੈਂਸਰ ਸੈਂਟਰ ਜਾਪਾਨ ਦੀ ਹਰ ਕੁਆਡ  ਦੇਸ਼ ਦੀ ਕੈਂਸਰ ਨਾਲ ਸਬੰਧਤ ਸੰਸਥਾ ਨਾਲ ਸਾਂਝੇਦਾਰੀ ਰਾਹੀਂ ਖੇਤਰ ਵਿੱਚ ਸਰਵਾਈਕਲ ਕੈਂਸਰ ਸਮੇਤ ਕੈਂਸਰ ਨਾਲ ਲੜਨ ਵਿੱਚ ਸਹਾਇਤਾ ਕਰਨਾ ਜਾਰੀ ਰੱਖੇਗਾ।

ਗੈਰ-ਸਰਕਾਰੀ ਸੰਸਥਾਵਾਂ

ਸਾਰੇ ਕੁਆਡ  ਦੇਸ਼ਾਂ ਦੇ ਨਿੱਜੀ ਅਤੇ ਗੈਰ-ਮੁਨਾਫ਼ਾ ਖੇਤਰਾਂ ਨਾਲ ਸਹਿਯੋਗ ਇਸ ਪਹਿਲਕਦਮੀ ਦੀ ਸਫਲਤਾ ਲਈ ਲਾਜ਼ਮੀ ਹੈ, ਕਿਉਂਕਿ ਉਨ੍ਹਾਂ ਦੀ ਸਮੂਹਿਕ ਨਵੀਨਤਾ, ਸਰੋਤ ਅਤੇ ਵਚਨਬੱਧਤਾ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਦੇ ਵਿਰੁੱਧ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੋਵੇਗੀ। ਕੁਆਡ  ਦੇਸ਼ਾਂ ਵਲੋਂ ਗੈਰ-ਸਰਕਾਰੀ ਯੋਗਦਾਨ ਪਾਉਣ ਵਾਲਿਆਂ ਤੋਂ ਹੇਠ ਲਿਖੀਆਂ ਕਾਰਵਾਈਆਂ ਦਾ ਐਲਾਨ ਕੀਤਾ ਗਿਆ:

ਕੈਂਸਰ ਸਕ੍ਰੀਨਿੰਗ ਅਤੇ ਰੋਕਥਾਮ ਤੱਕ ਪਹੁੰਚ ਵਿੱਚ ਸੁਧਾਰ ਕਰਨਾ

ਵਿਸ਼ਵ ਬੈਂਕ 2030 ਤੱਕ 1.5 ਬਿਲੀਅਨ ਲੋਕਾਂ ਨੂੰ ਮਿਆਰੀ, ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਵਿਆਪਕ ਟੀਚੇ ਦੇ ਅਨੁਸਾਰ, ਵਿਸ਼ਵ ਬੈਂਕ ਮਹਿਲਾਵਾਂ, ਬੱਚਿਆਂ ਅਤੇ ਸਰਵਾਈਕਲ ਕੈਂਸਰ ਲਈ ਗਲੋਬਲ ਫਾਈਨੈਂਸਿੰਗ ਫੈਸਿਲਿਟੀ (ਜੀਐੱਫਐੱਫ) ਦੇ ਨਾਲ ਅਗਲੇ ਤਿੰਨ ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਐੱਚਪੀਵੀ -ਸਬੰਧਤ ਨਿਵੇਸ਼ਾਂ ਵਿੱਚ $400 ਮਿਲੀਅਨ ਸਮੇਤ, ਇੱਕ ਵਿਆਪਕ ਸਿਹਤ ਪ੍ਰਣਾਲੀ ਪਹੁੰਚ ਦੁਆਰਾ ਇੰਡੋ-ਪੈਸੀਫਿਕ ਖੇਤਰ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਅਤੇ ਇਲਾਜ ਲਈ ਆਪਣੀ ਵਚਨਬੱਧਤਾ ਨੂੰ ਮਹੱਤਵਪੂਰਨ ਤੌਰ 'ਤੇ ਵਧਾ ਰਿਹਾ ਹੈ। ਵਿਅਤਨਾਮ, ਲਾਓਸ, ਕੰਬੋਡੀਆ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਵਿੱਚ ਪ੍ਰੋਜੈਕਟਾਂ ਦੇ ਨਾਲ, ਵਿਸ਼ਵ ਬੈਂਕ ਇਹਨਾਂ ਸੇਵਾਵਾਂ ਨੂੰ ਪ੍ਰਾਇਮਰੀ ਹੈਲਥਕੇਅਰ ਪ੍ਰਣਾਲੀਆਂ ਵਿੱਚ ਏਕੀਕ੍ਰਿਤ ਕਰਕੇ ਸਰਵਾਈਕਲ ਕੈਂਸਰ ਸਕ੍ਰੀਨਿੰਗ, ਐੱਚਪੀਵੀ ਟੀਕਾਕਰਨ ਅਤੇ ਇਲਾਜ ਦਾ ਸਮਰਥਨ ਕਰ ਰਿਹਾ ਹੈ। ਇਸ ਵਿੱਚ ਨਿਦਾਨ ਅਤੇ ਇਲਾਜ ਨੂੰ ਬਿਹਤਰ ਬਣਾਉਣ ਲਈ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ਬਣਾਉਣਾ ਅਤੇ ਭਾਈਵਾਲੀ ਦਾ ਲਾਭ ਉਠਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਵਿਸ਼ਵ ਬੈਂਕ ਪੂਰੇ ਖੇਤਰ ਵਿੱਚ ਪਹੁੰਚ ਵਧਾਉਣ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਸਪਲਾਈ ਲੜੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਐੱਚਪੀਵੀ ਟੀਕਿਆਂ ਦੇ ਟਿਕਾਊ ਉਤਪਾਦਨ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਇਸ ਪਹੁੰਚ ਰਾਹੀਂ, ਵਿਸ਼ਵ ਬੈਂਕ ਦਾ ਉਦੇਸ਼ ਟਿਕਾਊ ਅਤੇ ਬਰਾਬਰੀ ਵਾਲੀਆਂ ਸਿਹਤ ਪ੍ਰਣਾਲੀਆਂ ਬਣਾਉਣਾ ਹੈ ਜੋ ਸਰਵਾਈਕਲ ਕੈਂਸਰ ਦੇ ਵੱਧ ਰਹੇ ਬੋਝ ਨੂੰ ਹੱਲ ਕਰ ਸਕਦੀਆਂ ਹਨ ਅਤੇ ਇੰਡੋ-ਪੈਸੀਫਿਕ ਦੀਆਂ ਮਹਿਲਾਵਾਂ ਅਤੇ ਲੜਕੀਆਂ ਲਈ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਦਾ ਸਮਰਥਨ ਕਰ ਸਕਦੀਆਂ ਹਨ।

ਵੂਮੈਨ ਹੈਲਥ ਐਂਡ ਇਕਨਾਮਿਕ ਏਮਪਾਵਰਮੈਂਟ ਨੈੱਟਵਰਕ (ਡਬਲਿਊਐੱਚਈਐੱਨ) ਦੇ ਮਹਿਲਾ ਨਿਵੇਸ਼ਕ ਅਤੇ ਸਮਾਜਸੇਵੀ ਅਗਲੇ ਤਿੰਨ ਸਾਲਾਂ ਵਿੱਚ ਦੱਖਣ-ਪੂਰਬੀ ਏਸ਼ੀਆ ਵਿੱਚ ਸਰਵਾਈਕਲ ਕੈਂਸਰ ਲਈ ਫੰਡਿੰਗ ਦੇ ਨਾਲ, $100 ਮਿਲੀਅਨ ਤੋਂ ਵੱਧ ਦਾ ਸਾਂਝਾ ਨਿਵੇਸ਼ ਕਰਨਗੇ। ਇਹ ਫੰਡ ਸਰਵਾਈਕਲ ਕੈਂਸਰ ਦੀ ਰੋਕਥਾਮ, ਸਕ੍ਰੀਨਿੰਗ, ਨਿਦਾਨ, ਅਤੇ ਇਲਾਜ ਵਿੱਚ ਸੁਧਾਰ ਲਈ ਜ਼ਰੂਰੀ ਅੰਤਰਾਂ ਨੂੰ ਪੂਰਨ ਲਈ ਕੰਮ ਕਰਨਗੇ। ਡਬਲਿਊਐੱਚਈਐੱਨ ਦੇ ਮਹਿਲਾ ਨਿਵੇਸ਼ਕ ਅਤੇ ਪਰਉਪਕਾਰੀ ਐੱਚਪੀਵੀ ਸਕ੍ਰੀਨਿੰਗ, ਮੈਡੀਕਲ ਇਮੇਜਿੰਗ, ਪੈਥੋਲੋਜੀ, ਰੇਡੀਓਥੈਰੇਪੀ, ਹੈਲਥਕੇਅਰ ਵਰਕਰਾਂ ਲਈ ਸਿਖਲਾਈ, ਅਤੇ ਸਿਹਤ ਸਹੂਲਤਾਂ ਦੇ ਸੋਲਰਾਈਜ਼ੇਸ਼ਨ ਵਿੱਚ ਗ੍ਰਾਂਟ, ਰਿਆਇਤੀ ਅਤੇ ਨਿਵੇਸ਼ ਪੂੰਜੀ ਲਾਉਣਗੇ।

ਸੀਰਮ ਇੰਸਟੀਚਿਊਟ ਆਫ਼ ਇੰਡੀਆ, ਗੈਵੀ ਦੇ ਨਾਲ ਸਾਂਝੇਦਾਰੀ ਵਿੱਚ, ਪੂਰੇ ਇੰਡੋ-ਪੇਸੀਫਿਕ ਖੇਤਰ ਵਿੱਚ ਵੰਡਣ ਲਈ ਐੱਚਪੀਵੀ ਵੈਕਸੀਨ ਦੀਆਂ 40 ਮਿਲੀਅਨ ਖੁਰਾਕਾਂ ਦੀ ਖਰੀਦ ਦਾ ਸਮਰਥਨ ਕਰੇਗਾ। ਇਸ ਵਚਨਬੱਧਤਾ ਦਾ ਵਿਸਤਾਰ ਮੰਗ ਦੇ ਆਧਾਰ 'ਤੇ ਕੀਤਾ ਜਾ ਸਕਦਾ ਹੈ, ਜੋ ਕਿ ਹੇਠਲੇ ਖੇਤਰਾਂ ਵਿੱਚ ਸਰਵਾਈਕਲ ਕੈਂਸਰ ਦੇ ਬੋਝ ਨੂੰ ਹੱਲ ਕਰਨ ਲਈ ਟੀਕਿਆਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ। ਜੀਵਨ ਬਚਾਉਣ ਵਾਲੇ ਟੀਕਿਆਂ ਤੱਕ ਪਹੁੰਚ ਨੂੰ ਵਧਾ ਕੇ, ਇਹ ਵਚਨਬੱਧਤਾ ਸਰਵਾਈਕਲ ਕੈਂਸਰ ਨੂੰ ਰੋਕਣ ਅਤੇ ਪੂਰੇ ਖੇਤਰ ਵਿੱਚ ਬਰਾਬਰੀ ਵਾਲੀ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ।

ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ, ਇਸ ਸਾਲ ਦੇ ਸ਼ੁਰੂ ਵਿੱਚ, ਹੋਰ ਦਾਨੀਆਂ ਅਤੇ ਦੇਸ਼ਾਂ ਦੇ ਨਾਲ, ਸਰਵਾਈਕਲ ਕੈਂਸਰ ਦੇ ਖਾਤਮੇ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹੈ। ਫਾਊਂਡੇਸ਼ਨ ਨੇ ਘੋਸ਼ਣਾ ਕੀਤੀ ਕਿ ਉਹ ਐੱਚਪੀਵੀ ਵੈਕਸੀਨਾਂ ਦੇ ਗਲੋਬਲ ਅਪਟੇਕ ਨੂੰ ਤੇਜ਼ ਕਰਨ, ਨਵੇਂ ਪ੍ਰੋਫਾਈਲੈਕਟਿਕ ਐੱਚਪੀਵੀ ਅਤੇ ਉਪਚਾਰਕ ਟੀਕਿਆਂ ਅਤੇ ਡਾਇਗਨੌਸਟਿਕ ਟੂਲਜ਼ ਨੂੰ ਵਿਕਸਤ ਕਰਨ ਅਤੇ ਕਲੀਨਿਕਲ ਅਧਿਐਨਾਂ ਨੂੰ ਫੰਡ ਦੇਣ ਲਈ ਚਾਰ ਸਾਲਾਂ ਵਿੱਚ $180 ਮਿਲੀਅਨ ਡਾਲਰ ਤੱਕ ਵਚਨਬੱਧ ਕਰਨ ਦਾ ਇਰਾਦਾ ਰੱਖਦੀ ਹੈ।

ਗਲੋਬਲ ਐੱਚਪੀਵੀ ਕੰਸੋਰਟੀਅਮ (ਜੀਐੱਚਸੀ) ਦੁਆਰਾ ਸਬੀਨ ਵੈਕਸੀਨ ਇੰਸਟੀਚਿਊਟ, ਸਰਵਾਈਕਲ ਕੈਂਸਰ ਦੇ ਖਾਤਮੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੇਂ ਦੇਸ਼-ਆਧਾਰਿਤ ਗੱਠਜੋੜ ਦਾ ਸਮਰਥਨ ਕਰੇਗਾ। ਸਰਵਾਈਕਲ ਕੈਂਸਰ ਐਲੀਮੀਨੇਸ਼ਨ ਕੰਸੋਰਟੀਅਮ-ਇੰਡੀਆ (ਸੀਸੀਈਸੀ-I) ਆਪਣੀ ਏਕੀਕ੍ਰਿਤ 'ਸੇਵ' ਰਣਨੀਤੀ ਨਾਲ "100 ਸਰਵਾਈਕਲ ਕੈਂਸਰ ਮੁਕਤ ਜ਼ਿਲ੍ਹਿਆਂ" ਨੂੰ ਪਾਇਲਟ ਬਣਾਉਣ ਲਈ, ਜਿੱਥੇ ਵੀ ਉਚਿਤ ਹੋਵੇ, ਭਾਰਤ ਸਰਕਾਰ ਨਾਲ ਸਹਿਯੋਗ ਕਰੇਗਾ: ਸਕ੍ਰੀਨਿੰਗ, ਇਲਾਜ ਤੱਕ ਪਹੁੰਚ, ਟੀਕਾਕਰਨ, ਸਿੱਖਿਆ ਇਹ ਇੰਡੋ-ਪੈਸੀਫਿਕ ਖੇਤਰ ਲਈ ਜੀਐੱਚਸੀ ਦੀ ਵਚਨਬੱਧਤਾ ਦੀ ਨਿਰੰਤਰਤਾ ਵਿੱਚ ਹੈ, ਜਿਸ ਨੇ ਪਹਿਲਾਂ ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਨਾਲ ਉਹਨਾਂ ਦੀ ਰਾਸ਼ਟਰੀ ਸਰਵਾਈਕਲ ਕੈਂਸਰ ਐਲੀਮੀਨੇਸ਼ਨ ਯੋਜਨਾ ਦੇ ਵਿਕਾਸ ਵਿੱਚ ਸਹਿਯੋਗ ਕੀਤਾ ਸੀ।

ਝਪੀਏਗੋ (Jhpiego), ਫਿਲੀਪੀਨਜ਼ ਦੇ ਸਿਹਤ ਵਿਭਾਗ ਦੇ ਨਾਲ ਸਾਂਝੇਦਾਰੀ ਵਿੱਚ ਅਤੇ ਰੋਸ਼ੇ (Roche) ਦੇ ਸਹਿਯੋਗ ਨਾਲ, ਮਹਿਲਾਵਾਂ ਨੂੰ ਐੱਚਪੀਵੀ ਟੈਸਟਿੰਗ ਦੀ ਮਹੱਤਤਾ ਅਤੇ ਸਰਵਾਈਕਲ ਕੈਂਸਰ ਦੇ ਖਤਰੇ ਬਾਰੇ ਜਾਗਰੂਕ ਕਰਕੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਲਈ ਜਾਗਰੂਕਤਾ, ਮੰਗ ਅਤੇ ਪਹੁੰਚ ਵਧਾ ਰਿਹਾ ਹੈ। ਡਬਲਿਊਐੱਚਓ ਦੀ ਖਾਤਮੇ ਦੀ ਰਣਨੀਤੀ ਦੀ ਸ਼ੁਰੂਆਤ ਦੇ ਨਾਲ ਉੱਚ ਪ੍ਰਦਰਸ਼ਨ ਐੱਚਪੀਵੀ ਟੈਸਟਿੰਗ, ਅਤੇ ਪ੍ਰੀਕੈਂਸਰ ਲਈ ਥਰਮਲ ਐਬਲੇਸ਼ਨ ਟ੍ਰੀਟਮੈਂਟ ਦੀ ਸਿਫਾਰਸ਼ ਦੇ ਨਾਲ ਸੈਂਟਰਲਾਈਜ਼ਡ ਲੈਬਾਰਟਰੀ ਮਾਡਲ ਆਫ਼ ਸਕ੍ਰੀਨਿੰਗ ਪ੍ਰੋਜੈਕਟ ਫਿਲੀਪੀਨਜ਼ ਦੀਆਂ ਪੰਜ ਉੱਚ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਇਕਾਈਆਂ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਦੀ ਕਵਰੇਜ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਇਲਾਜ ਲਈ ਮਾਰਗ ਨੂੰ ਯਕੀਨੀ ਬਣਾਇਆ ਜਾ ਸਕੇ।

ਇਲੁਮਿਨਾ ਇੰਡੋ-ਪੈਸੀਫਿਕ ਖੇਤਰ ਵਿੱਚ ਸਟੀਕ ਦਵਾਈ ਦੇ ਵਾਅਦੇ ਨੂੰ ਪੂਰਾ ਕਰਨ ਲਈ ਜੀਨੋਮਿਕ ਡਾਇਗਨੌਸਟਿਕ ਟੈਸਟਾਂ ਦੇ ਵਿਕਾਸ ਅਤੇ ਅਪਣਾਉਣ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹੈ। ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਡਵਾਂਸ ਸਟੇਜ (>50%) ਅਤੇ ਗੈਰ-ਐੱਚਪੀਵੀ ਪ੍ਰੇਰਿਤ (~ 5%) ਸਰਵਾਈਕਲ ਕੈਂਸਰ ਵਾਲੇ ਮਰੀਜ਼ਾਂ ਦਾ ਪੋਲੀ (ਏਡੀਪੀ-ਰਾਈਬੋਜ਼) ਪੋਲੀਮੇਰੇਜ਼ (ਪੀਏਆਰਪੀ) ਇਨਿਹਿਬਟਰਸ ਅਤੇ ਇਮਿਊਨ ਚੈਕਪੁਆਇੰਟ ਇਨਿਹਿਬਟਰਸ ਨਾਲ ਸਹੀ ਢੰਗ ਨਾਲ ਨਿਦਾਨ ਅਤੇ ਇਲਾਜ ਕੀਤਾ ਜਾ ਸਕੇ। ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਆਸਟ੍ਰੇਲੀਆ ਅਤੇ ਜਾਪਾਨ ਵਿੱਚ ਗਾਇਨੀਕੋਲੋਜੀਕਲ ਓਨਕੋਲੋਜੀ ਸੰਸਥਾਵਾਂ ਨਾਲ ਖੋਜੀਆਂ ਜਾ ਰਹੀਆਂ ਹਨ।

ਰੋਸ਼ੇ ਡਾਇਗਨੌਸਟਿਕਸ ਇੰਡੋ-ਪੈਸੀਫਿਕ ਖੇਤਰ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਅਤੇ ਨਿਦਾਨ ਪਹਿਲਕਦਮੀਆਂ ਦਾ ਵਿਸਤਾਰ ਕਰ ਰਿਹਾ ਹੈ। ਰੋਸ਼ ਡਾਇਗਨੌਸਟਿਕਸ ਇੰਡੋ-ਪੈਸੀਫਿਕ ਵਿੱਚ ਸਕਰੀਨਿੰਗ ਤੱਕ ਪਹੁੰਚ ਵਧਾਉਣ ਅਤੇ ਜਾਪਾਨ ਨਾਲ ਸਾਂਝੇਦਾਰੀ ਵਿੱਚ ਮਹਿਲਾਵਾਂ ਨੂੰ ਸਿੱਖਿਆ ਪ੍ਰਦਾਨ ਕਰਨ, ਸਿਹਤ ਸੰਭਾਲ ਕਰਮਚਾਰੀਆਂ ਨੂੰ ਸਿਖਲਾਈ ਦੇਣ, ਅਤੇ ਕੁਸ਼ਲ ਫਾਲੋ-ਅਪ ਦੇਖਭਾਲ ਲਈ ਡਿਜੀਟਲ ਹੱਲ ਵਿਕਸਿਤ ਕਰਨ ਸਮੇਤ, ਜਾਪਾਨ ਨਾਲ ਸਾਂਝੇਦਾਰੀ ਵਿੱਚ ਪ੍ਰਾਪਤ ਕੀਤੇ ਤਜ਼ਰਬੇ 'ਤੇ ਜਾਗਰੂਕਤਾ ਵਧਾਉਣ; ਅਤੇ ਆਸਟ੍ਰੇਲੀਆ ਦੇ ਨਾਲ ਸਾਂਝੇਦਾਰੀ ਵਿੱਚ, ਅੰਡਰ-ਸਕਰੀਨ ਵਾਲੇ ਅਤੇ ਕਦੇ ਵੀ ਸਕ੍ਰੀਨ ਨਹੀਂ ਕੀਤੇ ਸਮੂਹਾਂ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਨੂੰ ਉਤਸ਼ਾਹਿਤ ਕਰਨ ਲਈ, ਆਦਿਵਾਸੀ, ਟੋਰੇਸ ਸਟ੍ਰੇਟ ਆਈਲੈਂਡਰ, ਅਤੇ ਸੱਭਿਆਚਾਰਕ ਤੌਰ 'ਤੇ ਵਿਭਿੰਨ ਭਾਈਚਾਰਿਆਂ ਲਈ ਯਤਨਾਂ ਦਾ ਵਿਸਤਾਰ ਕਰੇਗਾ।

ਬੇੱਕਟਨ ਡਿਕਨਸਨ ਅਤੇ ਕੰਪਨੀ (ਬੀਡੀ) ਇੰਡੋ-ਪੈਸੀਫਿਕ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਵਿੱਚ ਵਿਆਪਕ ਨਿਵੇਸ਼ ਕਰ ਰਿਹਾ ਹੈ। ਬੀਡੀ 2025 ਦੇ ਸ਼ੁਰੂ ਤੱਕ 1,200 ਤੋਂ ਵੱਧ ਡਾਕਟਰੀ ਕਰਮਚਾਰੀਆਂ ਅਤੇ ਸਹਾਇਕ ਸਟਾਫ ਤੱਕ ਪਹੁੰਚਣ ਦੇ ਉਦੇਸ਼ ਨਾਲ ਸਰਵਾਈਕਲ ਕੈਂਸਰ ਸਕ੍ਰੀਨਿੰਗ ਦੇ ਵਧੀਆ ਅਭਿਆਸਾਂ ਬਾਰੇ ਡਾਕਟਰਾਂ ਲਈ ਸਿੱਖਿਆ ਪ੍ਰਦਾਨ ਕਰਨ ਲਈ ਜਣੇਪਾ ਅਤੇ ਗਾਇਨੀਕੋਲੋਜੀਕਲ ਸੋਸਾਇਟੀਆਂ ਨਾਲ ਕੰਮ ਕਰ ਰਿਹਾ ਹੈ। ਬੀਡੀ ਵੱਡੇ ਪੈਮਾਨੇ 'ਤੇ ਐੱਚਪੀਵੀ ਸਕ੍ਰੀਨਿੰਗ ਰੋਲਆਊਟ ਅਤੇ ਘੱਟ ਸੇਵਾ ਵਾਲੇ ਭਾਈਚਾਰਿਆਂ ਤੱਕ ਪਹੁੰਚਣ ਲਈ ਪ੍ਰੋਗਰਾਮਾਂ ਦੇ ਡਿਜ਼ਾਈਨ ਨੂੰ ਸੂਚਿਤ ਕਰਨ ਲਈ ਪਾਇਲਟਾਂ ਵਿੱਚ ਵੀ ਨਿਵੇਸ਼ ਕਰ ਰਿਹਾ ਹੈ। ਡਾਇਰੈਕਟ ਰਿਲੀਫ ਦੇ ਨਾਲ ਆਪਣੀ ਲੰਬੇ ਸਮੇਂ ਦੀ ਭਾਈਵਾਲੀ ਰਾਹੀਂ, ਬੀਡੀ 20,000 ਤੋਂ ਵੱਧ ਮਹਿਲਾਵਾਂ ਲਈ ਸਕ੍ਰੀਨਿੰਗ ਦੀ ਸਹੂਲਤ ਲਈ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ (ਸੇਵਾ) ਨਾਲ ਕੰਮ ਕਰ ਰਹੀ ਹੈ। ਪ੍ਰੋਗਰਾਮ ਦੇ ਤਹਿਤ, 400 ਸਕ੍ਰੀਨਿੰਗ ਕੈਂਪ ਸਕ੍ਰੀਨਿੰਗ, ਜਾਂਚ ਅਤੇ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਕੈਂਸਰ ਕੇਅਰ ਡਿਲਿਵਰੀ ਵਿੱਚ ਸੁਧਾਰ

ਪ੍ਰੋਜੈਕਟ ਈਸੀਐੱਚਓ 10 ਨਵੇਂ ਸਿਖਲਾਈ ਨੈੱਟਵਰਕਾਂ ਰਾਹੀਂ ਇੰਡੋ-ਪੈਸੀਫਿਕ ਖੇਤਰ ਵਿੱਚ ਸਰਵਾਈਕਲ ਕੈਂਸਰ ਦੇ ਖਾਤਮੇ ਨੂੰ ਤੇਜ਼ ਕਰੇਗਾ ਜੋ ਪ੍ਰਭਾਵਸ਼ਾਲੀ ਅਤੇ ਪਹੁੰਚਯੋਗ ਰੋਕਥਾਮ ਅਤੇ ਦੇਖਭਾਲ ਦੀ ਸਹੂਲਤ ਪ੍ਰਦਾਨ ਕਰਦੇ ਹਨ। 33 ਦੇਸ਼ਾਂ ਵਿੱਚ 180 ਤੋਂ ਵੱਧ ਜਨਤਕ ਸਿਹਤ ਸੰਸਥਾਵਾਂ ਕੈਂਸਰ ਕੇਅਰ ਡਿਲੀਵਰੀ ਵਿੱਚ ਸੁਧਾਰ ਕਰਨ ਲਈ ਈਸੀਐੱਚਓ ਮਾਡਲ, ਕਮਿਊਨਿਟੀ-ਆਧਾਰਿਤ ਸਿਹਤ ਸੰਭਾਲ ਪੇਸ਼ੇਵਰਾਂ ਲਈ ਇੱਕ ਸਬੂਤ-ਆਧਾਰਿਤ ਸਿਖਲਾਈ ਅਤੇ ਸਲਾਹ-ਮਸ਼ਵਰਾ ਫਰੇਮਵਰਕ ਦਾ ਲਾਭ ਉਠਾਉਂਦੀਆਂ ਹਨ। 2028 ਤੱਕ, ਪ੍ਰੋਜੈਕਟ ਈਸੀਐੱਚਓ ਸਰਵਾਈਕਲ ਕੈਂਸਰ ਦੇ ਖਾਤਮੇ ਵਿੱਚ ਤੇਜ਼ੀ ਲਿਆਉਣ ਲਈ ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ, ਅਤੇ ਹੋਰ ਇੰਡੋ-ਪੈਸੀਫਿਕ ਦੇਸ਼ਾਂ ਵਿੱਚ ਸਥਾਨਕ ਭਾਈਵਾਲਾਂ ਅਤੇ ਸਿਹਤ ਮੰਤਰਾਲਿਆਂ ਦੇ ਨਾਲ ਅਭਿਆਸ ਦੇ ਘੱਟੋ-ਘੱਟ 10 ਨਵੇਂ ਭਾਈਚਾਰਿਆਂ ਦੀ ਸ਼ੁਰੂਆਤ ਕਰੇਗਾ, ਜਿਸ ਵਿੱਚ ਐੱਚਪੀਵੀ ਵੈਕਸੀਨ ਅਮਲ, ਕੈਂਸਰ ਪੂਰਵ ਜਖਮਾਂ ਦਾ ਇਲਾਜ, ਅਤੇ ਲੋੜੀਂਦੀ ਉਪਚਾਰਕ ਥੈਰੇਪੀ ਦੀ ਵਰਤੋਂ ਲਈ ਪ੍ਰੋਗਰਾਮ ਸ਼ਾਮਲ ਹਨ। 

ਅਮਰੀਕਨ ਕੈਂਸਰ ਸੋਸਾਇਟੀ, ਇੰਡੋ-ਪੈਸੀਫਿਕ ਖੇਤਰ ਸਮੇਤ ਵਿਸ਼ਵ ਪੱਧਰ 'ਤੇ ਸਿਵਲ ਸੋਸਾਇਟੀ ਸੰਸਥਾਵਾਂ ਦਾ ਸਮਰਥਨ ਵਧਾ ਕੇ ਐੱਚਪੀਵੀ ਸੰਬੰਧੀ ਕੈਂਸਰਾਂ ਦੇ ਵਿਸ਼ਵਵਿਆਪੀ ਬੋਝ ਨੂੰ ਘਟਾਉਣ ਲਈ ਵਚਨਬੱਧ ਹੈ। ਇਨ੍ਹਾਂ ਸੰਸਥਾਵਾਂ ਲਈ ਸਹਾਇਤਾ, ਸ਼ੁਰੂ ਵਿੱਚ ਕੈਂਸਰ ਸਿਵਲ ਸੁਸਾਇਟੀ ਸੰਸਥਾਵਾਂ ਅਤੇ ਮੈਡੀਕਲ ਸੋਸਾਇਟੀਆਂ 'ਤੇ ਕੇਂਦ੍ਰਿਤ, ਵਿਆਪਕ ਹੈਲਥਕੇਅਰ ਪ੍ਰਦਾਤਾ ਸਿਖਲਾਈ ਦੁਆਰਾ ਜੀਵਨ-ਰੱਖਿਅਕ ਰੋਕਥਾਮ ਸੇਵਾਵਾਂ ਦੀ ਮੰਗ ਅਤੇ ਪ੍ਰਾਪਤੀ ਨੂੰ ਅਨੁਕੂਲ ਬਣਾਉਣ ਦੇ ਉਦੇਸ਼ ਨਾਲ ਸਬੂਤ-ਆਧਾਰਿਤ, ਘੱਟ ਲਾਗਤ ਵਾਲੇ ਵਿਵਹਾਰਕ ਦਖਲਅੰਦਾਜ਼ੀ ਨੂੰ ਲਾਗੂ ਕਰਨ ਲਈ ਉਤਪ੍ਰੇਰਕ ਗ੍ਰਾਂਟਾਂ ਅਤੇ ਤਕਨੀਕੀ ਸਹਾਇਤਾ ਸ਼ਾਮਲ ਹੈ।

ਅਮਰੀਕਨ ਸੋਸਾਇਟੀ ਆਫ ਕਲੀਨਿਕਲ ਓਨਕੋਲੋਜੀ (ਏਐੱਸਸੀਓ) ਸਰਵਾਈਕਲ ਕੈਂਸਰ ਦੇ ਇਲਾਜ ਲਈ ਅਨੁਕੂਲ ਪਹੁੰਚਾਂ 'ਤੇ ਨਵੇਂ ਸਿਫਾਰਿਸ਼-ਬਦਲ ਰਹੇ ਵਿਗਿਆਨਕ ਸਬੂਤ ਨੂੰ ਸ਼ਾਮਲ ਕਰਨ ਲਈ ਇਨਵੈਸਿਵ ਸਰਵਾਈਕਲ ਕੈਂਸਰ ਨਾਲ ਮਹਿਲਾਵਾਂ ਦੇ ਪ੍ਰਬੰਧਨ ਅਤੇ ਦੇਖਭਾਲ 'ਤੇ ਆਪਣੇ ਗਲੋਬਲ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰੇਗੀ। ਇੱਕ ਵਾਰ ਪੂਰਾ ਹੋਣ 'ਤੇ, ਏਐੱਸਸੀਓ ਕੈਂਸਰ ਦੇ ਡਾਕਟਰਾਂ ਦੁਆਰਾ ਸਰਵਾਈਕਲ ਕੈਂਸਰ ਦੀ ਪ੍ਰਾਇਮਰੀ ਅਤੇ ਸੈਕੰਡਰੀ ਰੋਕਥਾਮ ਬਾਰੇ ਸਾਥੀ ਦਿਸ਼ਾ-ਨਿਰਦੇਸ਼ਾਂ ਦੇ ਨਾਲ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਦਾ ਸਮਰਥਨ ਕਰਨ ਲਈ ਆਪਣੀ ਏਸ਼ੀਆ ਪੈਸੀਫਿਕ ਰੀਜਨਲ ਕੌਂਸਲ, ਅਤੇ ਭਾਰਤ-ਪ੍ਰਸ਼ਾਂਤ ਵਿੱਚ ਭਾਈਵਾਲ ਓਨਕੋਲੋਜੀ ਸੋਸਾਇਟੀਆਂ ਸਮੇਤ ਖੇਤਰ ਵਿੱਚ ਮਰੀਜ਼ਾਂ ਦੇ ਬੇਹਤਰ ਨਤੀਜਿਆਂ ਲਈ ਆਪਣੇ ਮੈਂਬਰਾਂ ਨਾਲ ਕੰਮ ਕਰੇਗਾ।

ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ (ਆਈਏਈਏ) ਇੰਡੋ-ਪੈਸੀਫਿਕ ਖੇਤਰ ਵਿੱਚ ਰੇਡੀਓਥੈਰੇਪੀ ਅਤੇ ਮੈਡੀਕਲ ਇਮੇਜਿੰਗ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਆਪਣੀ ਆਸ ਦੀਆਂ ਕਿਰਨਾਂ ਦਾ ਵਿਸਥਾਰ ਕਰ ਰਹੀ ਹੈ। ਇਸ ਪਹਿਲਕਦਮੀ ਦੇ ਜ਼ਰੀਏ, 13 ਦੇਸ਼ਾਂ ਅਤੇ ਪ੍ਰਦੇਸ਼ਾਂ ਨੇ ਸਮਰਥਨ ਦੀ ਬੇਨਤੀ ਕੀਤੀ ਹੈ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਦਰਾਂ ਨੂੰ ਵਧਾਉਣ ਲਈ ਪਹਿਲਾਂ ਹੀ ਯਤਨ ਜਾਰੀ ਹਨ। ਆਈਏਈਏ ਨੇ ਜਾਪਾਨ, ਅਤੇ ਭਾਰਤ ਵਿੱਚ ਕੈਂਸਰ ਸੰਸਥਾਵਾਂ ਨੂੰ ਆਸ ਦੀਆਂ ਕਿਰਨਾਂ ਐਂਕਰ ਸੈਂਟਰਾਂ ਵਜੋਂ ਮਨੋਨੀਤ ਕੀਤਾ ਹੈ, ਜੋ ਸਿੱਖਿਆ, ਸਿਖਲਾਈ, ਖੋਜ, ਨਵੀਨਤਾ ਅਤੇ ਗੁਣਵੱਤਾ ਭਰੋਸੇ ਵਿੱਚ ਸਮਰੱਥਾ ਨਿਰਮਾਣ ਲਈ ਹੱਬ ਵਜੋਂ ਸੇਵਾ ਕਰਦੇ ਹਨ।

ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ 172 ਦੇਸ਼ਾਂ ਵਿੱਚ ਆਪਣੇ 1150 ਮੈਂਬਰਾਂ ਨਾਲ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਸਰਵਾਈਕਲ ਕੈਂਸਰ ਦੇ ਖਾਤਮੇ ਵਿੱਚ ਗਲੋਬਲ ਐਕਸ਼ਨ ਚਲਾਉਣ ਲਈ ਵਚਨਬੱਧ ਹੈ, ਜਿਸ ਵਿੱਚ ਅਗਲੇ ਤਿੰਨ ਸਾਲਾਂ ਵਿੱਚ ਇੰਡੋ-ਪੈਸੀਫਿਕ ਖੇਤਰ ਵਿੱਚ 'ਸਰਵਾਈਕਲ ਕੈਂਸਰ ਲਈ ਇੰਡੋ-ਪੈਸੀਫਿਕ ਇਲੀਮੀਨੇਸ਼ਨ ਪਾਰਟਨਰਸ਼ਿਪ' ਦੇ ਹਿੱਸੇ ਵਜੋਂ ਸ਼ਾਮਲ ਹੈ। ਫਲੈਗਸ਼ਿਪ ਕਨਵੀਨਿੰਗ ਪਲੇਟਫਾਰਮਾਂ, ਸਿੱਖਣ ਦੇ ਮੌਕਿਆਂ ਦਾ ਲਾਭ ਉਠਾਉਂਦੇ ਹੋਏ, ਇਸਦੇ ਸਮ੍ਰਿੱਧ ਨੈਟਵਰਕ ਅਤੇ ਸਾਰੇ ਖੇਤਰਾਂ ਵਿੱਚ ਸਹਿਯੋਗ ਕਰਨ ਦੀ ਸਾਬਤ ਯੋਗਤਾ ਦੇ ਨਾਲ, ਯੂਆਈਸੀਸੀ ਦੇਖਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ, ਤਰੱਕੀ ਨੂੰ ਕਾਇਮ ਰੱਖਣ ਅਤੇ ਅੰਤ ਵਿੱਚ, ਦੁਨੀਆ ਭਰ ਦੀ ਆਬਾਦੀ ਲਈ ਕੈਂਸਰ ਦੇ ਬੋਝ ਨੂੰ ਘਟਾਉਣ ਲਈ ਰਾਸ਼ਟਰੀ ਭਾਈਵਾਲਾਂ ਦਾ ਸਮਰਥਨ ਕਰੇਗਾ।

ਕੈਂਸਰ ਖੋਜ, ਬੁਨਿਆਦੀ ਢਾਂਚੇ ਅਤੇ ਸਿਖਲਾਈ ਲਈ ਸਮਰੱਥਾ ਵਧਾਉਣਾ

ਮੈਮੋਰੀਅਲ ਸਲੋਅਨ ਕੇਟਰਿੰਗ ਕੈਂਸਰ ਸੈਂਟਰ ਅਤੇ ਸਿਡਨੀ ਵਿੱਚ ਆਸਟ੍ਰੇਲੀਆ ਦੇ ਰਾਇਲ ਨੌਰਥ ਸ਼ੋਰ ਹਸਪਤਾਲ ਨੇ $40 ਮਿਲੀਅਨ ਦੀ ਜਨਤਕ-ਨਿੱਜੀ ਭਾਈਵਾਲੀ ਸ਼ੁਰੂ ਕੀਤੀ ਹੈ ਜੋ ਸਰਵਾਈਕਲ ਕੈਂਸਰ ਦੀ ਖੋਜ ਅਤੇ ਖਾਤਮੇ ਸਮੇਤ ਸ਼ੁੱਧਤਾ ਓਨਕੋਲੋਜੀ ਅਤੇ ਲਿਕਵਿਡ ਬਾਇਓਪਸੀ ਤਕਨਾਲੋਜੀਆਂ ਦੇ ਅੰਤਰਰਾਸ਼ਟਰੀ ਕਲੀਨਿਕਲ ਅਜ਼ਮਾਇਸ਼ਾਂ ਨੂੰ ਅੱਗੇ ਵਧਾਏਗੀ। ਆਸਟ੍ਰੇਲੀਆਈ ਸਮਾਜਸੇਵੀ ਮਿਸਟਰ ਗ੍ਰੈਗਰੀ ਜੌਨ ਪੋਚੇ ਅਤੇ ਮਰਹੂਮ ਮਿਸ ਕੇ ਵੈਨ ਨੌਰਟਨ ਪੋਚੇ ਵੱਲੋਂ ਹਰੇਕ ਸੰਸਥਾ ਨੂੰ $20 ਮਿਲੀਅਨ ਦਾ ਖੁੱਲ੍ਹਾ ਦਾਨ ਦਿੱਤਾ ਗਿਆ, ਜੋ ਇਸ ਜਨਤਕ-ਨਿੱਜੀ ਭਾਈਵਾਲੀ ਦਾ ਸਮਰਥਨ ਕਰੇਗਾ, ਇੰਡੋ ਪੈਸੀਫਿਕ ਖੇਤਰ ਅਤੇ ਇਸ ਤੋਂ ਬਾਹਰ ਦੇ ਖੇਤਰ ਲਈ ਅਤਿ-ਆਧੁਨਿਕ ਨਿਦਾਨ ਅਤੇ ਇਲਾਜ ਦੇ ਸਾਧਨਾਂ ਦੇ ਵਿਕਾਸ ਨੂੰ ਤੇਜ਼ ਕਰੇਗਾ। 

ਅਮੇਜ਼ਨ ਵੈੱਬ ਸਰਵਿਸਜ਼ ਆਈਐੱਨਸੀ. (ਏਡਬਲਿਊਐੱਸ) ਸਰਵਾਈਕਲ ਕੈਂਸਰ ਨੂੰ ਰੋਕਣ, ਖੋਜਣ ਅਤੇ ਇਲਾਜ ਕਰਨ ਦੀ ਉਹਨਾਂ ਦੀ ਯੋਗਤਾ ਵਿੱਚ ਇੰਡੋ-ਪੈਸੀਫਿਕ ਖੇਤਰ ਵਿੱਚ ਸੰਸਥਾਵਾਂ ਦਾ ਸਮਰਥਨ ਕਰੇਗੀ, ਕਲਾਉਡ ਕੰਪਿਊਟਿੰਗ ਕ੍ਰੈਡਿਟ ਪ੍ਰਦਾਨ ਕਰੇਗੀ ਅਤੇ ਓਪਨ ਡੇਟਾ ਦੀ ਰਜਿਸਟਰੀ ਦੁਆਰਾ ਏਡਬਲਿਊਐੱਸ ਅਤੇ ਡੇਟਾਸੇਟਾਂ ਤੱਕ ਪਹੁੰਚ ਨੂੰ ਸਮਰੱਥ ਕਰੇਗੀ।ਖੋਜਕਰਤਾ ਏਡਬਲਿਊਐੱਸ ਦੁਆਰਾ ਕੈਂਸਰ ਜੀਨੋਮ ਐਟਲਸ ਅਤੇ ਹੋਰਾਂ ਤੋਂ ਸੁਰੱਖਿਅਤ ਡੇਟਾਸੈਟਾਂ ਤੋਂ ਪੈਟਰਨਾਂ ਅਤੇ ਵਿਭਿੰਨਤਾਵਾਂ ਦੀ ਪਛਾਣ ਕਰਨ ਲਈ ਏਡਬਲਿਊਐੱਸ ਦੀ ਵਰਤੋਂ ਕਰ ਰਹੇ ਹਨ।

ਫਾਈਜ਼ਰ ਇੰਡੋ-ਪੈਸੀਫਿਕ ਵਿੱਚ ਪ੍ਰਾਇਮਰੀ ਕੇਅਰ ਪੱਧਰ 'ਤੇ ਓਨਕੋਲੋਜੀ ਸਮਰੱਥਾ ਬਣਾਉਣ ਲਈ ਇੰਡੋਵੇਸ਼ਨ (INDovation) ਪਹਿਲਕਦਮੀ ਦਾ ਵਿਸਤਾਰ ਕਰੇਗਾ। ਸਥਾਨਕ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਦੋ ਸਾਲ ਪਹਿਲਾਂ ਫਾਈਜ਼ਰ ਦੁਆਰਾ ਇੰਡੋਵੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਪ੍ਰੋਗਰਾਮ ਦੇ ਤਹਿਤ, ਫਾਈਜ਼ਰ ਨੇ ਬੱਚੇਦਾਨੀ ਦੇ ਕੈਂਸਰ ਨਾਲ ਸਬੰਧਤ, ਅਤੇ ਸਰਕਾਰ ਅਤੇ ਯੂਨੀਵਰਸਿਟੀਆਂ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰਨ ਸਮੇਤ, ਸਟਾਰਟਅੱਪਸ ਨੂੰ ਲਗਭਗ $1 ਮਿਲੀਅਨ ਗ੍ਰਾਂਟਾਂ ਪ੍ਰਦਾਨ ਕੀਤੀਆਂ ਹਨ। ਫਾਈਜ਼ਰ ਹੁਣ ਪ੍ਰਾਇਮਰੀ ਕੇਅਰ ਹੈਲਥ ਸੈਂਟਰਾਂ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਓਨਕੋਲੋਜੀ 'ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੋਗਰਾਮ ਦਾ ਵਿਸਥਾਰ ਕਰ ਰਿਹਾ ਹੈ। ਇਸ ਪੜਾਅ ਦੇ ਤਹਿਤ, ਫਾਈਜ਼ਰ 10 ਤੱਕ ਸਟਾਰਟਅੱਪਸ ਨੂੰ ਗ੍ਰਾਂਟਾਂ ਪ੍ਰਦਾਨ ਕਰੇਗਾ ਜੋ ਖੇਤਰ ਵਿੱਚ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਸੰਭਾਵੀ ਤੈਨਾਤੀ ਦੇ ਨਾਲ ਪ੍ਰਾਇਮਰੀ ਕੇਅਰ ਸੈਟਿੰਗ ਵਿੱਚ ਛੇਤੀ ਨਿਦਾਨ ਅਤੇ ਰੋਗੀ ਸੇਵਾਵਾਂ ਨੂੰ ਵਧਾਉਣ ਵਿੱਚ ਮਦਦ ਲਈ ਹੱਲ ਤੈਨਾਤ ਕਰ ਸਕਦੇ ਹਨ।

ਇਲੇਕਟਾ ਇੰਡੋ-ਪੈਸੀਫਿਕ ਵਿੱਚ ਰੇਡੀਓਥੈਰੇਪੀ ਸਮਰੱਥਾ ਦਾ ਵਿਸਤਾਰ ਕਰੇਗੀ, ਸਰਵਾਈਕਲ ਕੈਂਸਰ ਨੂੰ ਖਤਮ ਕਰਨ ਵਿੱਚ ਯੋਗਦਾਨ ਪਾਉਣ ਲਈ ਖੇਤਰ ਵਿੱਚ ਇੱਕ ਮਹੱਤਵਪੂਰਨ ਇਲਾਜ ਦੇ ਅੰਤਰ ਨੂੰ ਖਤਮ ਕਰੇਗੀ। ਇਨ੍ਹਾਂ ਪਹਿਲਕਦਮੀਆਂ ਵਿੱਚ ਦੱਖਣ-ਪੂਰਬੀ ਏਸ਼ੀਆ ਵਿੱਚ ਰੇਡੀਓਥੈਰੇਪੀ ਸਿਖਲਾਈ ਕੇਂਦਰਾਂ ਦੀ ਸਥਾਪਨਾ, ਖੇਤਰੀ ਮੈਡੀਕਲ ਕੇਂਦਰਾਂ ਨਾਲ ਇਲਾਜ ਕੋਰਸਾਂ ਦਾ ਆਯੋਜਨ ਕਰਨਾ ਅਤੇ ਗਿਆਨ ਸਾਂਝਾਕਰਨ ਦੁਆਰਾ ਰੇਡੀਓਥੈਰੇਪੀ ਵਿੱਚ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕਲਾਉਡ-ਅਧਾਰਿਤ ਪਲੇਟਫਾਰਮਾਂ ਨੂੰ ਲਾਗੂ ਕਰਨਾ ਅਤੇ ਏਸ਼ੀਆ-ਪ੍ਰਸ਼ਾਂਤ ਰੇਡੀਏਸ਼ਨ ਓਨਕੋਲੋਜੀ ਨੈਟਵਰਕ ਦੇ ਮੈਂਬਰ ਕੇਂਦਰਾਂ ਵਿੱਚ ਪੀਅਰ ਸਮੀਖਿਆ ਸੈਸ਼ਨ ਸ਼ਾਮਲ ਹਨ। 

ਐੱਮਡੀ ਐਂਡਰਸਨ ਨੇ ਆਪਣੇ ਸਰਵਾਈਕਲ ਕੈਂਸਰ ਖੋਜ, ਸਿਖਲਾਈ ਅਤੇ ਸਿੱਖਿਆ ਪ੍ਰੋਗਰਾਮਾਂ ਨੂੰ ਇੰਡੋ-ਪੈਸੀਫਿਕ ਖੇਤਰ ਵਿੱਚ ਫੈਲਾਉਣ ਲਈ ਵਚਨਬੱਧ ਕੀਤਾ ਹੈ। ਐੱਮਡੀ ਐਂਡਰਸਨ ਵਰਤਮਾਨ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ, ਨਿਦਾਨ ਅਤੇ ਇਲਾਜ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਮੁਲਾਂਕਣ ਕਰਨ ਲਈ ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਨਾਲ ਸਹਿਯੋਗ ਕਰਦਾ ਹੈ ਅਤੇ ਕੋਲਪੋਸਕੋਪੀ, ਐਬਲੇਸ਼ਨ, ਲੂਪ ਇਲੈਕਟ੍ਰੋਸਰਜੀਕਲ ਐਕਸਾਈਜ਼ਨ ਪ੍ਰਕਿਰਿਆ (ਲੀਪ), ਅਤੇ ਸਰਜਰੀ ਕਰਨ ਲਈ ਦੇਸ਼ ਵਿੱਚ ਮੈਡੀਕਲ ਪ੍ਰਦਾਤਾਵਾਂ ਨੂੰ ਸਿਖਲਾਈ ਦੇਣ ਵਿੱਚ ਮਦਦ ਕਰਦਾ ਹੈ। ਐੱਮਡੀ ਐਂਡਰਸਨ ਨੇ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਲਈ ਭਾਈਵਾਲੀ ਵਿੱਚ ਦਿਲਚਸਪੀ ਰੱਖਣ ਵਾਲੇ ਇੰਡੋ-ਪੈਸੀਫਿਕ ਵਿੱਚ ਸਿਹਤ ਮੰਤਰਾਲਿਆਂ ਤੱਕ ਇਹਨਾਂ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।

ਲੋਕਾਂ ਨੂੰ ਸਮਰੱਥ ਬਣਾਉਣ ਲਈ ਕੈਂਸਰ ਜਾਗਰੂਕਤਾ ਅਤੇ ਜਾਣਕਾਰੀ ਨੂੰ ਵਧਾਉਣਾ

ਹੋਲੋਜਿਕ, ਸਰਵਾਈਕਲ ਅਤੇ ਛਾਤੀ ਦੇ ਕੈਂਸਰ ਲਈ ਡਾਇਗਨੌਸਟਿਕ ਅਤੇ ਮੈਡੀਕਲ ਇਮੇਜਿੰਗ ਹੱਲਾਂ ਵਿੱਚ ਇੱਕ ਗਲੋਬਲ ਲੀਡਰ, ਸਰਵਾਈਕਲ ਕੈਂਸਰ ਬਾਰੇ ਸਿੱਖਿਆ ਅਤੇ ਜਾਗਰੂਕਤਾ ਵਧਾਉਣ ਲਈ ਇੰਡੋ-ਪੈਸੀਫਿਕ ਖੇਤਰ ਵਿੱਚ ਸਰਕਾਰੀ ਏਜੰਸੀਆਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਕੰਮ ਕਰ ਰਿਹਾ ਹੈ। ਹੋਲੋਜਿਕ ਵਰਤਮਾਨ ਵਿੱਚ ਇੰਡੋ-ਪੈਸੀਫਿਕ ਖੇਤਰ ਵਿੱਚ ਪ੍ਰਦਾਤਾ ਦੀ ਕਮੀ ਨੂੰ ਦੂਰ ਕਰਨ ਲਈ ਆਬਾਦੀ-ਅਧਾਰਿਤ ਪ੍ਰੋਗਰਾਮਾਂ ਨੂੰ ਸਕੇਲ ਕਰਨ ਲਈ ਸਰਵਾਈਕਲ ਕੈਂਸਰ ਸਕ੍ਰੀਨਿੰਗ ਵਿੱਚ ਮਸਨੂਈ ਬੁੱਧੀ ਵਰਗੀਆਂ ਨਵੀਨਤਾਕਾਰੀ ਟੈਕਨੋਲੋਜੀਆਂ ਤੱਕ ਪਹੁੰਚ ਦਾ ਵਿਸਥਾਰ ਕਰ ਰਿਹਾ ਹੈ। ਇਸ ਤੋਂ ਇਲਾਵਾ, ਹੋਲੋਜਿਕ ਗਲੋਬਲ ਵੂਮੈਨਸ ਹੈਲਥ ਇੰਡੈਕਸ ਦੇ ਨਿਰੰਤਰ ਪ੍ਰਕਾਸ਼ਨ ਲਈ ਵਚਨਬੱਧ ਹੈ, ਜੋ ਮਹਿਲਾਵਾਂ ਦੀ ਸਿਹਤ ਬਾਰੇ ਇੱਕ ਵਿਆਪਕ ਗਲੋਬਲ ਸਰਵੇਖਣ ਹੈ, ਜੋ ਸੰਸਾਰ ਵਿੱਚ ਮਹਿਲਾਵਾਂ ਅਤੇ ਲੜਕੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਦੁਨੀਆ ਜਾਣਦੀ ਹੈ, ਉਸ ਵਿੱਚ ਇੱਕ ਅਹਿਮ ਅੰਤਰ ਨੂੰ ਪੂਰਦਾ ਹੈ।

ਐੱਚਪੀਵੀ ਅਤੇ ਸਰਵਾਈਕਲ ਕੈਂਸਰ ਦੇ ਵਿਰੁੱਧ ਗਲੋਬਲ ਪਹਿਲਕਦਮੀ ਇੰਡੋ-ਪੈਸੀਫਿਕ ਖੇਤਰ ਵਿੱਚ ਭਾਈਵਾਲਾਂ ਅਤੇ ਸਹਿਯੋਗੀਆਂ ਨਾਲ ਐੱਚਪੀਵੀ ਟੀਕਾਕਰਨ, ਸਰਵਾਈਕਲ ਸਕ੍ਰੀਨਿੰਗ ਅਤੇ ਸ਼ੁਰੂਆਤੀ ਇਲਾਜ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰੇਗੀ। ਇਨ੍ਹਾਂ ਯਤਨਾਂ ਵਿੱਚ ਖੇਤਰ ਦੇ ਅੰਦਰ ਗਿਆਨ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਬੈਂਕਾਕ ਵਿੱਚ ਏਸ਼ੀਆ-ਪ੍ਰਸ਼ਾਂਤ ਵਰਕਸ਼ਾਪ ਦਾ ਆਯੋਜਨ ਕਰਨਾ ਅਤੇ ਪੂਰੇ ਇੰਡੋ-ਪੈਸੀਫਿਕ ਵਿੱਚ ਜਾਗਰੂਕਤਾ ਪਹਿਲਕਦਮੀਆਂ ਨੂੰ ਹੋਰ ਵਧਾਉਣ ਲਈ ਜਾਗਰੂਕਤਾ ਯਤਨਾਂ ਦਾ ਵਿਸਤਾਰ ਕਰਨਾ ਸ਼ਾਮਲ ਹੋਵੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian professionals flagbearers in global technological adaptation: Report

Media Coverage

Indian professionals flagbearers in global technological adaptation: Report
NM on the go

Nm on the go

Always be the first to hear from the PM. Get the App Now!
...
PM congratulates Indian contingent for their historic performance at the 10th Asia Pacific Deaf Games 2024
December 10, 2024

The Prime Minister Shri Narendra Modi today congratulated the Indian contingent for a historic performance at the 10th Asia Pacific Deaf Games 2024 held in Kuala Lumpur.

He wrote in a post on X:

“Congratulations to our Indian contingent for a historic performance at the 10th Asia Pacific Deaf Games 2024 held in Kuala Lumpur! Our talented athletes have brought immense pride to our nation by winning an extraordinary 55 medals, making it India's best ever performance at the games. This remarkable feat has motivated the entire nation, especially those passionate about sports.”