ਅੱਜ ਦੇ ਦਿਨ ਅਸੀਂ ਰਾਸ਼ਟਰ ਦੇ ਮਾਣ, ਅਦੁੱਤੀ ਹਿੰਮਤ ਅਤੇ ਬਹਾਦਰੀ ਦੇ ਸਰਬੋਤਮ ਆਦਰਸ਼ਾਂ ਦੇ ਪ੍ਰਤੀਕ ਬਹਾਦਰ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ : ਪ੍ਰਧਾਨ ਮੰਤਰੀ
ਮਾਤਾ ਗੁਜਰੀ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਹਿੰਮਤ ਅਤੇ ਆਦਰਸ਼ ਹਰ ਭਾਰਤੀ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ : ਪ੍ਰਧਾਨ ਮੰਤਰੀ
ਭਾਰਤ ਨੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦਾ ਸੰਕਲਪ ਲਿਆ ਹੈ : ਪ੍ਰਧਾਨ ਮੰਤਰੀ
ਜਿਵੇਂ-ਜਿਵੇਂ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਰਿਹਾ ਹੈ, ਸਾਡੀ ਭਾਸ਼ਾਈ ਵਿਭਿੰਨਤਾ ਤਾਕਤ ਦੇ ਸਰੋਤ ਵਜੋਂ ਉੱਭਰ ਰਹੀ ਹੈ : ਪ੍ਰਧਾਨ ਮੰਤਰੀ
ਜਨਰੇਸ਼ਨ ਜ਼ੈੱਡ ਅਤੇ ਜਨਰੇਸ਼ਨ ਅਲਫ਼ਾ ਦੇਸ਼ ਦੇ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰੇਗੀ : ਪ੍ਰਧਾਨ ਮੰਤਰੀ

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅੰਨਪੂਰਣਾ ਦੇਵੀ, ਸਾਵਿਤਰੀ ਠਾਕੁਰ, ਰਵਨੀਤ ਸਿੰਘ, ਹਰਸ਼ ਮਲਹੋਤਰਾ, ਦਿੱਲੀ ਸਰਕਾਰ ਤੋਂ ਆਏ ਹੋਏ ਮੰਤਰੀ ਸਾਹਿਬਾਨ, ਹੋਰ ਪਤਵੰਤੇ ਸੱਜਣੋਂ, ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਮੌਜੂਦ ਸਾਰੇ ਮਹਿਮਾਨ ਅਤੇ ਪਿਆਰੇ ਬੱਚਿਓ!

 

ਅੱਜ ਦੇਸ਼ ‘ਵੀਰ ਬਾਲ ਦਿਵਸ’ ਮਨਾ ਰਿਹਾ ਹੈ। ਹੁਣੇ ਵੰਦੇ ਮਾਤਰਮ ਦੀ ਇੰਨੀ ਸੁੰਦਰ ਪੇਸ਼ਕਾਰੀ ਹੋਈ ਹੈ, ਤੁਹਾਡੀ ਮਿਹਨਤ ਨਜ਼ਰ ਆ ਰਹੀ ਹੈ।

 

ਸਾਥੀਓ,

 

ਅੱਜ ਅਸੀਂ ਉਨ੍ਹਾਂ ਵੀਰ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ, ਜੋ ਸਾਡੇ ਭਾਰਤ ਦਾ ਮਾਣ ਹਨ। ਜੋ ਭਾਰਤ ਦੇ ਅਦੁੱਤੀ ਹੌਸਲੇ, ਸੂਰਮਗਤੀ, ਬਹਾਦਰੀ ਦੀ ਸਿਖਰ ਹਨ। ਉਹ ਵੀਰ ਸਾਹਿਬਜ਼ਾਦੇ, ਜਿਨ੍ਹਾਂ ਨੇ ਉਮਰ ਅਤੇ ਹਾਲਾਤ ਦੀਆਂ ਹੱਦਾਂ ਤੋੜ ਦਿੱਤੀਆਂ, ਜੋ ਜ਼ਾਲਮ ਮੁਗ਼ਲ ਸਲਤਨਤ ਸਾਹਮਣੇ ਅਜਿਹੀ ਚੱਟਾਨ ਵਾਂਗ ਖੜ੍ਹੇ ਹੋਏ ਕਿ ਮਜ਼ਹਬੀ ਕੱਟੜਤਾ ਅਤੇ ਦਹਿਸ਼ਤ ਦਾ ਵਜੂਦ ਹੀ ਹਿੱਲ ਗਿਆ। ਜਿਸ ਕੌਮ ਕੋਲ ਅਜਿਹਾ ਸ਼ਾਨਦਾਰ ਅਤੀਤ ਹੋਵੇ, ਜਿਸ ਦੀ ਨੌਜਵਾਨ ਪੀੜ੍ਹੀ ਨੂੰ ਅਜਿਹੀਆਂ ਪ੍ਰੇਰਨਾਵਾਂ ਵਿਰਾਸਤ ਵਿੱਚ ਮਿਲੀਆਂ ਹੋਣ, ਉਹ ਕੌਮ ਕੀ ਕੁਝ ਨਹੀਂ ਕਰ ਸਕਦੀ।

 

ਸਾਥੀਓ,

 

ਜਦੋਂ ਵੀ 26 ਦਸੰਬਰ ਦਾ ਇਹ ਦਿਨ ਆਉਂਦਾ ਹੈ, ਤਾਂ ਮੈਨੂੰ ਇਹ ਤਸੱਲੀ ਹੁੰਦੀ ਹੈ ਕਿ ਸਾਡੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਪ੍ਰੇਰਿਤ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ। ਬੀਤੇ 4 ਵਰ੍ਹਿਆਂ ਵਿੱਚ ਵੀਰ ਬਾਲ ਦਿਵਸ ਦੀ ਨਵੀਂ ਪਰੰਪਰਾ ਨੇ ਸਾਹਿਬਜ਼ਾਦਿਆਂ ਦੀਆਂ ਪ੍ਰੇਰਨਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਹੈ। ਵੀਰ ਬਾਲ ਦਿਵਸ ਨੇ ਦਲੇਰ ਅਤੇ ਹੁਨਰਮੰਦ ਨੌਜਵਾਨਾਂ ਦੀ ਸਿਰਜਣਾ ਲਈ ਇੱਕ ਮੰਚ ਵੀ ਤਿਆਰ ਕੀਤਾ ਹੈ। ਹਰ ਸਾਲ ਜੋ ਬੱਚੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੇ ਲਈ ਕੁਝ ਕਰ ਦਿਖਾਉਂਦੇ ਹਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 20 ਬੱਚਿਆਂ ਨੂੰ ਇਹ ਪੁਰਸਕਾਰ ਦਿੱਤੇ ਗਏ ਹਨ। ਇਹ ਸਭ ਸਾਡੇ ਵਿਚਾਲੇ ਹਨ, ਹੁਣੇ ਮੈਨੂੰ ਉਨ੍ਹਾਂ ਨਾਲ ਕਾਫੀ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਤੇ ਇਨ੍ਹਾਂ ਵਿੱਚੋਂ ਕਿਸੇ ਨੇ ਬੇਮਿਸਾਲ ਬਹਾਦਰੀ ਦਿਖਾਈ ਹੈ, ਕਿਸੇ ਨੇ ਸਮਾਜ ਸੇਵਾ ਅਤੇ ਵਾਤਾਵਰਨ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਨੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਕੁਝ ਨਵਾਂ ਕੀਤਾ ਹੈ, ਤਾਂ ਕਈ ਨੌਜਵਾਨ ਸਾਥੀ ਖੇਡ, ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ। ਮੈਂ ਇਨ੍ਹਾਂ ਪੁਰਸਕਾਰ ਜੇਤੂਆਂ ਨੂੰ ਕਹਾਂਗਾ, ਤੁਹਾਡਾ ਇਹ ਸਨਮਾਨ ਤੁਹਾਡੇ ਲਈ ਤਾਂ ਹੈ ਹੀ, ਇਹ ਤੁਹਾਡੇ ਮਾਤਾ-ਪਿਤਾ ਦਾ, ਤੁਹਾਡੇ ਅਧਿਆਪਕਾਂ ਅਤੇ ਰਾਹ ਦਸੇਰਿਆਂ ਦਾ, ਉਨ੍ਹਾਂ ਦੀ ਮਿਹਨਤ ਦਾ ਵੀ ਸਨਮਾਨ ਹੈ। ਮੈਂ ਪੁਰਸਕਾਰ ਜੇਤੂਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਜਵਲ ਭਵਿੱਖ ਦੇ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

 

ਵੀਰ ਬਾਲ ਦਿਵਸ ਦਾ ਇਹ ਦਿਨ ਜਜ਼ਬੇ ਅਤੇ ਸ਼ਰਧਾ ਨਾਲ ਭਰਿਆ ਦਿਨ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ, ਛੋਟੀ ਜਿਹੀ ਉਮਰ ਵਿੱਚ ਇਨ੍ਹਾਂ ਨੂੰ ਉਸ ਸਮੇਂ ਦੀ ਸਭ ਤੋਂ ਵੱਡੀ ਸੱਤਾ ਨਾਲ ਟਕਰਾਉਣਾ ਪਿਆ। ਉਹ ਲੜਾਈ ਭਾਰਤ ਦੇ ਮੂਲ ਵਿਚਾਰਾਂ ਅਤੇ ਮਜ਼ਹਬੀ ਕੱਟੜਤਾ ਦੇ ਵਿਚਕਾਰ ਸੀ, ਉਹ ਲੜਾਈ ਸੱਚ ਬਨਾਮ ਝੂਠ ਦੀ ਸੀ। ਉਸ ਲੜਾਈ ਦੇ ਇੱਕ ਪਾਸੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ, ਦੂਜੇ ਪਾਸੇ ਜ਼ਾਲਮ ਔਰੰਗਜ਼ੇਬ ਦੀ ਹਕੂਮਤ ਸੀ। ਸਾਡੇ ਸਾਹਿਬਜ਼ਾਦੇ ਉਸ ਸਮੇਂ ਉਮਰ ਵਿੱਚ ਛੋਟੇ ਹੀ ਸਨ। ਪਰ ਔਰੰਗਜ਼ੇਬ ਨੂੰ, ਉਸ ਦੇ ਜ਼ੁਲਮ ਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਉਹ ਜਾਣਦਾ ਸੀ, ਜੇ ਉਸ ਨੂੰ ਭਾਰਤ ਦੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਦਾ ਧਰਮ ਬਦਲਵਾਉਣਾ ਹੈ, ਤਾਂ ਇਸ ਲਈ ਉਸ ਨੂੰ ਹਿੰਦੁਸਤਾਨੀਆਂ ਦਾ ਮਨੋਬਲ ਤੋੜਨਾ ਹੋਵੇਗਾ। ਅਤੇ ਇਸ ਲਈ ਉਸ ਨੇ ਸਾਹਿਬਜ਼ਾਦਿਆਂ ਨੂੰ ਨਿਸ਼ਾਨਾ ਬਣਾਇਆ।

 

ਪਰ ਸਾਥੀਓ,

 

ਔਰੰਗਜ਼ੇਬ ਅਤੇ ਉਸ ਦੇ ਸਿਪਾਹਸਾਲਾਰ ਭੁੱਲ ਗਏ ਸਨ, ਸਾਡੇ ਗੁਰੂ ਕੋਈ ਸਧਾਰਣ ਮਨੁੱਖ ਨਹੀਂ ਸਨ, ਉਹ ਤਪ, ਤਿਆਗ ਦੇ ਅਵਤਾਰ ਸਨ। ਵੀਰ ਸਾਹਿਬਜ਼ਾਦਿਆਂ ਨੂੰ ਉਹੀ ਵਿਰਾਸਤ ਉਨ੍ਹਾਂ ਤੋਂ ਮਿਲੀ ਸੀ। ਇਸੇ ਲਈ, ਭਾਵੇਂ ਪੂਰੀ ਮੁਗ਼ਲੀਆ ਬਾਦਸ਼ਾਹਤ ਪਿੱਛੇ ਲੱਗ ਗਈ, ਪਰ ਉਹ ਚਾਰਾਂ ਵਿੱਚੋਂ ਇੱਕ ਵੀ ਸਾਹਿਬਜ਼ਾਦੇ ਨੂੰ ਡੁਲਾ ਨਹੀਂ ਸਕੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਸ਼ਬਦ ਅੱਜ ਵੀ ਉਨ੍ਹਾਂ ਦੇ ਹੌਸਲੇ ਦੀ ਕਹਾਣੀ ਕਹਿੰਦੇ ਹਨ- ਨਾਮ ਦਾ ਅਜੀਤ ਹਾਂ, ਜਿੱਤਿਆ ਨਹੀਂ ਜਾਵਾਂਗਾ, ਜਿੱਤਿਆ ਵੀ ਗਿਆ, ਤਾਂ ਜਿਊਂਦਾ ਵਾਪਸ ਨਹੀਂ ਆਵਾਂਗਾ!

 

ਸਾਥੀਓ,

 

ਕੁਝ ਦਿਨ ਪਹਿਲਾਂ ਹੀ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ, ਉਨ੍ਹਾਂ ਦੇ ਤਿੰਨ ਸੌ ਪੰਜਾਹਵੇਂ ਸ਼ਹੀਦੀ ਦਿਹਾੜੇ ’ਤੇ ਯਾਦ ਕੀਤਾ। ਉਸ ਦਿਨ ਕੁਰੂਕਸ਼ੇਤਰ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਹੋਇਆ ਸੀ। ਜਿਨ੍ਹਾਂ ਸਾਹਿਬਜ਼ਾਦਿਆਂ ਕੋਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਪ੍ਰੇਰਨਾ ਹੋਵੇ, ਉਹ ਮੁਗ਼ਲ ਅੱਤਿਆਚਾਰਾਂ ਤੋਂ ਡਰ ਜਾਣਗੇ, ਇਹ ਸੋਚਣਾ ਹੀ ਗ਼ਲਤ ਸੀ।

 

ਸਾਥੀਓ,

 

ਮਾਤਾ ਗੁਜਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼, ਅੱਜ ਵੀ ਹਰ ਭਾਰਤੀ ਨੂੰ ਤਾਕਤ ਦਿੰਦੇ ਹਨ, ਸਾਡੇ ਲਈ ਪ੍ਰੇਰਨਾ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਦੇਸ਼ ਵਿੱਚ ਜਨ-ਜਨ ਦੀ ਜ਼ੁਬਾਨ ’ਤੇ ਹੋਣੀ ਚਾਹੀਦੀ ਸੀ। ਪਰ ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਭਾਰੂ ਰਹੀ। ਜਿਸ ਗ਼ੁਲਾਮੀ ਦੀ ਮਾਨਸਿਕਤਾ ਦਾ ਬੀਜ ਅੰਗਰੇਜ਼ ਰਾਜਨੇਤਾ ਮੈਕਾਲੇ ਨੇ 1835 ਵਿੱਚ ਬੀਜਿਆ ਸੀ, ਉਸ ਮਾਨਸਿਕਤਾ ਤੋਂ ਦੇਸ਼ ਨੂੰ ਆਜ਼ਾਦੀ ਦੇ ਬਾਅਦ ਵੀ ਮੁਕਤ ਨਹੀਂ ਹੋਣ ਦਿੱਤਾ ਗਿਆ। ਇਸ ਲਈ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਿੱਚ ਦਹਾਕਿਆਂ ਤੱਕ ਅਜਿਹੀਆਂ ਸੱਚਾਈਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।

 

ਪਰ ਸਾਥੀਓ,

 

ਹੁਣ ਭਾਰਤ ਨੇ ਤੈਅ ਕੀਤਾ ਹੈ ਕਿ ਗ਼ੁਲਾਮੀ ਦੀ ਮਾਨਸਿਕਤਾ ਤੋਂ ਛੁਟਕਾਰਾ ਪਾਉਣਾ ਹੀ ਪਵੇਗਾ। ਹੁਣ ਅਸੀਂ ਭਾਰਤੀਆਂ ਦੀਆਂ ਕੁਰਬਾਨੀਆਂ, ਸਾਡੀ ਬਹਾਦਰੀ ਦੀਆਂ ਯਾਦਾਂ ਦਬਣਗੀਆਂ ਨਹੀਂ। ਹੁਣ ਦੇਸ਼ ਦੇ ਨਾਇਕ-ਨਾਇਕਾਵਾਂ ਨੂੰ ਹਾਸ਼ੀਏ ’ਤੇ ਨਹੀਂ ਰੱਖਿਆ ਜਾਵੇਗਾ। ਅਤੇ ਇਸ ਲਈ ਵੀਰ ਬਾਲ ਦਿਵਸ ਨੂੰ ਅਸੀਂ ਪੂਰੇ ਜਜ਼ਬੇ ਨਾਲ ਮਨਾ ਰਹੇ ਹਾਂ। ਅਤੇ ਅਸੀਂ ਇੰਨੇ ’ਤੇ ਹੀ ਨਹੀਂ ਰੁਕੇ ਹਾਂ, ਮੈਕਾਲੇ ਨੇ ਜੋ ਸਾਜ਼ਿਸ਼ ਰਚੀ ਸੀ, ਸਾਲ 2035 ਵਿੱਚ ਉਸ ਦੇ 200 ਸਾਲ ਹੁਣ ਥੋੜ੍ਹੇ ਸਮੇਂ ਵਿੱਚ ਹੋ ਜਾਣਗੇ। ਇਸ ਵਿੱਚ ਅਜੇ 10 ਸਾਲ ਦਾ ਸਮਾਂ ਬਾਕੀ ਹੈ। ਇਨ੍ਹਾਂ ਹੀ 10 ਸਾਲਾਂ ਵਿੱਚ ਅਸੀਂ ਦੇਸ਼ ਨੂੰ ਪੂਰੀ ਤਰ੍ਹਾਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਕੇ ਰਹਾਂਗੇ। 140 ਕਰੋੜ ਦੇਸ਼-ਵਾਸੀਆਂ ਦਾ ਇਹ ਪੱਕਾ ਇਰਾਦਾ ਹੋਣਾ ਚਾਹੀਦਾ ਹੈ। ਕਿਉਂਕਿ ਦੇਸ਼ ਜਦੋਂ ਇਸ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋਵੇਗਾ, ਓਨਾ ਹੀ ਸਵਦੇਸ਼ੀ ਦਾ ਮਾਣ ਕਰੇਗਾ, ਓਨਾ ਹੀ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵਧੇਗਾ।

 

ਸਾਥੀਓ,

 

ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦੀ ਇਸ ਮੁਹਿੰਮ ਦੀ ਝਲਕ ਕੁਝ ਦਿਨ ਪਹਿਲਾਂ ਸਾਡੇ ਦੇਸ਼ ਦੀ ਸੰਸਦ ਵਿੱਚ ਵੀ ਦਿਖਾਈ ਦਿੱਤੀ ਹੈ। ਹੁਣੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸੰਸਦ ਮੈਂਬਰਾਂ ਨੇ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ, ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਤਕਰੀਬਨ 160 ਭਾਸ਼ਣ ਦਿੱਤੇ। ਕਰੀਬ 50 ਭਾਸ਼ਣ ਤਾਮਿਲ ਵਿੱਚ ਹੋਏ, 40 ਤੋਂ ਜ਼ਿਆਦਾ ਭਾਸ਼ਣ ਮਰਾਠੀ ਵਿੱਚ ਹੋਏ, ਕਰੀਬ 25 ਭਾਸ਼ਣ ਬਾਂਗਲਾ ਵਿੱਚ ਹੋਏ। ਦੁਨੀਆ ਦੀ ਕਿਸੇ ਵੀ ਸੰਸਦ ਵਿੱਚ ਅਜਿਹਾ ਦ੍ਰਿਸ਼ ਮੁਸ਼ਕਿਲ ਹੈ। ਇਹ ਸਾਡੇ ਸਾਰਿਆਂ ਦੇ ਲਈ ਮਾਣ ਦੀ ਗੱਲ ਹੈ। ਭਾਰਤ ਦੀ ਇਸ ਭਾਸ਼ਾਈ ਵੰਨ-ਸੁਵੰਨਤਾ ਨੂੰ ਵੀ ਮੈਕਾਲੇ ਨੇ ਕੁਚਲਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੁੰਦੇ ਸਾਡੇ ਦੇਸ਼ ਵਿੱਚ ਭਾਸ਼ਾਈ ਵੰਨ-ਸੁਵੰਨਤਾ ਸਾਡੀ ਤਾਕਤ ਬਣ ਰਹੀ ਹੈ।

 

ਸਾਥੀਓ,

 

ਇੱਥੇ ਮੇਰਾ ਯੁਵਾ ਭਾਰਤ ਸੰਗਠਨ ਨਾਲ ਜੁੜੇ ਇੰਨੇ ਸਾਰੇ ਨੌਜਵਾਨ ਇੱਥੇ ਮੌਜੂਦ ਹਨ। ਇੱਕ ਤਰ੍ਹਾਂ ਨਾਲ ਤੁਸੀਂ ਸਾਰੇ ਜੈੱਨ ਜ਼ੀ ਹੋ, ਜੈੱਨ ਅਲਫਾ ਵੀ ਹੋ। ਤੁਹਾਡੀ ਪੀੜ੍ਹੀ ਹੀ ਭਾਰਤ ਨੂੰ ਵਿਕਸਿਤ ਭਾਰਤ ਦੇ ਟੀਚੇ ਤੱਕ ਲੈ ਜਾਵੇਗੀ। ਮੈਂ ਜੈੱਨ ਜ਼ੀ ਦੀ ਕਾਬਲੀਅਤ, ਤੁਹਾਡਾ ਆਤਮ-ਵਿਸ਼ਵਾਸ ਦੇਖਦਾ ਹਾਂ, ਸਮਝਦਾ ਹਾਂ, ਅਤੇ ਇਸ ਲਈ ਤੁਹਾਡੇ ’ਤੇ ਬਹੁਤ ਭਰੋਸਾ ਕਰਦਾ ਹਾਂ। ਸਾਡੇ ਇੱਥੇ ਕਿਹਾ ਗਿਆ ਹੈ, बालादपि ग्रहीतव्यं युक्तमुक्तं मनीषिभिः ਭਾਵ, ਜੇ ਛੋਟਾ ਬੱਚਾ ਵੀ ਕੋਈ ਸਿਆਣੀ ਗੱਲ ਕਰੇ, ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ, ਉਮਰ ਤੋਂ ਕੋਈ ਛੋਟਾ ਨਹੀਂ ਹੁੰਦਾ, ਅਤੇ ਕੋਈ ਵੱਡਾ ਵੀ ਨਹੀਂ ਹੁੰਦਾ। ਤੁਸੀਂ ਵੱਡੇ ਬਣਦੇ ਹੋ, ਆਪਣੇ ਕੰਮਾਂ ਅਤੇ ਪ੍ਰਾਪਤੀਆਂ ਨਾਲ। ਤੁਸੀਂ ਘੱਟ ਉਮਰ ਵਿੱਚ ਵੀ ਅਜਿਹੇ ਕੰਮ ਕਰ ਸਕਦੇ ਹੋ ਕਿ ਬਾਕੀ ਲੋਕ ਤੁਹਾਡੇ ਤੋਂ ਪ੍ਰੇਰਨਾ ਲੈਣ। ਤੁਸੀਂ ਇਹ ਕਰਕੇ ਦਿਖਾਇਆ ਹੈ। ਪਰ ਇਨ੍ਹਾਂ ਪ੍ਰਾਪਤੀਆਂ ਨੂੰ ਹਾਲੇ ਸਿਰਫ ਸ਼ੁਰੂਆਤ ਵਜੋਂ ਦੇਖਣਾ ਹੈ। ਹਾਲੇ ਤੁਸੀਂ ਬਹੁਤ ਅੱਗੇ ਵਧਣਾ ਹੈ। ਹਾਲੇ ਸੁਪਨੇ ਅਸਮਾਨ ਤੱਕ ਲਿਜਾਣੇ ਹਨ। ਅਤੇ ਤੁਸੀਂ ਭਾਗਾਂ ਵਾਲੇ ਹੋ, ਤੁਸੀਂ ਜਿਸ ਪੀੜ੍ਹੀ ਵਿੱਚ ਜਨਮੇ ਹੋ, ਤੁਹਾਡੀ ਪ੍ਰਤਿਭਾ ਨਾਲ ਦੇਸ਼ ਮਜ਼ਬੂਤੀ ਨਾਲ ਖੜ੍ਹਾ ਹੈ। ਪਹਿਲਾਂ ਨੌਜਵਾਨ ਸੁਪਨੇ ਦੇਖਣ ਤੋਂ ਵੀ ਡਰਦੇ ਸਨ, ਕਿਉਂਕਿ ਪੁਰਾਣੇ ਢਾਂਚੇ ਵਿੱਚ ਇਹ ਮਾਹੌਲ ਬਣ ਗਿਆ ਸੀ ਕਿ ਕੁਝ ਚੰਗਾ ਹੋ ਹੀ ਨਹੀਂ ਸਕਦਾ। ਚਾਰੇ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਦਾ ਵਾਤਾਵਰਨ ਬਣਾ ਦਿੱਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਇੱਥੋਂ ਤੱਕ ਲੱਗਣ ਲਗਾ ਕਿ ਭਈ ਮਿਹਨਤ ਕਰਕੇ ਕੀ ਫਾਇਦਾ ਹੈ? ਪਰ, ਅੱਜ ਦੇਸ਼ ਹੁਨਰ ਨੂੰ, ਪ੍ਰਤਿਭਾ ਨੂੰ ਖੋਜਦਾ ਹੈ, ਉਨ੍ਹਾਂ ਨੂੰ ਮੰਚ ਦਿੰਦਾ ਹੈ। ਉਨ੍ਹਾਂ ਦੇ ਸੁਪਨਿਆਂ ਦੇ ਨਾਲ 140 ਕਰੋੜ ਦੇਸ਼-ਵਾਸੀਆਂ ਦੀ ਤਾਕਤ ਲੱਗ ਜਾਂਦੀ ਹੈ।

 

ਡਿਜੀਟਲ ਇੰਡੀਆ ਦੀ ਸਫਲਤਾ ਸਦਕਾ ਤੁਹਾਡੇ ਕੋਲ ਇੰਟਰਨੈੱਟ ਦੀ ਤਾਕਤ ਹੈ, ਤੁਹਾਡੇ ਕੋਲ ਸਿੱਖਣ ਦੇ ਸਾਧਨ ਹਨ। ਜੋ ਸਾਇੰਸ, ਟੈੱਕ ਅਤੇ ਸਟਾਰਟਅੱਪ ਦੀ ਦੁਨੀਆ ਵਿੱਚ ਜਾਣਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਸਟਾਰਟਅੱਪ ਇੰਡੀਆ ਜਿਹੇ ਮਿਸ਼ਨ ਹਨ। ਜੋ ਖੇਡਾਂ ਵਿੱਚ ਅੱਗੇ ਵਧ ਰਹੇ ਹਨ, ਉਨ੍ਹਾਂ ਦੇ ਲਈ ਖੇਲੋ ਇੰਡੀਆ ਮਿਸ਼ਨ ਹੈ। ਹੁਣੇ ਦੋ ਹੀ ਦਿਨ ਪਹਿਲਾਂ ਮੈਂ ਸਾਂਸਦ ਖੇਡ ਮਹੋਤਸਵ ਵਿੱਚ ਵੀ ਹਿੱਸਾ ਲਿਆ। ਅਜਿਹੇ ਤਮਾਮ ਮੰਚ ਤੁਹਾਨੂੰ ਅੱਗੇ ਵਧਾਉਣ ਦੇ ਲਈ ਹਨ। ਤੁਹਾਨੂੰ ਬਸ ਇਕਾਗਰ ਰਹਿਣਾ ਹੈ। ਅਤੇ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਥੋੜ੍ਹੇ ਸਮੇਂ ਦੀ ਮਸ਼ਹੂਰੀ ਦੀ ਚਮਕ-ਦਮਕ ਵਿੱਚ ਨਾ ਫਸੋ। ਇਹ ਉਦੋਂ ਹੋਵੇਗਾ, ਜਦੋਂ ਤੁਹਾਡੀ ਸੋਚ ਸਪਸ਼ਟ ਹੋਵੇਗੀ, ਜਦੋਂ ਤੁਹਾਡੇ ਅਸੂਲ ਸਪਸ਼ਟ ਹੋਣਗੇ। ਅਤੇ ਇਸ ਲਈ ਤੁਸੀਂ ਆਪਣੇ ਆਦਰਸ਼ਾਂ ਤੋਂ ਸਿੱਖਣਾ ਹੈ, ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਤੋਂ ਸਿੱਖਣਾ ਹੈ। ਤੁਸੀਂ ਆਪਣੀ ਸਫਲਤਾ ਸਿਰਫ ਆਪਣੇ ਤੱਕ ਸੀਮਤ ਨਹੀਂ ਮੰਨਣੀ। ਤੁਹਾਡਾ ਟੀਚਾ ਹੋਣਾ ਚਾਹੀਦਾ ਹੈ, ਤੁਹਾਡੀ ਸਫਲਤਾ ਦੇਸ਼ ਦੀ ਸਫਲਤਾ ਬਣਨੀ ਚਾਹੀਦੀ ਹੈ।

 

ਸਾਥੀਓ,

 

ਅੱਜ ਨੌਜਵਾਨਾਂ ਦਾ ਸ਼ਕਤੀਕਰਨ ਧਿਆਨ ਵਿੱਚ ਰੱਖ ਕੇ ਨਵੀਂ ਨੀਤੀ ਬਣਾਈ ਜਾ ਰਹੀ ਹੈ। ਨੌਜਵਾਨਾਂ ਨੂੰ ਰਾਸ਼ਟਰ-ਨਿਰਮਾਣ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ‘ਮੇਰਾ ਯੁਵਾ ਭਾਰਤ’, ਅਜਿਹੇ ਪਲੈਟਫਾਰਮ ਰਾਹੀਂ ਨੌਜਵਾਨਾਂ ਨੂੰ ਜੋੜਨ, ਉਨ੍ਹਾਂ ਨੂੰ ਮੌਕੇ ਦੇਣ ਅਤੇ ਉਨ੍ਹਾਂ ਵਿੱਚ ਅਗਵਾਈ ਦਾ ਹੁਨਰ ਵਿਕਸਿਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਾੜ ਅਰਥਚਾਰਾ ਅੱਗੇ ਵਧਾਉਣਾ, ਖੇਡਾਂ ਨੂੰ ਉਤਸ਼ਾਹਿਤ ਕਰਨਾ, ਫਿਨਟੈੱਕ ਅਤੇ ਨਿਰਮਾਣ ਖੇਤਰ ਨੂੰ ਫੈਲਾਉਣਾ, ਹੁਨਰ ਵਿਕਾਸ ਅਤੇ ਇੰਟਰਨਸ਼ਿਪ ਦੇ ਮੌਕੇ ਤਿਆਰ ਕਰਨਾ, ਇਸ ਤਰ੍ਹਾਂ ਦੇ ਹਰ ਉਪਰਾਲੇ ਦੇ ਕੇਂਦਰ ਵਿੱਚ ਮੇਰੇ ਨੌਜਵਾਨ ਸਾਥੀ ਹੀ ਹਨ। ਹਰ ਖੇਤਰ ਵਿੱਚ ਨੌਜਵਾਨਾਂ ਦੇ ਲਈ ਨਵੇਂ ਮੌਕੇ ਖੁੱਲ੍ਹ ਰਹੇ ਹਨ।

 

ਸਾਥੀਓ,

 

ਅੱਜ ਭਾਰਤ ਦੇ ਸਾਹਮਣੇ ਹਾਲਾਤ ਬੇਮਿਸਾਲ ਹਨ। ਅੱਜ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਆਉਣ ਵਾਲੇ ਪੱਚੀ ਸਾਲ ਭਾਰਤ ਦੀ ਦਿਸ਼ਾ ਤੈਅ ਕਰਨ ਵਾਲੇ ਹਨ। ਆਜ਼ਾਦੀ ਦੇ ਬਾਅਦ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਭਾਰਤ ਦੀਆਂ ਸਮਰੱਥਾਵਾਂ, ਭਾਰਤ ਦੀਆਂ ਉਮੀਦਾਂ ਅਤੇ ਭਾਰਤ ਤੋਂ ਦੁਨੀਆ ਦੀਆਂ ਆਸਾਂ, ਤਿੰਨੋਂ ਇੱਕ ਸਾਥ ਮਿਲ ਰਹੀਆਂ ਹਨ। ਅੱਜ ਦਾ ਨੌਜਵਾਨ ਅਜਿਹੇ ਸਮੇਂ ਵਿੱਚ ਵੱਡਾ ਹੋ ਰਿਹਾ ਹੈ, ਜਦੋਂ ਮੌਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹਨ। ਅਸੀਂ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਅਗਵਾਈ ਸਮਰੱਥਾ ਨੂੰ ਬਿਹਤਰ ਮੌਕੇ ਦੇਣ ਦੇ ਲਈ ਵਚਨਬੱਧ ਹਾਂ।

 

ਮੇਰੇ ਨੌਜਵਾਨ ਸਾਥੀਓ,

 

ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਦੇ ਲਈ ਭਾਰਤ ਦੀ ਸਿੱਖਿਆ ਨੀਤੀ ਵਿੱਚ ਵੀ ਅਹਿਮ ਸੁਧਾਰ ਕੀਤੇ ਗਏ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਫੋਕਸ 21ਵੀਂ ਸਦੀ ਵਿੱਚ ਸਿੱਖਣ ਦੇ ਨਵੇਂ ਤੌਰ-ਤਰੀਕਿਆਂ ’ਤੇ ਹੈ। ਅੱਜ ਫੋਕਸ ਅਮਲੀ ਸਿਖਲਾਈ ’ਤੇ ਹੈ, ਬੱਚਿਆਂ ਵਿੱਚ ਰਟਣ ਦੀ ਬਜਾਏ ਸੋਚਣ ਦੀ ਆਦਤ ਵਿਕਸਿਤ ਹੋਵੇ, ਉਨ੍ਹਾਂ ਵਿੱਚ ਸਵਾਲ ਪੁੱਛਣ ਦਾ ਹੌਸਲਾ ਅਤੇ ਹੱਲ ਲੱਭਣ ਦੀ ਸਮਰੱਥਾ ਆਵੇ, ਪਹਿਲੀ ਵਾਰ ਇਸ ਦਿਸ਼ਾ ਵਿੱਚ ਸਾਰਥਕ ਕੋਸ਼ਿਸ਼ਾਂ ਹੋ ਰਹੀਆਂ ਹਨ। ਬਹੁ-ਅਨੁਸ਼ਾਸਨੀ ਅਧਿਐਨ, ਹੁਨਰ-ਅਧਾਰਿਤ ਸਿਖਲਾਈ, ਖੇਡਾਂ ਨੂੰ ਹੁਲਾਰਾ ਅਤੇ ਤਕਨਾਲੋਜੀ ਦੀ ਵਰਤੋਂ, ਇਨ੍ਹਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਮਦਦ ਮਿਲ ਰਹੀ ਹੈ। ਅੱਜ ਦੇਸ਼ ਭਰ ਵਿੱਚ ਅਟਲ ਟਿੰਕਰਿੰਗ ਲੈਬਸ ਵਿੱਚ ਲੱਖਾਂ ਬੱਚੇ ਨਵੀਨਤਾ ਅਤੇ ਖੋਜ ਨਾਲ ਜੁੜ ਰਹੇ ਹਨ। ਸਕੂਲਾਂ ਵਿੱਚ ਹੀ ਬੱਚੇ ਰੋਬੋਟਿਕਸ, ਏਆਈ, ਟਿਕਾਊਪੁਣੇ ਅਤੇ ਡਿਜ਼ਾਈਨ ਸੋਚ ਨਾਲ ਜਾਣੂ ਹੋ ਰਹੇ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਨਾਲ ਹੀ ਰਾਸ਼ਟਰੀ ਸਿੱਖਿਆ ਨੀਤੀ ਵਿੱਚ, ਮਾਤ ਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਦਿੱਤਾ ਗਿਆ ਹੈ। ਇਸ ਨਾਲ ਬੱਚਿਆਂ ਨੂੰ ਪੜ੍ਹਾਈ ਵਿੱਚ ਆਸਾਨੀ ਹੋ ਰਹੀ ਹੈ, ਵਿਸ਼ਿਆਂ ਨੂੰ ਸਮਝਣ ਵਿੱਚ ਆਸਾਨੀ ਹੋ ਰਹੀ ਹੈ।

 

ਸਾਥੀਓ,

 

ਵੀਰ ਸਾਹਿਬਜ਼ਾਦਿਆਂ ਨੇ ਇਹ ਨਹੀਂ ਦੇਖਿਆ ਸੀ ਕਿ ਰਸਤਾ ਕਿੰਨਾ ਔਖਾ ਹੈ। ਉਨ੍ਹਾਂ ਨੇ ਇਹ ਦੇਖਿਆ ਸੀ ਕਿ ਰਸਤਾ ਸਹੀ ਹੈ ਜਾਂ ਨਹੀਂ ਹੈ। ਅੱਜ ਉਸੇ ਭਾਵਨਾ ਦੀ ਲੋੜ ਹੈ। ਮੈਂ ਭਾਰਤ ਦੇ ਨੌਜਵਾਨਾਂ ਤੋਂ ਇਹੀ ਉਮੀਦ ਕਰਦਾ ਹਾਂ, ਵੱਡੇ ਸੁਪਨੇ ਦੇਖੋ, ਸਖ਼ਤ ਮਿਹਨਤ ਕਰੋ, ਅਤੇ ਆਪਣੇ ਆਤਮ-ਵਿਸ਼ਵਾਸ ਨੂੰ ਕਦੇ ਵੀ ਕਮਜ਼ੋਰ ਨਾ ਪੈਣ ਦਿਓ। ਭਾਰਤ ਦਾ ਭਵਿੱਖ ਉਸ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਹੀ ਉੱਜਵਲ ਹੋਵੇਗਾ। ਉਨ੍ਹਾਂ ਦਾ ਹੌਸਲਾ, ਉਨ੍ਹਾਂ ਦੀ ਪ੍ਰਤਿਭਾ ਅਤੇ ਉਨ੍ਹਾਂ ਦਾ ਸਮਰਪਣ ਰਾਸ਼ਟਰ ਦੀ ਤਰੱਕੀ ਨੂੰ ਦਿਸ਼ਾ ਦੇਵੇਗਾ। ਇਸੇ ਵਿਸ਼ਵਾਸ ਦੇ ਨਾਲ, ਇਸੇ ਜ਼ਿੰਮੇਵਾਰੀ ਦੇ ਨਾਲ ਅਤੇ ਇਸੇ ਲਗਾਤਾਰ ਗਤੀ ਦੇ ਨਾਲ, ਭਾਰਤ ਆਪਣੇ ਭਵਿੱਖ ਵੱਲ ਅੱਗੇ ਵਧਦਾ ਰਹੇਗਾ। ਮੈਂ ਇੱਕ ਵਾਰ ਫਿਰ ਵੀਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਨਾਲ ਨਮਨ ਕਰਦਾ ਹਾਂ। ਸਾਰੇ ਪੁਰਸਕਾਰ ਜੇਤੂਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Vikas Bhi, Virasat Bhi: How JATAN, AI and Digital Archives are revolutionising India’s cultural heritage preservation

Media Coverage

Vikas Bhi, Virasat Bhi: How JATAN, AI and Digital Archives are revolutionising India’s cultural heritage preservation
NM on the go

Nm on the go

Always be the first to hear from the PM. Get the App Now!
...
Prime Minister hosts Commonwealth Games 2026 medal winners
August 09, 2026

The Prime Minister, Shri Narendra Modi today hosted India’s outstanding medal winners from the Commonwealth Games 2026 at 7 Lok Kalyan Marg. Shri Modi interacted with the athletes and heard about their experiences from the Games.

The Prime Minister said that the athletes’ achievements are a source of immense pride for the entire country and will inspire many youngsters to take up sports.

Shri Modi posted on X:

Delighted to host our outstanding medal winners from the Commonwealth Games 2026 at 7, Lok Kalyan Marg. Heard about their experiences from the Games.

Each one of them has made our nation proud through their exceptional performances. Their success will motivate many youngsters.