ਸੂਰਤ ਤੋਂ ਸੜਕ, ਬਿਜਲੀ ਅਤੇ ਸਨਅਤੀ ਖੇਤਰਾਂ ਵਿੱਚ ਕਈ ਅਹਿਮ ਬਦਲਾਅ ਲਿਆਉਣ ਵਾਲੇ ਪ੍ਰੋਜੈਕਟਾਂ ਦੀ ਅੱਜ ਸ਼ੁਰੂਆਤ ਕੀਤੀ ਗਈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਵਿਕਾਸ ਨੂੰ ਰਫ਼ਤਾਰ ਦੇਣਗੀਆਂ ਅਤੇ ਲੋਕਾਂ ਦਾ ‘ਜੀਵਨ ਸੌਖਾ’ ਬਣਾਉਣਗੀਆਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ‘ਕੁਦਰਤ ਨਾਲ ਤਾਲਮੇਲ ਬਣਾ ਕੇ ਤਰੱਕੀ’ ਦੇ ਸਿਧਾਂਤ ਉੱਤੇ ਚੱਲਦਿਆਂ ਵਿਕਾਸ ਵੱਲ ਵਧ ਰਿਹਾ ਹੈ
ਪਿਛਲੇ 12 ਸਾਲਾਂ ਤੋਂ ਦੇਸ਼ ਵਿੱਚ ‘ਕੂੜੇ ਤੋਂ ਕਮਾਈ’ ਦੀ ਵਿਸ਼ਾਲ ਲੋਕ-ਲਹਿਰ ਚੱਲ ਰਹੀ ਹੈ। ਇਹ ਸ਼ਹਿਰੀ ਸਾਫ਼-ਸਫ਼ਾਈ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ ਅਤੇ ਸ਼ਹਿਰੀ ਖੇਤਰਾਂ ਨੂੰ ਹਰਿਆ-ਭਰਿਆ ਤੇ ਸਾਫ਼ ਰੱਖਣ ਵਿੱਚ ਮਦਦ ਕਰ ਰਹੀ ਹੈ
ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਅੱਜ ਦੁਨੀਆ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਪਰ 140 ਕਰੋੜ ਭਾਰਤੀਆਂ ਦੇ ਸਾਂਝੀਆਂ ਕੋਸ਼ਿਸ਼ਾਂ ਨਾਲ ਦੇਸ਼ ਆਤਮ-ਵਿਸ਼ਵਾਸ ਅਤੇ ਆਸ ਨਾਲ ਅੱਗੇ ਵਧ ਰਿਹਾ ਹੈ

ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ।

ਗੁਜਰਾਤ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸੀ ਆਰ ਪਾਟਿਲ, ਸੂਬੇ ਦੇ ਉਪ ਮੁੱਖ ਮੰਤਰੀ ਭਾਈ ਹਰਸ਼ ਸੰਘਵੀ, ਗੁਜਰਾਤ ਭਾਜਪਾ ਦੇ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਜੀ, ਇੱਥੇ ਮੌਜੂਦ ਹੋਰ ਮੰਤਰੀ ਸਾਹਿਬਾਨ, ਲੋਕ ਨੁਮਾਇੰਦੇ, ਅਤੇ ਇੱਥੇ ਪਹੁੰਚੇ ਸੂਰਤ ਦੇ ਮੇਰੇ ਪਿਆਰੇ ਭਰਾਵੋ ਤੇ ਭੈਣੋ।

ਕਿਵੇਂ ਹੋ ਸਾਰੇ, ਅਤੇ ਆਪਣਾ ਸੂਰਤ ਮਜ਼ੇ ਵਿੱਚ ਹੈ ਨਾ? ਤੁਸੀਂ ਕੀ ਲੈ ਕੇ ਆਏ ਹੋ ਭਾਈ, ਧੰਨਵਾਦ ਦੋਸਤ, ਬਹੁਤ ਵਧੀਆ ਤਸਵੀਰ ਬਣਾਈ ਹੈ ਤੁਸੀਂ, ਜ਼ਰਾ ਐੱਸਪੀਜੀ ਦੇ ਲੋਕੋ, ਇਹ ਭਾਈ ਤੋਹਫ਼ਾ ਦੇਣਾ ਚਾਹੁੰਦੇ ਹਨ, ਬਹੁਤ-ਬਹੁਤ ਸ਼ੁਕਰੀਆ ਭਾਈ, ਮੇਰੀ ਟੀਮ ਨੂੰ ਦੇ ਦਿਓ।

ਸਾਥੀਓ,

ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਬਹੁਤ ਖ਼ਾਸ ਸਾਥੀ, ਜਿਨ੍ਹਾਂ ਨਾਲ ਮੈਂ ਸਾਲਾਂ ਬੱਧੀ ਕੰਮ ਕੀਤਾ ਅਤੇ ਜਿਹੜੇ ਜੀਵਨ ਦੇ ਆਖਰੀ ਪਲਾਂ ਤੱਕ ਸਰਗਰਮ ਰਹੇ, ਅਜਿਹੇ ਕਨੂਭਾਈ ਮਾਵਾਣੀ ਦੇ ਤੁਰ ਜਾਣ ਉੱਤੇ, ਮੈਂ ਉਨ੍ਹਾਂ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ। ਇੱਕ ਸਾਥੀ ਨੂੰ ਗੁਆਉਣ ਦਾ ਦਰਦ ਸੁਭਾਵਿਕ ਹੈ, ਪਰ ਅੱਜ ਸੂਰਤ ਦੀ ਧਰਤੀ ਉੱਤੇ ਆਇਆ ਹਾਂ ਤਾਂ ਉਨ੍ਹਾਂ ਦੀਆਂ ਪਵਿੱਤਰ ਯਾਦਾਂ ਦੇ ਨਾਲ ਹੀ ਆਪਣੀ ਗੱਲ ਅੱਗੇ ਤੋਰਦਾ ਹਾਂ।

ਸਾਥੀਓ,

ਮੈਨੂੰ ਕਈ ਵਾਰ ਲੱਗਦਾ ਹੈ ਕਿ, ਇਹ ਸੂਰਤ ਸ਼ਹਿਰ ਨਹੀਂ ਹੈ, ਸੂਰਤ ਇੱਕ ਜਜ਼ਬਾ ਹੈ, ਅਤੇ ਜੇ ਇਹ ਜਜ਼ਬਾ ਹੋਵੇ, ਤਾਂ ਹੀ ਵਾਤਾਵਰਣ ਦਿਵਸ ਮੌਕੇ ਹਰ ਪਰਿਵਾਰ ਨੂੰ ਨਾਲ ਜੋੜ ਕੇ, ਅਜਿਹੇ 15,000 ਵਾਤਾਵਰਣ ਨੂੰ ਸਮਰਪਿਤ ਬਹੁਤ ਸੋਹਣੇ ਪੋਸਟਰ ਬਣਾ ਕੇ ਲੋਕ ਲਿਆਏ ਹਨ। ਜਿਨ੍ਹਾਂ ਵੀ ਪਰਿਵਾਰਾਂ ਦੇ ਸਾਥੀਆਂ ਨੇ ਇਹ ਕੰਮ ਕੀਤਾ ਹੈ, ਮੈਂ ਉਨ੍ਹਾਂ ਸਾਰਿਆਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਕਿਉਂਕਿ ਜਦੋਂ ਉਨ੍ਹਾਂ ਨੇ ਇਹ ਵਿਚਾਰ ਕੀਤਾ ਹੋਵੇਗਾ ਨਾ, ਤਾਂ ਉਨ੍ਹਾਂ ਦਾ ਮਨ ਹੁਣ ਇਸ ਵਾਤਾਵਰਣ ਦੀ ਰਾਖੀ ਵਿੱਚ ਲੱਗ ਗਿਆ ਹੋਵੇਗਾ। ਸਾਡੇ ਕਾਠੀਆਵਾੜ ਦੇ ਬਹੁਤ ਸਾਰੇ ਭਰਾ ਇੱਥੇ ਸੂਰਤ ਵਿੱਚ ਰਹਿੰਦੇ ਹਨ, ਅਤੇ ਉਨ੍ਹਾਂ ਦੀ ਉੱਥੇ ਖੇਤੀ ਹੈ, ਤਾਂ ਮੇਰੀ ਉਨ੍ਹਾਂ ਨੂੰ ਇੱਕ ਅਪੀਲ ਹੈ ਕਿ ਵਾਤਾਵਰਣ ਦੇ ਇੱਕ ਕੰਮ ਦੇ ਹਿੱਸੇ ਵਜੋਂ ‘ਖੇਤ ਬਚਾਓ’ ਮੁਹਿੰਮ ਨਾਲ ਜੁੜ ਜਾਣ। ਕੈਮੀਕਲ ਮੁਕਤ ਖੇਤੀ, ਸਾਡੇ ਬਜ਼ੁਰਗ ਜੋ ਕੁਦਰਤੀ ਖੇਤੀ ਕਰਦੇ ਸਨ, ਅਤੇ ਮੈਂ ਤਾਂ ਸੂਰਤ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਜਿੱਥੇ-ਜਿੱਥੇ ਵੀ ਖੇਤੀ ਹੈ, ਸਾਰਿਆਂ ਨੂੰ ਹੱਕ ਨਾਲ ਕਹਿਣਾ ਹੈ, ਕਿ ਮੇਰਾ ਇੰਨਾ ਕੰਮ ਜ਼ਰੂਰ ਕਰਨਾ।

ਸਾਥੀਓ,

ਇੱਥੇ ਸਾਰਿਆਂ ਨੇ ਮੇਰਾ ਸਵਾਗਤ ਕੀਤਾ, ਵੱਖੋ-ਵੱਖਰੇ ਯਾਦਗਾਰੀ ਚਿੰਨ੍ਹ ਦਿੱਤੇ, ਤੋਹਫ਼ੇ-ਸੌਗਾਤਾਂ ਦਿੱਤੀਆਂ, ਪਰ ਇਸ ਤੋਂ ਇਲਾਵਾ ਵੀ ਇੱਕ ਅਨਮੋਲ ਤੋਹਫ਼ਾ ਸੂਰਤ ਨੇ ਮੈਨੂੰ ਦਿੱਤਾ ਹੈ, ਜੋ ਇਸ ਤੋਂ ਵੀ ਕਿਤੇ ਵੱਧ ਕੀਮਤੀ ਹੈ। ਸੂਰਤ ਦਾ ਕੂੜਾ ਮੈਨੂੰ ਤੋਹਫ਼ੇ ਵਿੱਚ ਦਿੱਤਾ ਹੈ। 1 ਲੱਖ ਲੋਕਾਂ ਨੇ 5 ਦਿਨ ਸਫ਼ਾਈ ਦੀ ਮੁਹਿੰਮ ਚਲਾਈ। ਮੇਰੇ ਲਈ ਇਹ ਸਭ ਤੋਂ ਵੱਡੀ ਸੌਗਾਤ ਹੈ ਅਤੇ ਮੈਂ ਇਨ੍ਹਾਂ 1 ਲੱਖ ਲੋਕਾਂ ਦਾ ਅਤੇ ਪੂਰੇ ਸੂਰਤ ਦਾ ਦਿਲੋਂ ਧੰਨਵਾਦ ਕਰਦਾ ਹਾਂ। ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਹੈ? ਸਵਾਗਤ ਵਿੱਚ ਕੂੜਾ ਮਿਲਿਆ ਤੇ ਉਸ ਉੱਤੇ ਮਾਣ ਕਰ ਰਿਹਾ ਹੈ, ਕਿਉਂਕਿ ਮੈਂ ਸਵੱਛਤਾ ਨੂੰ, ਸਾਫ਼-ਸਫ਼ਾਈ ਨੂੰ ਇੱਕ ਸੰਸਕਾਰ ਬਣਾਉਣਾ ਹੈ। 1 ਲੱਖ ਲੋਕਾਂ ਦਾ ਜੁੜਨਾ, ਭਾਵ 1 ਲੱਖ ਪਰਿਵਾਰਾਂ ਦਾ ਜੁੜਨਾ, ਅਤੇ ਇਹ ਸਿਰਫ਼ ਸਫ਼ਾਈ ਦੀ ਮੁਹਿੰਮ ਨਹੀਂ ਹੈ, ਇਹ ਇੱਕ ਤਰ੍ਹਾਂ ਨਾਲ ਸਿਹਤਮੰਦ ਭਵਿੱਖ ਲਈ ਇੱਕ ਸੰਸਕਾਰ ਪੁਰਬ ਹੈ, ਅਤੇ ਇਸਦੇ ਲਈ ਸੂਰਤ ਦੇ ਸਾਰੇ ਸਾਥੀ ਬਹੁਤ-ਬਹੁਤ ਵਧਾਈ ਦੇ ਹੱਕਦਾਰ ਹਨ।

ਸਾਥੀਓ,

ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ, ਮੈਂ ਪਹਿਲੀ ਵਾਰ ਗੁਜਰਾਤ ਆਇਆ ਹਾਂ, ਸੂਰਤ ਆਇਆ ਹਾਂ। ਮੈਂ ਸੂਰਤ ਤੋਂ, ਪੂਰੇ ਗੁਜਰਾਤ ਦੇ ਲੋਕਾਂ ਨੂੰ ਸਿਰ ਝੁਕਾਉਂਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਢਾਈ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਤੁਸੀਂ ਸਾਨੂੰ, ਭਾਜਪਾ ਨੂੰ ਲਗਾਤਾਰ ਆਪਣਾ ਆਸ਼ੀਰਵਾਦ ਦੇ ਰਹੇ ਹੋ। ਅਤੇ ਸਮੇਂ ਦੇ ਨਾਲ ਇਹ ਆਸ਼ੀਰਵਾਦ ਵਧਦਾ ਹੀ ਜਾ ਰਿਹਾ ਹੈ। ਦੇਖੋ, ਇੱਕ ਧੀ ਤੁਹਾਡੇ ਸਾਰਿਆਂ ਨੂੰ ਖਿੱਚ ਕੇ ਲੈ ਗਈ। ਹਾਲ ਹੀ ਵਿੱਚ, ਜ਼ਿਲ੍ਹਾ ਪ੍ਰੀਸ਼ਦ, ਤਹਿਸੀਲ ਪ੍ਰੀਸ਼ਦ, ਨਗਰਪਾਲਿਕਾ ਅਤੇ ਮਹਾਨਗਰਪਾਲਿਕਾ ਦੀਆਂ ਚੋਣਾਂ ਹੋਈਆਂ ਹਨ। ਇਨ੍ਹਾਂ ਵਿੱਚ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਇੰਨਾ ਸਮਰਥਨ ਦਿੱਤਾ ਕਿ ਪੁਰਾਣੇ ਸਾਰੇ ਰਿਕਾਰਡ ਟੁੱਟ ਗਏ। ਅਤੇ ਅੱਜ ਮੈਂ ਜ਼ਿਆਦਾ ਖੁਸ਼ ਇਸ ਲਈ ਹਾਂ ਕਿ ਮੇਰੇ ਰਿਕਾਰਡ ਵੀ ਤੁਸੀਂ ਸਾਰਿਆਂ ਨੇ ਤੋੜ ਦਿੱਤੇ ਹਨ। ਮੈਂ ਰਾਜਨੀਤੀ ਵਿੱਚ ਬਹੁਤ ਦੇਰੀ ਨਾਲ ਆਇਆ ਸੀ, ਸ਼ਾਇਦ 87 ਵਿੱਚ ਮੈਂ ਪੌਲਿਟਿਕਸ ਵਿੱਚ ਆਇਆ, ਅਤੇ ਉਸ ਤੋਂ ਬਾਅਦ ਪਹਿਲੀ ਚੋਣ ਸੀ ਸੂਰਤ-ਅਹਿਮਦਾਬਾਦ ਕਾਰਪੋਰੇਸ਼ਨ ਵਗੈਰਾ ਦੀ, ਅਤੇ ਪਹਿਲੀ ਚੋਣ ਵਿੱਚ ਅਸੀਂ ਭਾਰੀ ਜਿੱਤ ਹਾਸਲ ਕੀਤੀ, ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਜਿੱਤ ਦਾ ਸਫ਼ਰ ਚੱਲ ਹੀ ਰਿਹਾ ਹੈ। ਦੁਨੀਆ ਦੇ ਲੋਕਤੰਤਰੀ ਸਮਾਜ ਵਿੱਚ, ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਕਿਸੇ ਵੀ ਪਾਰਟੀ ਨੂੰ ਇੰਨੇ ਲੰਬੇ ਸਮੇਂ ਤੱਕ ਜਨਤਾ ਜਨਾਰਦਨ ਦਾ ਆਸ਼ੀਰਵਾਦ ਮਿਲਣਾ ਅਤੇ ਸੇਵਾ ਦਾ ਮੌਕਾ ਮਿਲਣਾ, ਇਹ ਬਹੁਤ ਵੱਡੀ ਗੱਲ ਹੈ।

ਸਾਥੀਓ,

ਇੱਥੇ ਸੂਰਤ ਅਤੇ ਨਵਸਾਰੀ ਦੇ ਕਈ ਚੁਣੇ ਹੋਏ ਲੋਕ-ਨੁਮਾਇੰਦੇ ਵੀ ਆਏ ਹੋਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਸੀਂ ਸਾਰਿਆਂ ਨੇ ਹਮੇਸ਼ਾ ਯਾਦ ਰੱਖਣਾ ਹੈ, ਗੁਜਰਾਤ ਦੀ ਜਨਤਾ ਨੇ ਸਾਡੇ ਸੇਵਾ ਭਾਵ ਨੂੰ ਆਪਣਾ ਸਮਰਥਨ ਦਿੱਤਾ ਹੈ। ਇਹ ਪ੍ਰਚੰਡ ਜਿੱਤ, ਸੇਵਾ ਦੇ ਇਸ ਮਿਸ਼ਨ ਨੂੰ ਹੋਰ ਵਿਸਥਾਰ ਦੇਣ ਲਈ ਹੈ। ਅਸੀਂ ਸਾਰਿਆਂ ਨੇ, ਹੁਣ ਹੋਰ ਵੀ ਵੱਧ ਮਿਹਨਤ ਕਰਨੀ ਹੈ। ਸਾਡਾ ਸੰਕਲਪ, ਵਿਕਸਿਤ ਗੁਜਰਾਤ, ਵਿਕਸਿਤ ਭਾਰਤ, ਇਸ ਸੰਕਲਪ ਨੂੰ ਸਿੱਧ ਕਰਨਾ, ਸੇਵਾ ਭਾਵਨਾ ਨਾਲ ਸਮਰਪਿਤ ਹੋ ਕੇ ਕਰਨਾ ਹੈ। ਜਦੋਂ ਮੈਂ ਕਹਿੰਦਾ ਹਾਂ, ਸੂਰਤ ਇੱਕ ਸ਼ਹਿਰ ਨਹੀਂ, ਸੂਰਤ ਇੱਕ ਜਜ਼ਬਾ ਹੈ, ਇਸਦੇ ਪਿੱਛੇ ਮੇਰਾ ਪੂਰਾ ਵਿਸ਼ਵਾਸ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਪੂਰੇ ਹਿੰਦੁਸਤਾਨ ਵਿੱਚ ਜਿਹੜਾ ਸ਼ਹਿਰ ਲਗਾਤਾਰ ਸਫ਼ਾਈ ਦੇ ਐਵਾਰਡ ਹਾਸਲ ਕਰਦਾ ਹੋਵੇ, ਸੁਭਾਵਿਕ ਹੈ ਉਸਦਾ ਮਨ ਕਰ ਜਾਵੇਗਾ ਕਿ, ਯਾਰ ਬਹੁਤ ਹੋ ਗਿਆ, ਇੰਨੇ ਐਵਾਰਡ ਲੈ ਲਏ, ਹੁਣ ਕੀ ਕਰਨਾ ਹੈ। ਪਰ ਸੂਰਤ ਅਜਿਹਾ ਨਹੀਂ ਕਰ ਰਿਹਾ ਹੈ, ਉਹ ਅੱਜ ਵੀ ਸਫ਼ਾਈ ਦੀ ਮੁਹਿੰਮ ਨੂੰ ਤਰਜੀਹ ਦਿੰਦਾ ਹੈ, ਉਦੋਂ ਮੈਂ ਕਹਿੰਦਾ ਹਾਂ, ਸੂਰਤ ਸ਼ਹਿਰ ਨਹੀਂ, ਸੂਰਤ ਇੱਕ ਜਜ਼ਬਾ ਹੈ।

ਸਾਥੀਓ,

ਇਹ ਜੋ ਸਾਡਾ ਸੰਕਲਪ ਹੈ, ਵਿਕਸਿਤ ਭਾਰਤ ਦਾ, ਵਿਕਸਿਤ ਗੁਜਰਾਤ ਦਾ। ਇਹ ਸੰਕਲਪ, ਦੇਸ਼ ਦੇ ਪਿੰਡ, ਹਰ ਜ਼ਿਲ੍ਹੇ, ਹਰ ਸ਼ਹਿਰ ਨੂੰ, ਜਦੋਂ ਅਸੀਂ ਵਿਕਸਿਤ ਕਰਾਂਗੇ, ਤਾਂ ਹੀ ਸਿੱਧ ਹੋਣ ਵਾਲਾ ਹੈ। ਅਤੇ ਇਸ ਲਈ, ਸਾਰੇ ਚੁਣੇ ਹੋਏ ਭਾਜਪਾ ਲੋਕ-ਨੁਮਾਇੰਦਿਆਂ ਦੀ ਭੂਮਿਕਾ ਬਹੁਤ ਵੱਡੀ ਹੈ।

ਸਾਥੀਓ,

ਅੱਜ ਦਾ ਦਿਨ ਇੱਕ ਹੋਰ ਸੁਭਾਗੇ ਸਬੱਬ ਵਾਲਾ ਹੈ। ਅੱਜ 5 ਜੂਨ, ਵਾਤਾਵਰਣ ਦਿਵਸ ਹੈ। ਅਤੇ ਵਾਤਾਵਰਣ ਦਿਵਸ ਦੇ ਇਸ ਮੌਕੇ ਉੱਤੇ, ਮੈਂ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚੋਂ ਇੱਕ, ਸੂਰਤ ਵਿੱਚ ਹਾਂ। ਅਤੇ ਇਹ ਕਿੰਨੇ ਵੱਡੇ ਮਾਣ ਵਾਲੀ ਗੱਲ ਹੈ, ਇਹ ਉਹੀ ਸੂਰਤ ਹੈ, ਜੋ ਕਦੇ ਪਲੇਗ ਵਰਗੀ ਮਹਾਂਮਾਰੀ ਦਾ ਸ਼ਿਕਾਰ ਸੀ, ਅਤੇ ਅੱਜ ਸਾਫ਼-ਸਫ਼ਾਈ ਲਈ, ਪਛਾਣਿਆ ਜਾ ਰਿਹਾ ਹੈ। ਇਸਦੇ ਲਈ ਪਿਛਲੇ ਢਾਈ ਦਹਾਕਿਆਂ ਤੋਂ ਲਗਾਤਾਰ ਯਤਨ ਕੀਤੇ ਗਏ ਹਨ। ਇਸ ਵਿੱਚ ਸੂਰਤ ਦੇ ਸਾਰੇ ਲੋਕਾਂ, ਅਧਿਕਾਰੀਆਂ-ਮੁਲਾਜ਼ਮਾਂ, ਲੋਕ ਨੁਮਾਇੰਦਿਆਂ, ਸਭ ਦਾ ਯੋਗਦਾਨ ਹੈ। ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਇੱਥੇ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਵੀ ਚੱਲੀ ਹੈ। ਮੈਂ ਤੁਹਾਡੇ ਸਾਰੇ ਸੂਰਤ ਵਾਸੀਆਂ ਨੂੰ, ਅਤੇ ਦੇਸੀ ਭਾਸ਼ਾ ਵਿੱਚ ਕਹਿੰਦੇ ਹਾਂ ਸੂਰਤੀਆਂ ਨੂੰ, ਮੇਰੇ ਪਿਆਰੇ ਸੂਰਤੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸੂਰਤ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਅੱਜ ਇੱਥੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਦੁਨੀਆ, ਹੁਣ ਹਰਿਤ ਯੁੱਗ (ਗ੍ਰੀਨ ਐਰਾ) ਵੱਲ, ਗ੍ਰੀਨ ਫਿਊਚਰ (ਹਰੇ-ਭਰੇ ਭਵਿੱਖ) ਵੱਲ ਬਹੁਤ ਹੀ ਸਾਵਧਾਨ ਹੋ ਚੁੱਕੀ ਹੈ, ਹੌਲੀ-ਹੌਲੀ ਕਦਮ ਰੱਖਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਭਾਰਤ ਵੀ ਗ੍ਰੀਨ ਗਰੋਥ ਉੱਤੇ ਬਹੁਤ ਵੱਧ ਕੰਮ ਕਰ ਰਿਹਾ ਹੈ। ਅਤੇ ਇਸ ਵਿੱਚ ਵੀ ਗੁਜਰਾਤ ਨੇ ਸਾਲਾਂ ਪਹਿਲਾਂ ਹੀ ਤੇਜ਼ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਗੁਜਰਾਤ ਅਜਿਹਾ ਸੂਬਾ ਹੈ, ਜਿਸਨੇ ਇਸ ਸਦੀ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਨੇ ਕਲਾਈਮੇਟ ਚੇਂਜ (ਜਲਵਾਯੂ ਪਰਿਵਰਤਨ) ਦਾ ਵੱਖਰਾ ਵਿਭਾਗ ਬਣਾਇਆ ਸੀ। ਇੱਕ ਵੱਖਰਾ ਡਿਪਾਰਟਮੈਂਟ ਬਣਾਇਆ ਸੀ। ਅਜਿਹਾ ਪ੍ਰਬੰਧ ਕਰਨ ਵਾਲਾ ਗੁਜਰਾਤ, ਦੇਸ਼ ਦਾ ਪਹਿਲਾ ਸੂਬਾ ਸੀ। ਅਤੇ ਜਿਵੇਂ ਹੁਣੇ ਮੁੱਖ ਮੰਤਰੀ ਜੀ ਨੇ ਜਿਸਦਾ ਜ਼ਿਕਰ ਕੀਤਾ, ਗੁਜਰਾਤ ਦੇ ਆਪਣੇ ਪਾਟਣ ਦੇ ਚਾਰਣਕਾ ਪਿੰਡ ਵਿੱਚ, ਭਾਰਤ ਦਾ ਪਹਿਲਾ ਸੋਲਰ ਪਾਰਕ ਵੀ ਬਣਾਇਆ ਗਿਆ ਸੀ। ਅਤੇ ਇੱਕ ਤਰ੍ਹਾਂ ਨਾਲ ਉਸ ਸਮੇਂ ਤਾਂ ਉਹ ਤੀਰਥ ਅਸਥਾਨ ਬਣ ਗਿਆ ਸੀ, ਲੋਕ ਦੇਖਣ ਆਉਂਦੇ ਸਨ ਕਿ ਇੰਨਾ, ਦੂਰ-ਦੂਰ ਤੱਕ ਦਿਖਾਈ ਦੇਣ ਵਾਲਾ ਇੰਨਾ ਵੱਡਾ ਸੋਲਰ ਪਲਾਂਟ।

ਸਾਥੀਓ,

ਗੁਜਰਾਤ ਵਿੱਚ ਉਸ ਸਮੇਂ ਤੁਸੀਂ ਸਾਰਿਆਂ ਨੇ ਜੋ ਕੀਤਾ, ਉਸਨੇ ਪੂਰੇ ਦੇਸ਼ ਨੂੰ ਪ੍ਰੇਰਨਾ ਦਿੱਤੀ ਹੈ। ਅੱਜ ਭਾਰਤ, ਕੁਦਰਤ ਦੇ ਨਾਲ ਤਰੱਕੀ ਦਾ ਮੰਤਰ ਲੈ ਕੇ ਵਿਕਾਸ ਕਰ ਰਿਹਾ ਹੈ। ਇਕੌਨਮੀ (ਅਰਥਵਿਵਸਥਾ) ਵੀ, ਇਕੋਲੋਜੀ (ਵਾਤਾਵਰਣ) ਵੀ।

ਅਤੇ ਸਾਥੀਓ,

ਸੂਰਤ ਵਿੱਚ ਤਾਂ ਇਹ ਸਾਫ਼ ਦਿਸਦਾ ਹੈ। ਅੱਜ-ਕੱਲ੍ਹ ਸੂਰਤ ਦੀ ‘ਸਰਕੂਲਰ ਵਾਟਰ ਇਕੌਨਮੀ’ ਦੀ ਬਹੁਤ ਚਰਚਾ ਹੁੰਦੀ ਹੈ। ਇੱਥੇ ਸ਼ਹਿਰ ਦੇ ਵੇਸਟ ਵਾਟਰ ਨੂੰ ਸੋਧ ਕੇ ਇੰਡਸਟਰੀ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸ ਨਾਲ ਗੰਦੇ ਪਾਣੀ ਦਾ ਮੈਨੇਜਮੈਂਟ ਵੀ ਹੋ ਜਾਂਦਾ ਹੈ, ਅਤੇ ਪਾਣੀ ਤੋਂ ਕਮਾਈ ਵੀ ਹੁੰਦੀ ਹੈ। ਪਿਛਲੇ 12 ਸਾਲਾਂ ਤੋਂ ਦੇਸ਼ ਵਿੱਚ ‘ਵੇਸਟ ਟੂ ਵੈਲਥ’ (ਕੂੜੇ ਤੋਂ ਕਮਾਈ) ਦਾ ਇੱਕ ਬਹੁਤ ਵੱਡਾ ਲੋਕ-ਅੰਦੋਲਨ ਚੱਲਿਆ ਹੈ। ਇਹ ਸਾਡੇ ਸ਼ਹਿਰਾਂ ਦੀ ਸਫ਼ਾਈ ਅਤੇ ਉਨ੍ਹਾਂ ਨੂੰ ਗ੍ਰੀਨ ਤੇ ਕਲੀਨ ਬਣਾਉਣ ਵਿੱਚ ਬਹੁਤ ਕੰਮ ਆ ਰਿਹਾ ਹੈ।

ਸਾਥੀਓ,

ਹੁਣ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਕਈ ਦਹਾਕਿਆਂ ਤੱਕ ਸੂਰਤ ਲਈ ਪੀਣ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਹੋਵੇ, ਇਸਦੇ ਲਈ ਤਾਪੀ ਬੈਰਾਜ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਟਰ ਮੈਨੇਜਮੈਂਟ ਅਤੇ ਵਾਟਰ ਡ੍ਰੇਨੇਜ (ਪਾਣੀ ਦੀ ਨਿਕਾਸੀ) ਵੀ ਸਰਕਾਰ ਦੀ ਬਹੁਤ ਵੱਡੀ ਤਰਜੀਹ ਹੈ। ਅੱਜ ਵੀ ਇੱਥੇ ਅਜਿਹੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ।

ਸਾਥੀਓ,

ਸੂਰਤ ਸਿਰਫ਼ ਸਵੱਛਤਾ ਅਤੇ ਸਰਕੂਲਰ ਇਕੌਨਮੀ ਤੱਕ ਹੀ ਸੀਮਤ ਨਹੀਂ ਹੈ। ਬਲਕਿ ਗ੍ਰੀਨ ਗਰੋਥ ਦੇ ਦੂਜੇ ਸਾਧਨਾਂ ਦਾ ਵੀ ਬੇਮਿਸਾਲ ਰਫ਼ਤਾਰ ਨਾਲ ਵਿਸਥਾਰ ਹੋ ਰਿਹਾ ਹੈ। ਹੁਣ ਜਿਵੇਂ ਇਲੈਕਟ੍ਰਿਕ ਮੋਬਿਲਿਟੀ ਹੈ। ਸੂਰਤ, ਅਜਿਹੀ ਵਿਵਸਥਾ ਬਣਾਉਣ ਵਿੱਚ ਜੁਟਿਆ ਹੈ, ਜਿੱਥੇ ਸੜਕਾਂ ਉੱਤੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਇਲੈਕਟ੍ਰਿਕ ਹੋਣਗੀਆਂ। ਨਾਲ ਹੀ ਇੱਥੇ ਸੂਰਤ ਮੈਟਰੋ ਦਾ ਵੀ ਵਿਸਥਾਰ ਹੋ ਰਿਹਾ ਹੈ। ਇਹ ਸਾਰੇ ਕਦਮ, ਹਰੇ-ਭਰੇ ਸ਼ਹਿਰ (ਗ੍ਰੀਨ ਸਿਟੀ) ਵਜੋਂ ਸੂਰਤ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨਗੇ। ਅਤੇ ਹਾਂ, ਆਉਣ ਵਾਲੇ ਸਮੇਂ ਵਿੱਚ, ਹਜ਼ੀਰਾ ਇੰਡਸਟ੍ਰੀਅਲ ਏਰੀਆ (ਸਨਅਤੀ ਖੇਤਰ), ਗ੍ਰੀਨ ਸਟੀਲ ਦੇ ਉਤਪਾਦਨ ਲਈ ਵੀ ਜਾਣਿਆ ਜਾਵੇਗਾ। ਭਾਵ ਸਟੀਲ ਦੇ ਪ੍ਰੋਡਕਸ਼ਨ ਵਿੱਚ, ਗ੍ਰੀਨ ਐਨਰਜੀ (ਹਰੀ ਊਰਜਾ) ਦੀ ਵਰਤੋਂ ਹੋਵੇਗੀ।

ਸਾਥੀਓ,

ਅੱਜ ਦੁਨੀਆ ਬੇਮਿਸਾਲ ਚੁਣੌਤੀਆਂ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕੁਝ ਸਮਾਂ ਪਹਿਲਾਂ ਮੈਂ ਕਿਹਾ ਸੀ, ਕਿ ਇਹ ਦਹਾਕਾ, ਦੁਨੀਆ ਲਈ ਆਫ਼ਤ ਦਾ ਦਹਾਕਾ ਸਿੱਧ ਹੋ ਰਿਹਾ ਹੈ। ਅਸੀਂ ਪਿਛਲੇ ਸਮੇਂ ਵਿੱਚ ਇੱਕ ਤੋਂ ਬਾਅਦ ਇੱਕ ਆਲਮੀ ਆਫ਼ਤਾਂ ਦੇਖੀਆਂ ਹਨ। ਪਹਿਲਾਂ ਬਹੁਤ ਵੱਡਾ ਕੋਰੋਨਾ ਦਾ ਸੰਕਟ ਆਇਆ, ਫਿਰ ਜਗ੍ਹਾ-ਜਗ੍ਹਾ ਯੁੱਧ ਸ਼ੁਰੂ ਹੋ ਗਏ, ਅਤੇ ਹੁਣ ਇੰਨਾ ਵੱਡਾ ਊਰਜਾ ਸੰਕਟ, ਇਸਨੇ ਪੂਰੀ ਦੁਨੀਆ ਨੂੰ ਉਥਲ-ਪੁਥਲ ਕਰ ਦਿੱਤਾ ਹੈ। ਦੁਨੀਆ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ, ਗੈਸ ਦੀ ਸਪਲਾਈ ਚੇਨ ਢਹਿ-ਢੇਰੀ ਹੋ ਰਹੀ ਹੈ।

ਪਰ ਭਰਾਵੋ ਅਤੇ ਭੈਣੋ,

ਮੈਨੂੰ ਬਹੁਤ ਤਸੱਲੀ ਹੈ ਕਿ 140 ਕਰੋੜ ਭਾਰਤੀਆਂ ਦੇ ਸਾਂਝੇ ਯਤਨਾਂ ਨਾਲ, ਦੇਸ਼ ਅਜਿਹੇ ਹਰ ਸੰਕਟ ਦਾ ਮਜ਼ਬੂਤੀ ਨਾਲ ਟਾਕਰਾ ਕਰ ਰਿਹਾ ਹੈ। ਇਸ ਲੜਾਈ ਵਿੱਚ ਤੁਸੀਂ ਮੇਰੇ ਨਾਲ ਹੋ ਨਾ? ਅਸੀਂ ਇਹ ਲੜਾਈ ਵੀ ਜਿੱਤਣੀ ਹੈ ਨਾ?

ਅਤੇ ਸਾਥੀਓ,

ਇਸ ਵਿੱਚ ਵੀ ਗੁਜਰਾਤ ਦੀ ਬਹੁਤ ਵੱਡੀ ਭੂਮਿਕਾ ਹੈ। ਪਿਛਲੇ ਸਾਲਾਂ ਵਿੱਚ ਗੁਜਰਾਤ ਨੇ ਰਿਫਾਈਨਿੰਗ ਦੇ ਖੇਤਰ ਵਿੱਚ, ਸੋਲਰ ਅਤੇ ਵਿੰਡ ਪਾਵਰ (ਪੌਣ ਊਰਜਾ) ਦੇ ਖੇਤਰ ਵਿੱਚ, ਆਪਣੀ ਜੋ ਤਾਕਤ ਵਧਾਈ ਹੈ, ਉਹ ਦੇਸ਼ ਦੇ ਬਹੁਤ ਕੰਮ ਆ ਰਹੀ ਹੈ। ਅੱਜ ਭਾਰਤ ਦੀ ਰਿਨਿਊਏਬਲ ਕਪੈਸਿਟੀ (ਨਵਿਆਉਣਯੋਗ ਸਮਰੱਥਾ), 250 ਗੀਗਾਵਾਟ ਹੈ। ਸਾਡੇ ਦੇਸ਼ ਵਿੱਚ ਕਦੇ ਮੈਗਾਵਾਟ ਤੋਂ ਅੱਗੇ ਸੋਚਿਆ ਹੀ ਨਹੀਂ ਜਾਂਦਾ ਸੀ, ਅੱਜ ਗੀਗਾਵਾਟ ਦੀ ਚਰਚਾ ਹੋ ਰਹੀ ਹੈ। ਅਤੇ ਇਸ ਵਿੱਚ 50 ਗੀਗਾਵਾਟ ਦਾ ਯੋਗਦਾਨ ਇਕੱਲੇ ਗੁਜਰਾਤ ਦਾ ਹੈ। 250 ਗੀਗਾਵਾਟ ਵਿੱਚੋਂ 50 ਗੀਗਾਵਾਟ, ਤੁਹਾਡੀ ਸਭ ਦੀ ਤਾਕਤ ਹੈ ਇਹ। ਭਾਵ ਦੇਸ਼ ਦੀ ਗ੍ਰੀਨ ਐਨਰਜੀ ਦਾ ਪੰਜਵਾਂ ਹਿੱਸਾ, ਇਕੱਲਾ ਗੁਜਰਾਤ ਪੈਦਾ ਕਰਦਾ ਹੈ। ਸੌਰ ਊਰਜਾ ਦੇ ਉਤਪਾਦਨ ਵਿੱਚ ਗੁਜਰਾਤ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਅਤੇ ਹੁਣ, ਜਦੋਂ ਦੇਸ਼ ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ ਵਰगे ਖੇਤਰਾਂ ਵਿੱਚ ਕੰਮ ਕਰ ਰਿਹਾ ਹੈ, ਤਾਂ ਇਸ ਵਿੱਚ ਵੀ ਗੁਜਰਾਤ ਦਾ ਰੋਲ ਬਹੁਤ ਵੱਡਾ ਹੋਣ ਵਾਲਾ ਹੈ।

ਸਾਥੀਓ,

ਇਹ ਜੋ ਆਲਮੀ ਸੰਕਟ ਚੱਲ ਰਿਹਾ ਹੈ, ਇਹ ਦਰਸਾਉਂਦਾ ਹੈ ਕਿ ਐਨਰਜੀ (ਊਰਜਾ) ਦੇ ਮਾਮਲੇ ਵਿੱਚ ਆਤਮ-ਨਿਰਭਰਤਾ ਕਿੰਨੀ ਜ਼ਰੂਰੀ ਹੈ। ਅਤੇ ਪਿਛਲੇ 12 ਸਾਲਾਂ ਵਿੱਚ ਦੇਸ਼ ਨੇ ਜੋ ਕਪੈਸਿਟੀ (ਸਮਰੱਥਾ) ਤਿਆਰ ਕੀਤੀ ਹੈ, ਉਸਦਾ ਕਿੰਨਾ ਵੱਡਾ ਮਹੱਤਵ ਹੈ। ਇੱਕ ਪਾਸੇ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਤੇਲ ਅਤੇ ਗੈਸ ਦੀ ਸਪਲਾਈ ਯਕੀਨੀ ਬਣਾਈ। ਦੂਜੇ ਪਾਸੇ ਅਸੀਂ ਰਿਨਿਊਏਬਲ ਐਨਰਜੀ (ਨਵਿਆਉਣਯੋਗ ਊਰਜਾ) ਵਿੱਚ ਇਤਿਹਾਸਕ ਨਿਵੇਸ਼ ਵਧਾਇਆ। 12 ਸਾਲ ਪਹਿਲਾਂ ਭਾਰਤ ਵਿੱਚ ਸੌਰ ਊਰਜਾ ਦਾ ਉਤਪਾਦਨ ਨਾ-ਮਾਤਰ ਸੀ, ਅੱਜ ਅਸੀਂ ਦੁਨੀਆ ਦੇ ਟੌਪ 5 ਦੇਸ਼ਾਂ ਵਿੱਚੋਂ ਇੱਕ ਹਾਂ, 5 ਦੇਸ਼ਾਂ ਵਿੱਚੋਂ ਇੱਕ ਹਾਂ। ਅਤੇ ਸਿਰਫ਼ ਸੌਰ ਊਰਜਾ ਹੀ ਨਹੀਂ, ਅਸੀਂ ਭਾਰਤ ਵਿੱਚ ਈਥਾਨੋਲ ਬਲੈਂਡਿੰਗ ਦੀ ਕਪੈਸਿਟੀ ਵਧਾਈ, ਰੇਲਵੇ ਦੇ ਬਿਜਲੀਕਰਨ ਨੂੰ ਰਫ਼ਤਾਰ ਦਿੱਤੀ, ਪ੍ਰਮਾਣੂ ਊਰਜਾ ਉੱਤੇ ਕੰਮ ਕੀਤਾ, ਸਾਡਾ ਜੋ ਬਿਜਲੀ ਦਾ ਟ੍ਰਾਂਸਮਿਸ਼ਨ ਨੈੱਟਵਰਕ ਪੁਰਾਣਾ ਪੈ ਗਿਆ ਸੀ, ਉਸਦਾ ਆਧੁਨਿਕੀਕਰਨ ਕੀਤਾ, ਉਸਦਾ ਵਿਸਥਾਰ ਕੀਤਾ। ਗੈਸ ਪਾਈਪਲਾਈਨ ਦੇ ਨੈੱਟਵਰਕ ਦਾ ਦਾਇਰਾ ਬਹੁਤ ਜ਼ਿਆਦਾ ਵਧਾਇਆ। ਸਾਡੀਆਂ ਜੋ ਪੋਰਟਸ (ਬੰਦਰਗਾਹਾਂ) ਹਨ, ਉਨ੍ਹਾਂ ਦੀ ਕਪੈਸਿਟੀ ਵਧਾਈ, ਤਾਂ ਜੋ ਉੱਥੇ ਵੱਧ ਤੋਂ ਵੱਧ ਪੈਟਰੋਲੀਅਮ ਪ੍ਰੋਡਕਟਸ (ਉਤਪਾਦ) ਪਹੁੰਚ ਸਕਣ ਅਤੇ ਜਿੱਥੇ ਸੰਭਵ ਹੈ, ਉੱਥੇ ਸਟੋਰ ਵੀ ਹੋ ਸਕਣ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਇਹ ਤਾਕਤ ਹੋਰ ਵੀ ਵਧਣ ਵਾਲੀ ਹੈ। ਇਸ ਦਿਸ਼ਾ ਵਿੱਚ ਸਾਡੀ ਸਰਕਾਰ ਦੇ ਯਤਨ ਲਗਾਤਾਰ ਜਾਰੀ ਹਨ।

ਸਾਥੀਓ,

ਇੱਥੇ ਸੂਰਤ ਵਿੱਚ ਤੁਹਾਡੇ ਵਿਚਕਾਰ ਆਉਣ ਤੋਂ ਪਹਿਲਾਂ ਮੈਂ ਹਜ਼ੀਰਾ ਗਿਆ ਸੀ, ਹੁਣੇ ਹਰਸ਼ ਭਾਈ ਜਿਸਦਾ ਜ਼ਿਕਰ ਕਰ ਰਹੇ ਸਨ। ਆਤਮ-ਨਿਰਭਰ ਭਾਰਤ ਦਾ ਕੀ ਮਤਲਬ ਹੁੰਦਾ ਹੈ, ਇਹ ਹਜ਼ੀਰਾ ਜਾਣ ਉੱਤੇ ਵੀ ਸਾਫ਼ ਦਿਸਦਾ ਹੈ। ਹਜ਼ੀਰਾ ਅੱਜ ਸਿਰਫ਼ ਇੱਕ ਸਨਅਤੀ ਖੇਤਰ ਨਹੀਂ ਹੈ। ਇਹ ਇੱਕ ਅਜਿਹਾ ਈਕੋਸਿਸਟਮ ਬਣ ਚੁੱਕਾ ਹੈ ਜਿੱਥੇ, ਐਨਰਜੀ ਹੈ, ਸਟੀਲ ਹੈ, ਡਿਫੈਂਸ ਪ੍ਰੋਡਕਸ਼ਨ (ਰੱਖਿਆ ਉਤਪਾਦਨ) ਹੈ, ਪੋਰਟ ਹੈ, ਅਤੇ ਗਲੋਬਲ ਟ੍ਰੇਡ (ਆਲਮੀ ਵਪਾਰ) ਦਾ ਈਕੋਸਿਸਟਮ ਹੈ। ਹਜ਼ੀਰਾ, ਦੇਸ਼ ਦੇ ਇੱਕ ਵੱਡੇ ਮੈਰੀਟਾਈਮ-ਇੰਡਸਟ੍ਰੀਅਲ ਹੱਬ (ਸਮੁੰਦਰੀ-ਸਨਅਤੀ ਕੇਂਦਰ) ਵਜੋਂ ਵਿਕਸਿਤ ਹੋ ਰਿਹਾ ਹੈ, ਆਤਮ-ਨਿਰਭਰ ਭਾਰਤ ਦੇ ਇੱਕ ਵੱਡੇ ਸੈਂਟਰ ਵਜੋਂ ਉੱਭਰ ਰਿਹਾ ਹੈ।

ਪਰ ਸਾਥੀਓ,

ਅੱਜ ਦੇਸ਼ ਵਿੱਚ ਕੁਝ ਨਿਰਾਸ਼ਾਵਾਦੀ ਲੋਕ ਹਨ, ਜੋ ਆਤਮ-ਨਿਰਭਰ ਭਾਰਤ ਮੁਹਿੰਮ ਦਾ ਮਜ਼ਾਕ ਉਡਾਉਂਦੇ ਰਹਿੰਦੇ ਹਨ। ਦੇਸ਼ ਦੇ ਇਸ ਸੰਕਲਪ ਨੂੰ ਉਹ ਲਗਾਤਾਰ ਨੀਵਾਂ ਹੀ ਦਿਖਾਉਂਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੇ ਹਮੇਸ਼ਾ ਭਾਰਤ ਨੂੰ ਦੂਜੇ ਦੇਸ਼ਾਂ ਉੱਤੇ ਨਿਰਭਰ ਰੱਖਿਆ। ਉਹ ਲੋਕ ਇਹ ਭੁੱਲ ਜਾਂਦੇ ਹਨ, ਕਿ ਦੂਜਿਆਂ ਉੱਤੇ ਨਿਰਭਰ ਦੇਸ਼, ਵਿਕਾਸ ਦੀ ਉਹ ਬੁਲੰਦੀ ਕਦੇ ਹਾਸਲ ਨਹੀਂ ਕਰ ਸਕਦਾ, ਜਿਸਦਾ ਉਹ ਹੱਕਦਾਰ ਹੈ।

ਸਾਥੀਓ,

ਆਤਮ-ਨਿਰਭਰ ਭਾਰਤ ਨੂੰ ਰਫ਼ਤਾਰ ਦੇਣ ਲਈ, ਅੱਜ ਦੇਸ਼ ਦਾ ਕਨੈਕਟੀਵਿਟੀ ਉੱਤੇ ਬਹੁਤ ਜ਼ਿਆਦਾ ਫੋਕਸ ਹੈ। ਵਡੋਦਰਾ-ਮੁੰਬਈ ਐਕਸਪ੍ਰੈੱਸਵੇਅ, ਡੈਡੀਕੇਟਿਡ ਫਰੇਟ ਕੌਰੀਡੋਰ ਅਤੇ ਬੁਲੇਟ ਟ੍ਰੇਨ ਵਰਗੇ ਪ੍ਰੋਜੈਕਟ, ਭਾਰਤ ਦੀ ਇਸੇ ਤਰਜੀਹ ਨੂੰ ਦਰਸਾਉਂਦੇ ਹਨ। ਅੱਜ ਵਡੋਦਰਾ-ਮੁੰਬਈ ਐਕਸਪ੍ਰੈੱਸਵੇਅ ਦੇ ਇੱਕ ਵੱਡੇ ਹਿੱਸੇ ਦਾ ਉਦਘਾਟਨ ਹੋ ਗਿਆ ਹੈ। ਇਹ ਦੇਸ਼ ਦੇ ਦੋ ਵੱਡੇ ਇੰਡਸਟ੍ਰੀਅਲ (ਸਨਅਤੀ) ਅਤੇ ਟ੍ਰੇਡ (ਵਪਾਰਕ) ਸੈਂਟਰਾਂ ਨੂੰ ਹੋਰ ਬਿਹਤਰ ਕਨੈਕਟੀਵਿਟੀ ਦੇਵੇਗਾ।

ਸਾਥੀਓ,

ਸਾਡੀ ਕੋਸ਼ਿਸ਼ ਸਭ ਨੂੰ ਜੋੜਨ ਦੀ ਹੈ, ਸਭ ਨੂੰ ਬਰਾਬਰ ਮੌਕੇ ਅਤੇ ਸਹੂਲਤਾਂ ਦੇਣ ਦੀ ਹੈ। ਦੂਰ-ਦੁਰਾਡੇ ਦੇ ਇਲਾਕੇ, ਆਦਿਵਾਸੀ ਖੇਤਰ, ਜਿਨ੍ਹਾਂ ਤੱਕ ਸਹੂਲਤਾਂ ਨਹੀਂ ਪਹੁੰਚੀਆਂ, ਉਨ੍ਹਾਂ ਤੱਕ ਅੱਜ ਆਧੁਨਿਕ ਕਨੈਕਟੀਵਿਟੀ ਪਹੁੰਚ ਰਹੀ ਹੈ। ਦਾਹੋਦ-ਬੋਡੇਲੀ-ਵਾਪੀ ਕੌਰੀਡੋਰ, ਇਸੇ ਸੰਕਲਪ ਦਾ ਪ੍ਰਤੀਬਿੰਬ ਹੈ। ਤੁਸੀਂ ਸੋਚੋ, ਨਰਮਦਾ ਅਤੇ ਤਾਪੀ ਜ਼ਿਲ੍ਹਿਆਂ ਦੇ ਆਦਿਵਾਸੀ ਖੇਤਰਾਂ ਤੱਕ ਫੋਰ-ਲੇਨ ਦੀ ਸਹੂਲਤ ਪਹੁੰਚ ਰਹੀ ਹੈ। ਇਸ ਨਾਲ ਸਫ਼ਰ ਦਾ ਸਮਾਂ ਬਹੁਤ ਘੱਟ ਹੋਵੇਗਾ, ਕਿਰਾਇਆ-ਭਾੜਾ ਘੱਟ ਹੋਵੇਗਾ, ਭਾਵ ਆਦਿਵਾਸੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ, ਪੜ੍ਹਾਈ, ਦਵਾਈ ਅਤੇ ਕਮਾਈ ਦੀਆਂ ਬਿਹਤਰੀਨ ਸਹੂਲਤਾਂ ਮਿਲਣਗੀਆਂ।

ਸਾਥੀਓ,

ਇਸ ਕੌਰੀਡੋਰ ਨਾਲ, ਛੋਟਾ ਉਦੈਪੁਰ, ਨਰਮਦਾ, ਭਰੂਚ ਅਤੇ ਤਾਪੀ ਜ਼ਿਲ੍ਹਿਆਂ ਦੇ ਆਦਿਵਾਸੀ ਖੇਤਰ, ਇਨ੍ਹਾਂ ਇੰਡਸਟ੍ਰੀਅਲ ਬੈਲਟਾਂ ਨਾਲ ਜੁੜ ਜਾਣਗੇ। ਇਸ ਨਾਲ, ਦੱਖਣੀ ਗੁਜਰਾਤ ਦੇ ਆਦਿਵਾਸੀ ਖੇਤਰਾਂ ਵਿੱਚ ਟੂਰਿਜ਼ਮ ਨੂੰ ਵੀ ਬਲ ਮਿਲੇਗਾ। ਸਟੈਚੂ ਆਫ ਯੂਨਿਟੀ, ਸਪੂਤਾਰਾ ਅਤੇ ਆਸਪਾਸ ਦੀਆਂ ਸੈਰ-ਸਪਾਟਾ ਥਾਵਾਂ ਤੱਕ ਪਹੁੰਚਣਾ ਬਹੁਤ ਆਸਾਨ ਹੋ ਜਾਵੇਗਾ।

ਸਾਥੀਓ,

ਅੱਜ ਇੱਥੇ ਸੂਰਤ ਵਿੱਚ ਇੱਕ ਆਧੁਨਿਕ ਈਐੱਸਆਈਸੀ ਹਸਪਤਾਲ ਦਾ ਵੀ ਉਦਘਾਟਨ ਹੋਇਆ ਹੈ। ਇਹ ਹਸਪਤਾਲ ਸਾਡੇ ਮਜ਼ਦੂਰ ਭਰਾਵਾਂ-ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਬਿਹਤਰ ਸਿਹਤ ਸੇਵਾਵਾਂ ਦਾ ਨਵਾਂ ਕੇਂਦਰ ਬਣੇਗਾ। ਦੂਜੇ ਸੂਬਿਆਂ ਤੋਂ ਜੋ ਸਾਥੀ ਇੱਥੇ ਰਹਿਣ ਆਏ ਹਨ, ਰੁਜ਼ਗਾਰ ਕਰਨ ਆਏ ਹਨ, ਉਨ੍ਹਾਂ ਨੂੰ ਵੀ ਇਸ ਹਸਪਤਾਲ ਤੋਂ ਬਹੁਤ ਮਦਦ ਮਿਲਣ ਵਾਲੀ ਹੈ।

ਸਾਥੀਓ,

ਸਾਡੀ ਸਰਕਾਰ, ਦੇਸ਼ ਦੇ ਵਿਕਾਸ ਨੂੰ ਸਭ ਤੋਂ ਉੱਪਰ ਰੱਖ ਕੇ ਕੰਮ ਕਰ ਰਹੀ ਹੈ। ਅਤੇ ਇਸ ਲਈ, ਦੇਸ਼ ਦਾ ਭਰੋਸਾ ਭਾਜਪਾ ਉੱਤੇ ਹੈ, ਭਾਜਪਾ ਦੇ ਵਿਕਾਸ ਕਾਰਜਾਂ ਉੱਤੇ ਹੈ। ਇਸ ਲਈ ਦੇਸ਼ ਦੀ ਜਨਤਾ ਵਾਰ-ਵਾਰ ਭਾਜਪਾ ਨੂੰ ਫਤਵਾ ਦੇ ਰਹੀ ਹੈ। ਹਾਲ ਹੀ ਵਿੱਚ ਹੋਈਆਂ, ਬੰਗਾਲ ਦੀਆਂ ਚੋਣਾਂ, ਤੁਹਾਨੂੰ ਲੱਗਦਾ ਹੋਵੇਗਾ ਕਿ ਮੈਂ ਬੰਗਾਲ ਬੋਲ ਦਿੱਤਾ, ਇੱਕਦਮ ਇੱਥੇ ਊਰਜਾ ਆ ਗਈ, ਪਰ ਮੇਰਾ ਤਜਰਬਾ ਸੀ, ਮੈਂ ਪਿਛਲੇ ਦਿਨੀਂ 5 ਦੇਸ਼ਾਂ ਦੇ ਦੌਰੇ ਉੱਤੇ ਸੀ, ਉੱਥੇ ਵੀ ਬੰਗਾਲ-ਬੰਗਾਲ ਚੱਲ ਰਿਹਾ ਸੀ, ਹਰ ਕੋਈ ਬੰਗਾਲ ਦੀ ਚਰਚਾ ਕਰਦਾ ਸੀ। ਬੰਗਾਲ ਦੀਆਂ ਚੋਣਾਂ, ਅਸਾਮ ਅਤੇ ਪੁਡੂਚੇਰੀ ਦੀਆਂ ਚੋਣਾਂ ਵਿੱਚ, ਭਾਜਪਾ ਨੂੰ, ਐੱਨਡੀਏ ਨੂੰ ਬਹੁਤ ਵੱਡਾ ਜਨਾਦੇਸ਼ ਮਿਲਿਆ ਹੈ। ਇਸ ਤੋਂ ਇਲਾਵਾ ਜੋ ਪੰਚਾਇਤਾਂ ਅਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੀ ਦੇਸ਼ ਭਰ ਵਿੱਚ ਹੋ ਰਹੀਆਂ ਹਨ, ਉੱਥੇ ਵੀ ਬੀਜੇਪੀ ਨੂੰ ਜਿੱਤ ਮਿਲ ਰਹੀ ਹੈ।

ਸਾਥੀਓ,

ਅਜਿਹੀ ਹਰ ਚੋਣ ਦਾ ਇੱਕੋ ਹੀ ਸੁਨੇਹਾ ਹੈ, ਦੇਸ਼ ਅਰਾਜਕਤਾ, ਅਨਿਸ਼ਚਿਤਤਾ ਅਤੇ ਨਿਰਾਸ਼ਾ ਨੂੰ ਪਸੰਦ ਨਹੀਂ ਕਰਦਾ। ਕਾਂਗਰਸ, ਪਿਛਲੇ 12 ਸਾਲਾਂ ਤੋਂ ਅਰਾਜਕਤਾ ਅਤੇ ਅਨਿਸ਼ਚਿਤਤਾ ਫੈਲਾ ਕੇ ਆਪਣੇ ਲਈ ਮੌਕੇ ਲੱਭ ਰਹੀ ਹੈ, ਪਰ ਦੇਸ਼ ਦੀ ਜਨਤਾ, ਉਸਨੂੰ ਵਾਰ-ਵਾਰ ਕਰਾਰਾ ਜਵਾਬ ਦੇ ਰਹੀ ਹੈ। ਗੁਜਰਾਤ ਦੇ ਤੁਹਾਡੇ ਲੋਕਾਂ ਨੇ ਤਾਂ ਕਾਂਗਰਸ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ, ਪਰ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ, ਉੱਥੇ ਵੀ ਜਨਤਾ ਕਾਂਗਰਸ ਦੇ ਕੁਸ਼ਾਸਨ ਤੋਂ ਤੰਗ ਆ ਗਈ ਹੈ। ਹੁਣੇ-ਹੁਣੇ ਹਿਮਾਚਲ ਵਿੱਚ ਵੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਈਆਂ, ਕਾਂਗਰਸ ਦੀ ਸਰਕਾਰ ਹੈ, ਉੱਥੇ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ। ਹਿਮਾਚਲ ਦੀ ਜਨਤਾ ਨੇ, ਕਾਂਗਰਸ ਦੇ ਕੁਸ਼ਾਸਨ ਨੂੰ ਨਕਾਰ ਦਿੱਤਾ ਹੈ। ਇਸ ਤੋਂ ਪਹਿਲਾਂ, ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਮਿਲੀ, ਅਤੇ ਪੰਜਾਬ ਦੇ ਲੋਕਾਂ ਨੇ ਵੀ ਕਾਂਗਰਸ ਨੂੰ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ। ਸੁਨੇਹਾ ਇਹ ਹੈ ਕਿ, ਕਾਂਗਰਸ ਦੀ ਪੈਰਾਸਾਈਟ (ਪਰਜੀਵੀ) ਰਾਜਨੀਤੀ ਨਹੀਂ ਚੱਲੇਗੀ, ਕਾਂਗਰਸ ਦੀ ਅਰਾਜਕਤਾ ਵਿੱਚ ਮੌਕੇ ਲੱਭਣ ਦੀ ਰਾਜਨੀਤੀ ਨਹੀਂ ਚੱਲੇਗੀ। ਕਰਨਾਟਕ ਦੀ ਜਨਤਾ ਵਿੱਚ ਵੀ ਕਾਂਗਰਸ ਸਰਕਾਰ ਨੂੰ ਲੈ ਕੇ ਬਹੁਤ ਰੋਸ ਹੈ। ਅਤੇ ਇਹੀ ਕਾਰਨ ਹੈ, ਕਿ ਕਰਨਾਟਕ ਵਿੱਚ ਵੀ ਕਾਂਗਰਸ ਨੂੰ ਸੀਐੱਮ (ਮੁੱਖ ਮੰਤਰੀ) ਬਦਲਣਾ ਪੈ ਰਿਹਾ ਹੈ।

ਸਾਥੀਓ,

ਭਾਰਤ, ਨਕਾਰਾਤਮਕਤਾ ਤੋਂ ਕਿਤੇ ਅੱਗੇ ਨਿਕਲ ਚੁੱਕਾ ਹੈ। ਇਹ ਅਥਾਹ ਆਸਾਂ-ਉਮੀਦਾਂ ਵਾਲਾ ਦੇਸ਼ ਹੈ। ਸ਼ਾਨਦਾਰ ਇੱਛਾਵਾਂ ਨਾਲ ਲੈਸ ਦੇਸ਼ ਹੈ। ਭਾਰਤ ਦੇ ਨਾਗਰਿਕ ਸੁਪਨਿਆਂ ਨਾਲ ਭਰੇ ਹੋਏ ਹਨ, ਸੰਕਲਪਾਂ ਨਾਲ ਭਰੇ ਹੋਏ ਹਨ। ਅਤੇ ਸੰਕਲਪ ਨੂੰ ਪ੍ਰਾਪਤੀ ਵਿੱਚ ਬਦਲਣ ਲਈ ਜਨਤਾ ਜਨਾਰਦਨ ਵਚਨਬੱਧ ਹੈ। ਅਤੇ ਜਦੋਂ ਦੇਸ਼ ਦੀ ਲੋਕ-ਸ਼ਕਤੀ (ਜਨਸ਼ਕਤੀ) ਦ੍ਰਿੜ੍ਹ ਸੰਕਲਪ ਕਰ ਲਵੇ, ਤਾਂ ਦੇਸ਼ ਹਰ ਟੀਚਾ ਹਾਸਲ ਕਰ ਸਕਦਾ ਹੈ। ਅਤੇ ਇਹੀ, ਇਹੀ ਭਾਰਤ ਦੀ ਤਾਕਤ ਹੈ। ਆਓ, ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਮਿਲ ਕੇ, ਇੱਕਠੇ ਮਿਲ ਕੇ ਰਫ਼ਤਾਰ ਦੇਈਏ, ਅਸੀਂ ਸੁਪਨਿਆਂ ਨੂੰ ਸੰਕਲਪ ਵਿੱਚ ਬਦਲੀਏ, ਅਤੇ ਸੰਕਲਪ ਨੂੰ ਪ੍ਰਾਪਤੀ ਵਿੱਚ ਬਦਲਣ ਲਈ ਆਪਣੇ ਆਪ ਨੂੰ ਝੋਕ ਦੇਈਏ ਦੋਸਤੋ। ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ। ਤੁਸੀਂ ਦੋ ਕਦਮ ਚੱਲੋਗੇ, ਮੈਂ ਤਿੰਨ ਕਦਮ ਚੱਲਣ ਲਈ ਤਿਆਰ ਹਾਂ। ਰੁਕਣਾ ਅਤੇ ਥੱਕਣਾ ਸਾਨੂੰ ਮਨਜ਼ੂਰ ਨਹੀਂ ਹੈ। ਇਸੇ ਸੱਦੇ ਨਾਲ, ਇੱਕ ਵਾਰ ਫਿਰ ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jumbo Indian contingent comprising 768 athletes, support staff and officials for Asian Games

Media Coverage

Jumbo Indian contingent comprising 768 athletes, support staff and officials for Asian Games
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਸਤੰਬਰ 2026
September 04, 2026

Make in India, Power India, Play for India: Multi-Sector Momentum Under PM Modi’s Leadership