ਮਾਣਯੋਗ, ਮੇਰੇ ਪਿਆਰੇ ਦੋਸਤ, ਰਾਸ਼ਟਰਪਤੀ ਮੈਕਰੌਂ,

ਵੀਸੀਜ਼, ਇੰਡਸਟਰੀ ਲੀਡਰਜ਼ ਅਤੇ ਇਨੋਵੇਟਰਸ,

ਬੋਂ-ਜੂ!

ਨਮਸਤੇ!

‘ਭਾਰਤ ਇਨੋਵੇਟਸ’ ਵਿੱਚ ਸ਼ਾਮਲ ਸਾਰੇ ਸਾਥੀਆਂ ਦਾ ਮੈਂ ਸਵਾਗਤ ਕਰਦਾ ਹਾਂ। ਅਤੇ ਇਸ ਪ੍ਰੋਗਰਾਮ ਲਈ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਦੁਨੀਆ ਵਿੱਚ ਵੱਖ-ਵੱਖ ਦੇਸ਼ ਇੱਕ-ਦੂਜੇ ਨਾਲ ਵਪਾਰ ਕਰਦੇ ਹਨ, ਵੱਖ-ਵੱਖ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਵੀ ਹੁੰਦੀ ਹੈ, ਪਰ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ, ਜੋ ਸਾਂਝੇ ਹਿੱਤਾਂ ਦੇ ਨਾਲ-ਨਾਲ, ਸਾਂਝੇ ਨਜ਼ਰੀਏ ਨਾਲ ਵੀ ਚੱਲਦੇ ਹਨ। ਭਾਰਤ ਅਤੇ ਫ਼ਰਾਂਸ ਦਾ ਰਿਸ਼ਤਾ ਕੁਝ ਅਜਿਹਾ ਹੀ ਹੈ।

ਇਸ ਰਿਸ਼ਤੇ ਵਿੱਚ ਸੰਪਰਕ ਵੀ ਹੈ, ਅਤੇ ਭਰੋਸਾ ਵੀ। ਇਸ ਰਿਸ਼ਤੇ ਵਿੱਚ ਇਨੋਵੇਸ਼ਨ (ਨਵੀਨਤਾ) ਵੀ ਹੈ, ਅਤੇ ਪ੍ਰੇਰਨਾ ਵੀ। ਇਸ ਰਿਸ਼ਤੇ ਵਿੱਚ ਸਾਂਝੀਆਂ ਕਦਰਾਂ-ਕੀਮਤਾਂ ਵੀ ਹਨ, ਅਤੇ ਸਾਂਝਾ ਨਜ਼ਰੀਆ ਵੀ ਹੈ।

ਅਤੇ ਇਸੇ ਰਿਸ਼ਤੇ ਦੀ ਨੀਂਹ ਉੱਤੇ, ਪਿਛਲੇ ਸਾਲਾਂ ਵਿੱਚ ਅਸੀਂ ਮਿਲ ਕੇ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਨਵੇਂ ਵਿਚਾਰਾਂ ਨੂੰ ਦਿਸ਼ਾ ਦਿੱਤੀ ਹੈ ਅਤੇ ਆਲਮੀ ਚੁਣੌਤੀਆਂ ਦੇ ਹੱਲ ਲੱਭਣ ਦਾ ਪੂਰਾ ਯਤਨ ਕੀਤਾ ਹੈ।

ਭਾਵੇਂ 'ਇੰਟਰਨੈਸ਼ਨਲ ਸੋਲਰ ਅਲਾਇੰਸ' ਹੋਵੇ, ਏਆਈ ਨਾਲ ਜੁੜੀ ਗੱਲਬਾਤ ਹੋਵੇ, ਜਾਂ ਸੁਰੱਖਿਆ ਤੋਂ ਲੈ ਕੇ ਸਥਿਰਤਾ ਤੱਕ ਸਾਡੀ ਭਾਈਵਾਲੀ ਹੋਵੇ; ਭਾਵ ਮਨੁੱਖਤਾ ਨਾਲ ਜੁੜੀਆਂ ਚੁਣੌਤੀਆਂ ਦਾ ਹੱਲ ਕੱਢਣ ਦੀ ਗੱਲ ਹੋਵੇ, ਅਸੀਂ ਦੋਵੇਂ ਦੇਸ਼ ਮਿਲ ਕੇ ਚੱਲੇ ਹਾਂ।

ਇਸ ਸਾਲ ਫਰਵਰੀ ਵਿੱਚ ਹੀ, 'ਭਾਰਤ-ਫ਼ਰਾਂਸ ਯੀਅਰ ਆਫ ਇਨੋਵੇਸ਼ਨ' ਦੀ ਸ਼ੁਰੂਆਤ ਹੋਈ ਹੈ ਅਤੇ ਅੱਜ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਫ਼ਰਾਂਸ ਨਾਲ ਮਿਲ ਕੇ 'ਭਾਰਤ ਇਨੋਵੇਟਸ' ਦੀ ਵੀ ਸ਼ੁਰੂਆਤ ਕਰ ਰਹੇ ਹਾਂ।

ਮੈਂ ਆਪਣੇ ਦੋਸਤ, ਰਾਸ਼ਟਰਪਤੀ ਮੈਕਰੌਂ ਦਾ ਇਸ ਮੌਕੇ ਇੱਥੇ ਆਉਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਰਾਸ਼ਟਰਪਤੀ ਮੈਕਰੌਂ, ਹੁਣੇ ਜਿਹੇ ਭਾਰਤ ਦੌਰੇ ਦੌਰਾਨ, ਤੁਸੀਂ ਕਿਹਾ ਸੀ ਕਿ ਇਸ ਸਦੀ ਦੀਆਂ ਚੁਣੌਤੀਆਂ ਦੇ ਹੱਲ ਲਈ ਭਾਰਤ ਅਤੇ ਫ਼ਰਾਂਸ ਨੂੰ ਮਿਲ ਕੇ ਅੱਗੇ ਆਉਣਾ ਪਵੇਗਾ। ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਹ ਪਹਿਲਕਦਮੀ ਉਸੇ ਦਿਸ਼ਾ ਵੱਲ ਕਦਮ ਹੈ।

'ਭਾਰਤ ਇਨੋਵੇਟਸ' ਦਾ ਇਹ ਮੰਚ ਭਾਰਤ ਦੇ ਹੁਨਰ ਅਤੇ ਯੂਰਪੀਅਨ ਪੂੰਜੀ ਵਿਚਕਾਰ ਇੱਕ ਪੁਲ ਦਾ ਕੰਮ ਕਰ ਰਿਹਾ ਹੈ। ਇਹ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਭਾਰਤ ਦੇ ਨੌਜਵਾਨ ਦਿਮਾਗਾਂ ਨੂੰ ਯੂਰਪੀਅਨ ਮਾਹਰਾਂ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ।

ਸਾਥੀਓ,

ਅੱਜ 21ਵੀਂ ਸਦੀ ਦਾ ਭਾਰਤ ਤਬਦੀਲੀ ਦੇ ਇੱਕ ਬਹੁਤ ਵੱਡੇ ਦੌਰ ਵਿੱਚੋਂ ਲੰਘ ਰਿਹਾ ਹੈ। ਅੱਜ ਭਾਰਤ ਵਿੱਚ ਇੱਕ ਸਟਾਰਟਅੱਪ ਇਨਕਲਾਬ ਆ ਰਿਹਾ ਹੈ। ਇਸ ਇਨਕਲਾਬ ਵਿੱਚ ਭਾਰਤ ਦਾ ਨੌਜਵਾਨ ਇੱਕ ਨਵੀਂ ਸੋਚ ਨਾਲ ਮਨੁੱਖਤਾ ਦੇ ਭਲੇ ਲਈ ਸਮੱਸਿਆਵਾਂ ਦੇ ਹੱਲ ਲੱਭ ਰਿਹਾ ਹੈ। ਅਤੇ ਸਾਡੇ ਨੌਜਵਾਨਾਂ ਦੇ ਆਲਮੀ ਪੱਧਰ ਦੇ ਹੱਲਾਂ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਜ਼ਰੀਆ ਹੀ 'ਭਾਰਤ ਇਨੋਵੇਟਸ' ਹੈ। ਆਈਆਈਟੀ ਦਿੱਲੀ ਦੇ ਬੋਰਡ ਦੇ ਚੇਅਰਪਰਸਨ ਮੇਰੇ ਦੋਸਤ ਹਰੀਸ਼ ਸਾਲਵੇ ਜੀ ਨੇ ਇਸ ਨੂੰ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਇਸ ਲਈ ਮੈਂ ਉਨ੍ਹਾਂ ਨੂੰ ਅਤੇ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਉੱਦਮੀ ਜੁੜੇ ਹੋਏ ਹਨ। ਤੁਹਾਨੂੰ ਇੱਥੇ ਭਾਰਤ ਦੇ ਭਵਿੱਖ ਦੀ ਝਲਕ ਦਿਖਾਈ ਦਿੰਦੀ ਹੈ। ਤੁਹਾਨੂੰ ਭਾਰਤ ਦੇ ਨੌਜਵਾਨਾਂ ਦਾ ਆਤਮ-ਵਿਸ਼ਵਾਸ ਦਿਖਾਈ ਦਿੰਦਾ ਹੈ। ਤੁਹਾਨੂੰ ਨਵੇਂ ਭਾਰਤ ਦੀ ਊਰਜਾ ਦਿਖਾਈ ਦਿੰਦੀ ਹੈ।

ਇੱਕ ਅਜਿਹਾ ਭਾਰਤ, ਜੋ ਹੱਲਾਂ (ਸਲਿਊਸ਼ਨਜ਼) ਦਾ ਖਪਤਕਾਰ (ਕੰਜ਼ਿਊਮਰ) ਨਹੀਂ ਸਗੋਂ ਹੱਲ ਦੇਣ ਵਾਲਾ (ਕੰਟ੍ਰੀਬਿਊਟਰ) ਬਣ ਕੇ ਉੱਭਰ ਰਿਹਾ ਹੈ। ਇੱਥੇ ਕੋਈ ਏਆਈ ਦੀ ਮਦਦ ਨਾਲ ਪਿੰਡਾਂ ਦੀ ਜ਼ਿੰਦਗੀ ਬਦਲਣ ਲਈ ਕੰਮ ਕਰ ਰਿਹਾ ਹੈ, ਕੋਈ ਕਿਸਾਨਾਂ ਦੀ ਮਦਦ ਲਈ ਸੈਟੇਲਾਈਟ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ। ਕੁਝ ਨੌਜਵਾਨ ਸਮਾਰਟ ਸਿਟੀਜ਼, ਐਡਵਾਂਸਡ ਮੈਨੂਫੈਕਚਰਿੰਗ ਅਤੇ ਨਵੇਂ ਮਟੀਰੀਅਲਜ਼ ਨਾਲ ਭਵਿੱਖ ਦੀ ਸਿਰਜਣਾ ਕਰ ਰਹੇ ਹਨ। ਕੋਈ ਗ੍ਰੀਨ ਹਾਈਡ੍ਰੋਜਨ, ਇਲੈਕਟ੍ਰਿਕ ਮੋਬਿਲਿਟੀ ਅਤੇ ਬੈਟਰੀ ਤਕਨਾਲੋਜੀ ਨਾਲ ਇੱਕ ਟਿਕਾਊ (ਸਸਟੇਨੇਬਲ) ਭਵਿੱਖ ਯਕੀਨੀ ਬਣਾ ਰਿਹਾ ਹੈ। ਅਤੇ ਕੁਝ ਸਟਾਰਟਅੱਪਸ ਰੱਖਿਆ (ਡਿਫੈਂਸ) ਅਤੇ ਸੁਰੱਖਿਆ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਵਿਕਸਿਤ ਕਰ ਰਹੇ ਹਨ।

ਤੁਹਾਡੀ ਸਮਰੱਥਾ ਨੂੰ ਦੇਖਦੇ ਹੋਏ ਮੈਂ ਕਹਾਂਗਾ ਕਿ 'ਭਾਰਤ ਇਨੋਵੇਟਸ ਵਿਦ ਸਕੇਲ ਐਂਡ ਸਪੀਡ'। 'ਭਾਰਤ ਇਨੋਵੇਟਸ ਫੌਰ ਏ ਸਸਟੇਨੇਬਲ ਫਿਊਚਰ'। ਐਂਡ 'ਭਾਰਤ ਇਨੋਵੇਟਸ ਫੌਰ ਦ ਹੋਲ ਵਰਲਡ'।

ਸਾਥੀਓ,

ਅੱਜ ਬਹੁਤ ਸਾਰੇ ਵੀਸੀਜ਼ ਅਤੇ ਇੰਡਸਟਰੀ ਲੀਡਰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹਨ। ਮੈਂ ਉਨ੍ਹਾਂ ਦੇ ਸਾਹਮਣੇ ਖ਼ਾਸ ਤੌਰ ਉੱਤੇ ਭਾਰਤ ਤੋਂ ਆਏ ਇਨ੍ਹਾਂ ਨੌਜਵਾਨ ਸਾਥੀਆਂ ਦੀ ਸ਼ਲਾਘਾ ਕਰਾਂਗਾ।

ਇੱਥੇ ਜਿੰਨੇ ਵੀ ਸਾਥੀ ਆਏ ਹਨ, ਉਨ੍ਹਾਂ ਨੇ ਪੁਰਾਣੇ ਰਾਹ ਉੱਤੇ ਚੱਲਣ ਦੀ ਬਜਾਏ, ਉਸਨੂੰ ਛੱਡ ਕੇ, ਇੱਕ ਨਵਾਂ ਰਾਹ ਚੁਣਿਆ ਹੈ। ਇੱਕ ਨਵੀਂ ਲੀਹ ਬਣਾਈ ਹੈ। ਅਤੇ ਇੱਥੇ ਤੁਹਾਨੂੰ ਸਾਰਿਆਂ ਨੂੰ 100-125 ਸਟਾਰਟਅੱਪਸ ਦਿਖ ਰਹੇ ਹਨ, ਪਰ ਭਾਰਤ ਵਿੱਚ ਅਜਿਹੇ 2 ਲੱਖ ਤੋਂ ਵੱਧ ਸਟਾਰਟਅੱਪਸ ਦਾ ਇੱਕ ਵੱਡਾ ਪੂਲ ਹੈ। ਅਤੇ ਹੁਣ ਇਹ ਸਾਰੇ ਸਟਾਰਟਅੱਪਸ ਇੱਕ ਨਵੀਂ ਊਰਜਾ ਨਾਲ ਭਾਰਤ ਅਤੇ ਆਲਮੀ ਅਰਥਚਾਰੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਸਾਥੀਓ,

ਦੁਨੀਆ ਲਈ ਇਹ ਦਹਾਕਾ, ਉਥਲ-ਪੁਥਲ ਅਤੇ ਵਿਕਾਸ, ਦੋਵਾਂ ਦਾ ਹੈ। ਟਕਰਾਵਾਂ ਅਤੇ ਜਲਵਾਯੂ ਪਰਿਵਰਤਨ ਦੇ ਵੱਧ ਰਹੇ ਪ੍ਰਭਾਵਾਂ ਵਿਚਕਾਰ, ਵਿਸ਼ਵ ਇੱਕ ਬੇਮਿਸਾਲ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਪਰ ਅੱਜ ਜਿੱਥੇ ਮਨੁੱਖਤਾ ਸਾਹਮਣੇ ਚੁਣੌਤੀਆਂ ਜ਼ਿਆਦਾ ਹਨ, ਉੱਥੇ ਮੌਕੇ ਵੀ ਓਨੇ ਹੀ ਜ਼ਿਆਦਾ ਹਨ।

ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਬਾਇਓ-ਟੈਕਨਾਲੋਜੀ, ਸਪੇਸ ਟੈਕਨਾਲੋਜੀ ਅਤੇ ਐਡਵਾਂਸਡ ਮੈਟੀਰੀਅਲਜ਼—ਇਹ ਸਭ ਅਜਿਹੀਆਂ ਤਕਨੀਕਾਂ ਹਨ, ਜੋ ਮਨੁੱਖਤਾ ਦੇ ਭਵਿੱਖ ਨੂੰ ਨਵੀਂ ਸ਼ਕਲ ਦੇਣਗੀਆਂ। ਇਹ ਮਨੁੱਖੀ ਸੱਭਿਅਤਾ ਦੇ ਅਗਲੇ ਅਧਿਆਏ ਹਨ।

ਹਰ ਤਕਨੀਕੀ ਇਨਕਲਾਬ, ਮਨੁੱਖਤਾ ਨੂੰ ਇੱਕ ਨਵਾਂ ਮੌਕਾ ਦਿੰਦਾ ਹੈ ਅਤੇ ਹਰ ਮੌਕਾ ਇੱਕ ਨਵੀਂ ਜ਼ਿੰਮੇਵਾਰੀ ਵੀ ਲੈ ਕੇ ਆਉਂਦਾ ਹੈ। ਅੱਜ ਦੁਨੀਆ ਅਜਿਹੀਆਂ ਤਕਨੀਕਾਂ ਵੱਲ ਦੇਖ ਰਹੀ ਹੈ, ਜੋ ਭਰੋਸੇਮੰਦ ਹੋਣ, ਜੋ ਸਭ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਹੋਣ (ਇਨਕਲੂਸਿਵ), ਜੋ ਮਨੁੱਖਤਾ ਉੱਤੇ ਕੇਂਦਰਿਤ (ਹਿਊਮਨ-ਸੈਂਟ੍ਰਿਕ) ਹੋਣ, ਅਤੇ ਜਿਨ੍ਹਾਂ ਦਾ ਟੀਚਾ ਵਿਸ਼ਵ ਦਾ ਭਲਾ ਕਰਨਾ ਹੋਵੇ। ਅਤੇ ਅਜਿਹੇ ਸਮੇਂ ਵਿੱਚ, ਭਾਰਤ ਦੀ ਪਹਿਲ ਹੈ - ਮਨੁੱਖਤਾ ਲਈ ਤਕਨਾਲੋਜੀ, ਮਨੁੱਖ-ਕੇਂਦਰਿਤ ਇਨੋਵੇਸ਼ਨ।

ਸਾਥੀਓ,

ਇਹੀ ਮੰਤਰ ਸਾਡੇ ਡਿਜੀਟਲ ਇਨਕਲਾਬ ਦਾ ਕੇਂਦਰ ਰਿਹਾ ਹੈ। ਇਹੀ ਭਾਰਤ ਦੇ 'ਡਿਜੀਟਲ ਪਬਲਿਕ ਇਨਫਰਾਸਟਰਕਚਰ' ਦਾ ਵੀ ਸਾਰ ਰਿਹਾ ਹੈ। ਸਾਡੇ ਏਆਈ ਵਿਜ਼ਨ ਦਾ ਵੀ ਮੂਲ ਤੱਤ ਹੈ - ਸਾਰਿਆਂ ਲਈ ਏਆਈ (AI for All) - ਸਾਰਿਆਂ ਦੇ ਭਲੇ ਅਤੇ ਸਾਰਿਆਂ ਦੇ ਸੁੱਖ ਲਈ। ਦਿੱਲੀ ਵਿੱਚ ਕਰਵਾਏ 'ਏਆਈ ਇਮਪੈਕਟ ਸਮਿਟ' ਦਾ ਥੀਮ ਵੀ ਇਹੀ ਸੀ।

ਸਾਥੀਓ,

ਭਾਰਤ ਨੇ ਦਿਖਾਇਆ ਹੈ ਕਿ ਇਨੋਵੇਸ਼ਨ ਅਤੇ ਇਨਕਲੂਜ਼ਨ (ਸਾਰਿਆਂ ਨੂੰ ਨਾਲ ਲੈ ਕੇ ਚੱਲਣਾ) ਇੱਕ ਦੂਜੇ ਦੇ ਵਿਰੋਧੀ ਨਹੀਂ ਹਨ, ਸਗੋਂ ਪੂਰਕ ਹਨ। ਇਸ ਦਾ ਮਤਲਬ ਹੈ ਕਿ ਕਿਸੇ ਵੀ ਇਨੋਵੇਸ਼ਨ ਦੀ ਮਹਾਨਤਾ ਸਿਰਫ਼ ਉਸਦੀ ਵਿੱਤੀ ਕੀਮਤ (ਵੈਲਿਊਏਸ਼ਨ) ਵਿੱਚ ਨਹੀਂ ਹੁੰਦੀ, ਸਗੋਂ ਉਸ ਦੀ ਮਹਾਨਤਾ ਉਸ ਦੇ ਮਨੁੱਖੀ ਪ੍ਰਭਾਵ ਵਿੱਚ ਹੁੰਦੀ ਹੈ।

ਇਹੀ 'ਭਾਰਤ ਇਨੋਵੇਟਸ' ਦੀ ਭਾਵਨਾ ਹੈ। ਇਹੀ ਭਾਰਤ ਦਾ ਨਜ਼ਰੀਆ ਹੈ। ਇੱਥੇ ਮੌਜੂਦ ਸਟਾਰਟਅੱਪ ਜਗਤ ਦੇ ਨਾਲ-ਨਾਲ, ਤੁਹਾਡੇ ਸਾਰੇ ਸਾਥੀਆਂ ਲਈ ਵੀ ਇਹ ਓਨੀ ਹੀ ਵੱਡੀ ਪ੍ਰੇਰਨਾ ਹੈ।

ਦੋਸਤੋ,

ਇਨੋਵੇਸ਼ਨ ਭਾਰਤ ਦੇ ਡੀਐੱਨਏ ਵਿੱਚ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤ ਨੇ ਆਪਣੇ ਗਿਆਨ ਅਤੇ ਇਨੋਵੇਸ਼ਨ ਨਾਲ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ ਹੈ। ਗਣਿਤ ਤੋਂ ਲੈ ਕੇ ਖਗੋਲ ਵਿਗਿਆਨ ਤੱਕ, ਡਾਕਟਰੀ ਵਿਗਿਆਨ ਤੋਂ ਲੈ ਕੇ ਯੋਗ ਤੱਕ, ਭਾਰਤ ਦਾ ਯੋਗਦਾਨ ਸਮੁੱਚੀ ਮਨੁੱਖਤਾ ਦੀ ਤਰੱਕੀ ਦਾ ਆਧਾਰ ਰਿਹਾ ਹੈ। ਅੱਜ ਅਸੀਂ ਇਸੇ ਵਿਰਾਸਤ ਨੂੰ ਨਵੀਂ ਗਤੀ ਅਤੇ ਨਵੀਂ ਦਿਸ਼ਾ ਦਿੱਤੀ ਹੈ।

ਸਾਥੀਓ,

ਪਿਛਲੇ 11-12 ਸਾਲਾਂ ਵਿੱਚ, ਭਾਰਤ ਨੇ ਇਨੋਵੇਸ਼ਨ ਲਈ ਇੱਕ ਮਜ਼ਬੂਤ ਈਕੋਸਿਸਟਮ ਤਿਆਰ ਕੀਤਾ ਹੈ। ਪੇਟੈਂਟ ਫਾਈਲਿੰਗ ਤੋਂ ਲੈ ਕੇ ਇਨਕਿਊਬੇਸ਼ਨ ਨੈੱਟਵਰਕ ਤੱਕ, ਸਟਾਰਟਅੱਪ ਇੰਡੀਆ ਤੋਂ ਲੈ ਕੇ ਪਾਲਿਸੀ ਸਪੋਰਟ ਤੱਕ, ਇਹ ਪੂਰਾ ਸਫ਼ਰ ਇੱਕ 'ਮਿਸ਼ਨ ਮੋਡ' ਵਿੱਚ ਅੱਗੇ ਵਧਿਆ ਹੈ।

ਅੱਜ ਭਾਰਤ, ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਪਰ ਸਾਡੀ ਸੋਚ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਅਸੀਂ ਇਨੋਵੇਸ਼ਨ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ।

ਸਕੂਲਾਂ ਵਿੱਚ 'ਅਟਲ ਟਿੰਕਰਿੰਗ ਲੈਬਜ਼' ਬਣਾਈਆਂ ਗਈਆਂ ਹਨ, ਨੌਜਵਾਨਾਂ ਨੂੰ ਹੈਕਾਥੌਨਜ਼ ਅਤੇ ਇਨੋਵੇਸ਼ਨ ਚੁਣੌਤੀਆਂ ਨਾਲ ਜੋੜਿਆ ਜਾ ਰਿਹਾ ਹੈ, ਪੂਰੇ ਦੇਸ਼ ਵਿੱਚ ਇਨਕਿਊਬੇਟਰਾਂ ਅਤੇ ਖੋਜ ਸੰਸਥਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਖ਼ਾਸ ਕਰਕੇ ਮਹਿਲਾ ਇਨੋਵੇਟਰਾਂ ਨੂੰ ਅਸੀਂ ਢੇਰ ਸਾਰੀ ਨਵੀਂ ਤਕਨਾਲੋਜੀ ਨਾਲ ਜੋੜ ਰਹੇ ਹਾਂ।

ਇਨ੍ਹਾਂ ਸਭ ਕਾਰਨਾਂ ਕਰਕੇ, ਭਾਰਤ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ। ਅੱਜ 'ਡਰੋਨ ਦੀਦੀ' ਤੋਂ ਲੈ ਕੇ, ਸਟਾਰਟਅੱਪਸ ਦੀਆਂ ਫਾਊਂਡਰ ਬਣਨ ਤੱਕ ਸਾਡੀ 'ਵੂਮੈਨ ਪਾਵਰ' (ਮਹਿਲਾ ਸ਼ਕਤੀ) ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਰਹੀ ਹੈ।

ਸਾਥੀਓ,

ਨੌਜਵਾਨਾਂ ਦੀ ਇਸੇ ਊਰਜਾ ਨੂੰ ਹੋਰ ਅੱਗੇ ਵਧਾਉਣ ਲਈ, ਭਾਰਤ ਦੇ ਰੱਖਿਆ ਖੇਤਰ ਨੂੰ ਵੀ ਇਨੋਵੇਸ਼ਨ ਲਈ ਖੋਲ੍ਹਿਆ ਗਿਆ ਹੈ। ਅੱਜ ਡਿਫੈਂਸ ਅਤੇ ਸਪੇਸ (ਪੁਲਾੜ) ਨਾਲ ਜੁੜੇ ਸੈਂਕੜੇ ਸਟਾਰਟਅੱਪਸ ਭਾਰਤ ਵਿੱਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ।

ਅਤੇ ਹਾਲ ਹੀ ਵਿੱਚ, ਭਾਰਤ ਨੇ ਪ੍ਰਮਾਣੂ ਊਰਜਾ ਖੇਤਰ ਵਿੱਚ ਵੀ ਮਹੱਤਵਪੂਰਨ ਸੁਧਾਰ ਕੀਤੇ ਹਨ। ਇਸ ਨਾਲ ਸਵੱਛ ਊਰਜਾ, ਐਡਵਾਂਸਡ ਰਿਐਕਟਰਜ਼ ਅਤੇ ਫਰੰਟੀਅਰ ਰਿਸਰਚ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋਣ ਜਾ ਰਹੀਆਂ ਹਨ।

ਸੁਧਾਰਾਂ ਦੀ ਇਹ ਐਕਸਪ੍ਰੈਸ, ਰੁਕੇਗੀ ਨਹੀਂ, ਲਗਾਤਾਰ ਚਲਦੀ ਰਹੇਗੀ। ਅਤੇ ਭਾਰਤ ਵਿੱਚੋਂ ਨਿਕਲਣ ਵਾਲੇ ਸਟਾਰਟਅੱਪਸ ਦੀ ਗਿਣਤੀ ਵੀ ਕਈ ਗੁਣਾ ਵਧਦੀ ਰਹੇਗੀ।

ਦੋਸਤੋ,

ਇੱਕ ਦਹਾਕਾ ਪਹਿਲਾਂ ਤੱਕ, ਦੁਨੀਆ ਭਾਰਤ ਨੂੰ ਤਕਨਾਲੋਜੀ ਅਪਣਾਉਣ ਵਾਲੇ ਦੇ ਰੂਪ ਵਿੱਚ ਦੇਖਦੀ ਸੀ। ਅੱਜ ਭਾਰਤ, ਤਕਨਾਲੋਜੀ ਪ੍ਰਦਾਨ ਕਰਨ ਵਾਲੇ ਦੇ ਰੂਪ ਵਿੱਚ ਉੱਭਰ ਰਿਹਾ ਹੈ। ਅਤੇ ਭਾਰਤ, ਜੋ ਵੀ ਨਵੀਂ ਖੋਜ ਕਰਦਾ ਹੈ, ਜੋ ਵੀ ਹੱਲ ਦਿੰਦਾ ਹੈ, ਉਸਦਾ ਫਾਇਦਾ ਮਨੁੱਖਤਾ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਮਿਲਦਾ ਹੈ। 'ਭਾਰਤ ਇਨੋਵੇਟਸ' ਦਾ ਵੀ ਇਹੀ ਟੀਚਾ ਹੈ।

ਭਾਰਤ ਇਨੋਵੇਟਸ ਆਲਮੀ ਇਨੋਵੇਸ਼ਨ ਦੇ ਅਗਲੇ ਅਧਿਆਏ ਨੂੰ ਭਾਰਤ ਦੇ ਨਾਲ ਮਿਲ ਕੇ ਸਿਰਜਣ ਲਈ ਦੁਨੀਆ ਨੂੰ ਇੱਕ ਸੱਦਾ ਹੈ।

ਮੈਂ ਅਗਲੇ ਤਿੰਨ ਦਿਨਾਂ ਵਿੱਚ ਤੁਹਾਡੇ ਸੈਸ਼ਨਾਂ ਅਤੇ ਵਿਚਾਰ-ਵਟਾਂਦਰਿਆਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਸੀਂ ਭਾਈਵਾਲੀ ਚਾਹੁੰਦੇ ਹਾਂ। ਅਸੀਂ ਸਾਂਝਾ ਵਿਕਾਸ ਚਾਹੁੰਦੇ ਹਾਂ। ਅਸੀਂ ਸਾਂਝੀ ਖੋਜ ਚਾਹੁੰਦੇ ਹਾਂ। ਅਸੀਂ ਸਾਂਝੀ ਮੈਨੂਫੈਕਚਰਿੰਗ ਚਾਹੁੰਦੇ ਹਾਂ। ਅਤੇ ਅਸੀਂ ਲੰਬੇ ਸਮੇਂ ਦਾ ਸਹਿਯੋਗ ਚਾਹੁੰਦੇ ਹਾਂ।

ਮੈਂ ਅੱਜ ਇੱਥੇ ਮੌਜੂਦ ਹਰ ਨਿਵੇਸ਼ਕ, ਹਰ ਯੂਨੀਵਰਸਿਟੀ, ਹਰ ਖੋਜ ਸੰਸਥਾ, ਅਤੇ ਹਰ ਉੱਦਮੀ ਨੂੰ ਬਹੁਤ ਜ਼ੋਰ ਦੇ ਕੇ ਸੱਦਾ ਦਿੰਦਾ ਹਾਂ। ਤੁਸੀਂ ਭਾਰਤ ਆਓ। ਸਾਡੇ ਨਾਲ ਮਿਲ ਕੇ ਕੰਮ ਕਰੋ। ਭਾਰਤ ਵਿੱਚ ਡਿਜਾਈਨ ਕਰੋ। ਭਾਰਤ ਵਿੱਚ ਵਿਕਸਿਤ ਕਰੋ। ਅਤੇ ਦੁਨੀਆ ਲਈ ਹੱਲ ਤਿਆਰ ਕਰੋ।

ਤੁਹਾਡਾ ਬਹੁਤ-ਬਹੁਤ ਧੰਨਵਾਦ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Can we have a picture? BRICS delegates gather around PM Modi for candid photo op

Media Coverage

Can we have a picture? BRICS delegates gather around PM Modi for candid photo op
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 12 ਸਤੰਬਰ 2026
September 12, 2026

President Putin, Partners, and a Photograph: How PM Modi Turned BRICS Into India’s Showcase

16 Crore Domestic Flyers. ₹22 Lakh Crore Tourism. The Holiday Stayed Home.