ਪ੍ਰਧਾਨ ਮੰਤਰੀ ਰਾਜ ਸਭਾ ਵਿੱਚ ਸੰਵਿਧਾਨ (ਇੱਕ ਸੌ ਅਠਾਈਵੀਂ ਸੋਧ) ਬਿਲ, 2023 'ਤੇ ਬਹਿਸ ਦੀ ਸਮਾਪਤੀ ਕਰਨ ਲਈ ਉਠੇ ਅਤੇ ਟਿੱਪਣੀ ਕੀਤੀ ਕਿ ਪਿਛਲੇ ਦੋ ਦਿਨਾਂ ਤੋਂ ਦੋਵਾਂ ਸਦਨਾਂ ਵਿੱਚ ਸਾਰਥਕ ਵਿਚਾਰ-ਵਟਾਂਦਰੇ ਅਤੇ ਬਹਿਸਾਂ ਚੱਲ ਰਹੀਆਂ ਹਨ ਜਿੱਥੇ ਲਗਭਗ 132 ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਵਿਚਾਰ-ਵਟਾਂਦਰੇ ਵਿੱਚ ਹਰੇਕ ਸ਼ਬਦ ਦਾ ਆਪਣਾ ਮਹੱਤਵ ਅਤੇ ਅਰਥ ਹੈ”, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰਥਕ ਚਰਚਾ ਦੇਸ਼ ਦੀ ਆਉਣ ਵਾਲੀ ਸੰਸਦੀ ਯਾਤਰਾ ਵਿੱਚ ਬਹੁਤ ਲਾਭਦਾਇਕ ਹੋਵੇਗੀ।
ਬਿਲ ਲਈ ਸਦਨ ਦੇ ਮੈਂਬਰਾਂ ਵੱਲੋਂ ਦਿੱਤੇ ਸਮਰਥਨ ਨੂੰ ਦੁਹਰਾਉਂਦਿਆਂ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ ਅਤੇ ਕਿਹਾ, “ਇਹ ਭਾਵਨਾ ਦੇਸ਼ ਦੇ ਲੋਕਾਂ ਵਿੱਚ ਇੱਕ ਨਵਾਂ ਆਤਮ-ਵਿਸ਼ਵਾਸ ਜਗਾਏਗੀ, ਅਤੇ ਸਾਰੇ ਮੈਂਬਰਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਬਿਲ ਪਾਸ ਹੋਣ ਨਾਲ ਨਾਰੀ ਸ਼ਕਤੀ ਨੂੰ ਵਿਸ਼ੇਸ਼ ਸਨਮਾਨ ਮਿਲ ਰਿਹਾ ਹੈ, ਬਲਕਿ ਇਸ ਬਿਲ ਪ੍ਰਤੀ ਸਾਰੀਆਂ ਸਿਆਸੀ ਪਾਰਟੀਆਂ ਦੀ ਉਸਾਰੂ ਸੋਚ ਸਦਕਾ ਸਾਡੇ ਦੇਸ਼ ਦੀ ਨਾਰੀ ਸ਼ਕਤੀ ਨੂੰ ਨਵੀਂ ਊਰਜਾ ਮਿਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬਿਲ ਭਾਰਤ ਦੇ ਉੱਜਵਲ ਭਵਿੱਖ ਦੀ ਗਰੰਟੀ ਬਣੇਗਾ ਕਿਉਂਕਿ ਇਹ ਲੀਡਰਸ਼ਿਪ ਨਾਲ ਅੱਗੇ ਵਧੇਗਾ ਅਤੇ ਨਵੇਂ ਆਤਮ ਵਿਸ਼ਵਾਸ ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਵੇਗਾ।
ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਵਿਚਾਰ-ਵਟਾਂਦਰੇ ਦੌਰਾਨ ਪ੍ਰਗਟਾਈਆਂ ਭਾਵਨਾਵਾਂ ਲਈ ਆਭਾਰ ਵਿਅਕਤ ਕੀਤਾ ਅਤੇ ਉੱਚ ਸਦਨ ਨੂੰ ਸਰਬਸੰਮਤੀ ਨਾਲ ਬਿਲ ਪਾਸ ਕਰਨ ਦੀ ਤਾਕੀਦ ਕੀਤੀ।


