ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 25 ਨਵੰਬਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਸ਼ਾਮ ਨੂੰ ਲਗਭਗ 4:00 ਵਜੇ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸੰਖ ਦੇ ਸਨਮਾਨ ਵਿੱਚ ਬਣਾਏ ਗਏ ਨਵੇਂ 'ਪਾਂਚਜਨਯ' ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਮਹਾਭਾਰਤ ਅਨੁਭਵ ਕੇਂਦਰ ਜਾਣਗੇ, ਜੋ ਕਿ ਅਨੋਖਾ ਤਜਰਬਾ ਦੇਣ ਵਾਲਾ ਕੇਂਦਰ ਹੈ, ਜਿੱਥੇ ਮਹਾਭਾਰਤ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ ਹੈ, ਜੋ ਇਸ ਦੀ ਸਦੀਵੀ ਸਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ।
ਪ੍ਰਧਾਨ ਮੰਤਰੀ ਸ਼ਾਮ ਨੂੰ ਲਗਭਗ 4:30 ਵਜੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣਗੇ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਨਮਾਨ ਵਜੋਂ ਭਾਰਤ ਸਰਕਾਰ ਪੂਰਾ ਸਾਲ ਚੱਲਣ ਵਾਲੇ ਸਮਾਗਮ ਕਰਵਾ ਰਹੀ ਹੈ।
ਬਾਅਦ ਵਿੱਚ ਸ਼ਾਮ ਲਗਭਗ 5:45 ਵਜੇ ਪ੍ਰਧਾਨ ਮੰਤਰੀ ਬ੍ਰਹਮ ਸਰੋਵਰ ਵਿਖੇ ਦਰਸ਼ਨ ਅਤੇ ਪੂਜਾ ਕਰਨਗੇ। ਇਹ ਭਾਰਤ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਸਬੰਧ ਸ੍ਰੀਮਦ ਭਗਵਦ ਗੀਤਾ ਦੇ ਇਲਾਹੀ ਗਿਆਨ ਨਾਲ ਹੈ। ਇਹ ਦੌਰਾ ਚੱਲ ਰਹੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਹੋ ਰਿਹਾ ਹੈ, ਜੋ ਇਸ ਵੇਲੇ ਕੁਰੂਕਸ਼ੇਤਰ ਵਿੱਚ 15 ਨਵੰਬਰ ਤੋਂ 5 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ।


