ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਸਤੰਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਸ਼ੁਰੂ ਕਰਨਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਬਿਹਾਰ ਦੀਆਂ 75 ਲੱਖ ਮਹਿਲਾਵਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੇ 10-10 ਹਜ਼ਾਰ ਰੁਪਏ, ਯਾਨੀ ਕੁੱਲ 7,500 ਕਰੋੜ ਰੁਪਏ ਟ੍ਰਾਸਫ਼ਰ ਕਰਨਗੇ।
ਬਿਹਾਰ ਸਰਕਾਰ ਦੀ ਇਸ ਯੋਜਨਾ ਦਾ ਮੰਤਵ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਸਵੈ-ਰੁਜ਼ਗਾਰ ਤੇ ਜੀਵਿਕਾ ਦੇ ਮੌਕਿਆਂ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣਾ ਹੈ। ਇਹ ਯੋਜਨਾ ਸੂਬੇ ਦੇ ਹਰ ਪਰਿਵਾਰ ਦੀ ਇੱਕ ਮਹਿਲਾ ਨੂੰ ਵਿੱਤੀ ਸਹਾਇਤਾ ਦੇਵੇਗੀ ਤਾਂ ਜੋ ਉਹ ਆਪਣੀ ਪਸੰਦ ਦਾ ਰੁਜ਼ਗਾਰ ਜਾਂ ਜੀਵਿਕਾ ਦੀਆਂ ਗਤੀਵਿਧੀਆਂ ਸ਼ੁਰੂ ਕਰ ਸਕਣ। ਇਸ ਨਾਲ ਆਰਥਿਕ ਸੁਤੰਤਰਤਾ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਹੁਲਾਰਾ ਮਿਲੇਗਾ।
ਇਸ ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਸਿੱਧੇ ਲਾਭ ਟ੍ਰਾਂਸਫ਼ਰ ਰਾਹੀਂ 10,000 ਰੁਪਏ ਦੀ ਸ਼ੁਰੂਆਤੀ ਗ੍ਰਾਂਟ ਮਿਲੇਗੀ ਅਤੇ ਬਾਅਦ ਦੇ ਪੜਾਵਾਂ ਵਿੱਚ 2 ਲੱਖ ਰੁਪਏ ਤੱਕ ਦੀ ਵਾਧੂ ਵਿੱਤੀ ਸਹਾਇਤਾ ਦੀ ਸੰਭਾਵਨਾ ਹੈ। ਇਸ ਸਹਾਇਤਾ ਰਾਸ਼ੀ ਦੀ ਵਰਤੋਂ ਲਾਭਪਾਤਰੀ ਆਪਣੀ ਪਸੰਦ ਦੇ ਖੇਤਰਾਂ ਵਿੱਚ ਕਰ ਸਕਦੇ ਹਨ, ਜਿਨ੍ਹਾਂ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਦਸਤਕਾਰੀ, ਸਿਲਾਈ-ਬੁਣਾਈ ਅਤੇ ਹੋਰ ਛੋਟੇ ਪੱਧਰ ਦੇ ਉੱਦਮ ਸ਼ਾਮਲ ਹਨ।
ਇਹ ਯੋਜਨਾ ਭਾਈਚਾਰਕ ਪੱਧਰ ’ਤੇ ਚਲਾਈ ਜਾਵੇਗੀ ਅਤੇ ਇਸ ਵਿੱਚ ਵਿੱਤੀ ਸਹਾਇਤਾ ਦੇ ਨਾਲ-ਨਾਲ, ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੇ ਭਾਈਚਾਰਕ ਸਰੋਤ ਵਿਅਕਤੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਲਈ ਸਿਖਲਾਈ ਵੀ ਦੇਣਗੇ। ਉਨ੍ਹਾਂ ਦੀ ਉਪਜ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ‘ਗ੍ਰਾਮੀਨ ਹਾਟ-ਬਾਜ਼ਾਰਾਂ’ ਦਾ ਹੋਰ ਵਿਕਾਸ ਕੀਤਾ ਜਾਵੇਗਾ।
ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਮੌਕੇ ਸੂਬੇ ਵਿੱਚ ਜ਼ਿਲ੍ਹਾ, ਬਲਾਕ, ਕਲੱਸਟਰ ਅਤੇ ਪਿੰਡ ਵਰਗੇ ਕਈ ਪ੍ਰਸ਼ਾਸਨਿਕ ਪੱਧਰਾਂ ’ਤੇ ਇੱਕ ਰਾਜ ਪੱਧਰੀ ਪ੍ਰੋਗਰਾਮ ਹੋਵੇਗਾ। ਇੱਕ ਕਰੋੜ ਤੋ ਵੱਧ ਮਹਿਲਾਵਾਂ ਇਸ ਪ੍ਰੋਗਰਾਮ ਦੀਆਂ ਗਵਾਹ ਬਣਨਗੀਆਂ।


