ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਜੁਲਾਈ, 2025 ਨੂੰ ਸਵੇਰੇ ਲਗਭਗ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ 51,000 ਤੋਂ ਅਧਿਕ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਸ ਅਵਸਰ ‘ਤੇ ਉਹ ਨਿਯੁਕਤ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਰੋਜ਼ਗਾਰ ਮੇਲਾ (Rozgar Mela), ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਪਹਿਲ ਹੈ। ਰੋਜ਼ਗਾਰ ਮੇਲਾ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਰਾਸ਼ਟਰੀ ਨਿਰਮਾਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਦੇਸ਼ ਭਰ ਵਿੱਚ ਰੋਜ਼ਗਾਰ ਮੇਲਿਆਂ (Rozgar Melas) ਦੇ ਜ਼ਰੀਏ ਹੁਣ ਤੱਕ 10 ਲੱਖ ਤੋਂ ਅਧਿਕ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।
ਸੋਲ੍ਹਵਾਂ(16ਵਾਂ) ਰੋਜ਼ਗਾਰ ਮੇਲਾ ਦੇਸ਼ ਭਰ ਦੇ 47 ਸਥਲਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਹੋ ਰਹੀਆਂ ਹਨ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਕਰਮਚਾਰੀ ਰੇਲ ਮੰਤਰਾਲੇ, ਗ੍ਰਹਿ ਮੰਤਰਾਲੇ, ਡਾਕ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਵਿੱਤੀ ਸੇਵਾ ਵਿਭਾਗ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਸਹਿਤ ਹੋਰ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਸ਼ਾਮਲ ਹੋਣਗੇ।


