ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਪੁਲਾੜ ਖੇਤਰ ਵਿੱਚ ਇੱਕ ਬੇਮਿਸਾਲ ਮੌਕੇ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਨਿੱਜੀ ਖੇਤਰ ਦੀ ਵਧਦੀ ਪ੍ਰਸਿੱਧੀ ਦੇ ਨਾਲ ਭਾਰਤ ਦਾ ਪੁਲਾੜ ਈਕੋਸਿਸਟਮ ਇੱਕ ਵੱਡੀ ਛਲਾਂਗ ਮਾਰ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਈਰੂਟ ਇਨਫਿਨਿਟੀ ਕੈਂਪਸ ਭਾਰਤ ਦੀ ਨਵੀਂ ਸੋਚ, ਨਵੀਨਤਾ ਅਤੇ ਯੁਵਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਨਵੀਨਤਾ, ਜੋਖ਼ਮ ਲੈਣ ਅਤੇ ਉੱਦਮਤਾ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਭਾਰਤ ਭਵਿੱਖ ਵਿੱਚ ਗਲੋਬਲ ਸੈਟੇਲਾਈਟ ਲਾਂਚ ਵਾਤਾਵਰਣ ਪ੍ਰਣਾਲੀ ਵਿੱਚ ਕਿਵੇਂ ਇੱਕ ਮੋਹਰੀ ਵਜੋਂ ਉਭਰੇਗਾ। ਉਨ੍ਹਾਂ ਨੇ ਸ਼੍ਰੀ ਪਵਨ ਕੁਮਾਰ ਚੰਦਨਾ ਅਤੇ ਸ਼੍ਰੀ ਨਾਗਾ ਭਰਤ ਡਾਕਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਨੌਜਵਾਨ ਉੱਦਮੀ ਦੇਸ਼ ਭਰ ਦੇ ਅਣਗਿਣਤ ਨੌਜਵਾਨ ਪੁਲਾੜ ਉੱਦਮੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਨੂੰ ਖ਼ੁਦ ‘ਤੇ ਭਰੋਸਾ ਸੀ, ਜੋਖ਼ਮ ਲੈਣ ਤੋਂ ਨਹੀਂ ਝਿਜਕਦੇ ਨਹੀਂ ਸਨ ਅਤੇ ਨਤੀਜੇ ਵਜੋਂ ਅੱਜ ਪੂਰਾ ਦੇਸ਼ ਉਨ੍ਹਾਂ ਦੀ ਸਫਲਤਾ ਦੇਖ ਰਿਹਾ ਹੈ ਅਤੇ ਦੇਸ਼ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਸ਼੍ਰੀ ਮੋਦੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਦੀ ਪੁਲਾੜ ਯਾਤਰਾ ਸੀਮਤ ਸਰੋਤਾਂ ਨਾਲ ਸ਼ੁਰੂ ਹੋਈ ਸੀ, ਪਰ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੇਸ਼ ਦੀਆਂ ਇੱਛਾਵਾਂ ਕਦੇ ਵੀ ਸੀਮਤ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਸਾਈਕਲਾਂ 'ਤੇ ਰੌਕੇਟ ਦੇ ਪੁਰਜ਼ੇ ਲਿਜਾਣ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਭਰੋਸੇਮੰਦ ਲਾਂਚ ਵਾਹਨ ਨੂੰ ਵਿਕਸਿਤ ਕਰਨ ਤੱਕ, ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਸੁਪਨੇ ਸਰੋਤਾਂ ਨਾਲ ਨਹੀਂ, ਸਗੋਂ ਦ੍ਰਿੜ੍ਹਤਾ ਨਾਲ ਨਿਰਧਾਰਤ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਦਹਾਕਿਆਂ ਤੋਂ, ਇਸਰੋ ਨੇ ਭਾਰਤ ਦੀ ਪੁਲਾੜ ਯਾਤਰਾ ਨੂੰ ਨਵੇਂ ਖੰਭ ਦਿੱਤੇ ਹਨ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਰੋਸੇਯੋਗਤਾ, ਸਮਰੱਥਾ ਅਤੇ ਕਦਰਾਂ-ਕੀਮਤਾਂ ਨੇ ਇਸ ਖੇਤਰ ਵਿੱਚ ਭਾਰਤ ਦੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ।

ਬਦਲਦੇ ਸਮੇਂ ਦੀ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪੁਲਾੜ ਖੇਤਰ ਦਾ ਵਿਸਥਾਰ ਸਪਸ਼ਟ ਹੈ, ਕਿਉਂਕਿ ਇਹ ਸੰਚਾਰ, ਖੇਤੀਬਾੜੀ, ਸਮੁੰਦਰੀ ਨਿਗਰਾਨੀ, ਸ਼ਹਿਰੀ ਯੋਜਨਾਬੰਦੀ, ਮੌਸਮ ਦੀ ਭਵਿੱਖਬਾਣੀ ਅਤੇ ਰਾਸ਼ਟਰੀ ਸੁਰੱਖਿਆ ਦੀ ਨੀਂਹ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਭਾਰਤ ਦੇ ਪੁਲਾੜ ਖੇਤਰ ਵਿੱਚ ਇਤਿਹਾਸਕ ਸੁਧਾਰ ਕੀਤੇ ਗਏ ਹਨ, ਸਰਕਾਰ ਨੇ ਇਸ ਨੂੰ ਨਿੱਜੀ ਨਵੀਨਤਾ ਲਈ ਖੋਲ੍ਹਿਆ ਹੈ ਅਤੇ ਇੱਕ ਨਵੀਂ ਪੁਲਾੜ ਨੀਤੀ ਤਿਆਰ ਕੀਤੀ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸਟਾਰਟਅੱਪਸ ਅਤੇ ਉਦਯੋਗਾਂ ਨੂੰ ਨਵੀਨਤਾ ਨਾਲ ਜੋੜਨ ਦੇ ਯਤਨ ਕੀਤੇ ਗਏ ਹਨ, ਅਤੇ ਸਟਾਰਟਅੱਪਸ ਨੂੰ ਇਸਰੋ ਸਹੂਲਤਾਂ ਅਤੇ ਤਕਨਾਲੋਜੀ ਪ੍ਰਦਾਨ ਕਰਨ ਲਈ ਇਨ-ਸਪੇਸ ਦੀ ਸਥਾਪਨਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ, "ਪਿਛਲੇ ਛੇ-ਸੱਤ ਸਾਲਾਂ ਵਿੱਚ, ਭਾਰਤ ਨੇ ਆਪਣੇ ਪੁਲਾੜ ਖੇਤਰ ਨੂੰ ਇੱਕ ਖੁੱਲ੍ਹੇ, ਸਹਿਯੋਗੀ ਅਤੇ ਨਵੀਨਤਾ-ਸੰਚਾਲਿਤ ਵਾਤਾਵਰਣ ਪ੍ਰਣਾਲੀ ਵਿੱਚ ਬਦਲ ਦਿੱਤਾ ਹੈ।" ਉਨ੍ਹਾਂ ਨੇ ਕਿਹਾ ਕਿ ਅੱਜ ਦਾ ਸਮਾਗਮ ਇਸ ਪਰਿਵਰਤਨ ਦਾ ਪ੍ਰਤੀਬਿੰਬ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਨੌਜਵਾਨ ਹਮੇਸ਼ਾ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦਿੰਦੇ ਹਨ ਅਤੇ ਹਰ ਮੌਕੇ ਦੀ ਸਭ ਤੋਂ ਵਧੀਆ ਵਰਤੋਂ ਕਰਦੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਪੁਲਾੜ ਖੇਤਰ ਖੋਲ੍ਹਿਆ ਤਾਂ ਦੇਸ਼ ਦੇ ਨੌਜਵਾਨ ਖ਼ਾਸ ਕਰਕੇ gen z ਪੀੜ੍ਹੀ, ਇਸ ਦਾ ਪੂਰਾ ਲਾਭ ਲੈਣ ਲਈ ਅੱਗੇ ਆਈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ 300 ਤੋਂ ਵੱਧ ਪੁਲਾੜ ਸਟਾਰਟਅੱਪ ਭਾਰਤ ਦੇ ਪੁਲਾੜ ਭਵਿੱਖ ਨੂੰ ਨਵੀਆਂ ਉਮੀਦਾਂ ਦੇ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਟਾਰਟਅੱਪ ਛੋਟੀਆਂ ਟੀਮਾਂ ਕਦੇ ਦੋ ਲੋਕ, ਕਦੇ ਪੰਜ ਲੋਕ, ਕਦੇ ਇੱਕ ਛੋਟੇ ਕਿਰਾਏ ਦੇ ਕਮਰੇ ਵਿੱਚ, ਸੀਮਤ ਸਰੋਤਾਂ ਨਾਲ, ਪਰ ਨਵੀਆਂ ਉਚਾਈਆਂ 'ਤੇ ਪਹੁੰਚਣ ਦੇ ਦ੍ਰਿੜ੍ਹ ਇਰਾਦੇ ਨਾਲ ਸ਼ੁਰੂ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿਹਾ, "ਇਸ ਭਾਵਨਾ ਨੇ ਭਾਰਤ ਵਿੱਚ ਨਿੱਜੀ ਪੁਲਾੜ ਕ੍ਰਾਂਤੀ ਨੂੰ ਜਨਮ ਦਿੱਤਾ ਹੈ।" ਉਨ੍ਹਾਂ ਨੇ ਕਿਹਾ ਕਿ gen z ਇੰਜੀਨੀਅਰ, ਡਿਜ਼ਾਈਨਰ, ਕੋਡਰ ਅਤੇ ਵਿਗਿਆਨੀ ਨਵੀਆਂ ਤਕਨਾਲੋਜੀਆਂ ਬਣਾ ਰਹੇ ਹਨ, ਭਾਵੇਂ ਉਹ ਪ੍ਰੋਪਲਸ਼ਨ ਸਿਸਟਮ, ਕੰਪੋਜ਼ਿਟ ਸਮਗਰੀ, ਰੌਕੇਟ ਸਟੇਜ, ਜਾਂ ਸੈਟੇਲਾਈਟ ਪਲੇਟਫ਼ਾਰਮ ਹੋਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਨੌਜਵਾਨ ਉਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਕੁਝ ਸਾਲ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਨਿੱਜੀ ਪੁਲਾੜ ਪ੍ਰਤਿਭਾ ਵਿਸ਼ਵ ਪੱਧਰ 'ਤੇ ਆਪਣੀ ਛਾਪ ਛੱਡ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ, ਭਾਰਤ ਦਾ ਸਪੇਸ ਸੈਕਟਰ ਗਲੋਬਲ ਨਿਵੇਸ਼ਕਾਂ ਲਈ ਇੱਕ ਆਕਰਸ਼ਕ ਮੰਜ਼ਿਲ ਬਣ ਰਿਹਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਦੁਨੀਆ ਭਰ ਵਿੱਚ ਛੋਟੇ ਸੈਟੇਲਾਈਟਾਂ ਦੀ ਮੰਗ ਵਧ ਰਹੀ ਹੈ ਅਤੇ ਲਾਂਚਾਂ ਦੀ ਗਿਣਤੀ ਵੀ ਵਧ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸੈਟੇਲਾਈਟ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਆਂ ਕੰਪਨੀਆਂ ਇਸ ਖੇਤਰ ਵਿੱਚ ਦਾਖਲ ਹੋ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਾੜ ਹੁਣ ਇੱਕ ਰਣਨੀਤਕ ਸੰਪਤੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵਿਸ਼ਵ ਪੁਲਾੜ ਅਰਥਵਿਵਸਥਾ ਤੇਜ਼ੀ ਨਾਲ ਵਧੇਗੀ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਨੌਜਵਾਨਾਂ ਲਈ ਇੱਕ ਬਹੁਤ ਮਹੱਤਵਪੂਰਨ ਮੌਕਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਕੋਲ ਪੁਲਾੜ ਖੇਤਰ ਵਿੱਚ ਉਹ ਸਮਰੱਥਾਵਾਂ ਹਨ ਜੋ ਦੁਨੀਆ ਦੇ ਕੁਝ ਦੇਸ਼ਾਂ ਕੋਲ ਹਨ। ਇਸ ਵਿੱਚ ਮਾਹਰ ਇੰਜੀਨੀਅਰਾਂ ਦੀ ਮੌਜੂਦਗੀ, ਇੱਕ ਉੱਚ-ਗੁਣਵੱਤਾ ਵਾਲਾ ਨਿਰਮਾਣ ਈਕੋਸਿਸਟਮ, ਵਿਸ਼ਵ ਪੱਧਰੀ ਲਾਂਚ ਸਾਈਟਾਂ, ਅਤੇ ਇੱਕ ਮਾਨਸਿਕਤਾ ਸ਼ਾਮਲ ਹੈ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦੀ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਪੁਲਾੜ ਸਮਰੱਥਾਵਾਂ ਕਿਫ਼ਾਇਤੀ ਅਤੇ ਭਰੋਸੇਮੰਦ ਦੋਵੇਂ ਹਨ, ਜਿਸ ਕਾਰਨ ਦੁਨੀਆ ਨੂੰ ਸਾਡੇ ਦੇਸ਼ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੰਪਨੀਆਂ ਭਾਰਤ ਵਿੱਚ ਸੈਟੇਲਾਈਟ ਬਣਾਉਣਾ, ਭਾਰਤ ਤੋਂ ਲਾਂਚ ਸੇਵਾਵਾਂ ਪ੍ਰਾਪਤ ਕਰਨਾ ਅਤੇ ਭਾਰਤ ਨਾਲ ਤਕਨੀਕੀ ਸਾਂਝੇਦਾਰੀ ਕਰਨਾ ਚਾਹੁੰਦੀਆਂ ਹਨ, ਇਸ ਲਈ ਸਾਡਾ ਧਿਆਨ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਉਣ 'ਤੇ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਭਾਰਤ ਵਿੱਚ ਹੋ ਰਹੀ ਇੱਕ ਵਿਸ਼ਾਲ ਸਟਾਰਟਅੱਪ ਕ੍ਰਾਂਤੀ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ, ਫਿਨਟੈੱਕ, ਐਗਰੀਟੈੱਕ, ਹੈਲਥਟੈੱਕ, ਕਲਾਈਮੇਟ ਟੈੱਕ, ਐਜੂਟੈੱਕ ਅਤੇ ਡਿਫੈਂਸਟੈੱਕ ਵਰਗੇ ਵਿਭਿੰਨ ਖੇਤਰਾਂ ਵਿੱਚ ਸਟਾਰਟਅੱਪ ਉਦਯੋਗਾਂ ਦੀ ਇੱਕ ਨਵੀਂ ਲਹਿਰ ਉਭਰ ਕੇ ਸਾਹਮਣੇ ਆਈ ਹੈ, ਜਿਸ ਵਿੱਚ ਭਾਰਤ ਦੇ ਨੌਜਵਾਨ, ਖ਼ਾਸ ਕਰਕੇ gen z ਪੀੜ੍ਹੀ, ਹਰ ਖੇਤਰ ਵਿੱਚ ਨਵੀਨਤਾਕਾਰੀ ਹੱਲ ਪ੍ਰਦਾਨ ਕਰ ਰਹੀ ਹੈ। ਭਾਰਤ ਦੀ gen z ਪੀੜ੍ਹੀ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਿਰਜਣਾਤਮਕਤਾ, ਸਕਾਰਾਤਮਕ ਮਾਨਸਿਕਤਾ ਅਤੇ ਸਮਰੱਥਾ-ਨਿਰਮਾਣ ਸਮਰੱਥਾਵਾਂ ਦੁਨੀਆ ਦੀ gen z ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੋ ਸਕਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਟਾਰਟਅੱਪ ਕੁਝ ਵੱਡੇ ਸ਼ਹਿਰਾਂ ਤੱਕ ਸੀਮਤ ਸਨ, ਅੱਜ ਉਹ ਛੋਟੇ ਕਸਬਿਆਂ ਅਤੇ ਪਿੰਡਾਂ ਤੋਂ ਵੀ ਉੱਭਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਹੁਣ 1.5 ਲੱਖ ਤੋਂ ਵੱਧ ਰਜਿਸਟਰਡ ਸਟਾਰਟਅੱਪ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਯੂਨੀਕੌਰਨ ਦਾ ਦਰਜਾ ਪ੍ਰਾਪਤ ਕੀਤਾ ਹੈ।
ਇਸ ਗੱਲ ਦੀ ਚਰਚਾ ਕਰਦੇ ਹੋਏ ਕਿ ਭਾਰਤ ਹੁਣ ਸਿਰਫ਼ ਐਪਸ ਅਤੇ ਸੇਵਾਵਾਂ ਤੱਕ ਸੀਮਤ ਨਹੀਂ ਹੈ ਅਤੇ ਤੇਜ਼ੀ ਨਾਲ ਡੂੰਘੀ-ਤਕਨੀਕੀ, ਨਿਰਮਾਣ ਅਤੇ ਹਾਰਡਵੇਅਰ ਨਵੀਨਤਾ ਵੱਲ ਵਧ ਰਿਹਾ ਹੈ, ਪ੍ਰਧਾਨ ਮੰਤਰੀ ਨੇ gen z ਪੀੜ੍ਹੀ ਦਾ ਧੰਨਵਾਦ ਕੀਤਾ। ਸੈਮੀਕੰਡਕਟਰ ਸੈਕਟਰ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਇਤਿਹਾਸਕ ਕਦਮ ਭਾਰਤ ਦੇ ਤਕਨੀਕੀ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਭਰ ਵਿੱਚ ਸੈਮੀਕੰਡਕਟਰ ਨਿਰਮਾਣ ਇਕਾਈਆਂ, ਚਿੱਪ ਨਿਰਮਾਣ ਅਤੇ ਡਿਜ਼ਾਈਨ ਹੱਬ ਵਿਕਸਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚਿਪਸ ਤੋਂ ਲੈ ਕੇ ਸਿਸਟਮ ਤੱਕ, ਭਾਰਤ ਇੱਕ ਮਜ਼ਬੂਤ ਇਲੈਕਟ੍ਰੌਨਿਕਸ ਵੈਲਿਊ ਲੜੀ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ਼ ਆਤਮ-ਨਿਰਭਰਤਾ ਦੇ ਸੰਕਲਪ ਦਾ ਹਿੱਸਾ ਹੈ, ਸਗੋਂ ਭਾਰਤ ਨੂੰ ਵਿਸ਼ਵ ਸਪਲਾਈ ਲੜੀ ਦਾ ਇੱਕ ਮਜ਼ਬੂਤ ਅਤੇ ਭਰੋਸੇਮੰਦ ਥੰਮ੍ਹ ਵੀ ਬਣਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਵੇਂ ਪੁਲਾੜ ਨਵੀਨਤਾ ਨੂੰ ਨਿੱਜੀ ਖੇਤਰ ਲਈ ਖੋਲ੍ਹਿਆ ਗਿਆ ਸੀ, ਉਸੇ ਤਰ੍ਹਾਂ ਭਾਰਤ ਹੁਣ ਪ੍ਰਮਾਣੂ ਖੇਤਰ ਨੂੰ ਵੀ ਖੋਲ੍ਹਣ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਨਿੱਜੀ ਖੇਤਰ ਲਈ ਇੱਕ ਮਜ਼ਬੂਤ ਭੂਮਿਕਾ ਯਕੀਨੀ ਬਣਾਈ ਜਾ ਰਹੀ ਹੈ, ਜਿਸ ਨਾਲ ਛੋਟੇ ਮੌਡਿਊਲਰ ਰਿਐਕਟਰਾਂ, ਉੱਨਤ ਰਿਐਕਟਰਾਂ ਅਤੇ ਪ੍ਰਮਾਣੂ ਨਵੀਨਤਾ ਦੇ ਖੇਤਰਾਂ ਵਿੱਚ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸੁਧਾਰ ਭਾਰਤ ਦੀ ਊਰਜਾ ਸੁਰੱਖਿਆ ਅਤੇ ਤਕਨੀਕੀ ਲੀਡਰਸ਼ਿਪ ਨੂੰ ਨਵੀਂ ਤਾਕਤ ਪ੍ਰਦਾਨ ਕਰਨਗੇ।
ਇਸ ਗੱਲ ਦੀ ਚਰਚਾ ਕਰਦੇ ਹੋਏ ਕਿ ਭਵਿੱਖ ਅੱਜ ਹੋ ਰਹੀਆਂ ਖੋਜਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਖੋਜ ਦੇ ਖੇਤਰ ਵਿੱਚ ਨੌਜਵਾਨਾਂ ਲਈ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ। ਅਤਿ-ਆਧੁਨਿਕ ਖੋਜਾਂ ਨੂੰ ਸਮਰਥਨ ਦੇਣ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ "ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ" ਪਹਿਲਕਦਮੀ ਨੇ ਸਾਰੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਰਸਾਲਿਆਂ ਤੱਕ ਪਹੁੰਚ ਨੂੰ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 1 ਲੱਖ ਕਰੋੜ ਰੁਪਏ ਦਾ ਖੋਜ, ਵਿਕਾਸ ਅਤੇ ਨਵੀਨਤਾ ਫ਼ੰਡ ਦੇਸ਼ ਭਰ ਦੇ ਨੌਜਵਾਨਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗਾ। ਸ੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਖੋਜ ਅਤੇ ਨਵੀਨਤਾ ਦੀ ਭਾਵਨਾ ਪੈਦਾ ਕਰਨ ਲਈ 10,000 ਤੋਂ ਵੱਧ ਅਟਲ ਟਿੰਕਰਿੰਗ ਲੈਬ ਪਹਿਲਾਂ ਹੀ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 50,000 ਨਵੀਆਂ ਲੈਬਾਂ ਸਥਾਪਤ ਕਰਨ ਲਈ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਭਾਰਤ ਵਿੱਚ ਨਵੀਆਂ ਕਾਢਾਂ ਦੀ ਨੀਂਹ ਰੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲਾ ਯੁੱਗ ਭਾਰਤ, ਇਸ ਦੇ ਨੌਜਵਾਨਾਂ ਅਤੇ ਇਸ ਦੀਆਂ ਨਵੀਨਤਾਵਾਂ ਦਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕੁਝ ਮਹੀਨੇ ਪਹਿਲਾਂ, ਪੁਲਾੜ ਦਿਵਸ 'ਤੇ, ਭਾਰਤ ਦੀਆਂ ਪੁਲਾੜ ਇੱਛਾਵਾਂ ਬਾਰੇ ਇੱਕ ਚਰਚਾ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਅਗਲੇ ਪੰਜ ਸਾਲਾਂ ਵਿੱਚ, ਭਾਰਤ ਆਪਣੀਆਂ ਲਾਂਚ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ ਅਤੇ ਪੁਲਾੜ ਖੇਤਰ ਵਿੱਚ ਪੰਜ ਨਵੇਂ ਯੂਨੀਕੋਰਨ ਸਥਾਪਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਕਾਈਰੂਟ ਟੀਮ ਦੀ ਪ੍ਰਗਤੀ ਇਹ ਯਕੀਨੀ ਬਣਾਉਂਦੀ ਹੈ ਕਿ ਭਾਰਤ ਆਪਣੇ ਹਰੇਕ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰੇਗਾ।

ਪ੍ਰਧਾਨ ਮੰਤਰੀ ਨੇ ਹਰ ਨੌਜਵਾਨ, ਹਰ ਸਟਾਰਟਅੱਪ, ਵਿਗਿਆਨੀ, ਇੰਜੀਨੀਅਰ ਅਤੇ ਉੱਦਮੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਪੂਰੀ ਸਕਾਈਰੂਟ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜੋ ਭਾਰਤ ਦੀ ਪੁਲਾੜ ਯਾਤਰਾ ਨੂੰ ਨਵੀਂ ਗਤੀ ਦੇ ਰਹੇ ਹਨ। ਅੰਤ ਵਿੱਚ, ਉਨ੍ਹਾਂ ਸਾਰਿਆਂ ਨੂੰ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦਾ ਸੱਦਾ ਦਿੱਤਾ, ਭਾਵੇਂ ਉਹ ਧਰਤੀ 'ਤੇ ਹੋਣ ਜਾਂ ਪੁਲਾੜ ਵਿੱਚ।
ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪੁਲਾੜ ਦੇ ਖੇਤਰ ਵਿੱਚ ਭਾਰਤ ਦਾ ਸਟਾਰਟਅੱਪ ਉਦਯੋਗ ਭਾਵ ਸਕਾਈਰੂਟ ਇਨਫਿਨਿਟੀ ਕੈਂਪਸ ਇੱਕ ਅਤਿ-ਆਧੁਨਿਕ ਕੇਂਦਰ ਹੈ ਜਿਸ ਵਿੱਚ ਲਗਭਗ 200,000 ਵਰਗ ਫੁੱਟ ਦਾ ਕਾਰਜ-ਖੇਤਰ ਹੈ ਅਤੇ ਇਹ ਮਲਟੀਪਲ ਲਾਂਚ ਵਾਹਨਾਂ ਦੇ ਡਿਜ਼ਾਈਨ, ਵਿਕਾਸ, ਏਕੀਕਰਨ ਅਤੇ ਟੈਸਟਿੰਗ ਲਈ ਪ੍ਰਤੀ ਮਹੀਨਾ ਇੱਕ ਔਰਬਿਟਲ ਰੌਕੇਟ ਤਿਆਰ ਕਰਨ ਦੇ ਸਮਰੱਥ ਹੈ।
ਸਕਾਈਰੂਟ ਭਾਰਤ ਦੀ ਪ੍ਰਮੁੱਖ ਨਿੱਜੀ ਪੁਲਾੜ ਕੰਪਨੀ ਹੈ, ਜਿਸ ਦੀ ਸਥਾਪਨਾ ਪਵਨ ਚੰਦਨਾ ਅਤੇ ਭਰਤ ਢਾਕਾ ਨੇ ਕੀਤੀ ਹੈ, ਜੋ ਕਿ ਭਾਰਤੀ ਤਕਨਾਲੋਜੀ ਸੰਸਥਾਨਾਂ ਦੇ ਸਾਬਕਾ ਵਿਦਿਆਰਥੀ ਅਤੇ ਇਸਰੋ ਦੇ ਸਾਬਕਾ ਵਿਗਿਆਨੀ ਹਨ ਅਤੇ ਹੁਣ ਉੱਦਮੀ ਬਣ ਗਏ ਹਨ। ਨਵੰਬਰ, 2022 ਵਿੱਚ, ਸਕਾਈਰੂਟ ਨੇ ਆਪਣਾ ਸਬ-ਔਰਬਿਟਲ ਰੌਕੇਟ, ਵਿਕਰਮ-ਐੱਸ ਲਾਂਚ ਕੀਤਾ, ਜਿਸ ਨਾਲ ਇਹ ਪੁਲਾੜ ਵਿੱਚ ਰੌਕੇਟ ਲਾਂਚ ਕਰਨ ਵਾਲੀ ਪਹਿਲੀ ਭਾਰਤੀ ਨਿੱਜੀ ਕੰਪਨੀ ਬਣ ਗਈ।
ਨਿੱਜੀ ਪੁਲਾੜ ਉੱਦਮਾਂ ਦਾ ਤੇਜ਼ੀ ਨਾਲ ਵਾਧਾ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ਦੀ ਸਫਲਤਾ ਦਾ ਪ੍ਰਮਾਣ ਹੈ, ਜਿਸ ਨਾਲ ਇੱਕ ਭਰੋਸੇਮੰਦ ਅਤੇ ਸਮਰੱਥ ਗਲੋਬਲ ਪੁਲਾੜ ਸ਼ਕਤੀ ਵਜੋਂ ਭਾਰਤ ਦੀ ਅਗਵਾਈ ਮਜ਼ਬੂਤ ਹੋਈ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
Our youth power, with its innovation, risk-taking ability and entrepreneurship, is reaching new heights. pic.twitter.com/zpPkT3g4IG
— PMO India (@PMOIndia) November 27, 2025
ISRO has powered India's space journey to new heights for decades. Through its credibility, capacity and value, India has carved out a distinct identity in the global space landscape. pic.twitter.com/50wE3B9cPh
— PMO India (@PMOIndia) November 27, 2025
In just the last six to seven years, India has transformed its space sector into an open, cooperative and innovation-driven ecosystem. pic.twitter.com/SHPWkZXNnN
— PMO India (@PMOIndia) November 27, 2025
When the government opened the space sector, our youth and especially Gen Z, came forward to make the most of the opportunity. pic.twitter.com/alb2rRvNjH
— PMO India (@PMOIndia) November 27, 2025
India possesses capabilities in the space sector that few nations in the world possess. pic.twitter.com/nSr0cQBXNt
— PMO India (@PMOIndia) November 27, 2025
Be it FinTech, AgriTech, HealthTech, Climate Tech, or Defence Tech, India's youth, especially our Gen Z, are delivering new solutions across every field. pic.twitter.com/eLOmePiQRZ
— PMO India (@PMOIndia) November 27, 2025


