ਪ੍ਰਧਾਨ ਮੰਤਰੀ ਨੇ ਅੱਜ ਜੀ-20 ਸਿਖਰ ਸੰਮੇਲਨ ਦੇ ਤੀਜੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਸੈਸ਼ਨ ਦਾ ਵਿਸ਼ਾ “ਸਾਰਿਆਂ ਲਈ ਨਿਰਪੱਖ ਅਤੇ ਨਿਆਂਪੂਰਨ ਭਵਿੱਖ - ਮਹੱਤਵਪੂਰਨ ਖਣਿਜ; ਉੱਤਮ ਕਾਰਜ; ਆਰਟੀਫਿਸ਼ਲ ਇੰਟੈਲੀਜੈਂਸ” ਸੀ। ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਟੈਕਨਾਲੋਜੀ ਨੂੰ ਹੁਲਾਰਾ ਦੇਣ ਦੇ ਤਰੀਕੇ ਵਿੱਚ ਮੌਲਿਕ ਬਦਲਾਅ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੀ ਅਜਿਹੀ ਵਰਤੋਂ ‘ਵਿੱਤ-ਕੇਂਦਰਿਤ’ ਹੋਣ ਦੀ ਬਜਾਏ ‘ਮਨੁੱਖ-ਕੇਂਦਰਿਤ’, ‘ਰਾਸ਼ਟਰੀ’ ਦੀ ਬਜਾਏ ‘ਵਿਸ਼ਵ-ਵਿਆਪੀ’ ਅਤੇ ‘ਖ਼ਾਸ ਮਾਡਲ’ ਦੀ ਬਜਾਏ ‘ਓਪਨ ਸੋਰਸ’ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਦ੍ਰਿਸ਼ਟੀਕੋਣ ਨੂੰ ਭਾਰਤ ਦੇ ਤਕਨੀਕੀ ਈਕੋਸਿਸਟਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਜ਼ਿਕਰਯੋਗ ਲਾਭ ਹੋਏ ਹਨ, ਭਾਵੇਂ ਉਹ ਪੁਲਾੜ ਨਾਲ ਜੁੜੇ ਕੰਮ ਹੋਣ, ਏਆਈ ਜਾਂ ਡਿਜੀਟਲ ਭੁਗਤਾਨ ਹੋਣ, ਜਿੱਥੇ ਭਾਰਤ ਦੁਨੀਆ ਵਿੱਚ ਮੋਹਰੀ ਹੈ।

ਮਸਨੂਈ ਬੌਧਿਕਤਾ (ਏਆਈ) ਬਾਰੇ ਪ੍ਰਧਾਨ ਮੰਤਰੀ ਨੇ ਬਰਾਬਰ ਪਹੁੰਚ, ਆਬਾਦੀ ਦੇ ਪੱਧਰ ’ਤੇ ਹੁਨਰ ਵਿਕਾਸ ਅਤੇ ਜ਼ਿੰਮੇਵਾਰ ਤਾਇਨਾਤੀ ’ਤੇ ਅਧਾਰਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ-ਏਆਈ ਮਿਸ਼ਨ ਤਹਿਤ, ਪਹੁੰਚਯੋਗ ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਏਆਈ ਦਾ ਲਾਭ ਦੇਸ਼ ਵਿੱਚ ਹਰ ਕਿਸੇ ਤੱਕ ਪਹੁੰਚੇ। ਏਆਈ ਨੂੰ ਵਿਸ਼ਵ-ਵਿਆਪੀ ਭਲਾਈ ਵਿੱਚ ਬਦਲਣ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਪਾਰਦਰਸ਼ਤਾ, ਮਨੁੱਖੀ ਨਿਗਰਾਨੀ, ਡਿਜ਼ਾਈਨ ਰਾਹੀਂ ਸੁਰੱਖਿਆ ਅਤੇ ਦੁਰਵਰਤੋਂ ਦੀ ਰੋਕਥਾਮ ਦੇ ਸਿਧਾਂਤਾਂ ’ਤੇ ਅਧਾਰਿਤ ਵਿਸ਼ਵ-ਵਿਆਪੀ ਸਮਝੌਤੇ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਏਆਈ ਭਾਵੇਂ ਮਨੁੱਖ ਦੀਆਂ ਸਮਰੱਥਾਵਾਂ ਦਾ ਵਿਸਤਾਰ ਕਰੇ, ਪਰ ਅੰਤਿਮ ਫੈਸਲਾ ਮਨੁੱਖਾਂ ਨੂੰ ਖ਼ੁਦ ਹੀ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫਰਵਰੀ, 2026 ਵਿੱਚ ‘ਸਰਵਜਨ ਹਿਤਾਏ, ਸਰਵਜਨ ਸੁਖਾਏ’ ਵਿਸ਼ੇ ’ਤੇ ਏਆਈ ਇੰਪੈਕਟ ਸਿਖਰ ਸੰਮੇਲਨ ਕਰਵਾਏਗਾ ਅਤੇ ਉਨ੍ਹਾਂ ਜੀ-20 ਦੇ ਸਾਰੇ ਦੇਸ਼ਾਂ ਨੂੰ ਇਸ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਇਸ ਯੁੱਗ ਵਿੱਚ ਸਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਤੇਜ਼ੀ ਨਾਲ ‘ਅੱਜ ਦੀਆਂ ਨੌਕਰੀਆਂ’ ਤੋਂ ਬਦਲ ਕੇ ‘ਕੱਲ੍ਹ ਦੀਆਂ ਸਮਰੱਥਾਵਾਂ’ ਵੱਲ ਲਿਜਾਣ ਦੀ ਲੋੜ ਹੈ। ਨਵੀਂ ਦਿੱਲੀ ਵਿੱਚ ਹੋਏ ਜੀ-20 ਸਿਖਰ ਸੰਮੇਲਨ ਵਿੱਚ ਪ੍ਰਤਿਭਾ ਦੀ ਆਵਾਜਾਈ ਬਾਰੇ ਹੋਈ ਤਰੱਕੀ ਨੂੰ ਯਾਦ ਕਰਦਿਆਂ ਉਨ੍ਹਾਂ ਇਹ ਤਜਵੀਜ਼ ਰੱਖੀ ਕਿ ਇਸ ਸਮੂਹ ਨੂੰ ਆਉਣ ਵਾਲੇ ਸਾਲਾਂ ਵਿੱਚ ਪ੍ਰਤਿਭਾ ਦੀ ਆਵਾਜਾਈ ਬਾਰੇ ਵਿਸ਼ਵ-ਵਿਆਪੀ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ।

ਆਪਣੇ ਸੰਬੋਧਨ ਨੂੰ ਸਮਾਪਤ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ-ਵਿਆਪੀ ਭਲਾਈ – ਜਿਸ ਲਈ ਭਾਰਤ ਵਚਨਬੱਧ ਹੈ – ਬਾਰੇ ਭਾਰਤ ਦੇ ਸੰਦੇਸ਼ ਅਤੇ ਉਸ ਦੀ ਵਚਨਬੱਧਤਾ ਨੂੰ ਸਪੱਸ਼ਟ ਕੀਤਾ ਅਤੇ ਟਿਕਾਊ ਵਿਕਾਸ, ਭਰੋਸੇਯੋਗ ਵਪਾਰ, ਨਿਰਪੱਖ ਵਿੱਤ ਅਤੇ ਸਾਰਿਆਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਵਾਲੀ ਤਰੱਕੀ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ [ਇੱਥੇ] ਦੇਖਿਆ ਜਾ ਸਕਦਾ ਹੈ।


