ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਅਸੀਂ ਵੰਡ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਹੌਸਲੇ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਦਾ ਉਹ ਇੱਕ ਅਜਿਹਾ ਪਲ ਸੀ ਜਿਸ ਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਲੋਕਾਂ ਦੇ ਪਰਿਵਾਰ ਉੱਜੜ ਗਏ, ਕਈ ਲੋਕਾਂ ਨੂੰ ਆਪਣਿਆਂ ਨੂੰ ਖੋਹਣਾ ਪਿਆ ਅਤੇ ਲੋਕਾਂ ਨੇ ਅਤਿਅੰਤ ਪੀੜਾ ਹੰਢਾਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਵੀ ਲੋਕਾਂ ਨੇ ਸਿਫ਼ਰ ਤੋਂ ਸ਼ੁਰੂ ਕਰਕੇ ਆਪਣਾ ਜੀਵਨ ਮੁੜ-ਸਥਾਪਿਤ ਕੀਤਾ, ਉਲਟ ਸਥਿਤੀਆਂ ਨੂੰ ਪ੍ਰਾਪਤੀਆਂ ਵਿੱਚ ਬਦਲਿਆ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਜੀਵਨ ਸਭ ਨੂੰ ਮਨੁੱਖੀ ਯਤਨਾਂ ਦੀ ਸ਼ਕਤੀ ਦੀ ਯਾਦ ਦਿਵਾਉਂਦਾ ਹੈ। ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਇਹ ਦਿਨ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਭਾਈਚਾਰਾ ਬਣਾਏ ਰੱਖਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰਨ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇ।
ਪ੍ਰਧਾਨ ਮੰਤਰੀ ਨੇ ਉਸ ਭਿਆਨਕ ਦੌਰ ਤੋਂ ਉੱਭਰ ਕੇ ਦੇਸ਼ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਪਾਉਣ ਵਾਲੇ ਸਾਰੇ ਦੇਸ਼ ਵਾਸੀਆਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਹੌਸਲੇ ਅਤੇ ਸਮਰੱਥਾ ਨਾਲ ਉਨ੍ਹਾਂ ਨੇ ਉਲਟ ਸਥਿਤੀਆਂ ਵਿੱਚ ਵੀ ਸੰਕਲਪਾਂ ਨੂੰ ਪੂਰਾ ਕਰਨ ਦੀ ਉਦਾਹਰਨ ਪੇਸ਼ ਕੀਤੀ। ਸ਼੍ਰੀ ਮੋਦੀ ਨੇ ਸਭ ਨੂੰ ਸਦਭਾਵਨਾ ਅਤੇ ਇੱਕਜੁੱਟਤਾ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਇੱਕ ਸੁਭਾਸ਼ਤਮ ਸਾਂਝਾ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਿਹਨਤ, ਉੱਦਮ ਅਤੇ ਸਮਰਪਿਤ ਯਤਨਾਂ ਨਾਲ ਹੀ ਵੱਖ-ਵੱਖ ਕਲਾਵਾਂ, ਵਿਗਿਆਨ, ਤਕਨੀਕੀ ਹੁਨਰ, ਸ਼ਿਲਪ ਅਤੇ ਨਵੀਨਤਾ ਵਿਕਸਤ ਹੁੰਦੇ ਹਨ ਅਤੇ ਸਫਲਤਾ ਦਾ ਰਾਹ ਪੱਧਰਾ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਲਈ, ਕਿਸੇ ਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਸਗੋਂ ਹਿੰਮਤ, ਲਗਨ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਟੀਚਿਆਂ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਯਤਨਾਂ ਦੀ ਸ਼ਕਤੀ ਹੀ ਕਿਸਮਤ ਦਾ ਨਿਰਮਾਤਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲੜੀਵਾਰ ਪੋਸਟਾਂ ਵਿੱਚ ਲਿਖਿਆ:
ਅੱਜ ਅਸੀਂ #PartitionHorrorsRemembranceDay ਮਨਾ ਰਹੇ ਹਾਂ। ਵੰਡ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਹੌਸਲੇ ਨੂੰ ਅਸੀਂ ਯਾਦ ਕਰਦੇ ਹਾਂ। ਇਤਿਹਾਸ ਦਾ ਉਹ ਪਲ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਦੇਣ ਵਾਲਾ ਸੀ… ਪਰਿਵਾਰ ਉੱਜੜ ਗਏ, ਲੋਕਾਂ ਨੇ ਆਪਣਿਆਂ ਨੂੰ ਖੋਹਿਆ ਅਤੇ ਅਸਹਿਣਯੋਗ ਪੀੜਾ ਸਹਿਣੀ ਪਈ।
ਇਨ੍ਹਾਂ ਸਭ ’ਤੇ ਜਿੱਤ ਪ੍ਰਾਪਤ ਕਰਦਿਆਂ, ਲੋਕਾਂ ਨੇ ਸਿਫ਼ਰ ਤੋਂ ਆਪਣਾ ਜੀਵਨ ਮੁੜ-ਸਥਾਪਿਤ ਕੀਤਾ, ਮੁਸੀਬਤ ਨੂੰ ਸਫਲਤਾ ਵਿੱਚ ਬਦਲਿਆ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਅਮੁੱਲ ਯੋਗਦਾਨ ਪਾਇਆ। ਉਨ੍ਹਾਂ ਦੀਆਂ ਜੀਵਨ ਯਾਤਰਾਵਾਂ ਸਾਨੂੰ ਮਨੁੱਖੀ ਯਤਨਾਂ ਦੀ ਸ਼ਕਤੀ ਦੀ ਯਾਦ ਦਿਵਾਉਂਦੀਆਂ ਹਨ। ਉਮੀਦ ਹੈ ਕਿ ਇਹ ਦਿਨ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਭਾਈਚਾਰੇ ਨੂੰ ਬਣਾਏ ਰੱਖਣ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਅਸੀਂ ਸਾਰੇ ਮਿਲ ਕੇ ਇੱਕ ਵਿਕਸਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਾਂਗੇ।
"ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਪ੍ਰਣਾਮ, ਜਿਨ੍ਹਾਂ ਨੇ ਉਸ ਭਿਆਨਕ ਦੌਰ ਤੋਂ ਨਿਕਲ ਕੇ ਦੇਸ਼ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੇ ਹੌਸਲੇ ਅਤੇ ਸਮਰੱਥਾ ਨਾਲ ਦਿਖਾਇਆ ਕਿ ਕਿਵੇਂ ਉਲਟ ਸਥਿਤੀਆਂ ਵਿੱਚ ਵੀ ਸੰਕਲਪਾਂ ਨੂੰ ਸਾਕਾਰ ਕੀਤਾ ਜਾਂਦਾ ਹੈ। ਆਓ, ਸਦਭਾਵਨਾ ਅਤੇ ਇੱਕਜੁੱਟਤਾ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।"
उद्यमस्य प्रसादेन दृश्यन्ते विविधाः कलाः।
कातरा एव जल्पन्ति यद् भाव्यं तद् भविष्यति॥”
ਮਿਹਨਤ, ਉੱਦਮ ਅਤੇ ਸਮਰਪਿਤ ਯਤਨਾਂ ਰਾਹੀਂ ਹੀ ਵੱਖ-ਵੱਖ ਕਲਾਵਾਂ, ਵਿਗਿਆਨ, ਤਕਨੀਕੀ ਹੁਨਰ, ਸ਼ਿਲਪ ਅਤੇ ਨਵੀਨਤਾ ਵਿਕਸਤ ਹੁੰਦੇ ਹਨ ਅਤੇ ਸਫਲਤਾ ਦਾ ਰਾਹ ਪੱਧਰਾ ਕਰਦੇ ਹਨ। ਇਸ ਲਈ, ਕਿਸੇ ਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਸਗੋਂ ਹਿੰਮਤ, ਲਗਨ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਟੀਚਿਆਂ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਯਤਨਾਂ ਦੀ ਸ਼ਕਤੀ ਹੀ ਕਿਸਮਤ ਦਾ ਨਿਰਮਾਤਾ ਹੈ।