ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ 5 ਜੂਨ, 2025 ਨੂੰ ਸਵੇਰੇ 10:15 ਵਜੇ ਨਵੀਂ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਵਿਸ਼ੇਸ਼ ਪੌਦੇ ਲਗਾਉਣ ਦੀ ਪਹਿਲ ਦੀ ਅਗਵਾਈ ਕਰਦੇ ਹੋਏ ਵਾਤਾਵਰਣ ਸੰਭਾਲ਼ ਅਤੇ ਗ੍ਰੀਨ ਮੋਬਿਲਿਟੀ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਗੇ।
ਪ੍ਰਧਾਨ ਮੰਤਰੀ 'ਏਕ ਪੇੜ ਮਾਂ ਕੇ ਨਾਮ' (Ek Ped Maa Ke Naam) ਪਹਿਲ ਦੇ ਤਹਿਤ ਬੋਹੜ ਦਾ ਪੌਦਾ (Banyan sapling) ਲਗਾਉਣਗੇ। ਇਹ 'ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ'(‘Aravalli Green Wall project’) ਦਾ ਹਿੱਸਾ ਹੋਵੇਗਾ ਜਿਸ ਦਾ ਉਦੇਸ਼ 700 ਕਿਲੋਮੀਟਰ ਲੰਬੀ ਅਰਾਵਲੀ ਰੇਂਜ ਨੂੰ ਫਿਰ ਤੋਂ ਵਣਾਂ ਨਾਲ ਭਰਪੂਰ ਕਰਨਾ ਹੈ।
ਇਹ ਪ੍ਰੋਜੈਕਟ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਗੁਜਰਾਤ ਸਹਿਤ ਚਾਰ ਰਾਜਾਂ ਦੇ 29 ਜ਼ਿਲ੍ਹਿਆਂ ਵਿੱਚ ਅਰਾਵਲੀ ਪਹਾੜੀ ਰੇਂਜ ਦੇ ਆਸਪਾਸ 5 ਕਿਲੋਮੀਟਰ ਦੇ ਬਫਰ ਏਰੀਆ ਵਿੱਚ ਹਰਿਆਲੀ ਦਾ ਵਿਸਤਾਰ ਕਰਨ ਦੀ ਇੱਕ ਪ੍ਰਮੁੱਖ ਪਹਿਲ ਹੈ। ਇਸ ਦਾ ਉਦੇਸ਼ ਜੰਗਲ ਲਾਉਣ, ਮੁੜ ਜੰਗਲ ਲਾਉਣ (afforestation, reforestation) ਅਤੇ ਜਲ ਭੰਡਾਰਾਂ ਦੀ ਬਹਾਲੀ ਦੇ ਜ਼ਰੀਏ ਅਰਾਵਲੀ ਦੀ ਜੈਵ ਵਿਵਿਧਤਾ ਨੂੰ ਹੁਲਾਰਾ ਦੇਣਾ ਹੈ। ਇਸ ਦਾ ਉਦੇਸ਼ ਖੇਤਰ ਦੀ ਮਿੱਟੀ ਦੀ ਉਪਜਾਊ ਸ਼ਕਤੀ, ਜਲ ਉਪਲਬਧਤਾ ਅਤੇ ਜਲਵਾਯੂ ਅਨੁਕੂਲਤਾ ਵਿੱਚ ਸੁਧਾਰ ਕਰਨਾ ਭੀ ਹੈ। ਇਹ ਪ੍ਰੋਜੈਕਟ ਸਥਾਨਕ ਭਾਈਚਾਰਿਆਂ ਨੂੰ ਰੋਜ਼ਗਾਰ ਅਤੇ ਆਮਦਨ ਸਿਰਜਣਾ ਦੇ ਅਵਸਰ ਪ੍ਰਦਾਨ ਕਰਦੇ ਹੋਏ ਲਾਭ ਭੀ ਪਹੁੰਚਾਏਗਾ।
ਪ੍ਰਧਾਨ ਮੰਤਰੀ, ਦਿੱਲੀ ਸਰਕਾਰ ਦੀ ਟਿਕਾਊ ਟ੍ਰਾਂਸਪੋਰਟ ਪਹਿਲ ਦੇ ਤਹਿਤ 200 ਇਲੈਕਟ੍ਰਿਕ ਬੱਸਾਂ ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਨਾ ਕੇਵਲ ਸਵੱਛ ਸ਼ਹਿਰੀ ਗਤੀਸ਼ੀਲਤਾ ਨੂੰ ਹੁਲਾਰਾ ਦੇਵੇਗਾ ਬਲਕਿ ਵਾਤਾਵਰਣਕ ਸੰਤੁਲਨ ਦੇ ਪ੍ਰਤੀ ਰਾਸ਼ਟਰ ਦੀ ਸਮੂਹਿਕ ਜ਼ਿੰਮੇਵਾਰੀ ਦਾ ਭੀ ਪ੍ਰਤੀਕ ਹੋਵੇਗਾ।


