ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 18 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ 'ਏਆਈ ਇੰਪੈਕਟ ਸਮਿਟ' ਦੌਰਾਨ ਫਿਨਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਪੇਟੇਰੀ ਓਰਪੋ ਨਾਲ ਮੁਲਾਕਾਤ ਕੀਤੀ।
ਦੋਵਾਂ ਨੇਤਾਵਾਂ ਨੇ 16ਵੇਂ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੌਰਾਨ 'ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ' ਨੂੰ ਨੇਪਰੇ ਚਾੜ੍ਹਨ ਦਾ ਸਵਾਗਤ ਕੀਤਾ, ਜੋ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਭਾਰਤ-ਯੂਰਪੀ ਸੰਘ ਰਣਨੀਤਕ ਭਾਈਵਾਲੀ ਦੀ ਭਾਵਨਾ ਤਹਿਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖਣ ਦਾ ਵਾਅਦਾ ਕੀਤਾ।
ਨੇਤਾਵਾਂ ਨੇ ਭਵਿੱਖ ਦੇ ਆਰਥਿਕ ਵਿਕਾਸ ਨੂੰ ਚਲਾਉਣ ਵਿੱਚ ਡਿਜੀਟਲਾਈਜ਼ੇਸ਼ਨ ਅਤੇ ਟਿਕਾਊਪਨ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਵਿਸਤ੍ਰਿਤ ਕਾਰਵਾਈਆਂ ਅਤੇ ਭਾਈਵਾਲੀ ਰਾਹੀਂ ਇੱਕ-ਦੂਜੇ ਦੇ ਅਰਥਚਾਰਿਆਂ ਵਿੱਚ ਆਪਣੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਦੀ ਵੱਧ ਰਹੀ ਮੌਜੂਦਗੀ ਨੂੰ ਪਛਾਣਿਆ ਅਤੇ ਇਸ ਦਾ ਸਵਾਗਤ ਕੀਤਾ। ਫਿਨਲੈਂਡ ਦੇ ਪ੍ਰਧਾਨ ਮੰਤਰੀ ਨੇ ਨਿਆਂਪੂਰਨ ਅਤੇ ਸਮਾਵੇਸ਼ੀ ਏਆਈ ਵਿਕਾਸ ਲਈ ਭਾਰਤ ਦੇ ਵਿਜ਼ਨ ਦੀ ਸ਼ਲਾਘਾ ਕੀਤੀ।
ਨੇਤਾਵਾਂ ਨੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਅਤੇ ਤਕਨਾਲੋਜੀ ਵਿੱਚ ਵਧੇਰੇ ਸਹਿਯੋਗ ਦੀ ਮੰਗ ਕੀਤੀ, ਜਿਸ ਵਿੱਚ ਕੁਆਂਟਮ ਅਤੇ 6ਜੀ, ਨਵਿਆਉਣਯੋਗ ਊਰਜਾ, ਸਰਕੂਲਰ ਇਕਨੌਮੀ ਅਤੇ ਰੱਖਿਆ ਦੇ ਖੇਤਰ ਵਿੱਚ ਸਹਿ-ਵਿਕਾਸ ਸ਼ਾਮਲ ਹੈ।
ਉਨ੍ਹਾਂ ਨੇ ਖੇਤਰੀ ਅਤੇ ਆਲਮੀ ਵਿਕਾਸ, ਅਤੇ ਆਲਮੀ ਸ਼ਾਸਨ ਵਿੱਚ ਵਧੇਰੇ ਸਹਿਯੋਗ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੀ ਉਮੀਦ ਪ੍ਰਗਟਾਈ, ਜਿਸ ਵਿੱਚ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਤੀਜੇ ਭਾਰਤ-ਨੋਰਡਿਕ ਸਿਖਰ ਸੰਮੇਲਨ ਵਿੱਚ ਮੁੜ ਮੁਲਾਕਾਤ ਕਰਨਾ ਵੀ ਸ਼ਾਮਿਲ ਹੈ।


