ਭਾਰਤ-ਇਟਲੀ ਦਾ ਸਾਂਝਾ ਐਲਾਨਨਾਮਾ

Published By : Admin | May 20, 2026 | 22:28 IST

ਇਟਲੀ ਗਣਰਾਜ ਦੀ ਮੰਤਰੀ ਪ੍ਰੀਸ਼ਦ ਦੀ ਪ੍ਰਧਾਨ (ਪ੍ਰਧਾਨ ਮੰਤਰੀ) ਜੌਰਜੀਆ ਮੈਲੋਨੀ ਦੇ ਸੱਦੇ ਉੱਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19-20 ਮਈ, 2026 ਨੂੰ ਇਟਲੀ ਦਾ ਅਧਿਕਾਰਤ ਦੌਰਾ ਕੀਤਾ। ਇਹ ਦੌਰਾ ਜੂਨ, 2024 ਵਿੱਚ ਜੀ7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਇਟਲੀ ਦੌਰੇ ਅਤੇ 2023 ਵਿੱਚ ਜੀ20 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੈਲੋਨੀ ਦੇ ਭਾਰਤ ਦੌਰੇ ਤੋਂ ਬਾਅਦ ਹੋਇਆ ਹੈ, ਜਿਸ ਨੇ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਇਟਲੀ ਸਬੰਧਾਂ ਨੂੰ “ਵਿਸ਼ੇਸ਼ ਰਣਨੀਤਕ ਭਾਈਵਾਲੀ” ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ।

ਸਿਆਸੀ ਗੱਲਬਾਤ

ਦੋਵਾਂ ਪ੍ਰਧਾਨ ਮੰਤਰੀਆਂ ਨੇ ਉੱਚ-ਪੱਧਰੀ ਅਦਾਨ-ਪ੍ਰਦਾਨ ਦੀ ਸ਼ਾਨਦਾਰ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਬਹੁ-ਪੱਖੀ ਪ੍ਰੋਗਰਾਮਾਂ ਦੇ ਨਾਲ-ਨਾਲ ਆਗੂਆਂ ਦੀਆਂ ਸਾਲਾਨਾ ਮੀਟਿੰਗਾਂ ਕਰਨ ਦੇ ਨਾਲ-ਨਾਲ ਨਿਯਮਤ ਮੰਤਰੀ ਪੱਧਰੀ ਅਤੇ ਸੰਸਥਾਗਤ ਪੱਧਰ ਦੀਆਂ ਮੀਟਿੰਗਾਂ ਕਰਨ ਉੱਤੇ ਸਹਿਮਤੀ ਪ੍ਰਗਟਾਈ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਨਵੰਬਰ, 2024 ਵਿੱਚ ਰੀਓ ਡੀ ਜਨੇਰੀਓ ਵਿੱਚ ਜੀ20 ਸਿਖਰ ਸੰਮੇਲਨ ਦੌਰਾਨ ਆਪਣੀ ਮੀਟਿੰਗ ਵਿੱਚ ਦੋਵਾਂ ਆਗੂਆਂ ਵੱਲੋਂ ਅਪਣਾਈ ਗਈ ‘ਸਾਂਝੀ ਰਣਨੀਤਕ ਕਾਰਜ ਯੋਜਨਾ 2025-2029’ ਦੇ ਵੱਖ-ਵੱਖ ਥੰਮ੍ਹਾਂ ਵਿੱਚ ਹਾਸਲ ਕੀਤੀ ਗਈ ਠੋਸ ਪ੍ਰਗਤੀ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਇਟਲੀ ਸਾਂਝੀ ਰਣਨੀਤਕ ਕਾਰਜ ਯੋਜਨਾ 2025-29 ਦੀ ਸਮੀਖਿਆ ਕਰਨ ਅਤੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਰਣਨੀਤਕ ਦਿਸ਼ਾ ਦੇਣ ਲਈ ਵਿਦੇਸ਼ ਮੰਤਰੀਆਂ ਦੀ ਅਗਵਾਈ ਹੇਠ ਤੰਤਰ ਸਥਾਪਤ ਕਰਨ ਉੱਤੇ ਸਹਿਮਤੀ ਪ੍ਰਗਟਾਈ।

ਆਰਥਿਕ ਸਹਿਯੋਗ ਅਤੇ ਨਿਵੇਸ਼

ਦੋਵਾਂ ਆਗੂਆਂ ਨੇ ਦੁਵੱਲੇ ਆਰਥਿਕ ਅਤੇ ਸਨਅਤੀ ਸਹਿਯੋਗ ਦੀ ਵਧਦੀ ਗਤੀਸ਼ੀਲਤਾ ਉੱਤੇ ਤਸੱਲੀ ਪ੍ਰਗਟਾਈ, ਜਿਸ ਤਹਿਤ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਤਿੰਨ ਉੱਚ-ਪੱਧਰੀ ਵਪਾਰ ਮੰਚ ਕਰਵਾਏ ਜਾ ਚੁੱਕੇ ਹਨ। ਭਾਰਤ ਦੇ ਤੇਜ਼ ਅਤੇ ਟਿਕਾਊ ਆਰਥਿਕ ਵਿਕਾਸ ਤੋਂ ਪੈਦਾ ਹੋਣ ਵਾਲੇ ਮੌਕਿਆਂ ਅਤੇ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਦੇ ਸਫ਼ਲ ਮੁਕੰਮਲ ਹੋਣ ਦੇ ਆਧਾਰ ਉੱਤੇ ਦੋਵਾਂ ਧਿਰਾਂ ਨੇ 2029 ਤੱਕ ਦੁਵੱਲੇ ਵਪਾਰ ਨੂੰ 20 ਅਰਬ ਯੂਰੋ ਤੱਕ ਪਹੁੰਚਾਉਣ ਦੇ ਸਾਂਝੇ ਟੀਚੇ ਦੀ ਮੁੜ ਪੁਸ਼ਟੀ ਕੀਤੀ।

ਦੋਵਾਂ ਆਗੂਆਂ ਨੇ ਪ੍ਰਮੁੱਖ ਖੇਤਰਾਂ ਵਿੱਚ ਦੁਵੱਲੇ ਨਿਵੇਸ਼ ਵਿੱਚ ਹੋਏ ਵਾਧੇ ਦਾ ਸਵਾਗਤ ਕੀਤਾ ਅਤੇ ਮਜ਼ਬੂਤ ਸਪਲਾਈ ਚੇਨਾਂ ਵਿਕਸਤ ਕਰਨ ਲਈ ਉਦਯੋਗਾਂ ਨੂੰ ਉਦਯੋਗਿਕ ਅਤੇ ਤਕਨੀਕੀ ਭਾਈਵਾਲੀਆਂ ਬਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਖਾਸ ਤੌਰ ਉੱਤੇ ਕੱਪੜਾ, ਸਵੱਛ ਤਕਨੀਕਾਂ, ਸੈਮੀਕੰਡਕਟਰ, ਆਟੋਮੋਬਾਈਲ, ਊਰਜਾ, ਸੈਰ-ਸਪਾਟਾ, ਫਾਰਮਾਸਿਊਟੀਕਲ ਅਤੇ ਮੈਡੀਕਲ ਤਕਨੀਕਾਂ, ਡਿਜੀਟਲ ਤਕਨੀਕਾਂ, ਕ੍ਰਿਟੀਕਲ ਕੱਚੇ ਮਾਲ, ਸਟੀਲ, ਬੰਦਰਗਾਹਾਂ ਅਤੇ ਬੁਨਿਆਦੀ ਢਾਂਚੇ ਵਿੱਚ ਵਧੇਰੇ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਸਵਾਗਤ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਸਨਅਤਾਂ ਨੂੰ ਦੋਵਾਂ ਦੇਸ਼ਾਂ ਵਿੱਚ ਲਾਗੂ ਨੀਤੀਗਤ ਪ੍ਰੋਤਸਾਹਨਾਂ ਅਤੇ ਸਕੀਮਾਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ, ਜੋ ਵਪਾਰਕ ਸਬੰਧਾਂ ਅਤੇ ਉਤਪਾਦਨ ਸਹੂਲਤਾਂ ਨੂੰ ਵਧਾਉਣ ਦਾ ਯਤਨ ਕਰਦੀਆਂ ਹਨ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਸ਼ੇਅਰ ਬਾਜ਼ਾਰਾਂ, ਨਿਵੇਸ਼ ਫੰਡਾਂ, ਵੈਂਚਰ ਕੈਪੀਟਲ, ਬੈਂਕਾਂ, ਬੀਮਾ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਵਿਚਕਾਰ ਸੰਵਾਦ ਅਤੇ ਸਹਿਯੋਗ ਉਤਸ਼ਾਹਿਤ ਕਰਨ ਉੱਤੇ ਸਹਿਮਤੀ ਪ੍ਰਗਟਾਈ।

ਉਨ੍ਹਾਂ ਨੇ ਸਪਲਾਈ ਚੇਨਾਂ ਦੇ ਮਜ਼ਬੂਤ ਏਕੀਕਰਨ ਨੂੰ ਹੁਲਾਰਾ ਦੇਣ ਲਈ ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿਚਕਾਰ ਉਦਯੋਗਿਕ ਭਾਈਵਾਲੀ ਨੂੰ ਸੁਖਾਲਾ ਬਣਾਉਣ ਉੱਤੇ ਸਹਿਮਤੀ ਪ੍ਰਗਟਾਈ। ਦੋਵਾਂ ਆਗੂਆਂ ਨੇ ਆਉਣ ਵਾਲੇ ਮਹੀਨਿਆਂ ਵਿੱਚ ਆਪਸੀ ਹਿੱਤ ਦੇ ਪਹਿਲ ਵਾਲੇ ਖੇਤਰਾਂ ਵਿੱਚ ਨਵੇਂ ਖੇਤਰੀ ਮਿਸ਼ਨਾਂ ਨੂੰ ਉਤਸ਼ਾਹਿਤ ਕੀਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ‘ਕ੍ਰਿਟੀਕਲ ਮਿਨਰਲਜ਼’ ਭਾਵ ਮਹੱਤਵਪੂਰਨ ਖਣਿਜਾਂ ਵਿੱਚ ਸਹਿਯੋਗ ਲਈ ਸਮਝੌਤੇ (ਐੱਮਓਯੂ) ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਟਿਕਾਊ ਵਿਕਾਸ ਅਤੇ ਮਜ਼ਬੂਤ ਸਪਲਾਈ ਚੇਨਾਂ ਉੱਤੇ ਵਿਸ਼ੇਸ਼ ਧਿਆਨ ਦਿੰਦਿਆਂ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ। ਦੋਵਾਂ ਆਗੂਆਂ ਨੇ ਸਰਕੂਲਰ ਇਕੌਨਮੀ ਦੀਆਂ ਪਹਿਲਕਦਮੀਆਂ ਦੇ ਇੱਕ ਅਨਿੱਖੜਵੇਂ ਅੰਗ ਵਜੋਂ, ਈ-ਕਚਰੇ ਅਤੇ ਮਾਈਨਿੰਗ ਰਹਿੰਦ-ਖੂੰਹਦ ਵਰਗੇ ਗ਼ੈਰ-ਰਵਾਇਤੀ ਸਰੋਤਾਂ ਤੋਂ ਮਹੱਤਵਪੂਰਨ ਖਣਿਜਾਂ ਦੀ ਮੁੜ ਪ੍ਰਾਪਤੀ ਵਿੱਚ ਸਾਂਝੇ ਯਤਨਾਂ ਨੂੰ ਹੁਲਾਰਾ ਦੇਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀਬਾੜੀ ਅਤੇ ਖੇਤੀਬਾੜੀ ਖੋਜ ਦੇ ਖੇਤਰ ਵਿੱਚ ਸਬੰਧਿਤ ਮੰਤਰਾਲਿਆਂ ਅਤੇ ਸੰਸਥਾਵਾਂ ਵਿਚਕਾਰ ਸਹਿਯੋਗ ਸਬੰਧੀ ਸਮਝੌਤੇ ਉੱਤੇ ਦਸਤਖ਼ਤ ਹੋਣ ਦਾ ਵੀ ਸਵਾਗਤ ਕੀਤਾ।

ਕਨੈਕਟੀਵਿਟੀ

ਦੋਵਾਂ ਪ੍ਰਧਾਨ ਮੰਤਰੀਆਂ ਨੇ ‘ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ’ (ਆਈਐੱਮਈਸੀ) ਉੱਤੇ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਇਸ ਨੂੰ ਆਲਮੀ ਵਪਾਰ, ਸੰਪਰਕ ਅਤੇ ਖ਼ੁਸ਼ਹਾਲੀ ਨੂੰ ਨਵਾਂ ਰੂਪ ਦੇਣ ਵਾਲੀ ਇੱਕ ਪਰਿਵਰਤਨਕਾਰੀ ਪਹਿਲਕਦਮੀ ਦੱਸਿਆ। ਪ੍ਰੋਜੈਕਟ ਬਾਰੇ ਮੁਢਲੀ ਚਰਚਾ ਦੀ ਸ਼ਲਾਘਾ ਕਰਦਿਆਂ ਦੋਵਾਂ ਆਗੂਆਂ ਨੇ 2026 ਵਿੱਚ ਆਯੋਜਿਤ ਹੋਣ ਵਾਲੀ ਪਹਿਲੀ ਆਈਐੱਮਈਸੀ ਮੰਤਰੀ ਪੱਧਰੀ ਮੀਟਿੰਗ ਵਿੱਚ ਠੋਸ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਨੇ ਆਵਾਜਾਈ (ਸ਼ਿਪਿੰਗ) ਅਤੇ ਬੰਦਰਗਾਹਾਂ ਉੱਤੇ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਆਪਣੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਨੂੰ ਜਲਦੀ ਤੋਂ ਜਲਦੀ ਇਸ ਸਮਝੌਤੇ ਨੂੰ ਲਾਗੂ ਕਰਨ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ।

ਵਿਗਿਆਨ, ਟੈਕਨੋਲੋਜੀ, ਨਵੀਨਤਾ, ਸਟਾਰਟਅੱਪ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ

ਦੋਵਾਂ ਪ੍ਰਧਾਨ ਮੰਤਰੀਆਂ ਨੇ ਮੁੜ ਪੁਸ਼ਟੀ ਕੀਤੀ ਕਿ ਨਵੀਨਤਾ, ਵਿਗਿਆਨ ਅਤੇ ਟੈਕਨੋਲੋਜੀ ਭਾਰਤ-ਇਟਲੀ ਭਾਈਵਾਲੀ ਦੇ ਪ੍ਰਮੁੱਖ ਪ੍ਰੇਰਕ ਹਨ।

ਉਨ੍ਹਾਂ ਨੇ ਭਾਰਤ ਵਿੱਚ ਸਥਿਤ “ਇਨੋਵਿਟ ਇੰਡੀਆ” ਨਾਮੀ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਇਨੋਵੇਸ਼ਨ ਈਕੋਸਿਸਟਮ ਵਿਚਾਲੇ ਸਹਿਯੋਗ ਮਜ਼ਬੂਤ ਕਰਨਾ, ਸਟਾਰਟਅੱਪ ਪ੍ਰੋਗਰਾਮਾਂ, ਮਾਰਕਿਟ ਪਹੁੰਚ, ਸਾਂਝੀ ਖੋਜ, ਯੂਨੀਵਰਸਿਟੀ ਸਹਿਯੋਗ ਅਤੇ ਟੇਲੈਂਟ ਮੋਬਿਲਿਟੀ ਨੂੰ ਹੁਲਾਰਾ ਦੇਣਾ ਹੈ। ਇਹ ਫਿਨਟੈੱਕ, ਸਿਹਤ ਸੰਭਾਲ, ਸੈਮੀਕੰਡਕਟਰ, ਲੌਜਿਸਟਿਕਸ, ਐਗਰੀ-ਟੈੱਕ, ਊਰਜਾ, ਕੁਆਂਟਮ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਕੰਮ ਕਰੇਗਾ। ਦੋਵਾਂ ਆਗੂਆਂ ਨੇ ਅਪ੍ਰੈਲ, 2025 ਵਿੱਚ ਦਿੱਲੀ ਵਿੱਚ ਭਾਰਤੀ ਅਤੇ ਇਤਾਲਵੀ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿਚਾਲੇ  ਉਦਘਾਟਨੀ ‘ਸਾਇੰਸ ਐਂਡ ਇਨੋਵੇਸ਼ਨ ਡਾਇਲਾਗ’ (ਵਿਗਿਆਨ ਅਤੇ ਨਵੀਨਤਾ ਸੰਵਾਦ) ਦਾ ਸਵਾਗਤ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਇਟਲੀ ਵਿੱਚ ਇਸ ਦੇ ਅਗਲੇ ਐਡੀਸ਼ਨ ਦੇ ਆਯੋਜਨ ਦੀ ਉਮੀਦ ਜਤਾਈ।

ਦੋਵਾਂ ਆਗੂਆਂ ਨੇ ਇੱਕ ਖੁੱਲ੍ਹੇ, ਆਜ਼ਾਦ, ਸੁਰੱਖਿਅਤ, ਸਥਿਰ, ਪਹੁੰਚਯੋਗ ਅਤੇ ਸ਼ਾਂਤੀਪੂਰਨ ਆਈਸੀਟੀ ਵਾਤਾਵਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਜੋ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਇੱਕ ਸਮਰੱਥ ਕਾਰਕ ਹੈ। ਪ੍ਰਧਾਨ ਮੰਤਰੀ ਮੋਦੀ ਨੇ 19 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ‘ਏਆਈ ਇੰਪੈਕਟ ਸਮਿਟ’ ਵਿੱਚ ਇਟਲੀ ਦੀ ਉਸਾਰੂ ਸ਼ਮੂਲੀਅਤ ਲਈ ਪ੍ਰਧਾਨ ਮੰਤਰੀ ਮੈਲੋਨੀ ਦਾ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਮਨੁੱਖੀ-ਕੇਂਦਰਿਤ, ਸੁਰੱਖਿਅਤ, ਭਰੋਸੇਯੋਗ ਅਤੇ ਮਜ਼ਬੂਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਹ ਤੀਜੇ ਦੇਸ਼ਾਂ ਸਮੇਤ ਇਸ ਖੇਤਰ ਵਿੱਚ ਸਹਿਯੋਗ ਕਰਨ ਉੱਤੇ ਸਹਿਮਤ ਹੋਏ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਸੁਪਰਕੰਪਿਊਟਿੰਗ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ।

2025–2027 ਵਿਗਿਆਨਕ ਸਹਿਯੋਗ ਕਾਰਜਕਾਰੀ ਪ੍ਰੋਗਰਾਮ ਦੇ ਆਧਾਰ ਉੱਤੇ ਦੋਵਾਂ ਦੇਸ਼ਾਂ ਨੇ ਸਾਂਝੇ ਪ੍ਰੋਜੈਕਟ ਲਾਗੂ ਕਰਨ ਅਤੇ ਕੁਆਂਟਮ ਟੈਕਨੋਲੋਜੀ, ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ ਅਤੇ ਟਿਕਾਊ ਬਲੂ ਇਕੌਨਮੀ ਦੇ ਖੇਤਰਾਂ ਵਿੱਚ ਖੋਜਕਰਤਾਵਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਦਾ ਸਮਰਥਨ ਕੀਤਾ। ਉਨ੍ਹਾਂ ਨੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਸਮਝੌਤੇ ਨੂੰ ਲਗਾਤਾਰ ਲਾਗੂ ਕਰਨ ਅਤੇ ਖੋਜ ਪ੍ਰੋਜੈਕਟਾਂ ਦੀ ਫੰਡਿੰਗ ਲਈ ਸਾਂਝੇ ਪ੍ਰਸਤਾਵ ਸੱਦੇ ਸ਼ੁਰੂ ਕੀਤੇ ਜਾਣ ਦਾ ਵੀ ਸਵਾਗਤ ਕੀਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤੀ ਸਿੱਖਿਆ ਜਗਤ ਅਤੇ ਟ੍ਰਾਈਸਟੇ ਸਥਿਤ ‘ਇੰਟਰਨੈਸ਼ਨਲ ਸੈਂਟਰ ਫਾਰ ਥਿਓਰੈਟਿਕਲ ਫਿਜ਼ਿਕਸ’ (ਆਈਸੀਟੀਪੀ) ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਗਿਆਨਕ ਸਹਿਯੋਗ ਸਵੀਕਾਰ ਕੀਤਾ ਅਤੇ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਇਟਲੀ ਦੇ ਟ੍ਰਾਈਸਟੇ ਸਥਿਤ ਏਲੇਟ੍ਰਾ ਸਿੰਕ੍ਰੋਟ੍ਰੋਨ ਕੇਂਦਰ ਵਿਚਕਾਰ ਲੈਟਰ ਆਫ ਇੰਟੈਂਟ (ਆਸ਼ੇ ਪੱਤਰ) ਉੱਤੇ ਦਸਤਖ਼ਤ ਹੋਣ ਦਾ ਸਵਾਗਤ ਕੀਤਾ। ਇਹ ਭਾਰਤੀ ਖੋਜਕਰਤਾਵਾਂ ਲਈ ਏਲੇਟ੍ਰਾ ਦੀ ਸਿੰਕ੍ਰੋਟ੍ਰੋਨ ਰੇਡੀਏਸ਼ਨ ਸਹੂਲਤ ਤੱਕ ਪਹੁੰਚ ਨਾਲ ਸਬੰਧਿਤ ਗਤੀਵਿਧੀਆਂ ਦੇ ਸਮਰਥਨ ਲਈ ਕੀਤਾ ਗਿਆ ਹੈ।

ਪੁਲਾੜ

ਇਤਾਲਵੀ ਸਪੇਸ ਏਜੰਸੀ (ਏਐੱਸਆਈ) ਅਤੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਵਿਚਾਲੇ ਚੱਲ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਦੋਵਾਂ ਆਗੂਆਂ ਨੇ ਧਰਤੀ ਨਿਰੀਖਣ (ਅਰਥ ਔਬਜ਼ਰਵੇਸ਼ਨ), ਹੈਲੀਓਫਿਜ਼ਿਕਸ ਅਤੇ ਪੁਲਾੜ ਖੋਜ ਉੱਤੇ ਭਾਈਵਾਲੀ ਨੂੰ ਮਜ਼ਬੂਤ ਕਰਨ ਉੱਤੇ ਸਹਿਮਤੀ ਪ੍ਰਗਟਾਈ ਜਿਸ ਵਿੱਚ ਕੇਂਦਰਿਤ ਥੀਮੈਟਿਕ ਸ਼ਮੂਲੀਅਤ ਸ਼ਾਮਲ ਹੈ। ਇਸ ਦੇ ਨਾਲ ਹੀ ਪੁਲਾੜ ਤੱਕ ਪਹੁੰਚ ਅਤੇ ਪੁਲਾੜੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਉੱਤੇ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਉੱਤੇ ਵੀ ਸਹਿਮਤੀ ਬਣੀ। ਉਨ੍ਹਾਂ ਨੇ ਆਪਣੇ ਸਬੰਧਿਤ ਪੁਲਾੜ ਉਦਯੋਗ ਵਫ਼ਦਾਂ ਦੇ ਹਾਲੀਆ ਆਪਸੀ ਦੌਰਿਆਂ ਉੱਤੇ ਤਸੱਲੀ ਪ੍ਰਗਟਾਈ ਅਤੇ ਤੀਜੇ ਦੇਸ਼ਾਂ ਵਿੱਚ ਵੀ ਮਾਹਿਰਾਂ ਦੇ ਅਦਾਨ-ਪ੍ਰਦਾਨ ਅਤੇ ਸਾਂਝੀਆਂ ਪਹਿਲਕਦਮੀਆਂ ਰਾਹੀਂ ਵਪਾਰਕ ਸਹਿਯੋਗ ਨੂੰ ਹੁਲਾਰਾ ਦੇਣ ਦੀ ਉਮੀਦ ਜਤਾਈ।

ਰੱਖਿਆ

ਦੋਵਾਂ ਪ੍ਰਧਾਨ ਮੰਤਰੀਆਂ ਨੇ ਮੰਤਰੀ ਪੱਧਰੀ ਅਦਾਨ-ਪ੍ਰਦਾਨ, ਫ਼ੌਜਾਂ ਵਿਚਾਲੇ ਸਬੰਧਾਂ ਅਤੇ ਬੰਦਰਗਾਹਾਂ ਦੇ ਦੌਰਿਆਂ ਸਮੇਤ ਰੱਖਿਆ ਸਹਿਯੋਗ ਮਜ਼ਬੂਤ ਹੋਣ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਜੁਆਇੰਟ ਡੈਕਲੇਰੇਸ਼ਨ ਆਫ ਇੰਟੈਂਟ ਅਤੇ ਰੱਖਿਆ ਉਦਯੋਗਿਕ ਰੋਡਮੈਪ ਅਪਣਾਉਣ ਦਾ ਸਵਾਗਤ ਕੀਤਾ, ਜੋ ਤਕਨੀਕੀ ਸਹਿਯੋਗ, ਸਹਿ-ਉਤਪਾਦਨ ਅਤੇ ਸਹਿ-ਵਿਕਾਸ ਪ੍ਰੋਜੈਕਟਾਂ ਲਈ ਭਾਈਵਾਲੀ ਨੂੰ ਹੁਲਾਰਾ ਦੇਵੇਗਾ। ਇਨ੍ਹਾਂ ਵਿੱਚ ਹੈਲੀਕਾਪਟਰ, ਜਲ ਸੈਨਾ ਪਲੇਟਫਾਰਮ, ਸਮੁੰਦਰੀ ਹਥਿਆਰ ਪ੍ਰਣਾਲੀਆਂ ਅਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਸ਼ਾਮਲ ਹਨ। ਉਨ੍ਹਾਂ ਨੇ ਉਦਯੋਗਿਕ ਮਜ਼ਬੂਤੀ ਰਾਹੀਂ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਉਸ ਨਾਲ ਜੁੜੀਆਂ ਸਪਲਾਈ ਚੇਨਾਂ ਦੀ ਸੁਰੱਖਿਆ ਦੀ ਮਹੱਤਤਾ ਨੂੰ ਵੀ ਸਵੀਕਾਰ ਕੀਤਾ।

ਦੋਵੇਂ ਧਿਰਾਂ ਸਾਂਝੀ ਰੱਖਿਆ ਕਮੇਟੀ ਅਤੇ ਮਿਲਟਰੀ ਕੋਆਪ੍ਰੇਸ਼ਨ ਗਰੁੱਪ ਦੇ ਕੰਮ ਦੇ ਪੂਰਕ ਵਜੋਂ ਸਾਲਾਨਾ ਉੱਚ-ਪੱਧਰੀ ਮਿਲਟਰੀ ਢਾਂਚਾਗਤ ਸੰਵਾਦ ਸਥਾਪਤ ਕਰਨ ਦੀ ਸੰਭਾਵਨਾ ਵਿਚਾਰਨ ਅਤੇ ਸਾਂਝੇ ਅਭਿਆਸਾਂ ਤੇ ਇੰਟਰ-ਫੋਰਸ ਕੋਰਸਾਂ ਨੂੰ ਹੁਲਾਰਾ ਦੇਣ ਉੱਤੇ ਸਹਿਮਤ ਹੋਈਆਂ।

ਦੋਵਾਂ ਆਗੂਆਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ, ਤਾਲਮੇਲ ਅਤੇ ਸਮੁੰਦਰੀ ਖੇਤਰ ਵਿੱਚ ਜਾਣਕਾਰੀ ਅਤੇ ਬਿਹਤਰੀਨ ਅਭਿਆਸਾਂ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਦੇ ਉਦੇਸ਼ ਨਾਲ ਸਮੁੰਦਰੀ ਸੁਰੱਖਿਆ ਸੰਵਾਦ ਸ਼ੁਰੂ ਕਰਨ ਉੱਤੇ ਸਹਿਮਤੀ ਪ੍ਰਗਟਾਈ।

ਸੁਰੱਖਿਆ

ਦੋਵਾਂ ਆਗੂਆਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਅਤੇ ਹਿੰਸਕ ਕੱਟੜਵਾਦ ਦੀ ਸਖ਼ਤ ਨਿੰਦਾ ਕੀਤੀ। ਦੋਵਾਂ ਆਗੂਆਂ ਨੇ ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਅੱਤਵਾਦੀਆਂ, ਅੱਤਵਾਦੀ ਸਮੂਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 1267 ਪਾਬੰਦੀ ਪ੍ਰਣਾਲੀ ਵਿੱਚ ਸੂਚੀਬੱਧ ਲੋਕ ਸ਼ਾਮਲ ਹਨ, ਦੇ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫਏਟੀਐੱਫ) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਅਤੇ ਬੁਨਿਆਦੀ ਢਾਂਚੇ ਨੂੰ ਖ਼ਤਮ ਕਰਨ, ਅੱਤਵਾਦੀ ਨੈੱਟਵਰਕਾਂ ਨੂੰ ਰੋਕਣ ਅਤੇ ਅੱਤਵਾਦ ਦੀ ਫੰਡਿੰਗ ਨਾਲ ਨਜਿੱਠਣ ਲਈ ਕੰਮ ਜਾਰੀ ਰੱਖਣ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ, ਐੱਫਏਟੀਐੱਫ ਅਤੇ ਹੋਰ ਬਹੁ-ਪੱਖੀ ਮੰਚਾਂ ਉੱਤੇ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

ਦੋਵਾਂ ਆਗੂਆਂ ਨੇ ਅੱਤਵਾਦ ਦੀ ਫੰਡਿੰਗ ਦਾ ਮੁਕਾਬਲਾ ਕਰਨ ਲਈ ਭਾਰਤ ਅਤੇ ਇਟਲੀ ਵਿਚਕਾਰ ਸਥਾਈ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਅਤੇ ਅੱਤਵਾਦ-ਵਿਰੋਧੀ ਸਾਂਝੇ ਕਾਰਜ ਸਮੂਹ ਦੀ ਆਗਾਮੀ ਮੀਟਿੰਗ ਦਾ ਸਵਾਗਤ ਕੀਤਾ।

ਦੋਵਾਂ ਆਗੂਆਂ ਨੇ ਇਟਲੀ ਦੀ ‘ਗਾਰਡੀਆ ਡੀ ਫਿਨਾਂਜ਼ਾ’ ਅਤੇ ਭਾਰਤ ਦੇ ‘ਇਨਫੋਰਸਮੈਂਟ ਡਾਇਰੈਕਟੋਰੇਟ’ (ਈਡੀ) ਵਿਚਾਲੇ ਸਮਝੌਤਾ ਮੁਕੰਮਲ ਹੋਣ ਦਾ ਸਵਾਗਤ ਕੀਤਾ ਅਤੇ ਖੁਫੀਆ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਆਪਸੀ ਸੁਰੱਖਿਆ ਬਾਰੇ ਸਮਝੌਤੇ ਅਤੇ ਪੁਲਿਸ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਸਮਝੌਤੇ ਦੇ ਜਲਦੀ ਮੁਕੰਮਲ ਹੋਣ ਦੀ ਉਮੀਦ ਜਤਾਈ। ਉਨ੍ਹਾਂ ਨੇ ਹਵਾਲਗੀ ਸੰਧੀ ਅਤੇ ਆਪਸੀ ਕਾਨੂੰਨੀ ਸਹਾਇਤਾ ਸੰਧੀ ਸਮੇਤ ਹੋਰ ਸਮਝੌਤਿਆਂ ਉੱਤੇ ਚੱਲ ਰਹੀ ਚਰਚਾ ਦਾ ਵੀ ਸਵਾਗਤ ਕੀਤਾ।

ਪਰਵਾਸ ਅਤੇ ਮੋਬਿਲਿਟੀ

ਦੋਵਾਂ ਆਗੂਆਂ ਨੇ ਖਾਸ ਤੌਰ ਉੱਤੇ ਐੱਸਟੀਈਐੱਮ ਖੇਤਰਾਂ ਵਿੱਚ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਕੁਸ਼ਲ ਕਾਮਿਆਂ ਦੀ ਆਵਾਜਾਈ ਵਧਾਉਣ ਅਤੇ ਲੇਬਰ ਮਾਰਕਿਟ ਦੀਆਂ ਲੋੜਾਂ ਮੁਤਾਬਕ ਹੁਨਰ ਵਿਕਾਸ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਉੱਤੇ ਸਹਿਮਤੀ ਜਤਾਈ। ਇਸ ਵਿੱਚ ਭਾਰਤ ਤੋਂ ਇਟਲੀ ਜਾਣ ਵਾਲੀਆਂ ਨਰਸਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਸਬੰਧੀ ਵਿਸ਼ੇਸ਼ ਸੰਯੁਕਤ ਆਸ਼ੇ ਘੋਸ਼ਣਾ ਵੀ ਸ਼ਾਮਲ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸਬੰਧਿਤ ਏਜੰਸੀਆਂ ਵਿਚਕਾਰ ਸਮਾਜਿਕ ਸੁਰੱਖਿਆ ਸਮਝੌਤੇ (ਐੱਸਐੱਸਏ) ਉੱਤੇ ਜਾਰੀ ਚਰਚਾ ਦਾ ਸਵਾਗਤ ਕੀਤਾ।

ਉਨ੍ਹਾਂ ਨੇ “ਆਈਸੀਆਈ- ਇਟਲੀ ਕਾਲਸ ਇੰਡੀਆ: ਏ ਯੂਨੀਵਰਸਿਟੀ-ਐਂਟਰਪ੍ਰਾਈਜ਼ ਟੈਲੈਂਟ ਬ੍ਰਿਜ” ਪਹਿਲਕਦਮੀ ਦੀ ਸ਼ੁਰੂਆਤ ਦਾ ਸਵਾਗਤ ਕੀਤਾ, ਜਿਸ ਦਾ ਉਦੇਸ਼ ਇਤਾਲਵੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਮਾਰਗਦਰਸ਼ਨ ਕਰਨਾ, ਢੁਕਵੇਂ ਮੌਕਿਆਂ ਨਾਲ ਜੋੜਨਾ ਅਤੇ ਇਤਾਲਵੀ ਉੱਦਮਾਂ ਵਿੱਚ ਯੋਗ ਏਕੀਕਰਨ ਦੇ ਠੋਸ ਰਸਤੇ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਨੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਯਕੀਨੀ ਬਣਾਉਣ ਲਈ ਗ਼ੈਰ-ਕਾਨੂੰਨੀ ਪਰਵਾਸ, ਮਜ਼ਦੂਰਾਂ ਦੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਖ਼ਿਲਾਫ਼ ਲੜਨ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸੰਭਾਵਨਾ ਉੱਤੇ ਵੀ ਚਰਚਾ ਕੀਤੀ।

ਸਭਿਆਚਾਰਕ ਅਤੇ ਵਿਦਿਅਕ ਅਦਾਨ-ਪ੍ਰਦਾਨ

ਦੋਵਾਂ ਆਗੂਆਂ ਨੇ ਸਭਿਆਚਾਰ ਨੂੰ ਦੁਵੱਲੇ ਸੰਵਾਦ ਦੇ ਪ੍ਰਮੁੱਖ ਥੰਮ੍ਹ ਵਜੋਂ ਉਜਾਗਰ ਕੀਤਾ ਅਤੇ ਲੋਥਲ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਦੇ ਵਿਕਾਸ ਵਿੱਚ ਇਟਲੀ ਦੀ ਭਾਈਵਾਲੀ ਦੇ ਸਬੰਧ ਵਿੱਚ ਸਮਝੌਤੇ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਨੇ 2026 ਵਿੱਚ ਵੇਨਿਸ ਆਰਟ ਬਿਏਨਾਲੇ ਵਿੱਚ ਭਾਰਤੀ ਰਾਸ਼ਟਰੀ ਪੈਵੇਲੀਅਨ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ 2027 ਨੂੰ “ਭਾਰਤ ਅਤੇ ਇਟਲੀ ਵਿਚਾਲੇ ਸਭਿਆਚਾਰ ਅਤੇ ਸੈਰ-ਸਪਾਟਾ ਵਰ੍ਹੇ” ਵਜੋਂ ਮਨਾਉਣ ਦੀ ਇੱਛਾ ਪ੍ਰਗਟਾਈ। ਇਸ ਤਹਿਤ ਵੱਖ-ਵੱਖ ਪਹਿਲਕਦਮੀਆਂ ਦਾ ਵਿਆਪਕ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਭਾਰਤ ਅਤੇ ਇਟਲੀ ਦੇ ਪ੍ਰਾਚੀਨ ਸਭਿਆਚਾਰਕ ਸਬੰਧਾਂ ਉੱਤੇ ਇੱਕ ਵੱਡੀ ਪ੍ਰਦਰਸ਼ਨੀ ਦੇ ਆਯੋਜਨ ਦਾ ਰਾਹ ਪੱਧਰਾ ਹੋਵੇਗਾ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਭਿਆਚਾਰ ਮੰਤਰਾਲੇ ਸਾਂਝੇ ਤੌਰ ਉੱਤੇ ਕਰਵਾਉਣਗੇ।

ਦੋਵਾਂ ਆਗੂਆਂ ਨੇ ਸੰਸਥਾਵਾਂ, ਮਾਹਿਰਾਂ ਅਤੇ ਰਚਨਾਤਮਕ ਉਦਯੋਗਾਂ ਦੇ ਨੁਮਾਇੰਦਿਆਂ ਨੂੰ ਇੱਕ ਮੰਚ ਉੱਤੇ ਲਿਆਉਣ ਲਈ ਇੱਕ ਇਟਲੀ-ਭਾਰਤ ਸਭਿਆਚਾਰਕ ਮੰਚ ਦੇ ਗਠਨ ਨੂੰ ਉਤਸ਼ਾਹਿਤ ਕੀਤਾ। ਦੋਵਾਂ ਆਗੂਆਂ ਨੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਭਾਰਤੀ ਅਤੇ ਇਤਾਲਵੀ ਸਥਾਨਾਂ ਵਿਚਕਾਰ ਟਵਿਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ, ਜਿਸ ਦਾ ਉਦੇਸ਼ ਸਭਿਆਚਾਰਕ ਵਿਰਾਸਤ ਦੀ ਸੰਭਾਲ, ਤਰੱਕੀ ਅਤੇ ਪ੍ਰਬੰਧਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

ਦੋਵੇਂ ਆਗੂ ਦੋਵਾਂ ਦੇਸ਼ਾਂ ਵਿਚਾਲੇ ਫ਼ਿਲਮ ਅਤੇ ਆਡੀਓ-ਵਿਜ਼ੂਅਲ ਸਹਿਯੋਗ ਨੂੰ ਹੋਰ ਵਿਕਸਤ ਕਰਨ ਉੱਤੇ ਸਹਿਮਤ ਹੋਏ, ਜੋ ਉਨ੍ਹਾਂ ਦੇ ਉਦਯੋਗਾਂ ਦੀ ਤਾਕਤ ਅਤੇ ਨਵੀਨਤਾਕਾਰੀ ਸਮਰੱਥਾਵਾਂ ਦੇ ਨਾਲ-ਨਾਲ ਦੁਵੱਲੇ ਸਹਿ-ਉਤਪਾਦਨ ਸਮਝੌਤੇ ਵੱਲੋਂ ਪ੍ਰਦਾਨ ਕੀਤੇ ਗਏ ਕਾਨੂੰਨੀ ਢਾਂਚੇ ਉੱਤੇ ਆਧਾਰਿਤ ਹੈ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਉੱਚ ਸਿੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਇੱਛਾ ਦੁਹਰਾਈ ਅਤੇ ਉੱਚ ਸਿੱਖਿਆ ਅਤੇ ਖੋਜ ਉੱਤੇ ਭਾਰਤ-ਇਟਲੀ ਰੋਡਮੈਪ ਨੂੰ ਅਪਣਾਉਣ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੀਆਂ ਯੂਨੀਵਰਸਿਟੀਆਂ ਅਤੇ ਉੱਘੀਆਂ ਸੰਸਥਾਵਾਂ ਨੂੰ ਭਾਰਤ ਦੀ ਨਵੀਂ ਸਿੱਖਿਆ ਨੀਤੀ ਤਹਿਤ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣ ਦਾ ਸੱਦਾ ਦਿੱਤਾ।

ਭਾਰਤ-ਯੂਰੋਪੀਅਨ ਯੂਨੀਅਨ ਸਬੰਧ

ਆਗੂਆਂ ਨੇ 27 ਜਨਵਰੀ, 2026 ਨੂੰ ਭਾਰਤ-ਯੂਰੋਪੀਅਨ ਯੂਨੀਅਨ ਸਿਖਰ ਸੰਮੇਲਨ ਵਿੱਚ ਸਹਿਮਤ ਹੋਏ ਨਵੇਂ ਸਾਂਝੇ ਭਾਰਤ-ਯੂਰੋਪੀਅਨ ਯੂਨੀਅਨ ਵਿਆਪਕ ਰਣਨੀਤਕ ਏਜੰਡੇ ਅਤੇ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਦੇ ਸਫਲ ਮੁਕੰਮਲ ਹੋਣ ਦਾ ਸਵਾਗਤ ਕੀਤਾ। ਇਹ ਸਮਝੌਤਾ ਮਾਰਕਿਟ ਤੱਕ ਪਹੁੰਚ ਵਧਾਉਣ, ਵਪਾਰਕ ਰੁਕਾਵਟਾਂ ਨੂੰ ਘਟਾਉਣ ਅਤੇ ਵਿਵਿਧ ਮੁੱਲ ਲੜੀਆਂ ਅਤੇ ਨਵੇਂ ਬਾਜ਼ਾਰ ਮੌਕਿਆਂ ਰਾਹੀਂ ਆਰਥਿਕ ਸੁਰੱਖਿਆ ਅਤੇ ਮਜ਼ਬੂਤੀ ਨੂੰ ਦ੍ਰਿੜ੍ਹ ਕਰਕੇ ਸਬੰਧਾਂ ਨੂੰ ਨਵੀਆਂ ਉਚਾਈਆਂ ਉੱਤੇ ਲੈ ਜਾਵੇਗਾ।

ਉਨ੍ਹਾਂ ਨੇ ਵਪਾਰ, ਮਹੱਤਵਪੂਰਨ ਤਕਨੀਕਾਂ ਅਤੇ ਆਰਥਿਕ ਸੁਰੱਖਿਆ ਵਿੱਚ ਸਹਿਯੋਗ ਦੇ ਪ੍ਰਮੁੱਖ ਮੰਚ ਵਜੋਂ ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਅਤੇ ਟੈਕਨੋਲੋਜੀ ਪ੍ਰੀਸ਼ਦ ਨੂੰ ਮਜ਼ਬੂਤ ਕਰਨ ਦੇ ਸਮਰਥਨ ਦੀ ਮੁੜ ਪੁਸ਼ਟੀ ਕੀਤੀ। ਆਗੂਆਂ ਨੇ ਭਾਰਤ-ਯੂਰੋਪੀਅਨ ਯੂਨੀਅਨ ਸੁਰੱਖਿਆ ਅਤੇ ਰੱਖਿਆ ਭਾਈਵਾਲੀ ਦਾ ਸਵਾਗਤ ਕੀਤਾ ਅਤੇ ਮੋਬਿਲਿਟੀ ਸਹਿਯੋਗ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਵਿਆਪਕ ਮੋਬਿਲਿਟੀ ਢਾਂਚੇ ਉੱਤੇ ਸਮਝੌਤਾ ਵੀ ਸ਼ਾਮਲ ਹੈ।

ਬਹੁ-ਪੱਖੀ ਸਹਿਯੋਗ

ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਨੂੰ ਵਧੇਰੇ ਪ੍ਰਤੀਨਿਧਤਾ ਵਾਲਾ ਅਤੇ ਮੌਜੂਦਾ ਆਲਮੀ ਹਕੀਕਤਾਂ ਦੇ ਅਨੁਕੂਲ ਬਣਾਉਣ ਲਈ ਉਸ ਵਿੱਚ ਤੁਰੰਤ ਸੁਧਾਰ ਦੀ ਲੋੜ ਉੱਤੇ ਜ਼ੋਰ ਦਿੱਤਾ।

ਦੋਵਾਂ ਆਗੂਆਂ ਨੇ ਬਹੁ-ਪੱਖਵਾਦ ਦੀ ਰਾਖੀ ਕਰਨ ਅਤੇ ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਬਣਾਈ ਰੱਖਣ ਲਈ ਸੰਯੁਕਤ ਰਾਸ਼ਟਰ ਅਤੇ ਜੀ20 ਸਮੇਤ ਹੋਰ ਆਲਮੀ ਮੰਚਾਂ ਉੱਤੇ ਮਿਲ ਕੇ ਕੰਮ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

ਅਫ਼ਰੀਕਾ ਨੂੰ ਦੋਵਾਂ ਦੇਸ਼ਾਂ ਵੱਲੋਂ ਦਿੱਤੀ ਜਾਣ ਵਾਲੀ ਰਣਨੀਤਕ ਤਰਜੀਹ ਨੂੰ ਸਵੀਕਾਰ ਕਰਦਿਆਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਅਫਰੀਕਾ ਵਿੱਚ ਭਾਰਤ ਦੀ ਵਿਕਾਸ ਭਾਈਵਾਲੀ ਅਤੇ ਇਟਲੀ ਦੀ ‘ਮੈਟੇਈ ਯੋਜਨਾ’ ਦੇ ਅਨੁਕੂਲ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀਪੀਆਈ), ਖੇਤੀਬਾੜੀ, ਸਿੱਖਿਆ, ਸਿਹਤ ਸੰਭਾਲ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿੱਚ ਅਫ਼ਰੀਕੀ ਭਾਈਵਾਲਾਂ ਨਾਲ ਤਿਕੋਣੀਆਂ ਪਹਿਲਕਦਮੀਆਂ ਵਿੱਚ ਮਿਲ ਕੇ ਕੰਮ ਕਰਨ ਉੱਤੇ ਸਹਿਮਤੀ ਪ੍ਰਗਟਾਈ।

ਆਗੂਆਂ ਨੇ ਯੂਐੱਨਸੀਐੱਲਓਐੱਸ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਕੂਲ, ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਖੁਸ਼ਹਾਲ ਇੰਡੋ-ਪੈਸੀਫਿਕ (ਹਿੰਦ-ਪ੍ਰਸ਼ਾਂਤ) ਖੇਤਰ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ। ਉਨ੍ਹਾਂ ਨੇ ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ ਦੇ ਵਿਗਿਆਨ ਅਤੇ ਟੈਕਨੋਲੋਜੀ ਅਤੇ ਅਕਾਦਮਿਕ ਸਹਿਯੋਗ ਥੰਮ੍ਹ ਵਿੱਚ ਆਪਣੀ ਨਿਰੰਤਰ ਭਾਈਵਾਲੀ ਦੀ ਉਮੀਦ ਜਤਾਈ।

ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ/ਮੱਧ ਪੂਰਬ ਦੀ ਸਥਿਤੀ ਅਤੇ ਇਸ ਦੇ ਖੇਤਰ ਅਤੇ ਵਿਸ਼ਵ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਡੂੰਘੀ ਚਿੰਤਾ ਪ੍ਰਗਟਾਈ। ਆਗੂਆਂ ਨੇ 8 ਅਪ੍ਰੈਲ, 2026 ਨੂੰ ਐਲਾਨੀ ਜੰਗਬੰਦੀ ਦਾ ਸਵਾਗਤ ਕੀਤਾ ਅਤੇ ਪੱਛਮੀ ਏਸ਼ੀਆ/ਮੱਧ ਪੂਰਬ ਵਿੱਚ ਸਥਾਈ ਸ਼ਾਂਤੀ ਲਈ ਤਣਾਅ ਘਟਾਉਣ, ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹੋਰਮੁਜ਼ ਜਲਡਮਰੂ ਰਾਹੀਂ ਆਵਾਜਾਈ ਦੀ ਸੁਤੰਤਰਤਾ ਅਤੇ ਆਲਮੀ ਸਪਲਾਈ ਦੇ ਆਮ ਪ੍ਰਵਾਹ ਨੂੰ ਮੁੜ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ।

ਦੋਵਾਂ ਆਗੂਆਂ ਨੇ ਯੂਕਰੇਨ ਵਿੱਚ ਜਾਰੀ ਜੰਗ ਉੱਤੇ ਚਿੰਤਾ ਪ੍ਰਗਟਾਈ, ਜੋ ਲਗਾਤਾਰ ਬਹੁਤ ਜ਼ਿਆਦਾ ਮਨੁੱਖੀ ਦੁੱਖਾਂ ਅਤੇ ਨਕਾਰਾਤਮਕ ਆਲਮੀ ਨਤੀਜਿਆਂ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਦੇ ਅਨੁਕੂਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਯੂਕਰੇਨ ਵਿੱਚ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਸਥਾਪਤ ਕਰਨ ਦੇ ਯਤਨਾਂ ਦਾ ਸਮਰਥਨ ਜਾਰੀ ਰੱਖਣ ਉੱਤੇ ਸਹਿਮਤੀ ਪ੍ਰਗਟਾਈ।

ਸਿੱਟਾ

ਭਾਰਤ-ਇਟਲੀ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪ੍ਰਭਾਵਸ਼ਾਲੀ ਵਿਕਾਸ ਅਤੇ ਗੂੜ੍ਹੇ ਹੁੰਦੇ ਸਬੰਧਾਂ ਨੂੰ ਉਜਾਗਰ ਕਰਦਿਆਂ ਦੋਵਾਂ ਆਗੂਆਂ ਨੇ ਸਾਰੇ ਖੇਤਰਾਂ ਵਿੱਚ ਸਹਿਯੋਗ ਦਾ ਹੋਰ ਵਿਸਤਾਰ ਕਰਨ ਅਤੇ ਪ੍ਰਮੁੱਖ ਆਲਮੀ ਅਤੇ ਖੇਤਰੀ ਘਟਨਾਕ੍ਰਮਾਂ ਉੱਤੇ ਉੱਚ-ਪੱਧਰੀ ਨੇੜਲੀ ਸਲਾਹ-ਮਸ਼ਵਰਾ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਅਤੇ ਸ਼ਾਨਦਾਰ ਮਹਿਮਾਨ-ਨਿਵਾਜ਼ੀ ਲਈ ਪ੍ਰਧਾਨ ਮੰਤਰੀ ਮੈਲੋਨੀ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਮੈਲੋਨੀ ਨੂੰ ਆਪਸੀ ਸਹੂਲਤ ਵਾਲੇ ਸਮੇਂ ਉੱਤੇ ਭਾਰਤ ਆਉਣ ਦਾ ਸੱਦਾ ਦਿੱਤਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
e-Jagriti: Reimagining consumer justice for a Digital India

Media Coverage

e-Jagriti: Reimagining consumer justice for a Digital India
NM on the go

Nm on the go

Always be the first to hear from the PM. Get the App Now!
...
Prime Minister greets President of the United States on the 250th anniversary of the United States' independence
July 04, 2026

The Prime Minister, Shri Narendra Modi, extended greetings to the President of the United States, Mr. Donald J. Trump, and the people of the United States on the historic occasion of the 250th anniversary of the country's independence. Shri Modi underscored the enduring strength of the India–United States partnership. He noted that the relationship between the two democracies extends beyond a strategic partnership and is anchored in shared values of democracy, the rule of law and faith in the limitless potential of their people.

The Prime Minister posted on X:

On behalf of 1.4 billion Indians, I extend my warmest congratulations to President Trump and the people of the United States on the historic 250th anniversary of your Independence.

India and the United States share more than a strategic partnership. Our shared belief in democracy, rule of law and the limitless potential of our people make our friendship a force for global good.

May the next 250 years bring even greater prosperity, peace and progress for America and take the India-US partnership to new heights.

@POTUS
@realDonaldTrump