ਸਿਹਤ ਸੇਵਾਵਾਂ, ਹਵਾਬਾਜ਼ੀ, ਸੈਰ-ਸਪਾਟੇ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ਦੀ ਸ਼ੁਰੂਆਤ ਨਾਲ ਦਮਨ ਨੂੰ ਵਿਕਾਸ ਦੀ ਨਵੀਂ ਰਫ਼ਤਾਰ ਮਿਲੀ ਹੈ; ਇਹ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਭਰ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਗੀਆਂ: ਪ੍ਰਧਾਨ ਮੰਤਰੀ
ਅੱਜ ਜਾਰੀ ਕੀਤੇ ਗਏ ਅੰਕੜੇ ਸਪਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਭਾਰਤ ਦੀ ਅਰਥ-ਵਿਵਸਥਾ ਦੀ ਨੀਂਹ ਕਿੰਨੀ ਮਜ਼ਬੂਤ ਹੈ; ਸਾਲ 2025–26 ਵਿੱਚ ਭਾਰਤ ਨੇ 7.7 ਪ੍ਰਤੀਸ਼ਤ ਦੀ ਵਿਕਾਸ ਦਰ ਹਾਸਲ ਕੀਤੀ ਅਤੇ ਪਿਛਲੀ ਤਿਮਾਹੀ, ਜੋ 31 ਮਾਰਚ ਨੂੰ ਸਮਾਪਤ ਹੋਈ, ਉਸ ਵਿੱਚ ਭਾਰਤ ਦੀ ਵਿਕਾਸ ਦਰ 7.8 ਪ੍ਰਤੀਸ਼ਤ ਰਹੀ: ਪ੍ਰਧਾਨ ਮੰਤਰੀ
ਵਿਸ਼ਵ ਪੱਧਰੀ ਗੰਭੀਰ ਸੰਕਟ ਦੇ ਬਾਵਜੂਦ, 140 ਕਰੋੜ ਨਾਗਰਿਕਾਂ ਦੇ ਸਾਂਝੇ ਯਤਨਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਨਾ ਸਿਰਫ਼ ਆਪਣੇ ਆਪ ਨੂੰ ਕਾਇਮ ਰੱਖ ਰਿਹਾ ਹੈ, ਸਗੋਂ ਮੋਹਰੀ ਰਹਿਣ ਦੀ ਆਪਣੀ ਕੋਸ਼ਿਸ਼ ਵਿੱਚ ਸਫਲ ਵੀ ਹੋ ਰਿਹਾ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਸਿਹਤ ਨੂੰ ਕਿੰਨੀ ਤਰਜੀਹ ਦਿੰਦੀ ਹੈ, ਇਹ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਨਤੀਜਿਆਂ ਤੋਂ ਸਪਸ਼ਟ ਹੁੰਦਾ ਹੈ; ਪਹਿਲਾਂ ਭਾਰਤ ਵਿੱਚ ਜ਼ਿਆਦਾਤਰ ਬੱਚਿਆਂ ਦੇ ਜਨਮ ਹਸਪਤਾਲਾਂ ਵਿੱਚ ਨਹੀਂ ਹੁੰਦੇ ਸਨ; ਅੱਜ ਦੇਸ਼ ਵਿੱਚ 90 ਪ੍ਰਤੀਸ਼ਤ ਤੋਂ ਵੱਧ ਜਨਮ ਹਸਪਤਾਲਾਂ ਵਿੱਚ ਹੋ ਰਹੇ ਹਨ: ਪ੍ਰਧਾਨ ਮੰਤਰੀ
ਮਿਸ਼ਨ ਇੰਦਰਧਨੁਸ਼ ਕਾਰਨ ਭਾਰਤ ਨੇ ਬੱਚਿਆਂ ਦੇ ਟੀਕਾਕਰਨ ਵਿੱਚ ਮਜ਼ਬੂਤ ਪ੍ਰਗਤੀ ਦਰਜ ਕੀਤੀ ਹੈ; 2014 ਤੋਂ ਪਹਿਲਾਂ ਸਿਰਫ਼ 60 ਪ੍ਰਤੀਸ਼ਤ ਬੱਚਿਆਂ ਦਾ ਪੂਰਾ ਟੀਕਾਕਰਨ ਹੁੰਦਾ ਸੀ; ਅੱਜ ਇਹ ਅੰਕੜਾ ਲਗਭਗ 90 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ: ਪ੍ਰਧਾਨ ਮੰਤਰੀ

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਦੇ ਪ੍ਰਸ਼ਾਸਕ ਪ੍ਰਫੁਲ ਭਾਈ ਪਟੇਲ, ਸੰਸਦ ਵਿੱਚ ਮੇਰੀ ਸਹਿਯੋਗੀ ਕਲਾਬੇਨ ਡੇਲਕਰ, ਦਮਨ ਮਿਊਂਸਿਪਲ ਕੌਂਸਲ ਦੀ ਪ੍ਰਧਾਨ ਦੀਪਿਕਾ ਟੰਡੇਲ ਜੀ, ਦਮਨ ਜ਼ਿਲ੍ਹਾ ਪੰਚਾਇਤ ਦੇ ਪ੍ਰਧਾਨ ਧਰਮ ਬਾਬੂ ਪਟੇਲ, ਸਿਲਵਾਸਾ ਮਿਊਂਸਿਪਲ ਕੌਂਸਲ ਦੇ ਪ੍ਰਧਾਨ ਸੋਮਨਾਥ ਦੇਵਰੇ ਜੀ, ਦਾਦਰਾ ਨਗਰ ਹਵੇਲੀ ਜ਼ਿਲ੍ਹਾ ਪੰਚਾਇਤ ਦੀ ਪ੍ਰਧਾਨ ਨਿਸ਼ਾ ਭਾਵਸਾਰ ਜੀ, ਦੀਵ ਮਿਊਂਸਿਪਲ ਕੌਂਸਲ ਦੇ ਪ੍ਰਧਾਨ ਹਰੀਸ਼ ਕਪਾੜੀਆ ਜੀ, ਦੀਵ ਜ਼ਿਲ੍ਹਾ ਪੰਚਾਇਤ ਦੀ ਪ੍ਰਧਾਨ ਕੋਟੀਆ ਰੰਜਿਤਾਬੇਨ ਅਤੇ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ,

ਜਿਵੇਂ ਤੁਸੀਂ ਇੱਥੇ ਇਕੱਠੇ ਹੋਏ ਹੋ, ਉਵੇਂ ਹੀ ਲਕਸ਼ਦੀਪ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਵੀਡੀਓ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ, ਕਿਉਂਕਿ ਅੱਜ ਲਕਸ਼ਦੀਪ ਦੇ ਵਿਕਾਸ ਦੀ ਵੀ ਨਵੀਂ ਸ਼ੁਰੂਆਤ, ਨਵੇਂ ਪ੍ਰੋਜੈਕਟ, ਜੋ ਪੂਰੇ ਲਕਸ਼ਦੀਪ ਦੇ ਜੀਵਨ ਵਿੱਚ ਇੱਕ ਇਨਕਲਾਬੀ ਕੰਮ ਕਰਨ ਵਾਲਾ ਹੈ, ਉਸ ਲਈ ਵੀ ਕੁਝ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ।

ਸਾਥੀਓ,

ਕੁਝ ਸਾਲ ਪਹਿਲਾਂ, ਜਦੋਂ ਮੈਂ ਤੁਹਾਡੇ ਵਿਚਾਲੇ ਆਇਆ ਸੀ, ਤਾਂ ਮੈਂ ਕਿਹਾ ਸੀ ਕਿ ਸਾਡਾ ਦਮਨ ਤੇਜ਼ੀ ਨਾਲ ‘ਮਿੰਨੀ ਇੰਡੀਆ’ ਬਣ ਰਿਹਾ ਹੈ ਅਤੇ ਅੱਜ ਮੈਂ ਦੇਖ ਰਿਹਾ ਹਾਂ ਕਿ ਖੱਬੇ ਪਾਸੇ ਪੂਰਾ ਬੰਗਾਲ ਹੈ ਅਤੇ ਸੱਜੇ ਪਾਸੇ ਪੂਰਾ ਅਸਾਮ ਹੈ। ਦਮਨ ਮਿੰਨੀ ਇੰਡੀਆ ਦੀ ਜਿਉਂਦੀ-ਜਾਗਦੀ ਮਿਸਾਲ ਬਣ ਚੁੱਕਾ ਹੈ। ਇੱਥੋਂ ਦੀ ਭਿੰਨਤਾ, ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਇੱਥੇ ਰਹਿਣਾ, ਪੂਰੇ ਭਾਰਤ ਦੀ ਸੁੰਦਰ ਝਲਕ ਤੁਹਾਡੇ ਵਿਚਾਲੇ ਆ ਕੇ ਮਿਲ ਜਾਂਦੀ ਹੈ। ਤੁਸੀਂ ਸਾਰੇ ਇੰਨੀ ਵੱਡੀ ਗਿਣਤੀ ਵਿੱਚ ਸਾਨੂੰ ਆਸ਼ੀਰਵਾਦ ਦੇਣ ਆਏ, ਮੈਂ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਭਰਾਵੋ ਅਤੇ ਭੈਣੋ,

ਮੈਨੂੰ ਕਈ ਵਾਰ ਦਮਨ ਅਤੇ ਦੀਵ ਆਉਣ ਦਾ ਮੌਕਾ ਮਿਲਿਆ ਹੈ। ਦਾਦਰਾ ਅਤੇ ਨਗਰ ਹਵੇਲੀ ਵੀ ਆਉਂਦਾ ਰਹਿੰਦਾ ਹਾਂ ਅਤੇ ਜਦੋਂ ਮੈਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨਹੀਂ ਸੀ, ਉਦੋਂ ਤਾਂ ਬਹੁਤ ਵਾਰ ਆਉਂਦਾ ਸੀ। ਪਰ ਹੁਣ ਜਦੋਂ ਮੈਂ ਇੱਥੇ ਆਉਂਦਾ ਹਾਂ, ਤਾਂ ਇੱਥੋਂ ਦਾ ਸੁਸ਼ਾਸਨ ਦੇਖ ਕੇ, ਗਵਰਨੈਂਸ ਮਾਡਲ ਨੂੰ ਦੇਖ ਕੇ ਬਹੁਤ ਚੰਗਾ ਲੱਗਦਾ ਹੈ। ਹਰ ਵਾਰ ਮੈਨੂੰ ਲੱਗਦਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਇਹ ਖੇਤਰ ਵਿਕਾਸ ਦੇ ਰਾਹ ਉੱਤੇ ਮੀਲਾਂ ਅੱਗੇ ਵਧ ਗਿਆ ਹੈ।

ਸਾਥੀਓ,

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਨੇ ਦਹਾਕਿਆਂ ਤੋਂ ਵਿਕਾਸ ਦੇ ਸੁਪਨੇ ਦੇਖੇ ਸਨ। ਜਿਹੜੇ ਸੁਪਨੇ ਪਹਿਲਾਂ ਦੇਖੇ, ਉਹ ਪੀੜ੍ਹੀਆਂ ਤਾਂ ਚਲੀਆਂ ਗਈਆਂ। ਪਰ ਅੱਜ ਜਿਹੜੀ ਪੀੜ੍ਹੀ ਹੈ, ਉਹ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੀ ਹੈ ਕਿ ਉਨ੍ਹਾਂ ਦੇ ਮਾਂ-ਬਾਪ, ਦਾਦਾ-ਦਾਦੀ ਜੋ ਸੁਪਨੇ ਦੇਖਦੇ ਸਨ, ਉਹ ਅੱਜ ਪੂਰੇ ਹੁੰਦੇ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ। ਅੱਜ ਵੀ ਇੱਥੇ ਕਨੈਕਟੀਵਿਟੀ, ਸਿਹਤ, ਸਿੱਖਿਆ, ਸੈਰ-ਸਪਾਟੇ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਵਿਕਾਸ ਦੇ ਇਹ ਕੰਮ ਦਮਨ ਅਤੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ, ਇੱਥੋਂ ਦੇ ਲੋਕਾਂ ਦੇ ਜੀਵਨ ਨੂੰ ਸੌਖਾ ਬਣਾਉਣਗੇ। ਇਨ੍ਹਾਂ ਨਾਲ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਇਨ੍ਹਾਂ ਕੰਮਾਂ ਪਿੱਛੇ ਪ੍ਰਫੁੱਲ ਭਾਈ ਪਟੇਲ ਦੀ ਦੂਰਅੰਦੇਸ਼ੀ, ਉਨ੍ਹਾਂ ਦੀ ਅਤੇ ਉਨ੍ਹਾਂ ਦੀ ਟੀਮ ਦੀ ਮਿਹਨਤ ਸਾਫ਼ ਨਜ਼ਰ ਆਉਂਦੀ ਹੈ। ਮੈਂ ਇਸ ਲਈ ਵੀ ਪ੍ਰਫੁਲ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਾ ਹਾਂ। ਮੈਂ ਸਾਰਿਆਂ ਨੂੰ, ਲਕਸ਼ਦੀਪ ਦੇ ਲੋਕਾਂ ਨੂੰ, ਦਾਦਰਾ-ਨਗਰ ਹਵੇਲੀ ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਤੁਹਾਡੇ ਵਿਚਾਲੇ ਆਇਆ ਹਾਂ, ਤਾਂ ਇੱਕ ਖ਼ੁਸ਼ਖਬਰੀ ਆਈ ਹੈ। ਮੈਂ ਤਾਂ ਅੱਜ ਸਵੇਰੇ ਦਿੱਲੀ ਤੋਂ ਨਿਕਲ ਚੁੱਕਾ ਸੀ, ਪਰ ਹੁਣੇ ਜੋ ਅੰਕੜੇ ਸਾਹਮਣੇ ਆਏ ਹਨ, ਜੋ ਖ਼ਬਰ ਆਈ ਹੈ, ਉਹ ਸੱਚਮੁੱਚ ਖ਼ੁਸ਼ੀ ਦੇਣ ਵਾਲੀ ਹੈ ਅਤੇ ਮੈਂ ਵੀ ਚਾਹੁੰਦਾ ਹਾਂ ਕਿ ਇਹ ਖ਼ੁਸ਼ੀ ਤੁਹਾਡੇ ਨਾਲ ਵੀ ਸਾਂਝੀ ਕਰਾਂ। ਅੱਜ ਜੋ ਅੰਕੜੇ ਆਏ ਹਨ, ਉਨ੍ਹਾਂ ਤੋਂ ਸਾਫ਼ ਹੈ ਕਿ ਭਾਰਤ ਦੀ ਅਰਥ-ਵਿਵਸਥਾ ਦੀ ਨੀਂਹ ਕਿੰਨੀ ਮਜ਼ਬੂਤ ਹੈ। ਸਾਲ 2025-26 ਵਿੱਚ ਭਾਵ ਜੋ ਵਿੱਤੀ ਸਾਲ ਪਿਛਲਾ ਪੂਰਾ ਹੋਇਆ, ਸਾਲ 2025-26 ਵਿੱਚ ਭਾਰਤ ਨੇ 7.7 ਫ਼ੀਸਦੀ ਦੀ ਵਿਕਾਸ ਦਰ ਹਾਸਲ ਕੀਤੀ ਹੈ, 7.7 ਅਤੇ ਪਿਛਲੀ ਤਿਮਾਹੀ ਜੋ 31 ਮਾਰਚ ਨੂੰ ਖ਼ਤਮ ਹੋਈ, ਉਸ ਵਿੱਚ ਵੀ ਭਾਰਤ ਦੀ ਗਰੋਥ 7.8 ਫ਼ੀਸਦੀ ਰਹੀ ਹੈ, 7.8 ਅਤੇ ਇਹ ਦੁਨੀਆ ਵਿੱਚ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਵਾਲੀ ਵੱਡੀ ਅਰਥ-ਵਿਵਸਥਾ ਹੈ। ਹਰ ਭਾਰਤੀ ਨੂੰ ਮਾਣ ਹੋਵੇ, ਇਹ ਹੈ ਉਸ ਦੀ ਰਫ਼ਤਾਰ। ਅੱਜ ਦੇਸ਼ ਜਿਸ ਰਿਫਾਰਮ (ਸੁਧਾਰ) ਐਕਸਪ੍ਰੈੱਸ ਉੱਤੇ ਚੱਲ ਰਿਹਾ ਹੈ, ਅੱਜ ਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਜੋ ਇੰਨਾ ਵਿਕਾਸ ਹੋ ਰਿਹਾ ਹੈ, ਗ਼ਰੀਬ ਭਲਾਈ ਨੂੰ ਲੈ ਕੇ ਇੰਨੇ ਵੱਡੇ ਪੱਧਰ ਉੱਤੇ ਜੋ ਕੰਮ ਚੱਲ ਰਿਹਾ ਹੈ, ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਅੱਜ ਦੇਸ਼ ਵੱਡੀਆਂ ਅਰਥ-ਵਿਵਸਥਾਵਾਂ ਵਿੱਚ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਸੰਕਟਾਂ ਵਿੱਚ ਘਿਰੀ ਹੋਈ ਹੈ, ਸਾਰੀ ਦੁਨੀਆ ਦੀ ਅਰਥ-ਵਿਵਸਥਾ ਸਵਾਲੀਆ ਨਿਸ਼ਾਨਾਂ ਹੇਠ ਦੱਬੀ ਪਈ ਹੈ। ਆਲਮੀ ਸੰਕਟ ਦੇ ਇਸ ਮਾੜੇ ਤੋਂ ਮਾੜੇ ਦੌਰ ਵਿੱਚ ਵੀ 140 ਕਰੋੜ ਦੇਸ਼ਵਾਸੀਆਂ ਦੇ ਸਾਂਝੇ ਯਤਨਾਂ ਨਾਲ ਭਾਰਤ ਖੁਦ ਨੂੰ ਸੰਭਾਲ ਤਾਂ ਰਿਹਾ ਹੀ ਹੈ, ਸਗੋਂ ਨਾਲ-ਨਾਲ ਸਭ ਤੋਂ ਅੱਗੇ ਰਹਿਣ ਵਿੱਚ ਵੀ ਉਸ ਦੀਆਂ ਕੋਸ਼ਿਸ਼ਾਂ ਸਫ਼ਲ ਹੁੰਦੀਆਂ ਜਾ ਰਹੀਆਂ ਹਨ। ਮੈਂ ਦੇਸ਼-ਵਾਸੀਆਂ ਨੂੰ ਆਰਥਿਕ ਖੇਤਰ ਦੀ ਇਸ ਨਵੀਂ ਬੁਲੰਦੀ ਨੂੰ ਹਾਸਲ ਕਰਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਮੈਂ ਦੇਸ਼ ਨੂੰ ਮੁੜ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ ਦੁਨੀਆ ਭਰ ਵਿੱਚ ਚੱਲ ਰਹੇ ਇਨ੍ਹਾਂ ਸੰਕਟਾਂ ਦਾ ਸਾਹਮਣਾ ਕਰਦਿਆਂ ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ (ਸੁਧਾਰ, ਪ੍ਰਦਰਸ਼ਨ ਅਤੇ ਬਦਲਾਅ) ਦੇ ਰਾਹ ਉੱਤੇ ਅਜਿਹੇ ਹੀ ਦ੍ਰਿੜ੍ਹ ਸੰਕਲਪ ਨਾਲ, ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਹੀ ਰਹੇਗਾ, ਇਹ ਮੇਰੀ ਦੇਸ਼-ਵਾਸੀਆਂ ਨੂੰ ਗਾਰੰਟੀ ਹੈ।

ਸਾਥੀਓ,

ਅੱਜ ਸਾਡੇ ਲਈ ਵਿਕਾਸ ਜਿੰਨਾ ਜ਼ਰੂਰੀ ਹੈ, ਓਨਾ ਹੀ ਅਹਿਮ ਹੈ ਕਿ ਸਾਡੇ ਵਿਕਾਸ ਦਾ ਮਾਡਲ ਟਿਕਾਊ ਹੋਵੇ। ਅੱਜ ਵਿਸ਼ਵ ਵਾਤਾਵਰਣ ਦਿਵਸ ਵਾਲੇ ਦਿਨ ਸਾਡੀ ਯੂਨੀਅਨ ਟੈਰੀਟਰੀ ਇਸ ਸੰਕਲਪ ਨੂੰ ਸਾਕਾਰ ਕਰ ਰਹੀ ਹੈ। ਅੱਜ ਇੱਕ ਪਾਸੇ ਇੱਥੇ ਹਜ਼ਾਰਾਂ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਨਾਲ ਹੀ ਇੱਥੇ ਕਰੀਬ ਇੱਕ ਲੱਖ ਇੱਕ ਰੁੱਖ ਮਾਂ ਦੇ ਨਾਮ, ਇੱਕ ਲੱਖ ਪੌਦੇ ਵੀ ਲਾਏ ਜਾ ਰਹੇ ਹਨ। ਮੈਨੂੰ ਮਾਣ ਹੈ ਕਿ ਇਹ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜਿਸ ਨੇ ਸਰਕਾਰੀ ਇਮਾਰਤਾਂ ਵਿੱਚ ਸੌ ਫ਼ੀਸਦੀ, 100 ਫ਼ੀਸਦੀ ਸੌਰ ਊਰਜਾ ਦੀ ਵਰਤੋਂ ਦੀ ਪ੍ਰਾਪਤੀ ਹਾਸਲ ਕੀਤੀ ਹੈ। ਅੱਜ ਦੀਵ ਵਿੱਚ ਦਿਨ ਵੇਲੇ ਜਿੰਨੀ ਬਿਜਲੀ ਦੀ ਮੰਗ ਹੁੰਦੀ ਹੈ, ਉਹ ਸੋਲਰ ਪਾਵਰ ਤੋਂ ਹੀ ਪੂਰੀ ਹੋ ਰਹੀ ਹੈ ਅਤੇ ਅਸੀਂ ਤਾਂ ਇਸ ਨੂੰ ਹੋਰ ਅੱਗੇ ਲਿਜਾਣਾ ਹੈ। ਘਰਾਂ ਵਿੱਚ ਵੀ ਸੂਰਜੀ ਊਰਜਾ ਨਾਲ ਬਿਜਲੀ ਮਿਲੇ, ਇਹੀ ਨਹੀਂ ਵਾਧੂ ਬਿਜਲੀ ਤੋਂ ਪਰਿਵਾਰ ਦੀ ਆਮਦਨ ਵੀ ਹੋਵੇ, ਇਸ ਲਈ ਛੱਤਾਂ ਉੱਤੇ ਸੋਲਰ ਪਲਾਂਟ ਲਾਉਣ ਦੀ ਪਹਿਲ ਸ਼ੁਰੂ ਹੋਈ ਹੈ। ਮੈਂ ਇਨ੍ਹਾਂ ਪ੍ਰਾਪਤੀਆਂ ਲਈ ਵੀ ਤੁਹਾਡੀ ਸਾਰਿਆਂ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ,

ਨਾਲ-ਨਾਲ ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਦਮਨ ਦੇ ਲੋਕ ਅੱਜ-ਕੱਲ੍ਹ ਇੱਥੇ ਸਵੱਛਤਾ ਮੁਹਿੰਮ ਵੀ ਚਲਾ ਰਹੇ ਹਨ। ਇਹ ਦਰਸਾਉਂਦਾ ਹੈ ਕਿ ਸਫ਼ਾਈ ਕਿਵੇਂ ਦਮਨ ਦੇ ਜਨ-ਜੀਵਨ ਦਾ ਸੰਸਕਾਰ ਬਣ ਚੁੱਕੀ ਹੈ ਅਤੇ ਇਹ ਸੰਸਕਾਰ ਸਫ਼ਾਈ ਵਿੱਚ ਨਜ਼ਰ ਆ ਰਹੇ ਹਨ। ਮੈਂ ਲੋਕਾਂ ਦੀ ਭਾਈਵਾਲੀ ਦੇ ਤੁਹਾਡੇ ਇਨ੍ਹਾਂ ਯਤਨਾਂ ਲਈ ਦਮਨ ਦੇ ਲੋਕਾਂ ਦੀ ਤਾਰੀਫ਼ ਕਰਦਾ ਹਾਂ।

ਸਾਥੀਓ,

ਦਾਦਰਾ ਨਗਰ ਹਵੇਲੀ, ਦਮਨ ਅਤੇ ਦੀਵ, ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦੇ ਨਾਲ ਹੀ ਭਾਰਤ ਦੀ ਪਛਾਣ ਅਤੇ ਵਿਰਾਸਤ ਵੀ ਹਨ। ਇਸ ਲਈ, ਇਸ ਦੇ ਵਿਕਾਸ ਲਈ ਸਾਡੇ ਟੀਚੇ ਵੀ ਸਾਧਾਰਨ ਨਹੀਂ ਹਨ। ਮੈਨੂੰ ਯਾਦ ਹੈ, ਜਦੋਂ ਮੈਂ ਪਿਛਲੇ ਸਾਲ ਸਿਲਵਾਸਾ ਆਇਆ ਸੀ, ਉਦੋਂ ਮੈਂ ਤੁਹਾਨੂੰ ਸਿੰਗਾਪੁਰ ਦੀ ਮਿਸਾਲ ਦਿੱਤੀ ਸੀ। ਮੈਂ ਕਿਹਾ ਸੀ ਕਿ ਇੱਕ ਸਮੇਂ ਸਿੰਗਾਪੁਰ ਮਛੇਰਿਆਂ ਦਾ ਛੋਟਾ ਜਿਹਾ ਪਿੰਡ ਸੀ। ਪਰ, ਸਿੰਗਾਪੁਰ ਦੇ ਲੋਕਾਂ ਨੇ ਇੱਕ ਸੁਪਨਾ ਦੇਖਿਆ, ਉੱਥੋਂ ਦੇ ਲੋਕਾਂ ਨੇ ਵੱਡਾ ਟੀਚਾ ਮਿੱਥਿਆ ਅਤੇ ਅੱਜ ਉਹੀ ਸਿੰਗਾਪੁਰ ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸ ਹੱਬ (ਵਪਾਰਕ ਕੇਂਦਰ) ਬਣ ਚੁੱਕਾ ਹੈ। ਅੱਜ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਵੀ ਉਹੀ ਸੁਪਨਾ ਦੇਖ ਰਹੇ ਹਨ। ਇਹ ਨਮੋ ਏਅਰਪੋਰਟ, ਦਮਨਗੰਗਾ ਨਦੀ ਉੱਤੇ ਬਣਨ ਵਾਲਾ ਆਈਕੋਨਿਕ ਬ੍ਰਿਜ, ‘ਬੀਚ ਫਰੰਟ’ ਅਤੇ ਉਸ ਉੱਤੇ ਬਣਨ ਵਾਲਾ ਕਨਵੈਨਸ਼ਨ ਸੈਂਟਰ, ਅਜਿਹੇ ਸਾਰੇ ਬੁਨਿਆਦੀ ਢਾਂਚਿਆਂ ਰਾਹੀਂ ਅਸੀਂ ਭਵਿੱਖ ਦੇ ਵੱਡੇ ਸੰਕਲਪਾਂ ਦੀ ਨੀਂਹ ਰੱਖ ਰਹੇ ਹਾਂ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਤੁਹਾਡੇ ਲੋਕਾਂ ਦੀ ਆਵਾਜਾਈ ਸੌਖੀ ਹੋਵੇਗੀ। ਇੱਥੇ ਕਾਰੋਬਾਰ ਲਈ ਨਵੀਆਂ ਸੰਭਾਵਨਾਵਾਂ ਬਣਨਗੀਆਂ। ਦਮਨ ਦੇ ਦੋਵਾਂ ਕਿਨਾਰਿਆਂ ਉੱਤੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ।

ਸਾਥੀਓ,

ਇੱਥੇ ਪ੍ਰਾਹੁਣਚਾਰੀ ਅਰਥ-ਵਿਵਸਥਾ ਨਾਲ ਜੁੜੇ ਮੌਕੇ ਵਧਣਗੇ ਅਤੇ ਨਾਲ ਹੀ ਟਰਾਂਸਪੋਰਟ ਨਗਰ ਵਰਗੀ ਸਹੂਲਤ ਨਾਲ ਵਪਾਰ, ਲੌਜਿਸਟਿਕਸ ਨੂੰ ਵੀ ਨਵੀਂ ਗਤੀ ਮਿਲੇਗੀ।

ਸਾਥੀਓ,

ਇਸ ਖੇਤਰ ਵਿੱਚ ਬਲੂ ਇਕੌਨਮੀ ਲਈ ਅਸੀਂ ਜੋ ਵਿਜ਼ਨ ਤਿਆਰ ਕੀਤਾ ਹੈ, ਉਹ ਵਿਜ਼ਨ ਵੀ ਹਾਈ-ਟੈੱਕ ਇਨਫਰਾਸਟ੍ਰਕਚਰ ਦੀ ਤਾਕਤ ਨਾਲ ਹੀ ਸਾਕਾਰ ਹੋਵੇਗਾ। ਇਸੇ ਲਈ, ਲਕਸ਼ਦੀਪ ਦੇ ਕਲਪੇਨੀ ਅਤੇ ਕਦਮਤ ਟਾਪੂਆਂ ਵਿੱਚ ਵੀ ਅੱਜ ਹੀ ਆਧੁਨਿਕ ਪੋਰਟਸ (ਬੰਦਰਗਾਹਾਂ) ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਹ ਸਾਰੀਆਂ ਕੋਸ਼ਿਸ਼ਾਂ ਬਲੂ ਇਕੌਨਮੀ ਵਿੱਚ ਦੇਸ਼ ਦੀ ਤਾਕਤ ਵਧਾਉਣਗੀਆਂ ਅਤੇ ਜਿਵੇਂ ਮੈਂ ਕਿਹਾ ਇਹ ਲਕਸ਼ਦੀਪ ਦੀ ਕਿਸਮਤ ਬਦਲਣ ਵਾਲੇ ਉਪਰਾਲੇ ਹਨ।

ਸਾਥੀਓ,

ਭਾਜਪਾ ਦੀ ਸਰਕਾਰ ਵਿੱਚ, ਐੱਨਡੀਏ ਦੀ ਸਾਡੀ ਸਰਕਾਰ ਵਿੱਚ ਸਾਡੇ ਲਈ ਵਿਕਾਸ ਦੀ ਪਹਿਲੀ ਕਸੌਟੀ ਹੈ- ਗ਼ਰੀਬ, ਵਾਂਝੇ, ਆਦਿਵਾਸੀ ਅਤੇ ਮੱਧ ਵਰਗ ਦੇ ਜੀਵਨ ਵਿੱਚ ਬਦਲਾਅ! ਇਸ ਲਈ, ਸਿਹਤ ਖੇਤਰ ਸਾਡੀ ਬਹੁਤ ਵੱਡੀ ਤਰਜੀਹ ਹੈ। ਪਿਛਲੇ ਸਾਲਾਂ ਵਿੱਚ ਦੇਸ਼ ਹੈਲਥ ਕੇਅਰ ਲਈ ਸਰਬਪੱਖੀ ਵਿਜ਼ਨ ਲੈ ਕੇ ਅੱਗੇ ਵਧਿਆ। ਅਸੀਂ ਇਲਾਜ ਨਾਲ ਜੁੜੀ ਹਰ ਚਿੰਤਾ ਦਾ ਹੱਲ ਕੀਤਾ ਹੈ। ਅੱਜ ਗ਼ਰੀਬ ਤੋਂ ਗ਼ਰੀਬ ਕੋਲ ਵੀ ਆਯੁਸ਼ਮਾਨ ਕਾਰਡ ਦੀ ਸਹੂਲਤ ਹੈ। ਉਨ੍ਹਾਂ ਕੋਲ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਭਰੋਸਾ ਹੈ। ਬਿਮਾਰੀ ਦੀ ਸਮੇਂ ਸਿਰ ਜਾਂਚ ਹੋ ਸਕੇ, ਇਸ ਲਈ, ਪ੍ਰਧਾਨ ਮੰਤਰੀ ਆਯੁਸ਼ਮਾਨ ਆਰੋਗਿਆ ਮੰਦਰਾਂ ਦਾ ਪ੍ਰਬੰਧ ਹੈ। ਜਨ ਔਸ਼ਧੀ ਕੇਂਦਰਾਂ ਰਾਹੀਂ ਸਸਤੀਆਂ ਦਵਾਈਆਂ ਵੀ ਮਿਲ ਰਹੀਆਂ ਹਨ। ਇਹ ਸਹੂਲਤਾਂ ਹੋਰ ਬਿਹਤਰ ਹੋਣ ਅਤੇ ਆਧੁਨਿਕ ਹੋਣ, ਇਸਦੇ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਰਾਹੀਂ ਅੱਜ ਸਿਹਤ ਸੇਵਾਵਾਂ ਨੂੰ ਟੈਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ।

ਸਾਥੀਓ,

ਆਯੁਸ਼ਮਾਨ ਕਾਰਡ ਅਤੇ ਜਨ ਔਸ਼ਧੀ ਕੇਂਦਰਾਂ ਨਾਲ ਹੀ ਗ਼ਰੀਬ ਅਤੇ ਮੱਧ ਵਰਗ ਦੇ ਕਰੀਬ ਸਵਾ ਦੋ ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ।

ਭਰਾਵੋ ਅਤੇ ਭੈਣੋ,

ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਬਹੁਤ ਲਾਭ ਇਸ ਖੇਤਰ ਦੇ ਲੋਕਾਂ ਨੂੰ ਵੀ ਹੋਇਆ ਹੈ। ਇੱਕ ਸਮਾਂ ਸੀ ਇੱਥੇ ਇਲਾਜ ਦੀਆਂ ਚੰਗੀਆਂ ਸਹੂਲਤਾਂ ਦੀ ਵੀ ਘਾਟ ਸੀ। ਇੱਥੇ ਮੈਡੀਕਲ ਕਾਲਜ ਤੱਕ ਨਹੀਂ ਸੀ। ਪਰ, ਹੁਣ ਮੈਡੀਕਲ ਕਾਲਜ ਵੀ ਹੈ ਅਤੇ ਉਸ ਵਿੱਚ ਪੋਸਟ-ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਸ਼ੁਰੂ ਹੋ ਗਈ ਹੈ। ਸਿਲਵਾਸਾ ਦਾ ਨਮੋ ਹਸਪਤਾਲ ਪਿਛਲੇ ਸਾਲ ਤੋਂ ਹਜ਼ਾਰਾਂ ਲੋਕਾਂ ਦੀ ਸੇਵਾ ਕਰ ਰਿਹਾ ਹੈ। ਅੱਜ ਦਮਨ ਵਿੱਚ ਵੀ ਨਮੋ ਹਸਪਤਾਲ ਦਾ ਉਦਘਾਟਨ ਹੋਇਆ ਹੈ। ਇਸ ਖੇਤਰ ਦੇ ਲੋਕਾਂ ਨੂੰ ਵੀ ਹੁਣ ਹੋਰ ਬਿਹਤਰ ਹੈਲਥ ਕੇਅਰ ਦਾ ਲਾਭ ਮਿਲੇਗਾ।

ਸਾਥੀਓ,

ਸਾਡੀ ਸਰਕਾਰ ਕਿਵੇਂ ਸਿਹਤ ਨੂੰ ਤਰਜੀਹ ਦਿੰਦੇ ਹੋਏ ਚੱਲ ਰਹੀ ਹੈ, ਇਸ ਦਾ ਸਬੂਤ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਨਤੀਜਿਆਂ ਵਿੱਚ ਵੀ ਮਿਲਦਾ ਹੈ। ਇੱਕ ਸਮਾਂ ਸੀ ਭਾਰਤ ਵਿੱਚ ਜ਼ਿਆਦਾਤਰ ਬੱਚਿਆਂ ਦਾ ਜਣੇਪਾ ਹਸਪਤਾਲ ਵਿੱਚ ਨਹੀਂ ਹੁੰਦਾ ਸੀ। ਅੱਜ ਦੇਸ਼ ਵਿੱਚ 90 ਫ਼ੀਸਦੀ ਤੋਂ ਵੱਧ ਜਣੇਪੇ ਹਸਪਤਾਲਾਂ ਵਿੱਚ ਹੋ ਰਹੇ ਹਨ, ਜਿਸ ਕਾਰਨ ਮਾਵਾਂ ਦੀ ਮੌਤ ਜਾਂ ਨਵਜੰਮੇ ਬੱਚਿਆਂ ਦੀ ਮੌਤ ਵਿੱਚ ਬਹੁਤ ਵੱਡੀ ਕਮੀ ਆਈ ਹੈ। ਮਿਸ਼ਨ ਇੰਦਰਧਨੁਸ਼ ਕਾਰਨ ਬੱਚਿਆਂ ਦੇ ਟੀਕਾਕਰਨ ਦੇ ਖੇਤਰ ਵਿੱਚ ਵੀ ਭਾਰਤ ਨੇ ਚੰਗੀ ਤਰੱਕੀ ਕੀਤੀ ਹੈ। 2014 ਤੋਂ ਪਹਿਲਾਂ ਸਿਰਫ਼ 60 ਫ਼ੀਸਦੀ ਬੱਚਿਆਂ ਦਾ ਹੀ ਪੂਰਾ ਟੀਕਾਕਰਨ ਹੋ ਪਾਉਂਦਾ ਸੀ। ਅੱਜ ਇਹ ਅੰਕੜਾ ਵਧ ਕੇ ਕਰੀਬ 90 ਫ਼ੀਸਦੀ ਤੱਕ ਪਹੁੰਚ ਗਿਆ ਹੈ। ਸਿਹਤ ਸੁਰੱਖਿਆ ਦੇ ਖੇਤਰ ਵਿੱਚ ਵੀ ਵੱਡਾ ਬਦਲਾਅ ਆਇਆ ਹੈ। 2014 ਤੋਂ ਪਹਿਲਾਂ 30 ਫ਼ੀਸਦੀ ਤੋਂ ਵੀ ਘੱਟ ਪਰਿਵਾਰ ਸਿਹਤ ਬੀਮਾ ਯੋਜਨਾ ਨਾਲ ਜੁੜੇ ਹੋਏ ਸਨ। ਅੱਜ ਆਯੁਸ਼ਮਾਨ ਭਾਰਤ ਨੇ, ਉਨ੍ਹਾਂ ਅੰਕੜਿਆਂ ਨੂੰ ਵੀ ਬਦਲ ਦਿੱਤਾ ਹੈ। ਹੁਣ 60 ਫ਼ੀਸਦੀ ਤੋਂ ਵੱਧ ਪਰਿਵਾਰਾਂ ਨੂੰ ਇਹ ਸੁਰੱਖਿਆ ਮਿਲ ਰਹੀ ਹੈ।

ਸਾਥੀਓ,

ਸਿਹਤ ਦੇ ਖੇਤਰ ਵਿੱਚ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਲਾਭ ਜੇ ਕਿਸੇ ਨੂੰ ਸਭ ਤੋਂ ਵੱਧ ਮਿਲਿਆ ਹੈ, ਤਾਂ ਉਹ ਮੇਰੇ ਦੇਸ਼ ਦੀ ਨਾਰੀ ਸ਼ਕਤੀ ਹੈ।

ਸਾਥੀਓ,

ਪਹਿਲਾਂ ਇਸ ਖੇਤਰ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਲਈ ਵੀ ਬਾਹਰ ਜਾਣਾ ਪੈਂਦਾ ਸੀ। ਪਰ, ਅੱਜ ਇੱਥੇ ਰਾਸ਼ਟਰੀ ਪੱਧਰ ਦੇ, ਇੱਕ ਨਹੀਂ ਕਈ ਇੰਸਟੀਚਿਊਟ ਬਣ ਚੁੱਕੇ ਹਨ। ਪਿਛਲੇ ਸਾਲਾਂ ਵਿੱਚ ਇੱਥੇ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣੀਆਂ ਹਨ, ਸਕੂਲਾਂ ਵਿੱਚ ਸਮਾਰਟ ਕਲਾਸਰੂਮ ਵੀ ਬਣੇ ਹਨ। 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਇਨ੍ਹਾਂ ਦਾ ਲਾਭ ਮਿਲ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੌਲੀ-ਹੌਲੀ ਸਿੱਖਿਆ ਦੇ ਖੇਤਰ ਵਿੱਚ ਅੱਗੇ ਆ ਰਿਹਾ ਹੈ। ਸਵਾਮੀ ਵਿਵੇਕਾਨੰਦ ਐਜੂਕੇਸ਼ਨ ਹੱਬ ਵਰਗੀਆਂ ਕਈ ਇਮਾਰਤਾਂ ਇੱਥੇ ਬਣ ਰਹੀਆਂ ਹਨ।

ਭਰਾਵੋ ਅਤੇ ਭੈਣੋ,

ਇਸ ਸਿੱਖਿਆ ਕ੍ਰਾਂਤੀ ਵਿੱਚ ਸਾਡੀਆਂ ਧੀਆਂ ਪਿੱਛੇ ਨਾ ਰਹਿਣ, ਇਹ ਵੀ ਸਾਡਾ ਸੰਕਲਪ ਹੈ। ਇਸਦੇ ਲਈ ਕਈ ਵੱਡੇ ਯਤਨ ਕੀਤੇ ਜਾ ਰਹੇ ਹਨ। ਸਰਸਵਤੀ ਸਾਈਕਲ ਸਕੀਮ, ਸਰਸਵਤੀ ਵਿੱਦਿਆ ਯੋਜਨਾ, ਇੱਥੋਂ ਦੀਆਂ ਧੀਆਂ ਦੀ ਬਹੁਤ ਮਦਦ ਕਰ ਰਹੀ ਹੈ।

ਸਾਥੀਓ,

ਅੱਜ ਭਾਰਤ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਡਿਗਰੀ ਦੇ ਨਾਲ ਹੀ ਸਹੀ ਦਿਸ਼ਾ ਵੀ ਮਿਲੇ। ਉਨ੍ਹਾਂ ਨੂੰ ਅਜਿਹਾ ਐਕਸਪੋਜ਼ਰ ਮਿਲੇ, ਜੋ ਸਥਾਨਕ ਹੁਨਰ ਨੂੰ ਗਲੋਬਲ ਮੌਕਿਆਂ ਨਾਲ ਜੋੜੇ। ਡਿਜ਼ਾਈਨ, ਕਾਨੂੰਨ, ਇੰਜਨੀਅਰਿੰਗ, ਮੈਡੀਕਲ ਐਜੂਕੇਸ਼ਨ, ਆਈਟੀ, ਡਰੋਨ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿੱਚ ਸਾਡੀ ਅੱਜ ਦੀ ਤਿਆਰੀ ਭਾਰਤ ਦੀ ਵਰਕਫੋਰਸ ਨੂੰ ਮਜ਼ਬੂਤ ਬਣਾਏਗੀ। ਇਸ ਲਈ ਪ੍ਰੋਫੈਸ਼ਨਲ ਅਦਾਰਿਆਂ ਦਾ ਵਿਸਥਾਰ ਬਹੁਤ ਅਹਿਮ ਹੈ।

ਸਾਥੀਓ,

ਅੱਜ ਐੱਨਆਈਐੱਫਟੀ ਦੇ 18ਵੇਂ ਕੈਂਪਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਅਦਾਰਾ ਇੱਥੋਂ ਦੇ ਨੌਜਵਾਨਾਂ ਨੂੰ ਗਲੋਬਲ ਐਕਸਪੋਜ਼ਰ ਨਾਲ ਜੋੜੇਗਾ। ਆਈਟੀਆਈ. ਦਮਨ ਵਿੱਚ ਡਰੋਨ ਟੈਕਨੀਸ਼ੀਅਨ ਵਰਗੇ ਨਵੇਂ ਕੋਰਸ ਵੀ ਸ਼ੁਰੂ ਹੋਏ ਹਨ। ਪੀਐੱਮ ਵਿਸ਼ਵਕਰਮਾ ਅਤੇ ਪੀਐੱਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ, ਇਨ੍ਹਾਂ ਨਾਲ ਜੁੜੇ ਟ੍ਰੇਨਿੰਗ ਪ੍ਰੋਗਰਾਮਾਂ ਦਾ ਲਾਭ ਵੀ ਨੌਜਵਾਨਾਂ ਨੂੰ ਮਿਲ ਰਿਹਾ ਹੈ।

ਸਾਥੀਓ,

ਦੇਸ਼ ਵਿੱਚ ਖੇਡਾਂ ਨੂੰ ਵੀ ਨਵੀਂ ਸੋਚ ਨਾਲ ਅੱਗੇ ਵਧਾਇਆ ਗਿਆ ਹੈ। ਸਾਡੀਆਂ ਖੇਡਾਂ ਹੁਣ ਸਿਰਫ਼ ਵੱਡੇ ਸ਼ਹਿਰਾਂ ਜਾਂ ਵੱਡੇ ਸਟੇਡੀਅਮਾਂ ਤੱਕ ਸੀਮਤ ਨਹੀਂ ਹਨ। ਖੇਲੋ ਇੰਡੀਆ ਵਰਗੇ ਉਪਰਾਲਿਆਂ ਨੇ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਨਵਾਂ ਮੰਚ ਦਿੱਤਾ ਹੈ। ਇਸ ਨਾਲ ਛੋਟੇ-ਛੋਟੇ ਇਲਾਕਿਆਂ ਵਿੱਚੋਂ ਨੈਸ਼ਨਲ ਲੈਵਲ ਉੱਤੇ ਖੇਡ ਜਗਤ ਵਿੱਚ ਸਾਡੇ ਬੱਚੇ ਅੱਗੇ ਆ ਰਹੇ ਹਨ ਅਤੇ ਇਸ ਦਾ ਵੀ ਲਾਭ ਇਸ ਖੇਤਰ ਨੂੰ ਹੋਇਆ ਹੈ। ਦੀਵ ਅੱਜ ਬੀਚ ਸਪੋਰਟਸ (ਸਮੁੰਦਰੀ ਕੰਢੇ ਦੀਆਂ ਖੇਡਾਂ) ਦਾ ਵੱਡਾ ਕੇਂਦਰ ਬਣ ਕੇ ਉੱਭਰਿਆ ਹੈ। ਘੋਘਲਾ ਬੀਚ ਉੱਤੇ ਹੋਈਆਂ ਬੀਚ ਗੇਮਜ਼ ਨੇ ਵੀ ਦੇਸ਼ ਦਾ ਧਿਆਨ ਇਸ ਖੇਤਰ ਵੱਲ ਖਿੱਚਿਆ ਹੈ। ਅੱਜ ਇੱਥੇ ਆਧੁਨਿਕ ਸਪੋਰਟਸ ਇਨਫਰਾਸਟ੍ਰਕਚਰ ਉੱਤੇ ਲਗਾਤਾਰ ਕੰਮ ਹੋ ਰਿਹਾ ਹੈ। ਖਾਨਵੇਲ ਵਿੱਚ ਫੁੱਟਬਾਲ ਸੈਂਟਰ ਅਤੇ ਦਮਨ ਵਿੱਚ ਵਾਲੀਬਾਲ ਟ੍ਰੇਨਿੰਗ ਸੈਂਟਰ ਇੱਥੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰ ਰਹੇ ਹਨ।

ਸਾਥੀਓ,

ਅੱਜ ਦੇਸ਼ ਦਾ ਬਹੁਤ ਵੱਡਾ ਫੋਕਸ ਸੈਰ-ਸਪਾਟੇ ਉੱਤੇ ਵੀ ਹੈ। ਸਾਡੀ ਕੋਸ਼ਿਸ਼ ਹੈ ਕਿ ਟੂਰਿਜ਼ਮ ਨਾਲ ਸਥਾਨਕ ਕਲਾ ਅਤੇ ਸੱਭਿਆਚਾਰ ਨੂੰ ਹੁਲਾਰਾ ਮਿਲੇ। ਛੋਟੀਆਂ-ਛੋਟੀਆਂ ਥਾਵਾਂ ਨੂੰ ਵੀ ਵੱਡੇ-ਵੱਡੇ ਮੌਕਿਆਂ ਨਾਲ ਜੋੜਿਆ ਜਾ ਸਕੇ। ‘ਦੇਖੋ ਆਪਣਾ ਦੇਸ਼’ ਵਰਗੇ ਉਪਰਾਲੇ ਨੇ ਲੋਕਾਂ ਨੂੰ ਦੇਸ਼ ਦੀ ਭਿੰਨਤਾ ਬਾਰੇ ਜਾਣਨ ਲਈ ਪ੍ਰੇਰਿਤ ਕੀਤਾ ਹੈ। ਅੱਜ ਭਾਰਤ ਵਿੱਚ ਹੈਰੀਟੇਜ ਟੂਰਿਜ਼ਮ, ਬੀਚ ਟੂਰਿਜ਼ਮ, ਈਕੋ-ਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਇਨ੍ਹਾਂ ਸੈਕਟਰਾਂ ਨੂੰ ਨਵੀਂ ਊਰਜਾ ਮਿਲ ਰਹੀ ਹੈ।

ਸਾਥੀਓ,

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਵਿੱਚ ਤਾਂ ਸੈਰ-ਸਪਾਟਾ ਵੀ ਇੰਨੀਆਂ ਸੰਭਾਵਨਾਵਾਂ ਵਾਲਾ ਖੇਤਰ ਹੈ। ਇਸ ਖੇਤਰ ਨੂੰ ਕੁਦਰਤੀ ਸੁੰਦਰਤਾ ਦਾ ਸ਼ਾਨਦਾਰ ਵਰਦਾਨ ਮਿਲਿਆ ਹੈ। ਇਸੇ ਲਈ ਸੈਰ-ਸਪਾਟੇ ਨੂੰ ਲੈ ਕੇ ਦੇਸ਼ ਨੇ ਜਿਨ੍ਹਾਂ ਨੀਤੀਆਂ ਉੱਤੇ ਕੰਮ ਕੀਤਾ ਹੈ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਨੂੰ ਉਸ ਦਾ ਵੱਡਾ ਲਾਭ ਮਿਲ ਰਿਹਾ ਹੈ। 2021 ਵਿੱਚ ਇੱਥੇ ਕਰੀਬ 6 ਲੱਖ ਸੈਲਾਨੀ ਆਏ ਸਨ। 2025 ਵਿੱਚ ਇਹ ਗਿਣਤੀ ਵਧ ਕੇ ਲਗਭਗ 50 ਲੱਖ ਤੱਕ ਪਹੁੰਚ ਗਈ ਹੈ। ਭਾਵ ਕੁਝ ਹੀ ਸਾਲਾਂ ਵਿੱਚ ਟੂਰਿਜ਼ਮ ਫੁੱਟਫਾਲ (ਸੈਲਾਨੀਆਂ ਦੀ ਆਮਦ) ਵਿੱਚ ਕਰੀਬ 10 ਗੁਣਾ ਵਾਧਾ ਹੋਇਆ ਹੈ। ਇਹ ਬਿਹਤਰ ਬੁਨਿਆਦੀ ਢਾਂਚੇ, ਬਿਹਤਰ ਸਹੂਲਤਾਂ, ਸਾਫ਼-ਸੁਥਰੇ ‘ਬੀਚ’ ਕਰਕੇ ਸੰਭਵ ਹੋਇਆ ਹੈ। ਦਮਨ ਨਾਈਟ ਮਾਰਕੀਟ, ਰਾਮਸੇਤੂ ਸੀ-ਫਰੰਟ, ਨਮੋਪਥ ਸੀ-ਫਰੰਟ, ਨਾਨੀ ਦਮਨ ਕਿਲ੍ਹਾ, ਗੰਗੇਸ਼ਵਰ ਮੰਦਰ ਕੰਪਲੈਕਸ, ਅਜਿਹੀਆਂ ਕਈ ਥਾਵਾਂ ਅੱਜ ਇਸ ਪੂਰੇ ਖੇਤਰ ਦੀ ਨਵੀਂ ਪਛਾਣ ਬਣਾ ਰਹੀਆਂ ਹਨ।

ਸਾਥੀਓ,

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਇਸ ਦੇ ਸੁਪਨੇ ਪੂਰੇ ਕਰਨ ਲਈ ਅਸੀਂ ਇੱਥੋਂ ਦੀ ਸਨਅਤੀ ਤਾਕਤ ਨੂੰ ਵੀ ਵਧਾਉਣਾ ਹੈ। ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਯੂਨੀਅਨ ਟੈਰੀਟਰੀ ਨੇ ਮੈਨ-ਮੇਡ ਫਾਈਬਰ (ਬਣਾਉਟੀ ਰੇਸ਼ੇ) ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਦਾਦਰਾ ਅਤੇ ਨਗਰ ਹਵੇਲੀ ਨੂੰ ‘ਨੈਸ਼ਨਲ ਮੈਨ-ਮੇਡ ਫਾਈਬਰ ਕੈਪੀਟਲ’ ਵਜੋਂ ਪਛਾਣਿਆ ਜਾਂਦਾ ਹੈ। ਪਲਾਸਟਿਕ ਐਕਸਪੋਰਟ (ਨਿਰਯਾਤ) ਵਿੱਚ ਵੀ ਇਹ ਖੇਤਰ ਲਗਾਤਾਰ ਅੱਗੇ ਵਧ ਰਿਹਾ ਹੈ। ਸਰਕਾਰ ਨੇ ਇੱਥੇ ਸਨਅਤਾਂ ਅਤੇ ਐੱਮਐੱਸਐੱਮਈ ਦੀ ਮਦਦ ਲਈ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਇੱਥੇ ਐੱਮਐੱਸਐੱਮਈ ਅਤੇ ਹੋਰ ਸਨਅਤਾਂ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਛੋਟੇ ਉਦਯੋਗਾਂ ਅਤੇ ਘਰੇਲੂ ਉਦਯੋਗਾਂ ਲਈ ਨਵੇਂ ਮੌਕੇ ਖੁੱਲ੍ਹ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਇਹ ਖੇਤਰ ਨਿਰਮਾਣ ਦਾ ਵੱਡਾ ਹੱਬ ਬਣੇਗਾ।

ਸਾਥੀਓ,

ਜਦੋਂ ਵਿਕਾਸ ਦੇ ਵਿਜ਼ਨ ਨਾਲ ਸੰਵੇਦਨਸ਼ੀਲ ਗਵਰਨੈਂਸ ਜੁੜਦੀ ਹੈ, ਤਾਂ ਬਦਲਾਅ ਤੇਜ਼ੀ ਨਾਲ ਜ਼ਮੀਨ ’ਤੇ ਉੱਤਰਦਾ ਹੈ। ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ਵਿੱਚ ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਅਸਰ ਦੇਖ ਕੇ ਤਸੱਲੀ ਹੁੰਦੀ ਹੈ। ਮੈਨੂੰ ਇਸ ਧਰਤੀ ਦੇ ਲੋਕਾਂ ਉੱਤੇ ਪੂਰਾ ਵਿਸ਼ਵਾਸ ਹੈ। ਇੱਥੋਂ ਦੇ ਨੌਜਵਾਨ, ਇੱਥੋਂ ਦੀਆਂ ਮਾਵਾਂ-ਭੈਣਾਂ, ਇੱਥੋਂ ਦੇ ਕਿਸਾਨ, ਕਾਰੀਗਰ, ਮਜ਼ਦੂਰ ਅਤੇ ਕਾਰੋਬਾਰੀ, ਆਉਣ ਵਾਲੇ ਸਾਲਾਂ ਵਿੱਚ ਇਸ ਵਿਕਾਸ ਯਾਤਰਾ ਨੂੰ ਹੋਰ ਅੱਗੇ ਲੈ ਕੇ ਜਾਣਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ। ਇਸੇ ਵਿਸ਼ਵਾਸ ਨਾਲ, ਮੈਂ ਇੱਕ ਵਾਰ ਫਿਰ ਵਿਕਾਸ ਪ੍ਰੋਜੈਕਟਾਂ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ!

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Auto industry contributes over ₹22.75 lakh crore to Indian economy: SIAM

Media Coverage

Auto industry contributes over ₹22.75 lakh crore to Indian economy: SIAM
NM on the go

Nm on the go

Always be the first to hear from the PM. Get the App Now!
...
Prime Minister congratulates Italian PM Giorgia Meloni on becoming the longest continuously serving Prime Minister in Italy's postwar history
September 04, 2026

Prime Minister Shri Narendra Modi today congratulated Italian Prime Minister Giorgia Meloni on becoming the longest continuously serving Prime Minister in Italy's postwar history.

The Prime Minister stated that this milestone is a reflection of the trust and confidence of the Italian people in her leadership. He further noted that her friendship has been instrumental in strengthening the India-Italy Special Strategic Partnership, adding that he looks forward to continuing their close cooperation to build a prosperous future for the people of both countries. He extended his best wishes for her continued success in the years ahead.

In a post on X, the Prime Minister shared:

"Congratulations to my friend Prime Minister Meloni on becoming the longest continuously serving Prime Minister in Italy's postwar history. This milestone is a reflection of the trust and confidence of the Italian people in her leadership.

Her friendship has also been instrumental in strengthening the India-Italy Special Strategic
Partnership and I look forward to continuing our close cooperation to build a prosperous future for the people of our countries.

My best wishes for her continued success in the years ahead.

@GiorgiaMeloni"