ਨਮਸਕਾਰ।

ਸਤਿਕਾਰਯੋਗ ਮਹਿਮਾਨ,

ਨਵੀਨਤਾਕਾਰ, ਕਾਰੋਬਾਰੀ ਜਗਤ ਦੇ ਮੋਹਰੀ ਆਗੂ, ਤਕਨਾਲੋਜੀ ਦੇ ਉਤਸ਼ਾਹੀ ਸਾਥੀਓ, ਸਟਾਰਟਅੱਪ ਜਗਤ ਨਾਲ ਜੁੜੇ ਲੋਕੋ, ਦੇਵੀਓ ਅਤੇ ਸੱਜਣੋ,

ਨਮਸਕਾਰ।

ਬੋਂ ਜੂ,

ਵਿਵਾਟੈੱਕ ਦੇ ਦਸਵੇਂ ਐਡੀਸ਼ਨ ਵਿੱਚ ਪੈਰਿਸ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਤਕਨਾਲੋਜੀ ਸਮਾਗਮ ਹੈ। ਵਿਵਾਟੈੱਕ ਦੀ ਸਫ਼ਲਤਾ ਲਈ ਮੈਂ ਰਾਸ਼ਟਰਪਤੀ ਮੈਕਰੌਂ ਅਤੇ ਇਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਸਾਲ 2026 ਭਾਰਤ ਅਤੇ ਯੂਰਪ—ਦੋਵਾਂ ਲਈ ਇੱਕ ਵਿਸ਼ੇਸ਼ ਸਾਲ ਹੈ। ਸਾਲ ਦੀ ਸ਼ੁਰੂਆਤ ਵਿੱਚ ਅਸੀਂ ਇਤਿਹਾਸਕ ਭਾਰਤ–ਯੂਰਪੀ ਸੰਘ (ਈਯੂ) ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ। ਇਹ ਸਮਝੌਤਾ ਸਾਡੇ ਵਪਾਰ ਅਤੇ ਨਿਵੇਸ਼ ਨੂੰ ਵਧਾਏਗਾ। ਨਾਲ ਹੀ, ਇਹ ਪ੍ਰਤਿਭਾ, ਤਕਨਾਲੋਜੀ ਅਤੇ ਸੈਰ-ਸਪਾਟਾ ਦੇ ਆਦਾਨ-ਪ੍ਰਦਾਨ ਲਈ ਕਈ ਦਰਵਾਜ਼ੇ ਖੋਲ੍ਹੇਗਾ। 

ਇਸ ਸਾਲ ਭਾਰਤ-ਫ਼ਰਾਂਸ ਨਵੀਨਤਾ ਸਾਲ ਦੀ ਸ਼ੁਰੂਆਤ ਦੇ ਨਾਲ, ਫ਼ਰਾਂਸ ਇੱਕ ਮਹੱਤਵਪੂਰਨ ਪੁਲ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਭਾਰਤ ਅਤੇ ਯੂਰਪ ਦੇ ਤਕਨਾਲੋਜੀ ਈਕੋ-ਸਿਸਟਮ ਨੂੰ ਨੇੜੇ ਲਿਆ ਰਿਹਾ ਹੈ। ਕੁਝ ਦਿਨ ਪਹਿਲਾਂ ਨੀਸ ਵਿੱਚ ਆਯੋਜਿਤ ‘ਭਾਰਤ ਇਨੋਵੇਟਸ’ ਤੋਂ ਲੈ ਕੇ ਅੱਜ ਪੈਰਿਸ ਵਿੱਚ ਆਯੋਜਿਤ ਵਿਵਾਟੈੱਕ ਤੱਕ, ਸਾਡੇ ਸਟਾਰਟਅੱਪ ਕਈ ਨਵੀਆਂ ਭਾਈਵਾਲੀਆਂ ਸਥਾਪਿਤ ਕਰ ਰਹੇ ਹਨ।

ਸਾਥੀਓ,

ਸਾਲ 2021 ਵਿੱਚ, ਜਦੋਂ ਮੈਂ ਵਿਵਾਟੈੱਕ ਨੂੰ ਸੰਬੋਧਨ ਕੀਤਾ ਸੀ, ਓਦੋਂ ਦੁਨੀਆ ਕੋਵਿਡ-19 ਮਹਾਮਾਰੀ ਦੇ ਕਾਰਨ ਪੈਦਾ ਹੋਈਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਸੀ। ਅੱਜ, ਦੁਨੀਆ ਵੱਖਰੀ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਹੈ। ਅਤੇ ਮੈਂ ਉਹੀ ਗੱਲ ਦੁਹਰਾਉਣਾ ਚਾਹੁੰਦਾ ਹਾਂ ਜੋ ਮੈਂ ਓਦੋਂ ਵਿਵਾਟੈੱਕ 2021 ਵਿੱਚ ਕਹੀ ਸੀ: ਜਦੋਂ ਰਵਾਇਤੀ ਤਰੀਕੇ ਅਸਫ਼ਲ ਹੋ ਜਾਂਦੇ ਹਨ, ਓਦੋਂ ਨਵੀਨਤਾ ਮਦਦ ਕਰ ਸਕਦੀ ਹੈ।

ਸਾਥੀਓ,

ਪਿਛਲੇ ਦਹਾਕੇ ਵਿੱਚ, ਤਕਨਾਲੋਜੀ ਦੀ ਤਾਕਤ ਨਾਲ ਭਾਰਤ ਨੇ ਤੇਜ਼ੀ ਨਾਲ ਬਦਲਾਅ ਦਾ ਅਨੁਭਵ ਕੀਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਪਛਾਣ ਪ੍ਰਣਾਲੀ ਬਣਾਉਣ ਤੋਂ ਲੈ ਕੇ ਵਿਸ਼ਵ ਦੇ ਸਭ ਤੋਂ ਵੱਡੇ ਡਿਜੀਟਲ ਭੁਗਤਾਨ ਪਲੈਟਫਾਰਮਾਂ ਵਿੱਚੋਂ ਇੱਕ ਦੇ ਵਿਕਾਸ ਤੱਕ, ਅਸੀਂ ਵਿੱਤੀ ਸਮਾਵੇਸ਼, ਸਿੱਖਿਆ, ਟੈਲੀਮੈਡੀਸਨ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਤਕਨਾਲੋਜੀ ਦਾ ਇਸਤੇਮਾਲ ਕਰ ਰਹੇ ਹਾਂ।

ਡਿਜੀਟਲ ਭੁਗਤਾਨ 'ਤੇ ਹੀ ਗੌਰ ਕਰੋ। ਸਾਡੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਜਾਂ ਯੂਪੀਆਈ ਦੇ ਕਾਰਨ ਅੱਜ ਦੁਨੀਆ ਵਿੱਚ ਹੋਣ ਵਾਲੇ ਅਸਲ ਸਮੇਂ ਦੇ ਕੁੱਲ ਡਿਜੀਟਲ ਲੈਣ-ਦੇਣ ਦਾ ਲਗਭਗ ਅੱਧਾ ਹਿੱਸਾ ਭਾਰਤ ਵਿੱਚ ਹੁੰਦਾ ਹੈ। ਹੁਣ ਤੁਸੀਂ ਫ਼ਰਾਂਸ ਵਿੱਚ ਵੀ—ਐਫ਼ਿਲ ਟਾਵਰ ਅਤੇ ਪੈਰਿਸ ਹਵਾਈ ਅੱਡੇ ਵਰਗੀਆਂ ਥਾਵਾਂ 'ਤੇ—ਯੂਪੀਆਈ ਦਾ ਉਪਯੋਗ ਕਰ ਸਕਦੇ ਹੋ।

ਸਾਡੇ ਕੋਲ ਵਿਸ਼ਵ ਪੱਧਰੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਅਜਿਹੇ ਕਈ ਉਦਾਹਰਣ ਹਨ। ਡਿਜੀਲਾਕਰ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਦਸਤਾਵੇਜ਼ ਭੰਡਾਰਾਂ ਵਿੱਚੋਂ ਇੱਕ ਹੈ। ਡਿਜੀਲਾਕਰ ਰਾਹੀਂ 70 ਕਰੋੜ (700 ਮਿਲੀਅਨ) ਉਪਭੋਗਤਾ ਕਦੇ ਵੀ, ਕਿਸੇ ਵੀ ਥਾਂ 'ਤੇ ਮੂਲ ਸਰੋਤ ਤੋਂ ਪ੍ਰਮਾਣਿਤ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ। ਅਸੀਂ ਡਿਜੀਲਾਕਰ ਪਲੈਟਫਾਰਮ 'ਤੇ 2,000 ਤੋਂ ਵੱਧ ਮਿਆਰੀ ਦਸਤਾਵੇਜ਼ਾਂ ਨੂੰ ਏਕੀਕ੍ਰਿਤ ਕੀਤਾ ਹੈ। ਇਸ ਦੇ ਕਾਰਨ ਹੁਣ ਭਾਰਤ ਵਿੱਚ ਡ੍ਰਾਈਵਿੰਗ ਲਾਇਸੈਂਸ ਜਾਂ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਵਰਗੇ ਕਾਗਜ਼ੀ ਦਸਤਾਵੇਜ਼ਾਂ ਨੂੰ ਨਾਲ ਰੱਖਣ ਜਾਂ ਉਨ੍ਹਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ। 

ਇੱਕ ਹੋਰ ਉਦਾਹਰਣ 'ਗਤੀਸ਼ਕਤੀ' ਪਲੈਟਫਾਰਮ ਹੈ। ਤਕਨਾਲੋਜੀ ਦੀ ਮਦਦ ਨਾਲ, ਅਸੀਂ ਜੀਆਈਐੱਸ ਅਧਾਰਿਤ ਨਕਸ਼ੇ 'ਤੇ 1,600 ਤੋਂ ਵੱਧ ਭੂਗੋਲਿਕ ਡੇਟਾ ਪਰਤਾਂ ਨੂੰ ਇੱਕ ਨਾਲ ਜੋੜਿਆ ਹੈ। ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਸੰਗਠਿਤ, ਡੇਟਾ-ਸੰਚਾਲਿਤ ਅਤੇ ਸੰਪੂਰਨ-ਸਰਕਾਰ ਦੀ ਯੋਜਨਾ 'ਤੇ ਅਧਾਰਿਤ ਯੋਜਨਾ ਪਲੈਟਫਾਰਮ ਤਿਆਰ ਕੀਤਾ ਹੈ। ਹੁਣ ਜਿਨ੍ਹਾਂ ਪ੍ਰੋਜੈਕਟਾਂ ਦੇ ਸਰਵੇਖਣ ਵਿੱਚ ਪਹਿਲਾਂ ਕਈ ਮਹੀਨੇ ਲੱਗ ਜਾਂਦੇ ਸਨ, ਉਹ ਕੁਝ ਹੀ ਹਫ਼ਤਿਆਂ ਵਿੱਚ ਪੂਰੇ ਹੋ ਸਕਦੇ ਹਨ।

ਸਾਥੀਓ,

ਛੇ ਸਾਲ ਪਹਿਲਾਂ ਅਸੀਂ ‘ਸਵਾਮਿਤਵ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਹ ਇਸ ਗੱਲ ਦਾ ਇੱਕ ਮਜ਼ਬੂਤ ਉਦਾਹਰਣ ਹੈ ਕਿ ਕਿਸ ਤਰ੍ਹਾਂ ਤਕਨਾਲੋਜੀ ਲੋਕਾਂ ਨੂੰ ਸਨਮਾਨ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ‘ਸਵਾਮਿਤਵ’ ਪ੍ਰੋਗਰਾਮ ਵਿੱਚ ਡ੍ਰੋਨ, ਭੂ-ਸਥਾਨਿਕ ਮੈਪਿੰਗ ਅਤੇ ਆਧੁਨਿਕ ਸਰਵੇਖਣ ਤਕਨੀਕ ਦੀ ਵਰਤੋਂ ਕਰਕੇ ਪੇਂਡੂ ਪਰਿਵਾਰਾਂ ਨੂੰ ਉਨ੍ਹਾਂ ਦੀ ਪ੍ਰਾਪਰਟੀ ਦਾ ਅਧਿਕਾਰਤ ਰਿਕਾਰਡ ਉਪਲਬਧ ਕਰਵਾਇਆ ਜਾਂਦਾ ਹੈ। ਹੁਣ ਤੱਕ ਲਗਭਗ ਦੋ ਲੱਖ ਪਿੰਡਾਂ ਵਿੱਚ 3 ਕਰੋੜ 10 ਲੱਖ (31 ਮਿਲੀਅਨ) ਤੋਂ ਵੱਧ ਪ੍ਰਾਪਰਟੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ। ਇਸ ਨਾਲ ਪਰਿਵਾਰਾਂ ਨੂੰ ਆਪਣੀ ਪ੍ਰਾਪਰਟੀ ਨੂੰ ਵਿੱਤੀ ਸੰਪੱਤੀ ਵਜੋਂ ਵਰਤਣ ਵਿੱਚ ਮਦਦ ਮਿਲ ਰਹੀ ਹੈ।

ਜਿੱਥੇ ਇੱਕ ਪਾਸੇ ਸਰਕਾਰ ਵੱਡੇ ਪੱਧਰ 'ਤੇ ਜਨਹਿਤਕਾਰੀ ਡਿਜੀਟਲ ਸੇਵਾਵਾਂ ਉਪਲਬਧ ਕਰਵਾ ਰਹੀ ਹੈ, ਉੱਥੇ ਦੂਜੇ ਪਾਸੇ ਸਾਡੇ ਸਟਾਰਟਅੱਪ ਹਰ ਖੇਤਰ ਵਿੱਚ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆ ਰਹੇ ਹਨ।

ਸਾਥੀਓ,

‘ਸਰਲਾਬੇਨ’ ਨਾਮਕ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਐਪਲੀਕੇਸ਼ਨ ਲੱਖਾਂ ਮਹਿਲਾ ਦੁੱਧ ਉਤਪਾਦਕ ਕਿਸਾਨਾਂ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਦੀ ਹੈ ਅਤੇ ਉਨ੍ਹਾਂ ਨੂੰ ਪਸ਼ੂਆਂ ਦੀ ਸਿਹਤ ਤੇ ਪਸ਼ੂ ਪਾਲਣ ਪ੍ਰਬੰਧਨ ਨਾਲ ਸਬੰਧਿਤ ਮਾਹਿਰ ਮਾਰਗ-ਦਰਸ਼ਨ ਪ੍ਰਦਾਨ ਕਰਦੀ ਹੈ।

ਭਾਰਤ ਵਿੱਚ ਮਹਿਲਾਵਾਂ ਨੂੰ ਡ੍ਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਖਾਦਾਂ ਦਾ ਛਿੜਕਾਅ ਅਤੇ ਫ਼ਸਲਾਂ ਦੀ ਨਿਗਰਾਨੀ ਕਰ ਸਕਣ। ਉੱਥੇ ਹੀ, ਉਪਗ੍ਰਹਿਆਂ ਤੋਂ ਪ੍ਰਾਪਤ ਅੰਕੜਿਆਂ ਦੇ ਅਧਾਰ 'ਤੇ ਲੱਖਾਂ ਮਛੇਰਿਆਂ ਨੂੰ ਸਭ ਤੋਂ ਵੱਧ ਸੰਭਾਵਨਾ ਵਾਲੇ ਮੱਛੀ ਪਾਲਣ ਖੇਤਰਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨਾਲ ਈਂਧਣ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਮੱਛੀ ਫੜਨ ਦੀ ਮਾਤਰਾ ਵਿੱਚ ਵੀ ਵਾਧਾ ਹੁੰਦਾ ਹੈ।

ਸਾਡੇ ਤਕਨਾਲੋਜੀ-ਅਧਾਰਿਤ ਹੱਲ ਜ਼ਮੀਨੀ ਪੱਧਰ ਤੱਕ ਖ਼ੁਸ਼ਹਾਲੀ ਪਹੁੰਚਾ ਰਹੇ ਹਨ।

ਸਾਥੀਓ,

ਪੁਲਾੜ ਤਕਨਾਲੋਜੀ ਤੋਂ ਲੈ ਕੇ ਪਰਮਾਣੂ ਊਰਜਾ ਤੱਕ, ਭਾਰਤ ਮਨੁੱਖੀ ਸਮਰੱਥਾ ਦੀਆਂ ਨਵੀਆਂ-ਨਵੀਆਂ ਸੀਮਾਵਾਂ ਦਾ ਵਿਸਤਾਰ ਕਰ ਰਿਹਾ ਹੈ।

ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਫ਼ਲਤਾਪੂਰਵਕ ਉਤਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣਿਆ। ਹਾਲ ਹੀ ਵਿੱਚ ਭਾਰਤ ਦੇ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਨੇ ‘ਕ੍ਰਿਟੀਕੈਲਿਟੀ’ (ਮਹੱਤਵਪੂਰਨ ਸੰਚਾਲਨ ਅਵਸਥਾ) ਪ੍ਰਾਪਤ ਕੀਤੀ ਹੈ। ਇਹ ਉਪਲਬਧੀ ਸਾਨੂੰ ਸਾਡੀ ਤਿੰਨ-ਪੜਾਵੀ ਪਰਮਾਣੂ ਊਰਜਾ ਪਰਿਕਲਪਨਾ ਨੂੰ ਸਾਕਾਰ ਕਰਨ ਦੇ ਹੋਰ ਜ਼ਿਆਦਾ ਨੇੜੇ ਲੈ ਆਈ ਹੈ, ਜਿਸ ਵਿੱਚ ਸਾਡੇ ਵਿਸ਼ਾਲ ਥੋਰੀਅਮ ਭੰਡਾਰ ਦੀ ਵਰਤੋਂ ਵੀ ਸ਼ਾਮਲ ਹੈ।

ਸਾਥੀਓ,

ਦੋ ਲੱਖ ਤੋਂ ਵੱਧ ਸਟਾਰਟਅੱਪਸ ਦੇ ਨਾਲ ਭਾਰਤ ਦੁਨੀਆ ਦੇ ਸਭ ਤੋਂ ਜੀਵੰਤ ਸਟਾਰਟਅੱਪ ਈਕੋਸਿਸਟਮ ਵਿੱਚੋਂ ਇੱਕ ਹੈ। ਮੈਂ ਤੁਹਾਡੇ ਸਾਰਿਆਂ ਨੂੰ ਭਾਰਤ ਪਵੇਲੀਅਨ ਦਾ ਜ਼ਰੂਰ ਦੌਰਾ ਕਰਨ ਦੀ ਬੇਨਤੀ ਕਰਦਾ ਹਾਂ।

ਇੱਥੇ ਤੁਹਾਨੂੰ ਭਾਰਤ ਦੀ ਅਥਾਹ ਊਰਜਾ ਦਾ ਅਨੁਭਵ ਮਿਲੇਗਾ। ਭਾਵੇਂ ਉਹ ਦੁਨੀਆ ਦਾ ਪਹਿਲਾ ਸਿੰਗਲ-ਪੀਸ 3ਡੀ ਪ੍ਰਿੰਟਿਡ ਰਾਕੇਟ ਇੰਜਣ ਹੋਵੇ, ਉੱਨਤ ਜੈਨੇਟਿਕ-ਇੰਜੀਨੀਅਰਿੰਗ ਅਧਾਰਿਤ ਇਲਾਜ ਹੋਣ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਪਤਾ ਲਗਾਉਣ ਵਾਲੇ ਏਆਈ ਹੱਲ ਹੋਣ, ਜਾਂ ਸਾਇਬਰ ਅਤੇ ਨੈੱਟਵਰਕ ਸੁਰੱਖਿਆ ਨੂੰ ਬਿਹਤਰ ਬਣਾਉਣ ਵਾਲੀਆਂ ਤਕਨੀਕਾਂ ਹੋਣ—ਖ਼ੁਦਮੁਖਤਿਆਰ ਰੋਬੋਟ, ਸਮਾਰਟ ਸਿਟੀ ਅਤੇ ਮੋਬੀਲਿਟੀ ਹੱਲ ਵੀ ਸ਼ਾਮਲ ਹਨ।

ਤੁਸੀਂ ਇਹ ਸਾਰੇ ਨਵੀਨਤਾਕਾਰੀ ਹੱਲ ਭਾਰਤ ਪਵੇਲੀਅਨ ਵਿੱਚ ਦੇਖੋਗੇ। ਵੱਖ-ਵੱਖ ਖੇਤਰਾਂ ਵਿੱਚ ਸਾਡੇ ਸਟਾਰਟਅੱਪ ਪ੍ਰੇਰਨਾਦਾਇਕ ਤਰੀਕੇ ਨਾਲ ਨਵੀਨਤਾ ਕਰ ਰਹੇ ਹਨ।

ਸਾਥੀਓ,

ਜਦੋਂ ਤਕਨਾਲੋਜੀ ਦੀ ਗੱਲ ਹੁੰਦੀ ਹੈ, ਤਾਂ ਨਵੀਨਤਾ ਦੇ ਨਾਲ-ਨਾਲ ਸਭ ਤੋਂ ਮਹੱਤਵਪੂਰਨ ਉਸ ਦੀ ਪਹੁੰਚ ਹੈ। ਤਕਨਾਲੋਜੀ ਓਦੋਂ ਹੀ ਪ੍ਰਗਤੀ ਦਾ ਮਾਧਿਅਮ ਬਣ ਸਕਦੀ ਹੈ ਜਦੋਂ ਇਸ ਦਾ ਲੋਕਤੰਤਰੀਕਰਨ ਹੋਵੇ। ਭਾਰਤ ਦਾ ਮੰਨਣਾ ਹੈ ਕਿ ਰੁਕਾਵਟਾਂ ਦੇ ਇਸ ਯੁੱਗ ਵਿੱਚ ਤਕਨਾਲੋਜੀ ਦਾ ਲਾਭ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ।

ਉਦਾਹਰਣ ਵਜੋਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਹੀ ਲਓ। ਏਆਈ ਨੂੰ ਜੀਵਨ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ, ਪਹੁੰਚ ਦਾ ਵਿਸਤਾਰ ਕਰਨਾ ਚਾਹੀਦਾ ਹੈ, ਵਿਕਾਸ ਨੂੰ ਗਤੀ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਸਾਡੀ ਧਰਤੀ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਵੀ ਮਦਦ ਕਰਨੀ ਚਾਹੀਦੀ ਹੈ। ਵਿਵਾਟੈੱਕ 2026 ਵਿੱਚ ਏਆਈ ਦੇਸ਼ ਭਾਈਵਾਲ ਵਜੋਂ ਸਾਡੀ ਭਾਗੀਦਾਰੀ ਇਸੇ ਕਲਪਨਾ ਨੂੰ ਦਰਸਾਉਂਦੀ ਹੈ। ਭਾਰਤ ਦੇ ਲਈ ਏਆਈ ਦਾ ਅਰਥ ਹੈ—“ਸਾਰਿਆਂ ਨੂੰ ਸਮਾਹਿਤ ਕਰਨ ਵਾਲਾ (ਆਲ ਇਨਕਲੂਸਿਵ)”।

ਸਾਥੀਓ,

ਭਾਰਤ ਇੱਕ ਖੁੱਲ੍ਹਾ ਸਮਾਜ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰਤਿਭਾ-ਸਮੂਹ (ਟੈਲੈਂਟ ਪੂਲ) ਹੈ। ਅਸੀਂ ਨਿਯਮਾਂ ਨੂੰ ਸਰਲ ਬਣਾ ਰਹੇ ਹਾਂ ਅਤੇ ਕਾਰੋਬਾਰ ਵਿੱਚ ਸੁਗਮਤਾ ਯਕੀਨੀ ਕਰ ਰਹੇ ਹਾਂ। ਨਵੀਨਤਾ ਤੋਂ ਲੈ ਕੇ ਵਪਾਰੀਕਰਨ ਤੱਕ, ਅਸੀਂ 50 ਅਰਬ ਡਾਲਰ ਤੋਂ ਵੱਧ ਦੇ ਟੀਚਾਗਤ ਉਤਸ਼ਾਹਜਨਕ ਪ੍ਰੋਤਸਾਹਨਾਂ ਦੇ ਮਾਧਿਅਮ ਰਾਹੀਂ ਨਿੱਜੀ ਉੱਦਮਾਂ ਨੂੰ ਸਹਿਯੋਗ ਦੇ ਰਹੇ ਹਾਂ। ਨਾਲ ਹੀ, ਅਸੀਂ ਦੁਨੀਆ ਦਾ ਸਭ ਤੋਂ ਕਿਫ਼ਾਇਤੀ ਡੇਟਾ ਅਤੇ ਘੱਟ ਲਾਗਤ ਵਾਲੀ ਹਰਿਤ ਊਰਜਾ ਵੀ ਉਪਲਬਧ ਕਰਵਾ ਰਹੇ ਹਾਂ।

ਸਾਡਾ ਦ੍ਰਿਸ਼ਟੀਕੋਣ ਸਪਸ਼ਟ ਹੈ। ਸਾਡੀ ਸਰਕਾਰ ਸਮਰੱਥ ਬਣਾਏਗੀ ਅਤੇ ਉਦਯੋਗ ਜਗਤ ਨਵੀਨਤਾ ਕਰੇਗਾ। ਸਟਾਰਟਅੱਪਸ ਬਦਲਾਅ ਲਿਆਉਣਗੇ ਅਤੇ ਗਲੋਬਲ ਭਾਈਵਾਲ ਸਾਡੇ ਨਾਲ ਮਿਲ ਕੇ ਵਿਸਤਾਰ ਕਰਨਗੇ। ਸਾਂਝੇ ਤੌਰ 'ਤੇ ਅਸੀਂ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਅੱਗੇ ਵਧਾਂਗੇ। ਮੈਂ ਇਸ ਸਭਾ ਵਿੱਚ ਹਾਜ਼ਰ ਸਾਰੇ ਲੋਕਾਂ ਨੂੰ ਅਗਵਾਈ ਕਰਨ ਦਾ ਸੱਦਾ ਦਿੰਦਾ ਹਾਂ।

ਭਾਰਤ ਦੇ ਨਾਲ ਮਿਲ ਕੇ ਕੰਮ ਕਰੋ ਅਤੇ ਸਾਰਿਆਂ ਲਈ ਨਤੀਜੇ ਦਿਓ।

ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Economy remains resilient amid steady domestic demand: RBI Governor

Media Coverage

Economy remains resilient amid steady domestic demand: RBI Governor
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 05 ਅਗਸਤ 2026
August 05, 2026

Viksit Bharat in Action: Inclusive, Green, and Globally Competitive Under PM Modi