ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ, ਇਹ ਸ਼ਬਦ ਇੱਕ ਮੰਤਰ ਹੈ, ਇੱਕ ਊਰਜਾ ਹੈ, ਇੱਕ ਸੁਪਨਾ ਹੈ, ਇੱਕ ਸੰਕਲਪ ਹੈ। ਵੰਦੇ ਮਾਤਰਮ, ਇਹ ਇੱਕ ਸ਼ਬਦ ਮਾਂ ਭਾਰਤੀ ਦੀ ਸਾਧਨਾ ਹੈ, ਮਾਂ ਭਾਰਤੀ ਦੀ ਅਰਾਧਨਾ ਹੈ। ਵੰਦੇ ਮਾਤਰਮ, ਇਹ ਇੱਕ ਸ਼ਬਦ ਸਾਨੂੰ ਇਤਿਹਾਸ ਵਿੱਚ ਲੈ ਜਾਂਦਾ ਹੈ। ਇਹ ਸਾਡੇ ਆਤਮ-ਵਿਸ਼ਵਾਸ ਨੂੰ, ਸਾਡੇ ਵਰਤਮਾਨ ਨੂੰ, ਆਤਮ-ਵਿਸ਼ਵਾਸ ਨਾਲ ਭਰ ਦਿੰਦਾ ਹੈ ਅਤੇ ਸਾਡੇ ਭਵਿੱਖ ਨੂੰ ਇਹ ਨਵਾਂ ਹੌਸਲਾ ਦਿੰਦਾ ਹੈ ਕਿ ਅਜਿਹਾ ਕੋਈ ਸੰਕਲਪ ਨਹੀਂ, ਅਜਿਹਾ ਕੋਈ ਸੰਕਲਪ ਨਹੀਂ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ। ਅਜਿਹਾ ਕੋਈ ਟੀਚਾ ਨਹੀਂ, ਜੋ ਅਸੀਂ ਭਾਰਤ ਵਾਸੀ ਹਾਸਲ ਨਾ ਕਰ ਸਕੀਏ।
ਸਾਥੀਓ,
ਵੰਦੇ ਮਾਤਰਮ ਦੇ ਸਮੂਹਿਕ ਗਾਇਨ ਦਾ ਇਹ ਸ਼ਾਨਦਾਰ ਤਜਰਬਾ, ਇਹ ਸੱਚਮੁੱਚ ਪ੍ਰਗਟਾਵੇ ਤੋਂ ਪਰੇ ਹੈ। ਇੰਨੀਆਂ ਸਾਰੀਆਂ ਆਵਾਜ਼ਾਂ ਵਿੱਚ ਇੱਕ ਲੈਅ, ਇੱਕ ਸੁਰ, ਇੱਕ ਭਾਵ, ਇੱਕੋ ਜਿਹਾ ਰੋਮਾਂਚ, ਇੱਕੋ ਜਿਹਾ ਪ੍ਰਵਾਹ, ਅਜਿਹਾ ਤਾਲਮੇਲ, ਅਜਿਹੀ ਤਰੰਗ, ਇਸ ਊਰਜਾ ਨੇ ਦਿਲ ਨੂੰ ਧੜਕਾ ਦਿੱਤਾ ਹੈ। ਭਾਵਨਾਵਾਂ ਨਾਲ ਭਰੇ ਇਸੇ ਮਾਹੌਲ ਵਿੱਚ, ਮੈਂ ਆਪਣੀ ਗੱਲ ਨੂੰ ਅੱਗੇ ਵਧਾ ਰਿਹਾ ਹਾਂ। ਮੰਚ 'ਤੇ ਮੌਜੂਦ ਕੈਬਨਿਟ ਦੇ ਮੇਰੇ ਸਹਿਯੋਗੀ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ, ਮੁੱਖ ਮੰਤਰੀ ਰੇਖਾ ਗੁਪਤਾ ਜੀ ਤੇ ਹੋਰ ਸਾਰੇ ਪਤਵੰਤੇ ਸੱਜਣੋ।

ਅੱਜ ਸਾਡੇ ਨਾਲ ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਲੋਕ ਜੁੜੇ ਹੋਏ ਹਨ, ਮੈਂ ਉਨ੍ਹਾਂ ਨੂੰ ਵੀ ਆਪਣੇ ਵੱਲੋਂ ਵੰਦੇ ਮਾਤਰਮ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ 7 ਨਵੰਬਰ ਦਾ ਦਿਨ ਬਹੁਤ ਇਤਿਹਾਸਕ ਹੈ, ਅੱਜ ਅਸੀਂ ਵੰਦੇ ਮਾਤਰਮ ਦੇ 150ਵੇਂ ਸਾਲ ਦਾ ਮਹਾ-ਉਤਸਵ ਮਨਾ ਰਹੇ ਹਾਂ। ਇਹ ਪਵਿੱਤਰ ਮੌਕਾ ਸਾਨੂੰ ਨਵੀਂ ਪ੍ਰੇਰਨਾ ਦੇਵੇਗਾ, ਕਰੋੜਾਂ ਦੇਸ਼ ਵਾਸੀਆਂ ਨੂੰ ਨਵੀਂ ਊਰਜਾ ਨਾਲ ਭਰ ਦੇਵੇਗਾ। ਇਸ ਦਿਨ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਨ ਲਈ ਅੱਜ ਵੰਦੇ ਮਾਤਰਮ 'ਤੇ ਇੱਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੇ ਗਏ ਹਨ। ਮੈਂ ਦੇਸ਼ ਦੇ ਲੱਖਾਂ ਮਹਾਂਪੁਰਖਾਂ ਨੂੰ, ਮਾਂ ਭਾਰਤੀ ਦੀਆਂ ਸੰਤਾਨਾਂ ਨੂੰ, ਵੰਦੇ ਮਾਤਰਮ, ਇਸ ਮੰਤਰ ਲਈ ਜੀਵਨ ਖਪਾਉਣ ਲਈ ਅੱਜ ਸ਼ਰਧਾ ਨਾਲ ਨਮਨ ਕਰਦਾ ਹਾਂ ਅਤੇ ਦੇਸ਼ ਵਾਸੀਆਂ ਨੂੰ ਇਸ ਮੌਕੇ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।
ਸਾਥੀਓ,
ਹਰ ਗੀਤ, ਹਰ ਕਵਿਤਾ ਦਾ ਆਪਣਾ ਮੂਲ ਭਾਵ ਹੁੰਦਾ ਹੈ, ਉਸ ਦਾ ਆਪਣਾ ਮੂਲ ਸੰਦੇਸ਼ ਹੁੰਦਾ ਹੈ। ਵੰਦੇ ਮਾਤਰਮ ਦਾ ਮੂਲ ਭਾਵ ਕੀ ਹੈ? ਵੰਦੇ ਮਾਤਰਮ ਦਾ ਮੂਲ ਭਾਵ ਹੈ- ਭਾਰਤ, ਮਾਂ ਭਾਰਤੀ। ਭਾਰਤ ਦੀ ਸਦੀਵੀ ਧਾਰਨਾ, ਉਹ ਧਾਰਨਾ ਜਿਸ ਨੇ ਮਨੁੱਖਤਾ ਦੇ ਪਹਿਲੇ ਪਹਿਰ ਤੋਂ ਖ਼ੁਦ ਨੂੰ ਘੜਨਾ ਸ਼ੁਰੂ ਕਰ ਦਿੱਤਾ। ਜਿਸ ਨੇ ਯੁੱਗਾਂ-ਯੁੱਗਾਂ ਨੂੰ ਇੱਕ-ਇੱਕ ਅਧਿਆਇ ਵਜੋਂ ਪੜ੍ਹਿਆ। ਵੱਖ-ਵੱਖ ਦੌਰ ਵਿੱਚ ਵੱਖ-ਵੱਖ ਰਾਸ਼ਟਰਾਂ ਦਾ ਨਿਰਮਾਣ, ਵੱਖ-ਵੱਖ ਤਾਕਤਾਂ ਦਾ ਉਭਾਰ, ਨਵੀਂਆਂ-ਨਵੀਂਆਂ ਸਭਿਅਤਾਵਾਂ ਦਾ ਵਿਕਾਸ, ਸਿਫ਼ਰ ਤੋਂ ਸਿਖਰ ਤੱਕ ਉਨ੍ਹਾਂ ਦੀ ਯਾਤਰਾ ਅਤੇ ਸਿਖਰ ਤੋਂ ਮੁੜ ਸਿਫ਼ਰ ਵਿੱਚ ਉਨ੍ਹਾਂ ਦਾ ਇਕਮਿਕ ਹੋਣਾ, ਬਣਦਾ-ਵਿਗੜਦਾ ਇਤਿਹਾਸ, ਦੁਨੀਆ ਦਾ ਬਦਲਦਾ ਭੂਗੋਲ, ਭਾਰਤ ਨੇ ਇਹ ਸਭ ਕੁਝ ਦੇਖਿਆ ਹੈ। ਇਨਸਾਨ ਦੀ ਇਸ ਅਨੰਤ ਯਾਤਰਾ ਤੋਂ ਅਸੀਂ ਸਿੱਖਿਆ ਅਤੇ ਸਮੇਂ-ਸਮੇਂ 'ਤੇ ਨਵੇਂ ਸਿੱਟੇ ਕੱਢੇ। ਅਸੀਂ ਉਨ੍ਹਾਂ ਦੇ ਆਧਾਰ 'ਤੇ ਆਪਣੀ ਸਭਿਅਤਾ ਦੇ ਮੁੱਲਾਂ ਅਤੇ ਆਦਰਸ਼ਾਂ ਨੂੰ ਤਰਾਸ਼ਿਆ, ਉਸ ਨੂੰ ਘੜਿਆ। ਅਸੀਂ, ਸਾਡੇ ਪੂਰਵਜਾਂ ਨੇ, ਸਾਡੇ ਰਿਸ਼ੀਆਂ ਨੇ, ਮੁਨੀਆਂ ਨੇ, ਸਾਡੇ ਆਚਾਰੀਆਂ ਨੇ, ਭਗਵੰਤਾਂ ਨੇ, ਸਾਡੇ ਦੇਸ਼ ਵਾਸੀਆਂ ਨੇ ਆਪਣੀ ਇੱਕ ਸਭਿਆਚਾਰਕ ਪਛਾਣ ਬਣਾਈ। ਅਸੀਂ ਤਾਕਤ ਅਤੇ ਨੈਤਿਕਤਾ ਦੇ ਸੰਤੁਲਨ ਨੂੰ ਬਰਾਬਰ ਸਮਝਿਆ। ਅਤੇ ਉਦੋਂ ਜਾ ਕੇ, ਭਾਰਤ ਇੱਕ ਰਾਸ਼ਟਰ ਵਜੋਂ ਉਹ ਕੁੰਦਨ ਬਣ ਕੇ ਉੱਭਰਿਆ ਜੋ ਅਤੀਤ ਦੀ ਹਰ ਸੱਟ ਸਹਿੰਦਾ ਵੀ ਰਿਹਾ ਅਤੇ ਸਹਿ ਕੇ ਵੀ ਅਮਰਤਾ ਨੂੰ ਪ੍ਰਾਪਤ ਕਰ ਗਿਆ।
ਭਰਾਵੋ ਤੇ ਭੈਣੋ,
ਭਾਰਤ ਦੀ ਇਹ ਧਾਰਨਾ, ਉਸ ਦੇ ਪਿੱਛੇ ਦੀ ਵਿਚਾਰਧਾਰਕ ਸ਼ਕਤੀ ਹੈ। ਉੱਠਦੀ-ਡਿੱਗਦੀ ਦੁਨੀਆ ਤੋਂ ਵੱਖਰਾ ਆਪਣਾ ਸੁਤੰਤਰ ਹੋਂਦ ਦਾ ਬੋਧ, ਇਹ ਪ੍ਰਾਪਤੀ ਅਤੇ ਲੈਅਬੱਧ, ਲਿਪੀਬੱਧ ਹੋਣਾ, ਲੈਅਬੱਧ ਹੋਣਾ ਅਤੇ ਉਦੋਂ ਜਾ ਕੇ ਦਿਲ ਦੀ ਗਹਿਰਾਈ ਤੋਂ, ਤਜਰਬਿਆਂ ਦੇ ਨਿਚੋੜ ਤੋਂ, ਸੰਵੇਦਨਾਵਾਂ ਦੀ ਅਸੀਮਤਾ ਨੂੰ ਪ੍ਰਾਪਤ ਕਰਕੇ ਵੰਦੇ ਮਾਤਰਮ ਵਰਗੀ ਰਚਨਾ ਮਿਲਦੀ ਹੈ। ਅਤੇ ਇਸ ਲਈ ਗ਼ੁਲਾਮੀ ਦੇ ਉਸ ਕਾਲ-ਖੰਡ ਵਿੱਚ ਵੰਦੇ ਮਾਤਰਮ ਇਸ ਸੰਕਲਪ ਦਾ ਐਲਾਨ ਬਣ ਗਿਆ ਸੀ ਅਤੇ ਉਹ ਐਲਾਨ ਸੀ- ਭਾਰਤ ਦੀ ਆਜ਼ਾਦੀ ਦਾ। ਮਾਂ ਭਾਰਤੀ ਦੇ ਹੱਥਾਂ ਤੋਂ ਗ਼ੁਲਾਮੀ ਦੀਆਂ ਬੇੜੀਆਂ ਟੁੱਟਣਗੀਆਂ ਅਤੇ ਉਸ ਦੀਆਂ ਸੰਤਾਨਾਂ ਖ਼ੁਦ ਆਪਣੇ ਭਾਗ ਦੀਆਂ ਭਾਗ-ਵਿਧਾਤਾ ਬਣਨਗੀਆਂ।
ਸਾਥੀਓ,
ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਇੱਕ ਵਾਰ ਕਿਹਾ ਸੀ- ‘ਬੰਕਿਮਚੰਦਰ ਦਾ ਆਨੰਦਮਠ ਸਿਰਫ਼ ਨਾਵਲ ਨਹੀਂ ਹੈ, ਇਹ ਆਜ਼ਾਦ ਭਾਰਤ ਦਾ ਇੱਕ ਸੁਪਨਾ ਹੈ’। ਤੁਸੀਂ ਦੇਖੋ ਆਨੰਦਮਠ ਵਿੱਚ ਵੰਦੇ ਮਾਤਰਮ ਦਾ ਪ੍ਰਸੰਗ, ਵੰਦੇ ਮਾਤਰਮ ਦੀ ਇੱਕ-ਇੱਕ ਪੰਕਤੀ ਦੇ, ਬੰਕਿਮ ਬਾਬੂ ਦੇ ਇੱਕ-ਇੱਕ ਸ਼ਬਦ ਦੇ, ਉਸ ਦੇ ਹਰ ਭਾਵ ਦੇ, ਆਪਣੇ ਡੂੰਘੇ ਅਰਥ ਸਨ, ਅਰਥ ਹਨ। ਇਹ ਗੀਤ ਗ਼ੁਲਾਮੀ ਦੇ ਕਾਲ-ਖੰਡ ਵਿੱਚ ਰਚਿਆ ਤਾਂ ਜ਼ਰੂਰ ਗਿਆ ਉਸ ਸਮੇਂ, ਪਰ ਉਸ ਦੇ ਸ਼ਬਦ ਕੁਝ ਸਾਲਾਂ ਦੀ ਗ਼ੁਲਾਮੀ ਦੇ ਸਾਏ ਵਿੱਚ ਕਦੇ ਵੀ ਕੈਦ ਨਹੀਂ ਰਹੇ। ਉਹ ਗ਼ੁਲਾਮੀ ਦੀਆਂ ਯਾਦਾਂ ਤੋਂ ਆਜ਼ਾਦ ਰਹੇ। ਇਸ ਲਈ ਵੰਦੇ ਮਾਤਰਮ ਹਰ ਦੌਰ ਵਿੱਚ, ਹਰ ਕਾਲ-ਖੰਡ ਵਿੱਚ ਢੁਕਵਾਂ ਹੈ, ਇਸ ਨੇ ਅਮਰਤਾ ਨੂੰ ਪ੍ਰਾਪਤ ਕੀਤਾ ਹੈ। ਵੰਦੇ ਮਾਤਰਮ ਦੀ ਪਹਿਲੀ ਪੰਕਤੀ ਹੈ- ‘ਸੁਜਲਾਮ ਸੁਫਲਾਮ ਮਲਯਜ-ਸ਼ੀਤਲਾਮ, ਸ਼ਸਯਸ਼ਿਆਮਲਾਮ ਮਾਤਰਮ।’ ਅਰਥਾਤ ਕੁਦਰਤ ਦੇ ਦੈਵੀ ਵਰਦਾਨ ਨਾਲ ਸੁਸ਼ੋਭਿਤ ਸਾਡੀ ਸੁਜਲਾਮ ਸੁਫਲਾਮ ਮਾਤ-ਭੂਮੀ ਨੂੰ ਨਮਨ।

ਸਾਥੀਓ,
ਇਹੀ ਤਾਂ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਪਛਾਣ ਰਹੀ ਹੈ। ਇੱਥੋਂ ਦੀਆਂ ਨਦੀਆਂ, ਇੱਥੋਂ ਦੇ ਪਹਾੜ, ਇੱਥੋਂ ਦੇ ਜੰਗਲ, ਰੁੱਖ ਅਤੇ ਇੱਥੋਂ ਦੀ ਉਪਜਾਊ ਮਿੱਟੀ, ਇਹ ਧਰਤੀ ਹਮੇਸ਼ਾ ਸੋਨਾ ਉਗਲਣ ਦੀ ਤਾਕਤ ਰੱਖਦੀ ਹੈ। ਸਦੀਆਂ ਤੱਕ ਦੁਨੀਆ ਭਾਰਤ ਦੀ ਖ਼ੁਸ਼ਹਾਲੀ ਦੀਆਂ ਕਹਾਣੀਆਂ ਸੁਣਦੀ ਰਹੀ ਸੀ। ਕੁਝ ਸਦੀਆਂ ਪਹਿਲਾਂ ਤੱਕ ਵਿਸ਼ਵ ਜੀਡੀਪੀ ਦਾ ਲਗਭਗ ਇੱਕ ਚੌਥਾਈ ਹਿੱਸਾ ਭਾਰਤ ਕੋਲ ਸੀ।
ਪਰ ਭਰਾਵੋ ਤੇ ਭੈਣੋ,
ਜਦੋਂ ਬੰਕਿਮ ਬਾਬੂ ਨੇ ਵੰਦੇ ਮਾਤਰਮ ਦੀ ਰਚਨਾ ਕੀਤੀ ਸੀ, ਉਦੋਂ ਭਾਰਤ ਆਪਣੇ ਉਸ ਸੁਨਹਿਰੀ ਦੌਰ ਤੋਂ ਬਹੁਤ ਦੂਰ ਜਾ ਚੁੱਕਾ ਸੀ। ਵਿਦੇਸ਼ੀ ਹਮਲਾਵਰਾਂ ਨੇ, ਉਨ੍ਹਾਂ ਦੇ ਹਮਲੇ, ਲੁੱਟ-ਖੋਹ, ਅੰਗਰੇਜ਼ਾਂ ਦੀਆਂ ਸ਼ੋਸ਼ਣਕਾਰੀ ਨੀਤੀਆਂ, ਉਸ ਸਮੇਂ ਸਾਡਾ ਦੇਸ਼ ਗ਼ਰੀਬੀ ਅਤੇ ਭੁੱਖਮਰੀ ਦੇ ਚੁੰਗਲ ਵਿੱਚ ਕੁਰਲਾ ਰਿਹਾ ਸੀ। ਉਦੋਂ ਵੀ, ਬੰਕਿਮ ਬਾਬੂ ਨੇ ਉਸ ਬੁਰੇ ਹਾਲਾਤ ਦੀਆਂ ਸਥਿਤੀਆਂ ਵਿੱਚ ਵੀ, ਚਾਰੇ ਪਾਸੇ ਦਰਦ ਸੀ, ਵਿਨਾਸ਼ ਸੀ, ਸੋਗ ਸੀ, ਸਭ ਕੁਝ ਡੁੱਬਦਾ ਹੋਇਆ ਨਜ਼ਰ ਆ ਰਿਹਾ ਸੀ, ਅਜਿਹੇ ਸਮੇਂ ਬੰਕਿਮ ਬਾਬੂ ਨੇ ਖ਼ੁਸ਼ਹਾਲ ਭਾਰਤ ਦਾ ਸੱਦਾ ਦਿੱਤਾ। ਕਿਉਂਕਿ, ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਮੁਸ਼ਕਲਾਂ ਕਿੰਨੀਆਂ ਵੀ ਕਿਉਂ ਨਾ ਹੋਣ, ਭਾਰਤ ਆਪਣੇ ਸੁਨਹਿਰੀ ਦੌਰ ਨੂੰ ਮੁੜ ਸੁਰਜੀਤ ਕਰ ਸਕਦਾ ਹੈ। ਅਤੇ ਇਸ ਲਈ ਉਨ੍ਹਾਂ ਨੇ ਸੱਦਾ ਦਿੱਤਾ, ਵੰਦੇ ਮਾਤਰਮ।
ਸਾਥੀਓ,
ਗ਼ੁਲਾਮੀ ਦੇ ਉਸ ਕਾਲ-ਖੰਡ ਵਿੱਚ ਭਾਰਤ ਨੂੰ ਨੀਵਾਂ ਅਤੇ ਪਛੜਿਆ ਦੱਸ ਕੇ ਜਿਸ ਤਰ੍ਹਾਂ ਅੰਗਰੇਜ਼ ਆਪਣੀ ਹਕੂਮਤ ਨੂੰ ਜਾਇਜ਼ ਠਹਿਰਾਉਂਦੇ ਸਨ, ਇਸ ਪਹਿਲੀ ਪੰਕਤੀ ਨੇ ਉਸ ਝੂਠੇ ਪ੍ਰਚਾਰ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਨ ਦਾ ਕੰਮ ਕੀਤਾ। ਇਸ ਲਈ ਵੰਦੇ ਮਾਤਰਮ ਸਿਰਫ਼ ਆਜ਼ਾਦੀ ਦਾ ਗੀਤ ਹੀ ਨਹੀਂ ਬਣਿਆ, ਸਗੋਂ ਆਜ਼ਾਦ ਭਾਰਤ ਕਿਹੋ ਜਿਹਾ ਹੋਵੇਗਾ, ਵੰਦੇ ਮਾਤਰਮ ਨੇ ਉਹ ‘ਸੁਜਲਾਮ ਸੁਫਲਾਮ ਸੁਪਨਾ’ ਵੀ ਕਰੋੜਾਂ ਦੇਸ਼ ਵਾਸੀਆਂ ਦੇ ਸਾਹਮਣੇ ਪੇਸ਼ ਕੀਤਾ।
ਸਾਥੀਓ,
ਅੱਜ ਇਹ ਦਿਨ ਸਾਨੂੰ ਵੰਦੇ ਮਾਤਰਮ ਦੀ ਅਸਧਾਰਨ ਯਾਤਰਾ ਅਤੇ ਉਸ ਦੇ ਪ੍ਰਭਾਵ ਨੂੰ ਜਾਣਨ ਦਾ ਮੌਕਾ ਵੀ ਦਿੰਦਾ ਹੈ। ਜਦੋਂ ਸੰਨ 1875 ਵਿੱਚ ਬੰਕਿਮ ਬਾਬੂ ਨੇ ‘ਬੰਗਦਰਸ਼ਨ’ ਵਿੱਚ “ਵੰਦੇ ਮਾਤਰਮ” ਪ੍ਰਕਾਸ਼ਿਤ ਕੀਤਾ ਸੀ, ਤਾਂ ਕੁਝ ਲੋਕਾਂ ਨੂੰ ਲੱਗਦਾ ਸੀ ਕਿ ਇਹ ਤਾਂ ਸਿਰਫ਼ ਇੱਕ ਗੀਤ ਹੈ। ਪਰ ਦੇਖਦੇ ਹੀ ਦੇਖਦੇ ਵੰਦੇ ਮਾਤਰਮ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ, ਕਰੋੜਾਂ ਲੋਕਾਂ ਦਾ ਸੁਰ ਬਣ ਗਿਆ। ਇੱਕ ਅਜਿਹਾ ਸੁਰ , ਜੋ ਹਰ ਕ੍ਰਾਂਤੀਕਾਰੀ ਦੀ ਜ਼ੁਬਾਨ 'ਤੇ ਸੀ, ਇੱਕ ਅਜਿਹਾ ਸੁਰ, ਜੋ ਹਰ ਭਾਰਤੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਿਹਾ ਸੀ। ਤੁਸੀਂ ਦੇਖੋ, ਆਜ਼ਾਦੀ ਦੀ ਲੜਾਈ ਦਾ ਸ਼ਾਇਦ ਹੀ ਅਜਿਹਾ ਕੋਈ ਅਧਿਆਇ ਹੋਵੇ, ਜਿਸ ਨਾਲ ਵੰਦੇ ਮਾਤਰਮ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਨਾ ਹੋਵੇ। 1896 ਵਿੱਚ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਕਲਕੱਤਾ ਸੈਸ਼ਨ ਵਿੱਚ ਵੰਦੇ ਮਾਤਰਮ ਗਾਇਆ। 1905 ਵਿੱਚ ਬੰਗਾਲ ਦੀ ਵੰਡ ਹੋਈ। ਇਹ ਦੇਸ਼ ਨੂੰ ਵੰਡਣ ਦਾ ਅੰਗਰੇਜ਼ਾਂ ਦਾ ਇੱਕ ਖ਼ਤਰਨਾਕ ਪ੍ਰਯੋਗ ਸੀ। ਪਰ, ਵੰਦੇ ਮਾਤਰਮ ਉਨ੍ਹਾਂ ਮਨਸੂਬਿਆਂ ਦੇ ਅੱਗੇ ਚੱਟਾਨ ਬਣ ਕੇ ਖੜ੍ਹਾ ਹੋ ਗਿਆ। ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਸੜਕਾਂ 'ਤੇ ਇੱਕ ਹੀ ਆਵਾਜ਼ ਸੀ- ਵੰਦੇ ਮਾਤਰਮ।

ਸਾਥੀਓ,
ਬਾਰੀਸਾਲ ਸੈਸ਼ਨ ਵਿੱਚ ਜਦੋਂ ਅੰਦੋਲਨਕਾਰੀਆਂ 'ਤੇ ਗੋਲ਼ੀਆਂ ਚੱਲੀਆਂ, ਉਦੋਂ ਵੀ ਉਨ੍ਹਾਂ ਦੇ ਬੁੱਲ੍ਹਾਂ 'ਤੇ ਉਹੀ ਮੰਤਰ ਸੀ, ਉਹੀ ਸ਼ਬਦ ਸਨ- ਵੰਦੇ ਮਾਤਰਮ! ਭਾਰਤ ਤੋਂ ਬਾਹਰ ਰਹਿ ਕੇ ਆਜ਼ਾਦੀ ਲਈ ਕੰਮ ਕਰ ਰਹੇ ਵੀਰ ਸਾਵਰਕਰ ਵਰਗੇ ਸੁਤੰਤਰਤਾ ਸੈਨਾਨੀ, ਉਹ ਜਦੋਂ ਆਪਸ ਵਿੱਚ ਮਿਲਦੇ ਸਨ, ਤਾਂ ਉਨ੍ਹਾਂ ਦਾ ਨਮਸਕਾਰ ਵੰਦੇ ਮਾਤਰਮ ਨਾਲ ਹੀ ਹੁੰਦਾ ਸੀ। ਕਿੰਨੇ ਹੀ ਕ੍ਰਾਂਤੀਕਾਰੀਆਂ ਨੇ ਫਾਂਸੀ ਦੇ ਤਖ਼ਤੇ 'ਤੇ ਖੜ੍ਹੇ ਹੋ ਕੇ ਵੀ ਵੰਦੇ ਮਾਤਰਮ ਬੋਲਿਆ ਸੀ। ਅਜਿਹੀਆਂ ਕਿੰਨੀਆਂ ਹੀ ਘਟਨਾਵਾਂ, ਇਤਿਹਾਸ ਦੀਆਂ ਕਿੰਨੀਆਂ ਹੀ ਤਾਰੀਖ਼ਾਂ, ਇੰਨਾ ਵੱਡਾ ਦੇਸ਼, ਵੱਖ-ਵੱਖ ਸੂਬੇ ਅਤੇ ਇਲਾਕੇ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ, ਉਨ੍ਹਾਂ ਦੇ ਅੰਦੋਲਨ, ਪਰ ਜੋ ਨਾਅਰਾ, ਜੋ ਸੰਕਲਪ, ਜੋ ਗੀਤ ਹਰ ਜ਼ੁਬਾਨ 'ਤੇ ਸੀ, ਜੋ ਗੀਤ ਹਰ ਸੁਰ ਵਿੱਚ ਸੀ, ਉਹ ਸੀ- ਵੰਦੇ ਮਾਤਰਮ।
ਇਸ ਲਈ, ਭਰਾਵੋ-ਭੈਣੋ,
1927 ਵਿੱਚ ਮਹਾਤਮਾ ਗਾਂਧੀ ਨੇ ਕਿਹਾ ਸੀ- "ਵੰਦੇ ਮਾਤਰਮ ਸਾਡੇ ਸਾਹਮਣੇ ਸਮੁੱਚੇ ਭਾਰਤ ਦੀ ਅਜਿਹੀ ਤਸਵੀਰ ਪੇਸ਼ ਕਰਦਾ ਹੈ, ਜੋ ਅਖੰਡ ਹੈ।" ਸ਼੍ਰੀ ਅਰਬਿੰਦੋ ਨੇ ਵੰਦੇ ਮਾਤਰਮ ਨੂੰ ਇੱਕ ਗੀਤ ਤੋਂ ਵੀ ਅੱਗੇ, ਉਸ ਨੂੰ ਇੱਕ ਮੰਤਰ ਕਿਹਾ ਸੀ। ਉਨ੍ਹਾਂ ਕਿਹਾ- ਇਹ ਇੱਕ ਅਜਿਹਾ ਮੰਤਰ ਹੈ ਜੋ ਆਤਮ-ਬਲ ਜਗਾਉਂਦਾ ਹੈ। ਭੀਕਾਜੀ ਕਾਮਾ ਨੇ ਭਾਰਤ ਦਾ ਜੋ ਝੰਡਾ ਤਿਆਰ ਕਰਵਾਇਆ ਸੀ, ਉਸ ਦੇ ਵਿਚਾਲੇ ਵੀ ਲਿਖਿਆ ਸੀ- “ਵੰਦੇ ਮਾਤਰਮ”
ਸਾਥੀਓ,
ਸਾਡਾ ਰਾਸ਼ਟਰੀ ਝੰਡਾ ਸਮੇਂ ਦੇ ਨਾਲ ਕਈ ਬਦਲਾਵਾਂ ’ਚੋਂ ਲੰਘਿਆ, ਪਰ ਓਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਤਿਰੰਗੇ ਤੱਕ, ਦੇਸ਼ ਦਾ ਝੰਡਾ ਜਦੋਂ ਵੀ ਲਹਿਰਾਉਂਦਾ ਹੈ ਤਾਂ ਸਾਡੇ ਮੂੰਹੋਂ ਸਹਿਜੇ ਹੀ ਨਿਕਲਦਾ ਹੈ- ਭਾਰਤ ਮਾਤਾ ਦੀ ਜੈ! ਵੰਦੇ ਮਾਤਰਮ! ਇਸ ਲਈ, ਅੱਜ ਜਦੋਂ ਅਸੀਂ ਉਸ ਰਾਸ਼ਟਰੀ ਗੀਤ ਦੇ 150 ਸਾਲ ਮਨਾ ਰਹੇ ਹਾਂ, ਤਾਂ ਇਹ ਦੇਸ਼ ਦੇ ਮਹਾਨ ਨਾਇਕਾਂ ਪ੍ਰਤੀ ਸਾਡੀ ਸ਼ਰਧਾਂਜਲੀ ਹੈ। ਅਤੇ ਇਹ ਉਨ੍ਹਾਂ ਲੱਖਾਂ ਬਲੀਦਾਨੀਆਂ ਨੂੰ ਵੀ ਸ਼ਰਧਾ ਨਾਲ ਨਮਨ ਹੈ, ਜੋ ਵੰਦੇ ਮਾਤਰਮ ਦਾ ਸੱਦਾ ਦਿੰਦੇ ਹੋਏ, ਫਾਂਸੀ ਦੇ ਤਖ਼ਤੇ 'ਤੇ ਝੂਲ ਗਏ, ਜੋ ਵੰਦੇ ਮਾਤਰਮ ਬੋਲਦੇ ਹੋਏ, ਕੋਰੜਿਆਂ ਦੀ ਮਾਰ ਸਹਿੰਦੇ ਰਹੇ, ਜੋ ਵੰਦੇ ਮਾਤਰਮ ਦਾ ਮੰਤਰ ਜਪਦੇ ਹੋਏ ਬਰਫ਼ ਦੀਆਂ ਸਿੱਲਾਂ 'ਤੇ ਅਡੋਲ ਰਹੇ।
ਸਾਥੀਓ,
ਅੱਜ ਅਸੀਂ 140 ਕਰੋੜ ਦੇਸ਼ ਵਾਸੀ ਅਜਿਹੇ ਸਾਰੇ ਨਾਮੀ-ਗੁਮਨਾਮ ਰਾਸ਼ਟਰ ਲਈ ਜਿਊਣ-ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਜੋ ਵੰਦੇ ਮਾਤਰਮ ਕਹਿੰਦੇ ਹੋਏ ਦੇਸ਼ ਲਈ ਬਲੀਦਾਨ ਹੋ ਗਏ, ਜਿਨ੍ਹਾਂ ਦੇ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਕਦੇ ਦਰਜ ਹੀ ਨਹੀਂ ਹੋ ਸਕੇ।

ਸਾਥੀਓ,
ਸਾਡੇ ਵੇਦਾਂ ਨੇ ਸਾਨੂੰ ਸਿਖਾਇਆ ਹੈ- ""माता भूमिः, पुत्रोहं पृथिव्याः"॥ ਅਰਥਾਤ, ਇਹ ਧਰਤੀ ਸਾਡੀ ਮਾਂ ਹੈ, ਇਹ ਦੇਸ਼ ਸਾਡੀ ਮਾਂ ਹੈ। ਅਸੀਂ ਇਸੇ ਦੀਆਂ ਸੰਤਾਨਾਂ ਹਾਂ। ਭਾਰਤ ਦੇ ਲੋਕਾਂ ਨੇ ਵੈਦਿਕ ਕਾਲ ਤੋਂ ਹੀ ਰਾਸ਼ਟਰ ਦੀ ਇਸੇ ਰੂਪ ਵਿੱਚ ਕਲਪਨਾ ਕੀਤੀ, ਇਸੇ ਰੂਪ ਵਿੱਚ ਅਰਾਧਨਾ ਕੀਤੀ ਹੈ। ਇਸੇ ਵੈਦਿਕ ਚਿੰਤਨ ਤੋਂ ਵੰਦੇ ਮਾਤਰਮ ਨੇ ਆਜ਼ਾਦੀ ਦੀ ਲੜਾਈ ਵਿੱਚ ਨਵੀਂ ਚੇਤਨਾ ਫੂਕੀ।
ਸਾਥੀਓ,
ਰਾਸ਼ਟਰ ਨੂੰ ਇੱਕ ਭੂ-ਰਾਜਨੀਤਿਕ ਇਕਾਈ ਮੰਨਣ ਵਾਲਿਆਂ ਲਈ ਰਾਸ਼ਟਰ ਨੂੰ ਮਾਂ ਮੰਨਣ ਦਾ ਵਿਚਾਰ ਹੈਰਾਨੀ ਭਰਿਆ ਹੋ ਸਕਦਾ ਹੈ। ਪਰ, ਭਾਰਤ ਵੱਖਰਾ ਹੈ। ਭਾਰਤ ਵਿੱਚ, ਮਾਂ ਜਨਨੀ ਵੀ ਹੈ ਅਤੇ ਮਾਂ ਪਾਲਣਹਾਰੀ ਵੀ ਹੈ। ਜੇ ਸੰਤਾਨ 'ਤੇ ਸੰਕਟ ਆ ਜਾਵੇ, ਤਾਂ ਮਾਂ ਉਹ ਸੰਕਟ ਖ਼ਤਮ ਕਰਨ ਵਾਲੀ ਵੀ ਹੈ। ਇਸ ਲਈ, ਵੰਦੇ ਮਾਤਰਮ ਕਹਿੰਦਾ ਹੈ- अबला केन मा एत बले। बहुबल-धारिणीं नमामि तारिणीं रिपुदल-वारिणीं मातरम्॥ ਵੰਦੇ ਮਾਤਰਮ, ਭਾਵ ਬੇਹੱਦ ਸ਼ਕਤੀ ਧਾਰਨ ਕਰਨ ਵਾਲੀ ਭਾਰਤ ਮਾਂ, ਸੰਕਟਾਂ ਤੋਂ ਪਾਰ ਵੀ ਕਰਵਾਉਣ ਵਾਲੀ ਅਤੇ ਦੁਸ਼ਮਣਾਂ ਦਾ ਵਿਨਾਸ਼ ਵੀ ਕਰਵਾਉਣ ਵਾਲੀ ਹੈ। ਰਾਸ਼ਟਰ ਨੂੰ ਮਾਂ, ਅਤੇ ਮਾਂ ਨੂੰ ਸ਼ਕਤੀ-ਸਰੂਪ ਨਾਰੀ ਮੰਨਣ ਦਾ ਇਹ ਵਿਚਾਰ, ਇਸਦਾ ਇੱਕ ਪ੍ਰਭਾਵ ਇਹ ਵੀ ਹੋਇਆ ਕਿ ਸਾਡਾ ਸੁਤੰਤਰਤਾ ਸੰਗਰਾਮ, ਇਸਤਰੀ-ਪੁਰਸ਼, ਸਭ ਦੀ ਭਾਗੀਦਾਰੀ ਦਾ ਸੰਕਲਪ ਬਣ ਗਿਆ। ਅਸੀਂ ਫਿਰ ਤੋਂ ਅਜਿਹੇ ਭਾਰਤ ਦਾ ਸੁਪਨਾ ਦੇਖ ਸਕੇ, ਜਿਸ ਵਿੱਚ ਮਹਿਲਾ ਸ਼ਕਤੀ ਰਾਸ਼ਟਰ ਨਿਰਮਾਣ ਵਿੱਚ ਸਭ ਤੋਂ ਅੱਗੇ ਖੜ੍ਹੀ ਦਿਖਾਈ ਦੇਵੇਗੀ।
ਸਾਥੀਓ,
ਵੰਦੇ ਮਾਤਰਮ, ਆਜ਼ਾਦੀ ਦੇ ਪਰਵਾਨਿਆਂ ਦਾ ਤਰਾਨਾ ਹੋਣ ਦੇ ਨਾਲ ਹੀ, ਇਸ ਗੱਲ ਦੀ ਵੀ ਪ੍ਰੇਰਨਾ ਦਿੰਦਾ ਹੈ ਕਿ ਸਾਨੂੰ ਇਸ ਆਜ਼ਾਦੀ ਦੀ ਰੱਖਿਆ ਕਿਵੇਂ ਕਰਨੀ ਹੈ, ਬੰਕਿਮ ਬਾਬੂ ਦੇ ਪੂਰੇ ਮੂਲ ਗੀਤ ਦੀਆਂ ਪੰਕਤੀਆਂ ਹਨ- त्वम् हि दुर्गा दशप्रहरण-धारिणी कमला कमल-दल-विहारिणी वाणी विद्यादायिनी, नमामि त्वाम् नमामि कमलाम् अमलां अतुलाम् सुजलां सुफलाम् मातरम्, वंदेमातरम! ਅਰਥਾਤ, ਭਾਰਤ ਮਾਤਾ ਵਿਦਿਆ ਦੇਣ ਵਾਲੀ ਸਰਸਵਤੀ ਵੀ ਹੈ, ਖ਼ੁਸ਼ਹਾਲੀ ਦੇਣ ਵਾਲੀ ਲਕਸ਼ਮੀ ਵੀ ਹੈ, ਅਤੇ ਅਸਤਰ-ਸ਼ਸਤਰਾਂ ਨੂੰ ਧਾਰਨ ਕਰਨ ਵਾਲੀ ਦੁਰਗਾ ਵੀ ਹੈ। ਸਾਨੂੰ ਅਜਿਹੇ ਹੀ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜੋ ਗਿਆਨ, ਵਿਗਿਆਨ ਅਤੇ ਤਕਨਾਲੋਜੀ ਵਿੱਚ ਸਿਖਰ 'ਤੇ ਹੋਵੇ, ਜੋ ਵਿਦਿਆ ਅਤੇ ਵਿਗਿਆਨ ਦੀ ਤਾਕਤ ਨਾਲ ਖ਼ੁਸ਼ਹਾਲੀ ਦੇ ਸਿਖਰ 'ਤੇ ਹੋਵੇ ਅਤੇ ਜੋ ਰਾਸ਼ਟਰੀ ਸੁਰੱਖਿਆ ਲਈ ਆਤਮ-ਨਿਰਭਰ ਵੀ ਹੋਵੇ।

ਸਾਥੀਓ,
ਬੀਤੇ ਸਾਲਾਂ ਵਿੱਚ ਦੁਨੀਆ ਭਾਰਤ ਦੇ ਇਸੇ ਸਰੂਪ ਦਾ ਉਭਾਰ ਦੇਖ ਰਹੀ ਹੈ। ਅਸੀਂ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ। ਅਸੀਂ ਦੁਨੀਆ ਦੀ ਪੰਜਵੀਂ ਵੱਡੀ ਅਰਥ-ਵਿਵਸਥਾ ਬਣ ਕੇ ਉੱਭਰੇ। ਅਤੇ ਜਦੋਂ ਦੁਸ਼ਮਣ ਨੇ ਅੱਤਵਾਦ ਰਾਹੀਂ ਭਾਰਤ ਦੀ ਸੁਰੱਖਿਆ ਅਤੇ ਸਨਮਾਨ 'ਤੇ ਹਮਲਾ ਕਰਨ ਦੀ ਜੁਰਅਤ ਕੀਤੀ, ਤਾਂ ਪੂਰੀ ਦੁਨੀਆ ਨੇ ਦੇਖਿਆ, ਨਵਾਂ ਭਾਰਤ ਮਨੁੱਖਤਾ ਦੀ ਸੇਵਾ ਲਈ ਜੇ ਕਮਲਾ ਅਤੇ ਵਿਮਲਾ ਦਾ ਸਰੂਪ ਹੈ, ਤਾਂ ਆਤੰਕ ਦੇ ਵਿਨਾਸ਼ ਲਈ 'ਦਸ ਹਥਿਆਰਾਂ ਦੀ ਧਾਰਕ ਦੁਰਗਾ' ਵੀ ਬਣਨਾ ਜਾਣਦਾ ਹੈ।
ਸਾਥੀਓ,
ਵੰਦੇ ਮਾਤਰਮ ਨਾਲ ਜੁੜਿਆ ਇੱਕ ਹੋਰ ਵਿਸ਼ਾ ਹੈ, ਜਿਸ ਦੀ ਚਰਚਾ ਕਰਨੀ ਓਨੀ ਹੀ ਜ਼ਰੂਰੀ ਹੈ। ਆਜ਼ਾਦੀ ਦੀ ਲੜਾਈ ਵਿੱਚ ਵੰਦੇ ਮਾਤਰਮ ਦੀ ਭਾਵਨਾ ਨੇ ਪੂਰੇ ਰਾਸ਼ਟਰ ਨੂੰ ਰੋਸ਼ਨ ਕੀਤਾ ਸੀ। ਪਰ ਬਦਕਿਸਮਤੀ ਨਾਲ 1937 ਵਿੱਚ ਵੰਦੇ ਮਾਤਰਮ ਦੇ ਮਹੱਤਵਪੂਰਨ ਛੰਦਾਂ ਨੂੰ, ਉਸ ਦੀ ਆਤਮਾ ਦੇ ਇੱਕ ਹਿੱਸੇ ਨੂੰ ਵੱਖ ਕਰ ਦਿੱਤਾ ਗਿਆ ਸੀ। ਵੰਦੇ ਮਾਤਰਮ ਨੂੰ ਤੋੜ ਦਿੱਤਾ ਗਿਆ ਸੀ, ਉਸ ਦੇ ਟੁਕੜੇ ਕੀਤੇ ਗਏ ਸਨ। ਵੰਦੇ ਮਾਤਰਮ ਦੀ ਇਸ ਵੰਡ ਨੇ ਦੇਸ਼ ਦੀ ਵੰਡ ਦੇ ਬੀਜ ਵੀ ਬੀਜ ਦਿੱਤੇ ਸਨ। ਰਾਸ਼ਟਰ ਨਿਰਮਾਣ ਦਾ ਇਹ ਮਹਾ-ਮੰਤਰ, ਇਸ ਦੇ ਨਾਲ ਇਹ ਅਨਿਆਂ ਕਿਉਂ ਹੋਇਆ? ਇਹ ਅੱਜ ਦੀ ਪੀੜ੍ਹੀ ਨੂੰ ਵੀ ਜਾਣਨਾ ਜ਼ਰੂਰੀ ਹੈ। ਕਿਉਂਕਿ ਉਹੀ ਵੰਡਕਾਰੀ ਸੋਚ ਦੇਸ਼ ਲਈ ਅੱਜ ਵੀ ਚੁਣੌਤੀ ਬਣੀ ਹੋਈ ਹੈ।
ਸਾਥੀਓ,
ਸਾਨੂੰ ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣਾ ਹੈ। ਇਹ ਸਮਰੱਥਾ ਭਾਰਤ ਵਿੱਚ ਹੈ, ਇਹ ਸਮਰੱਥਾ ਭਾਰਤ ਦੇ 140 ਕਰੋੜ ਲੋਕਾਂ ਵਿੱਚ ਹੈ। ਸਾਨੂੰ ਇਸ ਲਈ ਖ਼ੁਦ 'ਤੇ ਵਿਸ਼ਵਾਸ ਕਰਨਾ ਪਵੇਗਾ। ਇਸ ਸੰਕਲਪ ਯਾਤਰਾ ਵਿੱਚ ਸਾਨੂੰ ਗੁਮਰਾਹ ਕਰਨ ਵਾਲੇ ਵੀ ਮਿਲਣਗੇ, ਨਕਾਰਾਤਮਕ ਸੋਚ ਵਾਲੇ ਲੋਕ ਸਾਡੇ ਮਨ ਵਿੱਚ ਸ਼ੱਕ-ਸੰਦੇਹ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਉਦੋਂ ਸਾਨੂੰ ਆਨੰਦ ਮੱਠ ਦਾ ਉਹ ਪ੍ਰਸੰਗ ਯਾਦ ਰੱਖਣਾ ਹੈ, ਆਨੰਦ ਮੱਠ ਵਿੱਚ ਜਦੋਂ ਸੰਤਾਨ ਭਵਾਨੰਦ ਵੰਦੇ ਮਾਤਰਮ ਗਾਉਂਦਾ ਹੈ, ਤਾਂ ਇੱਕ ਦੂਜਾ ਪਾਤਰ ਤਰਕ-ਵਿਤਕਰੇ ਕਰਦਾ ਹੈ। ਉਹ ਪੁੱਛਦਾ ਹੈ ਕਿ ਤੁਸੀਂ ਇਕੱਲੇ ਕੀ ਕਰ ਸਕੋਗੇ? ਉਦੋਂ ਵੰਦੇ ਮਾਤਰਮ ਤੋਂ ਪ੍ਰੇਰਨਾ ਮਿਲਦੀ ਹੈ, ਜਿਸ ਮਾਤਾ ਦੇ ਇੰਨੇ ਕਰੋੜ ਪੁੱਤਰ-ਪੁੱਤਰੀਆਂ ਹੋਣ, ਉਸ ਦੇ ਕਰੋੜਾਂ ਹੱਥ ਹੋਣ, ਉਹ ਮਾਤਾ ਅਬਲਾ ਕਿਵੇਂ ਹੋ ਸਕਦੀ ਹੈ? ਅੱਜ ਤਾਂ ਭਾਰਤ ਮਾਤਾ ਦੀਆਂ 140 ਕਰੋੜ ਸੰਤਾਨਾਂ ਹਨ। ਉਸ ਦੀਆਂ 280 ਕਰੋੜ ਬਾਹਾਂ ਹਨ। ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਤੋਂ ਵੀ ਵੱਧ ਤਾਂ ਨੌਜਵਾਨ ਹਨ। ਦੁਨੀਆ ਦਾ ਸਭ ਤੋਂ ਵੱਡਾ ਜਨਸੰਖਿਆ ਲਾਭ ਸਾਡੇ ਕੋਲ ਹੈ। ਇਹ ਸਮਰੱਥਾ ਇਸ ਦੇਸ਼ ਦਾ ਹੈ, ਇਹ ਸਮਰੱਥਾ ਮਾਂ ਭਾਰਤੀ ਦਾ ਹੈ। ਅਜਿਹਾ ਕੀ ਹੈ, ਜੋ ਅੱਜ ਸਾਡੇ ਲਈ ਅਸੰਭਵ ਹੈ? ਅਜਿਹਾ ਕੀ ਹੈ, ਜੋ ਸਾਨੂੰ ਵੰਦੇ ਮਾਤਰਮ ਦੇ ਮੂਲ ਸੁਪਨੇ ਨੂੰ ਪੂਰਾ ਕਰਨ ਤੋਂ ਰੋਕ ਸਕਦਾ ਹੈ?

ਸਾਥੀਓ,
ਅੱਜ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੀ ਸਫ਼ਲਤਾ, ਮੇਕ ਇਨ ਇੰਡੀਆ ਦਾ ਸੰਕਲਪ, ਅਤੇ 2047 ਵਿੱਚ ਵਿਕਸਿਤ ਭਾਰਤ ਦੇ ਟੀਚੇ ਵੱਲ ਵਧਦੇ ਸਾਡੇ ਕਦਮ, ਦੇਸ਼ ਜਦੋਂ ਅਜਿਹੇ ਬੇਮਿਸਾਲ ਸਮੇਂ ਵਿੱਚ ਨਵੀਂਆਂ ਪ੍ਰਾਪਤੀਆਂ ਹਾਸਲ ਕਰਦਾ ਹੈ, ਤਾਂ ਹਰ ਦੇਸ਼ ਵਾਸੀ ਦੇ ਮੂੰਹੋਂ ਨਿਕਲਦਾ ਹੈ- ਵੰਦੇ ਮਾਤਰਮ! ਅੱਜ ਜਦੋਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣਦਾ ਹੈ, ਜਦੋਂ ਨਵੇਂ ਭਾਰਤ ਦੀ ਆਹਟ ਪੁਲਾੜ ਦੇ ਦੂਰ-ਦੁਰਾਡੇ ਕੋਨਿਆਂ ਤੱਕ ਸੁਣਾਈ ਦਿੰਦੀ ਹੈ, ਤਾਂ ਹਰ ਦੇਸ਼ ਵਾਸੀ ਕਹਿ ਉੱਠਦਾ ਹੈ- ਵੰਦੇ ਮਾਤਰਮ! ਅੱਜ ਜਦੋਂ ਅਸੀਂ ਸਾਡੀਆਂ ਧੀਆਂ ਨੂੰ ਪੁਲਾੜ ਤਕਨਾਲੋਜੀ ਤੋਂ ਲੈ ਕੇ ਖੇਡਾਂ ਤੱਕ ਵਿੱਚ ਸਿਖਰ 'ਤੇ ਪਹੁੰਚਦੇ ਦੇਖਦੇ ਹਾਂ, ਅੱਜ ਜਦੋਂ ਅਸੀਂ ਧੀਆਂ ਨੂੰ ਲੜਾਕੂ ਜਹਾਜ਼ ਉਡਾਉਂਦੇ ਦੇਖਦੇ ਹਾਂ, ਤਾਂ ਮਾਣ ਨਾਲ ਭਰਿਆ ਹਰ ਭਾਰਤੀ ਦਾ ਨਾਅਰਾ ਹੁੰਦਾ ਹੈ- ਵੰਦੇ ਮਾਤਰਮ!

ਸਾਥੀਓ,
ਅੱਜ ਹੀ ਸਾਡੇ ਫ਼ੌਜ ਦੇ ਜਵਾਨਾਂ ਲਈ ਵਨ ਰੈਂਕ ਵਨ ਪੈਨਸ਼ਨ ਲਾਗੂ ਹੋਣ ਦੇ 11 ਸਾਲ ਹੋਏ ਹਨ। ਜਦੋਂ ਸਾਡੀਆਂ ਸੈਨਾਵਾਂ, ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਕੁਚਲ ਦਿੰਦੀਆਂ ਹਨ, ਜਦੋਂ ਅੱਤਵਾਦ, ਨਕਸਲਵਾਦ, ਮਾਓਵਾਦੀ ਆਤੰਕ ਦੀ ਕਮਰ ਤੋੜੀ ਜਾਂਦੀ ਹੈ, ਤਾਂ ਸਾਡੇ ਸੁਰੱਖਿਆ ਬਲ ਇੱਕ ਹੀ ਮੰਤਰ ਨਾਲ ਪ੍ਰੇਰਿਤ ਹੁੰਦੇ ਹਨ ਅਤੇ ਉਹ ਮੰਤਰ ਹੈ – ਵੰਦੇ ਮਾਤਰਮ!
ਸਾਥੀਓ,
ਮਾਂ ਭਾਰਤੀ ਦੇ ਵੰਦਨ ਦੀ ਇਹੀ ਭਾਵਨਾ ਸਾਨੂੰ ਵਿਕਸਿਤ ਭਾਰਤ ਦੇ ਟੀਚੇ ਤੱਕ ਲੈ ਜਾਵੇਗੀ। ਮੈਨੂੰ ਵਿਸ਼ਵਾਸ ਹੈ, ਵੰਦੇ ਮਾਤਰਮ ਦਾ ਮੰਤਰ, ਸਾਡੀ ਇਸ ਅੰਮ੍ਰਿਤ ਯਾਤਰਾ ਵਿੱਚ, ਮਾਂ ਭਾਰਤੀ ਦੀਆਂ ਕਰੋੜਾਂ-ਕਰੋੜਾਂ ਸੰਤਾਨਾਂ ਨੂੰ ਨਿਰੰਤਰ ਸ਼ਕਤੀ ਦੇਵੇਗਾ, ਪ੍ਰੇਰਨਾ ਦੇਵੇਗਾ। ਮੈਂ ਇੱਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਨੂੰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਦੇਸ਼ ਭਰ ਤੋਂ ਮੇਰੇ ਨਾਲ ਜੁੜੇ ਹੋਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ, ਮੇਰੇ ਨਾਲ ਖੜ੍ਹੇ ਹੋ ਕੇ ਪੂਰੀ ਤਾਕਤ ਨਾਲ, ਹੱਥ ਉੱਪਰ ਕਰਕੇ ਬੋਲੋ–
ਵੰਦੇ ਮਾਤਰਮ! ਵੰਦੇ ਮਾਤਰਮ!
ਵੰਦੇ ਮਾਤਰਮ! ਵੰਦੇ ਮਾਤਰਮ!
ਵੰਦੇ ਮਾਤਰਮ! ਵੰਦੇ ਮਾਤਰਮ!
ਵੰਦੇ ਮਾਤਰਮ! ਵੰਦੇ ਮਾਤਰਮ!
ਵੰਦੇ ਮਾਤਰਮ! ਵੰਦੇ ਮਾਤਰਮ!
ਬਹੁਤ-ਬਹੁਤ ਧੰਨਵਾਦ!


