ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। ਸਵੇਰੇ ਕਰੀਬ 10 ਵਜੇ ਪ੍ਰਧਾਨ ਮੰਤਰੀ ਸੂਰਤ ਵਿੱਚ ਨਿਰਮਾਣ ਅਧੀਨ ਬੁਲੇਟ ਟ੍ਰੇਨ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕਾਰੀਡੋਰ (ਐੱਮਏਐੱਚਐੱਸਆਰ) ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਹ ਭਾਰਤ ਦੇ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜੋ ਦੇਸ਼ ਨੂੰ ਹਾਈ-ਸਪੀਡ ਕਨੈਕਟੀਵਿਟੀ ਦੇ ਇੱਕ ਨਵੇਂ ਯੁੱਗ ਵਿੱਚ ਲਿਜਾਣ ਦਾ ਪ੍ਰਤੀਕ ਹੈ।
ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕਾਰੀਡੋਰ ਲਗਭਗ 508 ਕਿੱਲੋਮੀਟਰ ਲੰਬਾ ਹੈ। ਇਸ ਵਿੱਚ 352 ਕਿੱਲੋਮੀਟਰ ਹਿੱਸਾ ਗੁਜਰਾਤ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ ਅਤੇ 156 ਕਿੱਲੋਮੀਟਰ ਹਿੱਸਾ ਮਹਾਰਾਸ਼ਟਰ ਵਿੱਚ ਆਉਂਦਾ ਹੈ। ਇਹ ਕਾਰੀਡੋਰ ਸਾਬਰਮਤੀ, ਅਹਿਮਦਾਬਾਦ, ਆਨੰਦ, ਵਡੋਦਰਾ, ਭਰੂਚ, ਸੂਰਤ, ਬਿਲੀਮੋਰਾ, ਵਾਪੀ, ਬੋਈਸਰ, ਵਿਰਾਰ, ਠਾਣੇ ਅਤੇ ਮੁੰਬਈ ਵਰਗੇ ਪ੍ਰਮੁੱਖ ਸ਼ਹਿਰਾਂ ਨੂੰ ਜੋੜੇਗਾ, ਜੋ ਭਾਰਤ ਦੇ ਆਵਾਜਾਈ ਬੁਨਿਆਦੀ ਢਾਂਚੇ ਵਿੱਚ ਇੱਕ ਪਰਿਵਰਤਨਸ਼ੀਲ ਕਦਮ ਹੋਵੇਗਾ।
ਕੌਮਾਂਤਰੀ ਮਾਪਦੰਡਾਂ ਦੇ ਅਨੁਸਾਰ ਉੱਨਤ ਇੰਜੀਨੀਅਰਿੰਗ ਤਕਨੀਕਾਂ ਨਾਲ ਬਣਾਏ ਇਹ ਪ੍ਰੋਜੈਕਟ ਵਿੱਚ 465 ਕਿੱਲੋਮੀਟਰ ਰਸਤਾ (ਰਸਤੇ ਦਾ ਲਗਭਗ 85 ਫ਼ੀਸਦੀ) ਪੁਲਾਂ 'ਤੇ ਬਣਾਇਆ ਗਿਆ ਹੈ, ਜਿਸ ਨਾਲ ਘੱਟੋ-ਘੱਟ ਜ਼ਮੀਨੀ ਹਿਲਜੁਲ ਅਤੇ ਬਿਹਤਰ ਸੁਰੱਖਿਆ ਯਕੀਨੀ ਹੁੰਦੀ ਹੈ। ਹਾਲੇ ਤੱਕ 326 ਕਿੱਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 25 ਵਿੱਚੋਂ 17 ਨਦੀ ਪੁਲਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ।
ਪ੍ਰੋਜੈਕਟ ਪੂਰਾ ਹੋਣ 'ਤੇ ਬੁਲੇਟ ਟ੍ਰੇਨ ਜ਼ਰੀਏ ਮੁੰਬਈ ਤੋਂ ਅਹਿਮਦਾਬਾਦ ਦੀ ਯਾਤਰਾ ਦਾ ਸਮਾਂ ਘਟ ਕੇ ਲਗਭਗ ਦੋ ਘੰਟੇ ਦਾ ਰਹਿ ਜਾਵੇਗਾ। ਇਸ ਨਾਲ ਯਾਤਰਾ ਹੋਰ ਜ਼ਿਆਦਾ ਤੇਜ਼, ਸਹਿਜ ਅਤੇ ਆਰਾਮਦਾਇਕ ਹੋਵੇਗੀ ਜੋ ਇੱਕ ਇਨਕਲਾਬੀ ਬਦਲਾਅ ਹੋਵੇਗਾ। ਇਸ ਪ੍ਰੋਜੈਕਟ ਜ਼ਰੀਏ ਪੂਰੇ ਕਾਰੀਡੋਰ ’ਤੇ ਵਪਾਰ, ਸੈਰ-ਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
ਸੂਰਤ-ਬਿਲੀਮੋਰਾ ਸੈਕਸ਼ਨ, ਜੋ ਲਗਭਗ 47 ਕਿੱਲੋਮੀਟਰ ਲੰਬਾ ਹੈ, ਨਿਰਮਾਣ ਦੇ ਆਖ਼ਰੀ ਪੜਾਅ ਵਿੱਚ ਹੈ, ਜਿੱਥੇ ਸਿਵਲ ਕੰਮ ਅਤੇ ਟ੍ਰੈਕ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸੂਰਤ ਸਟੇਸ਼ਨ ਦਾ ਡਿਜ਼ਾਈਨ ਸ਼ਹਿਰ ਦੇ ਦੁਨੀਆ-ਪ੍ਰਸਿੱਧ ਹੀਰਾ ਉਦਯੋਗ ਤੋਂ ਪ੍ਰੇਰਿਤ ਹੈ, ਜੋ ਇਸ ਦੀ ਸ਼ਾਨ ਅਤੇ ਕਾਰਜਸ਼ੀਲਤਾ ਦੋਵਾਂ ਨੂੰ ਦਰਸਾਉਂਦਾ ਹੈ। ਸਟੇਸ਼ਨ ਨੂੰ ਯਾਤਰੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਵੱਡੇ ਵੇਟਿੰਗ ਰੂਮ, ਰੈਸਟਰੂਮ ਅਤੇ ਪਰਚੂਨ ਦੁਕਾਨਾਂ ਸ਼ਾਮਲ ਹਨ। ਇਹ ਸੂਰਤ ਮੈਟਰੋ, ਸਿਟੀ ਬੱਸਾਂ ਅਤੇ ਭਾਰਤੀ ਰੇਲਵੇ ਨੈੱਟਵਰਕ ਨਾਲ ਨਿਰਵਿਘਨ ਮਲਟੀ-ਮਾਡਲ ਕਨੈਕਟੀਵਿਟੀ ਵੀ ਪ੍ਰਦਾਨ ਕਰੇਗਾ।


