ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਨਵੰਬਰ ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਜੀਐੱਮਆਰ ਏਰੋਸਪੇਸ ਅਤੇ ਇੰਡਸਟਰੀਅਲ ਪਾਰਕ - ਐੱਸਈਜ਼ੈੱਡ, ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਹੈਦਰਾਬਾਦ ਵਿਖੇ ਸਥਿਤ ਸਫ਼ਰਾਨ ਏਅਰਕ੍ਰਾਫਟ ਇੰਜਨ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕਰਨਗੇ।
ਐੱਸਏਈਐੱਸਆਈ, ਐੱਲਈਏਪੀ (ਲੀਡਿੰਗ ਐਜ ਏਵੀਏਸ਼ਨ ਪ੍ਰੋਪਲਸ਼ਨ) ਇੰਜਨਾਂ ਲਈ ਸਫ਼ਰਾਨ ਦੀ ਸਮਰਪਿਤ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਸਹੂਲਤ ਹੈ, ਜੋ ਏਅਰਬੱਸ ਏ320ਨਿਓ ਅਤੇ ਬੋਇੰਗ 737 ਮੈਕਸ ਹਵਾਈ ਜਹਾਜ਼ਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਸਹੂਲਤ ਦੀ ਸਥਾਪਨਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਇਹ ਨਾ ਸਿਰਫ਼ ਸਭ ਤੋਂ ਵੱਡੀਆਂ ਗਲੋਬਲ ਏਅਰਕ੍ਰਾਫਟ ਇੰਜਨ ਐੱਮਆਰਓ ਸਹੂਲਤਾਂ ਵਿੱਚੋਂ ਇੱਕ ਹੈ, ਸਗੋਂ ਪਹਿਲੀ ਵਾਰ, ਇੱਕ ਗਲੋਬਲ ਇੰਜਨ ਓਈਐੱਮ (ਮੂਲ ਉਪਕਰਨ ਨਿਰਮਾਤਾ) ਨੇ ਭਾਰਤ ਵਿੱਚ ਇੱਕ ਓਈਐੱਮ ਸੰਚਾਲਨ ਸਥਾਪਤ ਕੀਤਾ ਹੈ।
ਜੀਐੱਮਆਰ ਏਰੋਸਪੇਸ ਅਤੇ ਉਦਯੋਗਿਕ ਪਾਰਕ - ਐੱਸਈਜ਼ੈੱਡ ਦੇ ਅੰਦਰ 45,000 ਵਰਗ ਮੀਟਰ ਵਿੱਚ ਫੈਲਿਆ ਹੋਇਆ, ਜੋ ਲਗਭਗ ₹1,300 ਕਰੋੜ ਦੇ ਸ਼ੁਰੂਆਤੀ ਨਿਵੇਸ਼ ਨਾਲ ਵਿਕਸਤ ਕੀਤੀ ਗਈ ਅਤਿ-ਆਧੁਨਿਕ ਸਹੂਲਤ ਹੈ। ਸਾਲਾਨਾ 300 ਐੱਲਈਏਪੀ ਇੰਜਨਾਂ ਤੱਕ ਸਰਵਿਸ ਲਈ ਤਿਆਰ ਐੱਸਏਈਐੱਸਆਈ ਸਹੂਲਤ 2035 ਤੱਕ ਪੂਰੀ ਸੰਚਾਲਨ ਸਮਰੱਥਾ ਪ੍ਰਾਪਤ ਕਰਨ 'ਤੇ 1,000 ਤੋਂ ਵੱਧ ਉੱਚ ਹੁਨਰਮੰਦ ਭਾਰਤੀ ਟੈਕਨੀਸ਼ੀਅਨ ਅਤੇ ਇੰਜੀਨੀਅਰਾਂ ਨੂੰ ਰੁਜ਼ਗਾਰ ਦੇਵੇਗੀ। ਇਸ ਸਹੂਲਤ ਵਿੱਚ ਵਿਸ਼ਵ ਪੱਧਰੀ ਇੰਜਨ ਰੱਖ-ਰਖਾਅ ਅਤੇ ਮੁਰੰਮਤ ਸੇਵਾਵਾਂ ਪ੍ਰਦਾਨ ਕਰਨ ਲਈ ਉੱਨਤ ਪ੍ਰਕਿਰਿਆ ਉਪਕਰਨ ਹੋਣਗੇ।
ਇਹ ਐੱਮਆਰਓ ਸਹੂਲਤ ਹਵਾਬਾਜ਼ੀ ਖੇਤਰ ਵਿੱਚ ਆਤਮ-ਨਿਰਭਰਤਾ ਦੇ ਟੀਚੇ ਵੱਲ ਇੱਕ ਵੱਡਾ ਕਦਮ ਹੋਵੇਗਾ। ਐੱਮਆਰਓ ਵਿੱਚ ਸਵਦੇਸ਼ੀ ਸਮਰੱਥਾਵਾਂ ਦਾ ਵਿਕਾਸ ਵਿਦੇਸ਼ੀ ਮੁਦਰਾ ਦੇ ਬਾਹਰ ਜਾਣ ਨੂੰ ਘਟਾਏਗਾ, ਉੱਚ-ਮੁੱਲ ਵਾਲਾ ਰੁਜ਼ਗਾਰ ਪੈਦਾ ਕਰੇਗਾ, ਸਪਲਾਈ-ਲੜੀ ਲਚਕਤਾ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ ਨੂੰ ਇੱਕ ਆਲਮੀ ਹਵਾਬਾਜ਼ੀ ਧੁਰੇ ਵਜੋਂ ਸਥਾਪਤ ਕਰੇਗਾ। ਭਾਰਤ ਸਰਕਾਰ ਇਸ ਖੇਤਰ ਦੇ ਤੇਜ਼ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਮਜ਼ਬੂਤ ਐੱਮਆਰਓ ਈਕੋਸਿਸਟਮ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਸਰਕਾਰ ਦੀਆਂ ਮੁੱਖ ਨੀਤੀਗਤ ਪਹਿਲਕਦਮੀਆਂ - ਜਿਸ ਵਿੱਚ 2024 ਵਿੱਚ ਜੀਐੱਸਟੀ ਸੁਧਾਰ, ਐੱਮਆਰਓ ਦਿਸ਼ਾ-ਨਿਰਦੇਸ਼ 2021 ਅਤੇ ਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਨੀਤੀ 2016 ਸ਼ਾਮਲ ਹਨ - ਨੇ ਟੈਕਸ ਢਾਂਚੇ ਨੂੰ ਤਰਕਸੰਗਤ ਬਣਾ ਕੇ ਅਤੇ ਰਾਇਲਟੀ ਬੋਝ ਘਟਾ ਕੇ ਐੱਮਆਰਓ ਪ੍ਰਦਾਤਾਵਾਂ ਲਈ ਕਾਰਜਾਂ ਨੂੰ ਸੌਖਾ ਬਣਾਇਆ ਹੈ।


