ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਨਾਲ ਜੁੜੇ ਲਾਭਪਾਤਰੀਆਂ, ਉਦਯੋਗ ਦੇ ਨੁਮਾਇੰਦਿਆਂ ਅਤੇ ਹਿੱਸੇਦਾਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਤੇ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਤੇਜ਼ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਦੀ ਵੰਡ ਕੀਤੀ, ਜੋ ਪੀਐੱਮ-ਵੀਬੀਆਰਵਾਈ ਦੇ ਲਾਗੂਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਪੀਐੱਮ-ਵੀਬੀਆਰਵਾਈ ਭਾਰਤ ਸਰਕਾਰ ਦੀ ਰੋਜ਼ਗਾਰ ਨਾਲ ਜੁੜੀ ਇੱਕ ਪ੍ਰਮੁੱਖ ਉਤਸ਼ਾਹ ਯੋਜਨਾ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰ ਰਹੀ ਹੈ। ਇਸ ਉਤਸ਼ਾਹ ਰਾਸ਼ੀ ਨਾਲ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੀ ਹੈ।
ਫ਼ਰਾਂਸ ਅਤੇ ਸਲੋਵਾਕੀਆ ਦੀ ਆਪਣੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ, ਹੁਨਰ ਅਤੇ ਸਮਰੱਥਾ ਲਈ ਵਿਸ਼ਵ ਪੱਧਰ ’ਤੇ ਬੇਮਿਸਾਲ ਪਛਾਣ ਮਿਲ ਰਹੀ ਹੈ। ਪ੍ਰਧਾਨ ਮੰਤਰੀ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਵਿਸ਼ਵ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਫ਼ਰਾਂਸ ਅਤੇ ਸਲੋਵਾਕੀਆ ਦੀ ਯਾਤਰਾ ’ਤੇ ਸਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੌਜਵਾਨ ਭਾਰਤੀਆਂ ਦੀਆਂ ਸਮਰੱਥਾਵਾਂ ਨੂੰ ਪਛਾਣ ਰਹੀ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰ ਨੌਜਵਾਨ ਨੂੰ ਆਪਣੀ ਸਮਰੱਥਾ ਨੂੰ ਸਫਲਤਾ ਵਿੱਚ ਬਦਲਣ ਦਾ ਮੌਕਾ ਮਿਲੇ।

ਸ੍ਰੀ ਮੋਦੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਵਿਕਸਤ ਭਾਰਤ ਰੁਜ਼ਗਾਰ ਯੋਜਨਾ ਇੱਕ ਰੁਜ਼ਗਾਰ ਯੋਜਨਾ ਤੋਂ ਕਿਤੇ ਵੱਧ ਹੈ। ਇਹ ਪਹਿਲੀ ਵਾਰ ਨੌਕਰੀ ਸ਼ੁਰੂ ਕਰਨ ਵਾਲੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਤੇ ਕਾਰਜਬਲ ਵਿਚਕਾਰ ਇੱਕ ਮਜ਼ਬੂਤ ਪੁਲ਼ ਬਣਾਉਣ ਲਈ ਤਿਆਰ ਕੀਤੀ ਗਈ ਇੱਕ ਪਹਿਲ ਹੈ।” ਉਨ੍ਹਾਂ ਕਿਹਾ ਕਿ ਜਿੱਥੇ ਕਈ ਯੋਜਨਾਵਾਂ ਆਮ ਤੌਰ ’ਤੇ ਕਰਮਚਾਰੀਆਂ ਜਾਂ ਮਾਲਕਾਂ ’ਤੇ ਕੇਂਦਰਿਤ ਹੁੰਦੀਆਂ ਹਨ, ਉੱਥੇ ਹੀ ਇਹ ਪ੍ਰੋਗਰਾਮ ਇੱਕੋ ਸਮੇਂ ਦੋਵਾਂ ਦਾ ਸਮਰਥਨ ਕਰਦਾ ਹੈ। ਸਰਕਾਰ ਉਨ੍ਹਾਂ ਨੌਜਵਾਨਾਂ ਦੇ ਨਾਲ ਖੜ੍ਹੀ ਹੈ, ਜੋ ਆਪਣੇ ਪੇਸ਼ਾਵਰ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਉਨ੍ਹਾਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਦੀ ਹੈ, ਜੋ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੀਆਂ ਹਨ।
ਯੋਜਨਾ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਤੱਕ ਲਗਭਗ 70 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ ਇੰਨੀ ਹੀ ਗਿਣਤੀ ਵਿੱਚ ਪਹਿਲੀ ਵਾਰ ਨੌਕਰੀ ਪਾਉਣ ਵਾਲੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲਗਭਗ 20 ਲੱਖ ਨੌਜਵਾਨ ਪਹਿਲੀ ਨੌਕਰੀ ਵਿੱਚ ਛੇ ਮਹੀਨੇ ਪੂਰੇ ਕਰ ਚੁੱਕੇ ਹਨ, ਜਦੋਂ ਕਿ ਇਸ ਪ੍ਰਾਪਤੀ ਨੂੰ ਪੂਰਾ ਕਰਨ ’ਤੇ ਲਗਭਗ 10 ਲੱਖ ਲਾਭਪਾਤਰੀਆਂ ਨੂੰ ਯੋਜਨਾ ਦੇ ਤਹਿਤ ਪਹਿਲਾਂ ਹੀ ਉਤਸ਼ਾਹ ਰਾਸ਼ੀ ਮਿਲ ਚੁੱਕੀ ਹੈ। 2,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ। ਇਸ ਸਹਾਇਤਾ ਨੂੰ ਮਾਲੀ ਮਦਦ ਤੋਂ ਕਿਤੇ ਵੱਧ ਦੱਸਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੇਸ਼ ਦੇ ਨੌਜਵਾਨਾਂ ਦੀ ਮਿਹਨਤ ਨੂੰ ਮਾਨਤਾ ਦੇਣ ਅਤੇ ਦੇਸ਼ ਦਾ ਉਨ੍ਹਾਂ ਦੇ ਭਵਿੱਖ ਵਿੱਚ ਵਿਸ਼ਵਾਸ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਯੋਜਨਾ ਦੇ ਤਹਿਤ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀਆਂ ਸੰਸਥਾਵਾਂ ਅਤੇ ਉਦਯੋਗਾਂ ਦੀ ਭਾਗੀਦਾਰੀ ’ਤੇ ਵੀ ਤਸੱਲੀ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਸਰਕਾਰ, ਉਦਯੋਗ ਅਤੇ ਨੌਜਵਾਨ ਮਿਲ ਕੇ ਕੰਮ ਕਰਦੇ ਹਨ ਤਾਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਤੇਜ਼ੀ ਆਉਂਦੀ ਹੈ। ਇਹ ਪਹਿਲ ਇੱਕ ਨਵੇਂ ਭਾਰਤ ਦੀ ਝਲਕ ਹੈ ਜਿੱਥੇ ਨੌਜਵਾਨਾਂ ਨੂੰ ਮੌਕੇ ਮਿਲਦੇ ਹਨ, ਉਦਯੋਗਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਰੋਜ਼ਗਾਰ ਸਿਰਜਣ ਇੱਕ ਰਾਸ਼ਟਰੀ ਮਿਸ਼ਨ ਬਣ ਜਾਂਦਾ ਹੈ।”

ਭਾਰਤ ਦੀ ਜਨਸੰਖਿਆ ਦੀ ਤਾਕਤ ਨੂੰ ਉਜਾਗਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇੱਕ ਵਿਕਸਤ ਰਾਸ਼ਟਰ ਬਣਨ ਦੀ ਯਾਤਰਾ ਕੁਦਰਤੀ ਤੌਰ ’ਤੇ ਦੇਸ਼ ਦੀ ਨੌਜਵਾਨ ਸ਼ਕਤੀ ਦੀਆਂ ਇੱਛਾਵਾਂ, ਹੁਨਰ ਅਤੇ ਸਮਰੱਥਾਵਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਦੁਹਰਾਇਆ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰ ਨੌਜਵਾਨ ਭਾਰਤੀ ਆਪਣੀ ਪ੍ਰਤਿਭਾ ਅਤੇ ਇੱਛਾ ਅਨੁਸਾਰ ਅੱਗੇ ਵਧ ਸਕੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਬਾਰਾਂ ਸਾਲਾਂ ਵਿੱਚ ਸਰਕਾਰ ਨੇ ਰੋਜ਼ਗਾਰ ਦੇ ਹਰ ਰਸਤੇ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ, “ਬੁਨਿਆਦੀ ਢਾਂਚੇ ਅਤੇ ਨਵੀਨਤਾ ਤੋਂ ਲੈ ਕੇ ਨਿਰਮਾਣ, ਡਿਜੀਟਲ ਆਰਥਿਕਤਾ, ਪੁਲਾੜ ਤਕਨਾਲੋਜੀ ਅਤੇ ਸਟਾਰਟਅੱਪਸ ਤੱਕ, ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਯਤਨ ਕੀਤੇ ਗਏ ਹਨ। ਮੇਕ ਇਨ ਇੰਡੀਆ, ਵੋਕਲ ਫਾਰ ਲੋਕਲ, ਸਥਾਨਕ ਉਤਪਾਦਾਂ ਨੂੰ ਗਲੋਬਲ ਬਜ਼ਾਰਾਂ ਤੱਕ ਪਹੁੰਚਾਉਣ ਦੇ ਯਤਨਾਂ ਅਤੇ ਮਿਸ਼ਨ ਨਿਰਮਾਣ ਵਰਗੀਆਂ ਪਹਿਲਕਦਮੀਆਂ ਨੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੋਵਾਂ ਲਈ ਮੌਕਿਆਂ ਦਾ ਵਿਸਥਾਰ ਕੀਤਾ ਹੈ।”
ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਦੇ ਬੁਨਿਆਦੀ ਢਾਂਚੇ ਵਿੱਚ 12 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਰੋਜ਼ਗਾਰ ਸਿਰਜਣ ਲਈ ਇੱਕ ਮਜ਼ਬੂਤ ਅਧਾਰ ਬਣਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 33 ਲੱਖ ਕਰੋੜ ਰੁਪਏ ਤੋਂ ਵੱਧ ਦੀ ਮਦਦ ਨੇ ਲੱਖਾਂ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਾਇਆ ਹੈ। ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ 10 ਕਰੋੜ ਤੋਂ ਵੱਧ ਔਰਤਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ, ਜਦੋਂ ਕਿ 3 ਕਰੋੜ ਤੋਂ ਵੱਧ ਔਰਤਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਮ ਸਵਨਿਧੀ ਅਤੇ ਪੀਐੱਮ ਵਿਸ਼ਵਕਰਮਾ ਵਰਗੀਆਂ ਪਹਿਲਕਦਮੀਆਂ ਨੇ ਛੋਟੇ ਉੱਦਮੀਆਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਰਵਾਇਤੀ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਵਧ ਰਹੇ ਡਰੋਨ ਖੇਤਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਕਿਵੇਂ ਨਵੀਆਂ ਤਕਨਾਲੋਜੀਆਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ। ਦਵਾਈਆਂ ਦੀ ਡਿਲੀਵਰੀ ਅਤੇ ਖੇਤੀਬਾੜੀ ਦੇ ਕੰਮਾਂ ਤੋਂ ਲੈ ਕੇ ਸਵਾਮੀਤਵ ਯੋਜਨਾ ਦੇ ਤਹਿਤ ਜ਼ਮੀਨ ਦੀ ਮੈਪਿੰਗ ਅਤੇ ਰੱਖਿਆ ਮੁਹਿੰਮਾਂ ਤੱਕ, ਡਰੋਨ ਤਕਨਾਲੋਜੀ ਨੂੰ ਅਪਣਾਉਣ ਨਾਲ ਨੌਜਵਾਨ ਭਾਰਤੀਆਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਡਿਜੀਟਲ ਅਰਥ-ਵਿਵਸਥਾ ਦੇ ਪਰਿਵਰਤਨਸ਼ੀਲ ਪ੍ਰਭਾਵ ਬਾਰੇ ਸ਼੍ਰੀ ਮੋਦੀ ਨੇ ਗਿਗ ਆਰਥਿਕਤਾ, ਪਲੇਟਫਾਰਮ-ਅਧਾਰਤ ਸੇਵਾਵਾਂ, ਸਮੱਗਰੀ ਤਿਆਰ ਕਰਨਾ ਅਤੇ ਤਕਨਾਲੋਜੀ-ਅਧਾਰਤ ਉੱਦਮਾਂ ਦੇ ਉਭਾਰ ਨੂੰ ਰੋਜ਼ਗਾਰ ਅਤੇ ਆਮਦਨ ਦੇ ਮਹੱਤਵਪੂਰਨ ਸਰੋਤ ਵਜੋਂ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਜਿਹੜੇ ਮੌਕੇ ਪਹਿਲਾਂ ਅਸੰਭਵ ਲੱਗਦੇ ਸਨ, ਉਹ ਹੁਣ ਲੱਖਾਂ ਨੌਜਵਾਨ ਭਾਰਤੀਆਂ ਲਈ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਣ ਗਏ ਹਨ। ਇਹੀ ਤਬਦੀਲੀ ਭਾਰਤ ਦੇ ਜੀਵੰਤ ਸਟਾਰਟਅੱਪ ਈਕੋਸਿਸਟਮ ਵਿੱਚ ਵੀ ਦਿਖਾਈ ਦੇ ਰਿਹਾ ਹੈ, ਜੋ ਲਗਾਤਾਰ ਨਵੀਨਤਾ ਨੂੰ ਹੁਲਾਰਾ ਦੇ ਰਿਹਾ ਹੈ, ਰੋਜ਼ਗਾਰ ਪੈਦਾ ਕਰ ਰਿਹਾ ਹੈ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੇ ਬੇਮਿਸਾਲ ਵਿਕਾਸ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਦੇਸ਼ ਵਿੱਚ ਸਿਰਫ਼ ਲਗਭਗ 500 ਸਟਾਰਟਅੱਪ ਸਨ, ਜਦੋਂ ਕਿ ਅੱਜ 2,00,000 ਤੋਂ ਵੱਧ ਰਜਿਸਟਰਡ ਸਟਾਰਟਅੱਪ ਕੰਮ ਕਰ ਰਹੇ ਹਨ, ਜੋ ਦੇਸ਼ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਮੌਜੂਦ ਹਨ। ਸ਼੍ਰੀ ਮੋਦੀ ਨੇ ਕਿਹਾ, “ਵਿਸ਼ਵ ਭਾਈਚਾਰਾ ਭਾਰਤ ਦੇ ਭਵਿੱਖ ਪ੍ਰਤੀ ਉਤਸ਼ਾਹਿਤ ਹੈ ਅਤੇ ਉਸ ਨੂੰ ਇਸ ਦੇ ਨੌਜਵਾਨਾਂ ਦੀਆਂ ਸਮਰੱਥਾਵਾਂ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਹੈ।” ਆਪਣੀ ਹਾਲੀਆ ਫ਼ਰਾਂਸ ਯਾਤਰਾ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ “ਇੰਡੀਆ ਇਨੋਵੇਟਸ” ਪ੍ਰੋਗਰਾਮ ਦੇ ਸਫਲ ਆਯੋਜਨ ਨੂੰ ਯਾਦ ਕੀਤਾ, ਜਿਸ ਨੇ ਭਾਰਤੀ ਸਟਾਰਟਅੱਪਸ ਅਤੇ ਵਿਸ਼ਵ-ਵਿਆਪੀ ਨਿਵੇਸ਼ਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਪੁਲਾੜ ਤਕਨਾਲੋਜੀ, ਹਰਿਤ ਊਰਜਾ (ਗ੍ਰੀਨ ਐਨਰਜੀ) ਅਤੇ ਬਾਇਓ-ਟੈਕਨਾਲੋਜੀ ਵਰਗੇ ਉਭਰਦੇ ਖੇਤਰਾਂ ਲਈ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਾਰਤ ਦੇ ਨਵੀਨਤਾ ਈਕੋਸਿਸਟਮ ਵਿੱਚ ਵਧ ਰਹੀ ਅੰਤਰਰਾਸ਼ਟਰੀ ਦਿਲਚਸਪੀ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਨੂੰ ਰੂਪ ਦੇਣ ਵਿੱਚ ਇਸ ਦੀ ਵਧ ਰਹੀ ਭੂਮਿਕਾ ਨੂੰ ਦਰਸਾਉਂਦੇ ਹਨ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਸਰਗਰਮ ਰੂਪ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤੇ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਮਝੌਤੇ ਭਾਰਤੀ ਉਦਯੋਗਾਂ ਲਈ ਨਵੇਂ ਬਾਜ਼ਾਰ ਖੋਲ੍ਹ ਰਹੇ ਹਨ ਅਤੇ ਭਾਰਤੀ ਪੇਸ਼ਾਵਰਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਜਦੋਂ ਪੂਰੀ ਦੁਨੀਆ ਭਵਿੱਖ ਦੀ ਆਰਥਿਕਤਾ ਦੀ ਤਿਆਰੀ ਕਰ ਰਹੀ ਹੈ, ਭਾਰਤ ਇਸ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਜਿਵੇਂ-ਜਿਵੇਂ ਦੇਸ਼ ਭਵਿੱਖ ਦੀਆਂ ਤਕਨਾਲੋਜੀਆਂ ਵੱਲ ਵਧ ਰਹੇ ਹਨ, ਭਾਰਤ ਆਪਣੇ ਨੌਜਵਾਨਾਂ ਨੂੰ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਫਲ ਹੋਣ ਲਈ ਲੋੜੀਂਦੇ ਹੁਨਰ ਅਤੇ ਸਮਰੱਥਾਵਾਂ ਨਾਲ ਲੈਸ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਬਾਰਾਂ ਸਾਲਾਂ ਵਿੱਚ ਭਾਰਤ ਦੇ ਰੋਜ਼ਗਾਰ ਈਕੋਸਿਸਟਮ ਵਿੱਚ ਹੋਈ ਮਹੱਤਵਪੂਰਨ ਤਬਦੀਲੀ ਵੱਲ ਵੀ ਧਿਆਨ ਦਿਵਾਇਆ, ਜਿਸ ਨੂੰ ਅਕਸਰ ਘੱਟ ਮਹੱਤਵ ਦਿੱਤਾ ਜਾਂਦਾ ਹੈ, ਪਰ ਇਹ ਵਿਕਸਤ ਭਾਰਤ ਦੀ ਯਾਤਰਾ ਲਈ ਬਹੁਤ ਮਹੱਤਵਪੂਰਨ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ, “ਸਰਕਾਰ ਦਾ ਧਿਆਨ ਹਮੇਸ਼ਾ ਰੋਜ਼ਗਾਰ ਨੂੰ ਸੁਰੱਖਿਆ, ਮਾਣ-ਸਤਿਕਾਰ ਅਤੇ ਸਮਾਜਿਕ ਸੁਰੱਖਿਆ ਨਾਲ ਜੋੜਨ ’ਤੇ ਰਿਹਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ ) ਨੂੰ ਆਧੁਨਿਕ ਬਣਾਉਣ, ਪੈਨਸ਼ਨ ਪ੍ਰਣਾਲੀ ਨੂੰ ਸਰਲ ਬਣਾਉਣ ਅਤੇ ਲੱਖਾਂ ਕਾਮਿਆਂ ਲਈ ਸਿਹਤ ਬੀਮਾ ਤੇ ਕਿਫਾਇਤੀ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕੀਤੇ ਗਏ ਕਿਰਤ ਸੁਧਾਰਾਂ ਦੇ ਪਿੱਛੇ ਵੀ ਇਹੀ ਸੋਚ ਹੈ।”
ਪ੍ਰਧਾਨ ਮੰਤਰੀ ਨੇ ਭਾਰਤ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਔਰਤਾਂ ਦੇ ਵਧਦੇ ਯੋਗਦਾਨ ’ਤੇ ਵੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਰਾਤ ਦੀ ਸ਼ਿਫਟ ਦੇ ਰੋਜ਼ਗਾਰ ਨਾਲ ਜੁੜੇ ਸੁਧਾਰ, ਘਰ ਤੋਂ ਕੰਮ ਕਰਨ (ਵਰਕ-ਫ੍ਰੌਮ-ਹੋਮ) ਦੇ ਮੌਕਿਆਂ ਨੂੰ ਵਧਾਉਣਾ ਅਤੇ ਕੰਮ ਵਾਲੀ ਥਾਂ ’ਤੇ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਇਨ੍ਹਾਂ ਸਭ ਦਾ ਉਦੇਸ਼ ਔਰਤਾਂ ਦੀ ਕਾਰਜਬਲ ਵਿੱਚ ਭਾਗੀਦਾਰੀ ਨੂੰ ਹੋਰ ਵਧਾਉਣਾ ਹੈ।

ਉਦਯੋਗ ਜਗਤ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ 21ਵੀਂ ਸਦੀ ਵਿੱਚ ਆਰਥਿਕ ਸਫਲਤਾ ਤੈਅ ਕਰਨ ਵਿੱਚ ਹੁਨਰਮੰਦ ਪ੍ਰਤਿਭਾ, ਨਵੀਨਤਾ ਅਤੇ ਗੁਣਵੱਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਕੋਲ ਇਹ ਵਿਸ਼ੇਸ਼ਤਾਵਾਂ ਹੋਣਗੀਆਂ, ਉਨ੍ਹਾਂ ਨੂੰ ਸਭ ਤੋਂ ਵੱਧ ਮੌਕੇ ਮਿਲਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਕੋਲ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਬੇਮਿਸਾਲ ਸਮਰੱਥਾ ਹੈ। ਸ਼੍ਰੀ ਮੋਦੀ ਨੇ ਕਿਹਾ, “ਦੁਨੀਆ ਤੇਜ਼ੀ ਨਾਲ ਭਾਰਤ ਲਈ ਬੂਹੇ ਖੋਲ੍ਹ ਰਹੀ ਹੈ ਅਤੇ ਲਗਭਗ ਚਾਲੀ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਜਾ ਚੁੱਕੇ ਹਨ। ਇਹ ਸਮਝੌਤੇ ਨਵੇਂ ਬਾਜ਼ਾਰ ਬਣਾ ਰਹੇ ਹਨ, ਵਿਸ਼ਵ-ਵਿਆਪੀ ਖਪਤਕਾਰਾਂ ਤੱਕ ਪਹੁੰਚ ਵਧਾ ਰਹੇ ਹਨ, ਅਤੇ ਮੇਕ ਇਨ ਇੰਡੀਆ ਪਹਿਲਕਦਮੀ ਦੇ ਤਹਿਤ ਬਣੇ ਬ੍ਰਾਂਡਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੇ ਹਨ।
ਸ਼੍ਰੀ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕੋਈ ਦੇਸ਼ ਵਿਸ਼ਵ-ਵਿਆਪੀ ਦ੍ਰਿਸ਼ਟੀਕੋਣ ਅਪਣਾਉਂਦਾ ਹੈ, ਤਾਂ ਸਫਲਤਾ ਦੀਆਂ ਸੀਮਾਵਾਂ ਕੁਦਰਤੀ ਤੌਰ ’ਤੇ ਵਿਸ਼ਾਲ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਕਵੀਂ ਸਦੀ ਵਿੱਚ ਸਿਖਲਾਈ , ਮਾਰਗ-ਦਰਸ਼ਨ ਅਤੇ ਇੰਟਰਨਸ਼ਿਪ ਹੁਣ ਵਿਕਲਪ ਨਹੀਂ, ਬਲਕਿ ਭਵਿੱਖ ਦੇ ਕਾਰਜਬਲ ਲਈ ਲਾਜ਼ਮੀ ਹਿੱਸੇ ਹਨ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ, “ਵਿਕਸਤ ਭਾਰਤ ਵੱਲ ਯਾਤਰਾ ਸਿਰਫ਼ ਨਿਵੇਸ਼ ਨਾਲ ਅੱਗੇ ਨਹੀਂ ਵਧੇਗੀ, ਬਲਕਿ ਇਹ ਪ੍ਰਤਿਭਾ, ਹੁਨਰ ਅਤੇ ਨਵੀਨਤਾ ਦੀ ਤਾਕਤ ਨਾਲ ਚਲਾਈ ਜਾਵੇਗੀ। ਰਾਸ਼ਟਰੀ ਵਿਕਾਸ ਦੇ ਹਰ ਖੇਤਰ ਵਿੱਚ ਗੁਣਵੱਤਾ ਹੀ ਮੁੱਖ ਮਾਪਦੰਡ ਹੋਣੀ ਚਾਹੀਦਾ ਹੈ। ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਅਤੇ ਸਫਲ ਹੋਣ ਲਈ, ਭਾਰਤ ਨੂੰ ਲਗਾਤਾਰ ਸਭ ਤੋਂ ਉੱਚੇ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰਨਾ ਹੋਵੇਗਾ ਅਤੇ ਉਨ੍ਹਾਂ ਤੋਂ ਵੀ ਅੱਗੇ ਨਿਕਲਣਾ ਹੋਵੇਗਾ।"
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੀ ਦੁਨੀਆ ਭਾਰਤ ਤੋਂ ਵੱਡੀਆਂ ਉਮੀਦਾਂ ਰੱਖਦੀ ਹੈ। ਦੇਸ਼ ਦੇ ਨੌਜਵਾਨਾਂ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਨੌਜਵਾਨ ਭਾਰਤੀ ਨਾ ਸਿਰਫ਼ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨਗੇ, ਬਲਕਿ ਆਪਣੀ ਲਗਨ, ਰਚਨਾਤਮਕਤਾ ਅਤੇ ਸਮਰੱਥਾਵਾਂ ਦੇ ਜ਼ਰੀਏ ਉਨ੍ਹਾਂ ਤੋਂ ਵੀ ਅੱਗੇ ਨਿਕਲ ਜਾਣਗੇ। ਉਨ੍ਹਾਂ ਨੇ ਇਸ ਵਿਸ਼ਵਾਸ ਨੂੰ 'ਵਿਕਸਤ ਭਾਰਤ' ਦੀ ਅਸਲੀ ਤਾਕਤ ਅਤੇ ਭਾਰਤ ਦੀ ਨੌਜਵਾਨ ਸ਼ਕਤੀ ਦੀ ਵਿਸ਼ਾਲ ਸਮਰੱਥਾ ਦਾ ਪਰਛਾਵਾਂ ਦੱਸਿਆ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਇਹ ਕਹਿ ਕੇ ਉਤਸ਼ਾਹਿਤ ਕੀਤਾ ਕਿ ਉਹ ਅਸਫਲਤਾਵਾਂ ਜਾਂ ਰੁਕਾਵਟਾਂ ਤੋਂ ਨਿਰਾਸ਼ ਨਾ ਹੋਣ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਹਰ ਅਸਫਲਤਾ ਵਿੱਚ ਇੱਕ ਕੀਮਤੀ ਸਬਕ ਹੁੰਦਾ ਹੈ ਅਤੇ ਇਹ ਨਿੱਜੀ ਵਿਕਾਸ ਅਤੇ ਭਵਿੱਖ ਦੀ ਸਫਲਤਾ ਵਿੱਚ ਯੋਗਦਾਨ ਪਾਉਂਦਾ ਹੈ। ਇੱਕ ਨੌਜਵਾਨ ਮਨ ਦੀ ਸੱਚੀ ਪਛਾਣ ਇਸ ਦੀ ਚੁਣੌਤੀਆਂ ਤੋਂ ਨਿਰੰਤਰ ਸਿੱਖਣ, ਸੁਪਨਿਆਂ ਨੂੰ ਪ੍ਰਾਪਤੀਆਂ ਵਿੱਚ ਬਦਲਣ, ਅਤੇ ਹਰ ਪ੍ਰਾਪਤੀ ਤੋਂ ਬਾਅਦ ਨਵੇਂ ਟੀਚੇ ਮਿਥਣ ਦੀ ਸਮਰੱਥਾ ਵਿੱਚ ਹੁੰਦੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਨੌਜਵਾਨਾਂ ਅਤੇ ਉਨ੍ਹਾਂ ਵਿੱਚ ਮੌਜੂਦ ਉੱਦਮਤਾ ਦੀ ਊਰਜਾ ਵਿੱਚ ਅਟੁੱਟ ਵਿਸ਼ਵਾਸ ਪ੍ਰਗਟਾਇਆ। ਉਨ੍ਹਾਂ ਨੇ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਦੁਹਰਾਇਆ ਕਿ ਭਾਰਤ ਇੱਕ ਵਿਕਸਤ ਦੇਸ਼ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਅਤੇ ਸਰਕਾਰ ਦੇਸ਼ ਦੇ ਨੌਜਵਾਨ ਨਾਗਰਿਕਾਂ ਦੀਆਂ ਇੱਛਾਵਾਂ, ਨਵੀਨਤਾ ਅਤੇ ਇੱਛਾਵਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
PM Viksit Bharat Rozgar Yojana is about empowering first-time employees and building a bridge between youth and industry. pic.twitter.com/hlhr9u9Xh8
— PMO India (@PMOIndia) June 19, 2026
The aspirations, skills and potential of our youth shape the path to a Viksit Bharat. pic.twitter.com/wmWpy7GtnS
— PMO India (@PMOIndia) June 19, 2026
India's youth will be at the forefront of driving global growth, innovation and entrepreneurship in the years to come. pic.twitter.com/C96TwqjWjL
— PMO India (@PMOIndia) June 19, 2026
India is set to lead from the front. pic.twitter.com/WkZZoTHbh3
— PMO India (@PMOIndia) June 19, 2026
In the 21st century, opportunities will belong to nations that nurture skilled talent, foster innovation and uphold the highest standards of quality. pic.twitter.com/aU2GZ7HKu9
— PMO India (@PMOIndia) June 19, 2026
In the 21st century, opportunities will belong to nations that nurture skilled talent, foster innovation and uphold the highest standards of quality. pic.twitter.com/aU2GZ7HKu9
— PMO India (@PMOIndia) June 19, 2026
To compete globally, we must meet the highest quality standards. pic.twitter.com/GzHwzUnJXb
— PMO India (@PMOIndia) June 19, 2026


