ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ 'ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15-16 ਦਸੰਬਰ, 2025 ਨੂੰ ਜੌਰਡਨ ਦਾ ਦੌਰਾ ਕੀਤਾ।
ਦੋਵਾਂ ਆਗੂਆਂ ਨੇ ਇਹ ਤੱਥ ਮੰਨਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇਹ ਫੇਰੀ ਅਜਿਹੇ ਅਹਿਮ ਸਮੇਂ 'ਤੇ ਹੋ ਰਹੀ ਹੈ, ਜਦੋਂ ਦੋਵੇਂ ਦੇਸ਼ ਦੁਵੱਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ।
ਦੋਵਾਂ ਆਗੂਆਂ ਨੇ ਆਪਣੇ ਦੇਸ਼ਾਂ ਦੇ ਆਪਸੀ ਭਰੋਸੇ, ਨੇੜਤਾ ਅਤੇ ਸਦਭਾਵਨਾ ਨਾਲ ਭਰਪੂਰ ਲੰਮੇ ਸਮੇਂ ਦੇ ਸਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਿਆਸੀ, ਆਰਥਿਕ, ਰੱਖਿਆ, ਸੁਰੱਖਿਆ, ਸੱਭਿਆਚਾਰ ਅਤੇ ਸਿੱਖਿਆ ਸਮੇਤ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ ਬਹੁ-ਪੱਖੀ ਭਾਰਤ-ਜੌਰਡਨ ਸਬੰਧਾਂ ਦਾ ਹਾਂ-ਪੱਖੀ ਮੁਲਾਂਕਣ ਕੀਤਾ।
ਆਗੂਆਂ ਨੇ ਦੁਵੱਲੇ ਪੱਧਰ 'ਤੇ ਅਤੇ ਬਹੁ-ਪੱਖੀ ਮੰਚਾਂ 'ਤੇ ਦੋਵਾਂ ਪੱਖਾਂ ਵਿਚਾਲੇ ਬਿਹਤਰੀਨ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਿਊਯਾਰਕ (ਸਤੰਬਰ, 2019), ਰਿਆਦ (ਅਕਤੂਬਰ, 2019), ਦੁਬਈ (ਦਸੰਬਰ, 2023) ਅਤੇ ਇਟਲੀ (ਜੂਨ, 2024) ਵਿੱਚ ਹੋਈਆਂ ਆਪਣੀਆਂ ਪਿਛਲੀਆਂ ਮੀਟਿੰਗਾਂ ਨੂੰ ਨਿੱਘ ਨਾਲ ਯਾਦ ਕੀਤਾ।
ਸਿਆਸੀ ਰਿਸ਼ਤੇ
ਦੋਵਾਂ ਆਗੂਆਂ ਨੇ 15 ਦਸੰਬਰ, 2025 ਨੂੰ ਅਮਾਨ ਵਿੱਚ ਦੁਵੱਲੀ ਅਤੇ ਵਿਸਥਾਰਿਤ ਗੱਲਬਾਤ ਕੀਤੀ, ਜਿਸ ਵਿੱਚ ਭਾਰਤ ਅਤੇ ਜੌਰਡਨ ਵਿਚਾਲੇ ਸਬੰਧਾਂ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਨੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦਾ ਵਿਸਥਾਰ ਕਰਨ ਅਤੇ ਵਿਕਾਸ ਨਾਲ ਸਬੰਧਤ ਆਪੋ-ਆਪਣੀਆਂ ਇੱਛਾਵਾਂ ਅੱਗੇ ਵਧਾਉਣ ਲਈ ਭਰੋਸੇਯੋਗ ਭਾਈਵਾਲ ਵਜੋਂ ਨਾਲ ਖੜ੍ਹੇ ਰਹਿਣ 'ਤੇ ਵੀ ਸਹਿਮਤੀ ਪ੍ਰਗਟਾਈ।
ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਨਿਯਮਤ ਰੂਪ ਨਾਲ ਹੋਣ ਵਾਲੇ ਸਿਆਸੀ ਸੰਵਾਦਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸਾਂਝੇ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਦਾ ਤਸੱਲੀ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਕਾਇਮ ਕੀਤੇ ਢਾਂਚਿਆਂ ਦੀ ਪੂਰੀ ਵਰਤੋਂ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ। ਇਸ ਸੰਦਰਭ ਵਿੱਚ ਆਗੂਆਂ ਨੇ 29 ਅਪ੍ਰੈਲ, 2025 ਨੂੰ ਅਮਾਨ ਵਿੱਚ ਨੇਪਰੇ ਚੜ੍ਹੇ ਦੋਵਾਂ ਵਿਦੇਸ਼ ਮੰਤਰਾਲਿਆਂ ਦੇ ਸਿਆਸੀ ਸਲਾਹ-ਮਸ਼ਵਰੇ ਦੇ ਚੌਥੇ ਦੌਰ ਦੇ ਨਤੀਜਿਆਂ ਦੀ ਸ਼ਲਾਘਾ ਕੀਤੀ। ਸਿਆਸੀ ਸਲਾਹ-ਮਸ਼ਵਰੇ ਦਾ ਪੰਜਵਾਂ ਦੌਰ ਨਵੀਂ ਦਿੱਲੀ ਵਿੱਚ ਕਰਵਾਇਆ ਜਾਵੇਗਾ।
ਭਵਿੱਖ 'ਤੇ ਝਾਤ ਮਾਰਦਿਆਂ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦੀ ਹਾਂ-ਪੱਖੀ ਦਿਸ਼ਾ ਨੂੰ ਕਾਇਮ ਰੱਖਣ, ਉੱਚ-ਪੱਧਰੀ ਆਪਸੀ ਸੰਵਾਦ ਨੂੰ ਹੁਲਾਰਾ ਦੇਣ ਅਤੇ ਆਪਸੀ ਸਹਿਯੋਗ ਤੇ ਭਾਈਵਾਲੀ ਨੂੰ ਲਗਾਤਾਰ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।
ਆਰਥਿਕ ਸਹਿਯੋਗ
ਆਗੂਆਂ ਨੇ ਭਾਰਤ ਅਤੇ ਜੌਰਡਨ ਵਿਚਾਲੇ ਮਜ਼ਬੂਤ ਦੁਵੱਲੀ ਵਪਾਰਕ ਭਾਈਵਾਲੀ ਦੀ ਸ਼ਲਾਘਾ ਕੀਤੀ, ਜਿਸ ਦਾ ਮੁੱਲ ਸਾਲ 2024 ਵਿੱਚ 2.3 ਬਿਲੀਅਨ ਡਾਲਰ ਰਿਹਾ, ਜਿਸ ਸਦਕਾ ਭਾਰਤ, ਜੌਰਡਨ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਗਿਆ ਹੈ। ਉਨ੍ਹਾਂ ਨੇ ਦੁਵੱਲਾ ਵਪਾਰ ਵਧਾਉਣ ਲਈ ਵਪਾਰਕ ਵਸਤਾਂ ਵਿੱਚ ਵੰਨ-ਸੁਵੰਨਤਾ ਲਿਆਉਣ ਦੀ ਲੋੜ 'ਤੇ ਸਹਿਮਤੀ ਪ੍ਰਗਟਾਈ। ਆਗੂਆਂ ਨੇ ਆਰਥਿਕ ਅਤੇ ਵਪਾਰਕ ਸਬੰਧਾਂ ਵਿੱਚ ਹੋਈ ਤਰੱਕੀ ਦਾ ਜਾਇਜ਼ਾ ਲੈਣ ਲਈ ਸਾਲ 2026 ਦੇ ਪਹਿਲੇ ਅੱਧ ਵਿੱਚ 11ਵੀਂ ਵਪਾਰ ਅਤੇ ਆਰਥਿਕ ਸਾਂਝੀ ਕਮੇਟੀ ਦੀ ਮੀਟਿੰਗ ਜਲਦੀ ਕਰਵਾਉਣ 'ਤੇ ਵੀ ਸਹਿਮਤੀ ਜਤਾਈ।
ਆਗੂਆਂ ਨੇ ਇਸ ਦੌਰੇ ਦੌਰਾਨ 16 ਦਸੰਬਰ, 2025 ਨੂੰ ਜੌਰਡਨ-ਭਾਰਤ ਵਪਾਰਕ ਮੰਚ ਕਰਵਾਉਣ ਦਾ ਸਵਾਗਤ ਕੀਤਾ। ਇਸ ਵਿੱਚ ਦੋਵਾਂ ਦੇਸ਼ਾਂ ਦੇ ਉੱਚ-ਪੱਧਰੀ ਵਪਾਰਕ ਵਫ਼ਦਾਂ ਨੇ ਦੁਵੱਲੇ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੋਰ ਵਧੇਰੇ ਪੱਕਾ ਕਰਨ ਅਤੇ ਵਧਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ।
ਆਗੂਆਂ ਨੇ ਕਸਟਮ ਦੇ ਖੇਤਰ ਵਿੱਚ ਸਹਿਯੋਗ ਦੀ ਮਹੱਤਤਾ ਨੂੰ ਮੰਨਿਆ। ਉਨ੍ਹਾਂ ਨੇ ਕਸਟਮ ਨਾਲ ਸਬੰਧਤ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਪ੍ਰਸ਼ਾਸਕੀ ਸਹਾਇਤਾ ਸਬੰਧੀ ਸਮਝੌਤੇ ਦੀ ਪੂਰੀ ਵਰਤੋਂ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ। ਇਹ ਸਮਝੌਤਾ ਕਸਟਮ ਕਾਨੂੰਨਾਂ ਨੂੰ ਢੁਕਵੇਂ ਢੰਗ ਨਾਲ ਲਾਗੂ ਕਰਨਾ ਅਤੇ ਕਸਟਮ ਨਾਲ ਸਬੰਧਤ ਅਪਰਾਧਾਂ ਨਾਲ ਨਜਿੱਠਣਾ ਯਕੀਨੀ ਬਣਾਉਣ ਲਈ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਦਿੰਦਾ ਹੈ। ਨਾਲ ਹੀ, ਇਹ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਕੀਤੀਆਂ ਵਸਤਾਂ ਦੀ ਕੁਸ਼ਲ ਕਲੀਅਰੈਂਸ ਲਈ ਸਰਲ ਕਸਟਮ ਪ੍ਰਕਿਰਿਆਵਾਂ ਨੂੰ ਅਪਣਾ ਕੇ ਵਪਾਰ ਨੂੰ ਸੌਖਾ ਬਣਾਉਂਦਾ ਹੈ।
ਦੋਵਾਂ ਆਗੂਆਂ ਨੇ ਜੌਰਡਨ ਦੀ ਰਣਨੀਤਕ ਭੂਗੋਲਿਕ ਸਥਿਤੀ ਅਤੇ ਉੱਨਤ ਰਸਦ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਹਿਯੋਗ ਹੋਰ ਵਧੇਰੇ ਪੱਕਾ ਕਰਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਇਸ ਸੰਦਰਭ ਵਿੱਚ ਦੋਵਾਂ ਪੱਖਾਂ ਨੇ ਆਵਾਜਾਈ ਅਤੇ ਰਸਦ ਸੰਪਰਕ ਮਜ਼ਬੂਤ ਕਰਨ ਦੀ ਮਹੱਤਤਾ ਦੁਹਰਾਈ, ਜਿਸ ਵਿੱਚ ਜੌਰਡਨ ਦੇ ਟਰਾਂਜ਼ਿਟ ਅਤੇ ਰਸਦ ਬੁਨਿਆਦੀ ਢਾਂਚੇ ਦੇ ਖੇਤਰੀ ਏਕੀਕਰਨ ਨੂੰ ਸਾਂਝੇ ਆਰਥਿਕ ਹਿੱਤਾਂ ਅਤੇ ਨਿੱਜੀ ਖੇਤਰ ਦੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਰਣਨੀਤਕ ਮੌਕੇ ਵਜੋਂ ਦੇਖਿਆ ਗਿਆ।
ਤਕਨਾਲੋਜੀ ਅਤੇ ਸਿੱਖਿਆ
ਦੋਵਾਂ ਪੱਖਾਂ ਨੇ ਡਿਜੀਟਲ ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦਾ ਜਾਇਜ਼ਾ ਲਿਆ ਅਤੇ ਡਿਜੀਟਲ ਬਦਲਾਅ ਦੇ ਖੇਤਰ ਵਿੱਚ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ, ਡਿਜੀਟਲ ਬਦਲਾਅ ਹੱਲਾਂ ਨੂੰ ਲਾਗੂ ਕਰਨ ਲਈ ਵਿਹਾਰਕ ਅਧਿਐਨ ਲਈ ਸੰਸਥਾਗਤ ਸਹਿਯੋਗ ਨੂੰ ਹੁਲਾਰਾ ਦੇਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਡਿਜੀਟਲ ਬਦਲਾਅ ਪਹਿਲਕਦਮੀਆਂ ਲਾਗੂ ਕਰਨ ਵਿੱਚ ਸਹਿਯੋਗ ਦੇ ਨਵੇਂ ਮੌਕੇ ਲੱਭਣ 'ਤੇ ਵੀ ਸਹਿਮਤੀ ਜਤਾਈ। ਦੋਵਾਂ ਪੱਖਾਂ ਨੇ ਅਲ-ਹੁਸੈਨ ਟੈਕਨੀਕਲ ਯੂਨੀਵਰਸਿਟੀ ਵਿੱਚ ਭਾਰਤ-ਜੌਰਡਨ ਸੂਚਨਾ ਤਕਨਾਲੋਜੀ ਉੱਤਮਤਾ ਕੇਂਦਰ ਦੀਆਂ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਨਵੀਨੀਕਰਨ ਅਤੇ ਇਸ ਦੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਪੱਕਾ ਕਰਨ ਵਿੱਚ ਦਿਲਚਸਪੀ ਦਿਖਾਈ।
ਦੋਵਾਂ ਪੱਖਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀਪੀਆਈ) ਦੇ ਖੇਤਰ ਵਿੱਚ ਸਹਿਯੋਗ ਦੀ ਵਿਸਤ੍ਰਿਤ ਯੋਜਨਾ 'ਤੇ ਚਰਚਾ ਕੀਤੀ। ਇਸ ਸੰਦਰਭ ਵਿੱਚ ਦੋਵਾਂ ਪੱਖਾਂ ਨੇ ਡੀਪੀਆਈ ਵਿੱਚ ਭਾਰਤ ਦੇ ਤਜਰਬਿਆਂ ਨੂੰ ਸਾਂਝਾ ਕਰਨ ਨਾਲ ਸਬੰਧਤ ਸਮਝੌਤਾ ਕਰਨ ਲਈ ਇਰਾਦਾ ਪੱਤਰ 'ਤੇ ਦਸਤਖ਼ਤ ਕਰਨ ਦਾ ਸਵਾਗਤ ਕੀਤਾ। ਦੋਵਾਂ ਪੱਖਾਂ ਨੇ ਸੁਰੱਖਿਅਤ, ਭਰੋਸੇਮੰਦ, ਭਰੋਸੇਯੋਗ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਡਿਜੀਟਲ ਮਾਹੌਲ ਨੂੰ ਯਕੀਨੀ ਬਣਾਉਣ ਵਿੱਚ ਸਹਿਯੋਗ ਦੇਣ 'ਤੇ ਵੀ ਸਹਿਮਤੀ ਜਤਾਈ।
ਦੋਵਾਂ ਪੱਖਾਂ ਨੇ ਸਿੱਖਿਆ, ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਵਿੱਚ ਤਕਨਾਲੋਜੀ ਦੀ ਅਹਿਮ ਭੂਮਿਕਾ ਨੂੰ ਮੰਨਿਆ ਅਤੇ ਡਿਜੀਟਲ ਬਦਲਾਅ, ਸ਼ਾਸਨ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਲਗਾਤਾਰ ਸਹਿਯੋਗ 'ਤੇ ਸਹਿਮਤੀ ਜਤਾਈ।
ਭਾਰਤੀ ਪੱਖ ਨੇ ਟਿਕਾਊ ਵਿਕਾਸ ਵਿੱਚ ਸਮਰੱਥਾ ਨਿਰਮਾਣ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਸੂਚਨਾ ਤਕਨਾਲੋਜੀ, ਖੇਤੀਬਾੜੀ ਅਤੇ ਸਿਹਤ ਸੇਵਾਵਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਰਾਹੀਂ ਇਸ ਖੇਤਰ ਵਿੱਚ ਸਹਿਯੋਗ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਜੌਰਡਨ ਪੱਖ ਨੇ ਚਾਲੂ ਸਾਲ ਤੋਂ ਆਈਟੀਈਸੀ ਸਲਾਟਾਂ ਨੂੰ 35 ਤੋਂ ਵਧਾ ਕੇ 50 ਕੀਤੇ ਜਾਣ ਦੀ ਸ਼ਲਾਘਾ ਕੀਤੀ।
ਸਿਹਤ
ਆਗੂਆਂ ਨੇ ਖਾਸ ਤੌਰ 'ਤੇ ਟੈਲੀ-ਮੈਡੀਸਨ ਨੂੰ ਅੱਗੇ ਵਧਾਉਣ ਅਤੇ ਸਿਹਤ ਕਰਮਚਾਰੀਆਂ ਦੀ ਸਿਖਲਾਈ ਵਿੱਚ ਸਮਰੱਥਾ ਨਿਰਮਾਣ ਵਿੱਚ ਮਹਾਰਤ ਸਾਂਝੀ ਕਰਨ ਰਾਹੀਂ ਸਿਹਤ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਿਹਤ ਅਤੇ ਦਵਾਈ ਖੇਤਰ ਨੂੰ ਦੁਵੱਲੇ ਸਹਿਯੋਗ ਦਾ ਅਹਿਮ ਥੰਮ੍ਹ ਮੰਨਦੇ ਹੋਏ, ਆਪਣੇ ਇੱਥੇ ਲੋਕ ਭਲਾਈ ਨੂੰ ਹੁਲਾਰਾ ਦੇਣ ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਅੱਗੇ ਵਧਾਉਣ ਵਿੱਚ ਇਸ ਦੀ ਭੂਮਿਕਾ ਨੂੰ ਸਵੀਕਾਰ ਕੀਤਾ।
ਖੇਤੀਬਾੜੀ
ਆਗੂਆਂ ਨੇ ਖੁਰਾਕ ਸੁਰੱਖਿਆ ਅਤੇ ਪੋਸ਼ਣ ਨੂੰ ਹੁਲਾਰਾ ਦੇਣ ਵਿੱਚ ਖੇਤੀਬਾੜੀ ਖੇਤਰ ਦੀ ਅਹਿਮ ਭੂਮਿਕਾ ਨੂੰ ਮੰਨਿਆ ਅਤੇ ਇਸ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਸਾਂਝੀ ਵਚਨਬੱਧਤਾ ਪ੍ਰਗਟਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਖਾਦਾਂ, ਖਾਸ ਤੌਰ 'ਤੇ ਫਾਸਫੇਟਾਂ ਦੇ ਖੇਤਰ ਵਿੱਚ ਦੋਵਾਂ ਪੱਖਾਂ ਦੇ ਮੌਜੂਦਾ ਸਹਿਯੋਗ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਦੀ ਕੁਸ਼ਲਤਾ ਵਧਾਉਣ ਲਈ ਤਕਨਾਲੋਜੀ ਅਤੇ ਮਹਾਰਤ ਦੇ ਆਦਾਨ-ਪ੍ਰਦਾਨ ਵਿੱਚ ਸਹਿਯੋਗ ਵਧਾਉਣ 'ਤੇ ਵੀ ਸਹਿਮਤੀ ਜਤਾਈ।
ਜਲ ਸਹਿਯੋਗ
ਆਗੂਆਂ ਨੇ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਹੋਣ ਦਾ ਸਵਾਗਤ ਕੀਤਾ ਅਤੇ ਪਾਣੀ ਬਚਾਉਣ ਵਾਲੀਆਂ ਖੇਤੀ ਤਕਨੀਕਾਂ, ਸਮਰੱਥਾ ਨਿਰਮਾਣ, ਜਲਵਾਯੂ ਅਨੁਕੂਲਨ ਅਤੇ ਯੋਜਨਾਬੰਦੀ ਤੇ ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਦੋਵਾਂ ਪੱਖਾਂ ਵਿਚਾਲੇ ਸਹਿਯੋਗ ਦੀ ਮਹੱਤਤਾ ਨੂੰ ਸਵੀਕਾਰ ਕੀਤਾ।
ਹਰਿਤ ਅਤੇ ਟਿਕਾਊ ਵਿਕਾਸ
ਆਗੂਆਂ ਨੇ ਜਲਵਾਯੂ ਤਬਦੀਲੀ, ਵਾਤਾਵਰਨ, ਟਿਕਾਊ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਚਰਚਾ ਕੀਤੀ। ਇਸ ਸੰਦਰਭ ਵਿੱਚ ਉਨ੍ਹਾਂ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਹੋਣ ਦਾ ਸਵਾਗਤ ਕੀਤਾ। ਇਸ ਐੱਮਓਯੂ ਰਾਹੀਂ ਉਨ੍ਹਾਂ ਨੇ ਵਿਗਿਆਨਕ ਅਤੇ ਤਕਨੀਕੀ ਅਮਲੇ ਦੇ ਆਦਾਨ-ਪ੍ਰਦਾਨ ਅਤੇ ਸਿਖਲਾਈ, ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਰਜ ਸਮੂਹਾਂ ਦਾ ਆਯੋਜਨ, ਗੈਰ-ਵਪਾਰਕ ਆਧਾਰ 'ਤੇ ਉਪਕਰਨ, ਗਿਆਨ ਅਤੇ ਤਕਨਾਲੋਜੀ ਦਾ ਤਬਾਦਲਾ ਅਤੇ ਸਾਂਝੀ ਦਿਲਚਸਪੀ ਦੇ ਵਿਸ਼ਿਆਂ 'ਤੇ ਸਾਂਝੀ ਖੋਜ ਜਾਂ ਤਕਨੀਕੀ ਪ੍ਰੋਜੈਕਟਾਂ ਦੇ ਵਿਕਾਸ 'ਤੇ ਸਹਿਮਤੀ ਪ੍ਰਗਟਾਈ।
ਸੱਭਿਆਚਾਰਕ ਸਹਿਯੋਗ
ਦੋਵਾਂ ਪੱਖਾਂ ਨੇ ਭਾਰਤ ਅਤੇ ਜੌਰਡਨ ਵਿਚਾਲੇ ਵਧਦੇ ਸਭਿਆਚਾਰਕ ਆਦਾਨ-ਪ੍ਰਦਾਨ ਦੀ ਸ਼ਲਾਘਾ ਕੀਤੀ ਅਤੇ 2025–2029 ਦੇ ਅਰਸੇ ਲਈ ਸਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ 'ਤੇ ਦਸਤਖ਼ਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਗੀਤ, ਨਾਚ, ਥੀਏਟਰ, ਕਲਾ, ਪੁਰਾਲੇਖ, ਲਾਇਬ੍ਰੇਰੀ ਅਤੇ ਸਾਹਿਤ ਦੇ ਖੇਤਰਾਂ ਅਤੇ ਤਿਉਹਾਰਾਂ ਵਿੱਚ ਸਹਿਯੋਗ ਦਾ ਵਿਸਥਾਰ ਕਰਨ ਦੇ ਵਿਚਾਰ ਦਾ ਸਮਰਥਨ ਕੀਤਾ। ਉਨ੍ਹਾਂ ਨੇ ਪੁਰਾਤੱਤਵ ਸਥਾਨਾਂ ਦੇ ਵਿਕਾਸ ਅਤੇ ਸਮਾਜਿਕ ਸਬੰਧਾਂ ਨੂੰ ਹੁਲਾਰਾ ਦੇਣ 'ਤੇ ਕੇਂਦਰਿਤ ਪੇਟਰਾ ਸ਼ਹਿਰ ਅਤੇ ਐਲੋਰਾ ਗੁਫਾਵਾਂ ਸਥਲ ਵਿਚਾਲੇ ਟਵਿਨਿੰਗ ਸਮਝੌਤੇ 'ਤੇ ਦਸਤਖ਼ਤ ਹੋਣ ਦਾ ਵੀ ਸਵਾਗਤ ਕੀਤਾ।
ਸੰਪਰਕ
ਦੋਵਾਂ ਪੱਖਾਂ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ ਵਿੱਚ ਸਿੱਧੇ ਸੰਪਰਕ ਦੀ ਮਹੱਤਤਾ ਨੂੰ ਮੰਨਿਆ ਹੈ। ਇਹ ਵਪਾਰ, ਨਿਵੇਸ਼, ਸੈਰ-ਸਪਾਟਾ ਅਤੇ ਲੋਕਾਂ ਵਿਚਾਲੇ ਆਪਸੀ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦਾ ਇੱਕ ਅਹਿਮ ਆਧਾਰ ਹੈ ਅਤੇ ਇਸ ਨਾਲ ਡੂੰਘੀ ਆਪਸੀ ਸਮਝ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਧਾ ਸੰਪਰਕ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ 'ਤੇ ਸਹਿਮਤੀ ਜਤਾਈ।
ਬਹੁ-ਪੱਖੀ ਸਹਿਯੋਗ
ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨੇ ਅੰਤਰਰਾਸ਼ਟਰੀ ਸੌਰ ਗਠਜੋੜ (ਆਈਐੱਸਏ), ਆਫ਼ਤ-ਰੋਕੂ ਬੁਨਿਆਦੀ ਢਾਂਚਾ ਗੱਠਜੋੜ (ਸੀਡੀਆਰਆਈ) ਅਤੇ ਗਲੋਬਲ ਬਾਇਓਫਿਊਲ ਗੱਠਜੋੜ (ਜੀਬੀਏ) ਵਿੱਚ ਭਾਰਤ ਦੀ ਅਗਵਾਈ ਵਾਲੀ ਭੂਮਿਕਾ ਦੀ ਸ਼ਲਾਘਾ ਕੀਤੀ। ਭਾਰਤ ਨੇ ਜੌਰਡਨ ਵੱਲੋਂ ਆਈਐੱਸਏ, ਸੀਡੀਆਰਆਈ ਅਤੇ ਜੀਬੀਏ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਏ ਜਾਣ ਦਾ ਸਵਾਗਤ ਕੀਤਾ। ਦੋਵਾਂ ਪੱਖਾਂ ਨੇ ਨਿਕਾਸ ਘੱਟ ਕਰਨ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਆਰਥਿਕ ਅਤੇ ਸਮਾਜਿਕ ਵਿਕਾਸ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਜੈਵਿਕ ਬਾਲਣ ਨੂੰ ਟਿਕਾਊ, ਘੱਟ-ਕਾਰਬਨ ਬਦਲ ਵਜੋਂ ਮਾਨਤਾ ਦਿੱਤੀ।
ਫੇਰੀ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਅਤੇ ਆਪਣੇ ਨਾਲ ਆਏ ਵਫ਼ਦ ਦੇ ਗਰਮਜੋਸ਼ੀ ਭਰੇ ਸਵਾਗਤ ਅਤੇ ਖੁੱਲ੍ਹਦਿਲੀ ਨਾਲ ਕੀਤੀ ਆਓ-ਭਗਤ ਲਈ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਜੌਰਡਨ ਦੇ ਦੋਸਤਾਨਾ ਲੋਕਾਂ ਦੀ ਲਗਾਤਾਰ ਤਰੱਕੀ ਅਤੇ ਖ਼ੁਸ਼ਹਾਲੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮਹਾਮਹਿਮ ਨੇ ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਦੋਸਤਾਨਾ ਲੋਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸ਼ੁਭਕਾਮਨਾਵਾਂ ਦਿੱਤੀਆਂ।


