ਭਾਰਤ-ਸਲੋਵਾਕੀਆ ਸੰਯੁਕਤ ਬਿਆਨ

Published By : Admin | June 15, 2026 | 17:32 IST

ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਰੌਬਰਟ ਫਿਕੋ ਦੇ ਸੱਦੇ ’ਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਨੇ 15 ਜੂਨ, 2026 ਨੂੰ ਸਲੋਵਾਕ ਗਣਰਾਜ ਦਾ ਸਰਕਾਰੀ ਦੌਰਾ ਕੀਤਾ।

ਇਹ ਸਲੋਵਾਕੀਆ ਨੂੰ 1993 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਸ ਦੇਸ਼ ਦਾ ਪਹਿਲਾ ਦੌਰਾ ਹੈ। ਇਸ ਤਰ੍ਹਾਂ, ਇਹ ਦੌਰਾ ਇੱਕ ਇਤਿਹਾਸਕ ਪੜਾਅ ਹੋਣ ਦੇ ਨਾਲ-ਨਾਲ ਦੋਵਾਂ ਰਾਸ਼ਟਰਾਂ ਵਿਚਕਾਰ ਸਦੀਵੀ ਮਿੱਤਰਤਾ ਦਾ ਇੱਕ ਨਵਾਂ ਮੋੜ ਵੀ ਹੈ। ਭਾਰਤ ਅਤੇ ਸਲੋਵਾਕੀਆ ਨੇ 1993 ਵਿੱਚ ਕੂਟਨੀਤਕ ਸੰਬੰਧ ਸਥਾਪਿਤ ਹੋਣ ਤੋਂ ਬਾਅਦ ਰਵਾਇਤੀ ਮਿੱਤਰਤਾ ਅਤੇ ਭਰੋਸੇ, ਸਮਾਨਤਾ ਅਤੇ ਆਪਸੀ ਸਤਿਕਾਰ ਦੇ ਅਧਾਰ ’ਤੇ ਬਹੁ-ਪੱਖੀ ਸਹਿਯੋਗ ਵਿਕਸਿਤ ਕੀਤਾ ਹੈ।

ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਅਤੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਇਸ ਦੌਰੇ ਦੇ ਇਤਿਹਾਸਕ ਸਰੂਪ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਸਾਂਝੀ ਵਚਨਬੱਧਤਾ ਦੀ ਬੁਨਿਆਦ ’ਤੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ, ਦੋਵਾਂ ਰਾਸ਼ਟਰਾਂ ਵਿਚਕਾਰ ਇਸ ਨੂੰ ਇੱਕ ਵਿਆਪਕ ਸਾਂਝੇਦਾਰੀ ਵਿੱਚ ਬਦਲਣ ’ਤੇ ਸਹਿਮਤ ਹੋਏ। ਇਸ ਵਿਆਪਕ ਸਾਂਝੇਦਾਰੀ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲੈ ਕੇ ਜਾਣਾ, ਸਹਿਯੋਗ ਦੇ ਮੌਜੂਦਾ ਢਾਂਚੇ ਨੂੰ ਮਜ਼ਬੂਤੀ ਦੇਣਾ ਅਤੇ ਦੁਵੱਲੀ ਤੇ ਬਹੁ-ਪੱਖੀ ਸਾਂਝੇਦਾਰੀ ਨੂੰ ਡੂੰਘਾ ਕਰਨ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨਾ ਹੈ।

ਦੋਵਾਂ ਆਗੂਆਂ ਨੇ ਹਿੰਦ-ਪ੍ਰਸ਼ਾਂਤ ਦੇ ਵਧਦੇ ਭੂ-ਰਾਜਨੀਤਕ, ਆਰਥਿਕ ਅਤੇ ਤਕਨੀਕੀ ਮਹੱਤਵ ਨੂੰ ਮੰਨਦੇ ਹੋਏ ਦੋਵਾਂ ਧਿਰਾਂ ਲਈ ਲਾਭਦਾਇਕ ਸਹਿਯੋਗ, ਖੇਤਰੀ ਕਨੈਕਟੀਵਿਟੀ, ਮੁਕਤ ਅੰਤਰਰਾਸ਼ਟਰੀ ਵਪਾਰ, ਸਮੁੰਦਰੀ ਸਫ਼ਰ ਦੀ ਆਜ਼ਾਦੀ, ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਅਤੇ ਨਿਯਮਾਂ ’ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਸਮਰਥਨ ਵਿੱਚ ਭਾਰਤ ਅਤੇ ਸਲੋਵਾਕੀਆ ਵਿਚਕਾਰ ਵਧੇਰੇ ਮਜ਼ਬੂਤ ਸਾਂਝੇਦਾਰੀ ਦੀ ਅਹਿਮੀਅਤ ਨੂੰ ਸਵੀਕਾਰ ਕੀਤਾ।

 

ਦੋਵੇਂ ਆਗੂ ਨਿਯਮਿਤ ਉੱਚ-ਪੱਧਰੀ ਆਦਾਨ-ਪ੍ਰਦਾਨ ਅਤੇ ਨਿਰੰਤਰ ਰਾਜਨੀਤਕ ਗੱਲਬਾਤ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਸਾਰੇ ਪੱਧਰਾਂ ’ਤੇ ਪ੍ਰਤੀਨਿਧੀਆਂ ਵਿਚਕਾਰ ਸੰਪਰਕ ਵਧਾਉਣ ’ਤੇ ਸਹਿਮਤ ਹੋਏ। ਦੋਵੇਂ ਧਿਰ ਸੰਸਦੀ ਆਦਾਨ-ਪ੍ਰਦਾਨ, ਸੰਪਰਕ ਅਤੇ ਸਹਿਯੋਗ ਵਧਾਉਣ ’ਤੇ ਵੀ ਸਹਿਮਤ ਹੋਏ ਤਾਂ ਜੋ ਆਪਸੀ ਸਮਝ ਬਣੀ ਰਹੇ ਅਤੇ ਵਿਧਾਨਿਕ ਤਜਰਬਿਆਂ ਤੇ ਸਰਬੋਤਮ ਅਭਿਆਸਾਂ ਨੂੰ ਸਾਂਝਾ ਕੀਤਾ ਜਾ ਸਕੇ।

ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਨੂੰ ਕੇਂਦਰ ਵਿੱਚ ਰੱਖਦੇ ਹੋਏ ਬਹੁ-ਪੱਖਵਾਦ ਅਤੇ ਨਿਯਮਾਂ ’ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਵਿਸ਼ੇਸ਼ ਤੌਰ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸਮੇਤ ਬਹੁ-ਪੱਖੀ ਸੰਸਥਾਵਾਂ ਵਿੱਚ ਵਿਆਪਕ ਸੁਧਾਰਾਂ ਦਾ ਸਮਰਥਨ ਕੀਤਾ ਤਾਂ ਜੋ ਉਨ੍ਹਾਂ ਨੂੰ ਵਧੇਰੇ ਪ੍ਰਤੀਨਿਧੀ, ਸਮਾਵੇਸ਼ੀ, ਪ੍ਰਭਾਵਸ਼ਾਲੀ ਅਤੇ ਮੌਜੂਦਾ ਭੂ-ਰਾਜਨੀਤਕ ਹਕੀਕਤਾਂ ਨੂੰ ਬਿਹਤਰ ਢੰਗ ਨਾਲ ਦਰਸਾਉਣ ਵਾਲਾ ਬਣਾਇਆ ਜਾ ਸਕੇ। ਦੋਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਅਤੇ ਅਸਥਾਈ ਦੋਵਾਂ ਵਰਗਾਂ ਵਿੱਚ ਤੁਰੰਤ ਵਿਸਤਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਭਾਰਤ ਨੇ ਪੁਨਰਗਠਿਤ ਅਤੇ ਵਿਆਪਕ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਲਗਾਤਾਰ ਸਮਰਥਨ ਦੇਣ ’ਤੇ ਸਲੋਵਾਕੀਆ ਦੀ ਸ਼ਲਾਘਾ ਕੀਤੀ। ਦੋਵੇਂ ਆਗੂ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਇੱਕ-ਦੂਜੇ ਦੀ ਉਮੀਦਵਾਰੀ ਦੇ ਵਿਸ਼ੇ ’ਤੇ ਵਿਚਾਰ-ਵਟਾਂਦਰਾ ਅਤੇ ਸਹਿਯੋਗ ਜਾਰੀ ਰੱਖਣ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਸਮੇਤ ਗਲੋਬਲ ਮੰਚਾਂ ’ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਨਜ਼ਦੀਕੀ ਸਹਿਯੋਗ ਲਈ ਵੀ ਸਹਿਮਤ ਹੋਏ। ਉਨ੍ਹਾਂ ਨੇ ਗਲੋਬਲ ਅਪ੍ਰਸਾਰ ਵਿਵਸਥਾ (ਨਾਨ-ਪ੍ਰੋਲੀਫਰੇਸ਼ਨ ਆਰਕੀਟੈਕਚਰ) ਨੂੰ ਬਣਾਈ ਰੱਖਣ ਦੇ ਮਹੱਤਵ ’ਤੇ ਵੀ ਚਰਚਾ ਕੀਤੀ। ਸਲੋਵਾਕੀਆ ਨੇ ਨਿਊਕਲੀਅਰ ਸਪਲਾਇਰਜ਼ ਗਰੁੱਪ ਦੀ ਭਾਰਤ ਦੀ ਮੈਂਬਰਸ਼ਿਪ ’ਤੇ ਆਪਣੇ ਸਕਾਰਾਤਮਕ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ।

ਦੋਵੇਂ ਆਗੂ ਸਲਾਵਕੋਵ 3, ਵਿਸੇਗ੍ਰਾਦ 4, ਅਤੇ 3 ਸੀਜ਼ ਇਨੀਸ਼ੀਏਟਿਵ ਵਰਗੇ ਖੇਤਰੀ ਸਮੂਹਾਂ ਦੇ ਨਾਲ ਸਹਿਯੋਗ ਦੇ ਵਿਕਾਸ ਨੂੰ ਸਮਰਥਨ ਦੇਣ ’ਤੇ ਸਹਿਮਤ ਹੋਏ। ਉਨ੍ਹਾਂ ਨੇ ਕਨੈਕਟੀਵਿਟੀ, ਟਿਕਾਊ ਆਰਥਿਕ ਵਿਕਾਸ ਅਤੇ ਖੇਤਰੀ ਏਕੀਕਰਨ ਨੂੰ ਹੁਲਾਰਾ ਦੇਣ ਵਾਲੀਆਂ ਇੱਕ-ਦੂਜੇ ਨਾਲ ਜੁੜੀਆਂ ਅਤੇ ਦੁਵੱਲੇ ਤੌਰ ’ਤੇ ਲਾਭਦਾਇਕ ਬੁਨਿਆਦੀ ਢਾਂਚਾ ਯੋਜਨਾਵਾਂ ਨੂੰ ਵੀ ਸਮਰਥਨ ਦੇਣ ’ਤੇ ਸਹਿਮਤੀ ਪ੍ਰਗਟਾਈ। ਦੋਵਾਂ ਧਿਰਾਂ ਨੇ ਸਮੁੰਦਰੀ ਕਾਨੂੰਨ ’ਤੇ ਸੰਯੁਕਤ ਰਾਸ਼ਟਰ ਸੰਮੇਲਨ  ਸਮੇਤ ਅੰਤਰਰਾਸ਼ਟਰੀ ਕਾਨੂੰਨ ਅਤੇ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਤਿਕਾਰ ’ਤੇ ਅਧਾਰਿਤ ਮੁਕਤ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ  ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

 

ਦੋਵਾਂ ਦੇਸ਼ਾਂ ਦੇ ਆਗੂਆਂ ਨੇ ਦੁਵੱਲੀ ਸਾਂਝੇਦਾਰੀ ਦੇ ਮੁੱਖ ਥੰਮ੍ਹਾਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਹ ਰੱਖਿਆ ਤਕਨਾਲੋਜੀਆਂ, ਸਮਰੱਥਾ ਨਿਰਮਾਣ, ਖੋਜ ਅਤੇ ਵਿਕਾਸ  ਅਤੇ ਰੱਖਿਆ ਉਦਯੋਗਿਕ ਸਹਿਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਹੋਰ ਵਧੇਰੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਆਪਣੇ-ਆਪਣੇ ਰੱਖਿਆ ਅਧਿਕਾਰੀਆਂ ਵਿਚਕਾਰ ਨਿਯਮਿਤ ਸਲਾਹ-ਮਸ਼ਵਰੇ ਅਤੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ’ਤੇ ਸਹਿਮਤ ਹੋਏ। ਇਸ ਸੰਦਰਭ ਵਿੱਚ, ਆਗੂਆਂ ਨੇ ਦੋਵਾਂ ਧਿਰਾਂ ਵਿਚਕਾਰ 'ਰੱਖਿਆ ਸਹਿਯੋਗ ’ਤੇ ਇਰਾਦਾ ਪੱਤਰ' (ਲੈਟਰ ਆਫ਼ ਇੰਟੈਂਟ) ’ਤੇ ਦਸਤਖਤ ਕੀਤੇ ਜਾਣ ਦਾ ਸਵਾਗਤ ਕੀਤਾ, ਜਿਸ ਨਾਲ ਰੱਖਿਆ ਖੇਤਰ ਵਿੱਚ ਆਪਸੀ ਲਾਭਦਾਇਕ ਸਾਂਝੇਦਾਰੀ ਨੂੰ ਹੁਲਾਰਾ ਮਿਲੇਗਾ।

ਆਗੂਆਂ ਨੇ ਆਫ਼ਤ ਜੋਖਮ ਨੂੰ ਘੱਟ ਕਰਨ ਅਤੇ ਆਫ਼ਤ-ਰੋਧਕ ਸਮਰੱਥਾ ਵਧਾਉਣ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਮਜ਼ਬੂਤ ਬੁਨਿਆਦੀ ਢਾਂਚੇ, ਸਮਰੱਥਾ ਨਿਰਮਾਣ, ਗਿਆਨ ਸਾਂਝਾ ਕਰਨ ਅਤੇ ਸੰਸਥਾਗਤ ਸਹਿਯੋਗ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ’ਤੇ ਸਹਿਮਤੀ ਪ੍ਰਗਟਾਈ।

ਆਗੂਆਂ ਨੇ ਮਹੱਤਵਪੂਰਨ ਸੂਚਨਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਸਾਈਬਰ ਅਪਰਾਧ ਨੂੰ ਰੋਕਣ ਤੇ ਉਸ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਨਾਲ ਹੀ, ਉਨ੍ਹਾਂ ਨੇ ਇੱਕ ਅਜਿਹੇ ਡਿਜੀਟਲ ਖੇਤਰ ਨੂੰ ਹੁਲਾਰਾ ਦੇਣ ਦਾ ਸੰਕਲਪ ਲਿਆ ਜੋ ਖੁੱਲ੍ਹਾ, ਸੁਰੱਖਿਅਤ, ਸੁਲਭ, ਸਥਿਰ, ਇੰਟਰਓਪਰੇਬਲ, ਲਚਕੀਲਾ ਅਤੇ ਸ਼ਾਂਤੀਪੂਰਨ ਹੋਵੇ। ਆਗੂਆਂ ਨੇ ਕ੍ਰਿਪਟੋਗ੍ਰਾਫੀ ਲਈ ਉੱਭਰਦੇ ਕੁਆਂਟਮ ਖ਼ਤਰਿਆਂ ਤੋਂ ਸੂਚਨਾ ਤਕਨਾਲੋਜੀ ਪ੍ਰਣਾਲੀ ਦੀ ਸੁਰੱਖਿਆ ਵਿੱਚ ਇੱਕ-ਦੂਜੇ ਦਾ ਸਾਥ ਦੇਣ ਦਾ ਵੀ ਭਰੋਸਾ ਜਤਾਇਆ, ਜਿਸ ਵਿੱਚ ਪੋਸਟ-ਕੁਆਂਟਮ ਸੁਰੱਖਿਆ ਬਦਲਾਵਾਂ ਲਈ ਤਿਆਰੀ ਕਰਨਾ ਵੀ ਸ਼ਾਮਲ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਪੋਸਟ-ਕੁਆਂਟਮ ਕ੍ਰਿਪਟੋਗ੍ਰਾਫੀ ਦੇ ਖੇਤਰ ਵਿੱਚ ਦਸਤਖਤ ਕੀਤੇ ਸਹਿਯੋਗ ਪੱਤਰ ਨਾਲ ਇਸ ਤਰ੍ਹਾਂ ਦੇ ਸਹਿਯੋਗ ਨੂੰ ਹੋਰ ਹੁਲਾਰਾ ਮਿਲੇਗਾ।

ਦੋਵਾਂ ਆਗੂਆਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਤਰੀਕਿਆਂ, ਜਿਸ ਵਿੱਚ ਸਰਹੱਦ ਤੋਂ ਪਾਰ ਅੱਤਵਾਦ ਵੀ ਸ਼ਾਮਲ ਹੈ, ਦੀ ਸਪਸ਼ਟ ਤੌਰ ’ਤੇ ਨਿੰਦਾ ਕੀਤੀ ਅਤੇ 22 ਅਪ੍ਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ। ਉਹ ਅੱਤਵਾਦ ਨਾਲ ਨਜਿੱਠਣ ਲਈ ਇੱਕ ਸਾਂਝਾ ਕਾਰਜ ਸਮੂਹ ਬਣਾਉਣ ’ਤੇ ਸਹਿਮਤ ਹੋਏ। ਉਨ੍ਹਾਂ ਨੇ ਅੱਤਵਾਦ ਦਾ ਵਿਆਪਕ ਅਤੇ ਨਿਰੰਤਰ ਤਰੀਕੇ ਨਾਲ ਮੁਕਾਬਲਾ ਕਰਨ ਲਈ ਮਿਲ ਕੇ ਅੰਤਰਰਾਸ਼ਟਰੀ ਯਤਨ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਅੱਤਵਾਦ ਨਾਲ ਨਜਿੱਠਣ ਵਿੱਚ ਦੁਵੱਲੇ ਅਤੇ ਬਹੁ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ, ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਅਧੀਨ ਕੀਤਾ ਜਾਣ ਵਾਲਾ ਸਹਿਯੋਗ ਵੀ ਸ਼ਾਮਲ ਹੈ। ਨਾਲ ਹੀ, ਉਨ੍ਹਾਂ ਨੇ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ—ਜਿਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਪਾਬੰਦੀ ਕਮੇਟੀ ਵੱਲੋਂ ਨਾਮਜ਼ਦ ਅੱਤਵਾਦੀ ਅਤੇ ਨਾਲ ਹੀ ਉਨ੍ਹਾਂ ਨਾਲ ਜੁੜੇ ਸੰਗਠਨਾਂ, ਪ੍ਰੌਕਸੀਆਂ, ਪ੍ਰਾਯੋਜਕਾਂ, ਫੰਡ ਦੇਣ ਵਾਲਿਆਂ ਅਤੇ ਸਮਰਥਕਾਂ ਦੇ ਖ਼ਿਲਾਫ਼ ਮਜ਼ਬੂਤ ਅਤੇ ਫੈਸਲਾਕੁਨ ਕਾਰਵਾਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ, ਉਨ੍ਹਾਂ ਦੇ ਪ੍ਰਬੰਧਕਾਂ ਅਤੇ ਪ੍ਰਾਯੋਜਕਾਂ ਨੂੰ ਜਵਾਬਦੇਹ ਠਹਿਰਾਉਣ ਦੇ ਮਹੱਤਵ ’ਤੇ ਫਿਰ ਤੋਂ ਜ਼ੋਰ ਦਿੱਤਾ ਅਤੇ ਸੰਯੁਕਤ ਰਾਸ਼ਟਰ ਦੇ ਦਾਇਰੇ ਵਿੱਚ 'ਅੰਤਰਰਾਸ਼ਟਰੀ ਅੱਤਵਾਦ ’ਤੇ ਵਿਆਪਕ ਕਨਵੈਨਸ਼ਨ' (ਸੀਸੀਆਈਟੀ) ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਅਪਣਾਉਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ।

ਜਨਵਰੀ, 2026 ਵਿੱਚ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਦੇ ਸਮਾਪਤ ਹੋਣ ਅਤੇ ਨਵੇਂ 'ਸੰਯੁਕਤ ਭਾਰਤ-ਯੂਰਪੀਅਨ ਯੂਨੀਅਨ ਵਿਆਪਕ ਰਣਨੀਤਕ ਏਜੰਡੇ' ਦਾ ਸਵਾਗਤ ਕਰਦੇ ਹੋਏ, ਦੋਵਾਂ ਆਗੂਆਂ ਨੇ ਕਿਹਾ ਕਿ ਇਹ ਮੁਕਤ ਵਪਾਰ ਸਮਝੌਤਾ (ਐੱਫਟੀਏ) ਵਪਾਰ ਅਤੇ ਨਿਵੇਸ਼ ਲਈ ਨਵੇਂ ਮੌਕੇ ਖੋਲ੍ਹੇਗਾ। ਉਨ੍ਹਾਂ ਨੇ ਮਹੱਤਵਪੂਰਨ ਮੁੱਲ ਲੜੀਆਂ ਵਿੱਚ ਵਿਭਿੰਨਤਾ ਲਿਆ ਕੇ ਅਤੇ ਨਵੇਂ ਬਾਜ਼ਾਰ ਖੋਲ੍ਹ ਕੇ ਵਪਾਰ ਤੇ ਨਿਵੇਸ਼ ਸਹਿਯੋਗ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਲਈ, ਇਸ ਸਮਝੌਤੇ ’ਤੇ ਜਲਦੀ ਹਸਤਾਖਰ ਕਰਨ ਅਤੇ ਇਸ ਨੂੰ ਸਮੇਂ ਸਿਰ ਲਾਗੂ ਕਰਨ ਦਾ ਸੱਦਾ ਦਿੱਤਾ।

ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਲਈ ਵਧੇਰੇ ਸੰਭਾਵਨਾਵਾਂ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਵਿੱਚ 'ਭਾਰਤ-ਸਲੋਵਾਕੀਆ ਸਾਂਝੀ ਆਰਥਿਕ ਕਮੇਟੀ' ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ ਗਈ। ਉਨ੍ਹਾਂ ਨੇ ਸਲੋਵਾਕੀਆ ਦੇ ਚੰਗੀ ਤਰ੍ਹਾਂ ਵਿਕਸਿਤ ਉਦਯੋਗਿਕ ਈਕੋਸਿਸਟਮ ਅਤੇ ਭਾਰਤ ਦੇ ਵੱਡੇ ਪੱਧਰ, ਨਵੀਨਤਾ ਈਕੋਸਿਸਟਮ ਤੇ ਤਕਨੀਕੀ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ ਆਟੋਮੋਟਿਵ, ਇਲੈਕਟ੍ਰੌਨਿਕਸ ਅਤੇ ਹੋਰ ਉੱਨਤ ਨਿਰਮਾਣ ਉਦਯੋਗਾਂ ਵਰਗੇ ਖੇਤਰਾਂ ਵਿੱਚ ਦੁਵੱਲੇ ਵਪਾਰ ਅਤੇ ਆਪਸੀ ਨਿਵੇਸ਼ ਨੂੰ ਮਹੱਤਵਪੂਰਨ ਤੌਰ ’ਤੇ ਵਧਾਉਣ ਦੀ ਵੀ ਵਚਨਬੱਧਤਾ ਜਤਾਈ, ਜਿਸ ਵਿੱਚ ਵਿਸ਼ੇਸ਼ ਧਿਆਨ ਉੱਚ ਮੁੱਲ-ਵਾਧੇ ਵਾਲੇ ਸਹਿਯੋਗ ’ਤੇ ਦਿੱਤਾ ਜਾਵੇਗਾ।

ਦੋਵੇਂ ਧਿਰ ਨੈੱਟ-ਜ਼ੀਰੋ ਨਿਕਾਸ ਦੇ ਟੀਚੇ ਨੂੰ ਹਾਸਲ ਕਰਨ ਲਈ ਆਪਸੀ ਸਹਿਯੋਗ ਨੂੰ ਵਧਾਉਣ ’ਤੇ ਸਹਿਮਤ ਹੋਏ ਜਿਸ ਵਿੱਚ ਹਰਿਤ ਊਰਜਾ ਲਈ ਤਕਨਾਲੋਜੀਆਂ ਦੇ ਆਦਾਨ-ਪ੍ਰਦਾਨ ਅਤੇ ਸਾਫ਼, ਭਰੋਸੇਮੰਦ ਤੇ ਮਜ਼ਬੂਤ ਊਰਜਾ ਪ੍ਰਣਾਲੀਆਂ ਨੂੰ ਹੁਲਾਰਾ ਦੇਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

ਆਗੂਆਂ ਨੇ ਪਰਮਾਣੂ ਊਰਜਾ ਅਤੇ ਜੀਓਥਰਮਲ ਪਾਵਰ ਸਮੇਤ ਊਰਜਾ ਸਰੋਤਾਂ ਦੀ ਵਿਭਿੰਨਤਾ ਰਾਹੀਂ ਊਰਜਾ ਸੁਰੱਖਿਆ, ਟਿਕਾਊਪਣ ਅਤੇ ਲਚਕੀਲੇਪਣ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਾਂਝੀ ਖੋਜ, ਮਾਹਿਰਾਂ ਦੇ ਆਦਾਨ-ਪ੍ਰਦਾਨ ਅਤੇ ਸਮਰੱਥਾ ਨਿਰਮਾਣ ਦੀਆਂ ਪਹਿਲਕਦਮੀਆਂ ਰਾਹੀਂ ਸਹਿਯੋਗ ਵਧਾਉਣ ਦੀ ਇੱਛਾ ਵੀ ਪ੍ਰਗਟ ਕੀਤੀ।

ਆਗੂ ਮੌਸਮ ਵਿਗਿਆਨ ਅਤੇ ਜਲ ਵਿਗਿਆਨ ਦੇ ਖੇਤਰਾਂ ਵਿੱਚ ਸਹਿਯੋਗ ਕਰਨ ਦੇ ਨਾਲ-ਨਾਲ ਜਲ ਸਰੋਤਾਂ ਅਤੇ ਡੈਮਾਂ ਦੀ ਸੁਰੱਖਿਆ ਦੇ ਕੁਸ਼ਲ ਅਤੇ ਟਿਕਾਊ ਪ੍ਰਬੰਧਨ ਲਈ ਮਾਹਿਰਾਂ ਅਤੇ ਸਰੋਤਮ ਤਰੀਕਿਆਂ ਨੂੰ ਸਾਂਝਾ ਕਰਨ ’ਤੇ ਸਹਿਮਤ ਹੋਏ। ਉਨ੍ਹਾਂ ਨੇ ਸਰੋਤ ਦੇ ਟਿਕਾਊਪਣ, ਪੇਂਡੂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, ਪਾਣੀ ਨੂੰ ਸਾਫ਼ ਕਰਨ ਦੀ ਤਕਨੀਕ, ਸਮਰੱਥਾ ਨਿਰਮਾਣ ਅਤੇ ਭਾਈਚਾਰੇ ਦੀ ਭਾਗੀਦਾਰੀ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੀ ਇੱਛਾ ਵੀ ਪ੍ਰਗਟਾਈ। ਨਾਲ ਹੀ, ਉਨ੍ਹਾਂ ਨੇ ਪਾਣੀ ਦੀ ਸੁਰੱਖਿਆ ਵਧਾਉਣ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਟਿਕਾਊ ਪਹੁੰਚ ਯਕੀਨੀ ਬਣਾਉਣ ਲਈ ਜਲਵਾਯੂ-ਅਨੁਕੂਲ ਪੇਂਡੂ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।

ਕਨੈਕਟੀਵਿਟੀ ਨੂੰ ਇਸ ਸਾਂਝੇਦਾਰੀ ਦੇ ਇੱਕ ਰਣਨੀਤਕ ਥੰਮ੍ਹ ਵਜੋਂ ਸਵੀਕਾਰ ਕਰਦੇ ਹੋਏ, ਦੋਵਾਂ ਧਿਰਾਂ ਨੇ ਮੁਕਾਬਲੇਬਾਜ਼ੀ ਵਧਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਆਟੋਮੋਟਿਵ ਅਤੇ ਰੇਲਵੇ ਖੇਤਰਾਂ ਵਿੱਚ ਸਾਂਝੇ ਉੱਦਮਾਂ, ਤਕਨਾਲੋਜੀ ਦੇ ਤਬਾਦਲੇ, ਨਵੀਨਤਾ ਅਤੇ ਹੁਨਰ ਵਿਕਾਸ ਨੂੰ ਹੁਲਾਰਾ ਦੇਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਪਾਰ, ਨਿਵੇਸ਼ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਮੱਧ ਯੂਰਪੀਅਨ ਟ੍ਰਾਂਸਪੋਰਟ ਕੇਂਦਰ ਵਜੋਂ ਸਲੋਵਾਕੀਆ ਦੀ ਸਥਿਤੀ ਅਤੇ ਭਾਰਤ ਦੀ ਵੱਡੇ ਪੱਧਰ ’ਤੇ ਨਿਰਮਾਣ ਸਮਰੱਥਾਵਾਂ ਦੀਆਂ ਸੰਭਾਵਨਾਵਾਂ ਨੂੰ ਵੀ ਰੇਖਾਂਕਿਤ ਕੀਤਾ।

ਇਸ ਤੋਂ ਇਲਾਵਾ, ਉਨ੍ਹਾਂ ਨੇ ਵਧਦੇ ਆਰਥਿਕ, ਵਪਾਰਕ ਅਤੇ ਲੋਕਾਂ ਵਿਚਕਾਰ ਆਦਾਨ-ਪ੍ਰਦਾਨ ਨੂੰ ਸੁਖਾਲਾ ਬਣਾਉਣ ਲਈ ਭਾਰਤ ਅਤੇ ਸਲੋਵਾਕੀਆ ਵਿਚਕਾਰ ਸਿੱਧੇ ਹਵਾਈ ਸੰਪਰਕ ਦੀਆਂ ਸੰਭਾਵਨਾਵਾਂ ਤਲਾਸ਼ਣ ਨੂੰ ਵੀ ਉਤਸ਼ਾਹਿਤ ਕੀਤਾ।

ਦੋਵਾਂ ਆਗੂਆਂ ਨੇ ਦਿੱਲੀ ਵਿੱਚ ਆਯੋਜਿਤ 'ਏਆਈ ਇੰਪੈਕਟ ਸਮਿਟ 2026' ਦੇ ਸਫ਼ਲ ਨਤੀਜਿਆਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਪੀਟਰ ਪੇਲੇਗ੍ਰਿਨੀ ਸ਼ਾਮਲ ਹੋਏ ਸਨ। ਦੋਵਾਂ ਧਿਰਾਂ ਨੇ ਡਿਜੀਟਲ ਤਕਨਾਲੋਜੀ ’ਤੇ 'ਸਹਿਮਤੀ ਪੱਤਰ' ’ਤੇ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ, ਜੋ ਡਿਜੀਟਲ ਖੇਤਰ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਇੱਕ ਵਿਵਸਥਿਤ ਢਾਂਚਾ ਪ੍ਰਦਾਨ ਕਰੇਗਾ। ਉਹ ਨਵਾਚਾਰ-ਅਧਾਰਿਤ ਵਿਕਾਸ ਅਤੇ ਆਪਸੀ ਤੌਰ ’ਤੇ ਲਾਭਦਾਇਕ ਸਾਂਝੇਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰਸ, ਸਟਾਰਟਅੱਪਸ, ਨਵੀਨਤਾ ਈਕੋਸਿਸਟਮ, ਖੋਜ ਸੰਸਥਾਵਾਂ ਅਤੇ ਤਕਨਾਲੋਜੀ ਕੰਪਨੀਆਂ ਵਰਗੇ ਉੱਭਰਦੇ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ’ਤੇ ਸਹਿਮਤ ਹੋਏ। ਦੋਵੇਂ ਧਿਰ ਨਵੀਆਂ ਅਤੇ ਉੱਭਰਦੀਆਂ ਤਕਨਾਲੋਜੀਆਂ ਵਿੱਚ ਵੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ’ਤੇ ਸਹਿਮਤ ਹੋਏ, ਜਿਸ ਵਿੱਚ 5ਜੀ ਦੇ ਵਿਹਾਰਕ ਉਪਯੋਗ, 6ਜੀ ਮਾਨਕੀਕਰਨ, ਇੰਟਰਨੈੱਟ ਆਫ਼ ਥਿੰਗਜ਼ ਅਤੇ ਮਸ਼ੀਨ-ਟੂ-ਮਸ਼ੀਨ ਐਪਲੀਕੇਸ਼ਨ ਸ਼ਾਮਲ ਹਨ।

ਦੋਵਾਂ ਆਗੂਆਂ ਨੇ ਉਪਗ੍ਰਹਿ ਤਕਨਾਲੋਜੀ ਅਤੇ ਇਸ ਦੇ ਉਪਯੋਗਾਂ ਦੇ ਖੇਤਰ ਵਿੱਚ ਆਪਣੇ-ਆਪਣੇ ਪੁਲਾੜ ਈਕੋਸਿਸਟਮ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮੌਕੇ ਤਲਾਸ਼ਣ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਨਵੀਨਤਾ ਅਤੇ ਉੱਨਤ ਪੁਲਾੜ ਤਕਨਾਲੋਜੀਆਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਗਿਆਨਕ ਅਤੇ ਖੋਜ ਸੰਸਥਾਵਾਂ ਦੇ ਨਾਲ-ਨਾਲ ਉਦਯੋਗ ਦੇ ਹਿੱਸੇਦਾਰਾਂ ਵਿਚਕਾਰ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।

ਆਗੂਆਂ ਨੇ ਸਿਹਤ ਸੰਭਾਲ ਦੇ ਖੇਤਰ ਵਿੱਚ ਨਿਯਮਿਤ ਸੰਵਾਦ ਬਣਾਈ ਰੱਖਣ ਅਤੇ ਸਹਿਯੋਗ ਨੂੰ ਡੂੰਘਾ ਕਰਨ ਦੀ ਜ਼ਰੂਰਤ ’ਤੇ ਚਾਨਣਾ ਪਾਇਆ, ਜਿਸ ਵਿੱਚ ਫਾਰਮਾਸਿਊਟੀਕਲ ਖੋਜ ਅਤੇ ਵਿਕਾਸ, ਡਿਜੀਟਲ ਸਿਹਤ ਹੱਲਾਂ ਅਤੇ ਸਿਹਤ ਖੇਤਰ ਦੇ ਮਨੁੱਖੀ ਸਰੋਤਾਂ ਨੂੰ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਦੋਵਾਂ ਧਿਰਾਂ ਨੇ ਆਪਣੀਆਂ-ਆਪਣੀਆਂ ਰਾਸ਼ਟਰੀ ਤਰਜੀਹਾਂ ਦੇ ਅਨੁਕੂਲ, ਵਧੇਰੇ ਲਚਕੀਲੀਆਂ, ਕੁਸ਼ਲ ਅਤੇ ਮਰੀਜ਼-ਕੇਂਦ੍ਰਿਤ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਜਨਤਕ ਸਿਹਤ ਪ੍ਰਬੰਧਨ ਵਿੱਚ ਸਰਬੋਤਮ ਤਰੀਕਿਆਂ ਨੂੰ ਸਾਂਝਾ ਕਰਨ ਅਤੇ ਡਿਜੀਟਲ ਤਕਨਾਲੋਜੀਆਂ ਦਾ ਲਾਭ ਉਠਾਉਣ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।

ਦੋਵੇਂ ਆਗੂ, ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਆਪਸੀ ਆਦਾਨ-ਪ੍ਰਦਾਨ ਨੂੰ ਹੋਰ ਡੂੰਘਾ ਕਰਨ ਦੇ ਮਕਸਦ ਨਾਲ, ਵਿਦਿਆਰਥੀਆਂ, ਅਕਾਦਮੀਆਂ ਅਤੇ ਖੋਜਕਰਤਾਵਾਂ ਦੀ ਆਵਾਜਾਈ ਨੂੰ ਹੁਲਾਰਾ ਦੇਣ ’ਤੇ ਸਹਿਮਤ ਹੋਏ। ਉਨ੍ਹਾਂ ਨੇ 'ਸਟੈੱਮ' (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਅਤੇ ਮਨੁੱਖੀ ਵਿਸ਼ਿਆਂ ’ਤੇ ਖਾਸ ਜ਼ੋਰ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਉੱਚ ਵਿਦਿਅਕ ਸੰਸਥਾਵਾਂ ਵਿਚਕਾਰ ਮੌਜੂਦਾ ਵਿਵਸਥਾਵਾਂ ਅਤੇ ਸਹਿਯੋਗ ਦਾ ਨੋਟਿਸ ਲਿਆ ਅਤੇ ਉਨ੍ਹਾਂ ਦੇ ਹੋਰ ਵਿਸਤਾਰ ਤੇ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ। ਦੋਵਾਂ ਧਿਰਾਂ ਨੇ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਪਣੇ-ਆਪਣੇ ਸਿੱਖਿਆ ਮੰਤਰਾਲਿਆਂ ਵਿਚਕਾਰ ਇੱਕ 'ਸਹਿਮਤੀ ਪੱਤਰ' ਦੇ ਸੰਪੰਨ ਹੋਣ ਦਾ ਵੀ ਸਵਾਗਤ ਕੀਤਾ, ਜੋ ਅਕਾਦਮਿਕ ਸੰਪਰਕਾਂ ਨੂੰ ਮਜ਼ਬੂਤ ਕਰਨ ਅਤੇ ਲੰਮੇ ਸਮੇਂ ਦੀਆਂ ਸੰਸਥਾਗਤ ਸਾਂਝੇਦਾਰੀਆਂ ਨੂੰ ਹੁਲਾਰਾ ਦੇਣ ਲਈ ਇੱਕ ਵਿਵਸਥਿਤ ਢਾਂਚਾ ਪ੍ਰਦਾਨ ਕਰੇਗਾ।

ਆਗੂਆਂ ਨੇ ਭਾਰਤ ਅਤੇ ਸਲੋਵਾਕੀਆ ਦੇ ਲੋਕਾਂ ਵਿਚਕਾਰ ਆਪਸੀ ਸਮਝ ਨੂੰ ਡੂੰਘਾ ਕਰਨ ਅਤੇ ਮਿੱਤਰਤਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੱਭਿਆਚਾਰਕ ਆਦਾਨ-ਪ੍ਰਦਾਨ, ਸੈਰ-ਸਪਾਟਾ ਅਤੇ ਲੋਕਾਂ ਵਿਚਕਾਰ ਸੰਪਰਕ ਨੂੰ ਹੋਰ ਹੁਲਾਰਾ ਦੇਣ ’ਤੇ ਸਹਿਮਤੀ ਜਤਾਈ। ਉਨ੍ਹਾਂ ਨੇ ਕਲਾਕਾਰਾਂ ਅਤੇ ਸੱਭਿਆਚਾਰਕ ਟੋਲੀਆਂ ਦੇ ਨਿਯਮਿਤ ਆਦਾਨ-ਪ੍ਰਦਾਨ, ਪ੍ਰਦਰਸ਼ਨੀਆਂ ਦੇ ਆਯੋਜਨ ਅਤੇ ਤਿਉਹਾਰਾਂ ਵਿੱਚ ਭਾਗੀਦਾਰੀ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਕਾਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਕੇ ਸੱਭਿਆਚਾਰਕ ਸਹਿਯੋਗ ਵਧਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਆਗੂਆਂ ਨੇ 'ਆਡੀਓ-ਵੀਡੀਓ ਨਿਰਮਾਣ' ’ਤੇ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਵੀ ਸਵਾਗਤ ਕੀਤਾ, ਜੋ ਫਿਲਮ ਅਤੇ ਮੀਡੀਆ ਉਤਪਾਦਨ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਵਿਵਸਥਿਤ ਢਾਂਚਾ ਪ੍ਰਦਾਨ ਕਰੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਪਰਕ ਨੂੰ ਹੋਰ ਵਧਾਏਗਾ।

ਆਗੂਆਂ ਨੇ ਕੁਸ਼ਲ ਪੇਸ਼ੇਵਰਾਂ ਦੀ ਵਿਵਸਥਿਤ, ਸੁਰੱਖਿਅਤ ਅਤੇ ਕਾਨੂੰਨੀ ਆਵਾਜਾਈ ਦਾ ਸਮਰਥਨ ਕੀਤਾ। ਉਨ੍ਹਾਂ ਨੇ ਜਨਵਰੀ 2026 ਵਿੱਚ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਆਵਾਜਾਈ ’ਤੇ ਸਹਿਯੋਗ ਦੇ ਵਿਆਪਕ ਢਾਂਚੇ ’ਤੇ ਬਣੀ ਸਹਿਮਤੀ ਦਾ ਨੋਟਿਸ ਲਿਆ। ਉਨ੍ਹਾਂ ਨੇ ਭਾਰਤ ਅਤੇ ਸਲੋਵਾਕੀਆ ਦੇ ਸਬੰਧਤ ਅਧਿਕਾਰੀਆਂ ਵਿਚਕਾਰ ਆਵਾਜਾਈ ਨੂੰ ਸੁਖਾਲਾ ਬਣਾਉਣ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਕਿਰਤ ਪ੍ਰਵਾਸ ਦੇ ਖੇਤਰ ਵਿੱਚ ਸਹਿਯੋਗ ’ਤੇ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ। ਦੋਵੇਂ ਧਿਰ ਇੱਕ 'ਸਮਾਜਿਕ ਸੁਰੱਖਿਆ ਸਮਝੌਤੇ' ਨੂੰ ਜਲਦੀ ਤੋਂ ਜਲਦੀ ਸੰਪੰਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਵੀ ਸਹਿਮਤ ਹੋਏ, ਜੋ ਭਾਰਤ ਅਤੇ ਸਲੋਵਾਕੀਆ ਵਿਚਕਾਰ ਆਉਣ-ਜਾਣ ਵਾਲੇ ਕੰਮਕਾਜੀ ਪੇਸ਼ੇਵਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਪੁਖ਼ਤਾ ਕਰਨ ਵਿੱਚ ਯੋਗਦਾਨ ਦੇਵੇਗਾ।

ਆਗੂਆਂ ਨੇ ਮੰਨਿਆ ਕਿ ਲੋਕਾਂ ਦੀ ਵਧਦੀ ਆਵਾਜਾਈ ਅਤੇ ਲੋਕਾਂ ਵਿਚਕਾਰ ਵਧਦੇ ਸਬੰਧਾਂ ਨੂੰ ਦੇਖਦੇ ਹੋਏ, ਦੂਤਾਵਾਸ ਸਬੰਧੀ ਮਾਮਲਿਆਂ ਵਿੱਚ ਸਹਿਯੋਗ ਲਈ ਦੋਵੇਂ ਦੇਸ਼ ਲਗਾਤਾਰ ਦਿਲਚਸਪੀ ਲੈ ਰਹੇ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਕੌਂਸਲਰ ਮਾਮਲਿਆਂ ਵਿੱਚ ਸਹਿਯੋਗ ਨੂੰ ਆਸਾਨ ਬਣਾਉਣ ਲਈ ਆਪਣੇ-ਆਪਣੇ ਕੌਂਸਲਰ ਅਧਿਕਾਰੀਆਂ ਵਿਚਕਾਰ ਨਿਯਮਿਤ ਕੌਂਸਲਰ ਗੱਲਬਾਤ ਲਈ ਇੱਕ ਵਿਵਸਥਾ ਬਣਾਉਣ ’ਤੇ ਸਹਿਮਤੀ ਪ੍ਰਗਟਾਈ।

ਦੋਵੇਂ ਦੇਸ਼ ਉਚਿਤ ਵਿਹਾਰਕ ਪੱਧਰ ’ਤੇ ਵਿਆਪਕ ਸਾਂਝੇਦਾਰੀ ਦੇ ਲਾਗੂਕਰਨ ਦੀ ਨਿਯਮਿਤ ਸਮੀਖਿਆ ਕਰਨ ’ਤੇ ਸਹਿਮਤ ਹੋਏ।

ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਇਹ ਮੌਜੂਦਾ ਯਾਤਰਾ ਭਾਰਤ-ਸਲੋਵਾਕੀਆ ਸਬੰਧਾਂ ਨੂੰ ਬਦਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਉਹ ਦੁਵੱਲੇ ਸਬੰਧਾਂ ਨੂੰ ਆਪਸੀ ਜੁੜਾਵ ਦੇ ਇੱਕ ਨਵੇਂ ਪੜਾਅ ਵਿੱਚ ਲੈ ਜਾਣ ਲਈ ਵਚਨਬੱਧ ਹਨ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਕੀਤੇ ਗਏ ਐਲਾਨਾਂ ਅਤੇ ਹਸਤਾਖਰ ਕੀਤੇ ਗਏ ਸਹਿਮਤੀ ਪੱਤਰਾਂ ਦਾ ਸਵਾਗਤ ਕੀਤਾ, ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ’ਤੇ ਉਪਲਬਧ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਫਿਕੋ ਅਤੇ ਸਲੋਵਾਕੀਆ ਦੀ ਜਨਤਾ ਦਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਵਫ਼ਦ ਦੇ ਨਿੱਘੇ ਸੁਆਗਤ ਤੇ ਪਰਾਹੁਣਚਾਰੀ ਲਈ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਉੱਚ ਪੱਧਰੀ ਆਦਾਨ-ਪ੍ਰਦਾਨ ਨੂੰ ਬਣਾਈ ਰੱਖਣ ’ਤੇ ਸਹਿਮਤੀ ਪ੍ਰਗਟਾਈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Make in India' radar programme to help Tejas track targets gets Rs 2,205 crore boost

Media Coverage

'Make in India' radar programme to help Tejas track targets gets Rs 2,205 crore boost
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 01 ਅਗਸਤ 2026
August 01, 2026

Aatmanirbhar Bharat Delivers: Indigenous Power, Farmer Prosperity & Blue Economy