ਭਾਰਤ-ਨਿਊਜ਼ੀਲੈਂਡ ਸੰਯੁਕਤ ਬਿਆਨ

Published By : Admin | July 11, 2026 | 07:59 IST

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਲਕਸਨ ਦੇ ਸੱਦੇ ’ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਅਤੇ 11 ਜੁਲਾਈ, 2026 ਨੂੰ ਔਕਲੈਂਡ, ਨਿਊਜ਼ੀਲੈਂਡ ਦੀ ਅਧਿਕਾਰਤ ਯਾਤਰਾ ’ਤੇ ਹਨ। ਇਹ 40 ਸਾਲਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਯਾਤਰਾ ਹੈ, ਜੋ ਇੱਕ ਇਤਿਹਾਸਕ ਪ੍ਰਾਪਤੀ ਹੈ ਅਤੇ ਦੋਵਾਂ ਦੇਸ਼ਾਂ ਦੀ ਸਥਾਈ ਮਿੱਤਰਤਾ ਅਤੇ ਭਾਈਵਾਲੀ ਵਿੱਚ ਨਵੇਂ ਰਾਹ ਪੱਧਰੇ ਕਰਦੀ ਹੈ।

ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਮੋਦੀ ਦਾ ਸਰਕਾਰੀ ਭਵਨ ਵਿੱਚ ਰਸਮੀ ਸਵਾਗਤ ਹੋਇਆ, ਉਨ੍ਹਾਂ ਨੇ ਪ੍ਰਧਾਨ ਮੰਤਰੀ ਲਕਸਨ ਨਾਲ ਦੁਵੱਲੀ ਗੱਲਬਾਤ ਕੀਤੀ, ਨਿਊਜ਼ੀਲੈਂਡ ਦੇ ਕਾਰੋਬਾਰੀ ਨੇਤਾਵਾਂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਨਿਊਜ਼ੀਲੈਂਡ ਦੀਆਂ ਖੇਡ ਨਵੀਨਤਾ ਦਾ ਪ੍ਰਦਰਸ਼ਨ ਦੇਖਿਆ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਮਾਰਚ, 2025 ਵਿੱਚ ਪ੍ਰਧਾਨ ਮੰਤਰੀ ਲਕਸਨ ਦੇ ਭਾਰਤ ਦੌਰੇ ਨੂੰ ਯਾਦ ਕੀਤਾ, ਜਿਸ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਨੇ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਰੱਖਿਆ, ਸਿੱਖਿਆ, ਕਸਟਮ, ਬਾਗ਼ਬਾਨੀ, ਜੰਗਲਾਤ ਅਤੇ ਖੇਡਾਂ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਕੀਤੇ ਸਨ।

ਭਾਰਤ ਅਤੇ ਨਿਊਜ਼ੀਲੈਂਡ ਦੇ ਲੰਬੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ, ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਲੋਕਾਂ ਦੇ ਡੂੰਘੇ ਆਪਸੀ ਸਬੰਧਾਂ ਅਤੇ ਭਾਰਤ-ਪ੍ਰਸ਼ਾਂਤ ਵਿੱਚ ਸਾਂਝੇ ਹਿੱਤਾਂ ਨੂੰ ਮਾਨਤਾ ਦਿੰਦੇ ਹੋਏ, ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ ਦਾ ਫ਼ੈਸਲਾ ਕੀਤਾ। ਅਗਲੇ ਚਾਰ ਸਾਲਾਂ ਲਈ ਸਾਂਝੀ ਕਾਰਵਾਈ ਦੀ ਮਾਰਗ-ਦਰਸ਼ਕ ਰੂਪ-ਰੇਖਾ ਵਜੋਂ ਉਨ੍ਹਾਂ ਨੇ 'ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ: 2030 ਦਾ ਰੋਡਮੈਪ' ਨੂੰ ਪ੍ਰਵਾਨਗੀ ਦਿੱਤੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਰਣਨੀਤਕ ਭਾਈਵਾਲੀ ਲਈ ਇੱਕ ਉਤਸ਼ਾਹੀ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ’ਤੇ ਸਹਿਮਤੀ ਪ੍ਰਗਟਾਈ, ਜਿਸ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਨਵੇਂ ਪੱਧਰ ’ਤੇ ਲੈ ਕੇ ਜਾਣਾ, ਮੌਜੂਦਾ ਸਹਿਯੋਗ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਦੁਵੱਲੇ ਤੇ ਬਹੁ-ਪੱਖੀ ਰੂਪ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੇ ਨਵੇਂ ਰਾਹਾਂ ਦੀ ਭਾਲ ਕਰਨਾ ਹੈ।

ਰਾਜਨੀਤਕ ਅਤੇ ਕੂਟਨੀਤਕ ਭਾਈਵਾਲੀ:

ਪ੍ਰਧਾਨ ਮੰਤਰੀਆਂ ਨੇ ਉੱਚ ਪੱਧਰੀ ਰਾਜਨੀਤਕ ਗੱਲਬਾਤ ਦੀ ਵਧਦੀ ਗਤੀ ਦਾ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਮੰਤਰੀਆਂ ਦੀਆਂ ਨਿਯਮਿਤ ਆਪਸੀ ਯਾਤਰਾਵਾਂ ਅਤੇ ਮੀਟਿੰਗਾਂ ਆਯੋਜਿਤ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਖੇਤਰੀ ਅਤੇ ਬਹੁ-ਪੱਖੀ ਪ੍ਰੋਗਰਾਮਾਂ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵੀ ਸ਼ਾਮਲ ਹਨ।

ਸਬੰਧਾਂ ਨੂੰ ਰਣਨੀਤਕ ਮਾਰਗ-ਦਰਸ਼ਨ ਦੇਣ ਅਤੇ 2030 ਰੋਡਮੈਪ ਦੇ ਤਹਿਤ ਹੋਈ ਤਰੱਕੀ ਦੀ ਸਮੀਖਿਆ ਕਰਨ ਲਈ, ਪ੍ਰਧਾਨ ਮੰਤਰੀਆਂ ਨੇ ਵਿਦੇਸ਼ ਮੰਤਰੀਆਂ ਦੇ ਨਿਯਮਿਤ ਗੱਲਬਾਤ ਦੀ ਸ਼ੁਰੂਆਤ ਕਰਨ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਤੇ ਵਪਾਰ ਮੰਤਰਾਲੇ ਵਿਚਕਾਰ ਸੀਨੀਅਰ ਅਧਿਕਾਰੀਆਂ ਦੀਆਂ ਸਾਲਾਨਾ ਮੀਟਿੰਗਾਂ ਦੀ ਪ੍ਰਥਾ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀਆਂ ਨੇ ਭਾਰਤ-ਨਿਊਜ਼ੀਲੈਂਡ ਸਬੰਧਾਂ ਦੀ ਆਪਸੀ ਸਮਝ ਨੂੰ ਡੂੰਘਾ ਕਰਨ ਅਤੇ ਲੋਕਤੰਤਰੀ ਨੀਂਹ ਨੂੰ ਮਜ਼ਬੂਤ ਕਰਨ ਵਿੱਚ ਸੰਸਦੀ ਅਦਾਨ-ਪ੍ਰਦਾਨ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸੰਸਦਾਂ ਵਿਚਕਾਰ ਨਿਯਮਿਤ ਸੰਪਰਕ ਨੂੰ ਉਤਸ਼ਾਹਿਤ ਕੀਤਾ, ਜਿਸ ਵਿੱਚ ਹਾਲ ਹੀ ਵਿੱਚ ਭਾਰਤੀ ਸੰਸਦ ਵਿੱਚ ਨਿਊਜ਼ੀਲੈਂਡ ਲਈ ਗਠਿਤ ਸੰਸਦੀ ਮਿੱਤਰਤਾ ਸਮੂਹ ਦੇ ਮਾਧਿਅਮ ਰਾਹੀਂ ਸੰਪਰਕ ਅਤੇ ਸੰਸਦ ਮੈਂਬਰਾਂ ਦੇ ਦੌਰੇ ਸ਼ਾਮਲ ਹਨ।

ਰੱਖਿਆ ਅਤੇ ਸੁਰੱਖਿਆ ਸਹਿਯੋਗ

ਪ੍ਰਧਾਨ ਮੰਤਰੀਆਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਿੱਚ ਹੋਈ ਤਰੱਕੀ ਦਾ ਸਵਾਗਤ ਕੀਤਾ, ਜਿਸ ਵਿੱਚ 2025 ਦੇ ਭਾਰਤ-ਨਿਊਜ਼ੀਲੈਂਡ ਰੱਖਿਆ ਸਹਿਯੋਗ ਸਮਝੌਤੇ ਦਾ ਲਾਗੂਕਰਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀਆਂ ਨੇ ਰੱਖਿਆ ਮੰਤਰਾਲੇ ਅਤੇ ਸੇਵਾ ਪੱਧਰਾਂ ’ਤੇ ਨਿਯਮਿਤ ਸੰਰਚਨਾਤਮਕ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ 2025 ਵਿੱਚ ਸੰਯੁਕਤ ਟਾਸਕ ਫੋਰਸ 150 (ਸੀਟੀਐੱਫ-150) ਦੇ ਤਹਿਤ ਸਹਿਯੋਗ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਨਿਊਜ਼ੀਲੈਂਡ ਕਮਾਂਡਰ ਅਤੇ ਭਾਰਤ ਉਪ-ਕਮਾਂਡਰ ਵਜੋਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅੱਤਵਾਦ ਅਤੇ ਮੱਧ ਪੂਰਬ ਤੇ ਪੱਛਮੀ ਹਿੰਦ ਮਹਾਂਸਾਗਰ ਵਿੱਚ ਗ਼ੈਰ-ਕਾਨੂੰਨੀ ਸਮੁੰਦਰੀ ਗਤੀਵਿਧੀਆਂ ਨੂੰ ਰੋਕਣ ਦੇ ਯਤਨਾਂ ਦਾ ਸਮਰਥਨ ਕਰ ਰਿਹਾ ਸੀ।

ਪ੍ਰਧਾਨ ਮੰਤਰੀਆਂ ਨੇ ਕਿਹਾ ਕਿ ਸਮੁੰਦਰੀ ਦੇਸ਼ਾਂ ਦੇ ਤੌਰ ’ਤੇ ਭਾਰਤ ਅਤੇ ਨਿਊਜ਼ੀਲੈਂਡ ਦੀ ਰੁਚੀ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਹੈ। ਇਸ ਲਈ, ਉਨ੍ਹਾਂ ਨੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ, ਜਿਸ ਵਿੱਚ ਹਾਲ ਹੀ ਵਿੱਚ ਹੋਈ ਸਮੁੰਦਰੀ ਸਹਿਯੋਗ ਪ੍ਰਣਾਲੀ (ਐੱਮਸੀਏ), ਜਲ ਵਿਗਿਆਨ (ਹਾਈਡ੍ਰੋਗ੍ਰਾਫੀ) ਅਤੇ ਸਮੁੰਦਰੀ ਕਾਰਟੋਗ੍ਰਾਫੀ ਮਾਮਲਿਆਂ ਵਿੱਚ ਸਹਿਯੋਗ ਲਈ ਇੱਕ ਲਾਗੂਕਰਨ ਪ੍ਰਣਾਲੀ ਅਤੇ ਸਮੁੰਦਰੀ ਖੇਤਰ ’ਤੇ ਕੇਂਦ੍ਰਿਤ ਆਪਸੀ ਲੌਜਿਸਟਿਕਸ ਸਹਾਇਤਾ ਪ੍ਰਣਾਲੀ ਸ਼ਾਮਲ ਹਨ। ਉਨ੍ਹਾਂ ਨੇ ਐੱਮਸੀਏ ਦੇ ਹਿੱਸੇ ਵਜੋਂ ਦੁਵੱਲੇ ਨੌ-ਸੈਨਿਕ ਅਭਿਆਸਾਂ ਸਮੇਤ ਨੌ-ਸੈਨਿਕ ਗਤੀਵਿਧੀਆਂ ਦਾ ਵੀ ਸਵਾਗਤ ਕੀਤਾ।

ਭਾਰਤ ਨੇ ਭਾਰਤ-ਪ੍ਰਸ਼ਾਂਤ ਮਹਾਂਸਾਗਰ ਪਹਿਲਕਦਮੀ ਦੇ ਤਹਿਤ ਸਮੁੰਦਰੀ ਸੁਰੱਖਿਆ ਲਈ ਮੁੱਖ ਥੰਮ੍ਹ ਵਜੋਂ ਨਿਊਜ਼ੀਲੈਂਡ ਦੀ ਨਾਮਜ਼ਦਗੀ ਦਾ ਸਵਾਗਤ ਕੀਤਾ, ਅਤੇ ਦੋਵਾਂ ਧਿਰਾਂ ਨੇ ਇਸ ਥੰਮ੍ਹ ਦੇ ਤਹਿਤ ਵਿਸ਼ੇਸ਼ ਸਹਿਯੋਗ ਗਤੀਵਿਧੀਆਂ ਦੀ ਭਾਲ ਕਰਨ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਸਹਿਯੋਗ, ਤਾਲਮੇਲ ਅਤੇ ਜਾਣਕਾਰੀ ਸਾਂਝੀ ਕਰਨ ਨੂੰ ਮਜ਼ਬੂਤ ਕਰਨ ਲਈ ਸਾਲਾਨਾ ਸਮੁੰਦਰੀ ਸੁਰੱਖਿਆ ਗੱਲਬਾਤ ਸਥਾਪਿਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀਆਂ ਨੇ ਅੱਤਵਾਦ ਵਿਰੁੱਧ ਲੜਨ, ਸਾਈਬਰ ਸੁਰੱਖਿਆ ਅਤੇ ਸਬੰਧਿਤ ਸੁਰੱਖਿਆ ਚੁਣੌਤੀਆਂ ’ਤੇ ਸਹਿਯੋਗ ਮਜ਼ਬੂਤ ਕਰਨ ਦੀ ਆਪਣੀ ਸਾਂਝੀ ਵਚਨਬੱਧਤਾ ਦੋਹਰਾਈ। ਉਨ੍ਹਾਂ ਨੇ ਨੇੜਿਓਂ ਜੁੜਨ ਦੇ ਮੌਕਿਆਂ ਦੀ ਭਾਲ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਅੰਤਰਰਾਸ਼ਟਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦਾ ਸਮਰਥਨ ਕਰਨ ਦੇ ਦ੍ਰਿਸ਼ਟੀਕੋਣ ਨਾਲ ਸਬੰਧਿਤ ਖੇਤਰੀ ਅਤੇ ਬਹੁ-ਪੱਖੀ ਪ੍ਰਣਾਲੀਆਂ ਵਿੱਚ ਸੰਵਾਦ ਅਤੇ ਸਹਿਯੋਗ ਸ਼ਾਮਲ ਹਨ।

ਪ੍ਰਧਾਨ ਮੰਤਰੀਆਂ ਨੇ ਸਰਹੱਦ-ਪਾਰ ਅਤੇ ਸੰਗਠਿਤ ਅਪਰਾਧ ਨਾਲ ਲੜਨ ਲਈ ਵਿਹਾਰਕ ਕਾਨੂੰਨ ਲਾਗੂਕਰਨ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ, ਵਿੱਤੀ ਅਪਰਾਧ, ਸਾਈਬਰ-ਅਧਾਰਿਤ ਅਪਰਾਧ, ਅੱਤਵਾਦ ਨਾਲ ਸਬੰਧਿਤ ਅਪਰਾਧ, ਲੋਕਾਂ ਦੀ ਤਸਕਰੀ ਅਤੇ ਮਨੁੱਖੀ ਤਸਕਰੀ ਸ਼ਾਮਲ ਹਨ। ਉਨ੍ਹਾਂ ਨੇ ਸਬੰਧਿਤ ਭਾਰਤੀ ਅਤੇ ਨਿਊਜ਼ੀਲੈਂਡ ਏਜੰਸੀਆਂ ਵਿਚਕਾਰ ਨਸ਼ਾ ਵਿਰੋਧੀ ਸਹਿਯੋਗ ਅਤੇ ਕਾਨੂੰਨ ਲਾਗੂਕਰਨ ਸਹਿਯੋਗ ਬਾਰੇ ਜਲਦੀ ਤੋਂ ਜਲਦੀ ਪ੍ਰਬੰਧਾਂ ਨੂੰ ਰਸਮੀ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ।

ਵਪਾਰ ਅਤੇ ਆਰਥਿਕ ਸਹਿਯੋਗ

ਪ੍ਰਧਾਨ ਮੰਤਰੀਆਂ ਨੇ ਵਪਾਰਕ ਅਤੇ ਆਰਥਿਕ ਸਬੰਧਾਂ ਵਿੱਚ ਆਈ ਤੇਜ਼ੀ ਦਾ ਸਵਾਗਤ ਕੀਤਾ, ਨਾਲ ਹੀ ਇਹ ਵੀ ਮੰਨਿਆ ਕਿ ਇਸ ਵਿੱਚ ਵਾਧੇ ਦੀ ਕਾਫ਼ੀ ਸੰਭਾਵਨਾ ਹੁਣ ਵੀ ਮੌਜੂਦ ਹੈ। ਉਨ੍ਹਾਂ ਨੇ 2030 ਤੱਕ ਵਸਤੂਆਂ ਅਤੇ ਸੇਵਾਵਾਂ ਦੇ ਖੇਤਰ ਵਿੱਚ ਦੁਵੱਲੇ ਵਪਾਰ ਨੂੰ 7 ਬਿਲੀਅਨ ਨਿਊਜ਼ੀਲੈਂਡ ਡਾਲਰ ਜਾਂ ਲਗਭਗ ₹35,000 ਕਰੋੜ ਤੱਕ ਦੁੱਗਣਾ ਕਰਨ ਦੇ ਅਭਿਲਾਸ਼ੀ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਬੰਧ ਡੂੰਘੇ ਕਰਨ, ਨਵੇਂ ਮੌਕਿਆਂ ਦੀ ਭਾਲ ਕਰਨ ਅਤੇ ਦੋਵਾਂ ਅਰਥਚਾਰਿਆਂ ਵਿਚਕਾਰ ਪੂਰਕ ਅਵਸਰਾਂ ਦਾ ਲਾਭ ਉਠਾਉਣ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਸੰਤੁਲਿਤ, ਵਿਆਪਕ ਅਤੇ ਆਪਸੀ ਤੌਰ ’ਤੇ ਲਾਭਕਾਰੀ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਪੂਰਾ ਹੋਣ ਅਤੇ ਇਸ ’ਤੇ ਹਸਤਾਖ਼ਰ ਹੋਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਨੂੰ ਜਲਦੀ ਪ੍ਰਭਾਵ ਵਿੱਚ ਲਿਆਉਣ ਅਤੇ ਇਸ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀਆਂ ਨੇ ਦੁਵੱਲੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਐੱਫਟੀਏ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੱਤੀ, ਜਿਸ ਵਿੱਚ ਵਪਾਰ ਦੀਆਂ ਰੁਕਾਵਟਾਂ ਨੂੰ ਹਟਾਉਣਾ, ਸਹਿਯੋਗ ਵਧਾਉਣਾ ਅਤੇ ਭਾਰਤ ਵਿੱਚ ਨਿਊਜ਼ੀਲੈਂਡ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀਆਂ ਨੇ ਇਹ ਵੀ ਜ਼ਿਕਰ ਕੀਤਾ ਕਿ ਨਿਊਜ਼ੀਲੈਂਡ ਵਪਾਰ, ਖੇਤੀਬਾੜੀ, ਹੁਨਰ , ਨਵੀਨਤਾ, ਸਵੱਛ ਊਰਜਾ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਰਾਹੀਂ 2047 ਤੱਕ ਭਾਰਤ ਦੇ 'ਵਿਕਸਿਤ ਭਾਰਤ' ਦੇ ਟੀਚੇ ਦਾ ਸਮਰਥਨ ਕਰ ਸਕਦਾ ਹੈ।

ਆਰਥਿਕ ਵਿਕਾਸ ਅਤੇ ਸੱਭਿਆਚਾਰਕ ਸਮਝ ਨੂੰ ਵਧਾਉਣ ਵਿੱਚ ਸੈਰ-ਸਪਾਟੇ ਦੀ ਸਕਾਰਾਤਮਕ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਉਨ੍ਹਾਂ ਨੇ ਸੈਰ-ਸਪਾਟੇ ਬਾਰੇ ਸਮਝੌਤਾ ਪੱਤਰ ’ਤੇ ਹੋਏ ਦਸਤਖਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇੱਕ ਵਾਰ ਫਿਰ ਹਵਾਈ-ਯਾਤਰਾ ਕੰਪਨੀਆਂ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸਿੱਧੀਆਂ ਨੌਨ-ਸਟਾਪ ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।

ਪ੍ਰਧਾਨ ਮੰਤਰੀਆਂ ਨੇ ਮੁੱਖ ਉਦਯੋਗਾਂ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੀ ਵਧਦੀ ਭਾਈਵਾਲੀ ਦਾ ਸਵਾਗਤ ਕੀਤਾ, ਜਿਸ ਵਿੱਚ ਬਾਗ਼ਬਾਨੀ, ਜੰਗਲਾਤ, ਪਸ਼ੂ ਪਾਲਣ ਅਤੇ ਡੇਅਰੀ ਉਦਯੋਗ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਹਿਯੋਗ ਨਿਊਜ਼ੀਲੈਂਡ ਦੀ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਉਤਪਾਦਕਤਾ, ਖ਼ੁਰਾਕ ਸੁਰੱਖਿਆ, ਸਥਿਰਤਾ, ਫ਼ਸਲ ਦੀ ਵਾਢੀ ਤੋਂ ਬਾਅਦ ਦੀਆਂ ਪ੍ਰਣਾਲੀਆਂ ਅਤੇ ਵੈਲਿਊ ਚੇਨ ਦੇ ਵਿਕਾਸ ਵਿੱਚ ਮਹਾਰਤ ’ਤੇ ਅਧਾਰਿਤ ਹੈ ਅਤੇ ਭਾਰਤ ਦੀ ਟਿਕਾਊ ਖੇਤੀਬਾੜੀ ਵਿਕਾਸ ਦੀਆਂ ਤਰਜੀਹਾਂ ਦਾ ਸਮਰਥਨ ਕਰਦਾ ਹੈ।

ਪ੍ਰਧਾਨ ਮੰਤਰੀਆਂ ਨੇ ਮੁਕਤ ਵਪਾਰ ਸਮਝੌਤੇ ਦੇ ਤਹਿਤ ਖੇਤੀਬਾੜੀ ਉਤਪਾਦਕਤਾ ਭਾਈਵਾਲੀ ਦਾ ਸਵਾਗਤ ਕੀਤਾ ਅਤੇ ਇਸ ਨੂੰ ਵਿਹਾਰਕ ਸਹਿਯੋਗ ਦੇ ਇੱਕ ਪ੍ਰਮੁੱਖ ਮੰਚ ਵਜੋਂ ਉਜਾਗਰ ਕੀਤਾ, ਜਿਸ ਵਿੱਚ ਕੀਵੀ ਫਰੂਟ, ਸੇਬ ਅਤੇ ਸ਼ਹਿਦ ਵਿੱਚ ਉਤਪਾਦਕਤਾ ਵਧਾਉਣ ਦੀ ਕਾਰਜ ਯੋਜਨਾ ਵਿੱਚ ਭਾਰਤ ਦੇ ਨਾਲ ਨਿਊਜ਼ੀਲੈਂਡ ਦਾ ਕੰਮ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਭਾਰਤ ਵਿੱਚ ਕੀਵੀ ਫਰੂਟ ਵਿੱਚ ਉੱਤਮਤਾ ਕੇਂਦਰਾਂ ਦੀ ਸਥਾਪਨਾ ਲਈ ਨਿਊਜ਼ੀਲੈਂਡ ਦੇ ਸਮਰਥਨ ਦਾ ਜ਼ਿਕਰ ਕੀਤਾ ਅਤੇ ਸਿੱਖਿਆ ਤੇ ਸੰਸਥਾਗਤ ਸਹਿਯੋਗ ਦਾ ਸਵਾਗਤ ਕੀਤਾ, ਜੋ ਖੇਤੀਬਾੜੀ ਨਵੀਨਤਾ, ਹੁਨਰ ਵਿਕਾਸ ਅਤੇ ਮਜ਼ਬੂਤ ਉਦਯੋਗਿਕ ਸਬੰਧਾਂ ਦਾ ਸਮਰਥਨ ਕਰੇਗਾ। ਪ੍ਰਧਾਨ ਮੰਤਰੀਆਂ ਨੇ ਪਸ਼ੂ ਪਾਲਣ ਅਤੇ ਡੇਅਰੀ ਬਾਰੇ ਸਹਿਯੋਗ ਸਮਝੌਤੇ ਦੇ ਪੂਰਾ ਹੋਣ ਦਾ ਵੀ ਸਵਾਗਤ ਕੀਤਾ।

ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਜਹਾਜ਼ਰਾਨੀ ਡਾਇਰੈਕਟੋਰੇਟ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਅਤੇ ਨਿਊਜ਼ੀਲੈਂਡ ਦੀ ਮੈਰੀਟਾਈਮ ਸੰਸਥਾ ਵਿਚਕਾਰ ਨਾਵਿਕਾਂ ਦੇ ਸਮਰੱਥਾ ਪ੍ਰਮਾਣ ਪੱਤਰਾਂ ਦੀ ਮਾਨਤਾ ਨੂੰ ਮਜ਼ਬੂਤ ਕਰਨ ਦੇ ਮੌਕਿਆਂ ’ਤੇ ਚੱਲ ਰਹੀ ਗੱਲਬਾਤ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨਾਵਿਕਾਂ ਦੇ ਸਮਰੱਥਾ ਪ੍ਰਮਾਣ ਪੱਤਰਾਂ ਦੀ ਵਧੀ ਹੋਈ ਮਾਨਤਾ ਨਾਲ ਨਾਵਿਕਾਂ ਦੀ ਆਵਾਜਾਈ ਨੂੰ ਸਮਰਥਨ ਮਿਲੇਗਾ, ਸਮੁੰਦਰੀ ਅਥਾਰਟੀਆਂ ਵਿਚਕਾਰ ਸਹਿਯੋਗ ਮਜ਼ਬੂਤ ਹੋਵੇਗਾ, ਅਤੇ ਦੋਵਾਂ ਦੇਸ਼ਾਂ ਦੇ ਸਮੁੰਦਰੀ ਉਦਯੋਗਾਂ ਦੀ ਮਜ਼ਬੂਤੀ ਅਤੇ ਸਮਰੱਥਾ ਵਿੱਚ ਯੋਗਦਾਨ ਪਵੇਗਾ।

ਲੋਕ, ਸੱਭਿਆਚਾਰ ਅਤੇ ਖੇਡਾਂ

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੇ ਆਪਸੀ ਮਜ਼ਬੂਤ ਸਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੰਨਿਆ ਕਿ ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰਾ ਨਿਊਜ਼ੀਲੈਂਡ ਦੇ ਵਿਭਿੰਨ ਸਮਾਜ ਦਾ ਇੱਕ ਅਟੁੱਟ ਅਤੇ ਕੀਮਤੀ ਹਿੱਸਾ ਹੈ, ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਜੀਵੰਤ ਪੁਲ ਵੀ ਹੈ। ਉਨ੍ਹਾਂ ਨੇ ਭਾਈਚਾਰੇ ਦੇ ਨਿਊਜ਼ੀਲੈਂਡ ਦੀ ਆਰਥਿਕਤਾ, ਸਮਾਜ, ਸੱਭਿਆਚਾਰ, ਜਨਤਕ ਅਤੇ ਖੇਡ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀਆਂ ਨੇ 2026 ਵਿੱਚ ਖੇਡਾਂ ਦੇ ਮਾਧਿਅਮ ਰਾਹੀਂ 100 ਸਾਲਾਂ ਦੀ ਏਕਤਾ ਦਾ ਜਸ਼ਨ ਮਨਾਉਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ-ਨਿਊਜ਼ੀਲੈਂਡ ਸਾਂਝੀ ਖੇਡ ਕਾਰਜ ਯੋਜਨਾ ਦਾ ਵੀ ਸਵਾਗਤ ਕੀਤਾ, ਜੋ ਦੁਵੱਲੇ ਖੇਡ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਿਹਾਰਕ ਢਾਂਚਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਉੱਚ ਪ੍ਰਦਰਸ਼ਨ ਖੇਡਾਂ, ਕੋਚਿੰਗ, ਖੇਡ ਵਿਗਿਆਨ, ਭਾਗੀਦਾਰੀ, ਖੇਡ ਕਾਰੋਬਾਰ ਅਤੇ ਰਾਸ਼ਟਰੀ ਖੇਡ ਸੰਗਠਨਾਂ ਵਿਚਕਾਰ ਅਦਾਨ-ਪ੍ਰਦਾਨ ਸ਼ਾਮਲ ਹਨ।

 


 

ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸੱਭਿਆਚਾਰਕ ਸਹਿਯੋਗ ਨੂੰ ਨਿਰੰਤਰ ਡੂੰਘਾ ਕਰਨ ਦਾ ਸਵਾਗਤ ਕੀਤਾ, ਜਿਸ ਵਿੱਚ ਰਵਾਇਤੀ ਦਵਾਈਆਂ ’ਤੇ ਸਹਿਯੋਗ, ਸੱਭਿਆਚਾਰਕ ਸਹਿਯੋਗ ਬਾਰੇ ਪ੍ਰਣਾਲੀ ਦੀ ਸ਼ੁਰੂਆਤ, ਅਤੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ, ਲੋਥਲ, ਭਾਰਤ ਅਤੇ ਨਿਊਜ਼ੀਲੈਂਡ ਸਮੁੰਦਰੀ ਅਜਾਇਬ ਘਰ ਵਿਚਕਾਰ ਸਮਝੌਤਾ ਪੱਤਰ ਸ਼ਾਮਲ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਹ ਪਹਿਲਕਦਮੀਆਂ ਆਮ ਲੋਕਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ, ਆਪਸੀ ਸਮਝ ਵਧਾਉਣ ਅਤੇ ਦੋਵਾਂ ਦੇਸ਼ਾਂ ਦੀ ਖ਼ੁਸ਼ਹਾਲ ਸੱਭਿਆਚਾਰਕ ਵਿਰਾਸਤ, ਸਮਕਾਲੀ ਰਚਨਾਤਮਕਤਾ ਅਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਮੁੰਦਰੀ ਸਬੰਧਾਂ ਦਾ ਜਸ਼ਨ ਮਨਾਉਣ ਲਈ ਕੀਮਤੀ ਮੌਕੇ ਪ੍ਰਦਾਨ ਕਰਦੀਆਂ ਹਨ।

ਸਿੱਖਿਆ, ਖੋਜ, ਵਿਗਿਆਨ ਅਤੇ ਤਕਨਾਲੋਜੀ ਅਤੇ ਆਫ਼ਤ ਪ੍ਰਬੰਧਨ

ਪ੍ਰਧਾਨ ਮੰਤਰੀਆਂ ਨੇ ਸਵੀਕਾਰ ਕੀਤਾ ਕਿ ਸਿੱਖਿਆ, ਖੋਜ, ਵਿਗਿਆਨ ਅਤੇ ਤਕਨਾਲੋਜੀ, ਅਤੇ ਨਵੀਨਤਾ ਦੁਵੱਲੇ ਸਬੰਧਾਂ ਦੇ ਮਹੱਤਵਪੂਰਨ ਪਹਿਲੂ ਹਨ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ, ਸੰਸਥਾਵਾਂ ਅਤੇ ਉਦਯੋਗਾਂ ਨੂੰ ਖੇਤੀਬਾੜੀ, ਜਲਵਾਯੂ, ਡਿਜੀਟਲ ਤਬਦੀਲੀ, ਵਿਗਿਆਨ, ਨਵੀਨਤਾ ਅਤੇ ਨਵੀਆਂ ਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਭਾਈਵਾਲੀ ਬਣਾਉਣ ਅਤੇ ਉਸ ਦਾ ਦਾਇਰਾ ਵਧਾਉਣ ਲਈ ਉਤਸ਼ਾਹਿਤ ਕੀਤਾ।

ਪ੍ਰਧਾਨ ਮੰਤਰੀਆਂ ਨੇ ਸਿੱਖਿਆ ਨੂੰ ਸਬੰਧਾਂ ਦਾ ਕੇਂਦਰੀ ਥੰਮ੍ਹ ਮੰਨਦੇ ਹੋਏ ਇਸ ਨੂੰ ਲੋਕਾਂ ਦੇ ਆਪਸੀ ਸਬੰਧਾਂ, ਹੁਨਰ ਵਿਕਾਸ, ਖੋਜ ਸਹਿਯੋਗ ਅਤੇ ਲੰਬੇ ਸਮੇਂ ਦੀ ਆਰਥਿਕ ਭਾਈਵਾਲੀ ਦਾ ਅਧਾਰ ਦੱਸਿਆ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਵਿਦਿਅਕ ਸੰਸਥਾਵਾਂ ਵਿਚਕਾਰ ਵਧਦੇ ਸਹਿਯੋਗ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਆਵਾਜਾਈ, ਸੰਸਥਾਗਤ ਭਾਈਵਾਲੀ, ਨਵੀਨਤਾ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਵਾਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ 2025 ਦੇ ਸਿੱਖਿਆ ਸਹਿਯੋਗ ਸਮਝੌਤੇ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ’ਤੇ ਵਿਚਾਰ ਕੀਤਾ ਅਤੇ ਇਸ ’ਤੇ ਹਸਤਾਖ਼ਰ ਹੋਣ ਤੋਂ ਬਾਅਦ ਹੋਏ ਗੱਲਬਾਤ ਅਤੇ ਨਵੀਆਂ ਸੰਸਥਾਗਤ ਭਾਈਵਾਲੀਆਂ ਨੂੰ ਸਵੀਕਾਰ ਕੀਤਾ।

 


 

ਦੋਵਾਂ ਪ੍ਰਧਾਨ ਮੰਤਰੀਆਂ ਨੇ ਜਲਵਾਯੂ ਪਰਿਵਰਤਨ ਅਤੇ ਘੱਟ ਨਿਕਾਸ ਤੇ ਜਲਵਾਯੂ-ਸਹਿਣਸ਼ੀਲ ਅਰਥਚਾਰਿਆਂ ਨੂੰ ਅਪਣਾਉਣ ਵਰਗੀਆਂ ਸਾਂਝੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸੌਰ ਗਠਜੋੜ ਅਤੇ ਆਫ਼ਤ-ਸਹਿਣਸ਼ੀਲ ਬੁਨਿਆਦੀ ਢਾਂਚਾ ਗਠਜੋੜ ਦੇ ਮਾਧਿਅਮ ਰਾਹੀਂ ਸਹਿਯੋਗ ਨੂੰ ਡੂੰਘਾ ਕਰਨ ’ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਗਲੋਬਲ ਜੈਵ-ਈਂਧਣ ਗਠਜੋੜ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ।

ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਨਿਊਜ਼ੀਲੈਂਡ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਵਿਚਕਾਰ ਸਹਿਯੋਗ ਸਮਝੌਤੇ (ਐੱਮਓਸੀ) ’ਤੇ ਹਸਤਾਖ਼ਰ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਫ਼ਤ ਜੋਖਮ ਨੂੰ ਘਟਾਉਣ, ਤਿਆਰੀ, ਪ੍ਰਤੀਕਿਰਿਆ, ਮੁੜ-ਬਹਾਲੀ ਅਤੇ ਸਹਿਣਸ਼ੀਲਤਾ ਨਿਰਮਾਣ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਦੋਹਰਾਇਆ, ਤਾਂ ਜੋ ਦੋਵਾਂ ਦੇਸ਼ਾਂ ਵਿੱਚ ਭਾਈਚਾਰਿਆਂ, ਬੁਨਿਆਦੀ ਢਾਂਚੇ ਅਤੇ ਸੰਸਥਾਵਾਂ ਦੀ ਸਹਿਣਸ਼ੀਲਤਾ ਵਿੱਚ ਵਾਧਾ ਹੋ ਸਕੇ।

ਪ੍ਰਧਾਨ ਮੰਤਰੀਆਂ ਨੇ ਖੋਜ, ਨਵੀਨਤਾ ਅਤੇ ਵਿਹਾਰਕ ਹੱਲਾਂ ਨੂੰ ਅੱਗੇ ਵਧਾਉਣ ਦੀ ਉਮੀਦ ਪ੍ਰਗਟਾਈ, ਤਾਂ ਜੋ ਵਧੇਰੇ ਟਿਕਾਊ, ਉਤਪਾਦਕ ਅਤੇ ਜਲਵਾਯੂ-ਸਹਿਣਸ਼ੀਲ ਖੇਤੀਬਾੜੀ ਅਤੇ ਖਾਧ ਪ੍ਰਣਾਲੀਆਂ ਦਾ ਸਮਰਥਨ ਕੀਤਾ ਜਾ ਸਕੇ।

ਖੇਤਰੀ ਅਤੇ ਬਹੁ-ਪੱਖੀ ਸਹਿਯੋਗ

ਪ੍ਰਧਾਨ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ’ਤੇ ਆਪਣੇ-ਆਪਣੇ ਦ੍ਰਿਸ਼ਟੀਕੋਣ ਨਾਲ ਜੁੜੇ ਵਿਚਾਰ ਸਾਂਝੇ ਕੀਤੇ ਅਤੇ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈ, ਜਿੱਥੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਦਾ ਪਾਲਣ ਹੁੰਦਾ ਹੈ।

ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ, ਖ਼ਾਸ ਤੌਰ ’ਤੇ 1982 ਦੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ ਦੇ ਅਨੁਸਾਰ, ਸਮੁੰਦਰ ਵਿੱਚ ਜਹਾਜ਼ਰਾਨੀ ਅਤੇ ਉਡਾਣ ਦੀ ਸੁਤੰਤਰਤਾ, ਅਤੇ ਸਮੁੰਦਰ ਦੇ ਹੋਰ ਜਾਇਜ਼ ਉਪਯੋਗਾਂ ਦੀ ਪੁਸ਼ਟੀ ਕੀਤੀ। ਦੋਵਾਂ ਧਿਰਾਂ ਨੇ ਅੰਤਰਰਾਸ਼ਟਰੀ ਕਾਨੂੰਨ, ਖਾਸ ਕਰਕੇ ਯੂਐੱਨਸੀਐੱਲਓਐੱਸ, ਦੇ ਅਨੁਸਾਰ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਨੂੰ ਦੋਹਰਾਇਆ। ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਅਤੇ ਖ਼ੁਸ਼ਹਾਲੀ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।

ਆਗੂਆਂ ਨੇ ਆਸੀਆਨ ਦੀ ਅਗਵਾਈ ਵਾਲੇ ਅਤੇ ਹੋਰ ਖੇਤਰੀ ਮੰਚਾਂ ਵਿੱਚ ਸਹਿਯੋਗ ਦੇ ਮਹੱਤਵ ਦਾ ਜ਼ਿਕਰ ਕੀਤਾ, ਜਿਸ ਵਿੱਚ ਪੂਰਬੀ ਏਸ਼ੀਆ ਸਿਖਰ ਸੰਮੇਲਨ, ਆਸੀਆਨ ਖੇਤਰੀ ਫੋਰਮ ਅਤੇ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ ਸ਼ਾਮਲ ਹਨ। ਉਨ੍ਹਾਂ ਨੇ ਆਸੀਆਨ ਦੀ ਕੇਂਦਰੀ ਸਥਿਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਤੇ ਆਸੀਆਨ ਦੇ ਦ੍ਰਿਸ਼ਟੀਕੋਣ ਦੇ ਮਹੱਤਵ ਦੀ ਮੁੜ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਾਸ਼ਟਰ ’ਤੇ ਕੇਂਦ੍ਰਿਤ ਇੱਕ ਪ੍ਰਭਾਵਸ਼ਾਲੀ ਬਹੁ-ਪੱਖੀ ਪ੍ਰਣਾਲੀ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਦਲੇਰਾਨਾ ਅਤੇ ਪ੍ਰਭਾਵਸ਼ਾਲੀ ਸੁਧਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਸੁਰੱਖਿਆ ਪਰਿਸ਼ਦ ਦੀਆਂ ਸਥਾਈ ਅਤੇ ਅਸਥਾਈ ਦੋਵਾਂ ਸ਼੍ਰੇਣੀਆਂ ਵਿੱਚ ਵਿਸਥਾਰ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ ਤਾਂ ਜੋ ਸਮਕਾਲੀ ਭੂ-ਰਾਜਨੀਤਕ ਹਕੀਕਤਾਂ ਨੂੰ ਬਿਹਤਰ ਢੰਗ ਨਾਲ ਦਰਸਾਇਆ ਜਾ ਸਕੇ। ਇਸ ਸੰਦਰਭ ਵਿੱਚ, ਨਿਊਜ਼ੀਲੈਂਡ ਨੇ ਇੱਕ ਪੁਨਰਗਠਿਤ ਅਤੇ ਵਿਸਥਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣੇ ਸਮਰਥਨ ਦੀ ਮੁੜ ਪੁਸ਼ਟੀ ਕੀਤੀ।

ਦੋਵਾਂ ਧਿਰਾਂ ਨੇ ਗਲੋਬਲ ਸ਼ਾਂਤੀ ਅਤੇ ਸੁਰੱਖਿਆ, ਵਿਆਪਕ, ਗ਼ੈਰ-ਪੱਖਪਾਤੀ ਅਤੇ ਪ੍ਰਮਾਣਿਤ ਪਰਮਾਣੂ ਨਿਸ਼ਸਤਰੀਕਰਨ, ਅਤੇ ਗਲੋਬਲ ਅਪ੍ਰਸਾਰ ਢਾਂਚੇ ਨੂੰ ਬਣਾਏ ਰੱਖਣ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀਆਂ ਨੇ ਖਾਸ ਕਰਕੇ ਭਾਰਤ ਦੇ ਸਵੱਛ ਊਰਜਾ ਟੀਚਿਆਂ ਅਤੇ ਇਸ ਦੇ ਅਪ੍ਰਸਾਰ ਪ੍ਰਮਾਣਾਂ ਦੇ ਸੰਦਰਭ ਵਿੱਚ, ਭਾਰਤ ਦੇ ਪਰਮਾਣੂ ਸਪਲਾਇਰ ਸਮੂਹ ਵਿੱਚ ਸ਼ਾਮਲ ਹੋਣ ਦੇ ਮਹੱਤਵ ਨੂੰ ਫਿਰ ਤੋਂ ਸਵੀਕਾਰ ਕੀਤਾ।

ਪ੍ਰਧਾਨ ਮੰਤਰੀਆਂ ਨੇ ਮੱਧ ਪੂਰਬ ਵਿੱਚ ਤਣਾਅ ਦੇ ਨਵੇਂ ਸਿਰੇ ਤੋਂ ਵਧਣ ’ਤੇ ਚਿੰਤਾ ਪ੍ਰਗਟਾਈ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਘਟਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹੋਰਮੁਜ਼ ਜਲਡਮਰੂਮੱਧ ਰਾਹੀਂ ਜਹਾਜ਼ਰਾਨੀ ਦੀ ਸੁਤੰਤਰਤਾ ਅਤੇ ਗਲੋਬਲ ਵਪਾਰ ਦੇ ਪ੍ਰਵਾਹ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦਾ ਸੱਦਾ ਦਿੱਤਾ ਅਤੇ ਜਹਾਜ਼ਰਾਨੀ ’ਤੇ ਕਿਸੇ ਵੀ ਤਰ੍ਹਾਂ ਦੀ ਰੋਕ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸੰਘਰਸ਼ ਦਾ ਸ਼ਾਂਤੀਪੂਰਨ ਅਤੇ ਸਥਾਈ ਹੱਲ ਲੱਭਣ ਲਈ ਗੱਲਬਾਤ ਅਤੇ ਕੂਟਨੀਤੀ ਦੇ ਮਹੱਤਵ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕਰਨ ’ਤੇ ਫਿਰ ਤੋਂ ਜ਼ੋਰ ਦਿੱਤਾ।

ਪ੍ਰਧਾਨ ਮੰਤਰੀਆਂ ਨੇ ਸਥਿਰ, ਪਾਰਦਰਸ਼ੀ ਅਤੇ ਲਚਕਦਾਰ ਸਪਲਾਈ ਚੇਨ ਦੇ ਮਹੱਤਵ ’ਤੇ ਚਰਚਾ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਊਰਜਾ ਸਪਲਾਈ ਚੇਨ ਵਿੱਚ ਭਾਰਤ ਦੀ ਭੂਮਿਕਾ ਅਤੇ ਗਲੋਬਲ ਊਰਜਾ ਨੈੱਟਵਰਕ ਵਿੱਚ ਮਜ਼ਬੂਤੀ ਲਿਆਉਣ ਵਿੱਚ ਇਸ ਦੇ ਯੋਗਦਾਨ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਪੈਦਾ ਹੋਣ ਵਾਲੀਆਂ ਰੁਕਾਵਟਾਂ ਦੇ ਪ੍ਰਭਾਵਾਂ ਬਾਰੇ ਡੂੰਘੀ ਚਿੰਤਾ ਪ੍ਰਗਟਾਈ, ਇਹ ਦੱਸਦੇ ਹੋਏ ਕਿ ਇਸ ਖੇਤਰ ਲਈ ਗਲੋਬਲ ਸਪਲਾਈ ਮਾਰਗਾਂ ਦੀ ਸਥਿਰਤਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖ਼ਾਸ ਤੌਰ ’ਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਲਈ ਗੰਭੀਰ ਹੈ, ਜਿੱਥੇ ਅਰਥਚਾਰੇ ਬਹੁਤ ਜ਼ਿਆਦਾ ਪ੍ਰਭਾਵਿਤ ਹਨ ਅਤੇ ਤੇਲ ਦੀਆਂ ਉੱਚੀਆਂ ਕੀਮਤਾਂ ਬਿਜਲੀ ਉਤਪਾਦਨ, ਜਹਾਜ਼ਰਾਨੀ, ਆਵਾਜਾਈ, ਖੇਤੀਬਾੜੀ ਅਤੇ ਮੱਛੀ ਪਾਲਣ ਦੀ ਲਾਗਤ ਵਧਾ ਰਹੀਆਂ ਹਨ, ਜਿਸ ਨਾਲ ਸਮਾਜਿਕ ਭਲਾਈ ਅਤੇ ਵਿੱਤੀ ਸਥਿਰਤਾ ’ਤੇ ਕਾਫ਼ੀ ਦਬਾਅ ਪੈ ਰਿਹਾ ਹੈ।

ਯੂਕ੍ਰੇਨ ਦੇ ਮੁੱਦੇ ’ਤੇ, ਨੇਤਾਵਾਂ ਨੇ ਜਾਰੀ ਲੜਾਈ ’ਤੇ ਚਿੰਤਾ ਪ੍ਰਗਟਾਈ, ਜਿਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਹੋ ਰਹੀ ਹੈ ਅਤੇ ਦੁਨੀਆ ਭਰ ਵਿੱਚ ਇਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਉਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਅਧਾਰ ’ਤੇ ਗੱਲਬਾਤ ਅਤੇ ਕੂਟਨੀਤੀ ਦੇ ਮਾਧਿਅਮ ਰਾਹੀਂ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੇ ਯਤਨਾਂ ਦਾ ਸਮਰਥਨ ਕਰਨਾ ਜਾਰੀ ਰੱਖਣਗੇ।

ਦੋਵਾਂ ਆਗੂਆਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਕੜੀ ਨਿੰਦਾ ਕੀਤੀ, ਜਿਸ ਵਿੱਚ ਸਰਹੱਦ-ਪਾਰ ਅੱਤਵਾਦ ਵੀ ਸ਼ਾਮਲ ਹੈ। ਦੋਵਾਂ ਨੇਤਾਵਾਂ ਨੇ 22 ਅਪ੍ਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ 10 ਨਵੰਬਰ, 2025 ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਹੋਈ ਅੱਤਵਾਦੀ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਜ਼ੋਰ ਦਿੱਤਾ ਕਿ ਹਮਲਿਆਂ ਵਿੱਚ ਸ਼ਾਮਲ ਲੋਕਾਂ ਨੂੰ ਜ਼ੁੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੱਤਵਾਦ ਪ੍ਰਤੀ ਜ਼ੀਰੋ ਟੌਲਰੈਂਸ ਅਤੇ ਸਮਾਨ ਪਹੁੰਚ ਅਪਣਾਉਣ ਦੀ ਗੱਲ ਕੀਤੀ, ਨਾਲ ਹੀ ਅੱਤਵਾਦ ਦੇ ਵਿੱਤੀ ਪੋਸ਼ਣ ਨੈੱਟਵਰਕ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ, ਔਨਲਾਈਨ ਸਮੇਤ ਅੱਤਵਾਦੀ ਢਾਂਚੇ ਨੂੰ ਢਹਿ-ਢੇਰੀ ਕਰਨ ਅਤੇ ਅੱਤਵਾਦੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਸਾਹਮਣੇ ਲਿਆਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਦੋਵਾਂ ਨੇਤਾਵਾਂ ਨੇ ਅੱਤਵਾਦ ਅਤੇ ਹਿੰਸਕ ਕੱਟੜਵਾਦ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਨੇਤਾਵਾਂ ਨੇ ਅੱਤਵਾਦ-ਵਿਰੋਧੀ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਸਥਾਪਿਤ ਕਰਨ ਬਾਰੇ ਐੱਮਓਏ ’ਤੇ ਹੋਏ ਹਸਤਾਖਰਾਂ ਦਾ ਸਵਾਗਤ ਕੀਤਾ, ਜੋ ਜਾਣਕਾਰੀ ਅਤੇ ਗਿਆਨ ਸਾਂਝਾ ਕਰਨ ਦਾ ਫ੍ਰੇਮਵਰਕ ਪ੍ਰਦਾਨ ਕਰੇਗਾ।


ਦੋਵਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਅਤੇ ਵਿੱਤੀ ਕਾਰਵਾਈ ਕਾਰਜਬਲ (ਐੱਫਏਟੀਐੱਫ) ਸਮੇਤ ਬਹੁ-ਪੱਖੀ ਮੰਚਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਫਿਰ ਤੋਂ ਦੋਹਰਾਇਆ। ਦੋਵਾਂ ਨੇਤਾਵਾਂ ਨੇ ਸਾਰੇ ਦੇਸ਼ਾਂ ਲਈ ਇਹ ਜ਼ਰੂਰੀ ਦੱਸਿਆ ਕਿ ਉਹ ਉਨ੍ਹਾਂ ਅੱਤਵਾਦੀ ਸੰਗਠਨਾਂ ਅਤੇ ਵਿਅਕਤੀਆਂ ਦੇ ਖਿਲਾਫ਼ ਤੁਰੰਤ, ਲਗਾਤਾਰ, ਸਮੂਹਿਕ ਅਤੇ ਠੋਸ ਕਾਰਵਾਈ ਕਰਨ, ਜੋ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਹਨ, ਜਿਨ੍ਹਾਂ ਵਿੱਚ ਯੂਐੱਨਐੱਸਸੀ 1267 ਪਾਬੰਦੀ ਕਮੇਟੀ ਵਿੱਚ ਸੂਚੀਬੱਧ ਅਤੇ ਉਨ੍ਹਾਂ ਦੇ ਸਹਿਯੋਗੀ, ਪ੍ਰੌਕਸੀ, ਪ੍ਰਾਯੋਜਕ, ਵਿੱਤਪੋਸ਼ਕ ਅਤੇ ਸਮਰਥਕ ਸ਼ਾਮਲ ਹਨ।


 

ਸਿੱਟਾ

ਦੋਵਾਂ ਪ੍ਰਧਾਨ ਮੰਤਰੀਆਂ ਨੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਨਜ਼ਦੀਕੀ ਸੰਪਰਕ ਬਣਾਈ ਰੱਖਣ ਅਤੇ 2030 ਦੇ ਰੋਡਮੈਪ ਵਿੱਚ ਤੈਅ ਕੀਤੀਆਂ ਪਹਿਲਕਦਮੀਆਂ ਨੂੰ ਸਮੇਂ ਸਿਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਤਰੱਕੀ ਦੀ ਨਿਯਮਿਤ ਸਮੀਖਿਆ ਕਰਨ ’ਤੇ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਲਕਸਨ, ਨਿਊਜ਼ੀਲੈਂਡ ਸਰਕਾਰ ਅਤੇ ਉੱਥੋਂ ਦੀ ਜਨਤਾ ਦਾ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਵਫ਼ਦ ਲਈ ਕੀਤੇ ਗਏ ਨਿੱਘੇ ਸਵਾਗਤ ਦਾ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਉੱਚ-ਪੱਧਰੀ ਅਦਾਨ-ਪ੍ਰਦਾਨ ਦੀ ਗਤੀ ਨੂੰ ਬਣਾਈ ਰੱਖਣ ਅਤੇ ਭਾਰਤ-ਨਿਊਜ਼ੀਲੈਂਡ ਰਣਨੀਤਕ ਭਾਈਵਾਲੀ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ’ਤੇ ਸਹਿਮਤੀ ਪ੍ਰਗਟਾਈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UPI completes 10 years, clocks nearly 13,000-fold rise in transaction volume

Media Coverage

UPI completes 10 years, clocks nearly 13,000-fold rise in transaction volume
NM on the go

Nm on the go

Always be the first to hear from the PM. Get the App Now!
...
Prime Minister invites citizens to share their UPI experiences as UPI completes a decade
August 25, 2026

The Prime Minister, Shri Narendra Modi recalled the transformative journey of the Unified Payments Interface (UPI), which was rolled out a decade ago and marked a major turning point in India’s digital payments journey.

Highlighting the scale and reach achieved by UPI over the past ten years, Shri Modi said that its remarkable journey is something every Indian can be proud of. The Prime Minister invited citizens to share their experiences of using UPI and how it has impacted their daily lives.

The Prime Minister posted on X:

A decade ago, UPI was rolled out, marking a major turning point in India’s digital payments journey.

The sheer scale and reach of UPI are something every Indian must be proud of.

Tell me about your UPI experience and how it impacted your life...

#10YearsOfUPI