ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ 10,91,146 ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੇ ਉਤਪਾਦਕਤਾ ਲਿੰਕਡ ਬੋਨਸ (PLB) ਦੇ ਰੂਪ ਵਿੱਚ 1865.68 ਕਰੋੜ ਰੁਪਏ ਦੇ ਭੁਗਤਾਨ ਨੂੰ ਪ੍ਰਵਾਨਗੀ ਦਿੱਤੀ ਹੈ। ਰੇਲਵੇ ਕਰਮਚਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ, ਇਹ ਮਨਜ਼ੂਰੀ ਦਿੱਤੀ ਗਈ ਹੈ।
ਹਰ ਵਰ੍ਹੇ ਦੁਰਗਾ ਪੂਜਾ /ਦੁਸਹਿਰੇ ਦੀਆਂ ਛੁੱਟੀਆਂ ਤੋਂ ਪਹਿਲਾਂ ਯੋਗ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦੀ ਅਦਾਇਗੀ ਹਰ ਕੀਤੀ ਜਾਂਦੀ ਹੈ। ਇਸ ਸਾਲ ਵੀ, ਲਗਭਗ 10.91 ਲੱਖ ਗੈਰ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖਾਹ ਦੇ ਬਰਾਬਰ ਪੀਐੱਲਬੀ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਰੇਲਵੇ ਕਰਮਚਾਰੀਆਂ ਨੂੰ ਰੇਲਵੇ ਦੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਪ੍ਰੋਤਸਾਹਨ ਵਜੋਂ ਪੀਐੱਲਬੀ ਭੁਗਤਾਨ ਕੀਤਾ ਜਾਂਦਾ ਹੈ।
ਹਰੇਕ ਯੋਗ ਰੇਲਵੇ ਕਰਮਚਾਰੀ ਲਈ 78 ਦਿਨਾਂ ਦੀ ਤਨਖਾਹ ਦੇ ਬਰਾਬਰ PLB ਦੀ ਵੱਧ ਤੋਂ ਵੱਧ ਅਦਾਇਗੀਯੋਗ ਰਕਮ 17,951/- ਰੁਪਏ ਹੈ। ਇਹ ਰਾਸ਼ੀ ਰੇਲਵੇ ਸਟਾਫ ਦੀਆਂ ਵੱਖ-ਵੱਖ ਸ਼੍ਰੇਣੀਆਂ, ਜਿਵੇਂ ਕਿ ਟ੍ਰੈਕ ਮੈਂਟੇਨਰ, ਲੋਕੋ ਪਾਇਲਟ, ਟ੍ਰੇਨ ਮੈਨੇਜਰ (ਗਾਰਡ), ਸਟੇਸ਼ਨ ਮਾਸਟਰ, ਸੁਪਰਵਾਈਜ਼ਰ, ਟੈਕਨੀਸ਼ੀਅਨ, ਟੈਕਨੀਸ਼ੀਅਨ ਹੈਲਪਰ, ਪੁਆਇੰਟਸਮੈਨ, ਮਨਿਸਟੀਰੀਅਲ ਸਟਾਫ ਅਤੇ ਹੋਰ ਗਰੁੱਪ 'ਸੀ' ਸਟਾਫ ਨੂੰ ਦਿੱਤੀ ਜਾਵੇਗੀ।
ਸਾਲ 2024-25 ਵਿੱਚ ਰੇਲਵੇ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ। ਰੇਲਵੇ ਨੇ 1614.90 ਮਿਲੀਅਨ ਟਨ ਦਾ ਰਿਕਾਰਡ ਮਾਲ ਢੋਇਆ ਅਤੇ ਲਗਭਗ 7.3 ਬਿਲੀਅਨ ਯਾਤਰੀਆਂ ਨੂੰ ਯਾਤਰਾ ਕਰਵਾਈ।


