25 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਮੈਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਮੈਂ ਅਥਾਹ ਉਦਾਸੀ ਨਾਲ ਭਰ ਗਿਆ। ਉਨ੍ਹਾਂ ਦੇ ਦੇਹਾਂਤ ਨਾਲ, ਮੈਂ ਇੱਕ ਪਿਤਾ ਸਮਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਮੇਰਾ ਮਾਰਗਦਰਸ਼ਨ ਕੀਤਾ। ਇੱਕ ਤੋਂ ਵੱਧ ਢੰਗਾਂ ਨਾਲ, ਉਨ੍ਹਾਂ ਭਾਰਤ ਅਤੇ ਪੰਜਾਬ ਦੀ ਰਾਜਨੀਤੀ ਨੂੰ ਆਕਾਰ ਦਿੱਤਾ, ਜਿਸ ਨੂੰ ਬੇਮਿਸਾਲ ਆਖਿਆ ਜਾ ਸਕਦਾ ਹੈ।

ਬਾਦਲ ਸਾਹਿਬ ਇੱਕ ਵੱਡੇ ਨੇਤਾ ਸਨ, ਇਸ ਗੱਲ ਨੂੰ ਆਮ ਤੌਰ 'ਤੇ ਮੰਨਿਆ ਜਾਂਦਾ ਹੈ। ਪਰ, ਸਭ ਤੋਂ ਵੱਡੀ ਗੱਲ, ਉਹ ਇੱਕ ਵੱਡੇ ਦਿਲ ਵਾਲੇ ਇਨਸਾਨ ਸਨ। ਵੱਡਾ ਨੇਤਾ ਬਣਨਾ ਸੌਖਾ ਹੈ ਪਰ ਵੱਡੇ ਦਿਲ ਵਾਲੇ ਹੋਣ ਲਈ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਪੰਜਾਬ ਭਰ ਦੇ ਲੋਕ ਕਹਿੰਦੇ ਹਨ - ਬਾਦਲ ਸਾਹਿਬ ਦੀ ਗੱਲ ਤਾਂ ਵੱਖਰੀ ਸੀ! ('ਬਾਦਲ ਸਾਹਿਬ ਕੀ ਬਾਤ ਅਲਗ ਥੀ')

ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਸਾਹਿਬ ਸਾਡੇ ਸਮਿਆਂ ਦੇ ਸਭ ਤੋਂ ਕੱਦਾਵਰ ਕਿਸਾਨ ਨੇਤਾਵਾਂ ਵਿੱਚ ਸ਼ੁਮਾਰ ਹਨ। ਖੇਤੀਬਾੜੀ ਉਨ੍ਹਾਂ ਦਾ ਅਸਲ ਸ਼ੌਕ ਸੀ। ਜਦੋਂ ਵੀ ਉਹ ਕਿਸੇ ਵੀ ਮੌਕੇ 'ਤੇ ਬੋਲਦੇ ਸਨ ਤਾਂ ਉਨ੍ਹਾਂ ਦੇ ਭਾਸ਼ਣ ਤੱਥਾਂ, ਤਾਜ਼ਾ ਜਾਣਕਾਰੀ ਅਤੇ ਬਹੁਤ ਸਾਰੀ ਨਿੱਜੀ ਸੂਝ-ਬੂਝ ਨਾਲ ਭਰਪੂਰ ਹੁੰਦੇ ਸਨ।

1990 ਦੇ ਦਹਾਕੇ ਵਿੱਚ ਜਦੋਂ ਮੈਂ ਉੱਤਰੀ ਭਾਰਤ ਵਿੱਚ ਪਾਰਟੀ ਦੇ ਕੰਮ ਵਿੱਚ ਜੁਟਿਆ ਸੀ ਤਾਂ ਮੇਰੀ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਹੋਈ। ਬਾਦਲ ਸਾਹਿਬ ਦੀ ਸਾਖ ਉਨ੍ਹਾਂ ਤੋਂ ਪਹਿਲਾਂ ਸੀ - ਉਹ ਇੱਕ ਸਿਆਸੀ ਦਿੱਗਜ ਸਨ, ਜੋ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ, ਇੱਕ ਕੇਂਦਰੀ ਕੈਬਨਿਟ ਮੰਤਰੀ ਅਤੇ ਦੁਨੀਆ ਭਰ ਦੇ ਕਰੋੜਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਵਿਅਕਤੀ ਸਨ। ਦੂਜੇ ਪਾਸੇ, ਮੈਂ ਇੱਕ ਆਮ ਕਾਰਜਕਰਤਾ ਸੀ। ਫਿਰ ਵੀ, ਆਪਣੇ ਸੁਭਾਅ ਅਨੁਸਾਰ, ਉਨ੍ਹਾਂ ਕਦੇ ਵੀ ਇਸ ਨੂੰ ਸਾਡੇ ਦਰਮਿਆਨ ਪਾੜਾ ਨਹੀਂ ਬਣਨ ਦਿੱਤਾ। ਉਹ ਨਿੱਘ ਅਤੇ ਦਿਆਲਤਾ ਨਾਲ ਭਰਪੂਰ ਸਨ। ਇਹ ਉਹ ਗੁਣ ਸਨ, ਜੋ ਆਖਰੀ ਸਾਹ ਤੱਕ ਉਨ੍ਹਾਂ ਦੇ ਨਾਲ ਰਹੇ। ਹਰ ਕੋਈ ਜਿਸ ਨੇ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਕੀਤੀ ਸੀ, ਉਨ੍ਹਾਂ ਦੀ ਸਿਆਣਪ ਅਤੇ ਮਜ਼ਾਕੀਆ ਸੁਭਾਅ ਨੂੰ ਯਾਦ ਕਰੇਗਾ।

1990 ਦੇ ਦਹਾਕੇ ਦੇ ਅੱਧ ਅਤੇ ਅੰਤ ਵਿੱਚ ਪੰਜਾਬ ਵਿੱਚ ਸਿਆਸੀ ਮਾਹੌਲ ਬਹੁਤ ਵੱਖਰਾ ਸੀ। 1997 ਵਿੱਚ ਸੂਬੇ ਵਿੱਚ ਬਹੁਤ ਗੜਬੜ ਹੋਈ ਅਤੇ ਚੋਣਾਂ ਹੋਣੀਆਂ ਸਨ। ਸਾਡੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੋਕਾਂ ਵਿੱਚ ਗਈਆਂ ਅਤੇ ਬਾਦਲ ਸਾਹਿਬ ਸਾਡੇ ਨੇਤਾ ਸਨ। ਉਨ੍ਹਾਂ ਭਰੋਸੇਯੋਗਤਾ ਇੱਕ ਮੁੱਖ ਕਾਰਨ ਸੀ ਕਿ ਲੋਕਾਂ ਨੇ ਸਾਨੂੰ ਸ਼ਾਨਦਾਰ ਜਿੱਤ ਨਾਲ ਨਿਵਾਜਿਆ । ਇੰਨਾ ਹੀ ਨਹੀਂ, ਸਾਡੇ ਗਠਜੋੜ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਅਤੇ ਸ਼ਹਿਰ ਦੀ ਲੋਕ ਸਭਾ ਸੀਟ ਵੀ ਸਫ਼ਲਤਾਪੂਰਵਕ ਜਿੱਤੀ। ਉਨ੍ਹਾਂ ਦੀ ਸ਼ਖ਼ਸੀਅਤ ਅਜਿਹੀ ਸੀ ਕਿ ਸਾਡਾ ਗਠਜੋੜ 1997 ਤੋਂ 2017 ਤੱਕ 15 ਸਾਲ ਸੂਬੇ ਦੀ ਸੇਵਾ ਕਰਦਾ ਰਿਹਾ!

ਇੱਕ ਕਿੱਸਾ ਹੈ, ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਇਕੱਠੇ ਅੰਮ੍ਰਿਤਸਰ ਜਾਵਾਂਗੇ, ਜਿੱਥੇ ਅਸੀਂ ਰਾਤ ਰੁਕਾਂਗੇ ਅਤੇ ਅਗਲੇ ਦਿਨ ਅਰਦਾਸ ਕਰਾਂਗੇ ਅਤੇ ਲੰਗਰ ਛਕਾਂਗੇ। ਮੈਂ ਇੱਕ ਗੈਸਟ ਹਾਊਸ ਵਿੱਚ ਆਪਣੇ ਕਮਰੇ ਵਿੱਚ ਸੀ, ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਮੇਰੇ ਕਮਰੇ ਵਿੱਚ ਆਏ ਅਤੇ ਮੇਰਾ ਸਾਮਾਨ ਚੁੱਕਣ ਲਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ, ਤਦ ਉਨ੍ਹਾਂ ਮੈਨੂੰ ਕਿਹਾ ਕਿ ਮੈਨੂੰ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਕਮਰੇ ਵਿੱਚ ਆਉਣਾ ਪਵੇਗਾ ਅਤੇ ਉੱਥੇ ਹੀ ਰਹਿਣਾ ਪਵੇਗਾ। ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ, ਪਰ ਉਨ੍ਹਾਂ ਨੇ ਜ਼ੋਰ ਪਾਇਆ। ਆਖ਼ਰਕਾਰ ਅਜਿਹਾ ਹੀ ਹੋਇਆ ਅਤੇ ਬਾਦਲ ਸਾਹਿਬ ਦੂਜੇ ਕਮਰੇ ਵਿੱਚ ਠਹਿਰੇ। ਮੇਰੇ ਵਰਗੇ ਇੱਕ ਬਹੁਤ ਹੀ ਸਾਧਾਰਣ ਕਾਰਯਕਰਤਾ ਪ੍ਰਤੀ ਉਨ੍ਹਾਂ ਇਸ ਰਵੱਈਏ ਦੀ ਮੈਂ ਹਮੇਸ਼ਾ ਕਦਰ ਕਰਾਂਗਾ।

ਬਾਦਲ ਸਾਹਬ ਦੀਆਂ ਗਊਸ਼ਾਲਾਵਾਂ ਵਿੱਚ ਵਿਸ਼ੇਸ਼ ਰੁਚੀ ਸੀ ਅਤੇ ਉਨ੍ਹਾਂ ਨੇ ਵਿਭਿੰਨ ਕਿਸਮਾਂ ਦੀਆਂ ਗਊਆਂ ਰੱਖੀਆਂ। ਸਾਡੀ ਇੱਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਗਿਰ ਦੀਆਂ ਗਊਆਂ ਪਾਲਣ ਦੀ ਇੱਛਾ ਸੀ। ਮੈਂ ਉਨ੍ਹਾਂ ਲਈ 5 ਗਊਆਂ ਦਾ ਪ੍ਰਬੰਧ ਕੀਤਾ ਅਤੇ ਉਸ ਤੋਂ ਬਾਅਦ, ਜਦੋਂ ਅਸੀਂ ਮਿਲਦੇ, ਤਾਂ ਉਹ ਮੇਰੇ ਨਾਲ ਗਊਆਂ ਬਾਰੇ ਗੱਲ ਕਰਦੇ ਅਤੇ ਮਜ਼ਾਕ ਵੀ ਕਰਦੇ ਕਿ ਇਹ ਗਊਆਂ ਹਰ ਤਰ੍ਹਾਂ ਨਾਲ ਗੁਜਰਾਤੀ ਹਨ- ਜਦੋਂ ਕਦੇ ਬੱਚੇ ਆਸ-ਪਾਸ ਖੇਡ ਰਹੇ ਹੁੰਦੇ ਹਨ ਉਹ ਕਦੇ ਵੀ ਗੁੱਸੇ, ਉਤੇਜਿਤ ਨਹੀਂ ਹੁੰਦੀਆਂ ਜਾਂ ਕਿਸੇ 'ਤੇ ਹਮਲਾ ਨਹੀਂ ਕਰਦੀਆਂ। ਉਹ ਇਹ ਵੀ ਟਿੱਪਣੀ ਕਰਦੇ ਸਨ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੁਜਰਾਤੀ ਇੰਨੇ ਕੋਮਲ ਹਨ ... ਆਖਰਕਾਰ ਉਹ ਗਿਰ ਦੀਆਂ ਗਊਆਂ ਦਾ ਦੁੱਧ ਪੀਂਦੇ ਹਨ।

2001 ਤੋਂ ਬਾਅਦ, ਮੈਂ ਬਾਦਲ ਸਾਹਬ ਨਾਲ ਇੱਕ ਵੱਖਰੀ ਹੈਸੀਅਤ ਵਿੱਚ ਗੱਲਬਾਤ ਕਰਨ ਲਈ ਮਿਲਿਆ - ਅਸੀਂ ਹੁਣ ਆਪਣੇ-ਆਪਣੇ ਰਾਜਾਂ ਦੇ ਮੁੱਖ ਮੰਤਰੀ ਸਾਂ।

ਮੈਨੂੰ ਅਨੇਕ ਮੁੱਦਿਆਂ, ਖਾਸ ਤੌਰ 'ਤੇ ਪਾਣੀ ਦੀ ਸੰਭਾਲ਼, ਪਸ਼ੂ ਪਾਲਣ ਅਤੇ ਡੇਅਰੀ ਸਮੇਤ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ 'ਤੇ ਬਾਦਲ ਸਾਹਬ ਦਾ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਉਹ ਅਜਿਹੇ ਵਿਅਕਤੀ ਵੀ ਸਨ ਜੋ ਭਾਰਤੀ ਡਾਇਸਪੋਰਾ ਦੀ ਸਮਰੱਥਾ ਨੂੰ ਵਰਤਣ ਵਿੱਚ ਵਿਸ਼ਵਾਸ ਰੱਖਦੇ ਸੀ, ਇਹ ਸਮਝਦੇ ਹੋਏ ਕਿ ਵਿਦੇਸ਼ਾਂ ਵਿੱਚ ਬਹੁਤ ਸਾਰੇ ਮਿਹਨਤੀ ਪੰਜਾਬੀ ਵਸੇ ਹੋਏ ਹਨ।

ਇੱਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਸਮਝਣਾ ਚਾਹੁੰਦੇ ਹਨ ਕਿ ਅਲੰਗ ਸ਼ਿਪਯਾਰਡ ਕੀ ਹੈ। ਫਿਰ ਉਹ ਉੱਥੇ ਆਏ ਅਤੇ ਸਾਰਾ ਦਿਨ ਅਲੰਗ ਸ਼ਿਪਯਾਰਡ ਵਿੱਚ ਬਿਤਾਇਆ ਅਤੇ ਸਮਝਿਆ ਕਿ ਰੀਸਾਈਕਲਿੰਗ ਕਿਵੇਂ ਕੀਤੀ ਜਾਂਦੀ ਹੈ। ਪੰਜਾਬ ਕੋਈ ਤਟਵਰਤੀ ਸੂਬਾ ਨਹੀਂ ਹੈ, ਇਸ ਲਈ ਇੱਕ ਤਰ੍ਹਾਂ ਨਾਲ ਸ਼ਿਪਯਾਰਡ ਦੀ ਉਨ੍ਹਾਂ ਲਈ ਕੋਈ ਪ੍ਰਤੱਖ ਪ੍ਰਾਸੰਗਿਕਤਾ ਨਹੀਂ ਸੀ ਪਰ ਇਹ ਉਨ੍ਹਾਂ ਦੀ ਨਵੀਂਆਂ ਚੀਜ਼ਾਂ ਸਿੱਖਣ ਦੀ ਇੱਛਾ ਸੀ ਕਿ ਉਨ੍ਹਾਂ ਨੇ ਉੱਥੇ ਦਿਨ ਬਿਤਾਇਆ ਅਤੇ ਸੈਕਟਰ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਿਆ।

2001 ਦੇ ਭੁਚਾਲ ਦੌਰਾਨ ਨੁਕਸਾਨੇ ਗਏ ਕੱਛ ਦੇ ਪਵਿੱਤਰ ਲਖਪਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਮੁਰੰਮਤ ਕਰਨ ਅਤੇ ਉਸ ਨੂੰ ਬਹਾਲ ਕਰਨ ਦੇ ਪ੍ਰਯਤਨਾਂ ਲਈ ਮੈਂ ਗੁਜਰਾਤ ਸਰਕਾਰ ਦੀ ਸ਼ਲਾਘਾ ਦੇ ਉਨ੍ਹਾਂ ਦੇ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖਾਂਗਾ।

2014 ਵਿੱਚ ਕੇਂਦਰ ਵਿੱਚ ਐੱਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਇੱਕ ਵਾਰ ਫਿਰ ਆਪਣੇ ਸਮ੍ਰਿੱਧ ਸਰਕਾਰੀ ਤਜ਼ਰਬੇ ਦੇ ਅਧਾਰ ‘ਤੇ ਕੀਮਤੀ ਸਮਝ ਪ੍ਰਦਾਨ ਕੀਤੀ। ਉਨ੍ਹਾਂ ਨੇ ਇਤਿਹਾਸਿਕ ਜੀਐੱਸਟੀ ਸਮੇਤ ਕਈ ਸੁਧਾਰਾਂ ਦਾ ਜ਼ੋਰਦਾਰ ਸਮਰਥਨ ਕੀਤਾ।

ਮੈਂ ਸਾਡੀ ਗੱਲਬਾਤ ਦੇ ਕੁਝ ਪਹਿਲੂਆਂ ਨੂੰ ਹੀ ਉਜਾਗਰ ਕੀਤਾ ਹੈ। ਆਮ ਤੌਰ 'ਤੇ, ਆਪਣੇ ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਅਟੱਲ ਹੈ। ਉਹ ਐਮਰਜੈਂਸੀ ਦੇ ਕਾਲੇ ਦਿਨਾਂ ਵਿੱਚ ਲੋਕਤੰਤਰ ਦੀ ਬਹਾਲੀ ਲਈ ਸਭ ਤੋਂ ਬਹਾਦਰ ਸੈਨਿਕਾਂ ਵਿੱਚੋਂ ਇੱਕ ਸਨ। ਜਦੋਂ ਉਨ੍ਹਾਂ ਦੀਆਂ ਸਰਕਾਰਾਂ ਬਰਖ਼ਾਸਤ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਖ਼ੁਦ ਕਾਂਗਰਸ ਦੇ ਹੰਕਾਰੀ ਸੱਭਿਆਚਾਰ ਦਾ ਸਾਹਮਣਾ ਕੀਤਾ। ਅਤੇ, ਇਨ੍ਹਾਂ ਤਜ਼ਰਬਿਆਂ ਨੇ ਹੀ ਲੋਕਤੰਤਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ।

ਪੰਜਾਬ ਵਿੱਚ 1970 ਅਤੇ 1980 ਦੇ ਦਹਾਕੇ ਦੇ ਅਸ਼ਾਂਤ ਕਾਲ ਦੌਰਾਨ ਬਾਦਲ ਸਾਹਬ ਨੇ ਪੰਜਾਬ ਫਸਟ ਅਤੇ ਇੰਡੀਆ ਫਸਟ ਰੱਖਿਆ। ਉਨ੍ਹਾਂ ਕਿਸੇ ਵੀ ਅਜਿਹੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਜੋ ਭਾਰਤ ਨੂੰ ਕਮਜ਼ੋਰ ਕਰੇ ਜਾਂ ਪੰਜਾਬ ਦੇ ਲੋਕਾਂ ਦੇ ਹਿਤਾਂ ਨਾਲ ਸਮਝੌਤਾ ਕਰੇ, ਭਾਵੇਂ ਇਸ ਦਾ ਮਤਲਬ ਸੱਤਾ ਦਾ ਨੁਕਸਾਨ ਹੀ ਕਿਉਂ ਨਾ ਹੋਵੇ।

ਉਹ ਮਹਾਨ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਪੂਰਾ ਕਰਨ ਲਈ ਗਹਿਰੇ ਪ੍ਰਤੀਬੱਧ ਵਿਅਕਤੀ ਸਨ। ਉਨ੍ਹਾਂ ਨੇ ਸਿੱਖ ਵਿਰਸੇ ਦੀ ਸੰਭਾਲ਼ ਕਰਨ ਅਤੇ ਮਨਾਉਣ ਲਈ ਵੀ ਜ਼ਿਕਰਯੋਗ ਉਪਰਾਲੇ ਕੀਤੇ। 1984 ਦੇ ਦੰਗਾ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕੌਣ ਭੁੱਲ ਸਕਦਾ ਹੈ?

ਬਾਦਲ ਸਾਹਬ ਲੋਕਾਂ ਨੂੰ ਇਕੱਠੇ ਕਰਨ ਵਾਲੇ ਵਿਅਕਤੀ ਸਨ। ਉਹ ਹਰ ਵਿਚਾਰਧਾਰਾ ਦੇ ਆਗੂਆਂ ਨਾਲ ਕੰਮ ਕਰ ਸਕਦੇ ਸੀ। ਬਾਦਲ ਸਾਹਬ ਨੇ ਕਦੇ ਵੀ ਸਿਆਸੀ ਫਾਇਦਿਆਂ ਅਤੇ ਨੁਕਸਾਨਾਂ ਨਾਲ ਕੋਈ ਸਬੰਧ ਨਹੀਂ ਜੋੜਿਆ। ਇਹ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਸੀ।

ਬਾਦਲ ਸਾਹਬ ਦੇ ਦੇਹਾਂਤ ਨਾਲ ਪਏ ਖਲਾਅ ਨੂੰ ਭਰਨਾ ਔਖਾ ਹੋ ਜਾਵੇਗਾ। ਇੱਥੇ ਇੱਕ ਰਾਜਨੇਤਾ ਸਨ ਜਿਨ੍ਹਾਂ ਦੀ ਜ਼ਿੰਦਗੀ ਨੇ ਬਹੁਤ ਸਾਰੀਆਂ ਚੁਣੌਤੀਆਂ ਦੇਖੀਆਂ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਪਾਰ ਕੀਤਾ ਅਤੇ ਫੀਨਿਕਸ ਵਾਂਗ ਉੱਠੇ। ਉਨ੍ਹਾਂ ਦੀ ਕਮੀ ਜ਼ਰੂਰ ਰਹੇਗੀ ਪਰ ਉਹ ਸਾਡੇ ਦਿਲਾਂ ਵਿਚ ਜਿਉਂਦੇ ਰਹਿਣਗੇ ਅਤੇ ਉਹ ਦਹਾਕਿਆਂ ਦੌਰਾਨ ਕੀਤੇ ਗਏ ਸ਼ਾਨਦਾਰ ਕੰਮ ਦੁਆਰਾ ਵੀ ਜਿਉਂਦੇ ਰਹਿਣਗੇ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Vikas Bhi, Virasat Bhi: How JATAN, AI and Digital Archives are revolutionising India’s cultural heritage preservation

Media Coverage

Vikas Bhi, Virasat Bhi: How JATAN, AI and Digital Archives are revolutionising India’s cultural heritage preservation
NM on the go

Nm on the go

Always be the first to hear from the PM. Get the App Now!
...
ਭਾਰਤ ਦੀ ਏਕਤਾ ਅਤੇ ਪ੍ਰਗਤੀ ਲਈ ਸਮਰਪਿਤ ਜੀਵਨ
July 06, 2026

ਅੱਜ, 6 ਜੁਲਾਈ ਦਾ ਦਿਨ ਰਾਸ਼ਟਰਵਾਦ ਅਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਅਣਗਿਣਤ ਲੋਕਾਂ ਲਈ ਖ਼ਾਸ ਦਿਨ ਹੈ। ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਮਾਂ ਭਾਰਤੀ ਪ੍ਰਤੀ ਹੌਸਲੇ ਅਤੇ ਅਟੁੱਟ ਵਚਨਬੱਧਤਾ ਦੀ ਸਦੀਵੀ ਮਿਸਾਲ ਹੈ। ਆਧੁਨਿਕ ਭਾਰਤ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਬਹੁਤ ਘੱਟ ਨੇਤਾ ਹੋਏ ਹਨ, ਜਿਨ੍ਹਾਂ ਦੇ ਜੀਵਨ ਵਿੱਚ ਬੁੱਧੀ, ਲੋਕ ਸੇਵਾ ਅਤੇ ਨੈਤਿਕ ਵਿਸ਼ਵਾਸ ਦਾ ਅਜਿਹਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਦਾ ਹੈ।

ਨੌਜਵਾਨ ਸ਼ਿਆਮਾ ਪ੍ਰਸਾਦ ਦਾ ਜਨਮ ਅਜਿਹੇ ਹਾਲਾਤ ਵਿੱਚ ਹੋਇਆ ਸੀ, ਜੋ ਉਨ੍ਹਾਂ ਨੂੰ ਆਸਾਨੀ ਨਾਲ ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਦੇ ਸਕਦੇ ਸਨ। ਉਨ੍ਹਾਂ ਦੇ ਪਿਤਾ, ਸਰ ਆਸ਼ੂਤੋਸ਼ ਮੁਖਰਜੀ, ਆਪਣੇ ਵੇਲੇ ਦੇ ਉੱਘੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਵਿੱਚੋਂ ਇੱਕ ਸਨ। ਕਿਸਮਤ ਨੇ ਉਨ੍ਹਾਂ ਅੱਗੇ ਸੁੱਖ-ਸਹੂਲਤਾਂ ਵਾਲਾ ਰਸਤਾ ਰੱਖਿਆ ਸੀ, ਪਰ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੁਰਬਾਨੀ ਅਤੇ ਦੇਸ਼ ਦੀ ਸੇਵਾ ਦੇ ਰਾਹ ਵੱਲ ਤੋਰਿਆ। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਉਹ ਆਪਣੇ ਸਮੇਂ ਦੀਆਂ ਉੱਥਲ-ਪੁਥਲ ਭਰੀਆਂ ਘਟਨਾਵਾਂ ਦੇ ਮੂਕ ਦਰਸ਼ਕ ਨਹੀਂ ਬਣ ਸਕਦੇ, ਭਾਵੇਂ ਉਹ ਬਸਤੀਵਾਦ, ਫਿਰਕੂਵਾਦ ਜਾਂ ਮਾਨਵਤਾਵਾਦੀ ਚੁਣੌਤੀਆਂ ਖ਼ਿਲਾਫ਼ ਲੜਾਈ ਹੀ ਕਿਉਂ ਨਾ ਹੋਵੇ। ਇਸ ਸਫ਼ਰ ਦੌਰਾਨ, ਉਨ੍ਹਾਂ ਨੇ ਬਹੁਤ ਡੂੰਘੇ ਨਿੱਜੀ ਦੁੱਖ ਵੀ ਝੱਲੇ, ਜਿਨ੍ਹਾਂ ਵਿੱਚ ਉਨ੍ਹਾਂ ਦੇ ਛੋਟੇ ਬੱਚੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਸ਼ਾਮਲ ਸੀ। ਪਰ, ਇਨ੍ਹਾਂ ਦੁੱਖਾਂ ਨੇ ਉਨ੍ਹਾਂ ਦਾ ਇਰਾਦਾ ਹੋਰ ਪੱਕਾ ਕੀਤਾ ਅਤੇ ਸੇਵਾ ਕਰਨ ਦੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਹੋਰ ਮਜ਼ਬੂਤ ਕੀਤੀ।

ਜੇ ਕੋਈ ਅਜਿਹਾ ਆਦਰਸ਼ ਸੀ, ਜਿਸ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਤਕ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਸ਼ਿਤ ਕੀਤਾ, ਤਾਂ ਉਹ ਭਾਰਤ ਦੀ ਅਖੰਡਤਾ ਸੀ। ਦੇਸ਼ ਦੀ ਵੰਡ ਦੀ ਉੱਥਲ-ਪੁਥਲ ਦੌਰਾਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਡਟੇ ਰਹੇ ਕਿ ਪੱਛਮੀ ਬੰਗਾਲ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ ਰਹੇ। ਕੁਝ ਸਾਲਾਂ ਬਾਅਦ, ਇਹੀ ਵਿਸ਼ਵਾਸ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲੈ ਗਿਆ। ਜੇਲ੍ਹ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੀ ਅਤੇ ਇਕਾਂਤਵਾਸ ਵੀ ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਕਰ ਸਕਿਆ। ਨਜ਼ਰਬੰਦੀ ਦੌਰਾਨ ਉਨ੍ਹਾਂ ਦਾ ਜੀਵਨ ਅਚਾਨਕ ਖਤਮ ਹੋ ਗਿਆ; ਉਹ ਵੀ ਉਨ੍ਹਾਂ ਅਣਗਿਣਤ ਲੋਕਾਂ ਤੋਂ ਬਹੁਤ ਦੂਰ, ਜਿਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਉਨ੍ਹਾਂ ਨੇ ਆਪਣੀ ਲੜਾਈ ਬਣਾ ਲਿਆ ਸੀ। ਇਤਿਹਾਸ ਵਿੱਚ ਅਜਿਹੇ ਪਲ ਆਉਂਦੇ ਹਨ, ਜਦੋਂ ਕਿਸੇ ਵਿਅਕਤੀ ਦੀ ਆਖਰੀ ਕੁਰਬਾਨੀ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਡਾ. ਮੁਖਰਜੀ ਦੀ ਆਖਰੀ ਯਾਤਰਾ ਅਜਿਹਾ ਹੀ ਪਲ ਹੈ। ਅਚਾਰੀਆ ਵਿਨੋਬਾ ਭਾਵੇ ਨੇ ਕਿਹਾ ਸੀ ਕਿ ਡਾ. ਮੁਖਰਜੀ ਨੇ ਉਸ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਦਾ ਅਥਾਹ ਵਿਸ਼ਵਾਸ ਸੀ। ਸਾਲਾਂ ਬਾਅਦ, 2019 ਵਿੱਚ ਧਾਰਾ 370 ਅਤੇ 35(ਏ) ਨੂੰ ਹਟਾਉਣਾ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸੀ।

ਡਾ. ਮੁਖਰਜੀ ਨੇ ਭਾਰਤ ਅਤੇ ਭਾਰਤੀ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ। ਉਨ੍ਹਾਂ ਨੇ ਇਹ ਕੰਮ ਅਜਿਹੀਆਂ ਸੰਸਥਾਵਾਂ ਦੀ ਉਸਾਰੀ ਕਰਕੇ ਅਤੇ ਅਜਿਹੇ ਸਿਸਟਮ ਤਿਆਰ ਕਰਕੇ ਕੀਤਾ, ਜਿਨ੍ਹਾਂ ਨੇ ਉਸ ਸਮੇਂ ਦੀ ਰਵਾਇਤੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਆਪਣੇ ਵਿਲੱਖਣ ਅੰਦਾਜ਼ ਵਿੱਚ ਉਨ੍ਹਾਂ ਨੇ ਅਜਿਹੇ ਸਕਾਰਾਤਮਕ ਬਦਲਾਅ ਲਿਆਂਦੇ ਜੋ ਦੇਸ਼ ਭਗਤੀ ਨਾਲ ਭਰੇ ਅਤੇ ਭਵਿੱਖਮੁਖੀ ਸਨ। ਸਿੱਖਿਆ ਮਾਹਰਾਂ ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਿਹਾ ਸੀ, “ਵਿੱਦਿਅਕ ਅਦਾਰਿਆਂ ਨੂੰ ਕਲਰਕ ਅਤੇ ਘੱਟ ਤਨਖ਼ਾਹ ਵਾਲਾ ਸਟਾਫ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਜੋਂ ਦੇਖਣਾ ਗਲਤ ਹੈ। ਸਾਨੂੰ ਅਜਿਹੇ ਵਿਦਿਆਰਥੀ ਤਿਆਰ ਕਰਨੇ ਪੈਣਗੇ, ਜੋ ਨਗਰ ਨਿਗਮਾਂ, ਸੂਬਾਈ ਅਤੇ ਕੇਂਦਰੀ ਵਿਧਾਨ ਸਭਾਵਾਂ ਵਰਗੀਆਂ ਸਾਡੀਆਂ ਸਵੈ-ਸ਼ਾਸਨ ਵਾਲੀਆਂ ਸੰਸਥਾਵਾਂ ਨੂੰ ਅਗਵਾਈ ਦੇਣ ਦੇ ਸਮਰੱਥ ਹੋਣ ਤੇ ਨਾਲ ਹੀ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਿੱਤੀ, ਵਪਾਰਕ ਅਤੇ ਉਦਯੋਗਿਕ ਮਾਮਲਿਆਂ ਦਾ ਸੰਚਾਲਨ ਕਰ ਸਕਣ।”

ਉਨ੍ਹਾਂ ਦੀ ਅਗਵਾਈ ਹੇਠ ਕਲਕੱਤਾ ਯੂਨੀਵਰਸਿਟੀ ਨੇ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ, ਵਿਗਿਆਨ ਦੇ ਖੇਤਰ ਵਿੱਚ ਖੋਜ ਨੂੰ ਹੁਲਾਰਾ ਦੇਣ, ਪੁਰਾਤਨ ਵਸਤਾਂ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਦੇ ਕੋਰਸ ਸ਼ੁਰੂ ਕਰਨ ਵਰਗੇ ਕਈ ਵਿਲੱਖਣ ਉਪਰਾਲੇ ਕੀਤੇ। ਉਨ੍ਹਾਂ ਨੇ ਖੇਡਾਂ, ਅਧਿਆਪਕਾਂ ਦੀ ਸਿਖਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਵਰਗੇ ਖੇਤਰਾਂ ਵੱਲ ਵੀ ਧਿਆਨ ਖਿੱਚਿਆ। ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਰੂਦੇਵ ਟੈਗੋਰ ਨੂੰ ਯੂਨੀਵਰਸਿਟੀ ਲਈ ਗੀਤ ਲਿਖਣ ਦੀ ਬੇਨਤੀ ਵੀ ਕੀਤੀ।

ਇਸ ਜਜ਼ਬੇ ਦੀ ਇੱਕ ਹੋਰ ਮਿਸਾਲ ਉਨ੍ਹਾਂ ਦੇ ਜੀਵਨ ਦੇ ਅਗਲੇ ਪੜਾਅ ਵਿੱਚ ਦੇਖਣ ਨੂੰ ਮਿਲਦੀ ਹੈ, ਜਦੋਂ ਉਨ੍ਹਾਂ ਨੇ ਭਾਰਤੀ ਜਨ ਸੰਘ ਬਣਾਉਣ ਦਾ ਫੈਸਲਾ ਕੀਤਾ। ਅਜਿਹੇ ਸਮੇਂ ਜਦੋਂ ਕਾਂਗਰਸ ਪਾਰਟੀ ਦਾ ਹਰ ਪਾਸੇ ਬੋਲਬਾਲਾ ਸੀ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਭਾਰਤ ਦੀ ਤਰੱਕੀ ਦੀ ਗੱਲ ਕਰਨ ਲਈ ਬਦਲਵੀਂ ਆਵਾਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਪਾਰਟੀ ਦਾ ਚੋਣ ਨਿਸ਼ਾਨ ‘ਦੀਵਾ’, ਭਾਵ ਮਿੱਟੀ ਦਾ ਦੀਵਾ ਸ਼ਾਇਦ ਬਿਲਕੁਲ ਢੁਕਵਾਂ ਸੀ। ਇਕੱਲਾ ਦੀਵਾ ਭਾਵੇਂ ਛੋਟਾ ਲੱਗਦਾ ਹੋਵੇ, ਪਰ ਉਸ ਵਿੱਚ ਆਪਣੇ ਆਲੇ-ਦੁਆਲੇ ਤੋਂ ਕਿਤੇ ਦੂਰ ਤੱਕ ਹਨੇਰਾ ਦੂਰ ਕਰਨ ਦੀ ਤਾਕਤ ਹੁੰਦੀ ਹੈ। ਜਨ ਸੰਘ ਨੇ ਆਪਣੇ ਸਰਗਰਮ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਬਿਲਕੁਲ ਇਹੀ ਕੰਮ ਕੀਤਾ।

ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਕਾਰਜਕਾਲ ਅਜਿਹੇ ਨੇਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਵਿਕਾਸ ਦੀ ਸੋਚ ਬਹੁਤ ਹੀ ਵਿਆਪਕ ਅਤੇ ਮਨੁੱਖਤਾਵਾਦੀ ਸੀ। ਉਹ ਉਦਯੋਗ ਨੂੰ ਨਵੇਂ ਆਜ਼ਾਦ ਹੋਏ ਦੇਸ਼ ਲਈ ਸਵੈ-ਮਾਣ, ਮੌਕੇ ਅਤੇ ਵਿਸ਼ਵਾਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਦੇ ਸਨ। ਉਨ੍ਹਾਂ ਨੇ ਦੌਲਤ ਦੀ ਸਿਰਜਣਾ ਅਤੇ ਉਤਪਾਦਾਂ ਦੇ ਮੁੱਲ ਵਾਧੇ (ਵੈਲਿਊ ਅਡੀਸ਼ਨ) ਦਾ ਸਤਿਕਾਰ ਕੀਤਾ। ਦਾਮੋਦਰ ਵੈਲੀ ਕਾਰਪੋਰੇਸ਼ਨ, ਸਿੰਦਰੀ ਖਾਦ ਪਲਾਂਟ ਅਤੇ ਮਜ਼ਬੂਤ ਉਦਯੋਗਿਕ ਨੀਤੀ ਵਰਗੀਆਂ ਸ਼ਾਨਦਾਰ ਪਹਿਲਕਦਮੀਆਂ ਰਾਹੀਂ ਆਧੁਨਿਕ ਉਦਯੋਗਿਕ ਭਾਰਤ ਦੀ ਨੀਂਹ ਰੱਖਣ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦੀਆਂ ਰਵਾਇਤੀ ਤਾਕਤਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਹੱਥ-ਖੱਡੀਆਂ, ਘਰੇਲੂ ਉਦਯੋਗਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ ਨੂੰ ਉਨ੍ਹਾਂ ਵਿੱਚ ਬਰਾਬਰ ਦਾ ਵਚਨਬੱਧ ਹਮਾਇਤੀ ਮਿਲਿਆ।

ਇੱਥੇ, ਮੈਂ ਇੱਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਸਿੰਦਰੀ ਪਲਾਂਟ, ਜਿਸ ਨੂੰ ਡਾ. ਮੁਖਰਜੀ ਨੇ ਆਤਮ-ਨਿਰਭਰਤਾ ਦੀ ਸਪਸ਼ਟ ਸੋਚ ਨਾਲ ਸਥਾਪਤ ਕਰਨ ਲਈ ਕੰਮ ਕੀਤਾ ਸੀ, ਨੂੰ ਕਈ ਦਹਾਕਿਆਂ ਤੱਕ ਦੇਸ਼ ਚਲਾਉਣ ਵਾਲਿਆਂ ਵੱਲੋਂ ਅਣਗੌਲਿਆ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਸਰਕਾਰ ਨੂੰ ਇਸ ਦੀ ਮੁੜ ਸੁਰਜੀਤੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਵਾਕਈ ਸਭ ਤੋਂ ਖ਼ਾਸ ਪਲਾਂ ਵਿੱਚੋਂ ਇੱਕ ਸੀ।

ਭਾਰਤ ਦੀ ਸੱਭਿਅਕ ਪਰੰਪਰਾ ਵਿੱਚ ਹਮੇਸ਼ਾ ਸੰਵਾਦ ਅਤੇ ਵਿਚਾਰ-ਵਟਾਂਦਰੇ ਦਾ ਸਤਿਕਾਰ ਕੀਤਾ ਗਿਆ ਹੈ। ਡਾ. ਮੁਖਰਜੀ ਨੇ ਇਹ ਲੋਕਤੰਤਰੀ ਭਾਵਨਾ ਅਪਣਾਈ। ਉਹ ਪੰਡਿਤ ਨਹਿਰੂ ਦੀ ਕੈਬਨਿਟ ਵਿੱਚ ਇਹ ਮੰਨਦਿਆਂ ਸ਼ਾਮਲ ਹੋਏ ਕਿ ਸ਼ੁਰੂਆਤੀ ਸਾਲਾਂ ਵਿੱਚ ਰਾਸ਼ਟਰ ਨਿਰਮਾਣ ਦਾ ਕੰਮ ਰਾਜਨੀਤਿਕ ਮੱਤਭੇਦਾਂ ਤੋਂ ਉੱਪਰ ਹੈ। ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਉਸਾਰੂ ਭਾਵਨਾ ਨਾਲ ਸੇਵਾ ਕੀਤੀ। ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਲਈ ਵੱਖਰੇ ਰਸਤੇ ਦੀ ਲੋੜ ਹੈ, ਤਾਂ ਉਨ੍ਹਾਂ ਨੇ ਪੂਰੇ ਮਾਣ-ਸਤਿਕਾਰ ਨਾਲ ਆਪਣਾ ਅਹੁਦਾ ਛੱਡ ਦਿੱਤਾ ਅਤੇ ਆਪਣੇ ਆਪ ਨੂੰ ਪੂਰੇ ਦਿਲ ਨਾਲ ਉਸ ਰਾਜਨੀਤਿਕ ਕੰਮ ਲਈ ਸਮਰਪਿਤ ਕਰ ਦਿੱਤਾ, ਜਿਸ ਦੀ ਉਨ੍ਹਾਂ ਮੁਤਾਬਕ ਦੇਸ਼ ਨੂੰ ਲੋੜ ਸੀ।

75 ਸਾਲ ਪਹਿਲਾਂ, ਪੰਡਿਤ ਨਹਿਰੂ ਪਹਿਲੀ ਸੋਧ ਲੈ ਕੇ ਆਏ, ਜੋ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਸੀ। ਡਾ. ਮੁਖਰਜੀ ਇਸ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇੱਕ ਸਨ। ਉਹ ਪੂਰੀ ਤਰ੍ਹਾਂ ਸਮਝਦੇ ਸਨ ਕਿ ਕਾਂਗਰਸ ਕੀ ਕੁਝ ਕਰ ਸਕਦੀ ਹੈ। ਅਤੇ ਉਨ੍ਹਾਂ ਦੀ ਗੱਲ ਸੱਚ ਸਾਬਤ ਹੋਈ। ਜਿਨ੍ਹਾਂ ਨੇ 75 ਸਾਲ ਪਹਿਲਾਂ ਪਹਿਲੀ ਸੋਧ ਲਿਆਂਦੀ ਸੀ, ਉਨ੍ਹਾਂ ਨੇ ਹੀ 1975 ਵਿੱਚ ਐਮਰਜੈਂਸੀ ਲਾਈ ਅਤੇ 50 ਸਾਲ ਪਹਿਲਾਂ 42ਵਾਂ ਸੋਧ ਐਕਟ ਲਿਆਂਦਾ, ਜਿਸ ਨੇ ਮੁੜ ਉਦਾਰਵਾਦੀ ਲੋਕਤੰਤਰੀ ਕਦਰਾਂ-ਕੀਮਤਾਂ ਦੀ ਬੁਨਿਆਦ ’ਤੇ ਸੱਟ ਮਾਰੀ।

ਡਾ. ਮੁਖਰਜੀ ਆਪਣੇ ਮਨੁੱਖਤਾਵਾਦੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਜਦੋਂ 1943 ਵਿੱਚ ਬੰਗਾਲ ਵਿੱਚ ਸਭ ਤੋਂ ਭਿਆਨਕ ਕਾਲ ਪਿਆ, ਤਾਂ ਡਾ. ਮੁਖਰਜੀ ਨੇ ਖ਼ੁਦ ਨੂੰ ਪੀੜਤਾਂ ਦੀ ਸੇਵਾ ਵਿੱਚ ਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਖਾਣਾ ਖੁਆਉਣ ਲਈ ਕਈ ਕੈਂਟੀਨਾਂ ਅਤੇ ਰਾਹਤ ਕੇਂਦਰ ਖੋਲ੍ਹਣੇ ਯਕੀਨੀ ਬਣਾਏ। ਇੱਕ ਪਾਸੇ, ਉਹ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਡੂੰਘੇ ਸਦਮੇ ਵਿੱਚ ਸਨ, ਜਦੋਂ ਕਿ ਦੂਜੇ ਪਾਸੇ, ਉਹ ਬਸਤੀਵਾਦੀ ਹਾਕਮਾਂ ਦੀ ਬੇਰੁਖੀ ਤੋਂ ਬੇਹੱਦ ਨਾਰਾਜ਼ ਸਨ। ਉਨ੍ਹਾਂ ਨੇ ‘ਪੰਚਾਸ਼ੇਰ ਮਨਵੰਤਰ’ ਨਾਮ ਦੀ ਕਿਤਾਬ ਵੀ ਲਿਖੀ, ਜਿਸ ਵਿੱਚ ਉਨ੍ਹਾਂ ਨੇ ਆਪਣਾ ਗੁੱਸਾ ਅਤੇ ਦੁੱਖ ਸਾਂਝਾ ਕੀਤਾ। ਜਦੋਂ 1942 ਵਿੱਚ ਮੇਦਿਨੀਪੁਰ ਵਿੱਚ ਭਿਆਨਕ ਤੁਫ਼ਾਨ ਆਇਆ, ਤਾਂ ਹਾਲਾਤ ਆਮ ਵਾਂਗ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ।

ਕੋਲਕਾਤਾ ਦੇ ਇੱਕ ਕਾਲਜ ਵਿੱਚ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ, “ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਗੰਭੀਰਤਾ ਨਾਲ, ਪੂਰੀ ਲਗਨ ਅਤੇ ਵਧੀਆ ਢੰਗ ਨਾਲ ਕਰੋ; ਇਸ ਨੂੰ ਕਦੇ ਵੀ ਅੱਧ-ਵਿਚਾਲੇ ਜਾਂ ਅਧੂਰਾ ਨਾ ਛੱਡੋ, ਉਦੋਂ ਤੱਕ ਕਦੇ ਵੀ ਆਪਣੇ ਆਪ ਨੂੰ ਸੰਤੁਸ਼ਟ ਨਾ ਸਮਝੋ ਜਦੋਂ ਤੱਕ ਤੁਸੀਂ ਪੂਰੀ ਵਾਹ ਨਹੀਂ ਲਾ ਦਿੰਦੇ।” ਜਿਵੇਂ-ਜਿਵੇਂ ਭਾਰਤ ‘ਵਿਕਸਿਤ ਭਾਰਤ’ ਦੇ ਟੀਚੇ ਵੱਲ ਵੱਧ ਰਿਹਾ ਹੈ, ਉਨ੍ਹਾਂ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਹਰ ਰੋਜ਼ ਉਹ ਮਜ਼ਬੂਤ, ਇੱਕਜੁੱਟ, ਆਤਮ-ਵਿਸ਼ਵਾਸੀ ਅਤੇ ਸੰਵੇਦਨਸ਼ੀਲ ਭਾਰਤ ਉਸਾਰਨ ਦੀ ਕੋਸ਼ਿਸ਼ ਕਰੀਏ, ਜਿਸ ਵਿੱਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਅੱਜ ਦੇ ਨੌਜਵਾਨਾਂ ਨੂੰ ਦੇਖਦਿਆਂ, ਮੈਨੂੰ ਪੂਰਾ ਯਕੀਨ ਹੈ ਕਿ ਉਹ ਇਸ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਬਿਲਕੁਲ ਅਜਿਹਾ ਹੀ ਕਰਨਗੇ।